ਸੋਕੇ ਨਾਲ ਨਿਪਟਣ ਲਈ 1-1 ਰੁਪਿਆ ਚੰਦੇ ਨਾਲ ਬਣਾਇਆ ਬੰਨ੍ਹ, ਹਿਜਰਤ ਕਰ ਚੁੱਕੇ ਕਿਸਾਨ ਵੀ ਪਰਤੇ ਆਪਣੇ ਪਿੰਡ

7th Dec 2015
  • +0
Share on
close
  • +0
Share on
close
Share on
close

ਹੁਣ ਤੱਕ ਬਣਾ ਚੁੱਕੇ ਹਨ 11 ਚੈੱਕ ਬੰਨ੍ਹ...

ਬਰਸਾਤੀ ਨਦੀ ਦੇ ਪਾਣੀ ਨੂੰ ਰੋਕਣ ਲਈ ਚੈਕ ਬੰਨ੍ਹ...

ਹਿਜਰਤ ਕਰ ਚੁੱਕੇ ਕਿਸਾਨ ਵੀ ਪਰਤੇ ਆਪਣੇ ਪਿੰਡ

ਕਹਿੰਦੇ ਹਨ ਕਿ ਜੇ ਦ੍ਰਿੜ੍ਹ ਨਿਸ਼ਚਾ ਹੋਵੇ ਅਤੇ ਇਰਾਦੇ ਮਜ਼ਬੂਤ ਹੋਣ, ਤਾਂ ਮੰਜ਼ਿਲ ਹਾਸਲ ਕਰਨੀ ਅਸੰਭਵ ਨਹੀਂ ਹੁੰਦੀ। ਕੁੱਝ ਅਜਿਹਾ ਹੀ ਸੰਭਵ ਕਰ ਵਿਖਾਇਆ ਹੈ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਪਤਲਾਵਤ ਪਿੰਡ 'ਚ ਰਹਿੰਦੇ ਅਨਿਲ ਜੋਸ਼ੀ ਨੇ। ਉਨ੍ਹਾਂ ਆਪਣੇ ਜਤਨਾਂ ਦੇ ਦਮ ਉਤੇ ਹਰ ਸਾਲ ਪੈਣ ਵਾਲੇ ਸੋਕੇ ਨੂੰ ਨਾ ਕੇਵਲ ਮਾਤ ਦਿੱਤੀ, ਸਗੋਂ ਲੋਕਾਂ ਤੋਂ 1-1 ਰੁਪਿਆ ਲੈ ਕੇ ਉਹ ਕਰ ਵਿਖਾਇਆ, ਜਿਸ ਨੂੰ ਕਰਨ ਵਿੱਚ ਸਰਕਾਰੀ ਏਜੰਸੀਆਂ ਵੀ ਫ਼ੇਲ੍ਹ ਹਨ। ਅਨਿਲ ਨੇ ਲੋਕਾਂ ਤੋਂ ਚੰਦੇ ਦੇ ਤੌਰ ਉਤੇ ਮਿਲੇ ਪੈਸੇ ਨਾਲ ਅਜਿਹੇ 'ਚੈਕ ਡੈਮ' ਤਿਆਰ ਕੀਤੇ ਹਨ, ਜਿਨ੍ਹਾਂ ਸਦਕਾ ਇਸ ਇਲਾਕੇ ਆਲੇ-ਦੁਆਲੇ ਰਹਿਣ ਵਾਲੇ ਕਿਸਾਨ ਆਪਣੇ ਖੇਤਾਂ ਤੋਂ ਨਾ ਕੇਵਲ ਭਰਪੂਰ ਫ਼ਸਲ ਲੈ ਰਹੇ ਹਨ, ਸਗੋਂ ਜਿਹੜੇ ਕਿਸਾਨ ਸੋਕੇ ਕਾਰਣ ਆਪਣੇ ਪਿੰਡ ਤੋਂ ਹਿਜਰਤ ਕਰ ਗਏ ਸਨ, ਉਹ ਹੁਣ ਪਰਤਣ ਲੱਗੇ ਹਨ ਅਤੇ ਖੇਤੀ ਨੂੰ ਆਪਣਾ ਮੁੱਖ ਰੋਜ਼ਗਾਰ ਬਣਾਉਣ ਲੱਗੇ ਹਨ।

image


ਅਨਿਲ ਜੋਸ਼ੀ ਖ਼ੁਦ ਨੂੰ ਕਿਸਾਨ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ, ਭਾਵੇਂ ਉਨ੍ਹਾਂ ਆਯੁਰਵੇਦ ਦਾ ਇੱਕ ਕੋਰਸ ਵੀ ਕੀਤਾ ਹੋਇਆ ਹੈ, ਜਿਸ ਕਰ ਕੇ ਉਹ ਲੋਕਾਂ ਦਾ ਇਲਾਜ ਵੀ ਕਰਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਖੇਤੀਬਾੜੀ ਦਾ ਕੰਮ ਹਾਲੇ ਤੱਕ ਛੱਡਿਆ ਨਹੀਂ ਹੈ। ਕੁੱਝ ਸਾਲ ਪਹਿਲਾਂ ਤੱਕ ਮੰਦਸੌਰ ਇਲਾਕੇ ਵਿੱਚ ਹਰ ਸਾਲ ਸੋਕਾ ਪੈਂਦਾ ਸੀ ਕਿਉਂਕਿ ਬਰਸਾਤ ਦੇ ਪਾਣੀ ਨੂੰ ਰੋਕਣ ਦਾ ਇੱਥੋਂ ਦੇ ਲੋਕਾਂ ਕੋਲ ਕੋਈ ਇੰਤਜ਼ਾਮ ਨਹੀਂ ਸੀ। ਇਸ ਕਾਰਣ ਇੱਥੋਂ ਦੇ ਕਿਸਾਨ ਸਾਲ ਭਰ 'ਚ ਬਹੁਤ ਔਖ ਨਾਲ ਵਾਹੀਯੋਗ ਜ਼ਮੀਨ ਤੋਂ ਕੇਵਲ ਇੱਕੋ ਫ਼ਸਲ ਹੀ ਲੈ ਸਕਦੇ ਸਨ। ਪਰ ਅੱਜ ਤਸਵੀਰ ਬਿਲਕੁਲ ਹੀ ਬਦਲ ਗਈ ਹੈ। ਜਿਹੜੇ ਇਲਾਕਿਆਂ ਵਿੱਚ ਚੈਕ ਡੈਮ ਬਣੇ ਹਨ, ਉਥੇ ਸਾਰਾ ਸਾਲ ਪਾਣੀ ਰਹਿੰਦਾ ਹੈ ਅਤੇ ਇੱਥੋਂ ਦੇ ਲੋਕ ਆਰਥਿਕ ਤਰੱਕੀ ਕਰ ਰਹੇ ਹਨ। ਅਨਿਲ ਦਸਦੇ ਹਨ ਕਿ ਇੱਕ ਦੌਰ 'ਚ ਉਹ ਵੀ ਸੋਕੇ ਕਾਰਣ ਬਹੁਤ ਪਰੇਸ਼ਾਨ ਰਹਿੰਦੇ ਸਨ; ਇਸ ਲਈ ਜਦੋਂ ਉਨ੍ਹਾਂ ਖੇਤੀ ਕਰਨੀ ਸ਼ੁਰੂ ਕੀਤੀ, ਤਦ ਉਨ੍ਹਾਂ ਆਪਣੇ ਖੇਤ ਦੇ ਆਲੇ-ਦੁਆਲੇ ਖੂਹ ਡੂੰਘੇ ਕੀਤੇ ਅਤੇ ਹੋਰ ਕਈ ਉਪਾਅ ਕੀਤੇ, ਤਾਂ ਜੋ ਸਿੰਜਾਈਯੋਗ ਪਾਣੀ ਦਾ ਇੰਤਜ਼ਾਮ ਹੋ ਸਕੇ ਪਰ ਉਨ੍ਹਾਂ ਦੇ ਅਜਿਹੇ ਸਾਰੇ ਜਤਨ ਨਾਕਾਮ ਹੀ ਸਿੱਧ ਹੋਏ।

ਅਨਿਲ ਦਸਦੇ ਹਨ ਕਿ ਉਨ੍ਹਾਂ ਦੇ ਪਿੰਡ ਲਾਗਿਓਂ ਸੋਮਲੀ ਨਾਂਅ ਦੀ ਇੱਕ ਬਰਸਾਤੀ ਨਦੀ ਵਹਿੰਦੀ ਹੈ, ਜਿਸ ਵਿੱਚ ਸਾਲ ਦੇ 2-3 ਮਹੀਨੇ ਹੀ ਪਾਣੀ ਰਹਿੰਦਾ ਸੀ; ਜਿਸ ਤੋਂ ਬਾਅਦ ਉਹ ਸੁੱਕ ਜਾਂਦੀ ਸੀ। ਇਸ ਕਾਰਣ ਕੁੱਝ ਸਾਲ ਪਹਿਲਾਂ ਤੱਕ ਇੱਥੇ ਸੋਕੇ ਵਾਲੇ ਹਾਲਾਤ ਬਣ ਜਾਂਦੇ ਸਨ। ਇਸ ਕਾਰਣ ਨਾ ਕੇਵਲ ਲੋਕਾਂ ਨੂੰ ਪੀਣ ਦੇ ਪਾਣੀ ਲਈ ਕੋਹਾਂ ਦੂਰ ਜਾਣਾ ਪੈਂਦਾ ਸੀ, ਸਗੋਂ ਸਿੰਜਾਈ ਲਈ ਪਾਣੀ ਨਾ ਮਿਲਣ ਕਰ ਕੇ ਜਿਹੜੇ ਖੇਤਾਂ ਤੋਂ ਕਿਸਾਨ 200 ਕੁਇੰਟਲ ਅਨਾਜ/ਝਾੜ ਲੈਂਦਾ ਸੀ, ਉਨ੍ਹਾਂ ਦੀ ਜ਼ਮੀਨ 'ਚੋਂ ਹੁਣ 20 ਕਿਲੋ ਅਨਾਜ/ਝਾੜ ਵੀ ਲੈਣਾ ਔਖਾ ਹੋ ਗਿਆ ਸੀ। ਤਦ ਉਨ੍ਹਾਂ ਨੂੰ ਇੱਕ ਵਿਚਾਰ ਸੁੱਝਿਅਆ ਕਿ ਕਿਉਂ ਨਾ ਬਰਸਾਤੀ ਨਦੀ ਦੇ ਪਾਣੀ ਨੂੰ ਰੋਕ ਲਿਆ ਜਾਵੇ। ਜਿਸ ਦੀ ਵਰਤੋਂ ਨਾ ਕੇਵਲ ਸਿੰਜਾਈ ਲਈ, ਸਗੋਂ ਉਸ ਪਾਣੀ ਦੀ ਵਰਤੋਂ ਪਸ਼ੂਆਂ ਦੇ ਪੀਣ ਲਈ ਕੀਤੀ ਜਾ ਸਕਦੀ ਹੈ।

image


ਆਪਣੇ ਇਸ ਵਿਚਾਰ ਨੂੰ ਅਸਲੀਅਤ ਵਿੱਚ ਬਦਲਣ ਲਈ ਅਨਿਲ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਸੋਮਲੀ ਨਦੀ ਵਿੱਚ ਚੈਕ ਡੈਮ ਬਣਾ ਦਿੱਤਾ ਜਾਵੇ, ਤਾਂ ਜੋ ਪਾਣੀ ਬੇਕਾਰ ਵਹਿ ਜਾਂਦਾ ਹੈ, ਉਸ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੀ ਇਹ ਗੱਲ ਦੋਸਤਾਂ ਨੂੰ ਪਸੰਦ ਆਈ। ਤਦ ਅਨਿਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਾਣੀ ਨੂੰ ਰੋਕਣ ਅਤੇ ਚੈਕ ਬੰਨ੍ਹ ਬਣਾਉਣ ਲਈ ਸੀਮਿੰਟ ਦੇ ਖ਼ਾਲੀ ਬੋਰਿਆਂ ਦਾ ਇੰਤਜ਼ਾਮ ਕਰਨ। ਇਸ ਤੋਂ ਬਾਅਦ ਅਨਿਲ ਨੇ ਕੁੱਝ ਮਜ਼ਦੂਰਾਂ ਅਤੇ ਆਪਣੇ ਦੋਸਤਾਂ ਦੀ ਮਦਦ ਨਾਲ ਇੱਕ ਕੱਚਾ ਚੈਕ ਡੈਮ ਤਿਆਰ ਕੀਤਾ। ਡੈਮ ਬਣਨ ਦੇ ਕੁੱਝ ਦਿਨਾਂ ਬਾਅਦ ਵਰਖਾ ਹੋਈ ਅਤੇ ਚੈਕ ਡੈਮ ਵਿੱਚ ਪਾਣੀ ਜਮ੍ਹਾ ਹੋ ਗਿਆ। ਇਸ ਦਾ ਅਸਰ ਹਿਹ ਹੋਇਆ ਕਿ ਲਾਗਲੇ ਸਾਰੇ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉਚਾ ਹੋ ਗਿਆ ਅਤੇ ਸਾਲਾਂ ਤੋਂ ਸੁੱਕੇ ਪਏ ਹੈਂਡ-ਪੰਪ ਅਤੇ ਖੂਹਾਂ ਵਿੱਚ ਪਾਣੀ ਆਉਣ ਲੱਗਾ। ਇਸ ਤਰ੍ਹਾਂ ਕਈ ਵਰ੍ਹਿਆਂ ਬਾਅਦ ਇਲਾਕੇ ਵਿੱਚ ਫ਼ਸਲਾਂ ਵੀ ਲਹਿਲਹਾਉਣ ਲੱਗੀਆਂ। ਜਦ ਕਿ ਦੂਜੇ ਇਲਾਕੇ ਵਿੱਚ ਹਾਲਾਤ ਜਿਉਂ ਦੇ ਤਿਉਂ ਸਨ ਅਤੇ ਉਥੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਸੀ।

ਅਗਲੇ ਸਾਲ ਜਦੋਂ ਉਨ੍ਹਾਂ ਇੱਕ ਵਾਰ ਫਿਰ ਚੈਕ ਬੰਨ੍ਹ ਬਣਾਉਣ ਲਈ ਲੋਕਾਂ ਤੋਂ ਮਦਦ ਮੰਗੀ, ਤਾਂ ਕੋਈ ਅੱਗੇ ਨਾ ਆਇਆ। ਤਦ ਅਨਿਲ ਨੇ ਲੋਕਾਂ ਨੂੰ ਖ਼ੂਬ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਕੋਈ ਵੀ ਆਉਣ ਲਈ ਤਿਆਰ ਨਾ ਹੋਹਿਆ। ਤਦ ਇੱਕ ਦਿਨ ਉਨ੍ਹਾਂ ਨੇ ਇਸ ਮਸਲੇ ਉਤੇ ਆਪਣੀ ਪਤਨੀ ਨਾਲ ਗੱਲ ਕੀਤੀ, ਤਦ ਉਨ੍ਹਾਂ ਨੇ ਪਤੀ ਸਾਹਮਣੇ ਆਪਣੇ ਗਹਿਣੇ ਧਰ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਗਹਿਣਿਆਂ ਨੂੰ ਵੇਚ ਕੇ ਚੈਕ ਬੰਨ੍ਹ ਬਣਾਉਣ ਲਈ ਪੈਸਾ ਇਕੱਠਾ ਕਰਨ, ਤਾਂ ਜੋ ਇਲਾਕੇ ਦਾ ਵਿਕਾਸ ਹੋਵੇ। ਜਿਸ ਤੋਂ ਬਾਅਦ ਉਨ੍ਹਾਂ ਇੱਕ ਵਾਰ ਫਿਰ ਕੱਚੇ ਬੰਨ੍ਹ ਦਾ ਨਿਰਮਾਣ ਕਰਵਾਇਆ। ਇਨ੍ਹਾਂ ਉਨ੍ਹਾਂ ਲਗਾਤਾਰ 2-3 ਸਾਲ ਖ਼ੁਦ ਹੀ ਆਪਣੇ ਪੈਸਿਆਂ ਨਾਲ ਚੈਕ ਡੈਮ ਬਣਾਉਣ ਦਾ ਕੰਮ ਕੀਤਾ। ਅਨਿਲ ਦੀਆਂ ਕੋਸ਼ਿਸ਼ਾਂ ਨਾਲ ਇੱਕ ਹੋਰ ਇਲਾਕੇ ਵਿੱਚ ਹਰਿਆਲੀ ਆ ਰਹੀ ਸੀ, ਲੋਕ ਖ਼ੁਸ਼ਹਾਲ ਹੋ ਰਹੇ ਸਨ, ਤਾਂ ਦੂਜੇ ਪਾਸੇ ਉਨ੍ਹਾਂ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਸੀ। ਤਦ ਅਨਿਲ ਨੇ ਸੋਚਿਆ ਕਿ ਹਰ ਸਾਲ ਉਨ੍ਹਾਂ ਨੇ ਚੈਕ ਬੰਨ੍ਹ ਬਣਾਉਣਾ ਹੁੰਦਾ ਹੈ, ਤਾਂ ਕਿਉਂ ਨਾ ਉਸ ਦੀ ਥਾਂ ਪੱਕਾ ਅਤੇ ਮਜ਼ਬੂਤ ਚੈਕ ਡੈਮ ਬਣਾਇਆ ਜਾਵੇ, ਤਾਂ ਜੋ ਇਸ ਔਕੜ ਨੂੰ ਲੰਮੇ ਸਮੇਂ ਲਈ ਖ਼ਤਮ ਕੀਤਾ ਜਾ ਸਕੇ। ਅਨਿਲ ਨੇ ਪੱਕਾ ਚੈਕ ਡੈਮ ਬਣਾਉਣ ਲਈ ਕੰਮ ਸ਼ੁਰੂ ਕੀਤਾ, ਤਾਂ ਪਤਾ ਚੱਲਿਆ ਕਿ ਇਸ ਨੂੰ ਬਣਾਉਣ ਉਤੇ ਘੱਟੋ-ਘੱਟ ਇੱਕ ਲੱਖ ਰੁਪਏ ਦੀ ਜ਼ਰੂਰਤ ਹੋਵੇਗੀ। ਇੰਨੇ ਪੈਸੇ ਅਨਿਲ ਕੋਲ਼ ਨਹੀਂ ਸਨ; ਤਦ ਇੱਕ ਵਾਰ ਫਿਰ ਅਨਿਲ ਜੋਸ਼ੀ ਨੇ ਲੋਕਾਂ ਨੂੰ ਪੈਸੇ ਦੇਣ ਦੀ ਗੱਲ ਕੀਤੀ; ਤਦ ਲੋਕਾਂ ਦਾ ਰਵੱਈਆ ਉਨ੍ਹਾਂ ਦੀ ਸੋਚ ਅਨੁਸਾਰ ਨਿੱਕਲ਼ਿਆ। ਤਦ ਲੋਕ ਉਨ੍ਹਾਂ ਨੂੰ ਆਖਣ ਲੱਗੇ ਕਿ ਇਹ ਕੰਮ ਸਰਕਾਰ ਦਾ ਹੈ, ਤੂੰ ਕਿਉਂ ਇਹ ਕੰਮ ਕਰਨ ਬਾਰੇ ਸੋਚ ਰਿਹਾ ਹੈਂ। ਉਦੋਂ ਕੋਈ ਹੋਰ ਹੁੰਦਾ, ਤਾਂ ਸ਼ਾਇਦ ਹੱਥ ਉਤੇ ਹੱਥ ਧਰ ਕੇ ਬਹਿ ਜਾਂਦਾ ਪਰ ਅਨਿਲ ਨੇ ਤਾਂ ਮਨ 'ਚ ਧਾਰ ਲਿਆ ਸੀ ਕਿ ਉਹ ਇਹ ਕੰਮ ਪੂਰਾ ਕਰ ਕੇ ਹੀ ਦਮ ਲੈਣਗੇ।

image


ਅਨਿਲ ਜੋਸ਼ੀ ਦਸਦੇ ਹਨ,''ਮੈਂ ਫ਼ੈਸਲਾ ਕੀਤਾ ਕਿ ਚੈਕ ਡੈਮ ਬਣਾਉਣ ਲਈ ਲੋਕਾਂ ਤੋਂ ਇੱਕ-ਇੱਕ ਰੁਪਿਆ ਲਿਆ ਜਾ ਸਕਦਾ ਹੈ ਅਤੇ ਜੇ ਇੱਕ ਦਿਨ ਵਿੱਚ ਇੱਕ ਹਜ਼ਾਰ ਲੋਕ ਵੀ ਇੱਕ-ਇੱਕ ਰੁਪਿਆ ਦੇਣਗੇ, ਤਾਂ ਤਿੰਨ ਮਹੀਨਿਆਂ ਵਿੱਚ ਸਾਡੇ ਕੋਲ 1 ਲੱਖ ਰੁਪਏ ਆ ਜਾਣਗੇ। ਇਸ ਤਰ੍ਹਾਂ ਮੈਂ ਨਾ ਕੇਵਲ ਮੰਦਸੌਰ ਸ਼ਹਿਰ, ਸਗੋਂ ਆਲੇ-ਦੁਆਲੇ ਦੇ ਲਗਭਗ 100 ਪਿੰਡਾਂ ਤੋਂ 1-1 ਰੁਪਿਆ ਮੰਗ ਕੇ 1 ਲੱਖ ਰੁਪਏ ਇਕੱਠੇ ਕਰ ਲਏ।'' ਇਸ ਤੋਂ ਬਾਅਦ ਉਨ੍ਹਾਂ ਚੈਕ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇੱਥ ਵਾਰ ਪੱਕਾ ਚੈਕ ਬੰਨ੍ਹ ਬਣਦਿਆਂ ਹੀ ਇਸ ਦਾ ਸਿੱਧਾ ਲਾਭ ਆਲੇ-ਦੁਆਲੇ ਦੇ ਪੰਜ ਪਿੰਡਾਂ ਨੂੰ ਮਿਲਣ ਲੱਗਾ। ਇਸ ਬੰਨ੍ਹ ਸਦਕਾ ਇਨ੍ਹਾਂ ਪਿੰਡਾਂ ਵਿੱਚ ਸਾਲ ਭਰ ਲਈ ਪੀਣ ਦਾ ਪਾਣੀ ਮਿਲਣ ਲੱਗਾ, ਸਿੰਜਾਈ ਦਾ ਵੀ ਇੰਤਜ਼ਾਮ ਹੋ ਗਿਆ। ਜਿੱਥੇ ਕਿਸਾਨ ਪਹਿਲਾਂ ਆਪਣੇ ਖੇਤ 'ਚੋਂ ਬਹੁਤ ਔਖਾ ਹੋ ਕੇ ਕੇਵਲ ਇੱਕੋ ਫ਼ਸਲ ਲੈ ਸਕਦਾ ਸੀ, ਉਥੇ ਹੁਣ ਉਹ ਰੱਬੀ ਅਤੇ ਖ਼ਰੀਫ਼ ਦੋਵੇਂ ਤਰ੍ਹਾਂ ਦੀਆਂ ਫ਼ਸਲਾਂ ਲੈਣ ਲੱਗਾ। ਇਸ ਤੋਂ ਇਲਾਵਾ ਸੋਕੇ ਵੇਲੇ ਕਈ ਜੰਗਲੀ ਜਾਨਵਰ ਪਾਣੀ ਦੀ ਭਾਲ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚ ਆ ਜਾਣ ਦਾ ਖ਼ਤਰਾ ਰਹਿੰਦਾ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਵੀ ਪੀਣ ਦਾ ਪਾਣੀ ਪਿੰਡ ਤੋਂ ਬਾਹਰ ਹੀ ਮਿਲਣ ਲੱਗਾ ਤੇ ਉਹ ਉਥੋਂ ਹੀ ਵਾਪਸ ਜਾਣ ਲੱਗੇ ਅਤੇ ਇੰਝ ਪਿੰਡ ਤੋਂ ਉਨ੍ਹਾਂ ਜਾਨਵਰਾਂ ਦਾ ਖ਼ਤਰਾ ਵੀ ਟਲ਼ ਗਿਆ। ਅੱਜ ਇਸ ਇਲਾਕੇ ਵਿੱਚ ਸੋਇਆਬੀਨ, ਕਣਕ, ਲੱਸਣ, ਛੋਲੇ ਸਰ੍ਹੋਂ, ਮੇਥੀ, ਧਨੀਆ ਅਤੇ ਹੋਰ ਵੀ ਕਈ ਫ਼ਸਲਾਂ ਉਗਾਈਆਂ ਜਾ ਰਹੀਆਂ ਹਨ।

image


ਇਸ ਤੋਂ ਬਾਅਦ ਹਾਲਾਤ ਇਹ ਹੋ ਗਏ ਕਿ ਆਲੇ-ਦੁਆਲੇ ਦੇ ਹੋਰਨਾਂ ਪਿੰਡਾਂ ਨੂੰ ਛੱਡ ਕੇ ਬਾਕੀ ਸੌ-ਸੌ ਕਿਲੋਮੀਟਰ ਦੂਰ ਦੇ ਸਾਰੇ ਪਿੰਡਾਂ ਵਿੱਚ ਸੋਕਾ ਪੈ ਜਾਂਦਾ ਪਰ ਇਨ੍ਹਾਂ ਪਿੰਡਾਂ ਵਿੱਚ ਹਰਿਆਲੀ ਲਗਾਤਾਰ ਬਣੀ ਰਹਿੰਦੀ। ਫਿਰ ਹੋਰਨਾਂ ਪਿੰਡਾਂ ਦੇ ਲੋਕ ਵੀ ਉਨ੍ਹਾਂ ਨੂੰ ਲਭਦੇ-ਲਭਦੇ ਅਨਿਲ ਹੁਰਾਂ ਕੋਲ ਆਏ ਅਤੇ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਵੀ ਅਜਿਹੇ ਚੈਕ ਬੰਨ੍ਹ ਬਣਾਉਣ ਦਾ ਅਨੁਰੋਧ ਕਰਨ ਲੱਗੇ। ਜਿਸ ਤੋਂ ਬਾਅਦ ਉਹ ਹੁਣ ਤੱਕ 10 ਚੈਕ ਬੰਨ੍ਹਾਂ ਦੀ ਉਸਾਰੀ ਕਰ ਚੁੱਕੇ ਹਨ। ਇਸ ਨਾਲ ਕਾਫ਼ੀ ਵੱਡੇ ਇਲਾਕੇ ਵਿੱਚ ਲੋਕਾਂ ਨੂੰ ਸੋਕੇ ਤੋਂ ਰਾਹਤ ਮਿਲ ਗਈ ਹੈ ਅਤੇ ਹਾਲਾਤ ਕਾਫ਼ੀ ਬਦਲ ਗਏ ਹਨ। ਅਨਿਲ ਦਸਦੇ ਹਨ ਕਿ ਪਿੰਡ ਵਿੱਚ ਸੋਕਾ ਪੈਣ ਕਾਰਣ ਲੋਕ ਇੱਥੋਂ ਚਲੇ ਗਏ ਸਨ ਪਰ ਹੁਣ ਉਹ ਇੱਕ ਵਾਰ ਫਿਰ ਪਿੰਡ ਪਰਤਣ ਲੱਗ ਪਏ ਹਨ। ਜਿਸ ਤੋਂ ਬਾਅਦ ਉਨ੍ਹਾਂ ਖੇਤੀ ਨੂੰ ਸੰਭਾਲ਼ਿਆ ਅਤੇ ਹੁਣ ਉਨ੍ਹਾਂ ਦੀ ਜ਼ਮੀਨ ਪਾਣੀ ਕਾਫ਼ੀ ਮਾਤਰਾ ਵਿੱਚ ਮਿਲਣ ਕਾਰਣ ਸੋਨਾ ਉਗਲ਼ ਰਹੀ ਹੈ। ਪਹਿਲਾਂ ਇੱਥੋਂ ਦੇ ਨਿਵਾਸੀ ਜਿਹੜੇ ਅਨਾਜ ਨੂੰ ਖ਼ਰੀਦ ਕੇ ਖਾਂਦੇ ਸਨ, ਅੱਜ ਉਨ੍ਹਾਂ ਦੇ ਘਰ ਵਿੱਚ ਸਾਲ ਭਰ ਖਾਣ ਜੋਗਾ ਅਨਾਜ ਭਰਿਆ ਰਹਿੰਦਾ ਹੈ। ਅੱਜ ਜੇ ਕਿਸੇ ਚੈਕ ਡੈਮ ਵਿੱਚ ਕੋਈ ਗੜਬੜੀ ਹੋ ਜਾਂਦੀ ਹੈ, ਤਾਂ ਕਿਸਾਨ ਮਿਲ ਕੇ ਤੁਰੰਤ ਉਸ ਨੂੰ ਠੀਕ ਕਰ ਦਿੰਦੇ ਹਨ। ਅਨਿਲ ਦਸਦੇ ਹਨ ਕਿ 'ਅੱਜ ਕਿਸਾਨ ਇਹ ਚੰਗੀ ਤਰ੍ਹਾਂ ਮੰਨ ਗਏ ਹਨ ਕਿ ਪਾਣੀ ਲਈ ਚੈਕ ਬੰਨ੍ਹ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਦੂਜਾ ਬਦਲ ਨਹੀਂ ਹੈ।'

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਮਹਿਤਾਬ-ਉਦ-ਦੀਨ

  • +0
Share on
close
  • +0
Share on
close
Share on
close

Our Partner Events

Hustle across India