ਸੰਸਕਰਣ
Punjabi

ਜੋ ਸੁਣ ਅਤੇ ਬੋਲ ਨਹੀਂ ਸਕਦੇ, ਉਨ੍ਹਾਂ ਲਈ ਫ਼ਰਿਸ਼ਤਾ ਹਨ ਗਿਆਨੇਂਦਰ ਪੁਰੋਹਿਤ, ਗੂੰਗੇ-ਬਹਿਰਿਆਂ ਦੇ ਅਧਿਕਾਰਾਂ ਦੀ ਲੜਾਈ ਲਈ ਠੁਕਰਾ ਦਿੱਤੀ ਵੱਡੀ ਨੌਕਰੀ

22nd Mar 2016
Add to
Shares
0
Comments
Share This
Add to
Shares
0
Comments
Share

ਗੂੰਗੇ-ਬਹਿਰਿਆਂ ਲਈ ਪਹਿਲਾ ਅਤੇ ਇੱਕੋ-ਇੱਕ ਪੁਲਿਸ ਥਾਣਾ ਕੀਤਾ ਸ਼ੁਰੂ...

ਪ੍ਰਧਾਨ ਮੰਤਰੀ ਨਾਲ ਮਿਲ ਕੇ ਸੰਕੇਤਕ ਭਾਸ਼ਾ ਵਿੱਚ ਸ਼ੁਰੂ ਕਰਵਾਇਆ ਰਾਸ਼ਟਰੀ ਗੀਤ...

ਸੰਕੇਤਕ ਭਾਸ਼ਾ ਵਿੱਚ ਫ਼ਿਲਮਾਂ ਕੀਤੀਆਂ ਡਬ...

ਗੂੰਗੇ-ਬਹਿਰੇ ਭਰਾ ਦੀ ਮੌਤ ਤੋਂ ਦੁਖੀ ਜਾਨੇਂਦਰ ਪੁਰੋਹਿਤ ਨੇ ਸਮਰਪਿਤ ਕੀਤੀ ਜ਼ਿੰਦਗੀ ਗੂੰਗੇ-ਬਹਿਰਿਆਂ ਨੂੰ...

ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਆਦਮੀ ਜਦੋਂ ਸਭ ਤੋਂ ਮਾੜੇ ਦੌਰ 'ਚੋਂ ਲੰਘਦਾ ਹੈ, ਸਭ ਤੋਂ ਵੱਧ ਪਰੇਸ਼ਾਨ ਹਾਲ ਸਮੇਂ ਨਾਲ ਜੂਝ ਰਿਹਾ ਹੁੰਦਾ ਹੈ, ਤਾਂ ਉਥੋਂ ਹੀ ਉਸ ਨੂੰ ਜਿਊਣ ਦਾ ਮਕਸਦ ਮਿਲ ਜਾਂਦਾ ਹੈ। ਮਕਸਦ ਅਜਿਹਾ ਜਿਸ ਵਿੱਚ ਕਈ ਲੋਕਾਂ ਦੀ ਜ਼ਿੰਦਗੀ ਸੁਆਰਨ ਦੀ ਇੱਛਾ ਦ੍ਰਿੜ੍ਹ ਹੋਵੇ, ਮਕਸਦ ਅਜਿਹਾ ਜਿਸ ਨਾਲ ਦੂਜੇ ਪਰੇਸ਼ਾਨ ਹਾਲ ਲੋਕਾਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਆ ਸਕੇ। ਅਜਿਹੇ ਲੋਕਾਂਾਂ ਨਾਲ ਹੀ ਦੇਸ਼ ਅਤੇ ਸਮਾਜ ਇੱਕ ਦਿਸ਼ਾ ਹਾਸਲ ਕਰਦਾ ਹੈ, ਅਜਿਹੇ ਲੋਕਾਂ ਕਾਰਣ ਹੀ ਅਸੀਂ ਕਹਿੰਦੇ ਹਾਂ ਕਿ ਇਸ ਬੁਰੇ ਦੌਰ ਵਿੱਚ ਵੀ ਇਨਸਾਨੀਅਤ ਬਾਕੀ ਹੈ। ਆਪਣੇ ਨਿਜੀ ਦੀ ਮੌਤ ਨਾਲ ਟੁੱਟੇ ਇੱਕ ਵਿਅਕਤੀ ਨੇ ਲੰਮੀ ਜੱਦੋ-ਜਹਿਦ ਅਤੇ ਅਕਾਊ ਪ੍ਰਣਾਲੀ ਨਾਲ ਲੜਦਿਆਂ ਸਮਾਜ ਦੇ ਉਸ ਵਰਗ ਦੀ ਮਦਦ ਕਰਨ ਦੀ ਠਾਣ ਲਈ, ਜੋ ਹੁਣ ਤੱਕ ਲਗਭਗ ਅੱਖੋਂ ਪ੍ਰੋਖੇ ਹੀ ਪਿਆ ਹੋਇਆ ਸੀ। ਇਹ ਕਹਾਣੀ ਹੈ ਇੰਦੌਰ ਦੇ ਗਿਆਨੇਂਦਰ ਪੁਰੋਹਿਤ ਦੀ, ਜਿਨ੍ਹਾਂ ਨੇ ਆਪਣੇ ਗੂੰਗੇ-ਬਹਿਰੇ ਭਰਾ ਦੀ ਮੌਤ ਤੋਂ ਬਾਅਦ ਪਰੇਸ਼ਾਨ ਰਹਿਣ ਦੀ ਥਾਂ ਦੂਜੇ ਗੂੰਗੇ-ਬਹਿਰਿਆਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਲਈ ਆਪਣੇ-ਆਪ ਨੂੰ ਝੋਂਕ ਦਿੱਤਾ। ਸੀ.ਏ. ਦੀ ਪੜ੍ਹਾਈ ਨੂੰ ਵਿੱਚੇ ਹੀ ਛੱਡ ਕੇ, ਗੂੰਗੇ-ਬਹਿਰਿਆਂ ਨੂੰ ਨਿਆਂ ਦਿਵਾਉਣ ਲਈ ਐਲ.ਐਲ.ਬੀ. ਕੀਤੀ, ਐਲ.ਐਲ.ਐਮ. ਕੀਤੀ ਅਤੇ ਜਦੋਂ ਵੀ ਲੋੜ ਪਈ, ਉਦੋਂ ਹੀ ਕਾਲਾ ਕੋਟ ਪਾ ਕੇ ਅਦਾਲਤੀ ਲੜਾਈਆਂ ਵੀ ਲੜੀਆਂ। ਇਸ ਲੜਾਈ ਵਿੱਚ ਗਿਆਨੇਂਦਰ ਦੀ ਪਤਨੀ ਵੀ ਮੋਢੇ ਨਾਲ ਮੋਢਾ ਜੋੜ ਆਪਣੇ ਪਤੀ ਨਾਲ ਚੱਲਣ ਲੱਗੀ ਅਤੇ ਔਖੇ ਰਾਹ 'ਤੇ ਚਲਦਿਆਂ-ਚਲਦਿਆਂ 15 ਸਾਲ ਲੰਘ ਗਏ।

image


ਕਿਵੇਂ ਸ਼ੁਰੂ ਹੋਈ ਕਹਾਣੀ

ਇਹ ਕਹਾਣੀ ਸ਼ੁਰੂ ਹੁੰਦੀ ਹੈ, 1997 ਵਿੱਚ ਜਦੋਂ 26 ਸਾਲ ਦੇ ਆਨੰਦ ਪੁਰੋਹਿਤ ਦੀ ਇੱਕ ਰੇਲ ਹਾਦਸੇ ਵਿੱਚ ਮੌਤ ਹੋ ਗਈ। ਉਸ ਵੇਲੇ ਆਨੰਦ ਦਾ ਛੋਟਾ ਭਰਾ 21 ਸਾਲਾ ਗਿਆਨੇਂਦਰ ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ। ਹਸਰਤ ਸੀ ਕਿ ਸੀ.ਏ. ਬਣ ਕੇ ਸ਼ੋਹਰਤ ਅਤੇ ਪੈਸਾ ਕਮਾਏਗਾ। ਪਰ ਵੱਡੇ ਭਰਾ ਦੀ ਮੌਤ ਨੇ ਗਿਆਨੇਂਦਰ ਨੂੰ ਤੋੜ ਕੇ ਰੱਖ ਦਿੱਤਾ। ਦੋਵੇਂ ਭਰਾ ਇੱਕ-ਦੂਜੇ ਦੇ ਬਹੁਤ ਨੇੜੇ ਸਨ। ਅਸਲ ਵਿੱਚ ਆਨੰਦ ਨਾ ਤਾਂ ਬੋਲ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ। ਆਨੰਦ ਦੇ ਕੰਨ ਅਤੇ ਆਵਾਜ਼ ਦੋਵੇਂ ਗਿਆਨੇਂਦਰ ਹੀ ਸਨ। ਗਿਆਨੇਂਦਰ ਇੱਕ ਗੂੰਗੇ-ਬਹਿਰੇ ਦੀ ਤਕਲੀਫ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਸਨ। ਆਨੰਦ ਅਤੇ ਉਨ੍ਹਾਂ ਦੇ ਗੂੰਗੇ-ਬਹਿਰੇ ਦੋਸਤਾਂ ਦੀ ਮਦਦ ਵੀ ਗਿਆਨੇਂਦਰ ਹੀ ਕਰਦੇ ਸਨ। ਉਨ੍ਹਾਂ ਦੀ ਗੱਲ ਆਮ ਲੋਕਾਂ ਤੱਕ ਪਹੁੰਚਾਉਣੀ ਹੋਵੇ ਜਾਂ ਫਿਰ ਦੂਜਿਆਂ ਦੀ ਗੱਲ ਉਨ੍ਹਾਂ ਨੂੰ ਸਮਝਾਉਣੀ ਹੋਵੇ, ਤਾਂ ਗਿਆਨੇਂਦਰ ਹੀ ਸੰਕੇਤਕ ਭਾਸ਼ਾ ਰਾਹੀਂ ਦੁਭਾਸ਼ੀਏ ਦੀ ਭੂਮਿਕਾ ਨਿਭਾਉਂਦੇ ਸਨ। ਭਰਾ ਅਤੇ ਉਨ੍ਹਾਂ ਦੇ ਦੋਸਤਾਂ ਦੀ ਮਦਦ ਕਰਨ ਲਈ ਹੀ ਗਿਆਨੇਂਦਰ ਨੇ ਸੰਕੇਤਕ ਭਾਸ਼ਾ ਸਿੱਖੀ ਸੀ। ਅਜਿਹੇ ਹਾਲਾਤ ਵਿੱਚ ਆਨੰਦ ਦੀ ਮੌਤ ਦਾ ਸਦਮਾ ਝੱਲਣਾ ਬਹੁਤ ਔਾ ਸੀ। ਪਰ ਗਿਆਨੇਂਦਰ ਨੇ ਆਪਣੇ ਭਰਾ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਜੋ ਕਦਮ ਚੁੱਕਿਆ, ਉਸ ਨੂੰ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ, ਨਾਤੇਦਾਰਾਂ, ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰ ਦਿੱਤਾ। ਗਿਆਨੇਂਦਰ ਨੇ ਸੀ.ਏ. ਦੀ ਪੜ੍ਹਾਈ ਅਧਵਾਟੇ ਛੱਡ ਦਿੱਤੀ ਅਤੇ ਗੂੰਗੇ-ਬਹਿਰਿਆਂ ਲਈ ਕੁੱਝ ਕਰਨ ਨਿੱਕਲ ਪਏ। 1997 ਤੋਂਲੈ ਕੇ 1999 ਤੱਕ ਦੋ ਸਾਲ ਦੇਸ਼-ਵਿਦੇਸ਼ ਵਿੱਚ ਘੁੰਮ-ਘੁੰਮ ਕੇ ਗੂੰਗੇ-ਬਹਿਰਿਆਂ ਦੇ ਹਾਲਾਤ ਦਾ ਅਧਿਐਨ ਕਰਨ ਲੱਗੇ। ਗਿਆਨੇਂਦਰ ਨੇ ਵੇਖਿਆ ਕਿ ਸਾਡੇ ਦੇਸ਼ ਵਿੱਚ ਗੂੰਗੇ-ਬਹਿਰਿਆਂ ਦੀ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਨੂੰ ਆਮ ਲੋਕ ਅਪਣਾਉਂਦੇ ਨਹੀਂ ਹਨ, ਉਨ੍ਹਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ, ਕਿਸੇ ਪੁਲਿਸ ਥਾਣੇ ਵਿੱਚ ਉਨ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਹੁੰਦੀ ਕਿਉਂਕਿ ਪੁਲਿਸ ਕੋਲ ਕੋਈ ਸੰਕੇਤਕ ਭਾਸ਼ਾ ਦਾ ਮਾਹਿਰ ਨਹੀਂ ਹੁੰਦਾ। ਆਮ ਲੋਕਾਂ ਵਾਂਗ ਉਹ ਫ਼ਿਲਮਾਂ ਨਹੀਂ ਵੇਖ ਸਕਦੇ, ਇੱਥੋਂ ਤੱਕ ਕਿ ਸਾਡਾ ਰਾਸ਼ਟਰੀ ਗੀਤ ਵੀ ਉਨ੍ਹਾਂ ਲਈ ਨਹੀਂ ਬਣਿਆ। ਜਦ ਕਿ ਇਸ ਦੇ ਉਲਟ ਯੂਰੋਪੀਅਨ ਦੇਸ਼ਾਂ ਵਿੱਚ ਗੂੰਗੇ-ਬਹਿਰਿਆਂ ਨੂੰ ਆਮ ਲੋਕਾਂ ਵਾਂਗ ਹਰ ਸਹੂਲਤ ਅਤੇ ਜ਼ਰੂਰਤ ਦਾ ਧਿਆਨ ਰੱਖ ਕੇ ਨਿਯਮ-ਕਾਨੂੰਨ ਬਣਾਏ ਗਏ ਹਨ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਸੰਨ 2000 ਵਿੱਚ ਗਿਆਨੇਂਦਰ ਨੇ ਗੂੰਗੇ-ਬਹਿਰਿਅ ਲਈ 'ਆਨੰਦ ਸਰਵਿਸ ਸੁਸਾਇਟੀ' ਦੇ ਨਾਂਅ ਨਾਲ ਸੰਸਥਾ ਸ਼ੁਰੂ ਕੀਤੀ।

image


ਨੌਕਰੀ ਦਾ ਆੱਫ਼ਰ ਠੁਕਰਾਇਆ

ਆਸਟਰੇਲੀਆ ਦੇ ਪਰਥ ਵਿੱਚ ਹੋਏ ਵਰਲਡ ਡੈਫ਼ ਕਾਨਫ਼ਰੰਸ ਵਿੱਚ ਗੂੰਗੇ-ਬਹਿਰਿਆਂ ਨੂੰ ਨਿਆਂ ਦਿਵਾਉਣ ਲਈ ਗਿਆਨੇਂਦਰ ਨੇ ਇੱਕ ਪੇਸ਼ਕਾਰੀ ਦਿੱੀ, ਜਿਸ ਤੋਂ ਬਾਅਦ ਉਥੋਂ ਦੀ ਇੱਕ ਸੰਸਥਾ ਵੈਸਟਰਨ ਡੈਫ਼ ਸੁਸਾਇਟੀ ਨੇ ਉਨ੍ਹਾਂ ਨੂੰ ਚੰਗੇ ਪੈਕੇਜ ਉੱਤੇ ਨੌਕਰੀ ਦੀ ਪੇਸ਼ਕਸ਼ ਕੀਤੀ। ਪਰ ਆਨੰਦ ਨੇ ਇਹ ਕਹਿੰਦਿਆਂ ਨੌਕਰੀ ਠੁਕਰਾ ਦਿੱਤੀ ਕਿ ਤੁਹਾਡੇ ਦੇਸ਼ ਨਾਲੋਂ ਜ਼ਿਆਦਾ ਭਾਰਾਤ ਵਿੱਚ ਗੂੰਗੇ-ਬਹਿਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਹੈ। ਸਾਲ 2001 ਵਿੱਚ ਗਿਆਨੇਂਦਰ ਨੇ ਮੋਨਿਕਾ ਨਾਲ ਵਿਆਹ ਕੀਤਾ ਜੋ ਪਹਿਲਾਂ ਹੀ ਗੂੰਗੇ-ਬਹਿਰਿਆਂ ਲਈ ਕੰਮ ਕਰ ਰਹੇ ਸਨ। ਵਿਆਹ ਤੋਂ ਬਾਅਦ ਇਸ ਪੁਰੋਹਿਤ ਜੋੜੀ ਨੇ ਮਿਲ ਕੇ ਆਪਣੇ ਮਿਸ਼ਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ।

ਗੂੰਗੇ-ਬਹਿਰਿਆਂ ਨੂੰ ਇਨਸਾਫ਼ ਦਿਵਾਉਣ ਲਈ ਲੜਾਈ

ਗੂੰਗੇ-ਬਹਿਰਿਆਂ ਨੂੰ ਇਨਸਾਫ਼ ਦਿਵਾਉਣ ਲਈ ਗਿਆਨੇਂਦਰ ਨੇ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ। ਪੁਲਿਸ ਦੀ ਕਾਰਜਸ਼ਾਲਾ ਵਿੱਚ ਜਾ ਕੇ ਪੇਸ਼ਕਾਰੀ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਗੂੰਗੇ-ਬਹਿਰਿਆਂ ਨੂੰ ਵੀ ਇਨਸਾਫ਼ ਦੀ ਜ਼ਰੂਰਤ ਪੈਂਦੀ ਹੈ। ਕੋਈ ਵੀ ਗੂੰਗਾ-ਬਹਿਰਾ ਥਾਣੇ ਆਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਨੂੰ ਸੰਕੇਤਕ ਭਾਸ਼ਾ ਵਿੱਚ ਸਮਝਣ ਲਈ ਉਹ ਹਰ ਸਮੇਂ ਉਪਲਬਧ ਰਹਿਣਗੇ। ਗਿਆਨੇਂਦਰ ਦਾ ਇਹ ਜਤਨ ਸਫ਼ਲ ਰਿਹਾ। ਹੌਲੀ-ਹੌਲੀ ਸੂਬੇ ਦੇ ਨਾਲ-ਨਾਲ ਬਿਹਾਰ ਅਤੇ ਰਾਜਸਥਾਨ ਦੀ ਪੁਲਿਸ ਵੀ ਗੂੰਗੇ-ਬਹਿਰਿਆਂ ਦੀ ਸ਼ਿਕਾਇਤ ਦਰਜ ਕਰਨ ਲਈ ਗਿਆਨੇਂਦਰ ਨੂੰ ਅਦਾਲਤ ਵਿੱਚ ਕਈ ਕੇਸਾਂ ਨੂੰ ਸੰਕੇਤਕ ਭਾਸ਼ਾ ਵਿੱਚ ਸਮਝਾਉਣ ਲਈ ਸੱਦਿਆ ਜਾਣ ਲੱਗਾ। ਇਸ ਸਮੇਂ ਤੱਕ ਗਿਆਨੇਂਦਰ ਨੇ ਕਾਨੂੰਨ ਦੀ ਪੜ੍ਹਾਈ ਵੀ ਪੂਰੀ ਕਰ ਲਈ। ਐਲ.ਐਲ.ਬੀ. ਅਤੇ ਐਲ਼ਐਲ.ਐਮ. ਕਰਨ ਤੋਂ ਬਾਅਦ ਉਹ ਬਿਨਾਂ ਕੋਈ ਫ਼ੀਸ ਲਏ ਗੂੰਗੇ-ਬਹਿਰਿਆਂ ਲਈ ਕੇਸ ਲੜਨ ਲੱਗੇ। ਗਿਆਨੇਂਦਰ ਨੇ ਅਲੱਗ ਤੋਂ ਗੂੰਗੇ-ਬਹਿਰਿਆਂ ਲਈ ਥਾਣੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਲਗਾਤਾਰ ਦੋ ਵਰ੍ਹਿਆਂ ਤੱਕ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਮਝਾਉਂਦੇ ਰਹਿਣ ਤੋਂ ਬਾਅਦ 2002 ਵਿੱਚ ਦੇਸ਼ ਦਾ ਪਹਿਲਾ ਅਜਿਹਾ ਥਾਣਾ ਸ਼ੁਰੂ ਹੋਇਆ, ਜੋ ਕੇਵਲ ਗੂੰਗੇ ਅਤੇ ਬਹਿਰੇ ਵਿਅਕਤੀਆਂ (ਮੂਕ-ਬਧਿਰ ਥਾਣਾ) ਨੂੰ ਸਮਰਪਿਤ ਸੀ; ਜਿੱਥੇ ਗੂੰਗੇ-ਬਹਿਰੇ ਆ ਕੇ ਵੀ ਸੰਕੇਤਕ ਭਾਸ਼ਾ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਸਨ। ਪਹਿਲੇ ਹੀ ਦਿਨ ਇੰਦੌਰ ਦੇ ਇੱਕ ਗੂੰਗੇ-ਬਹਿਰੇ ਦੰਪਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਮਕਾਨ ਉੱਤੇ ਕੁੱਝ ਗ਼ੈਰ-ਸਮਾਜਕ ਤੱਕ ਕਬਜ਼ਾ ਕਰ ਕੇ ਬੈਠ ਗਏ ਹਨ। ਤੁਰੰਤ ਪੁਲਿਸ ਨੇ ਕਾਰਵਾਈ ਪਾਉਂਦਿਆਂ ਮਕਾਨ ਖ਼ਾਲੀ ਕਰਵਾ ਕੇ ਸ਼ਿਕਾਇਤਕਰਤਾ ਨੂੰ ਘਰ ਵਾਪਸ ਦਿਵਾਇਆ। ਅੱਜ ਤੱਕ ਗੂੰਗੇ-ਬਹਿਰੇ ਥਾਣੇ ਵਿੱਚ 256 ਐਫ਼.ਆਈ.ਆਰ. ਦਰਜ ਹੋਏ ਹਨ; ਜਦ ਕਿ 2,000 ਤੋਂ ਵੱਧ ਸ਼ਿਕਾਇਤਾਂ ਦਾ ਨਿਵਾਰਣ ਥਾਣੇ ਦੇ ਪੱਧਰ 'ਤੇ ਹੋ ਗਿਆ ਹੈ। ਇਸ ਥਾਣੇ ਦੀ ਸਫ਼ਲਤਾ ਤੋਂ ਬਾਅਦ ਸਤਨਾ, ਰੀਵਾ ਅਤੇ ਜਬਲਪੁਰ ਵਿੱਚ ਵੀ ਇਸ ਦੀ ਸ਼ਾਖ਼ਾ ਸ਼ੁਰੂ ਕੀਤੀ ਗਈ ਹੈ।

image


ਗੂੰਗੇ-ਬਹਿਰਿਆਂ ਲਈ ਫ਼ਿਲਮ

ਗਿਆਨੇਂਦਰ ਨੇ ਵੇਖਿਆ ਕਿ ਗੂੰਗੇ-ਬਹਿਰਿਆਂ ਕੋਲ ਮਨੋਰੰਜਨ ਦੇ ਕੋਈ ਸਾਧਨ ਨਹੀਂ ਹਨ। ਗੂੰਗੇ-ਬਹਿਰੇ ਵੀ ਫ਼ਿਲਮਾਂ ਤਾਂ ਵੇਖਣੀਆਂ ਚਾਹੁੰਦੇ ਹਨ ਪਰ ਪਰੇਸ਼ਾਨੀ ਇਹ ਹੈ ਕਿ ਇੱਕ-ਇੱਕ ਡਾਇਲਾੱਗ ਸੰਕੇਤਕ ਭਾਸ਼ਾ ਵਿੱਚ ਉਨ੍ਹਾਂ ਨੂੰ ਸਮਝਾਏਗਾ ਕੌਣ। ਤਾਂ ਇਸ ਪਰੇਸ਼ਾਨੀ ਦਾ ਹੱਲ ਲੱਭਿਆ ਗਿਆ। ਹਿੰਦੀ ਸੁਪਰਹਿੱਟ ਫ਼ਿਲਮਾਂ ਨੂੰ ਸੰਕੇਤਕ ਭਾਸ਼ਾ ਵਿੱਚ ਡੱਬ ਕਰਨ ਦਾ ਫ਼ੈਸਲਾ ਕੀਤਾ ਗਿਆ। ਕਾਨੂੰਨੀ ਪੇਚੀਦਗੀਆਂ ਨੂੰ ਦੂਰ ਕਰਨ ਤੋਂ ਬਾਅਦ ਇੰਦੌਰ ਪੁਲਿਸ ਦੀ ਮਦਦ ਨਾਲ ਗਿਆਨੇਂਦਰ ਨੇ ਹਿੰਦੀ ਫ਼ਿਲਮਾਂ - ਸ਼ੋਅਲੇ, ਗਾਂਧੀ, ਤਾਰੇ ਜ਼ਮੀਂ ਪਰ, ਮੁੰਨਾ ਭਾਈ ਐਮ.ਬੀ.ਬੀ.ਐਸ. ਨੂੰ ਸੰਕੇਤਕ ਭਾਸ਼ਾ ਵਿੱਚ ਡੱਬ ਕੀਤਾ। ਜਿਸ ਨੂੰ ਦੇਸ਼ ਭਰ ਦੇ ਕਈ ਗੂੰਗੇ-ਬਹਿਰਿਆਂ ਨੇ ਵੇਖਿਆ ਅਤੇ ਸ਼ਲਾਘਾ ਕੀਤੀ। ਦੇਸ਼ ਦੇ ਰਾਸ਼ਟਰੀ ਗੀਤ ਤੋਂ ਗੂੰਗੇ-ਬਹਿਰੇ ਲੋਕ ਅਛੂਤੇ ਸਨ। 15 ਅਗਸਤ, 26 ਜਨਵਰੀ ਸਮੇਤ ਕਈ ਪ੍ਰੋਗਰਾਮਾਂ ਵਿੱਚ ਰਾਸ਼ਟਰੀ ਗੀਤ ਹੁੰਦਾ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਚਲਦਾ ਸੀ ਕਿ ਰਾਸ਼ਟਰੀ ਗੀਤ ਕਦੋਂ ਸ਼ੁਰੂ ਹੋਇਆ, ਕਦੋਂ ਖ਼ਤਮ ਹੋ ਗਿਆ। ਇਹ ਤਕਲੀਫ਼ ਹਰ ਉਸ ਭਾਰਤੀ ਦੀ ਸੀ, ਜੋ ਬੋਲ-ਸੁਣ ਨਹੀਂ ਸਕਦੇ। ਰਾਸ਼ਟਰੀ ਗੀਤ ਨੂੰ ਸੰਕੇਤਕ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਵੀ ਕਈ ਕਾਨੂੰਨੀ ਅੜਿੱਕੇ ਸਨ। ਆਖ਼ਰ ਲੰਮੀ ਲੜਾਈ ਤੋਂ ਬਾਅਦ ਸਾਲ 2001 ਵਿੱਚ ਉਦੋਂ ਦੇ ਪ੍ਰਧਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਨੇ ਗਿਆਨੇਂਦਰ ਦੀ ਮੰਗ ਨੂੰ ਜਾਇਜ਼ ਮੰਨਦਿਆਂ ਰਾਸ਼ਟਰੀ ਗੀਤ ਨੂੰ ਸੰਕੇਤਕ ਭਾਸ਼ਾ ਵਿੱਚ ਗਾਉਣ ਦੀ ਮਾਨਤਾ ਦਿੱਤੀ।

ਗੂੰਗੇ-ਬਹਿਰਿਆਂ ਲਈ ਰਾਖਵਾਂਕਰਣ

ਸਾਲ 2011-12 ਵਿੱਚ ਗਿਆਨੇਂਦਰ ਨੇ ਸੂਬੇ ਦੀਆਂ ਸਰਕਾਰੀ ਨੌਕਰੀਆਂ 'ਚ ਗੂੰਗੇ-ਬਹਿਰਿਆਂ ਦੇ ਰਾਖਵੇਂਕਰਣ ਦੀ ਲੜਾਈ ਸ਼ੁਰੂ ਕੀਤੀ। ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਲੜਾਈ ਜਿੱਤਦੇ ਗਏ। ਪਰ ਫਿਰ ਤੋਂ ਸੁਪਰੀਮ ਕੋਰਟ ਵਿੱਚ ਸੂਬਾ ਸਰਕਾਰ ਦੀ ਅਪੀਲ ਕਰਨ ਤੋਂ ਬਾਅਦ ਕੇਸ ਲੜਨ ਦੇ ਨਾਲ-ਨਾਲ ਸੜਕ 'ਤੇ ਉੱਤਰ ਕੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਵੱਲੋਂ ਮੰਗਾਂ ਮੰਨ ਲਈਆਂ ਗਈਆਂ। ਸਰਕਾਰੀ ਨੌਕਰੀਆਂ ਵਿੱਚ ਗੂੰਗੇ-ਬਹਿਰਿਆਂ ਲਈ ਰਾਖਵਾਂਕਰਣ 2 ਫ਼ੀ ਸਦੀ ਰੱਖਿਆ ਗਿਆ। ਨਤੀਜਾ ਇਹ ਹੈ ਕਿ ਸਕੂਲ ਸਿੱਖਿਆ ਵਿਭਾਗ ਦੀਆਂ 39 ਹਜ਼ਾਰ ਆਸਾਮੀਆਂ ਉੱਤੇ ਨਿਯੁਕਤੀਆਂ ਹੋਣ ਵਾਲੀਆਂ ਹਨ; ਜਿਨ੍ਹਾਂ ਵਿੱਚੋਂ 780 ਗੂੰਗੇ-ਬਹਿਰੇ ਉਮੀਦਵਾਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

ਗੂੰਗੇ-ਬਹਿਰਿਆਂ ਦੀ ਸੰਕੇਤਕ ਭਾਸ਼ਾ ਨੂੰ ਸੰਵਿਧਾਨਕ ਦਰਜਾ ਦਿਵਾਉਣ ਦੀ ਲੜਾਈ

ਪਿਛਲੇ ਤਿੰਨ ਵਰ੍ਹਿਆਂ ਤੋਂ ਗਿਆਨੇਂਦਰ ਸੰਕੇਤਕ ਭਾਸ਼ਾ ਨੂੰ ਦੇਸ਼ ਦੀ 23ਵੀਂ ਸੰਵਿਧਾਨਕ ਭਾਸ਼ਾ ਦਾ ਦਰਜਾ ਦਿਵਾਉਣ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਦੇ ਹੁਣ ਤੱਕ ਦੇ ਸਾਰੇ ਜਤਨਾਂ ਨੂੰ ਵੇਖਦਿਆਂ ਨਵੰਬਰ 2015 ਵਿੱਚ ਇੱਕ ਟੀ.ਵੀ. ਸ਼ੋਅ ਵਿੱਚ ਅਮਿਤਾਭ ਬੱਚਨ ਨੇ ਪੁਰੋਹਿਤ ਜੋੜੀ ਨੂੰ ਸੱਦਿਆ ਅਤੇ ਉਨ੍ਹਾਂ ਦੇ ਕੰਮਾਂ ਦੀ ਰੱਜਵੀਂ ਸ਼ਲਾਘਾ ਕੀਤੀ। ਅਮਿਤਾਭ ਨੇ ਪੁੱਛਿਆ ਕਿ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ, ਤਾਂ ਪੁਰੋਹਿਤ ਜੋੜੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਰਕਾਰ ਨੂੰ ਗੁਜ਼ਾਰਿਸ਼ ਕਰਨ ਕਿ ਸੰਕੇਤਕ ਭਾਸ਼ਾ ਨੂੰ ਦੇਸ਼ ਦੀ ਭਾਸ਼ਾ ਦਾ ਦਰਜਾ ਮਿਲ ਸਕੇ। ਅਮਿਤਾਭ ਬੱਚਨ ਨੇ ਸ਼ੋਅ ਵਿੱਚ ਹੀ ਭਾਰਾਤ ਸਰਕਾਰ ਨੂੰ ਅਪੀਲ ਕੀਤੀ ਕਿ ਕਾਨੂੰਨ ਵਿੱਚ ਸੋਧ ਛੇਤੀ ਤੋਂ ਛੇਤੀ ਕੀਤੀ ਜਾਵੇ ਕਿਉਂਕਿ ਇਹ ਗੂੰਗੇ-ਬਹਿਰਿਆਂ ਦੀ ਜਾਇਜ਼ ਮੰਗ ਹੈ। ਗਿਆਨੇਂਦਰ ਲਗਾਤਾਰ ਇਸ ਮੰਗ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ ਅਤੇ ਮੰਨਿਆ ਜਾਂਦਾ ਹੈ ਕਿ ਛੇਤੀ ਹੀ ਇਸ ਮੰਗ ਦਾ ਨਿਵਾਰਣ ਹੋ ਜਾਵੇਗਾ।

ਗੂੰਗੀ-ਬਹਿਰੀ ਗੀਤਾ ਜਦੋਂ ਪਾਕਿਸਤਾਨ ਵਿੱਚ ਸੀ, ਤਾਂ ਗਿਆਨੇਂਦਰ ਈਦੀ ਫ਼ਾਊਂਡੇਸ਼ਨ ਰਾਹੀਂ ਲਗਾਤਾਰ ਉਸ ਨਾਲ ਵਿਡੀਓ ਕਾਨਫ਼ਰੈਂਸਿੰਗ ਰਾਹੀਂ ਗੱਲਾਂ ਕਰਦੇ ਰਹੇ। ਗੀਤਾ ਨੂੰ ਸੰਕੇਤਕ ਭਾਸ਼ਾ ਅੱਧੀ ਆਉਂਦੀ ਸੀ, ਜਿਸ ਨੂੰ ਗਿਆਨੇਂਦਰ ਨੇ ਸਕ੍ਰੀਨ ਉੱਤੇ ਹੀ ਪੂਰੀ ਤਰ੍ਹਾਂ ਸਿਖਾਇਆ। ਗੀਤਾ ਨੇ ਗਿਆਨੇਂਦਰ ਤੋਂ ਮੰਗ ਕੀਤੀ ਕਿ ਉਹ ਸਲਮਾਨ ਖ਼ਾਨ ਦੀ ਫ਼ਿਲਮ 'ਬਜਰੰਗੀ ਭਾਈਜਾਨ' ਵੇਖਣਾ ਚਾਹੁੰਦੀ ਹੈ। ਇਸ ਲਈ ਗਿਆਨੇਂਦਰ ਨੇ ਫ਼ਿਲਮ ਨੂੰ ਸੰਕੇਤਕ ਭਾਸ਼ਾ ਵਿੱਚ ਡੱਬ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਅੱਜ ਗਿਆਨੇਂਦਰ ਇੰਦੌਰ ਤੋਂ ਇਲਾਵਾ ਆਦਿਵਾਸੀ ਇਲਾਕੇ ਥਾਰ, ਆਲੀਰਾਜਪੁਰ ਅਤੇ ਖੰਡਵਾ ਵਿੱਚ ਵੀ ਆਪਣੇ ਸੈਂਟਰ ਖੋਲ੍ਹ ਚੁੱਕੇ ਹਨ। ਜਿੱਥੇ 300 ਗੂੰਗੇ-ਬਹਿਰੇ ਬੱਚੇ ਪੜ੍ਹਾਈ ਕਰ ਰਹੇ ਹਨ। ਗਿਆਨੇਂਦਰ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਕੁੱਝ ਕਾਲਜਾਂ ਵਿੱਚ ਲੈਕਚਰ ਲੈਂਦੇ ਹਨ ਅਤੇ ਟਿਊਸ਼ਨ ਪੜ੍ਹਾਉਂਦੇ ਹਨ। ਗਿਆਨੇਂਦਰ ਦਾ ਕਹਿਣਾ ਹੈ,''ਮੇਰੇ ਭਰਾ ਦੇ ਜਾਣ ਤੋਂ ਬਾਅਦ ਮੇਰੇ ਲਈ ਕੁੱਝ ਵੀ ਨਹੀਂ ਬਚਿਆ ਸੀ, ਜੇ ਗੂੰਗੇ-ਬਹਿਰੇ ਲੋਕਾਂ ਲਈ ਕੰਮ ਕਰਨ ਦਾ ਖ਼ਿਆਲ ਨਾ ਆਉਂਦਾ, ਤਾਂ ਮੈਂ ਪੂਰੀ ਤਰ੍ਹਾਂ ਖਿੰਡ-ਪੁੰਡ ਗਿਆ ਹੁੰਦਾ। ਇਨ੍ਹਾਂ ਦੀ ਮਦਦ ਕਰ ਕੇ ਅਜਿਹਾ ਲਗਦਾ ਹੈ ਕਿ ਮੈਂ ਆਪਣੇ ਭਰਾ ਲਈ ਕੁੱਝ ਕਰ ਰਿਹਾ ਹਾਂ। ਹਰੇਕ ਗੂੰਗੇ-ਬਹਿਰੇ ਵਿੱਚ ਮੈਨੂੰ ਆਪਣਾ ਭਰਾ ਦਿਸਦਾ ਹੈ। ਦੇਸ਼ ਦੇ ਇੱਕ-ਇੱਕ ਗੂੰਗੇ-ਬਹਿਰੇ ਵਿਅਕਤੀ ਨੂੰ ਖ਼ੁਸ਼ ਵੇਖਣਾ ਮੇਰੀ ਲਾਲਸਾ ਹੈ।''

ਗਿਆਨੇਂਦਰ ਦੀ ਪਤਨੀ ਮੋਨਿਕਾ ਦਾ ਕਹਿਣਾ ਹੈ ਕਿ ਅਸੀਂ ਜਿਊਂਦੇ-ਜੀਅ ਉਹ ਦਿਨ ਵੇਖਣਾ ਚਾਹੁੰਦੇ ਹਾਂ; ਜਦੋਂ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 'ਮੂਕ-ਬਧਿਰ ਥਾਣਾ' ਹੋਵੇ ਅਤੇ ਅਦਾਲਤਾਂ ਸਮੇਤ ਹਰ ਸਰਕਾਰੀ ਵਿਭਾਗ ਵਿੱਚ ਸੰਕੇਤਕ ਭਾਸ਼ਾ ਦੇ ਜਾਣਕਾਰ ਹੋਣ, ਜੋ ਦੁਭਾਸ਼ੀਏ ਦਾ ਕੰਮ ਕਰ ਸਕਣ।

ਲੇਖਕ: ਸਚਿਨ ਸ਼ਰਮਾ

ਅਨੁਵਾਦ: ਸਿਮਰਨਜੀਤ ਕੌਰ 

Add to
Shares
0
Comments
Share This
Add to
Shares
0
Comments
Share
Report an issue
Authors

Related Tags