ਸੰਸਕਰਣ
Punjabi

ਕੂੜਾ ਚੁਗਣ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਦਾ ਭਵਿੱਖ ਬਣਾਉਣ 'ਚ ਜੁਟੇ ਹਨ ਬਨਾਰਸ ਦੇ ਪ੍ਰੋਫ਼ੈਸਰ

15th Feb 2016
Add to
Shares
0
Comments
Share This
Add to
Shares
0
Comments
Share

ਕੂੜਾ ਚੁਗਣ ਵਾਲ਼ੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਰਾਜੀਵ...

ਹੁਣ ਤੱਕ 467 ਬੱਚਿਆਂ ਨੂੰ ਕਰ ਚੁੱਕੇ ਹਨ ਸਿੱਖਅਤ...

ਸੰਯੁਕਤ ਰਾਸ਼ਟਰ ਸਮੇਤ ਕਈ ਦੇਸ਼ਾਂ ਨੇ ਰਾਜੀਵ ਨੂੰ ਕੀਤਾ ਸਨਮਾਨਿਤ...

ਜਿਸ ਵੇਲੇ ਸਾਡੇ ਅਤੇ ਤੁਹਾਡੇ ਬੱਚੇ ਮੋਢੇ ਉਤੇ ਬੈਗ ਰੱਖ ਕੇ ਅਤੇ ਹੱਥਾਂ ਵਿੱਚ ਬੋਤਲ ਲੈ ਕੇ ਸਕੂਲ ਜਾਂਦੇ ਹਨ; ਠੀਕ ਉਸੇ ਵੇਲੇ ਸਾਡੇ ਹੀ ਸਮਾਜ ਵਿੱਚ ਕੁੱਝ ਬੱਚੇ ਅਜਿਹੇ ਵੀ ਹੁੰਦੇ ਹਨ, ਜੋ ਕੂੜਾ ਚੁਗਣ ਲਈ ਘਰਾਂ ਤੋਂ ਬਾਹਰ ਨਿੱਕਲ਼ ਤੁਰਦੇ ਹਨ। ਜਿਊਣ ਦੀ ਜੱਦੋ-ਜਹਿਦ ਅਤੇ ਗ਼ਰੀਬੀ ਨਾਲ ਲੜਨ ਲਈ ਇਨ੍ਹਾਂ ਬੱਚਿਆਂ ਨੇ ਕੂੜੇ ਨੂੰ ਸਹਾਰਾ ਬਣਾਇਆ ਹੈ। ਕੂੜੇ ਦੇ ਢੇਰ ਉਤੇ ਹੀ ਉਹ ਜ਼ਿੰਦਗੀ ਦਾ ਫ਼ਲਸਫ਼ਾ ਸਿੱਖਦੇ ਹਨ। ਜਿਊਣ ਦਾ ਨਜ਼ਰੀਆ ਉਨ੍ਹਾਂ ਨੂੰ ਇੱਥੋਂ ਹੀ ਮਿਲ਼ਦਾ ਹੈ। ਵਾਰਾਨਸੀ ਵਿੱਚ ਅਜਿਹੇ ਹੀ ਬੱਚਿਆਂ ਦੀ ਜ਼ਿੰਦਗੀ ਸੁਆਰ ਰਹੇ ਹਨ ਰਾਜੀਵ ਸ੍ਰੀਵਾਸਤਵ। ਸ਼ਹਿਰ ਦੇ ਲੱਲਾਪੁਰਾ ਇਲਾਕੇ ਵਿੱਚ ਰਹਿਣ ਵਾਲੇ ਰਾਜੀਵ ਸ੍ਰੀਵਾਸਤਵ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਸਹਾਇਕ ਪ੍ਰੋਫ਼ੈਸਰ ਹਨ ਅਤੇ ਹੁਣ ਕੂੜਾ ਚੁਗਣ ਵਾਲੇ ਬੱਚਿਆਂ ਦੀ ਤਸਵੀਰ ਬਦਲਣ ਲਈ ਪਛਾਣੇ ਜਾਂਦੇ ਹਨ। ਰਾਜੀਵ ਹੁਣ ਇਨ੍ਹਾਂ ਬੱਚਿਆਂ ਨੂੰ ਸਿੱਖਅਤ ਕਰਨ ਦਾ ਕੰਮ ਕਰ ਰਹੇ ਹਨ। ਸਿੱਖਿਆ ਰਾਹੀਂ ਉਹ ਗ਼ਰੀਬ ਬੱਚਿਆਂ ਦੀ ਤਕਦੀਰ ਬਦਲਣੀ ਚਾਹੁੰਦੇ ਹਨ। ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰਨਾ ਚਾਹੁੰਦੇ ਹਨ; ਤਾਂ ਜੋ ਉਹ ਵੀ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਸਕਣ। ਬੇਸ਼ੱਕ ਰਾਹ ਔਖਾ ਸੀ ਪਰ ਰਾਜੀਵ ਨੇ ਇਸ ਔਖੇ ਕੰਮ ਨੂੰ ਕਰ ਵਿਖਾਇਆ। ਸਾਲ 1988 'ਚ ਰਾਜੀਵ ਨੇ ਕੁੱਝ ਲੋਕਾਂ ਦੀ ਮਦਦ ਨਾਲ ਵਿਸ਼ਾਲ ਭਾਰਤ ਨਾਂਅ ਦੀ ਇੱਕ ਸੰਸਥਾ ਬਣਾਈ ਅਤੇ ਫਿਰ ਲੱਗ ਗਏ ਆਪਣੇ ਮਿਸ਼ਨ ਵਿੱਚ। ਰਾਜੀਵ ਲਈ ਇਹ ਕੰਮ ਇੰਨਾ ਸੁਖਾਲ਼ਾ ਨਹੀਂ ਸੀ ਪਰ ਆਪਣੀ ਧੁਨ ਦੇ ਪੱਕੇ ਰਾਜੀਵ ਨੇ ਇਸ ਨੂੰ ਸਾਕਾਰ ਕਰ ਕੇ ਹੀ ਦਮ ਲਿਆ। ਰਾਜੀਵ ਰੋਜ਼ ਸਵੇਰੇ ਕੂੜਾ ਚੁਗਣ ਵਾਲੇ ਬੱਚਿਆਂ ਨੂੰ ਲੱਲਾਪੁਰਾ ਸਥਿਤ ਆਪਣੀ ਸੰਸਥਾ ਵਿੱਚ ਪੜ੍ਹਾਉਂਦੇ ਹਨ।

image


ਰਾਜੀਵ ਦੇ ਕੂੜਾ ਚੁਗਣ ਵਾਲੇ ਬੱਚਿਆਂ ਨਾਲ ਜੁੜਨ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਰਾਜੀਵ 'ਯੂਅਰ ਸਟੋਰੀ' ਨੂੰ ਦੱਸਦੇ ਹਨ,''ਸਾਲ 1988 'ਚ ਅਪ੍ਰੈਲ ਦਾ ਮਹੀਨਾ ਸੀ। ਦੁਪਹਿਰ ਵੇਲੇ ਲੂ ਦੌਰਾਨ ਮੈਂ ਇੰਟਰਮੀਡੀਏਟ ਦੀ ਪ੍ਰੀਖਿਆ ਦੇ ਕੇ ਪਰਤ ਰਿਹਾ ਸਾਂ। ਪ੍ਰੀਖਿਆ ਕੇਂਦਰ ਤੋਂ ਕੁੱਝ ਦੂਰੀ ਉਤੇ ਮੈਂ ਆਪਣੇ ਦੋਸਤਾਂ ਨਾਲ ਮਿਠਾਈ ਦੀ ਇੱਕ ਦੁਕਾਨ ਉਤੇ ਰੁਕ ਗਿਆ। ਇਸੇ ਦੌਰਾਨ ਦੁਕਾਨ ਕੋਲ ਇੱਕ ਹੈਂਡਪੰਪ ਉਤੇ ਮੈਲ਼ੇ ਜਿਹੇ ਕੱਪੜਿਆਂ ਵਿੱਚ ਇੱਕ ਨਿੱਕਾ ਬੱਚਾ ਪੁੱਜਾ। ਉਸ ਦੇ ਮੋਢੇ ਉਤੇ ਇੱਕ ਬੋਰਾ ਲਟਕ ਰਿਹਾ ਸੀ ਅਤੇ ਉਸ ਵਿੱਚ ਕੁੱਝ ਸਾਮਾਨ ਸੀ। ਜੇਠ ਦੀ ਕੜਕਦੀ ਧੁੱਪ ਵਿੱਚ ਬੱਚਾ ਦੁਕਾਨ ਕੋਲ ਲੱਗੇ ਹੈਂਡਪੰਪ ਉਤੇ ਪਾਣੀ ਪੀਣ ਲੱਗਾ। ਪਰ ਤਦ ਹੀ ਦੁਕਾਨਦਾਰ ਉਥੇ ਪੁੱਜਾ ਅਤੇ ਡੰਡਾ ਲੈ ਕੇ ਉਸ ਬੱਚੇ ਉਤੇ ਵਰ੍ਹਾਉਣ ਲੱਗਾ। ਵਿਚਾਰਾ ਨਿੱਕਾ ਬੱਚਾ ਬਿਨਾਂ ਪਾਣੀ ਪੀਤਿਆਂ ਉਥੋਂ ਚਲਾ ਗਿਆ। ਇਸ ਘਟਨਾ ਬਾਰੇ ਜਦੋਂ ਮੈਂ ਦੁਕਾਨਦਾਰ ਤੋਂ ਪੁੱਛਿਆ ਤਾਂ ਜੋ ਜਵਾਬ ਮਿਲਿਆ ਉਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਦੁਕਾਨਦਾਰ ਨੇ ਦੱਸਿਆ ਕਿ ਜੇ ਇਹ ਕੂੜਾ ਚੁਗਣ ਵਾਲਾ ਬੱਚਾ ਇੱਥੇ ਪਾਣੀ ਪੀਵੇਗਾ, ਤਾਂ ਉਸ ਦੀ ਦੁਕਾਨ ਉਤੇ ਮਿਠਾਈ ਲੈਣ ਲਈ ਕੋਈ ਨਹੀਂ ਆਵੇਗਾ। ਇਸ ਪੂਰੇ ਵਾਕ ਨੇ ਮੇਰਾ ਦਿਮਾਗ਼ ਝੰਜੋੜ ਕੇ ਰੱਖ ਦਿੱਤਾ ਅਤੇ ਉਸੇ ਦਿਨ ਮੈਂ ਇਨ੍ਹਾਂ ਗ਼ਰੀਬ ਬੱਚਿਆਂ ਲਈ ਕੁੱਝ ਕਰਨ ਦੀ ਸਹੁੰ ਖਾਧੀ।''

image


ਬੇਸ਼ੱਕ ਇਸ ਘਟਨਾ ਨੇ ਰਾਜੀਵ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਉਸ ਰਾਤ ਰਾਜੀਵ ਦੇ ਮਨ ਵਿੱਚ ਬੱਸ ਇਹੋ ਖ਼ਿਆਲ ਆਉਂਦਾ ਰਿਹਾ ਕਿ ਆਖ਼ਰ ਇਨ੍ਹਾਂ ਬੱਚਿਆਂ ਦਾ ਕੀ ਕਸੂਰ ਹੈ। ਕੀ ਇਨ੍ਹਾਂ ਬੱਚਿਆਂ ਨੂੰ ਗ਼ਰੀਬ ਹੋਣ ਦੀ ਸਜ਼ਾ ਦਿੱਤੀ ਜਾਂਦੀ ਹੈ। ਕੀ ਸਿਰਫ਼ ਗ਼ਰੀਬ ਹੋਣ ਕਾਰਣ ਇਨ੍ਹਾਂ ਤੋਂ ਪੜ੍ਹਨ ਦਾ ਹੱਕ ਖੋਹ ਲਿਆ ਗਿਆ ਹੈ। ਕੀ ਦੇਸ਼ ਵਿੱਚ ਗ਼ਰੀਬਾਂ ਨੂੰ ਸਿੱਖਿਅਤ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਘਟਨਾ ਤੋਂ ਦੁਖੀ ਰਾਜੀਵ ਨੇ ਕੂੜਾ ਚੁਗਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਮਿਸ਼ਨ ਬਣਾਇਆ ਅਤੇ ਅਗਲੇ ਹੀ ਦਿਨ ਉਹ ਆਪਣੇ ਮਿਸ਼ਨ ਨੂੰ ਮੰਜ਼ਿਲ ਦੇਣ ਵਿੱਚ ਜੁਟ ਗਏ। ਉਸ ਵੇਲੇ ਰਾਜੀਵ ਮੁਗ਼ਲਸਰਾਏ ਰਹਿੰਦੇ ਸਨ। ਰਾਜੀਵ ਨੈ ਮੁਗ਼ਲਸਰਾਏ ਰੇਲਵੇ ਸਟੇਸ਼ਨ ਉਤੇ ਕੂੜਾ ਚੁਗਣ ਵਾਲੇ ਬੱਚਿਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪੜ੍ਹਾਉਣ ਲੱਗੇ। ਭਾਵੇਂ ਇਹ ਕੰਮ ਇੰਨਾ ਸੁਖਾਲ਼ਾ ਨਹੀਂ ਸੀ। ਰਾਜੀਵ ਦਸਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਬਹੁਤ ਔਖਿਆਈ ਹੋਈ। ਕੂੜਾ ਚੁਗਣ ਵਾਲੇ ਬੱਚੇ ਉਨ੍ਹਾਂ ਨਾਲ ਜੁੜਨ ਲਈ ਤਿਆਰ ਹੀ ਨਹੀਂ ਸਨ। ਇਨ੍ਹਾਂ ਬੱਚਿਆਂ ਲਈ ਰੋਜ਼ੀ-ਰੋਟੀ ਪਹਿਲੀ ਤਰਜੀਹ ਸੀ। ਇਹ ਬੱਚੇ ਪੜ੍ਹਾਈ ਨੂੰ ਅਹਿਮੀਅਤ ਨਹੀਂ ਦਿੰਦੇ ਸਨ। ਪਰ ਰਾਜੀਵ ਨੇ ਵੀ ਹਾਰ ਨਾ ਮੰਨੀ। ਕਦੇ ਉਹ ਸ਼ਹਿਰ ਦੀਆਂ ਗਲ਼ੀਆਂ ਦੀ ਖ਼ਾਕ ਛਾਣਦੇ ਅਤੇ ਕਦੇ ਕੂੜੇ ਦੇ ਢੇਰਾਂ ਲਾਗੇ ਸਾਰਾ ਦਿਨ ਮੰਡਰਾਉਂਦੇ ਰਹਿੰਦੇ। ਰਾਜੀਵ ਗ਼ਰੀਬ ਬੱਚਿਆਂ ਨੂੰ ਮਿਲ਼ਦੇ। ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕਰਦੇ ਰਹਿੰਦੇ। ਦਿਨ ਲੰਘੇ। ਹਫ਼ਤੇ ਗੁਜ਼ਰੇ। ਮਹੀਨਿਆਂ ਬਾਅਦ ਰਾਜੀਵ ਦੀ ਮਿਹਨਤ ਰੰਗ ਲਿਆਈ। ਕਾਫ਼ੀ ਮਿਹਨਤ ਤੋਂ ਬਾਅਦ ਗ਼ਰੀਬ ਬੱਚਿਆਂ ਦਾ ਇੱਕ ਸਮੂਹ ਉਨ੍ਹਾਂ ਨਾਲ ਆਉਣ ਲਈ ਤਿਆਰ ਹੋਇਆ। ਰਾਜੀਵ ਦੀ ਪਰੇਸ਼ਾਨੀ ਸਿਰਫ਼ ਬੱਚਿਆਂ ਦੀ ਭਾਲ਼ ਵਿੱਚ ਹੀ ਨਹੀਂ ਹੋਈ; ਸਗੋਂ ਉਨ੍ਹਾਂ ਨੂੰ ਮੁਹੱਲੇ ਅਤੇ ਪਰਿਵਾਰ ਦੇ ਲੋਕਾਂ ਤੋਂ ਵੀ ਤਾਅਨੇ ਸੁਣਨ ਨੂੰ ਮਿਲ਼ੇ।

image


ਰਾਜੀਵ ਕਹਿੰਦੇ ਹਨ,''ਜਦੋਂ ਮੈਂ ਕੂੜਾ ਚੁਗਣ ਵਾਲੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕਰਦਾ, ਤਾਂ ਇਹ ਵੇਖ ਕੇ ਆਲ਼ੇ-ਦੁਆਲ਼ੇ ਦੇ ਲੋਕ ਮੇਰੇ ਉਤੇ ਹੱਸਦੇ। ਮੇਰਾ ਮਜ਼ਾਕ ਉਡਾਉਂਦੇ। ਪਰ ਮੈਂ ਇਨ੍ਹਾਂ ਗੱਲਾਂ ਦੀ ਕਦੇ ਪਰਵਾਹ ਨਾ ਕੀਤੀ। ਲੋਕਾਂ ਦੇ ਮਖ਼ੌਲ ਮੇਰੇ ਜਨੂੰਨ ਨੂੰ ਸਗੋਂ ਹੋਰ ਵੀ ਪੀਡਾ ਕਰ ਦਿੰਦੇ। ਮੈਂ ਆਪਣੇ ਰਾਹ ਉਤੇ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧਦਾ ਚਲਾ ਗਿਆ।''

ਰਾਜੀਵ ਨੇ ਗ਼ਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਜੋ ਸੁਫ਼ਨਾ ਵੇਖਿਆ ਸੀ, ਉਸ ਨੂੰ ਉਹ ਹਰ ਹਾਲਤ ਵਿੱਚ ਪੂਰਾ ਕਰਨਾ ਚਾਹੁੰਦੇ ਸਨ। ਅਤੇ ਹੋਇਆ ਵੀ ਕੁੱਝ ਇੰਝ ਹੀ। ਸਮਾਂ ਬੀਤਣ ਨਾਲ ਰਾਜੀਵ ਦਾ ਸੁਫ਼ਨਾ ਸਾਕਾਰ ਵੀ ਹੋਣ ਲੱਗਾ ਹੈ। ਰਾਜੀਵ ਨੇ ਆਪਣੇ ਸੰਸਥਾਨ ਵਿੱਚ ਕੂੜਾ ਚੁਗਣ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਸ਼ੁਰੂ ਵਿੱਚ ਬੱਚਿਆਂ ਦੀ ਗਿਣਤੀ ਕੁੱਝ ਘੱਟ ਸੀ ਪਰ ਸਮਾਂ ਬੀਤਣ ਨਾਲ ਰਾਜੀਵ ਦੀ ਇਸ ਮੁਹਿੰਮ ਨਾਲ ਬੱਚਿਆਂ ਦੇ ਜੁੜਨ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਹੁਣ ਤੱਕ ਜਾਰੀ ਹੈ। ਹਰ ਰੋਜ਼ ਸਵੇਰੇ ਲੱਲਾਪੁਰਾ ਸਥਿਤ ਵਿਸ਼ਾਲ ਭਾਰਤ ਸੰਸਥਾਨ ਵਿੱਚ ਕੂੜਾ ਚੁਗਣ ਵਾਲੇ ਬੱਚਿਆਂ ਦੀ ਪਾਠਸ਼ਾਲਾ ਲਗਦੀ ਹੈ। ਇੱਥੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਨੈਤਿਕਤਾ ਦੇ ਪਾਠ ਵੀ ਪੜ੍ਹਾਏ ਜਾਂਦੇ ਹਨ। ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਹੁਣ ਤੱਕ 467 ਬੱਚੇ ਸਾਖਰ ਹੋ ਚੁੱਕੇ ਹਨ। ਉਨ੍ਹਾਂ ਵਿਚੋਂ ਕੁੱਝ ਨੇ ਤਾਂ ਰਾਜੀਵ ਦੀ ਪਾਠਸ਼ਾਲਾ 'ਚੋਂ ਨਿੱਕਲਣ ਤੋਂ ਬਾਅਦ ਪੀ-ਐਚ.ਡੀ. ਤੱਕ ਦੀ ਸਿੱਖਿਆ ਵੀ ਹਾਸਲ ਕੀਤੀ ਹੈ।

ਰਾਜੀਵ ਹਰ ਸਮੇਂ ਇਨ੍ਹਾਂ ਬੱਚਿਆਂ ਨਾਲ਼ ਮਜ਼ਬੂਤ ਨਾਲ ਖੜ੍ਹੇ ਰਹਿੰਦੇ ਹਨ। ਖ਼ੁਸ਼ੀ ਹੋਵੇ ਜਾਂ ਫਿਰ ਗ਼ਮ, ਰਾਜੀਵ ਦਾ ਸਾਥ ਇਨ੍ਹਾਂ ਬੱਚਿਆਂ ਨੂੰ ਹੌਸਲਾ ਦਿੰਦਾ ਹੈ। ਜਨਮ ਤੋਂ ਹੀ ਮਾਪਿਆਂ ਦੇ ਪਰਛਾਵੇਂ ਤੋਂ ਵਾਂਝੇ ਕੁੱਝ ਬੱਚੇ ਤਾਂ ਰਾਜੀਵ ਨੂੰ ਹੀ ਆਪਣਾ ਪਿਤਾ ਮੰਨਦੇ ਹਨ। ਅਤੇ ਪਿਤਾ ਦੇ ਕਾਲਮ ਵਿੱਚ ਰਾਜੀਵ ਦਾ ਹੀ ਨਾਂਅ ਲਿਖਦੇ ਹਨ। ਰਾਜੀਵ ਦੀ ਪਾਠਸ਼ਾਲਾ ਵਿੱਚ ਪੜ੍ਹਨ ਵਾਲੇ ਬੱਚੇ ਬਹੁਪੱਖੀ ਪ੍ਰਤਿਭਾ ਦੇ ਵੀ ਧਨੀ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਕੰਮ ਨੂੰ ਸਾਡੇ ਆਗੂ ਨਹੀਂ ਕਰ ਸਕਦੇ, ਉਸ ਨੂੰ ਇੱਥੇ ਪੜ੍ਹਨ ਵਾਲੇ ਬੱਚਿਆਂ ਨੇ ਸਾਕਾਰ ਕਰ ਵਿਖਾਇਆ ਹੈ। ਸਮਾਜਕ ਮੁੱਦੇ ਚੁੱਕਣ ਲਈ ਬੱਚਿਆਂ ਨੇ ਬਾਕਾਇਦਾ ਇੱਕ ਬਾਲ ਸੰਸਦ ਬਣਾਈ ਹੋਈ ਹੈ। ਇਸ ਸੰਸਦ ਵਿੱਚ ਹਰ ਪ੍ਰਕਾਰ ਦੇ ਮੁੱਦੇ ਉਠਾਏ ਜਾਂਦੇ ਹਨ। ਗ਼ਰੀਬ ਬੱਚਿਆਂ ਦੀ ਮਦਦ ਕਿਵੇਂ ਕੀਤੀ ਜਾਵੇ। ਉਨ੍ਹਾਂ ਮੁੱਦਿਆਂ ਨੂੰ ਸਮਾਜ ਦੇ ਸਾਹਮਣੇ ਕਿਵੇਂ ਚੁੱਕਿਆ ਜਾਵੇ। ਬਾਲ-ਮਜ਼ਦੂਰੀ ਕਿਵੇਂ ਰੋਕੀ ਜਾਵੇ। ਇਸ ਤਰ੍ਹਾਂ ਦੇ ਮੁੱਦੇ ਇਸ ਸੰਸਦ ਵਿੱਚ ਰੱਖੇ ਜਾਂਦੇ ਹਨ। ਇਸ ਸੰਸਦ ਵਿੱਚ ਜ਼ੋਰਦਾਰ ਚਰਚਾ ਹੁੰਦੀ ਹੈ, ਬੱਸ ਫ਼ਰਕ ਕੇਵਲ ਇੰਨਾ ਕੁ ਹੈ ਕਿ ਇੱਥੇ ਆਗੂਆਂ ਵਾਂਗ ਹੰਗਾਮਾ ਨਹੀਂ ਹੁੰਦਾ, ਸਗੋਂ ਸਭਿਅਤਾ ਕਾਇਮ ਰਹਿੰਦੀ ਹੈ, ਮਾਸੂਮੀਅਤ ਹੁੰਦੀ ਹੈ। ਸਿਰਫ਼ ਬਾਲ ਸੰਸਦ ਹੀ ਨਹੀਂ ਇਨ੍ਹਾਂ ਬੱਚਿਆਂ ਨੇ 'ਬਾਲ ਬੈਂਕ' ਵੀ ਬਣਾਇਆ ਹੋਇਆ ਹੈ; ਜਿਸ ਵਿੱਚ ਬੱਚੇ ਆਪਣੇ ਪੈਸੇ ਜਮ੍ਹਾ ਕਰਦੇ ਹਨ। ਲੋੜਵੰਦ ਬੱਚਿਆਂ ਦੀ ਬੈਂਕ ਵੱਲੋਂ ਮਦਦ ਕੀਤੀ ਜਾਂਦੀ ਹੈ।

ਰਾਜੀਵ ਦੀ ਇਸ ਪਹਿਲ ਲਈ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲ਼ ਚੁੱਕੇ ਹਨ। ਪੜ੍ਹਾਈ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸੰਯੁਕਤ ਰਾਸ਼ਟਰ ਤੋਂ ਇਲਾਵਾ ਤੁਰਕੀ, ਟਿਊਨੀਸ਼ੀਆ ਅਤੇ ਜ਼ਾਂਬੀਆ ਦੇਸ਼ਾਂ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਰਕਾਰ ਨੇ ਨਾਅਰਾ ਦਿੱਤਾ ਹੈ -- ਸਭ ਪੜ੍ਹਨ, ਸਭ ਵਧਣ ਪਰ ਸਮਾਜ ਵਿੱਚ ਕੁੱਝ ਕੁ ਹੀ ਅਜਿਹੇ ਲੋਕ ਹਨ ਜੋ ਸਰਕਾਰ ਦੇ ਸੁਫ਼ਨੇ ਨੂੰ ਸਾਕਾਰ ਕਰ ਰਹੇ ਹਨ ਅਤੇ ਰਾਜੀਵ ਉਨ੍ਹਾਂ ਹੀ ਲੋਕਾਂ ਵਿਚੋਂ ਇੱਕ ਹਨ। ਬੇਸ਼ੱਕ ਰਾਜੀਵ ਦੀ ਇੱਕ ਨਿੱਕੀ ਜਿਹੀ ਪਹਿਲ ਨੇ ਸੈਂਕੜੇ ਬੱਚਿਆਂ ਦੇ ਚਿਹਰਿਆਂ ਉਤੇ ਮੁਸਕਾਨ ਖਿੰਡਾ ਦਿੱਤੀ ਹੈ ਅਤੇ ਸਮਾਜ ਸੇਵਾ ਦੀ ਇੱਕ ਮਿਸਾਲ ਪੇਸ਼ ਕੀਤੀ ਹੈ।

ਲੇਖਕ: ਆਸ਼ੂਤੋਸ਼ ਸਿੰਘ

ਅਨੁਵਾਦ: ਅਨੁਰਾਧਾ ਸ਼ਰਮਾ

Add to
Shares
0
Comments
Share This
Add to
Shares
0
Comments
Share
Report an issue
Authors

Related Tags