ਸੰਸਕਰਣ
Punjabi

ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਪੁਰਸ਼ੋਤਮ ਰੈਡੀ ਨੇ ਕਿਵੇਂ ਕੀਤੀ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਅਨੇਕਾਂ ਸਫ਼ਲ ਲੋਕ-ਅੰਦੋਲਨਾਂ ਦੀ ਅਗਵਾਈ?

9th May 2016
Add to
Shares
0
Comments
Share This
Add to
Shares
0
Comments
Share

ਘਟਨਾ 1996 ਦੀ ਹੈ। ਅਣਵੰਡੇ ਆਂਧਰਾ ਪ੍ਰਦੇਸ਼ ਦੇ ਨਲਗੋਂਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀ। ਕਿਸਾਨ ਅਤੇ ਹੋਰ ਪਿੰਡ ਵਾਸੀ ਫ਼ਲੋਰੋਸਿਸ ਦੀ ਸਮੱਸਿਆ ਤੋਂ ਮੁਕਤੀ ਹਾਸਲ ਕਰਨ ਦੇ ਉਪਾਅ ਲੱਭਣ ਵਿੱਚ ਜੁਟੇ ਹੋਏ ਸਨ। ਉਨ੍ਹੀਂ ਦਿਨੀਂ ਨਲਗੋਂਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਫ਼ਲੋਰਾਈਡ ਦੀ ਮਾਤਰਾ ਵੱਧ ਹੋਣ ਕਾਰਣ ਪਾਣੀ ਪੀਣਯੋਗ ਨਹੀਂ ਰਹਿ ਗਿਆ ਸੀ। ਇੱਕ ਤਰ੍ਹਾਂ ਪਾਣੀ ਜ਼ਹਿਰ ਬਣ ਗਿਆ ਸੀ। ਲੋਕਾਂ ਕੋਲ ਕਿਉਂਕਿ ਪਾਣੀ ਹਾਸਲ ਕਰਨ ਦਾ ਹੋਰ ਕੋਈ ਵਸੀਲਾ ਨਹੀਂ ਸੀ, ਉਹ ਇਹੋ ਪਾਣੀ ਪੀਣ ਲਈ ਮਜਬੂਰ ਸਨ। ਨਤੀਜਾ ਇਹ ਹੋਇਆ ਕਿ ਨਲਗੋਂਡਾ ਜ਼ਿਲ੍ਹੇ ਵਿੱਚ ਕਈ ਲੋਕ ਫ਼ਲੋਰੋਸਿਸ ਦੇ ਸ਼ਿਕਾਰ ਹੋ ਗਏ। ਫ਼ਲੋਰੋਸਿਸ ਨੇ ਕਈਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਕੀ ਬੱਚੇ, ਕੀ ਬਜ਼ੁਰਗ, ਕਈ ਨੌਜਵਾਨ ਅਤੇ ਔਰਤਾਂ ਵੀ ਇਸ ਤੋਂ ਪੀੜਤ ਸਨ। ਫ਼ਲੋਰੋਸਿਸ ਕਾਰਣ ਕਈਆਂ ਦੇ ਦੰਦ ਪੀਲ਼ੇ ਪੈ ਗਏ ਸਨ। ਕਈਆਂ ਦੇ ਹੱਥਾਂ ਅਤੇ ਪੈਰਾਂ ਦੀਆਂ ਹੱਡੀਆਂ ਮੁੜ ਗਈਆਂ ਅਤੇ ਉਹ ਅੰਗਹੀਣ ਹੋ ਗਏ। ਕਈ ਸਾਰੇ ਲੋਕਾਂ ਨੂੰ ਜੋੜਾਂ ਦਾ ਦਰਦ ਇੰਨਾ ਸਤਾਉਣ ਲੱਗਾ ਕਿ ਉਹ ਕੋਈ ਕੰਮ ਕਰਨ ਜੋਗੇ ਹੀ ਨਾ ਰਹੇ। ਫ਼ਲੋਰਾਈਡ ਵਾਲਾ ਪਾਣੀ ਪੀਣ ਕਾਰਣ ਹਜ਼ਾਰਾਂ ਲੋਕ ਹੱਡੀਆਂ, ਮਾਸ ਪੇਸ਼ੀਆਂ, ਕਲੇਜੇ ਅਤੇ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨ। ਗਰਭਵਤੀ ਔਰਤਾਂ ਉਤੇ ਵੀ ਇਸ ਬੀਮਾਰੀ ਦਾ ਬਹੁਤ ਭੈੜਾ ਅਸਰ ਪਿਆ। ਦੂਸ਼ਿਤ ਪਾਣੀ ਪੀਣ ਕਾਰਣ ਕਈ ਔਰਤਾਂ ਦਾ ਗਰਭਪਾਤ ਹੋ ਗਿਆ। ਸਿੰਜਾਈ ਲਈ ਵਾਜਬ ਪਾਣੀ ਨਾ ਮਿਲਣ ਕਾਰਣ ਲੱਖਾਂ ਏਕੜ ਜ਼ਮੀਨ ਵੀ ਬੇਕਾਰ ਹੋ ਕੇ ਰਹਿ ਗਈ ਸੀ।

ਫ਼ਲੋਰੋਸਿਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ। ਲੋਕਾਂ ਵਿੱਚ ਦਹਿਸ਼ਤ ਸੀ, ਅਜੀਬ ਜਿਹਾ ਡਰ ਉਨ੍ਹਾਂ ਨੂੰ ਸਤਾਉਣ ਲੱਗਾ ਸੀ। ਸੂਬਾ ਸਰਕਾਰ ਨੂੰ ਕਈ ਵਾਰ ਅਪੀਲਾਂ ਕੀਤੇ ਜਾਣ ਦੇ ਬਾਵਜੂਦ ਕੋਈ ਮਦਦ ਨਹੀਂ ਮਿਲੀ ਸੀ। ਜ਼ਿਲ੍ਹਾ ਪ੍ਰਸ਼ਾਸਨ ਚੁੱਪ ਵੱਟੀ ਬੈਠਾ ਸੀ। ਸੁਰਖਿਅਤ ਪਾਣੀ ਮੁਹੱਈਆ ਕਰਵਾਉਣ ਵਿੱਚ ਸਰਕਾਰ ਦੀ ਨਾਕਾਮੀ ਕਾਰਣ ਨਲਗੋਂਡਾ ਜ਼ਿਲ੍ਹੇ ਦੇ ਕਈ ਲੋਕ ਅੰਗਹੀਣ ਹੋ ਰਹੇ ਸਨ ਅਤੇ ਕਈ ਨਾਮਰਦ ਬਣ ਰਹੇ ਸਨ। ਸਰਕਾਰ, ਪਿੰਡ ਵਾਸੀ, ਅਧਿਕਾਰੀ ਸਾਰੇ ਇਸ ਸਮੱਸਿਆ ਤੋਂ ਜਾਣੂ ਸਨ। ਸਮੱਸਿਆ ਦਾ ਹੱਲ ਵੀ ਜਾਣਦੇ ਸਨ। ਹੱਲ ਕੇਵਲ ਇਹੋ ਸੀ ਕਿ ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲਾ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾਵੇ। ਪਰ ਸੂਬਾ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕੇ। ਪਿੰਡ ਵਾਸੀਆਂ ਨੇ ਸਰਕਾਰ ਉਤੇ ਦਬਾਅ ਪਾਉਣ ਦੇ ਮੰਤਵ ਨਾਲ ਕਈ ਅੰਦੋਲਨ ਵੀ ਕੀਤੇ। ਇਨ੍ਹਾਂ ਅੰਦੋਲਨਾਂ ਦਾ ਸਰਕਾਰ ਉਤੇ ਕੋਈ ਅਸਰ ਨਾ ਪਿਆ। ਸਰਕਾਰ ਇਸ ਮਾਮਲੇ ਨੂੰ ਅੱਖੋਂ ਪ੍ਰੋਖੇ ਕਰਦੀ ਰਹੀ।

image


ਹੁਣ ਕਿਸਾਨਾਂ ਅਤੇ ਪਿੰਡ ਵਾਸੀਆਂ ਮਨ ਵਿੱਚ ਧਾਰ ਲਿਆ ਕਿ ਸਰਕਾਰ ਵਿਰੁੱਧ ਵੱਡਾ ਅੰਦੋਲਨ ਚਲਾਇਆ ਜਾਵੇਗਾ। ਇਸ ਵੱਡੇ ਅੰਦੋਲਨ ਦੀ ਰੂਪ-ਰੇਖਾ ਤੈਅ ਕਰਨ ਦੇ ਮੰਤਵ ਨਾਲ ਹੀ ਪਿੰਡ ਵਿੱਚ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿੱਚ ਕਿਸਾਨਾਂ ਦੀ ਮਦਦ ਲਈ ਰਾਜਨੀਤੀ ਵਿਗਿਆਨ (ਪੋਲਿਟੀਕਲ ਸਾਇੰਸ) ਦੇ ਇੱਕ ਮਾਹਿਰ ਵਿਦਵਾਨ ਵੀ ਪੁੱਜੇ ਹੋਏ ਸਨ। ਮੀਟਿੰਗ ਵਿੱਚ ਵੱਖੋ-ਵੱਖਰੇ ਲੋਕਾਂ ਨੇ ਆਪੋ-ਆਪਣੀ ਰਾਇ ਰੱਖੀ। ਇੰਨਾ ਤੈਅ ਸੀ ਕਿ ਸਰਕਾਰ ਵਿਰੁੱਧ ਵੱਡਾ ਅੰਦੋਲਨ ਵਿੱਢਿਆ ਜਾਵੇਗਾ। ਕਿਵੇਂ ਅਤੇ ਕਦੋਂ - ਇਸ ਬਾਰੇ ਫ਼ੈਸਲਾ ਹੋਣਾ ਬਾਕੀ ਸੀ। ਜ਼ਿਆਦਾਤਰ ਕਿਸਾਨ ਪ੍ਰਭਾਵਿਤ ਲੋਕਾਂ ਨੂੰ ਵੱਡੀ ਗਿਣਤੀ 'ਚ ਇਕੱਠੇ ਕਰ ਕੇ ਧਰਨੇ ਲਾਉਣ-ਪ੍ਰਦਰਸ਼ਨ ਕਰਨ ਦੇ ਹੱਕ ਵਿੱਚ ਸਨ। ਪਰ ਮੀਟਿੰਗ ਵਿੱਚ ਇੱਕ ਵਿਅਕਤੀ ਦੀ ਸੋਚ ਕੁੱਝ ਵੱਖਰੀ ਕਿਸਮ ਦੀ ਸੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਕੁੱਝ ਹੋਰ ਸੀ। ਮੀਟਿੰਗ ਵਿੱਚ ਮੌਜੂਦ ਰਾਜਨੀਤੀ ਵਿਗਿਆਨ ਦੇ ਇਸ ਵਿਦਵਾਨ ਨੇ ਕਿਸਾਨਾਂ ਨੂੰ ਇੱਕ ਅਜਿਹੀ ਸਲਾਹ ਦਿੱਤੀ ਕਿ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ। ਉਨ੍ਹਾਂ ਨੂੰ ਇਸ ਪ੍ਰਕਾਰ ਦੇ ਅੰਦੋਲਨ ਦਾ ਅਹਿਸਾਸ ਤੱਕ ਵੀ ਨਹੀਂ ਸੀ।

ਰਾਜਨੀਤੀ ਵਿਗਿਅਨ ਦੇ ਇਸ ਵਿਦਵਾਨ ਨੇ ਕਿਸਾਨਾਂ ਨੂੰ ਦੱਸਿਆ ਕਿ ਲੋਕ ਸਭਾ ਭੰਗ ਕੀਤੀ ਜਾ ਚੁੱਕੀ ਹੈ। ਚੋਣਾਂ ਦੋਬਾਰਾ ਹੋਣ ਵਾਲੀਆਂ ਹਨ। ਅਜਿਹੀ ਹਾਲਤ ਵਿੱਚ ਸਿਰਫ਼ ਸੂਬੇ ਦਾ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦਾ ਧਿਆਨ ਨਲਗੋਂਡਾ ਜ਼ਿਲ੍ਹੇ ਦੀ ਸਮੱਸਿਆ ਵੱਲ ਖਿੱਚਣ ਦਾ ਇੱਕ ਵਧੀਆ ਤਰੀਕਾ ਉਨ੍ਹਾਂ ਕੋਲ ਹੈ। ਵਿਦਵਾਨ ਨੇ ਸੁਝਾਅ ਦਿੱਤਾ ਕਿ ਇਸ ਵਾਰ ਨਲਗੋਂਡਾ ਲੋਕ ਸਭਾ ਸੀਟ ਲਈ ਹੋਣ ਵਾਲੀਆਂ ਚੋਣਾਂ ਵਿੱਚ ਫ਼ਲੋਰੋਸਿਸ ਤੋਂ ਪ੍ਰਭਾਵਿਤ ਕਈ ਸਾਰੇ ਕਿਸਾਨ ਚੋਣ ਲੜਨਗੇ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਚੋਣ ਲੜਨ ਦੀ ਖ਼ਬਰ ਦੇਸ਼ ਭਰ ਵਿੱਚ ਫੈਲੇਗੀ।

ਕਿਸਾਨਾਂ ਨੇ ਵਿਦਵਾਨ ਦੀ ਸਲਾਹ ਮੰਨ ਲਈ। ਕਈ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕੀਤੇ ਗਏ। ਨਾਮਜ਼ਦਗੀ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ 540 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਇਹ 1996 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਚੋਣ ਹਲਕੇ ਤੋਂ ਸਭ ਤੋਂ ਵੱਧ ਨਾਮਜ਼ਦਗੀਆਂ ਸਨ। ਇਸ ਤੋਂ ਪਹਿਲਾਂ ਵੀ ਕਦੇ ਕਿਸੇ ਵੀ ਲੋਕ ਸਭਾ ਸੀਟ ਲਈ ਇੰਨੀਆਂ ਜ਼ਿਆਦਾ ਨਾਮਜ਼ਦਗੀਆਂ ਦਾਖ਼ਲ ਨਹੀਂ ਹੋਈਆਂ ਸਨ। ਸੁਭਾਵ ਸੀ ਕਿ ਸਮੁੱਚੇ ਦੇਸ਼ ਦਾ ਧਿਆਨ ਨਲਗੋਂਡਾ ਵੱਲ ਖਿੱਚਿਆ ਗਿਆ। ਦੇਸ਼ ਨੇ ਜਾਣ ਲਿਆ ਕਿ ਨਲਗੋਂਡਾ ਦੇ ਕਿਸਾਨ ਫ਼ਲੋਰੋਸਿਸ ਤੋਂ ਪ੍ਰਭਾਵਿਤ ਹਨ ਅਤੇ ਕਿਸਾਨਾਂ ਨੇ ਦੇਸ਼-ਦੁਨੀਆ ਦਾ ਧਿਆਨ ਸਰਕਾਰ ਦੀ ਨਾਕਾਮੀ ਵੱਲ ਖਿੱਚਣ ਦੇ ਮੰਤਵ ਨਾਲ ਹੀ ਇੰਨੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਚੋਣ ਕਮਿਸ਼ਨ ਕੋਲ ਸਾਰੇ ਉਮੀਦਵਾਰਾਂ ਨੂੰ ਦੇਣ ਲਈ ਚੋਣ ਨਿਸ਼ਾਨ ਵੀ ਨਹੀਂ ਸਨ ਅਤੇ ਚੋਣ ਮੁਲਤਵੀ ਕਰਨੀ ਪਈ। ਸਾਰਾ ਦੇਸ਼ ਜਾਣ ਗਿਆ ਕਿ ਨਲਗੋਂਡਾ ਵਿੱਚ ਚੋਣ ਮੁਲਤਵੀ ਹੋਣ ਦਾ ਕਾਰਣ ਕੀ ਹੈ। ਕਈ ਸਾਰੇ ਲੋਕ ਜਾਣ ਗਏ ਕਿ ਨਲਗੋਂਡਾ ਦੇ ਲੋਕ ਫ਼ਲੋਰੋਸਿਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ। ਸੂਬਾ ਸਰਕਾਰ ਦੀ ਖ਼ੂਬ ਭੰਡੀ ਹੋਈ। ਬਦਨਾਮੀ ਤੋਂ ਤੰਗ ਆਈ ਸੂਬਾ ਸਰਕਾਰ ਨੂੰ 3 ਲੱਖ ਏਕੜ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਅਤੇ 500 ਪਿੰਡਾਂ ਨੂੰ ਪੀਣ ਵਾਲਾ ਸੁਰੱਖਿਅਤ ਪਾਣੀ ਮੁਹੱਈਆ ਕਰਵਾਉਣ ਦੇ ਇੰਤਜ਼ਾਮ ਕਰਨੇ ਪਏ।

image


ਕਿਸਾਨਾਂ ਨੇ ਕਈ ਸਾਲਾਂ ਤੱਕ ਅੰਦੋਲਨ ਕੀਤਾ ਸੀ, ਪਰ ਨਤੀਜਾ ਨਹੀਂ ਨਿੱਕਲਿਆ ਸੀ। ਸਮੱਸਿਆ ਹੱਲ ਵੀ ਨਹੀਂ ਹੋਈ ਸੀ ਅਤੇ ਕੋਈ ਲਾਭ ਵੀ ਨਹੀਂ ਹੋਇਆ ਸੀ। ਪਰ ਰਾਜਨੀਤੀ ਵਿਗਿਆਨ ਦੇ ਇੱਕ ਵਿਦਵਾਨ ਦੀ ਸਲਾਹ ਨਾਲ ਕੁੱਝ ਹੀ ਦਿਨਾਂ ਵਿੱਚ ਸਾਲਾਂ ਪੁਰਾਣੀ ਸਮੱਸਿਆ ਹੱਲ ਹੋ ਗਈ ਸੀ। ਕਿਸਾਨ ਸਾਰੇ ਉਸ ਰਾਜਨੀਤੀ ਵਿਗਿਆਨ ਦੇ ਵਿਦਵਾਨ ਦੇ ਪ੍ਰਸ਼ੰਸਕ ਬਣ ਗਏ।

ਰਾਜਨੀਤੀ ਵਿਗਿਆਨ ਦੇ ਉਹ ਵਿਦਵਾਨ ਕੋਈ ਹੋਰ ਨਹੀਂ, ਸਗੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ, ਵਾਤਾਵਰਣ ਪ੍ਰੇਮੀ, ਸਮਾਜ ਸ਼ਾਸਤਰੀ ਪ੍ਰੋਫ਼ੈਸਰ ਪੁਰਸ਼ੋਤਮ ਰੈਡੀ ਸਨ।

ਉਹੀ ਪ੍ਰੋਫ਼ੈਸਰ ਪੁਰਸ਼ੋਤਮ ਰੈਡੀ, ਜਿਨ੍ਹਾਂ ਨੇ ਇੱਕ ਨਹੀਂ ਸਗੋਂ ਕਈ ਲੋਕ ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਸਫ਼ਲ ਬਣਾਇਆ। ਪੁਰਸ਼ੋਤਮ ਰੈਡੀ ਨੇ ਕਈ ਵਾਰ ਅੰਦੋਲਨਾਂ ਵਿੱਚ ਭਾਵੇਂ ਸਿੱਧਾ ਹਿੱਸਾ ਨਾ ਲਿਆ ਹੋਵੇ ਪਰ ਉਨ੍ਹਾਂ ਆਪਣੇ ਪ੍ਰਯੋਗਾਤਮਕ ਪਰ ਵਿਵਹਾਰਕ ਸੁਝਾਵਾਂ ਰਾਹੀਂ ਉਨ੍ਹਾਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੁਰਸ਼ੋਤਮ ਰੈਡੀ ਕਈ ਲੋਕ ਅੰਦੋਲਨਾਂ ਦੇ ਮੋਹਰੀ ਰਹੇ ਹਨ। ਉਨ੍ਹਾਂ ਆਪਣੀ ਸੂਝਬੂਝ, ਸਿਆਸੀ ਗਿਆਨ, ਬੁੱਧੀ ਅਤੇ ਤਜਰਬੇ ਦੀ ਮਦਦ ਨਾਲ ਕਈ ਲੋਕ ਅੰਦੋਲਨਾਂ ਨੂੰ ਕਾਮਯਾਬ ਬਣਾਇਆ।

ਇੱਕ ਖ਼ਾਸ ਮੁਲਾਕਾਤ ਦੌਰਾਨ ਪੁਰਸ਼ੋਤਮ ਰੈਡੀ ਨੇ ਫ਼ਲੋਰੋਸਿਸ ਤੋਂ ਪੀੜਤ ਨਲਗੋਂਡਾ ਦੇ ਕਿਸਾਨਾਂ ਦੇ ਅੰਦੋਲਨ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਨ੍ਹੀਂ ਦਿਨੀਂ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਚੰਦਰਬਾਬੂ ਨਾਇਡੂ ਅਤੇ ਤਤਕਾਲੀਨ ਮੁੱਖ ਚੋਣ ਕਮਿਸ਼ਨਰ ਟੀ.ਐਨ. ਸੇਸ਼ਨ ਖ਼ੁਦ ਨੂੰ ਬਹੁਤ ਜ਼ਿਆਦਾ ਸਮਝਦੇ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਕੋਈ ਵੀ ਉਨ੍ਹਾਂ ਅੱਗੇ ਟਿਕ ਨਹੀਂ ਸਕਦਾ। ਪਰ ਜਨਤਾ ਅਤੇ ਲੋਕਤੰਤਰ ਦੀ ਤਾਕਤ ਸਾਹਮਣੇ ਉਨ੍ਹਾਂ ਨੂੰ ਝੁਕਣਾ ਪਿਆ। ਸੇਸ਼ਨ ਚੋਣ ਨਾ ਕਰਵਾ ਸਕੇ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਸ਼ਰਮਸਾਰ ਹੋ ਕੇ ਮਜਬੂਰਨ ਨਲਗੋਂਡਾ ਦੀ ਜਨਤਾ ਨੂੰ ਪੀਣ ਵਾਲਾ ਸੁਰੱਖਿਅਤ ਪਾਣੀ ਉਪਲਬਧ ਕਰਵਾਉਣਾ ਪਿਆ। ਪੁਰਸ਼ੋਤਮ ਰੈਡੀ ਨੇ ਕਿਹ,''ਨਲਗੋਂਡਾ ਦੇ ਲੋਕਾਂ ਦਾ ਵਿਸ਼ਵਾਸ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਉਤੇ ਉਠ ਚੁੱਕਾ ਸੀ। ਅਤੇ ਜਦੋਂ ਮੈਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਡੀ ਗਿਣਤੀ 'ਚ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕਰ ਕੇ ਦੇਸ਼ ਅਤੇ ਦੁਨੀਆ ਦਾ ਧਿਆਨ ਖਿੱਚਣ ਦਾ ਸੁਝਾਅ ਦਿੱਤਾ, ਤਦ ਉਨ੍ਹਾਂ ਨੂੰ ਹੈਰਾਨੀ ਤਾਂ ਹੋਈ, ਉਨ੍ਹਾਂ ਨੂੰ ਅਜੀਬ ਵੀ ਲੱਗਾ ਪਰ ਉਹ ਹਰ ਤਰ੍ਹਾਂ ਦੇ ਰਵਾਇਤੀ ਅੰਦੋਲਨ ਕਰ ਚੁੱਕੇ ਸਨ, ਇਸ ਕਰ ਕੇ ਕਿਸਾਨ ਭਰਾਵਾਂ ਨੇ ਨਵੇਂ ਤਰੀਕੇ ਨਾਲ ਵਿਰੋਧ ਜਤਾਉਣ ਅਤੇ ਅੰਦੋਲਨ ਕਰਨ ਦਾ ਮੇਰਾ ਸੁਝਾਅ ਮੰਨ ਲਿਆ। ਮੈਨੂੰ ਖ਼ੁਸ਼ੀ ਹੋਈ ਪਰ ਮੇਰੇ ਮਨ ਵਿੱਚ ਖ਼ਦਸ਼ਾ ਸੀ। ਕੀ ਕਿਸਾਨ ਭਰਾ 500 ਰੁਪਏ ਖ਼ਰਚ ਕਰ ਕੇ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕਰਨਗੇ। ਸਾਰੇ ਜਾਣਦੇ ਸਨ ਕਿ ਚੋਣ ਜਿੱਤਣਗੇ ਤਾਂ ਨਹੀਂ, ਸਗੋਂ ਜ਼ਮਾਨਤ ਜ਼ਬਤ ਹੋ ਜਾਵੇਗੀ। ਪਰ ਉਸ ਵੇਲੇ ਮੇਰੀ ਖ਼ੁਸ਼ੀ ਹੋਰ ਵਧ ਗਈ, ਜਦੋਂ ਕਿਸਾਨ ਭਰਾਵਾਂ ਨੇ ਕਿਹਾਕਿ 500 ਰੁਪਏ ਦੇ ਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਕਈ ਵਾਰ ਉਹ ਖਾਦ ਦੀ ਵਰਤੋਂ ਵੀ ਕਰਦੇ ਹਨ, ਤਦ ਵੀ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਇਸ ਵਾਰ ਜੇ ਨਤੀਜਾ ਨਾ ਨਿੱਕਲਿਆ, ਤਾਂ ਇਹੋ ਸਮਝਣਗੇ ਕਿ ਖਾਦ ਬੇਕਾਰ ਚਲੀ ਗਈ।''

ਪੁਰਸ਼ੋਤਮ ਰੈਡੀ ਉਸ ਅੰਦੋਲਨ ਦੀ ਸਫ਼ਲਤਾ ਨੂੰ ਚੇਤੇ ਕਰ ਕੇ ਬਹੁਤ ਖ਼ੁਸ਼ ਹੁੰਦੇ ਹਨ। ਪਰ ਇਸ ਕਾਮਯਾਬੀ ਨੂੰ ਉਹ ਆਪਣੇ ਅੰਦੋਲਨਕਾਰੀ ਜੀਵਨ ਦੀ ਸਭ ਤੋਂ ਵੱਡੀ ਕਾਮਯਾਬੀ ਨਹੀਂ ਮੰਨਦੇ। ਇੱਕ ਸੁਆਲ ਦੇ ਜੁਆਬ ਵਿੱਚ ਪ੍ਰੋਫ਼ੈਸਰ ਰੈਡੀ ਨੇ ਦੱਸਿਆ ਕਿ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਨਾਗਾਰਜੁਨ ਸਾਗਰ ਬੰਨ੍ਹ ਕੋਲ ਪ੍ਰਸਤਾਵਿਤ ਪ੍ਰਮਾਣੂ ਭੱਠੀ (ਨਿਊਕਲੀਅਰ ਰੀਐਕਟਰ) ਨੂੰ ਬਣਨ ਤੋਂ ਰੁਕਵਾਉਣਾ ਹੀ ਉਨ੍ਹਾਂ ਦੀ ਹੁਣ ਤੱਕ ਸਭ ਤੋਂ ਵੱਡੀ ਕਾਮਯਾਬੀ ਹੈ। ਪੁਰਸ਼ੋਤਮ ਰੈਡੀ ਅਨੁਸਾਰ,''ਕ੍ਰਿਸ਼ਣਾ ਨਦੀ ਉਤੇ ਬਣਿਆ ਨਾਗਾਰਜੁਨ ਸਾਗਰ ਬੰਨ੍ਹ ਕਾਫ਼ੀ ਵੱਡਾ ਅਤੇ ਅਹਿਮ ਪ੍ਰਾਜੈਕਟ ਹੈ। ਕੇਂਦਰ ਸਰਕਾਰ ਨੇ ਇਸੇ ਬੰਨ੍ਹ ਕੋਲ ਇੱਕ ਪ੍ਰਮਾਣੂ ਭੱਠੀ ਲਾਉਣ ਦਾ ਫ਼ੈਸਲਾ ਲਿਆ ਸੀ। ਪਲਾਂਟ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਸੀ। ਕੰਮ ਵੀ ਸ਼ੁਰੂ ਹੋ ਗਿਆ ਸੀ। ਜਦੋਂ ਮੈਨੂੰ ਇਸ ਬਾਰੇ ਪਤਾ ਚੱਲਿਆ, ਤਦ ਮੈਂ ਆਪ ਹੀ ਫ਼ੈਸਲਾ ਕੀਤਾ ਕਿ ਮੈਂ ਪੂਰੀ ਤਾਕਤ ਲਾ ਕੇ ਇਸ ਪ੍ਰਮਾਣੂ ਭੱਠੀ ਦਾ ਵਿਰੋਧ ਕਰਾਂਗਾ। ਮੈਨੂੰ ਕਿਸੇ ਨੇ ਨਹੀਂ ਆਖਿਆ ਸੀ ਕਿ ਮੈਨੂੰ ਪ੍ਰਮਾਣੂ ਭੱਠੀ ਦਾ ਵਿਰੋਧ ਕਰਨਾ ਚਾਹੀਦਾ ਹੈ। ਮੈਨੂੰ ਲੱਗਾ ਕਿ ਵਾਤਾਵਰਣ ਅਤੇ ਜਨ ਹਿਤ ਦੀ ਦ੍ਰਿਸ਼ਟੀ ਤੋਂ ਇਹ ਕਾਫ਼ੀ ਨੁਕਸਾਨਦੇਹ ਹੈ ਅਤੇ ਮੈਂ ਇਸ ਦਾ ਪੁਰਜ਼ੋਰ ਵਿਰੋਧ ਕਰਨ ਦਾ ਫ਼ੈਸਲਾ ਲਿਆ ਸੀ। ਮੈਂ ਪ੍ਰਮਾਣੂ ਭੱਠੀ ਦੇ ਪ੍ਰਸਤਾਵਿਤ ਸਥਾਨ 'ਤੇ ਗਿਆ ਅਤੇ ਉਥੇ ਮੁਆਇਨਾ ਕੀਤਾ। ਯਕੀਨ ਹੋ ਗਿਆ ਕਿ ਜੇ ਬੰਨ੍ਹ ਦੇ ਨੇੜੇ ਪ੍ਰਮਾਣੂ ਭੱਠੀ ਬਣੀ, ਤਾਂ ਕਈ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ।''

image


ਪੁਰਸ਼ੋਤਮ ਰੈਡੀ ਜਾਣਦੇ ਸਨ ਕਿ ਉਹ ਇਕੱਲੇ ਇਸ ਵੱਡੇ ਪ੍ਰਾਜੈਕਟ ਦੇ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਨਹੀਂ ਲੜ ਸਕਦੇ ਸਨ। ਉਹ ਆਪਣੀ ਤਾਕਤ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ ਇੱਕ ਵਾਰ ਫਿਰ ਆਪਣੀ ਸੂਝਬੂਝ ਅਤੇ ਸਿਆਸੀ ਸੂਝਬੂਝ ਦਾ ਸਬੂਤ ਦਿੱਤਾ। ਪੁਰਸ਼ੋਤਮ ਰੈਡੀ ਭੱਠੀ ਸਥਾਪਨਾ ਵਾਲੇ ਪ੍ਰਸਤਾਵਿਤ ਪਿੰਡ 'ਚ ਗਏ ਅਤੇ ਉਥੇ ਲੋਕਾਂ ਨੂੰ ਪ੍ਰਮਾਣੂ ਭੱਠੀ ਤੋਂ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਲੋਕਾਂ ਵਿੱਚ ਜਾਗਰੂਕਤਾ ਆਈ। ਪਿੰਡ ਵਾਸੀਆਂ, ਕਿਸਾਨਾਂ ਨੂੰ ਸੁਚੇਤ ਕੀਤਾ। ਅਜਿਹਾ ਕਰਨ ਲਈ ਪੁਰਸ਼ੋਤਮ ਰੈਡੀ ਨੂੰ ਕਈ ਲੋਕਾਂ ਨੂੰ ਮਿਲਣਾ ਪਿਆ। ਕਈ ਪਿੰਡਾਂ ਦੇ ਚੱਕਰ ਲਾਉਣੇ ਪਏ। ਕਈ ਛੋਟੀਆਂ ਵੱਡੀਆਂ ਮੀਟਿੰਗਾਂ ਕੀਤੀਆਂ। ਇਹ ਸਭ ਇਸ ਲਈ ਕਿ ਜਨਤਾ ਖ਼ੁਸ਼ਹਾਲ ਰਹਿ ਸਕੇ। ਉਨ੍ਹਾਂ ਦੇ ਸਿਰ 'ਤੇ ਮੰਡਰਾ ਰਿਹਾ ਪ੍ਰਮਾਣੂ ਭੱਠੀ ਦਾ ਖ਼ਤਰਾ ਟਲ਼ ਸਕੇ। ਵਾਤਾਵਰਣ ਸੁਰੱਖਿਅਤ ਰਹੇ, ਪਾਣੀ, ਜ਼ਮੀਨ, ਜੰਗਲ, ਜਾਨਵਰ ਸਭ ਸੁਰੱਖਿਅਤ ਰਹਿਣ।

ਨਿਸ਼ਕਾਮ ਭਾਵਨਾ ਨਾਲ ਜਨ ਹਿਤ ਵਿੱਚ ਪੁਰਸ਼ੋਤਮ ਰੈਡੀ ਨੇ ਪ੍ਰਮਾਣੂ ਭੱਠੀ ਵਿਰੁੱਧ ਅੰਦੋਲਨ ਖੜ੍ਹਾ ਕੀਤਾ। ਪੁਰਸ਼ੋਤਮ ਰੈਡੀ ਦੀ ਮਿਹਨਤ ਰੰਗ ਲਿਆਈ। ਲੋਕ ਜਾਗਰੂਕ ਹੋਏ। ਉਨ੍ਹਾਂ ਨੂੰ ਖ਼ਤਰੇ ਦਾ ਅਹਿਸਾਸ ਹੋਇਆ। ਉਹ ਸਮਝ ਗਏ ਕਿ ਪ੍ਰਮਾਣੂ ਭੱਠੀ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਪੁਰਸ਼ੋਤਮ ਰੈਡੀ ਤੋਂ ਪ੍ਰੇਰਣਾ ਲੈ ਕੇ ਲੋਕਾਂ ਨੇ ਆਪੋ-ਆਪਣੇ ਤਰੀਕੇ ਨਾਲ ਪ੍ਰਮਾਣੂ ਭੱਠੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਧਾਰ ਲਿਆ ਕਿ ਜਦੋਂ ਤੱਕ ਪ੍ਰਮਾਣੂ ਭੱਠੀ ਦਾ ਪ੍ਰਸਤਾਵ ਵਾਪਸ ਨਹੀਂ ਲਿਆ ਜਾਂਦਾ, ਉਹ ਚੈਨ ਦੀ ਸਾਹ ਨਹੀਂ ਲੈਣਗੇ। ਪੁਰਸ਼ੋਤਮ ਰੈਡੀ ਦੇ ਸੰਕਲਪ ਕਾਰਣ ਸ਼ੁਰੂ ਹੋਇਆ ਇਹ ਲੋਕ ਅੰਦੋਲਨ ਲਗਾਤਾਰ ਵਧਦਾ ਚਲਾ ਗਿਆ। ਪ੍ਰੋਫ਼ੈਸਰ ਸ਼ਿਵਜੀ ਰਾਓ ਗੋਵਰਧਨਰੈਡੀ ਅਤੇ ਡਾ. ਕੇ. ਬਾਲਗੋਪਾਲ ਜਿਹੇ ਵੱਡੇ ਲੋਕ ਅੰਦੋਲਨਕਾਰੀ ਵੀ ਇਸ ਸੰਘਰਸ਼ ਵਿੱਚ ਕੁੱਦ ਪਏ। ਆਖ਼ਰ ਸਰਕਾਰ ਨੂੰ ਜਨ-ਅੰਦੋਲਨ ਸਾਹਵੇਂ ਝੁਕਣਾ ਪਿਆ। ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਗੋਵਰਧਨ ਰੈਡੀ ਨੂੰ ਚਿੱਠੀ ਲਿਖ ਕੇ ਸੂਚਨਾ ਦਿੱਤੀ ਕਿ ਨਾਗਾਰਜੁਨ ਸਾਗਰ ਕੋਲ ਨਿਊਕਲੀਅਰ ਰੀਐਕਟਰ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ।

ਚਿਹਰੇ ਉਤੇ ਮੁਸਕਰਾਹਟ ਲਿਆਉਂਦਿਆਂ ਪੁਰਸ਼ੋਤਮ ਰੈਡੀ ਨੇ ਕਿਹਾ,''ਇੱਕ ਵਾਰ ਜਦੋਂ ਅਸੀਂ ਸ਼ੁਰੂ ਕੀਤਾ ਸੀ, ਤਾਂ ਫਿਰ ਪਿਛਾਂਹ ਮੁੜ ਕੇ ਨਹੀਂ ਵੇਖਿਆ। ਇਹ ਵੱਡਾ ਅੰਦੋਲਨ ਸੀ। ਕਾਮਯਾਬੀ ਵੀ ਓਨੀ ਹੀ ਵੱਡੀ ਸੀ।'' ਪ੍ਰੋਫ਼ੈਸਰ ਰੈਡੀ ਅਨੁਸਾਰ ''ਦੂਜੇ ਸੂਬਿਆਂ ਦੇ ਲੋਕ ਨਿਊਕਲੀਅਰ ਰੀਐਕਟਰ ਨੂੰ ਰੋਕ ਨਾ ਸਕੇ। ਕੋਟਾ, ਕੈਗਾ, ਕੁਡਨਕੁਲਮ ਜਿਹੇ ਸਥਾਨਾਂ ਉਤੇ ਲੋਕਾਂ ਨੇ ਅੰਦੋਲਨ ਤਾਂ ਕੀਤੇ ਪਰ ਉਹ ਸਫ਼ਲ ਨਾ ਹੋ ਸਕੇ।''

ਨਾਗਾਰਜੁਨ ਸਾਗਰ ਵਾਲੇ ਅੰਦੋਲਨ ਦੀ ਸਫ਼ਲਤਾ ਦਾ ਭੇਤ ਦਸਦਿਆਂ ਪੁਰਸ਼ੋਤਮ ਰੈਡੀ ਨੇ ਕਿਹਾ,''ਮੈਂ ਪਿੰਡ-ਪਿੰਡ ਜਾਂਦਾ ਅਤੇ ਲੋਕਾਂ ਨੂੰ ਸਮਝਾਉਂਦਾ ਕਿ ਪ੍ਰਮਾਣੂ ਭੱਠੀ ਨਾਲ ਕਿਵੇਂ ਉਨ੍ਹਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਮੈਂ ਲੋਕਾਂ ਨੂੰ ਸਮਝਾਇਆ ਕਿ ਜੇ ਪ੍ਰਮਾਣੂ ਭੱਠੀ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਹੈ ਅਤੇ ਰੈਡੀਏਸ਼ਨ ਅਤੇ ਜਾਨਲੇਵਾ ਤਰੰਗਾਂ ਦਾ ਰਿਸਾਅ ਹੁੰਦਾ ਹੈ ਅਤੇ 50 ਤੋਂ 100 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਣ ਲਈ ਕੇਵਲ 24 ਘੰਟਿਆਂ ਦਾ ਹੀ ਸਮਾਂ ਹੋਵੇਗਾ। ਲੱਖਾਂ ਲੋਕ ਪ੍ਰਭਾਵਿਤ ਹੋਣਗੇ। ਜੇ ਲੋਕਾਂ ਨੂੰ ਉਸ ਸਮੇਂ ਅੰਦਰ ਸੁਰੱਖਿਅਤ ਸਥਾਨਾਂ ਉਤੇ ਪਹੁੰਚਾ ਵੀ ਦਿੱਤਾ ਗਿਆ, ਫਿਰ ਪਸ਼ੂਆਂ ਦਾ ਕੀ ਹੋਵੇਗਾ? ਨਾਗਾਰਜੁਨ ਸਾਗਰ ਬੰਨ੍ਹ ਉਤੇ ਕੰਮ ਕਰਨ ਵਾਲੇ ਮੁਲਾਜਮਾਂ ਦਾ ਕੀ ਹੋਵੇਗਾ? ਰਿਸਾਅ ਨਾਲ ਹਰ ਹਾਲਤ ਵਿੱਚ ਬੰਨ੍ਹ ਪ੍ਰਾਜੈਕਟ ਵਿੱਚ ਜਮ੍ਹਾ ਹੋਇਆ ਪਾਦੀ ਦੂਸ਼ਿਤ ਹੋ ਜਾਵੇਗਾ। ਅਤੇ ਪਾਣੀ ਦੇ ਦੂਸ਼ਿਤ ਹੋਣ ਦਾ ਮਤਲਬ ਫਿਰ ਬਰਬਾਦੀ ਹੋਵੇਗਾ। ਮੈਂ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਪ੍ਰਮਾਣੂ ਭੱਠੀ ਦੇ ਖ਼ਤਰਿਆਂ ਤੋਂ ਜਾਣੂ ਕਰਵਾ ਦਿੱਤਾ ਸੀ। ਇਹੋ ਕਾਰਣ ਸੀ ਕਿ ਮੈਂ ਉਨ੍ਹਾਂ ਵਿੱਚ ਜਾਗਰੂਕਤਾ ਲਿਆਉਣ ਵਿੱਚ ਛੇਤੀ ਹੀ ਸਫ਼ਲ ਹੋ ਗਿਆ।''

ਅਹਿਮ ਗੱਲ ਇਹ ਹੈ ਕਿ ਪਿਛਲੇ ਕਈ ਵਰ੍ਹਿਆਂ ਤੋਂ ਸਗੋਂ ਲਗਭਗ ਪੰਜ ਦਹਾਕਿਆਂ ਤੋਂ ਪ੍ਰੋਫ਼ੈਸਰ ਪੁਰਸ਼ੋਤਮ ਰੈਡੀ ਵਾਤਾਵਰਣ ਸੁਰੱਖਿਆ ਪ੍ਰਤੀ ਜਨ ਚੇਤਨਾ ਜਗਾਉਣ ਅਤੇ ਸਰਕਾਰਾਂ ਦਾ ਧਿਆਨ ਖਿੱਚਣ ਦਾ ਕੰਮ ਕਰ ਰਹੇ ਹਨ। ਸਮਾਜ ਸੇਵਾ ਉਨ੍ਹਾਂ ਦਾ ਧਰਮ ਹੈ। ਜਨ ਹਿਤ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜਿਆ ਕੋਈ ਵੀ ਕੰਮ ਹੋਵੇ, ਉਹ ਉਸ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਕਦੇ ਪਿੱਛੇ ਨਹੀਂ ਹਟਦੇ।

ਪੁਰਸ਼ੋਤਮ ਰੈਡੀ ਦਸਦੇ ਹਨ ਕਿ ਬਚਪਨ ਵਿੱਚ ਜੋ ਸੰਸਕਾਰ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਮਿਲੇ, ਉਨ੍ਹਾਂ ਕਰ ਕੇ ਹੀ ਉਨ੍ਹਾਂ ਆਪਣਾ ਜੀਵਨ ਸਮਾਜ ਅਤੇ ਵਾਤਾਵਰਣ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਲੈ ਲਿਆ ਸੀ।

ਪੁਰਸ਼ੋਤਮ ਰੈਡੀ ਦਾ ਜਨਮ 14 ਫ਼ਰਵਰੀ, 1943 ਨੂੰ ਤੇਲੰਗਾਨਾ ਦੇ ਇੱਕ ਸੰਪੰਨ ਅਤੇ ਅਮੀਰ ਕਿਸਾਨ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਕੌਸ਼ਲਿਆ ਦੇਵੀ ਅਤੇ ਰਾਜਾ ਰੈਡੀ ਦਿਆਲੂ ਸਨ ਅਤੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਸਨ। ਮਾਤਾ-ਪਿਤਾ ਆਰੀਆ ਸਮਾਜੀ ਸਨ। ਉਨ੍ਹਾਂ ਉਤੇ ਦਯਾਨੰਦ ਸਰਸਵਤੀ, ਆਚਾਰੀਆ ਅਰਵਿੰਦ ਅਤੇ ਰਵਿੰਦਰ ਨਾਥ ਠਾਕੁਰ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਪਰਿਵਾਰ ਅਧਿਆਤਮਕ ਸੀ। ਘਰ ਦਾ ਮਾਹੌਲ ਵੀ ਅਧਿਆਤਮ, ਭਾਰਤੀ ਸਭਿਆਚਾਰ ਅਤੇ ਰੀਤੀ ਰਿਵਾਜਾਂ ਨਾਲ ਭਰਪੂਰ ਸੀ। ਆਚਾਰੀਆ ਵਿਨੋਬਾ ਭਾਵੇ ਤੋਂ ਪ੍ਰਭਾਵਿਤ ਹੋ ਕੇ ਰਾਜਾ ਰੈਡੀ ਨੇ ਇੱਕ ਹਜ਼ਾਰ ਏਕੜ ਜ਼ਮੀਨ ਨੂੰ ਭੂਦਾਨ ਅੰਦੋਲਨ ਵਿੱਚ ਦਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਤਿੰਨ ਹਜ਼ਾਰ ਏਕੜ ਜ਼ਮੀਨ ਹੋਰ ਦਾਨਕੀਤੀ।

ਬਚਪਨ ਦੀਆਂ ਯਾਦਾਂ ਤਾਜ਼ਾ ਕਰਦਿਆਂ ਪੁਰਸ਼ੋਤਮ ਰੈਡੀ ਨੇ ਦੱਸਿਆ ਕਿ ''ਮਾਤਾ-ਪਿਤਾ ਅਤੇ ਘਰ ਦੇ ਮਾਹੌਲ ਦਾ ਮੇਰੇ ਉਤੇ ਡੂੰਘਾ ਅਸਰ ਪਿਆ। ਮੇਰੇ ਮਾਤਾ-ਪਿਤਾ ਨੇ ਬਹੁਤ ਵਧੀਆ ਅਧਿਆਤਮਕ ਜੀਵਨ ਜੀਵਿਆ। ਉਨ੍ਹਾਂ ਦਾ ਮਿਲਣਸਾਰ ਸੁਭਾਅ, ਉਨ੍ਹਾਂ ਦੀ ਤਰਸ ਭਾਵਨਾ, ਉਨ੍ਹਾਂ ਦੀ ਸਮਾਜ ਸੇਵਾ ਸੱਚਮੁਚ ਕਮਾਲ ਦੀ ਸੀ। ਉਨ੍ਹਾਂ ਦਾ ਨਿਜੀ ਜੀਵਨ ਸਮਾਜ ਲਈ ਇੱਕ ਬਹੁਤ ਵਧੀਆ ਸੁਨੇਹਾ ਹੈ।''

ਉਨ੍ਹਾਂ ਅੱਗੇ ਦੱਸਿਆ,''ਮੇਰੇ ਪਿਤਾ ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਜ਼ਮੀਨ ਤੇ ਜਾਇਦਾਦ ਦੀ ਕੋਈ ਕੀਮਤ ਨਹੀਂ ਰਹਿਣ ਵਾਲੀ ਹੈ। ਪੜ੍ਹਾਈ ਕਰੋ ਅਤੇ ਇਸੇ ਦਾ ਲਾਭ ਮਿਲੇਗਾ।''

ਆਪਣੇ ਪਿਤਾ ਦੀ ਸਲਾਹ ਮੰਨਦਿਆਂ ਪੁਰਸ਼ੋਤਮ ਰੈਡੀ ਨੇ ਪੜ੍ਹਾਈ ਵੱਲ ਖ਼ੂਬ ਧਿਆਨ ਦੇਣਾ ਸ਼ੁਰੂ ਕੀਤਾ। ਉਹ ਸਦਾ ਹੋਣਹਾਰ ਵਿਦਿਆਰਥੀ ਰਹੇ। ਹਮੇਸ਼ਾ ਅੱਵਲ ਅੰਕ ਲਿਆਉਂਦੇ। ਗੁਰੂਆਂ ਨੂੰ ਆਪਣੇ ਗੁਣਾਂ ਅਤੇ ਪ੍ਰਤਿਭਾ ਨਾਲ ਸਦਾ ਪ੍ਰਭਾਵਿਤ ਕਰਦੇ। ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ਉਤੇ ਪੁਰਸ਼ੋਤਮ ਰੈਡੀ ਨੇ ਮੈਡੀਕਲ ਕਾਲਜ ਵਿੱਚ ਵੀ ਦਾਖ਼ਲਾ ਹਾਸਲ ਕਰ ਲਿਆ। ਉਨ੍ਹਾਂ ਨੂੰ ਮੈਰਿਟ ਦੇ ਆਧਾਰ ਉਤੇ ਉਨ੍ਹਾਂ ਦਿਨਾਂ ਦੇ ਵੱਕਾਰੀ ਵਿਦਿਅਕ ਸੰਸਥਾਨ ਉਸਮਾਨੀਆ ਮੈਡੀਕਲ ਕਾਲਜ ਵਿੱਚ ਐਮ.ਬੀ.ਬੀ.ਐਸ਼ ਕੋਰਸ ਲਈ ਸੀਟ ਮਿਲ ਗਈ। ਦੋ ਸਾਲਾਂ ਤੱਕ ਉਨ੍ਹਾਂ ਖ਼ੂਬ ਪੜ੍ਹਾਈ ਕੀਤੀ। ਪ੍ਰੀਖਿਆ ਵਿੱਚ ਨੰਬਰ ਵੀ ਚੰਗੇ ਆਏ। ਉਹ ਡਾਕਟਰ ਬਣਨ ਤੋਂ ਕੇਵਲ ਦੋ ਸਾਲ ਦੂਰ ਸਨ।

ਦੋ ਸਾਲਾਂ ਤੱਕ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਅਚਾਨਕ ਪੁਰਸ਼ੋਤਮ ਰੈਡੀ ਨੇ ਵੱਡਾ ਫ਼ੈਸਲਾ ਲਿਆ। ਉਨ੍ਹਾਂ ਡਾਕਟਰੀ ਦੀ ਪੜ੍ਹਾਈ ਛੱਡਣ ਅਤੇ ਸਮਾਜ ਸੇਵਾ ਕਰਨ ਦਾ ਮਨ ਬਣਾਇਆ। ਕਿਉਂਕਿ ਪੜ੍ਹਾਈ ਵੀ ਜ਼ਰੂਰੀ ਸੀ, ਉਨ੍ਹਾਂ ਡਾਕਟਰੀ ਦੀ ਪੜ੍ਹਾਈ ਅਧਵਾਟੇ ਛੱਡ ਕੇ ਰਾਜਨੀਤੀ ਵਿਗਿਆਨ ਨੂੰ ਆਪਣੀ ਪੜ੍ਹਾਈ ਦਾ ਮੁੱਖ ਵਿਸ਼ਾ ਬਣਾਇਆ।

image


ਸਭ ਨੂੰ ਹੈਰਾਨੀ 'ਚ ਪਾਉਣ ਵਾਲੇ ਉਸ ਫ਼ੈਸਲੇ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਪੁਰਸ਼ੋਤਮ ਰੈਡੀ ਨੇ ਕਿਹਾ,''ਪਤਾ ਨਹੀਂ ਮੈਨੂੰ ਕਿਉਂ ਜਾਪਿਆ ਕਿ ਡਾਕਟਰ ਬਣ ਕੇ ਲੋਕਾਂ ਦੀ ਸਹੀ ਢੰਗ ਨਾਲ ਸੇਵਾ ਨਹੀਂ ਕਰ ਸਕਾਂਗਾ। ਮੈਨੂੰ ਲੱਗਾ ਕਿ ਰਾਜਨੀਤੀ ਵਿਗਿਆਨ ਦਾ ਪੰਡਤ ਬਣ ਕੇ ਮੈਂ ਲੋਕਾਂ ਦੀ ਵੱਧ ਮਦਦ ਕਰ ਸਕਦਾ ਹਾਂ। ਡਾਕਟਰੀ ਦੀ ਪੜ੍ਹਾਈ ਵਧੀਆ ਸੀ। ਐਮ.ਬੀ.ਬੀ.ਐਸ. ਦਾ ਕੋਰਸ ਵੀ ਸ਼ਾਨਦਾਰ ਸੀ। ਪਰ ਮੇਰਾ ਮਨ ਰਾਜਨੀਤੀ ਵਿਗਿਆਨ ਉਤੇ ਆ ਗਿਆ ਸੀ, ਇਸੇ ਕਰ ਕੇ ਮੈਂ ਬੀ.ਏ. ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਅਤੇ ਰਾਜਨੀਤੀ ਵਿਗਿਆਨ ਨੂੰ ਆਪਣੀ ਪੜ੍ਹਾਈ ਦਾ ਮੁੱਖ ਵਿਸ਼ਾ ਬਣਾਇਆ।''

ਪੁਰਸ਼ੋਤਮ ਰੈਡੀ ਨੇ ਅੱਗੇ ਚੱਲ ਕੇ ਉਸਮਾਨੀਆ ਯੂਨੀਵਰਸਿਟੀ 'ਚ ਲਗਭਗ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਰਾਜਨੀਤੀ ਸ਼ਾਸਤਰ ਦੇ ਪਾਠ ਪੜ੍ਹਾਏ। ਇਸ ਤੋਂ ਪਹਿਲਾਂ ਬੀ.ਏ., ਐਮ.ਏ., ਐਮ. ਫ਼ਿਲ ਅਤੇ ਪੀ-ਐਚ.ਡੀ. ਦੀ ਪੜ੍ਹਾਈ ਵਿੱਚ ਉਨ੍ਹਾਂ ਦਾ ਮੁੱਖ ਵਿਸ਼ਾ ਰਾਜਨੀਤੀ ਵਿਗਿਆਨ ਹੀ ਰਿਹਾ। ਉਹ ਕਈ ਵਰ੍ਹਿਆਂ ਤੱਕ ਉਸਮਾਨੀਆ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਬੋਰਡ ਆੱਫ਼ ਸਟੱਡੀਜ਼ ਦੇ ਚੇਅਰਮੈਨ ਵੀ ਰਹੇ। ਦੋ ਮਿਆਦਾਂ ਲਈ ਉਹ ਉਸਮਾਨੀਆ ਯੂਨੀਵਰਸਿਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਵੀ ਰਹੇ।

ਉਸਮਾਨੀਆ ਯੂਨੀਵਰਸਿਟੀ 'ਚ ਲੈਕਚਰਾਰ ਅਤੇ ਪ੍ਰੋਫ਼ੈਸਰ ਰਹਿੰਦਿਆਂ ਵੀ ਪੁਰਸ਼ੋਤਮ ਰੈਡੀ ਨੇ ਸਮਾਜ ਦੀ ਭਲਾਈ ਲਈ ਜਨ ਅੰਦੋਲਨਾਂ ਵਿੱਚ ਲਗਾਤਾਰ ਹਿੱਸਾ ਲਿਆ। ਉਹ ਕਿਸਾਨਾਂ ਦੀ ਆਵਾਜ਼ ਅਤੇ ਜਨ ਸਾਧਾਰਣ ਦੇ ਅੰਦੋਲਨਕਾਰੀ ਵਜੋਂ ਪਛਾਣੇ ਜਾਣ ਲੱਗੇ। ਦੂਰ-ਦੂਰ ਤੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਕੋਲ ਪੁੱਜਣ ਲੱਗੇ। ਵਿਸ਼ੇ ਦੀ ਗੰਭੀਰਤਾ ਨੂੰ ਵੇਖ ਕੇ ਪੁਰਸ਼ੋਤਮ ਰੈਡੀ ਇਹ ਫ਼ੈਸਲਾ ਕਰਦੇ ਕਿ ਉਨ੍ਹਾਂ ਨੇ ਸਮੱਸਿਆ ਦੇ ਹੱਲ ਲਈ ਕੀਤੇ ਜਾਣ ਵਾਲੇ ਅੰਦੋਲਨ ਵਿੱਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਹੈ। ਉਹ ਕਦੇ ਨਾਇਕ ਬਣ ਜਾਂਦੇ ਅਤੇ ਕਦੇ ਸਲਾਹਕਾਰ। ਪੁਰਸ਼ੋਤਮ ਰੈਡੀ ਨੇ ਜਨ ਹਿਤ ਲਈ ਕਾਨੂੰਨੀ ਲੜਾਈਆਂ ਵੀ ਲੜੀਆਂ ਹਨ। ਵਾਤਾਵਰਣ ਸੰਭਾਲ ਅਤੇ ਮਨੁੱਖੀ ਕਲਿਆਣ ਲਈ ਪੁਰਸ਼ੋਤਮ ਰੈਡੀ ਨੇ ਕਈ ਵਾਰ ਖ਼ੁਦ ਵੱਖੋ-ਵੱਖਰੀਆਂ ਅਦਾਲਤਾਂ ਵਿੱਚ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਹੈ।

ਖ਼ਾਸ ਮੁਲਾਕਾਤ ਦੌਰਾਨ ਅਸੀਂ ਪੁਰਸ਼ੋਤਮ ਰੈਡੀ ਤੋਂ ਇਹ ਸੁਆਲ ਵੀ ਕੀਤਾ ਕਿ ਉਨ੍ਹਾਂ ਨੇ ਸਾਲਾਂ ਤੱਕ ਰਾਜਨੀਤੀ ਵਿਗਿਆਨ ਪੜ੍ਹਿਆ, ਫਿਰ ਸਾਲਾਂ ਤੱਕ ਰਾਜਨੀਤੀ ਵਿਗਿਆਨ ਪੜ੍ਹਾਇਆ। ਫਿਰ ਆਖ਼ਰ ਉਹ ਕਿਵੇਂ ਇੱਕ ਸਿੱਖਿਆ ਸ਼ਾਸਤਰੀ ਅਤੇ ਰਾਜਨੀਤੀ ਸ਼ਾਸਤਰੀ ਤੋਂ ਵਾਤਾਵਰਣ ਮਾਹਿਰ ਅਤੇ ਜਨ ਅੰਦੋਲਨਾਂ ਦੇ ਨਾਇਕ ਤੇ ਮੋਹਰੀ ਬਣ ਗਏ?

ਇਸ ਸੁਆਲ ਦੇ ਜੁਆਬ ਵਿੱਚ ਪੁਰਸ਼ੋਤਮ ਰੈਡੀ ਨੇ ਦੱਸਿਆ ਕਿ ਦੋ ਘਟਨਾਵਾਂ ਨੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ ਸੀ। ਇਹ ਘਟਨਾਵਾਂ ਅਜਿਹੀਆਂ ਸਨ, ਜਿਨ੍ਹਾਂ ਤੋਂ ਉਹ ਕਾਫ਼ੀ ਹਿੱਲ ਕੇ ਰਹਿ ਗਏ ਸਨ। ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਸੀ।

ਪਹਿਲੀ ਘਟਨਾ ਭੋਪਾਲ ਗੈਸ ਕਾਂਡ ਦਾ ਦੁਖਾਂਤ ਸੀ, ਜਿਸ ਵਿੱਚ ਅਨੇਕਾਂ ਵਿਅਕਤੀਆਂ ਦੀ ਜਾਨ ਗਈ ਸੀ। ਦੂਜੀ ਘਟਨਾ ਉਨ੍ਹਾਂ ਦੇ ਆਪਣੇ ਘਰ-ਪਰਿਵਾਰ ਨਾਲ ਜੁੜੀ ਸੀ। ਪੁਰਸ਼ੋਤਮ ਰੈਡੀ ਦੇ ਭਰਾ ਵੀ ਕਿਸਾਨ ਸਨ ਅਤੇ ਜੈਵਿਕ ਖੇਤੀ (ਆੱਰਗੈਨਿਕ ਫ਼ਾਰਮਿੰਗ) ਕਰਦੇ ਸਨ। ਉਨ੍ਹਾਂ ਦੇ ਖੇਤਾਂ ਨੂੰ ਸਰੂਰਨਗਰ ਝੀਲ ਤੋਂ ਪਾਣੀ ਮਿਲਦਾ ਸੀ। ਪਰ ਆਲੇ ਦੁਆਲੇ ਬਣ ਗਈਆਂ ਉਦਯੋਗਿਕ ਇਕਾਈਆਂ ਅਤੇ ਫ਼ੈਕਟਰੀਆਂ ਨੇ ਝੀਲ ਨੂੰ 'ਆਪਣਾ ਕੂੜਾ ਕਰਕਟ ਤੇ ਹੋਰ ਗੰਦੀ ਸਮੱਗਰੀ' ਸੁੱਟਣ ਦੀ ਥਾਂ ਬਣਾ ਲਿਆ। ਰਸਾਇਣਕ ਤਰਲ ਪਦਾਰਥ ਝੀਲ ਵਿੱਚ ਛੱਡੇ ਜਾਣ ਲੱਗੇ। ਸਰੂਰਨਗਰ ਝੀਲ ਦੂਸ਼ਿਤ ਹੋ ਗਈ। ਝੀਲ ਦੇ ਦੂਸ਼ਿਤ ਪਾਣੀ ਕਰ ਕੇ ਪੁਰਸ਼ੋਤਮ ਰੈਡੀ ਦੀ ਫ਼ਸਲ ਵੀ ਬਰਬਾਦ ਹੋ ਗਈ। ਖੇਤ-ਜ਼ਮੀਨ ਖ਼ਰਾਬ ਹੋਣ ਲੱਗੇ। ਫ਼ਸਲਾਂ ਅਤੇ ਜ਼ਮੀਨ ਖ਼ਰਾਬ ਹੋਣ ਦਾ ਸਿੱਧਾ ਅਸਰ ਆਮਦਨੀ ਉਤੇ ਪਿਆ। ਪਰਿਵਾਰ ਨੂੰ ਬਹੁਤ ਨੁਕਸਾਨ ਹੋਇਆ। ਸਾਰੇ ਇਸ ਨੁਕਸਾਨ ਕਾਰਣ ਦਹਿਸਤਜ਼ਦਾ ਹੋ ਗਏ। ਇਸ ਪਰਿਵਾਰਕ ਸੰਕਟ ਸਮੇਂ ਹੀ ਪੁਰਸ਼ੋਤਮ ਰੈਡੀ ਨੇ ਸੰਕਲਪ ਲਿਆ ਕਿ ਉਹ ਪਰਿਆਵਰਣ ਸੁਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰ ਦੇਣਗੇ। ਉਨ੍ਹਾਂ ਅਜਿਹੀ ਹੀ ਕੀਤਾ ਹੈ। ਉਨ੍ਹਾਂ ਦਾ ਪਹਿਲਾ ਅੰਦੋਲਨ ਸਰੂਰਨਗਰ ਝੀਲ ਨੂੰ ਮੁੜ ਸੁਰਜੀਤ ਕਰਨਾ ਸੀ। ਉਨ੍ਹਾਂ ਸਰੂਰਨਗਰ ਝੀਲ ਬਚਾਉਣ ਲਈ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਦੇ ਇੱਕ ਰਿਸ਼ਤੇਦਾਰ ਅਤੇ ਕਿੱਤੇ ਤੋਂ ਰੇਡੀਓਲੌਜਿਸਟ ਗੋਵਰਧਨ ਰੈਡੀ ਨੇ ਉਨ੍ਹਾਂ ਦੀ ਇਸ ਅੰਦੋਲਨ ਵਿੱਚ ਮਦਦ ਕੀਤੀ।

ਪੁਰਸ਼ੋਤਮ ਰੈਡੀ ਉਤੇ ਕੁੱਝ ਇਸ ਤਰ੍ਹਾਂ ਦਾ ਜਨੂੰਨ ਸਵਾਰ ਸੀ ਕਿ ਉਨ੍ਹਾਂ ਨੇ ਸਰੂਰਨਗਰ ਝੀਲ ਨੂੰ ਬਚਾਉਣ ਲਈ ਹਰੇਕ ਸਬੰਧਤ ਅਧਿਕਾਰੀ ਨੂੰ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਇੱਕ ਦਿਨ ਵੀ ਉਹ ਚੁੱਪ ਨਾ ਬੈਠੇ, ਲਗਾਤਾਰ ਕੰਮ ਵਿੱਚ ਲੱਗੇ ਰਹੇ। ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਅੰਦੋਲਨ ਛੇਤੀ ਕਾਮਯਾਬ ਹੋ ਗਿਆ ਅਤੇ ਸਰੂਰਨਗਰ ਝੀਲ ਮਰਨ ਤੋਂ ਬਚ ਗਈ।

ਆਪਣੇ ਪਹਿਲੇ ਅੰਦੋਲਨ ਵਿੱਚ ਹੀ ਵੱਡੀ ਕਾਮਯਾਬੀ ਨੇ ਪੁਰਸ਼ੋਤਮ ਰੈਡੀ ਦੇ ਹੌਸਲੇ ਬੁਲੰਦ ਕਰ ਦਿੱਤੇ। ਹੁਣ ਉਨ੍ਹਾਂ ਨੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੇ ਉਦਯੋਗਾਂ ਅਤੇ ਕਾਰਖਾਨਿਆਂ ਖ਼ਿਲਾਫ਼ ਜੰਗ ਵਿੱਢ ਦਿੱਤੀ। ਉਹ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਕਈ ਝੀਲਾਂ ਨੂੰ ਸਦਾ ਲਈ ਖ਼ਤਮ ਹੋਣ ਤੋਂ ਬਚਾਉਣ ਅਤੇ ਕਈਆਂ ਨੂੰ ਮੁੜ ਸੁਰਜੀਤ ਕਰਵਾਉਣ ਵਿੱਚ ਸਫ਼ਲ ਰਹੇ।

ਪੁਰਸ਼ੋਤਮ ਰੈਡੀ ਨੇ ਜਨਤਾ ਦੀ ਮਦਦ ਕਰਨ ਦੇ ਮੰਤਵ ਨਾਲ ਵਾਤਾਵਰਣ ਨਾਲ ਜੁੜੀਆਂ ਕਿਤਾਬਾਂ ਅਤੇ ਖੋਜ ਗ੍ਰੰਥ ਪੜ੍ਹਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਐਮ. ਫ਼ਿਲ ਵਿੱਚ ਆਚਾਰੀਆ ਅਰਵਿੰਦ ਦੇ ਦਰਸ਼ਨ ਸ਼ਾਸਤਰ ਉਤੇ ਖੋਜ ਕੀਤੀ ਸੀ ਅਤੇ ਆਪਣੀ ਪੀ-ਐਚ.ਡੀ ਲਈ ਖੋਜ ਦਾ ਵਿਸ਼ਾ ਆਚਾਰੀਆ ਅਰਵਿੰਦ ਦੇ ਦਰਸ਼ਨ ਸ਼ਾਸਤਰ ਨੂੰ ਹੀ ਬਣਾਉਣਾ ਚਾਹੁੰਦੇ ਸਨ। ਪਰ ਸਰੂਰਨਗਰ ਝੀਲ ਦੇ ਦੂਸ਼ਿਤ ਹੋਣ ਕਾਰਣ ਉਨ੍ਹਾਂ ਦੇ ਪਰਿਵਾਰ ਉਤੇ ਸੰਕਟ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਆਪਣੀ ਖੋਜ ਦਾ ਵਿਸ਼ਾ 'ਪਰਿਆਵਰਣ ਨੀਤੀ' ਬਣਾ ਲਿਆ। ਵਾਤਾਵਰਣ ਅਤੇ ਉਸ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਅਤੇ ਖੋਜ ਕਰਦੇ ਕਰਦੇ ਪੁਰਸ਼ੋਤਮ ਰੈਡੀ ਵਿਸ਼ੇ ਦੇ ਵਿਦਵਾਨ ਅਤੇ ਮਾਹਿਰ ਹੋ ਗਏ। ਉਨ੍ਹਾਂ ਨੇ ਆਪਣਾ ਗਿਆਨ ਲੋਕਾਂ ਵਿੱਚ ਵੰਡਣ ਅਤੇ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਤੇ ਜਾਗਰੂਕਤਾ ਲਿਆਉਣ ਦਾ ਕੰਮ ਕੀਤਾ ਅਤੇ 73 ਸਾਲਾਂ ਦੀ ਉਮਰ ਵਿੱਚ ਹੁਣ ਵੀ ਇੱਕ ਨੌਜਵਾਨ ਵਾਂਗ ਹੀ ਕੰਮ ਕਰ ਰਹੇ ਹਨ।

ਪੁਰਸ਼ੋਤਮ ਰੈਡੀ ਇਨ੍ਹੀਂ ਦਿਨੀਂ ਨੌਜਵਾਨਾਂ ਵੱਲ ਖ਼ਾਸ ਧਿਆਨ ਦੇ ਰਹੇ ਹਨ। ਉਹ ਮੰਨਦੇ ਹਨ ਕਿ ਜੇ ਦੇਸ਼ ਦਾ ਨੌਜਵਾਨ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝ ਜਾਵੇ ਅਤੇ ਵਾਤਾਵਰਣ ਸੁਰੱਖਿਆ ਲਈ ਕੰਮ ਕਰੇ, ਤਾਂ ਨਤੀਜੇ ਵਧੀਆ ਵੀ ਆਉਣਗੇ ਅਤੇ ਛੇਤੀ ਵੀ। ਇਹੋ ਕਾਰਣ ਹੈ ਕਿ ਪੁਰਸ਼ੋਤਮ ਹੁਣ ਵੀ ਪਿੰਡਾਂ ਅਤੇ ਸਕੂਲ-ਕਾਲਜਾਂ 'ਚ ਜਾ ਕੇ ਲੋਕਾਂ, ਖ਼ਾਸ ਕਰ ਕੇ ਵਿਦਿਆਰਥੀਆਂ ਵਿੱਚ ਵਾਤਾਵਰਣ ਸੁਰੱਖਿਆ ਪ੍ਰਤੀ ਚੌਕਸੀ ਅਤੇ ਜਾਗਰੂਕਤਾ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਕਹਿੰਦੇ ਹਨ,''ਮੇਰੀਆਂ ਸਾਰੀਆਂ ਆਸਾਂ ਨੌਜਵਾਨਾਂ ਉਤੇ ਹੀ ਟਿਕੀਆਂ ਹੋਈਆਂ ਹਨ। ਜੇ ਅਸੀਂ ਵਾਤਾਵਰਣ ਨੂੰ ਬਚਾ ਲਵਾਂਗੇ, ਤਾਂ ਦੇਸ਼ ਨੂੰ ਵੀ ਬਚਾ ਲਵਾਂਗੇ। ਸੋਕਾ, ਹੜ੍ਹ, ਜੰਗਲਾਂ ਵਿੱਚ ਅੱਗ ਇਹ ਸਪ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਹੀ ਨਤੀਜਾ ਹੈ। ਵਾਤਾਵਰਣ ਨੂੰ ਬਚਾਉਣ ਲਈ ਆਜ਼ਾਦੀ ਦੂਜੀ ਜੰਗ ਦੀ ਲੋੜ ਹੈ ਅਤੇ ਇਹ ਜੰਗ ਨੌਜਵਾਨ ਹੀ ਸ਼ੁਰੂ ਕਰਵਾ ਕੇ ਉਸ ਵਿੱਚ ਸਫ਼ਲਤਾ ਹਾਸਲ ਕਰ ਸਕਦੇ ਹਨ।''

ਪੁਰਸ਼ੋਤਮ ਰੈਡੀ ਨੂੰ ਇਸ ਗੱਲ ਦੀ ਵੀ ਸ਼ਿਕਾਇਤ ਹੈ ਕਿ ਹਾਲੇ ਤੱਕ ਦੇਸ਼ ਵਿੱਚ ਕਿਸੇ ਵੀ ਸਰਕਾਰ ਨੇ ਵਿਕਾਸ ਦੀ ਪਰਿਭਾਸ਼ਾ ਤੈਅ ਨਹੀਂ ਕੀਤੀ ਹੈ। ਉਨ੍ਹਾਂ ਅਨੁਸਾਰ ਸਾਰੀਆਂ ਸਰਕਾਰਾਂ ਖ਼ਤਰਨਾਕ ਉਦਯੋਗਾਂ, ਕਾਰਖਾਨਿਆਂ, ਸੜਕਾਂ ਅਤੇ ਇਮਾਰਤਾਂ ਦੀ ਉਸਾਰੀ ਨੂੰ ਹੀ ਵਿਕਾਸ ਮੰਨ ਰਹੀਆਂ ਹਨ, ਜੋ ਕਿ ਗ਼ਲਤ ਹੈ। ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਵਿਕਾਸ ਨਹੀਂ ਹੋ ਸਕਦਾ।

ਪੁਰਸ਼ੋਤਮ ਰੈਡੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਵਾਤਾਵਰਣ ਸੁਰੱਖਿਆ ਨਾਲ ਜੁੜੇ ਕਈ ਅੰਦੋਲਨ ਕਿਉਂ ਕਾਮਯਾਬ ਨਹੀਂ ਹੋ ਰਹੇ ਹਨ, ਤਾਂ ਉਨ੍ਹਾਂ ਜਵਾਬ ਵਿੱਚ ਕਿਹਾ,''ਸਮੱਸਿਆ ਅੰਦੋਲਨਕਾਰੀਆਂ ਖ਼ਾਸ ਤੌਰ ਉਤੇ ਨਾਇਕਾਂ 'ਚ ਹੀ ਹੈ। ਅੰਦੋਲਨਾਂ ਦੀ ਅਗਵਾਈ ਕਰਨ ਵਾਲੇ ਲੋਕ ਸਮੱਸਿਆ ਅਤੇ ਮੁੱਦਿਆਂ ਨੂੰ ਜਨਤਾ ਤੱਕ ਲਿਜਾਣ ਵਿੱਚ ਓਨਾ ਧਿਆਨ ਨਹੀਂ ਦਿੰਦੇ, ਜਿੰਨਾ ਆਪਣਾ ਨਾਮ ਕਮਾਉਣ ਵਿੱਚ। ਮੈਂ ਕਈ ਲੋਕਾਂ ਨੂੰ ਵੇਖਿਆ ਹੈ ਕਿ ਉਹ ਮੁੱਦੇ ਤਾਂ ਚੁੱਕਦੇ ਹਨ ਅਤੇ ਜਿਵੇਂ ਹੀ ਨਾਂਅ ਹੋ ਜਾਂਦਾ ਹੈ, ਉਹ ਮੁੱਦੇ ਨੂੰ ਭੁਲਾ ਦਿੰਦੇ ਹਨ ਅਤੇ ਅਜਿਹੇ ਮੁੱਦੇ ਦੀ ਭਾਲ਼ ਵਿੱਚ ਜੁਟ ਜਾਂਦੇ ਹਨ, ਜੋ ਉਨ੍ਹਾਂ ਨੂੰ ਹੋਰ ਵਧੇਰੇ ਪ੍ਰਸਿੱਧੀ ਦੇ ਸਕੇ। ਇਸੇ ਚੱਕਰ ਵਿੱਚ ਅੰਦੋਲਨ ਨਾਕਾਮ ਹੋ ਰਹੇ ਹਨ। ਅੰਦੋਲਨਕਾਰੀਆਂ ਨੂੰ ਆਪਣੇ ਆਪ ਨੂੰ ਉਜਾਗਰ ਕਰਨ ਦੀ ਥਾਂ ਮੁੱਦੇ ਜਨਤਾ ਵਿੱਚ ਲਿਜਾਣੇ ਹੋਣਗੇ।''

ਲੇਖਕ: ਅਰਵਿੰਦ ਯਾਦਵ 

Add to
Shares
0
Comments
Share This
Add to
Shares
0
Comments
Share
Report an issue
Authors

Related Tags

    Latest Stories

    ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ