ਸੰਸਕਰਣ
Punjabi

ਪਿੰਡ, ਤਕਨੀਕ ਤੇ ਕਾਰੋਬਾਰ ਨੂੰ ਸੂਤਰ ਵਿੱਚ ਪਿਰੋ ਕੇ ਸਲੋਨੀ ਮਲਹੋਤਰਾ ਨੇ ਬਣਾਇਆ ਦੇਸ਼ ਦਾ ਪਹਿਲਾ ਦੇਹਾਤੀ ਬੀ.ਪੀ.ਓ.

Team Punjabi
8th Nov 2015
Add to
Shares
0
Comments
Share This
Add to
Shares
0
Comments
Share

ਸਿੱਖਿਆ ਤੋਂ ਬਾਅਦ ਕੰਮ ਦੀ ਭਾਲ਼ ਵਿੱਚ ਦੇਹਾਤੀ ਇਲਾਕਿਆਂ ਦੇ ਨੌਜਵਾਨਾਂ ਦਾ ਸ਼ਹਿਰਾਂ ਵੱਲ ਆਉਣਾ ਆਮ ਗੱਲ ਹੈ। ਆਜ਼ਾਦੀ ਬਾਅਦ ਛੇ ਦਹਾਕਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਰੋਜ਼ਗਾਰ ਦੀਆਂ ਬਹੁਤ ਘੱਟ ਸੰਭਾਵਨਾਵਾਂ ਹਨ। ਇਹੋ ਕਾਰਣ ਹੈ ਕਿ ਦੇਹਾਤੀ ਇਲਾਕਿਆਂ ਦੇ ਨੌਜਵਾਨਾਂ ਦਾ ਸ਼ਹਿਰਾਂ ਵੱਲ ਆਉਣਾ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਨੌਜਵਾਨ ਆਪਣਾ ਘਰ ਛੱਡ ਕੇ ਇੱਕ ਸੁਨਹਿਰੇ ਭਵਿੱਖ ਦੀ ਭਾਲ਼ ਵਿੱਚ ਇੱਥੇ ਆਉਂਦੇ ਹਨ, ਜਿਸ ਕਾਰਣ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈ ਅਤੇ ਪਿੰਡਾਂ ਵਿਕਾਸ ਪਿਛਾਂਹ ਛੁੱਟਦਾ ਜਾ ਰਿਹਾ ਹੈ।

ਦਿੱਲੀ ਦੀ ਇੱਕ ਵੈਬ-ਡਿਜ਼ਾਇਨਰ ਸਲੋਨੀ ਮਲਹੋਤਰਾ ਨੇ ਇੱਕ ਅਜਿਹਾ ਜਤਨ ਕੀਤਾ, ਜੋ ਇੱਕ ਮਿਸਾਲ ਬਣ ਗਿਆ। ਸਲੋਨੀ ਦੇ ਜਤਨ ਨੇ ਲੋਕਾਂ ਦੀ ਸੋਚ ਹੀ ਬਦਲ ਦਿੱਤੀ। ਕੇਵਲ 23 ਸਾਲਾਂ ਦੀ ਉਮਰੇ ਸਲੋਨੀ ਨੇ ਸ਼ਹਿਰਾਂ ਤੋਂ ਦੂਰ ਤਾਮਿਲ ਨਾਡੂ ਦੇ ਇੱਕ ਪਿੰਡ ਵਿੱਚ 'ਦੇਸੀ ਕ੍ਰਿਯੂ' ਨਾਂਅ ਨਾਲ ਇੱਕ ਬੀ.ਪੀ.ਓ. ਖੋਲ੍ਹਿਆ ਅਤੇ ਕੁੱਝ ਵਰ੍ਹਿਆਂ ਵਿੱਚ ਹੀ ਇਹ ਇੱਕ ਕਾਮਯਾਬ ਬੀ.ਪੀ.ਓ. ਦੇ ਰੂਪ ਵਿੱਚ ਸਥਾਪਤ ਹੋ ਗਿਆ। ਆਪਣੇ ਇਸ ਬੀ.ਪੀ.ਓ. ਰਾਹੀਂ ਉਹ ਦੇਹਾਤੀ ਇਲਾਕੇ ਨੌਜਵਾਨਾਂ ਨੂੰ ਸਾਹਮਣੇ ਲਿਆਏ ਅਤੇ ਇਨ੍ਹਾਂ ਨੌਜਵਾਨਾਂ ਨੂੰ ਪਿੰਡਾਂ ਵਿੱਚ ਰਹਿ ਕੇ ਹੀ ਕੈਰੀਅਰ ਬਣਾਉਣ ਦਾ ਮੌਕਾ ਮਿਲ ਗਿਆ।

ਸਲੋਨੀ ਦੀ ਪਰਵਰਿਸ਼ ਦਿੱਲੀ 'ਚ ਹੋਈ। 12ਵੀਂ ਤੱਕ ਦਿੱਲੀ ਦੇ ਇੱਕ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਤੋਂ ਬਾਅਦ ਇੰਜੀਨੀਅਰਿੰਗ ਲਈ ਉਹ ਪੁਣੇ ਗਈ ਅਤੇ ਭਾਰਤੀ ਵਿਦਿਆਪੀਠ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਕਾਲਜ ਦੌਰਾਨ ਸਲੋਨੀ ਨੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਕਈ ਸਮੂਹਾਂ ਨਾਲ ਜੁੜ ਗਈ। ਅਜਿਹੇ ਹੀ ਇੱਕ 'ਲਿਓ ਗਰੁੱਪ' ਦੀ ਉਹ ਪ੍ਰਧਾਨ ਵੀ ਬਣੀ। ਉਥੇ ਰਹਿ ਕੇ ਉਨ੍ਹਾਂ ਦੇਹਾਤੀ ਖੇਤਰ ਵਿੱਚ ਵਿਕਾਸ ਦਾ ਬਹੁਤ ਕੰਮ ਕੀਤਾ ਅਤੇ ਉਸ ਦੌਰਾਨ ਸਲੋਨੀ ਨੇ ਬਹੁਤ ਕੁੱਝ ਨਵਾਂ ਮਹਿਸੂਸ ਕੀਤਾ। ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਸਿੱਖੀਆਂ। ਇਸ ਗਰੁੱਪ ਨੇ ਬਹੁਤ ਤਰੱਕੀ ਕੀਤੀ ਅਤੇ ਉਸ ਵੇਲੇ ਸਲੋਨੀ ਨੇ ਤੈਅ ਕੀਤਾ ਕਿ ਉਹ ਕੁੱਝ ਅਜਿਹਾ ਹੀ ਕੰਮ ਭਵਿੱਖ 'ਚ ਕਰੇਗੀ। ਸਲੋਨੀ ਨੇ ਫਿਰ ਦੇਹਾਤੀ ਇਲਾਕਿਆਂ ਲਈ ਕੰਮ ਕਰਨ ਦੀ ਸੋਚੀ। ਪਰ ਉਹ ਅਜਿਹਾ ਕੀ ਨਵਾਂ ਕੰਮ ਕਰ ਸਕਦੀ ਸੀ, ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਲਾਭ ਪੁੱਜੇ? ਕੰਮ ਜੋ ਵੀ ਕਰਦੀ, ਉਸ ਲਈ ਤਜਰਬਾ ਅਤੇ ਪੈਸਾ ਦੋਵਾਂ ਦੀ ਜ਼ਰੂਰਤ ਸੀ, ਇਸ ਲਈ ਉਨ੍ਹਾਂ ਦਿੱਲੀ ਸਥਿਤ ਇੱਕ ਇੰਟਰ-ਐਕਟਿਵ ਏਜੰਸੀ 'ਵੈਬ ਚਟਣੀ' ਜੁਆਇਨ ਕੀਤੀ। ਮੰਤਵ ਸੀ, ਕੰਪਨੀ ਚਲਾਉਣ ਦੇ ਗੁਰ ਸਿੱਖਣਾ। ਇਸ ਦੌਰਾਨ ਸਲੋਨੀ ਦੀ ਮੁਲਾਕਾਤ ਆਈ.ਆਈ.ਟੀ. ਮਦਰਾਸ ਦੇ ਪ੍ਰੋਫ਼ੈਸਰ ਅਸ਼ੋਕ ਝੁਨਝੁਨਵਾਲਾ ਨਾਲ ਹੋਈ, ਉਨ੍ਹਾਂ ਸਲੋਨੀ ਦੀ ਕਾਫ਼ੀ ਮਦਦ ਕੀਤੀ ਅਤੇ 2 ਫ਼ਰਵਰੀ, 2007 'ਚ ਸਲੋਨੀ ਨੇ ਦੇਹਾਤੀ ਬੀ.ਪੀ.ਓ. 'ਦੇਸੀ ਕ੍ਰਿਯੂ' ਦੀ ਸ਼ੁਰੂਆਤ ਕੀਤੀ, ਇਸ ਦਾ ਮੰਤਵ ਸੀ, ਉਨ੍ਹਾਂ ਨੌਜਵਾਨਾਂ ਦਾ ਪਿੰਡਾਂ ਤੋਂ ਪਲਾਇਨ ਰੋਕਣਾ, ਜੋ ਨੌਕਰੀ ਅਤੇ ਸੁਨਹਿਰੇ ਭਵਿੱਖ ਦੀ ਭਾਲ਼ ਵਿੱਚ ਪਿੰਡ ਛੱਡ ਕੇ ਸ਼ਹਿਰਾਂ ਵੱਲ ਰੁਖ਼ ਕਰ ਰਹੇ ਹਨ। 'ਦੇਸੀ ਕ੍ਰਿਯੂ' ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਹੀ ਰੋਜ਼ਗਾਰ ਦਿਵਾਉਣ ਦਾ ਬੀੜਾ ਚੁੱਕਿਆ। ਚੇਨਈ ਦੇ ਕੋਲੂਮੰਗੁੜੀ ਕਸਬੇ ਵਿੱਚ ਚਾਰ ਜਣਿਆਂ ਨਾਲ ਮਿਲ ਕੇ ਦਫ਼ਤਰ ਖੋਲ੍ਹਿਆ ਗਿਆ। ਆਈ.ਆਈ.ਟੀ. ਮਦਰਾਸ ਵਿਲਿਗ੍ਰੋ ਅਤੇ ਇੱਕ ਹੋਰ ਨਿਵੇਸ਼ਕਨੇ 'ਦੇਸੀ ਕ੍ਰਿਯੂ' ਨੂੰ ਖੜ੍ਹਾ ਕਰਨ ਵਿੱਚ ਮਦਦ ਕੀਤੀ। ਕਿਉਂਕਿ ਸਲੋਨੀ ਨੂੰ ਚੇਨਈ ਦੀ ਸਥਾਨਕ ਭਾਸ਼ਾ ਨਹੀਂ ਆਉਂਦੀ ਸੀ ਅਤੇ ਉਸ ਇਲਾਕੇ ਵਿੱਚ ਉਹ ਨਵੀਂ ਸੀ, ਇਸੇ ਲਈ ਉਨ੍ਹਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਸਲੋਨੀ ਦੇ ਜਜ਼ਬੇ ਅੱਗੇ ਸਾਰੀਆਂ ਔਕੜਾਂ ਨੇ ਦਮ ਤੋੜ ਦਿੱਤਾ ਅਤੇ 'ਦੇਸੀ ਕ੍ਰਿਯੂ' ਸਫ਼ਲਤਾ ਦੇ ਨਵੇਂ ਸਿਖ਼ਰ ਛੋਹੰਦਾ ਚਲਾ ਗਿਆ।

image


'ਦੇਸੀ ਕ੍ਰਿਯੂ' ਤਾਮਿਲ ਨਾਡੂ 'ਚ ਹੁਣ 5 ਸੈਂਟਰ ਹਨ ਅਤੇ ਕਈ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮਿਲਿਆ ਹੋਇਆ ਹੈ। 'ਦੇਸੀ ਕ੍ਰਿਯੂ' ਨੂੰ ਸ਼ੁਰੂਆਤੀ ਦਿਨਾਂ ਵਿੱਚ ਮੁਵੱਕਿਲਾਂ/ਗਾਹਕਾਂ ਨੂੰ ਸਮਝਾਉਣ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਵਿੱਚ ਬਹੁਤ ਔਕੜਾਂ ਆਈਆਂ ਕਿਉਂਕਿ ਦੇਹਾਤੀ ਇਲਾਕਿਆਂ ਵਿੱਚ ਵਾਜਬ ਬੁਨਿਆਦੀ ਢਾਂਚਾ ਨਹੀਂ ਹੁੰਦਾ। ਪਿੰਡ ਦੇ ਜ਼ਿਆਦਾਤਰ ਲੋਕਾਂ ਨੂੰ ਸਥਾਨਕ ਭਾਸ਼ਾ ਹੀ ਆਉਂਦੀ ਸੀ। ਅੰਗਰੇਜ਼ੀ ਦਾ ਗਿਆਨ ਘੱਟ ਲੋਕਾਂ ਨੂੰ ਸੀ, ਇਸੇ ਲਈ ਸਾਰੇ 'ਕਲਾਇੰਟਸ' ਵਿਸ਼ਵਾਸ ਕਰਨ ਤੋਂ ਥੋੜ੍ਹਾ ਝਿਜਕ ਰਹੇ ਸਨ। ਕਿਉਂਕਿ ਆਮ ਤੌਰ ਉਤੇ ਬੀ.ਪੀ.ਓ. ਵਿੱਚ ਕੰਮ ਕਰਨ ਵਾਲੇ ਲੋਕ ਬਹੁਤ ਹੀ ਸਿਖਲਾਈ-ਪ੍ਰਾਪਤ, ਤਜਰਬੇਕਾਰ ਅਤੇ ਸਮਾਰਟ ਹੁੰਦੇ ਹਨ ਪਰ ਸਲੋਨੀ ਨੂੰ ਸਭਨਾਂ ਦਾ ਭਰੋਸਾ ਜਿੱਤਣ ਵਿੱਚ ਸਫ਼ਲਤਾ ਮਿਲੀ।

'ਦੇਸੀ ਕ੍ਰਿਯੂ' ਵਿੱਚ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਹਰੇਕ ਸਥਿਤੀ ਦਾ ਸਾਹਮਣਾ ਕਰ ਸਕਣ। ਦੇਸੀ ਕ੍ਰਿਯੂ ਤਾਮਿਲ ਨਾਡੂ ਅਤੇ ਕਰਨਾਟਕ ਦੀਆਂ ਵਿਭਿੰਨ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਦਿੰਦਾ ਹੈ; ਇਸ ਤੋਂ ਇਲਾਵਾ ਦੇਸ਼ ਦੀਆਂ ਕੁੱਝ ਹੋਰ ਕੰਪਨੀਆਂ 'ਦੇਸੀ ਕ੍ਰਿਯੂ' ਨਾਲ ਜੁੜੀਆਂ ਹਨ ਅਤੇ 'ਦੇਸੀ ਕ੍ਰਿਯੂ' ਦਾ ਵਿਸਥਾਰ ਲਗਾਤਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਆਮ ਤੌਰ ਉਤੇ ਕਈ ਹੋਰ ਵੀ ਅਜਿਹੇ ਬੀ.ਪੀ.ਓਜ਼ ਹਨ, ਜੋ ਪਿੰਡਾਂ ਦੇ ਨਿਵਾਸੀਆਂ ਨੂੰ ਨੌਕਰੀਆਂ ਦਿੰਦੇ ਹਨ ਪਰ ਦੇਹਾਤੀ ਇਲਾਕਿਆਂ ਵਿੱਚ ਆਪਣੇ ਦਫ਼ਤਰ ਨਹੀਂ ਖੋਲ੍ਹਦੇ ਪਰ ਸਲੋਨੀ ਨੇ ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨੌਕਰੀਆਂ ਦਿਵਾਈਆਂ।

ਸਲੋਨੀ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕਾਰਜਾਂ ਲਈ ਅਨੇਕਾਂ ਮਾਣ-ਸਨਮਾਨ ਮਿਲੇ; ਜਿਨ੍ਹਾਂ ਵਿੱਚ 2011 'ਚ ਟੀ.ਆਈ.ਆਈ. ਸ਼੍ਰੀ ਸ਼ਕਤੀ ਐਵਾਰਡ, 2008 'ਚ ਐਮ.ਟੀ.ਵੀ. ਯੂਥ ਆਇਕੌਨ ਲਈ ਨਾਮਜ਼ਦਗੀ ਸ਼ਾਮਲ ਹਨ। ਸਾਲ 2008 'ਚ ਹੀ ਈ. ਐਂਡ ਵਾਈ. ਐਂਟਰੀਪ੍ਰਿਨਿਯੋਰ ਆੱਫ਼ ਦਾ ਈਅਰ ਲਈ ਵੀ ਨਾਮਜ਼ਦ ਹੋਏ। 2013 'ਚ ਚਲੋਬਲ ਸੋਰਸਿੰਗ ਕੌਂਸਲ 3 ਐਸ. ਐਵਾਰਡ ਦਾ ਦੂਜਾ ਪੁਰਸਕਾਰ ਮਿਲਿਆ। 2009 'ਚ ਫਿੱਕੀ ਐਫ਼.ਐਲ.ਓ. ਬੈਸਟ ਵੋਮੈਨ ਸੋਸ਼ਲ ਐਂਟਰੀਪ੍ਰਿਨਿਯੋਰ ਐਵਾਰਡ ਮਿਲਿਆ। ਇੰਨੀ ਘੱਟ ਉਮਰ ਵਿੱਚ ਇੰਨੀਆਂ ਸਫ਼ਲਤਾਵਾਂ ਹਾਸਲ ਕਰ ਲੈਣਾ ਬਹੁਤ ਵੱਡੀ ਉਪਲਬਧੀ ਹੈ। ਸਥਾਪਨਾ ਦੇ ਕੁੱਝ ਹੀ ਸਾਲਾਂ 'ਚ 'ਦੇਸੀ ਕ੍ਰਿਯੂ' ਨੇ ਆਪਣਾ 10 ਗੁਣਾ ਵਿਸਥਾਰ ਕਰ ਲਿਆ ਹੈ, ਜੋ ਕਿ ਆਪਣੇ-ਆਪ ਵਿੱਚ ਹੀ ਇੱਕ ਮਿਸਾਲ ਹੈ।

Add to
Shares
0
Comments
Share This
Add to
Shares
0
Comments
Share
Report an issue
Authors

Related Tags

Latest Stories

ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ