ਸੰਸਕਰਣ
Punjabi

ਵਗਦੇ ਪਾਣੀਆਂ ਨੇ ਚੇਨਈ 'ਚ ਲਿਆਂਦਾ ਇਨਸਾਨੀਅਤ ਦਾ ਵੀ ਹੜ੍ਹ

Team Punjabi
11th Dec 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਮੇਰੇ ਚੇਨਈ ਸ਼ਹਿਰ ਵਿੱਚ ਜ਼ਿੰਦਗੀ ਹੁਣ ਆਮ ਵਾਂਗ ਹੁੰਦੀ ਜਾ ਰਹੀ ਹੈ, ਮੇਰੇ ਘਰ ਸਾਹਮਣੇ ਦੀ ਸੜਕ ਤੋਂ ਪਾਣੀ ਲਗਭਗ ਸਾਰਾ ਨਿੱਕਲ ਚੁੱਕਾ ਹੈ, ਬਿਜਲੀ ਵੀ ਵਾਪਸ ਆ ਗਈ ਹੈ ਪਰ ਮੇਰਾ ਇੰਟਰਨੈਟ ਹਾਲੇ ਪੂਰੀ ਤਰ੍ਹਾਂ ਨਹੀਂ ਚੱਲ ਸਕਿਆ; ਕਦੇ ਚੱਲ ਪੈਂਦਾ ਹੈ ਤੇ ਕਦੇ ਬੰਦ ਹੋ ਜਾਂਦਾ ਹੈ। ਪਿਛਲੇ ਹਫ਼ਤੇ ਮੇਰੇ ਮੋਬਾਇਲ ਫ਼ੋਨ ਦਾ ਕੇਵਲ ਬੀ.ਐਸ.ਐਨ.ਐਲ. ਕੁਨੈਕਸ਼ਨ ਹਰ ਸਮੇਂ ਚਲਦਾ ਰਿਹਾ ਸੀ, ਜਦ ਕਿ ਬਾਕੀ ਸਾਰੇ ਨੈਟਵਰਕ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਸਨ। ਖ਼ੁਸ਼ੀ ਦੀ ਗੱਲ ਇਹ ਸੀ ਕਿ ਮੇਰੇ ਮੋਬਾਇਲ ਦਾ ਇੰਟਰਨੈਟ-ਡਾਟਾ ਵੀ ਚਲਦਾ ਰਿਹਾ ਸੀ ਤੇ ਜਿਸ ਸਦਕਾ ਮੈਂ ਆਪਣੇ ਕੁਝ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਾਇਮ ਕਰ ਸਕਿਆ ਸਾਂ।

ਮੈਂ ਆਪਣੇ ਉਤੇ, ਮੁਆਫ਼ ਕਰਨਾ ਸਾਰੇ ਸ਼ਹਿਰ ਉਤੇ ਪਈ ਬਿਪਤਾ ਦੀ ਕਹਾਣੀ ਸ਼ੁਰੂ ਤੋਂ ਸੁਣਾਉਂਦਾ ਹਾਂ। ਇਹ ਸਭ ਪਹਿਲੀ ਦਸੰਬਰ ਨੂੰ ਸ਼ੁਰੂ ਹੋਇਆ ਜਦੋਂ ਪਿਛਲੀ ਵਾਰ ਵਾਂਗ ਭਾਰੀ ਵਰਖਾ ਸ਼ੁਰੂ ਹੋ ਗਈ ਅਤੇ ਜਿਹੜੀਆਂ ਬਹੁਤੀਆਂ ਸੜਕਾਂ ਹਾਲੇ ਥੋੜ੍ਹੀਆਂ ਜਿਹੀਆਂ ਸਹੀ ਹੋਣ ਲੱਗੀਆਂ ਸਨ, ਉਨ੍ਹਾਂ 'ਤੇ ਇੱਕ ਵਾਰ ਫਿਰ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਪਰ ਇਸ ਵਾਰ ਹਾਲਾਤ ਕੁੱਝ ਠੀਕ ਜਾਪ ਰਹੇ ਸਨ। ਦਰਅਸਲ, ਹੁਣ ਸਾਨੂੰ ਸੜਕਾਂ ਉਤੇ ਇੰਝ ਪਾਣੀ ਦੇ ਆਉਣ ਦੀ ਕੁੱਝ ਆਦਤ ਜਿਹੀ ਪੈ ਗਈ ਹੈ ਅਤੇ ਅਸੀਂ ਟੋਇਆਂ ਅਤੇ ਨਿਕਾਸੀ ਦੇ ਗਟਰਾਂ/ਸੁਰਾਖ਼ਾਂ ਤੋਂ ਬਚਦੇ-ਬਚਾਉਂਦੇ ਜ਼ਰੂਰੀ ਵਸਤਾਂ ਖ਼ਰੀਦਣ ਲਈ ਘਰਾਂ ਤੋਂ ਬਾਹਰ ਨਿੱਕਲੇ। ਚੇਨਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਵਿਚੋਂ ਇੱਕ 'ਚ ਰਹਿੰਦਿਆਂ, ਰੱਬ ਦਾ ਸ਼ੁਕਰ ਹੈ ਕਿ ਬੁਧਵਾਰ ਦੀ ਰਾਤ ਤੱਕ ਲਗਾਤਾਰ ਵਰਖਾ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਮੈਂ ਤਾਮਿਲ ਯੂਅਰ ਸਟੋਰੀ ਦੀਆਂ ਕਹਾਣੀਆਂ/ਖ਼ਬਰਾਂ ਸੰਪਾਦਤ ਕਰਨ ਦਾ ਰੋਜ਼ਮੱਰਾ ਦਾ ਕੰਮ ਆਮ ਵਾਂਗ ਹੀ ਲਗਾਤਾਰ ਕਰਦਾ ਰਿਹਾ ਸਾਂ ਤੇ ਮੈਂ ਆਪਣੇ ਲੈਪਟਾੱਪ ਉਤੇ ਆਪਣੇ ਮੋਬਾਇਲ ਦੇ ਇੰਟਰਨੈਟ-ਡਾਟਾ ਨੂੰ ਵਰਤ ਰਿਹਾ ਸਾਂ ਜੋ ਕੁੱਝ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀ।

image


2 ਦਸੰਬਰ ਨੂੰ ਬੁੱਧਵਾਰ ਸੀ, ਮੈਂ ਆਪਣਾ ਦਿਨ ਦਾ ਕੰਮ ਨਿਬੇੜਿਆ ਤੇ ਦਿਨ ਭਰ ਦੀ ਜਾਣਕਾਰੀ ਲੈਣ ਲਈ ਖ਼ਬਰਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਖ਼ਬਰਾਂ ਵਿੱਚ ਇਸ ਮੁੱਦੇ ਉਤੇ ਚੱਲ ਰਹੀ ਬਹਿਸ ਤੇ ਵਿਚਾਰ-ਵਟਾਂਦਰੇ ਵੇਖਣ ਲੱਗਾ ਕਿ ਚੇਨਈ ਸ਼ਹਿਰ ਦੇ ਬਾਹਰਵਾਰ ਜਿਹੜੇ ਲੋਕਾਂ ਨੇ ਆਪਣੇ ਮਕਾਨ ਤਾਲਾਬਾਂ ਤੇ ਝੀਲਾਂ ਉਤੇ ਉਸਾਰ ਲਏ ਸਨ, ਉਹ ਹੁਣ ਭਾਰੀ ਮੀਂਹ ਕਾਰਣ ਆਪਣੇ ਘਰਾਂ ਦੁਆਲੇ ਵੱਡੀ ਮਾਤਰਾ ਵਿੱਚ ਇਕੱਠੇ ਹੋਏ ਪਾਣੀ ਤੋਂ ਡਾਢੇ ਔਖੇ ਸਨ। ਘਰ 'ਚ ਵੀ ਇਸ ਮੁੱਦੇ ਉਤੇ ਥੋੜ੍ਹੀ ਚਰਚਾ ਹੋਈ; ਮੈਂ ਵੀ ਕੁੱਝ ਟਿੱਪਣੀਆਂ ਕੀਤੀਆਂ ਕਿ ਲੋਕ ਬਿਨਾਂ ਸੋਚੇ-ਸਮਝੇ ਕੋਈ ਘਰ ਜਾਂ ਪਲਾਟ ਖ਼ਰੀਦ ਲੈਂਦੇ ਹਨ। ਮੈਂ ਬਹੁਤ ਜ਼ਿਆਦਾ ਥੱਕਿਆ ਹੋਇਆ ਸਾਂ; ਇਸੇ ਲਈ ਬਿਸਤਰੇ 'ਚ ਜਾ ਵੜਿਆ ਪਰ ਉਦੋਂ ਮੈਨੂੰ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਰਾਤ ਸਾਡੇ ਸਭਨਾਂ ਲਈ ਕਿੰਨੀਆਂ ਮੁਸੀਬਤਾਂ ਲੈ ਕੇ ਆਉਣ ਵਾਲੀ ਸੀ।

ਸਵੇਰ ਦੇ ਲਗਭਗ 6:00 ਵਜੇ ਦਾ ਸਮਾਂ ਸੀ, ਜਦੋਂ ਮੈਂ ਬਹੁਤ ਡੂੰਘੀ ਨੀਂਦਰ 'ਚ ਸਾਂ ਤੇ ਮੈਨੂੰ ਆਪਣੇ ਪਿਤਾ ਦੇ ਉਚੀ-ਉਚੀ ਕੁੱਝ ਬੋਲਣ, ਸੜਕ ਤੋਂ ਪੁਲਿਸ ਦੇ ਵਾਹਨਾਂ ਦੇ ਲੰਘਣ ਤੇ ਇੱਕ ਗੁਆਂਢਣ ਦੇ 'ਪਾਣੀ, ਪਾਣੀ' ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਸੋਚਿਆ ਕਿ ਬੀਤੀ ਰਾਤ ਭਾਰੀ ਵਰਖਾ ਹੁੰਦੀ ਰਹੀ ਹੈ ਤੇ ਜਿਸ ਕਰ ਕੇ ਸੜਕ ਉਤੇ ਕੁੱਝ ਇੰਚ ਪਾਣੀ ਖਲੋ ਗਿਆ ਹੋਵੇਗਾ ਤੇ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਇੰਨਾ ਚੀਕ-ਚਿਹਾੜਾ ਪਾ ਕੇ ਮੇਰੀ ਨੀਂਦ ਕਿਉਂ ਖ਼ਰਾਬ ਕਰ ਰਹੇ ਸਨ! ਮੇਰੇ ਡੈਡੀ ਦੀ ਆਵਾਜ਼ ਫਿਰ ਸੁਣਾਈ ਦਿੱਤਾ,''ਆਪਣੇ ਘਰ 'ਚ ਪਾਣੀ ਵੜ ਗਿਆ ਹੈ...''; ਤਦ ਮੈਂ ਤੁਰੰਤ ਪਾਗਲਾਂ ਵਾਂਗ ਉਠਿਆ ਅਤੇ ਗੇਟ ਵੱਲ ਨੂੰ ਨੱਸਿਆ ਤੇ ਵੇਖਿਆ ਸਾਡੀ ਸੜਕ ਤੇ ਲਾਗਲੀਆਂ ਸੜਕਾਂ ਪਾਣੀ ਨਾਲ ਭਰੀਆਂ ਪਈਆਂ ਸਨ। ''ਧਰਤੀ ਉਤੇ ਇਹ ਪਾਣੀ ਕਿੱਥੋਂ ਆ ਰਿਹਾ ਹੈ? ਹੁਣ ਤਾਂ ਮੀਂਹ ਵੀ ਨਹੀਂ ਸੀ ਪੈ ਰਿਹਾ, ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕੀ ਵਾਪਰ ਰਿਹਾ ਹੈ।'' ਮੈਂ ਸੜਕ ਵੱਲ ਨੂੰ ਨੱਸਿਆ ਕਿ ਉਥੇ ਖੜ੍ਹੇ ਕੁੱਝ ਲੋਕਾਂ ਦੀ ਭੀੜ ਵਿੱਚ ਜਾ ਸ਼ਾਮਲ ਹੋਇਆ ਅਤੇ ਧਿਆਨ ਨਾਲ ਵੇਖਿਆ ਕਿ ਪਾਣੀ ਹੌਲੀ-ਹੌਲੀ ਸਾਡੇ ਵੱਲ ਵਧਦਾ ਜਾ ਰਿਹਾ ਹੈ ਤੇ ਉਸ ਦੀ ਉਚਾਈ ਵੀ ਲਗਾਤਾਰ ਵਧ ਰਹੀ ਹੈ। ਅਸੀਂ ਸਭਨਾਂ ਨੇ ਕਿਵੇਂ ਨਾ ਕਿਵੇਂ ਆਪੋ-ਆਪਣੇ ਵਿਹੜਿਆਂ ਦੇ ਅੱਗੇ ਚਿੱਕੜ ਨਾਲ ਭਰੀਆ ਬੋਰੀਆਂ ਰੱਖ ਦਿੱਤੀਆਂ; ਤਾਂ ਜੋ ਪਾਣੀ ਘਰਾਂ ਅੰਦਰ ਦਾਖ਼ਲ ਨਾ ਹੋ ਸਕੇ। ਇਸ ਕੰਮ ਵਿੱਚ ਕਈ ਘੰਟੇ ਲੱਗ ਗਏ ਤੇ ਫਿਰ ਬਿਜਲੀ ਚਲੀ ਗਈ ਤੇ ਸਾਰੇ ਫ਼ੋਨ ਸਿਗਨਲ ਵੀ ਖ਼ਤਮ ਹੋ ਗਏ।

ਕਈ ਘੰਟਿਆਂ ਦੀ ਉਡੀਕ ਬਾਅਦ ਸਾਡੇ ਇਲਾਕਿਆਂ ਵਿੱਚ ਪਾਣੀ ਘਟਣ ਲੱਗਿਆ ਤੇ ਕੁੱਝ ਘਰਾਂ ਵਿੱਚ ਬਿਜਲੀ ਵੀ ਆ ਗਈ ਤੇ ਖ਼ੁਸ਼ਕਿਸਮਤੀ ਨਾਲ ਉਨ੍ਹਾਂ ਵਿੱਚ ਸਾਡਾ ਘਰ ਵੀ ਸ਼ਾਮਲ ਸੀ। ਚਿੰਤਾ 'ਚ ਡੁੱਬੇ ਨੇ ਟੀ.ਵੀ. ਆੱਨ ਕੀਤਾ ਤੇ ਜਾਣਨਾ ਚਾਹਿਆ ਕਿ ਆਖ਼ਰ ਇੰਨਾ ਪਾਣੀ ਆ ਕਿੱਧਰੋਂ ਰਿਹਾ ਹੈ। ਤਦ ਪਤਾ ਲੱਗਾ ਕਿ ਇਹ ਸਾਰਾ ਪਾਣੀ ਲਾਗਲੇ ਦਰਿਆ ਤੋਂ ਇਸ ਕਰ ਕੇ ਆ ਰਿਹਾ ਸੀ ਕਿਉਂਕਿ ਪਿੱਛੇ ਬਣੀ ਵੱਡੀ ਝੀਲ ਖੋਲ੍ਹ ਦਿੱਤੀ ਗਈ ਸੀ। ਅਸੀਂ ਆਪਣੇ ਇਲਾਕਿਆਂ ਵਿੱਚ ਕਦੇ ਇੰਨਾ ਜ਼ਿਆਦਾ ਪਾਣੀ ਆਉਣ ਬਾਰੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ। ਹੁਣ ਅਸੀਂ ਸਾਰੇ ਮੁਸੀਬਤ 'ਚ ਸਾਂ। ਸਮੁੱਚੇ ਸ਼ਹਿਰ ਚੇਨਈ ਦੀਆਂ ਸੜਕਾਂ ਜਿਵੇਂ ਇੱਕ ਥਾਂ ਉਤੇ ਰੁਕ ਗਈਆਂ ਸਨ। ਅਸੀਂ ਵੇਖਿਆ ਕਿ ਕਈ ਘਰ ਤਾਂ 5 ਤੋਂ 10 ਫ਼ੁੱਟ ਤੱਕ ਪਾਣੀ ਵਿੱਚ ਡੁੱਬੇ ਪਏ ਸਨ। ਜ਼ਮੀਨੀ ਮੰਜ਼ਿਲਾਂ ਉਤੇ ਬਣੇ ਬਹੁਤੇ ਮਕਾਨ ਪਾਣੀ ਦੀ ਮਾਰ ਹੇਠ ਆ ਚੁੱਕੇ ਸਨ ਤੇ ਕਾਰਾਂ ਅਤੇ ਮੋਟਰਸਾਇਕਲ ਤੇ ਹੋਰ ਵਾਹਨ ਪਾਣੀ ਦੇ ਵੇਗ ਨਾਲ ਵਹਿ ਗਏ ਸਨ। ਤਦ ਮੈਂ ਰੱਬ ਦਾ ਧੰਨਵਾਦ ਕੀਤਾ ਕਿ ਸਾਡੇ ਘਰਾਂ ਵੱਲ ਤਾਂ ਨਾਮਾਤਰ ਨੁਕਸਾਨ ਹੋਇਆ ਸੀ ਪਰ ਮੈਂ ਸਿਰਫ਼ ਇਸ ਲਈ ਘਰ 'ਚ ਵੀ ਨਹੀਂ ਸਾਂ ਬੈਠ ਸਕਦਾ ਕਿਉਂਕਿ ਮੈਂ ਹੁਣ ਸੁਰੱਖਿਅਤ ਸਾਂ।

image


ਵੀਰਵਾਰ ਨੂੰ ਮੇਰੇ ਮੋਬਾਇਲ ਫ਼ੋਨ ਦਾ ਇੰਟਰਨੈਟ-ਡਾਟਾ ਮੁੜ ਚੱਲ ਪਿਆ ਤੇ ਮੈਂ ਆਪਣੀ ਫ਼ੇਸਬੁੱਕ ਅਤੇ ਟਵਿਟਰ ਅਕਾਊਂਟ 'ਤੇ ਵੇਖਿਆ ਕਿ ਚਿੰਤਾ ਨਾਲ ਭਰੀਆਂ ਸੈਂਕੜੇ ਪੋਸਟਸ ਸਨ; ਵਿਦੇਸ਼ਾਂ ਵਿੱਚ ਰਹਿੰਦੇ ਪੁੱਤਰ ਤੇ ਧੀਆਂ ਡਾਢੇ ਫ਼ਿਕਰਮੰਦ ਸਨ ਅਤੇ ਸਭ ਜਾਣਨਾ ਚਾਹੁੰਦੇ ਸਨ ਕਿ ਤਾਜ਼ਾ ਹਾਲਤ ਕੀ ਹੈ। ਉਹ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਕੀ ਉਨ੍ਹਾਂ ਦੇ ਮਾਪੇ ਸੁਰੱਖਿਅਤ ਹਨ ਜਾਂ ਨਹੀਂ ਕਿਉਂਕਿ ਬਾਕੀ ਦੇ ਇਲਾਕਿਆਂ ਵਿੱਚ ਸਾਰੀਆਂ ਮੋਬਾਇਲ ਫ਼ੋਨ ਸੇਵਾਵਾਂ ਪੂਰੀ ਤਰ੍ਹਾਂ ਬੰਦ ਪਈਆਂ ਸਨ। ਚਿੰਤਾ ਨਾਲ ਭਰੇ ਇੰਨੇ ਜ਼ਿਆਦਾ ਸੁਨੇਹੇ ਵੇਖ ਕੇ ਮੈਂ ਕੁੱਝ ਬੇਚੈਨ ਹੋ ਗਿਆ ਅਤੇ ਮੈਨੂੰ ਆਪਦੇ ਰਿਪੋਰਟਿੰਗ ਕਰਨ ਦੇ ਦਿਨ ਚੇਤੇ ਆ ਗਏ ਅਤੇ ਮੈਂ ਵ੍ਹਟਸਅਪ ਉਤੇ ਆਪਣੇ ਕੁੱਝ ਦੋਸਤਾਂ ਤੇ ਪੁਰਾਣੇ ਸਾਥੀਆਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਮੇਰਾ ਸਾਰਾ ਦਿਨ ਅਜਿਹੇ ਸੁਨੇਹੇ ਕਰਨ, ਫ਼ੋਨ ਕਾੱਲਜ਼ ਕਰਨ ਤੇ ਸਮੁੱਚੇ ਵਿਸ਼ਵ 'ਚੋਂ ਉਨ੍ਹਾਂ ਲਈ ਉਨ੍ਹਾਂ ਦੇ ਮਿੱਤਰ-ਪਿਆਰਿਆਂ ਵੱਲੋਂ ਆਏ ਸੁਨੇਹੇ ਉਨ੍ਹਾਂ ਤੱਕ ਪਹੁੰਚਾਉਣ 'ਚ ਹੀ ਨਿੱਕਲ ਗਿਆ। ਬਹੁਤਿਆਂ ਨਾਲ ਤਾਂ ਸੰਪਰਕ ਹੋ ਗਿਆ ਪਰ ਕੁੱਝ ਨਾਲ ਹਾਲੇ ਤੱਕ ਵੀ ਸੰਪਰਕ ਸੰਭਵ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਉਹ ਸਾਰੇ ਹਾਲੇ ਵੀ 10-10 ਫ਼ੁੱਟ ਪਾਣੀ ਦੇ ਪਿੱਛੇ ਸਨ ਤੇ ਸੜਕਾਂ ਪੂਰੀ ਤਰ੍ਹਾਂ ਬੰਦ ਪਈਆਂ ਸਨ। ਥਕਾਵਟ ਭਰੇ ਅਜਿਹੇ ਪੂਰੇ ਇੱਕ ਦਿਨ ਤੋਂ ਬਾਅਦ, ਮੈਂ ਰਾਤੀਂ ਸੌਂਦੇ ਸਮੇਂ ਸੋਚ ਰਿਹਾ ਸਾਂ ਕਿ ਹਾਲੇ ਕੁੱਝ ਹੋਰ ਦਿਨ ਔਖੇ ਨਿੱਕਲਣਗੇ।

ਫਿਰ ਜਦੋਂ ਸਵੇਰੇ ਉਠਿਆ, ਤਾਂ ਵ੍ਹਟਸਅਪ ਉਤੇ ਫਿਰ ਅਨੇਕਾਂ ਸੁਨੇਹੇ ਮਦਦ ਲਈ ਆਏ ਹੋਏ ਸਨ; ਜਿਵੇਂ ਇੱਕ ਗਰਭਵਤੀ ਔਰਤ ਨੂੰ ਡਾਕਟਰ ਦੀ ਜ਼ਰੂਰਤ ਸੀ ਕਿਉਂਕਿ ਉਸ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ ਸਨ, ਇੰਝ ਹੀ ਇੱਕ ਬਜ਼ੁਰਗ ਜੋੜੇ ਨੂੰ ਮੈਡੀਕਲ ਐਮਰਜੈਂਸੀ ਦੀ ਲੋੜ ਸੀ, ਨਵ-ਜਨਮੇ ਬਾਲਾਂ ਨੂੰ ਦੁੱਧ ਚਾਹੀਦਾ ਸੀ ਅਤੇ ਇਹ ਸੂਚੀ ਬਹੁਤ ਲੰਮੇਰੀ ਸੀ। ਫ਼ੇਸਬੁੱਕ ਅਤੇ ਟਵਿਟਰ ਰਾਹੀਂ ਵਲੰਟੀਅਰਜ਼ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਤੇ ਪੀੜਤਾਂ ਦੇ ਸੁਨੇਹੇ ਉਨ੍ਹਾਂ ਤੱਕ ਅੱਗੇ ਪਹੁੰਚਾਏ ਗਏ; ਅਤੇ ਇਸ ਕੰਮ ਵਿੱਚ ਮੈਂ ਵੀ ਕੁੱਝ ਯੋਗਦਾਨ ਪਾਇਆ। ਫਿਰ ਇੱਕ ਸਮੇਂ ਮਹਿਸੂਸ ਕੀਤਾ ਕਿ ਕੇਵਲ ਘਰ 'ਚ ਬਹਿ ਕੇ ਗੱਲ ਨਹੀਂ ਬਣਨੀ ਤੇ ਮੈਂ ਘਰੋਂ ਬਾਹਰ ਨਿੱਕਲ ਕੇ ਫਸੇ ਲੋਕਾਂ ਤੱਕ ਕਿਵੇਂ ਨਾ ਕਿਵੇਂ ਆਪ ਪਹੁੰਚ ਕਾਇਮ ਕਰਨ ਬਾਰੇ ਸੋਚਿਆ। ਮੈਂ ਆਪਣੇ ਇੱਕ ਦੋਸਤ ਨਾਲ ਕਾਰ 'ਚ ਬਹਿ ਕੇ ਨਿੱਕਲਿਆ ਤੇ ਬਹੁਤ ਸਾਰੇ ਘਰਾਂ ਵਿੱਚ ਪੁੱਜਾ, ਜਿੱਥੇ ਹਾਲੇ ਵੀ ਬਜ਼ੁਰਗ ਜੋੜੇ ਆਪਣੇ ਘਰਾਂ 'ਚ ਫਸੇ ਹੋਏ ਸਨ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਗੋਡੇ-ਗੋਡੇ ਪਾਣੀ ਖਲੋਤਾ ਹੋਇਆ ਸੀ। ਉਨ੍ਹਾਂ ਕੋਲ ਪੀਣ ਵਾਲਾ ਪਾਣੀ ਵੀ ਨਹੀਂ ਸੀ ਤੇ ਬਿਜਲੀ ਤਾਂ ਹੈ ਹੀ ਨਹੀਂ ਸੀ। ਅਸੀਂ ਪੀਣ ਵਾਲਾ ਪਾਣੀ ਤੇ ਕੁੱਝ ਹੋਰ ਜ਼ਰੂਰੀ ਵਸਤਾਂ ਵੰਡੀਆਂ। ਉਨ੍ਹਾਂ ਲਈ ਦਵਾਈਆਂ ਵੀ ਖ਼ਰੀਦੀਆਂ। ਸਾਨੂੰ ਵੇਖ ਕੇ ਉਨ੍ਹਾਂ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਕਿਉਂਕਿ ਉਨ੍ਹਾਂ ਲਗਭਗ 5 ਦਿਨਾਂ ਪਿੱਛੋਂ ਕਿਸੇ ਬਾਹਰਲੇ ਵਿਅਕਤੀਆਂ ਨੂੰ ਵੇਖਿਆ ਸੀ। ਉਹ ਬਹੁਤ ਖ਼ੁਸ਼ ਸਨ ਅਤੇ ਅਸੀਂ ਉਨ੍ਹਾਂ ਦੀ ਤੰਦਰੁਸਤੀ ਅਤੇ ਸਲਾਮਤੀ ਦੇ ਸੁਨੇਹੇ ਫ਼ੇਸਬੁੱਕ ਤੇ ਵ੍ਹਟਸਅਪ ਰਾਹੀਂ ਉਨ੍ਹਾਂ ਦੇ ਧੀਆਂ-ਪੁੱਤਰਾਂ ਤੱਕ ਪਹੁੰਚਾਏ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਲਾਗਲੇ ਘਰਾਂ ਵਿੱਚ ਵੀ ਜਾ ਕੇ ਵੇਖੀਏ ਕਿਉਂਕਿ ਉਥੇ ਕੁੱਝ ਲੋਕ ਹੋਰ ਵੀ ਮਾੜੀਆਂ ਸਥਿਤੀਆਂ ਵਿੱਚ ਸਨ। ਕੁੱਝ ਅੰਗਹੀਣ ਵਿਅਕਤੀ ਤੇ ਇਕੱਲੇ ਰਹਿ ਰਹੇ ਜੋੜੇ ਵੀ ਫਸੇ ਹੋਏ ਸਨ; ਜਿਨ੍ਹਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਸੀ। ਸਾਨੂੰ ਉਨ੍ਹਾਂ ਸਭਨਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲੀ ਤੇ ਅਸੀਂ ਕੁੱਝ ਪੀੜਤਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਵੀ ਪਹੁੰਚਾਇਆ।

ਤਦ ਮੈਂ ਫ਼ੈਸਲਾ ਕੀਤਾ ਕਿ ਇਹ ਸੇਵਾ ਅਗਲੇ ਕੁੱਝ ਦਿਨ ਹੋਰ ਜਾਰੀ ਰੱਖੀ ਜਾਵੇ। ਮੈਂ ਆਪਣੇ ਜਾਣਕਾਰਾਂ ਤੱਕ ਸੁਨੇਹਾ ਪਹੁੰਚਾਇਆ ਕਿ ਉਹ ਪੀੜਤਾਂ ਲਈ ਜ਼ਰੂਰੀ ਵਸਤਾਂ ਪੁੱਜਦੀਆਂ ਕਰਨ ਤੇ ਸ਼ੁੱਕਰਵਾਰ-ਸਨਿੱਚਰਵਾਰ ਨੂੰ ਅਸੀਂ ਪੀਣ ਵਾਲਾ ਪਾਣੀ, ਬਿਸਕੁਟ, ਦੁੱਧ ਦੇ ਪੈਕੇਟ ਤੇ ਹੋਰ ਅਜਿਹੀਆਂ ਕੁੱਝ ਜ਼ਰੂਰੀ ਵਸਤਾਂ ਅਸੀਂ ਪੀੜਤਾਂ ਤੱਕ ਪਹੁੰਚਾਉਂਦੇ ਰਹੇ। ਇਹ ਵਸਤਾਂ ਲੋਕ ਮੇਰੇ ਘਰ ਤੱਕ ਪਹੁੰਚਾਉਂਦੇ ਰਹੇ ਤੇ ਮੈਂ ਅੱਗੇ ਲੋੜਵੰਦਾਂ ਤੇ ਪੀੜਤਾਂ ਨੂੰ ਵੰਡਦਾ ਰਿਹਾ। ਸਾਡੀ ਟੀਮ ਵਿੱਚ ਵਾਧਾ ਹੋਣ ਲੱਗਾ ਸੀ। ਅਸੀਂ ਚਾਰ ਜਣੇ ਦੋ ਕਾਰਾਂ ਵਿੱਚ ਨਿੱਕਲੇ ਸਾਂ। ਅਸੀਂ ਇੱਕ ਬਿਰਧ ਆਸ਼ਰਮ ਤੇ ਹਸਪਤਾਲ 'ਚ ਪੁੱਜੇ, ਜਿੱਥੇ 80 ਤੋਂ ਵੱਧ ਬਜ਼ੁਰਗ ਮਦਦ ਦੀ ਉਡੀਕ ਕਰ ਰਹੇ ਸਨ। ਸਾਨੂੰ ਵੇਖ ਕੇ ਉਹ ਰੋਣ ਲੱਗ ਪਏ ਤੇ ਮੇਰਾ ਧੰਨਵਾਦ ਕੀਤਾ। ਵਾਪਸੀ ਉਤੇ ਅਸੀਂ ਇੱਕ ਅਜਿਹਾ ਇਲਾਕਾ ਵੀ ਵੇਖਿਆ ਜੋ ਹੜ੍ਹਾਂ ਕਾਰਣ ਪੂਰੀ ਤਰ੍ਹਾਂ ਹੀ ਤਬਾਹ ਹੋ ਗਿਆ ਸੀ। ਉਥੇ ਰਹਿੰਦੇ ਲੋਕ ਸੜਕਾਂ ਉਤੇ ਹੀ ਖਲੋਤੇ ਸਨ ਤੇ ਉਨ੍ਹਾਂ ਨੂੰ ਭੋਜਨ ਦੀ ਲੋੜ ਸੀ। ਅਸੀਂ ਪੱਕੇ ਹੋਏ ਭੋਜਨ ਦੇ 200 ਪੈਕੇਟ ਵੰਡੇ, ਜੋ ਮੇਰੇ ਇੱਕ ਦੋਸਤ ਨੇ ਮੇਰੇ ਘਰ ਪਹੁੰਚਾਏ ਸਨ।

image


ਹੁਣ ਚੇਨਈ ਨੂੰ ਹਰ ਪਾਸਿਓਂ ਮਦਦ ਪੁੱਜਣ ਲੱਗ ਪਈ ਸੀ ਤੇ ਵਲੰਟੀਅਰ ਸਾਰੇ ਇਲਾਕਿਆਂ ਵਿੱਚ ਜ਼ਰੂਰੀ ਵਸਤਾਂ ਸਪਲਾਈ ਕਰ ਰਹੇ ਸਨ। ਲੋਕਾਂ ਨੇ ਇਨਸਾਨੀਅਤ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਸੀ। ਅਸੀਂ ਵੇਖਿਆ ਕਿ ਜ਼ਮੀਨੀ ਮੰਜ਼ਿਲਾਂ 'ਚ ਫਸੇ ਪੀੜਤਾਂ ਨੂੰ ਉਨ੍ਹਾਂ ਦੇ ਉਪਰਲੀਆਂ ਮੰਜ਼ਿਲਾਂ ਉਤੇ ਰਹਿਣ ਵਾਲੇ ਗੁਆਂਢੀ ਖ਼ੁਸ਼ੀ-ਖ਼ੁਸ਼ੀ ਪਨਾਹ ਦੇ ਰਹੇ ਸਨ। ਸਾਰੇ ਮੰਦਰਾਂ, ਮਸਜਿਦਾਂ ਤੇ ਗਿਰਜਾਘਰਾਂ ਦੇ ਬੂਹੇ ਸਭਨਾਂ ਲਈ ਖੋਲ੍ਹ ਦਿੱਤੇ ਗਏ ਸਨ। ਲੋਕ ਅਣਜਾਣ ਚਿਹਰਿਆਂ ਲਈ ਖਾਣਾ ਪਕਾ ਰਹੇ ਸਨ, ਵੱਡੇ ਕੰਪਲੈਕਸਜ਼ ਵਿੱਚ ਪਨਾਹ ਲੈ ਕੇ ਰਹਿ ਰਹੇ ਲੋਕ ਕਿਸੇ ਤੋਂ ਵੀ ਬਿਨਾਂ ਕਿਸੇ ਝਿਜਕ ਦੇ ਮਦਦ ਲੈ ਰਹੇ ਸਨ। ਇੰਝ ਚੇਨਈ 'ਚ ਹੁਣ ਇਨਸਾਨੀਅਤ ਦਾ ਹੜ੍ਹ ਵੀ ਵਗ ਰਿਹਾ ਸੀ।

ਅੰਤ 'ਚ ਮੈਂ ਆਪਣਾ ਕੰਮ ਮੁੜ ਅਰੰਭ ਕਰ ਦਿੱਤਾ ਤੇ ਮੈਨੂੰ ਪੀੜਤਾਂ ਤੱਕ ਰਾਹਤ ਪਹੁੰਚਾਉਣ ਵਾਲੀ ਆਪਣੀ ਟੀਮ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲੀ ਹੈ। ਮੇਰੇ ਸਾਥੀਆਂ ਨੇ ਵੀ ਮੈਥੋਂ ਇਹ ਨਹੀਂ ਪੁੱਛਿਆ ਕਿ ਵੈਬਸਾਈਟ ਉਤੇ ਉਨ੍ਹਾਂ ਦੀਆਂ ਸਟੋਰੀਜ਼ ਕਿਉਂ ਪ੍ਰਕਾਸ਼ਿਤ ਨਹੀਂ ਹੋਈਆਂ। ਮੈਨੂੰ ਸਮਝਣ ਲਈ ਉਨ੍ਹਾਂ ਦਾ ਧੰਨਵਾਦ; ਉਨ੍ਹਾਂ ਦੇ ਸਹਿਯੋਗ ਸਦਕਾ ਮੈਂ ਆਪਣੇ ਚੇਨਈ ਸ਼ਹਿਰ ਨੂੰ ਆਪਣਾ ਕੁੱਝ ਸਮਾਂ ਦੇ ਸਕਿਆ!

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags