ਸੰਸਕਰਣ
Punjabi

ਮਾਪਿਆਂ ਵੱਲੋਂ ਵਿਖਾਏ ਰਾਹ 'ਤੇ ਚੱਲੀ ਮਲਿਕਾ, 'ਨਤੀਜੇ' 'ਚ ਮਿਲੀ ਖ਼ੁਸ਼ੀ ਅਤੇ ਸੰਤੁਸ਼ਟੀ

8th Nov 2015
Add to
Shares
0
Comments
Share This
Add to
Shares
0
Comments
Share

ਹਰ ਦੇਸ਼ ਵਿੱਚ ਗ਼ਰੀਬ ਲੋਕ ਹਨ। ਕੁੱਝ ਦੇਸ਼ਾਂ ਵਿੱਚ ਘੱਟ ਹਨ ਤੇ ਕੁੱਝ ਵਿੱਚ ਬਹੁਤ ਜ਼ਿਆਦਾ ਪਰ ਗ਼ਰੀਬ ਹਨ ਹਰ ਥਾਂ 'ਤੇ। ਦੁਨੀਆਂ ਭਰ 'ਚ ਗ਼ਰੀਬਾਂ ਦੇ ਵਿਕਾਸ, ਕਲਿਆਣ ਅਤੇ ਉਥਾਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਕਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕੰਮ ਸਰਕਾਰਾਂ ਵੱਲੋਂ ਹੋ ਰਿਹਾ ਹੈ ਅਤੇ ਗ਼ੈਰ-ਸਰਕਾਰੀ ਸੰਸਥਾਨ, ਨਿਜੀ ਸੰਗਠਨ, ਸਵੈਮ-ਸੇਵੀ ਅਤੇ ਹੋਰ ਲੋਕ ਵੀ ਗ਼ਰੀਬਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਲੋਕਾਂ ਵਿਚੋਂ ਇੱਕ ਹਨ ਨੌਜਵਾਨ ਮਲਿਕਾ ਘੋਸ਼।

ਮਲਿਕਾ ਘੋਸ਼ 'ਪਰਿਣਾਮ' ਨਾਂਅ ਦੀ ਗ਼ੈਰ-ਸਰਕਾਰੀ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜ-ਨਿਰਦੇਸ਼ ਭਾਵ ਮੁਖੀ ਹਨ। 'ਪਰਿਣਾਮ' ਭਾਰਤ ਦੇ 20 ਸੂਬਿਆਂ ਵਿੱਚ ਸ਼ਹਿਰੀ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉਤਾਂਹ ਚੁੱਕਣ ਲਈ ਕੰਮ ਕਰ ਰਹੀ ਹੈ। ਮਲਿਕਾ ਨੇ ਬਹੁਤ ਗ਼ਰੀਬ ਲੋਕਾਂ ਦੇ ਉਥਾਨ ਲਈ ਅਜਿਹੇ ਪ੍ਰੋਗਰਾਮ ਅਰੰਭੇ ਹਨ, ਜਿਸ ਨੇ ਭਾਰਤ ਵਿੱਚ ਇੱਕ ਹਾਂ-ਪੱਖੀ ਤਬਦੀਲੀ ਲਿਆਂਦੀ ਹੈ ਅਤੇ ਕਈ ਗ਼ੈਰ-ਸਰਕਾਰੀ ਸੰਸਥਾਵਾਂ ਦੀਆਂ ਤਰਜੀਹਾਂ ਅਤੇ ਸੋਚ ਨੂੰ ਬਦਲਿਆ ਹੈ। ਮਲਿਕਾ ਨੇ ਆਪਣੇ ਮਾਤਾ-ਪਿਤਾ ਤੋਂ ਪ੍ਰੇਰਣਾ ਲੈ ਕੇ ਸਮਾਜ ਸੇਵਾ ਸ਼ੁਰੂ ਕੀਤੀ ਸੀ।

image


ਮਲਿਕਾ ਦੇ ਮਾਤਾ-ਪਿਤਾ ਇਲਯਾਨੇ ਅਤੇ ਸਮਿਤ ਘੋਸ਼ ਨੇ ਆਪੋ-ਆਪਣੀਆਂ ਨੌਕਰੀਆਂ ਛੱਡ ਕੇ ਸਮਾਜ ਸੇਵਾ ਦਾ ਰਾਹ ਅਪਣਾਇਆ ਸੀ। ਦੋਵੇਂ ਬੈਂਕਿੰਗ ਖੇਤਰ ਵਿੱਚ ਸਨ ਅਤੇ ਉਨ੍ਹਾਂ ਨੇ ਦੁਨੀਆਂ ਭਰ ਦੇ ਕਈ ਦੇਸ਼ਾਂ ਦਾ ਦੌਰਾ ਕਰ ਕੇ ਬਹੁਤ ਤਜਰਬਾ ਹਾਸਲ ਕੀਤਾ ਹੋਇਆ ਸੀ।

ਮਲਿਕਾ ਦੇ ਪਿਤਾ ਸਮਿਤ ਨੇ ਦੁਨੀਆਂ ਦੇ ਵੱਖੋ-ਵੱਖਰੇ ਸਥਾਨਾਂ ਉਤੇ ਗ਼ਰੀਬੀ ਨੂੰ ਬਹੁਤ ਨੇੜਿਓਂ ਤੱਕਿਆ ਸੀ। ਕਈ ਗ਼ਰੀਬਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ ਜਾਣਿਆ ਸੀ। ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੇ ਜਤਨ ਕੀਤੇ ਸਨ। ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਦੁੱਖ-ਦਰਦ ਨੇ ਸਮਿਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਮਿਤ ਨੇ ਨੌਕਰੀ ਛੱਡ ਕੇ ਭਾਰਤ ਵਿੱਚ ਗ਼ਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਖ਼ੁਦ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕਰ ਲਿਆ। ਕਿਉਂਕਿ ਸਮਿਤ ਬੈਂਕਿੰਗ ਖੇਤਰ ਦੇ ਜਾਣਕਾਰ ਸਨ, ਇਸੇ ਲਈ ਉਨ੍ਹਾਂ ਆਪਣੇ ਤਜਰਬੇ ਦੇ ਆਧਾਰ ਉਤੇ ਹੀ ਗ਼ਰੀਬਾਂ ਦੀ ਮਦਦ ਕਰਨ ਦੀ ਸੋਚੀ। ਸਾਲ 2005 'ਚ ਸਮਿਤ ਨੇ 'ਉਜੀਵਨ' ਨਾਂਅ ਦੀ ਇੱਕ ਮਾਈਕ੍ਰੋ ਫ਼ਾਈਨਾਂਸ ਆਰਗੇਨਾਇਜ਼ੇਸਨ ਦੀ ਸ਼ੁਰੂਆਤ ਕੀਤੀ। 'ਉਜੀਵਨ' ਨੇ ਸ਼ਹਿਰੀ ਗ਼ਰੀਬ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਇਸ ਜੱਥੇਬੰਦੀ ਨੇ ਸਹਿਰੀ ਗ਼ਰੀਬਾਂ, ਖ਼ਾਸ ਕਰ ਕੇ ਔਰਤਾਂ ਨੂੰ ਘੱਟ ਵਿਆਜ ਉਤੇ ਕਰਜ਼ਾ ਦੇਣਾ ਅਰੰਭ ਕੀਤਾ। ਮਕਸਦ ਸੀ ਕਿ ਇਨ੍ਹਾਂ ਰੁਪਇਆਂ ਨਾਲ ਔਰਤਾਂ ਕੋਈ ਕਾਰੋਬਾਰ ਕਰਨਗੀਆਂ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉਚਾ ਉਠੇਗਾ। ਸਮਿਤ ਜਾਣਦੇ ਸਨ ਕਿ ਗ਼ਰੀਬ ਲੋਕਾਂ ਨੂੰ ਜੇ ਰੋਜ਼ਗਾਰ ਜਾਂ ਕਾਰੋਬਾਰ ਦੇ ਮੌਕੇ ਦਿੱਤੇ ਜਾਣ, ਤਾਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਸੁਲਝ ਜਾਣਗੀਆਂ।

ਰੋਜ਼ਗਾਰ ਨਾ ਹੋਣ ਜਾਂ ਫਿਰ ਕਾਰੋਬਾਰ ਕਰਨ ਦੀ ਤਾਕਤ ਨਾ ਹੋਣ ਕਾਰਣ ਹੀ ਕਈ ਲੋਕ ਗ਼ਰੀਬ ਹੀ ਰਹਿ ਰਹੇ ਸਨ। ਸਮਿਤ ਨੇ 'ਉਜੀਵਨ' ਰਾਹੀਂ ਗ਼ਰੀਬਾਂ ਨੂੰ ਘੱਟ ਵਿਆਜ ਉਤੇ ਰੁਪਏ ਦੇ ਕੇ ਉਨ੍ਹਾਂ ਨੂੰ ਨਿੱਕੇ-ਮੋਟੇ ਕਾਰੋਬਾਰ ਕਰਨ ਅਤੇ ਰੁਪਏ ਕਮਾਉਣ ਦਾ ਮੌਕਾ ਦਿੱਤਾ ਸੀ।

ਵਿੱਤੀ ਵਰ੍ਹੇ 2013-2014 ਦੇ ਅੰਤ ਤੱਕ 'ਉਜੀਵਨ' ਨੇ 13 ਲੱਖ ਤੋਂ ਵੱਧ ਲੋਕਾਂ ਨੂੰ ਕਰਜ਼ਾ ਦੇ ਕੇ ਉਨ੍ਹਾਂ ਦੀ ਵਿੱਤੀ ਸਹਾਇਤਾ ਕੀਤੀ ਸੀ। ਅੱਜ 'ਉਜੀਵਨ' ਇੱਕ ਬਹੁਤ ਵੱਡਾ ਸੰਗਠਨ ਹੈ, ਇੱਕ ਕਾਮਯਾਬ ਪ੍ਰਯੋਗ ਵੀ। 'ਉਜੀਵਨ' ਦੀਆਂ ਦੇਸ਼ ਦੇ 22 ਰਾਜਾਂ ਵਿੱਚ ਲਗਭਗ 350 ਸ਼ਾਖ਼ਾਵਾਂ ਹਨ।

image


ਪਰ ਸਮਿਤ ਦੀ ਪਤਨੀ ਨੂੰ ਲੱਗਾ ਕਿ ਸਿਰਫ਼ ਆਰਥਿਕ ਮਦਦ ਨਾਲ ਗ਼ਰੀਬਾਂ ਦਾ ਉਥਾਨ ਸੰਭਵ ਨਹੀਂ ਹੈ। ਗ਼ਰੀਬਾਂ ਦੇ ਸਰਬ-ਪੱਖੀ ਵਿਕਾਸ ਲਈ ਹੋਰ ਵੀ ਬਹੁਤ ਕੀਤਾ ਜਾਣਾ ਜ਼ਰੂਰੀ ਹੈ। ਗ਼ਰੀਬਾਂ ਨੂੰ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਮਦਦ ਮੁਹੱਈਆ ਕਰਵਾਉਣ ਦੇ ਮੰਤਵ ਨੇ ਏਲਿਆਨੇ ਘੋਸ਼ ਨੇ 'ਪਰਿਣਾਮ' ਦੇ ਨਾਂਅ ਨਾਲ ਇੱਕ ਗ਼ੈਰ-ਸਰਕਾਰੀ ਸੰਸਥਾ ਅਰੰਭ ਕੀਤੀ। ਇਸ ਸੰਸਥਾ ਨੇ ਸਿੱਖਿਆ, ਸਿਹਤ-ਇਲਾਜ, ਸਮੂਹਕ/ਭਾਈਚਾਰਕ ਵਿਕਾਸ ਜਿਹੇ ਖੇਤਰਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਗ਼ਰੀਬਾਂ ਦੀ ਮਦਦ ਕੀਤੀ।

ਸ਼ੁਰੂ ਵਿੱਚ ਤਾਂ ਇਲਿਆਨੇ ਖ਼ੁਦ ਆਪਣੇ ਦਮ ਉਤੇ ਸਾਰੀ ਸੰਸਥਾ ਚਲਾਈ ਪਰ ਬਾਅਦ 'ਚ ਉਨ੍ਹਾਂ ਨੂੰ ਆਪਣੀ ਧੀ ਮਲਿਕਾ ਤੋਂ ਬਹੁਤ ਮਦਦ ਮਿਲੀ।

2010 'ਚ ਮਲਿਕਾ ਨੇ ਮਨ ਬਣਾਇਆ ਕਿ ਉਹ ਵੀ ਆਪਣੇ ਮਾਤਾ-ਪਿਤਾ ਵਾਂਗ ਗ਼ਰੀਬਾਂ ਦੇ ਉਥਾਨ ਲਈ ਕੰਮ ਕਰਨਗੇ।

ਮਲਿਕਾ ਘੋਸ਼ ਦੀ ਸਕੂਲੀ ਸਿੱਖਿਆ ਇੰਗਲੈਂਡ 'ਚ ਹੋਈ। ਉਨ੍ਹਾਂ ਨੇ ਅਮਰੀਕਾ ਤੋਂ ਉਚ ਸਿੱਖਿਆ ਹਾਸਲ ਕੀਤੀ।

ਮਲਿਕਾ ਨੂੰ ਬਚਪਨ ਤੋਂ ਹੀ ਟੀ.ਵੀ. ਅਤੇ ਫ਼ਿਲਮਾਂ ਦਾ ਸ਼ੌਕ ਸੀ। ਇਸ ਕਰ ਕੇ ਉਨ੍ਹਾਂ ਫ਼ਿਲਮਾਂ ਦੀ ਦੁਨੀਆਂ ਵਿੱਚ ਹੀ ਆਪਣਾ ਕੈਰੀਅਰ ਬਣਾਉਣ ਦਾ ਫ਼ੈਸਲਾ ਕੀਤਾ ਸੀ।

ਵਿਦੇਸ਼ ਵਿੱਚ ਫ਼ਿਲਮ ਬਣਾਉਣ ਦੀ ਕਲਾ ਸਿੱਖੀ ਸੀ। ਆਪਣੀ ਪੜ੍ਹਾਈ ਤੋਂ ਬਾਅਦ ਮਲਿਕਾ ਨੇ ਸੱਤ ਸਾਲਾਂ ਤੱਕ ਐਡਵਰਟਾਇਜ਼ਿੰਗ ਉਦਯੋਗ ਵਿੱਚ ਕੰਮ ਕੀਤਾ। ਮਲਿਕਾ ਨੇ ਮਸ਼ਹੂਰ ਕੌਮਾਂਤਰੀ ਇਸ਼ਤਿਹਾਰ ਏਜੰਸੀ 'ਮੈਕਾਨ ਐਰਿਕਸਨ' ਲਈ ਕੰਮ ਕੀਤਾ। ਉਹ ਇਸ ਕੰਪਨੀ ਵਿੱਚ ਫ਼ਿਲਮਾਂ ਬਾਰੇ ਵਿਭਾਗ ਦੀ ਦੱਖਣੀ ਭਾਰਤ ਲਈ ਮੁਖੀ ਵੀ ਰਹੇ।

ਨੌਕਰੀ ਕਰਦੇ ਸਮੇਂ ਇੱਕ ਦਿਨ ਅਚਾਨਕ ਮਲਿਕਾ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਮਾਪੇ ਦਿਨ-ਰਾਤ ਗ਼ਰੀਬਾਂ ਦੇ ਵਿਕਾਸ ਲਈ ਮਿਹਨਤ ਕਰਦੇ ਹਨ। ਉਨ੍ਹਾਂ ਦਾ ਸਾਰਾ ਧਿਆਨ ਗ਼ਰੀਬਾਂ ਦੀ ਤਰੱਕੀ ਵਿੱਚ ਹੀ ਲੱਗਾ ਰਹਿੰਦਾ ਹੈ। ਉਨ੍ਹਾਂ ਦਾ ਧਿਆਨ ਇਸ ਗੱਲ ਉਤੇ ਵੀ ਗਿਆ ਕਿ ਕਿਵੇਂ ਦੋਵੇਂ ਮਿਲ ਕੇ ਗ਼ਰੀਬਾਂ ਨੂੰ ਥੋੜ੍ਹੀਆਂ-ਥੋੜ੍ਹੀਆਂ ਰਕਮਾਂ ਦੇ ਕੇ ਉਨ੍ਹਾਂ ਨੂੰ ਕਾਰੋਬਾਰ ਕਰਨ, ਮੁਨਾਫ਼ਾ ਕਮਾਉਣ ਅਤੇ ਆਪਣਾ ਜੀਵਨ ਵੀ ਕਾਮਯਾਬ ਅਤੇ ਸੁਖੀ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਗ਼ਰੀਬ ਲੋਕਾਂ ਲਈ ਇੱਕ ਛੋਟੀ ਜਿਹੀ ਰਕਮ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦੇਣ ਲਈ ਕਾਫ਼ੀ ਸੀ।

ਪਰ ਮਲਿਕਾ ਜਿਸ ਇਸ਼ਤਿਹਾਰ ਉਦਯੋਗ ਵਿੱਚ ਸਨ, ਉਥੇ 30 ਸੈਕੰਡ ਦੀ ਇੱਕ ਫ਼ਿਲਮ ਬਣਾਉਣ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਸਨ। ਕਰੋੜਾਂ ਰੁਪਏ ਖ਼ਰਚ ਕਰ ਕੇ ਫ਼ਿਲਮ ਬਣਾਉਣ ਤੋਂ ਬਾਅਦ ਵੀ ਨਾ ਫ਼ਿਲਮ ਬਣਾਉਣ ਵਾਲੇ ਪੂਰੀ ਤਰ੍ਹਾਂ ਖ਼ੁਸ਼ ਹੁੰਦੇ ਅਤੇ ਨਾ ਹੀ ਫ਼ਿਲਮ ਬਣਵਾਉਣ ਵਾਲੇ ਭਾਵ ਗਾਹਕ।

ਆਪਣੇ ਮਾਪਿਆਂ ਦੇ ਕੰਮਕਾਜ ਨਾਲ ਆਪਣੇ ਕੰਮ ਦੀ ਤੁਲਨਾ ਕਰਦਿਆਂ ਮਲਿਕਾ ਨੂੰ ਲੱਗਾ ਕਿ ਹੁਣ ਉਨ੍ਹਾਂ ਦਾ ਭਰਮ ਟੁੱਟਣ ਲੱਗਾ ਹੈ ਅਤੇ ਇਸੇ ਪ੍ਰਕਿਰਿਆ ਦੌਰਾਨ ਉਨ੍ਹਾਂ ਫ਼ੈਸਲਾ ਕਰ ਲਿਆ ਕਿ ਉਹ ਵੀ ਆਪਣੇ ਮਾਪਿਆਂ ਦੇ ਰਾਹ ਉਤੇ ਹੀ ਚੱਲਣਗੇ।

ਕਿਉਂਕਿ ਮਲਿਕਾ ਨੂੰ ਬੱਚੇ ਬਹੁਤ ਪਸੰਦ ਸਨ, ਉਨ੍ਹਾਂ ਬੱਚਿਆਂ ਲਈ ਕੰਮ ਕਰਨ ਵਿੱਚ ਆਪਣੀ ਦਿਲਚਸਪੀ ਵਿਖਾਈ। ਨਰਸਰੀ ਸਕੂਲ ਤੋਂ ਸ਼ੁਰੂਆਤ ਕੀਤੀ। ਪਰ ਦੋ ਹੀ ਹਫ਼ਤਿਆਂ ਵਿੱਚ ਮਲਿਕਾ ਹਰ ਰੋਜ਼ ਇੱਕੋ ਤਰ੍ਹਾਂ ਦੇ ਕੰਮਕਾਜ ਅਤੇ ਪ੍ਰੋਗਰਾਮਾਂ ਤੋਂ ਅੱਕ ਗਏ। ਨਰਸਰੀ ਸਕੂਲ ਛੱਡ ਦਿੱਤਾ ਅਤੇ ਬੱਚਿਆਂ ਲਈ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਇਸੇ ਦੌਰਾਨ ਪਿਤਾ ਨੇ ਮਲਿਕਾ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਦੀ ਮਾਂ ਖ਼ੁਦ ਇੱਕ ਗ਼ੈਰ-ਸਰਕਾਰੀ ਸੰਸਥਾ ਚਲਾ ਰਹੀ ਹੈ ਅਤੇ ਮਲਿਕਾ ਨੂੰ ਆਪਣੀ ਮਾਂ ਦੇ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਮਲਿਕਾ ਨੇ ਪਿਤਾ ਦੀ ਸਲਾਹ ਮੰਨ ਲਈ ਅਤੇ 'ਪਰਿਣਾਮ' ਲਈ ਕੰਮ ਕਰਨਾ ਸ਼ੁਰੂ ਕੀਤਾ।

ਮਾਂ ਨੇ ਮਲਿਕਾ ਨੂੰ ਆਪਣੀ ਸੰਸਥਾ ਵਿੱਚ ਇੰਟਰਨ ਰੱਖਿਆ। ਪਰ ਮਲਿਕਾ ਖ਼ੁਦ ਨੂੰ ਕਨਸਲਟੈਂਟ ਦੱਸਣ ਲੱਗੇ। ਮਲਿਕਾ ਨੂੰ ਐਡ. ਇੰਡਸਟਰੀ ਵਿੱਚ ਸੱਤ ਸਾਲਾਂ ਦਾ ਤਜਰਬਾ ਸੀ ਅਤੇ ਉਹ ਦੱਖਣੀ ਭਾਰਤ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਸਨ, ਇਸੇ ਲਈ ਉਨ੍ਹਾਂ ਨੇ ਆਪਣੇ-ਆਪ ਨੂੰ 'ਇੰਟਰਨ' ਅਖਵਾੳਣਾ ਚੰਗਾ ਨਾ ਲੱਗਾ।

ਮਾਂ ਨੇ ਮਲਿਕਾ ਨੂੰ ਵੱਡੇ ਪ੍ਰਾਜੈਕਟਾਂ ਉਤੇ ਕੰਮ ਕਰਨ ਦਾ ਮੌਕਾ ਦਿੱਤਾ। ਮਲਿਕਾ ਨੇ ਸ਼ੁਰੂਆਤੀ ਦਿਨਾਂ ਵਿੱਚ ਬੱਚਿਆਂ ਦੀ ਸਿੱਖਿਆ ਦੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ। ਮਾਂ ਨੇ ਮਲਿਕਾ ਨੂੰ ਬੱਚਿਆਂ ਦੇ ਸਮਰ ਕੈਂਪ ਦੀ ਜ਼ਿੰਮੇਵਾਰੀ ਸੌਂਪੀ। ਇਹ 'ਪਰਿਣਾਮ' ਦਾ ਪਹਿਲਾ ਸਮਰ ਕੈਂਪ ਸੀ। ਮਲਿਕਾ ਨੇ ਮਿਹਨਤ ਅਤੇ ਲਗਨ ਨਾਲ ਇਸ ਕੈਂਪ ਨੂੰ ਕਾਮਯਾਬ ਬਣਾਇਆ। ਇਹ ਕਾਮਯਾਬੀ ਦਾ ਪਹਿਲਾ ਪੜਾਅ ਸੀ।

ਕੰਮ ਵਿੱਚ ਮਲਿਕਾ ਦੀ ਵਧਦੀ ਦਿਲਚਸਪੀ ਵੇਖ ਕੇ ਮਾਂ ਨੇ ਉਨ੍ਹਾਂ ਨੂੰ ਆਪਰੇਸ਼ਨਜ਼ ਭਾਵ ਸੰਸਥਾ ਦੇ ਸੰਚਾਲਨ ਦੀ ਮਹੱਤਵਪੂਰਣ ਜ਼ਿੰਮੇਵਾਰੀ ਸੌਂਪੀ।

ਮਲਿਕਾ ਦਸਦੇ ਹਨ ਕਿ 'ਪਰਿਣਾਮ' ਦੇ ਰਜਿਸਟਰੇਸ਼ਨ ਵਿੱਚ ਹੀ ਬਹੁਤ ਸਾਰੀਆਂ ਔਕੜਾਂ ਆਈਆਂ ਸਨ। ਸਬੰਧਤ ਅਧਿਕਾਰੀਆਂ ਨੇ ਰਜਿਸਟਰੇਸ਼ਨ ਲਈ ਰਿਸ਼ਵਤ ਮੰਗੀ ਸੀ। ਮਾਂ ਰਿਸ਼ਵਤ ਦੇਣ ਦੇ ਸਖ਼ਤ ਖ਼ਿਲਾਫ਼ ਸੀ। ਇਸੇ ਕਰ ਕੇ ਰਜਿਸਟਰੇਸ਼ਨ ਵਿੱਚ ਤਿੰਨ ਸਾਲਾਂ ਦਾ ਸਮਾਂ ਲੱਗ ਗਿਆ। ਬਹੁਤ ਜੱਦੋ-ਜਹਿਦ ਤੋਂ ਬਾਅਦ ਕੰਪਨੀਜ਼ ਐਕਟ ਦੇ ਸੈਕਸ਼ਨ 25 ਅਧੀਨ 'ਪਰਿਣਾਮ' ਦੀ ਰਜਿਸਟਰੇਸ਼ਨ ਗ਼ੈਰ-ਸਰਕਾਰੀ ਸੰਸਥਾ ਵਜੋਂ ਹੋਇਆ।

ਇਹ ਸੰਸਥਾ ਦਾਨ ਅਤੇ ਗ੍ਰਾਂਟਸ ਦੀਆਂ ਰਾਸ਼ੀਆਂ ਉਤੇ ਹੀ ਚਲਦੀ ਹੈ। 'ਪਰਿਣਾਮ' ਨੂੰ ਮਾਈਕਲ ਐਂਡ ਸੁਜ਼ੈਨ ਡੇਲ ਫ਼ਾਊਂਡੇਸ਼ਨ, ਸਿਟੀ ਫ਼ਾਊਂਡੇਸ਼ਨ, ਐਚ.ਐਸ.ਬੀ.ਸੀ. ਬੈਂਕ ਅਤੇ ਹੋਰ ਕੁੱਝ ਲੋਕ ਵਿਅਕਤੀਗਤ ਤੌਰ ਉਤੇ ਦਾਨ ਜਾਂ ਗ੍ਰਾਂਟਸ ਦਿੰਦੇ ਹਨ। ਇਨ੍ਹਾਂ ਵੱਲੋਂ ਦਿੱਤੀ ਹੋਈ ਰਕਮ ਦੇ ਦਮ ਉਤੇ ਹੀ 'ਪਰਿਣਾਮ' ਦੇ ਸਾਰੇ ਕੰਮਕਾਜ ਹੁੰਦੇ ਹਨ।

ਮਲਿਕਾ ਦੀ ਪਹਿਲਾ ਦਾ ਹੀ ਇਹ ਨਤੀਜਾ ਸੀ ਕਿ 'ਪਰਿਣਾਮ' ਨੇ ਆਪਣੇ ਵਿੱਤੀ ਮਾਮਲਿਆਂ ਨੂੰ ਬਿਨਾਂ ਕਿਸੇ ਢਿੱਲ ਅਤੇ ਗ਼ਲਤੀਆਂ ਦੇ ਚਲਾਇਆ। 'ਪਰਿਣਾਮ' 'ਚ ਬਹੁਤ ਘੱਟ ਰੁਪਏ ਪ੍ਰਸ਼ਾਸਨਿਕ ਕੰਮਾਂ ਉਤੇ ਖ਼ਰਚ ਕੀਤੇ ਜਾਂਦੇ ਹਨ। ਵੱਧ ਤੋਂ ਵੱ ਰਕਮ ਗ਼ਰੀਬਾਂ ਦੇ ਕਲਿਆਣ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਲਾਈ ਜਾਂਦੀ ਹੈ।

'ਪਰਿਣਾਮ' ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਗ਼ਰੀਬ ਲਾਭ-ਪਾਤਰੀਆਂ ਲਈ ਕੋਈ ਫ਼ੀਸ ਜਾਂ ਕੋਈ ਰਕਮ ਨਹੀਂ ਲੈਂਦੀ।

2010 ਵਿੱਚ ਜਦੋਂ ਮਲਿਕਾ 'ਪਰਿਣਾਮ' ਨਾਲ ਜੁੜੇ ਸਨ, ਤਦ ਸੰਸਥਾ ਕੁੱਝ ਵਿਦਿਅਕ ਪ੍ਰੋਗਰਾਮ ਅਤੇ ਸਮਰ ਕੈਂਪ ਚਲਾਉਂਦੀ ਸੀ। ਮਲਿਕਾ ਨੇ 'ਪਰਿਣਾਮ' ਦੇ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ। ਨਵੇਂ ਪ੍ਰੋਗਰਾਮ ਅਰੰਭੇ। ਨਵੀਆਂ ਯੋਜਨਾਵਾਂ ਲਾਗੂ ਕੀਤੀਆਂ। ਕਈ ਵੱਡੇ ਅਤੇ ਕ੍ਰਾਂਤੀਕਾਰੀ ਕਦਮ ਚੁੱਕੇ। ਮਲਿਕਾ ਦੀਆਂ ਕੋਸ਼ਿਸ਼ਾਂ ਅਤੇ ਮਿਹਨਤ ਨੇ ਹੀ 'ਅਲਟ੍ਰਾ ਪੂਅਰ ਪ੍ਰੋਗਰਾਮ' ਨੂੰ ਕਾਮਯਾਬ ਬਣਾਇਆ। ਇਹ ਪ੍ਰੋਗਰਾਮ ਅੱਜ ਕਈ ਸੰਸਥਾਵਾਂ ਲਈ ਇੱਕ ਮਾੱਡਲ ਹੈ। ਇਸ ਪ੍ਰੋਗਰਾਮ ਦਾ ਮੰਤਵ ਹੈ ਗ਼ਰੀਬਾਂ 'ਚ ਵੀ ਸਭ ਤੋਂ ਗ਼ਰੀਬ ਲੋਕਾਂ ਭਾਵ ਅੰਤਾਂ ਦੇ ਗ਼ਰੀਬ ਲੋਕਾਂ ਦੀ ਵਿੱਤੀ ਸਹਾਇਤਾ ਕਰਨੀ। ਮਲਿਕਾ ਦੀ ਮਾਂ ਨੂੰ ਆਪਣੇ ਕੰਮ-ਕਾਜ ਦੌਰਾਨ ਇਹ ਪਤਾ ਚੱਲਿਆ ਕਿ ਲੋਕ ਗ਼ਰੀਬਾਂ ਦੀ ਮਦਦ ਤਾਂ ਕਰਦੇ ਹਨ ਪਰ ਬਹੁਤ ਜ਼ਿਆਦਾ ਗ਼ਰੀਬ ਵੱਲ ਕੋਈ ਨਹੀਂ ਵੇਖਦਾ। ਸੰਸਥਾਵਾਂ ਅਤੇ ਬੈਂਕਾਂ ਨੂੰ ਲਗਦਾ ਹੈ ਕਿ ਬਹੁਤ ਜ਼ਿਆਦਾ ਗ਼ਰੀਬ ਲੋਕ ਕਰਜ਼ੇ ਦੇ ਪੈਸੇ ਵਾਪਸ ਨਹੀਂ ਕਰ ਸਕਦੇ ਪਰ ਮਲਿਕਾ ਦੀ ਮਾਂ ਨੇ ਧਾਰ ਲਿਆ ਕਿ ਉਹ ਬਹੁਤ ਜ਼ਿਆਦਾ ਗ਼ਰੀਬ ਲੋਕਾਂ ਨੂੰ ਘੱਟ ਵਿਆਜ ਉਤੇ ਰੁਪਏ ਦੇਣਗੇ ਅਤੇ ਅਜਿਹਾ ਕਰਦਿਆਂ ਉਨ੍ਹਾਂ ਨੂੰ ਵੀ ਕਾਰੋਬਾਰ ਕਰਨ ਅਤੇ ਰੁਪਏ ਕਮਾਉਣ ਦਾ ਮੌਕਾ ਦਿਵਾਉਣਗੇ। ਮਾਂ ਦੀ ਇਸ ਯੋਜਨਾ ਨੂੰ ਮਲਿਕਾ ਨੇ ਸਾਕਾਰ ਰੂਪ ਦਿੱਤਾ।

ਮਲਿਕਾ ਨੇ ਆਪਣੀ ਮਾਂ ਅਤੇ ਖ਼ੁਦ ਦੀ ਸੰਸਥਾ 'ਪਰਿਣਾਮ' ਦਾ ਆਪਣੇ ਪਿਤਾ ਸਮਿਤ ਦੇ ਸੰਗਠਨ 'ਉਜੀਵਨ' ਨਾਲ ਰਸਮੀ ਸਮਝੌਤਾ ਕਰਵਾਇਆ ਅਤੇ ਅੰਤਾਂ ਦੇ ਗ਼ਰੀਬ ਲੋਕਾਂ ਨੂੰ ਆਰਥਿਕ ਮਦਦ ਦੇਣੀ ਸ਼ੁਰੂ ਕੀਤੀ। 'ਪਰਿਣਾਮ' ਨੇ 50 ਹਜ਼ਾਰ ਰੁਪਏ ਦੇ ਬੈਂਕ ਖਾਤੇ ਖੁਲ੍ਹਵਾਏ ਹਨ ਅਤੇ ਗ਼ਰੀਬ ਲੋਕਾਂ ਨੂੰ ਬੱਚਤ ਕਰਨ ਲਈ ਪ੍ਰੇਰਿਤ ਕੀਤਾ ਹੈ। 700 ਤੋਂ ਵੱਧ ਅੰਤਾਂ ਦੇ ਗ਼ਰੀਬ ਪਰਿਵਾਰ 'ਅਲਟ੍ਰਾ ਪੂਅਰ ਪ੍ਰੋਗਰਾਮ' ਦਾ ਲਾਭ ਉਠਾ ਚੁੱਕੇ ਹਨ।

'ਪਰਿਣਾਮ' ਦੀ ਇੱਕ ਹੋਰ ਯੋਜਨਾ ਬਹੁਤ ਹੀ ਕਾਮਯਾਬ ਰਹੀ। ਇਸ ਯੋਜਨਾ ਦਾ ਨਾਮ ਹੈ 'ਦੀਕਸ਼ਾ'। ਇਸ ਯੋਜਨਾ ਰਾਹੀਂ ਗ਼ਰੀਬ ਅਤੇ ਅੰਤਾਂ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਨ-ਲਿਖਣ ਦਾ ਮੌਕਾ ਦਿੱਤਾ ਗਿਆ। 75 ਹਜ਼ਾਰ ਤੋਂ ਵੱਧ ਬੱਚੇ ਇਸ ਯੋਜਨਾ ਦਾ ਲਾਭ ਲੈ ਕੇ ਸਿੱਖਿਅਤ ਹੋ ਚੁੱਕੇ ਹਨ।

'ਪਰਿਣਾਮ' ਨਾਂਅ ਦੀ ਇਹ ਸੰਸਥਾ ਹੋਰ ਵੀ ਕਈ ਪ੍ਰੋਗਰਾਮ ਚਲਾ ਰਹੀ ਹੈ। ਟੀਚਾ ਇੱਕੋ ਹੈ - ਅੰਤਾਂ ਦੇ ਗ਼ਰੀਬ ਅਤੇ ਗ਼ਰੀਬ ਲੋਕਾਂ ਨੂੰ ਸਵੈ-ਨਿਰਭਰ ਬਣਾਉਣਾ, ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣਾ, ਕਾਰੋਬਾਰ ਕਰਨ ਲਈ ਪ੍ਰੇਰਿਤ ਕਰਨਾ, ਸਿੱਖਿਆ ਅਤੇ ਸਿਹਤ ਸਬੰਧੀ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ।

ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ 'ਪਰਿਣਾਮ' ਨੇ ਝੁੱਗੀਆਂ-ਬਸਤੀਆਂ ਵਿੱਚ ਰਹਿਣ ਵਾਲੇ ਅਤੇ ਦੂਜੇ ਕਈ ਪਰਿਵਾਰਾਂ ਨੂੰ ਗ਼ਰੀਬੀ 'ਚੋਂ ਬਾਹਰ ਕੱਢ ਕੇ ਉਨ੍ਹਾਂ ਦਾ ਜੀਵਨ ਪੱਧਰ ਉਤਾਂਹ ਚੁੱਕਿਆ ਹੈ। 'ਪਰਿਣਾਮ' ਦੀ ਸਥਾਪਨਾ ਕਰਨ ਵਾਲੇ ਇਲਿਆਨੇ ਨਵੰਬਰ 2013 'ਚ ਇਹ ਦੁਨੀਆਂ ਛੱਡ ਕੇ ਚਲੇ ਗਏ।

ਤਦ ਤੋਂ ਮਲਿਕਾ ਇਕੱਲਿਆਂ ਹੀ 'ਪਰਿਣਾਮ' ਨੂੰ ਅੱਗੇ ਵਧਾ ਰਹੇ ਹਨ। ਆਪਣੇ ਨਵੇਂ ਵਿਚਾਰਾਂ, ਅਣਥੱਕ ਜਤਨਾਂ ਨਾਲ ਮਲਿਕਾ ਆਪਣੀ ਮਾਂ ਦੇ ਵਿਖਾਏ ਰਾਹ ਉਤੇ ਚਲਦਿਆਂ ਅੰਤਾਂ ਦੇ ਗ਼ਰੀਬਾਂ ਅਤੇ ਹੋਰ ਗ਼ਰੀਬ ਲੋਕਾਂ ਦੇ ਜੀਵਨਾਂ ਵਿੱਚ ਵੀ ਖ਼ੁਸ਼ੀਆਂ ਲਿਆ ਰਹੇ ਹਨ।

Add to
Shares
0
Comments
Share This
Add to
Shares
0
Comments
Share
Report an issue
Authors

Related Tags