ਸੰਸਕਰਣ
Punjabi

ਛੂਤਛਾਤ, ਗ਼ਰੀਬੀ, ਬਾਲ-ਵਿਆਹ, ਘਰੇਲੂ ਹਿੰਸਾ ਅਤੇ ਸ਼ੋਸ਼ਣ ਦੀ ਸ਼ਿਕਾਰ ਇੱਕ ਔਰਤ ਦੀ ਪ੍ਰੇਰਕ ਕਹਾਣੀ

8th Nov 2015
Add to
Shares
0
Comments
Share This
Add to
Shares
0
Comments
Share

ਕਲਪਨਾ ਸਰੋਜ ਦੀ ਗਿਣਤੀ ਭਾਰਤ ਦੇ ਸਫ਼ਲ ਉਦਮੀਆਂ ਅਤੇ ਉਦਯੋਗਪਤੀਆਂ ਵਿੱਚ ਹੁੰਦੀ ਹੈ। ਉਹ ਕਈ ਕੰਪਨੀਆਂ ਚਲਾਉਂਦੇ ਹਨ ਅਤੇ ਕਰੋੜਾਂ ਰੁਪਏ ਦੀ ਧਨ-ਦੌਲਤ ਦੇ ਮਾਲਕਣ ਹਨ। ਸਮਾਜ-ਸੇਵਾ ਕਾਰਣ ਉਨ੍ਹਾਂ ਦੀ ਇੱਜ਼ਤ ਅਤੇ ਸ਼ੋਹਰਤ ਨੂੰ ਤਾਂ ਜਿਵੇਂ ਚਾਰ ਚੰਨ ਹੀ ਲੱਗ ਗਏ ਹਨ।

image


ਪਰ ਕਲਪਨਾ ਸਰੋਜ ਦੀ ਸੱਚੀ ਜੀਵਨ-ਕਹਾਣੀ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ, ਉਹ ਕਲਪਨਾ ਤੋਂ ਵੀ ਪਰ੍ਹਾਂ ਹਨ। ਕਹਾਣੀ ਵਿੱਚ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਹੈ। ਗੋਬਰ ਦੀਆਂ ਪਾਥੀਆਂ ਬਣਾ ਕੇ ਵੇਚਣ ਵਾਲੀ ਇੱਕ ਦਲਿਤ ਕੁੜੀ ਅੱਗੇ ਚੱਲਕੇ ਮਸ਼ਹੂਰ ਕਾਰੋਬਾਰੀ ਅਤੇ ਕਰੋੜਪਤੀ ਬਣਨ ਦੀ ਅਨੋਖੀ ਦਾਸਤਾਨ ਵੀ ਹੈ।

ਛੂਤਛਾਤ, ਗ਼ਰੀਬੀ, ਬਾਲ-ਵਿਆਹ, ਸਹੁਰੇ ਪਰਿਵਾਰ ਦੇ ਮੈਂਬਰਾਂ ਹੱਥੋਂ ਸ਼ੋਸ਼ਣ, ਅਪਮਾਨ, ਨਿੰਦਾ - ਇਹ ਸਭ ਮਹਿਸੂਸ ਕੀਤਾ ਹੈ ਕਲਪਨਾ ਲੇ। ਕਲਪਨਾ ਨੇ ਇੱਕ ਵਾਰ ਤਾਂ ਹਾਲਾਤ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

ਕਈ ਲੋਕਾਂ ਦੀ ਰਾਇ ਵਿੱਚ ਕਲਪਨਾ ਸਰੋਜ ਦੀ ਕਹਾਣੀ ਫ਼ਿਲਮੀ ਕਹਾਣੀ ਵਰਗੀ ਜਾਪਦੀ ਹੈ ਪਰ ਇਸ ਗੱਲ ਵਿੱਚ ਕੋਈ ਵੀ ਦੋ ਰਾਇ ਨਹੀਂ ਕਿ ਦੁੱਖ-ਦਰਦ ਅਤੇ ਪੀੜ ਤੋਂ ਅਰੰਭ ਹੋ ਕੇ ਵੱਡੀ ਕਾਮਯਾਬੀ ਅਤੇ ਉਚੇ ਮੁਕਾਮ ਹਾਸਲ ਕਰਨ ਦੀ ਇਹ ਕਹਾਣੀ ਲੋਕਾਂ ਨੂੰ ਪ੍ਰੇਰਣਾ ਦੇਣ ਵਾਲੀ ਹੈ।

ਕਲਪਨਾ ਸਰੋਜ ਦਾ ਜਨਮ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਰੋਪਰਖੇੜਾ ਪਿੰਡ ਵਿੱਚ ਰਹਿੰਦੇ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ। ਕਲਪਨਾ ਦੇ ਜਨਮ ਸਮੇਂ ਦਲਿਤਾਂ ਦੀ ਹਾਲਤ ਠੀਕ ਨਹੀਂ ਸੀ। ਦਲਿਤਾਂ ਨਾਲ ਪਿੰਡ ਵਿੱਚ ਕਾਫ਼ੀ ਭੇਦ-ਭਾਵ ਕੀਤਾ ਜਾਂਦਾ ਸੀ ਅਤੇ ਅਕਸਰ ਉਹ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਸਨ। ਛੂਤਛਾਤ ਵੀ ਸੀ।

ਕਲਪਨਾ ਦੇ ਪਿਤਾ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਸਨ। ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਬਹੁਤ ਪੜ੍ਹੇ-ਲਿਖੇ। ਪਿਤਾ ਨੇ ਕਲਪਨਾ ਦਾ ਦਾਖ਼ਲਾ ਇੱਕ ਸਕੂਲ ਵਿੱਚ ਕਰਵਾ ਦਿੱਤਾ। ਦਲਿਤ ਹੋਣ ਕਾਰਣ ਕਲਪਨਾ ਨਾਲ ਕੁੱਝ ਵੱਖਰਾ ਜਿਹਾ ਵਿਵਹਾਰ ਕੀਤਾ ਜਾਂਦਾ। ਉਸ ਨੂੰ ਉਸ ਦੇ ਕਈ ਦੋਸਤਾਂ ਦੇ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ ਸੀ। ਸਕੂਲ ਦੇ ਕਈ ਪ੍ਰੋਗਰਾਮਾਂ ਵਿੱਚ ਵੀ ਉਸ ਨੂੰ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਕੁੱਝ ਬੱਚੇ ਤਾਂ ਕਲਪਨਾ ਨੂੰ ਛੋਹਣ ਦੇ ਨਾਂਅ ਤੋਂ ਵੀ ਦੂਰ ਨੱਸਦੇ ਸਨ। ਇਸ ਭੇਦ-ਭਾਵ ਉਤੇ ਕਲਪਨਾ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਕਰ ਕੁੱਝ ਨਾ ਸਕਦੀ। ਅਪਮਾਨ ਦੇ ਘੁੱਟ ਪੀ ਕੇ ਉਸ ਨੂੰ ਚੁੱਪ ਹੀ ਰਹਿਣਾ ਪੈਂਦਾ। ਬਚਪਨ ਵਿੱਚ ਪਰਿਵਾਰ ਦੀ ਮਦਦ ਕਰਨ ਅਤੇ ਰੁਪਏ ਇਕੱਠੇ ਕਰਨ ਦੇ ਮੰਤਵ ਨਾਲ ਕਲਪਨਾ ਨੇ ਗੋਬਰ ਦੀਆਂ ਪਾਥੀਆਂ ਵੀ ਵੇਚੀਆਂ।

ਪਰ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਦਬਾਅ ਹੇਠ ਆ ਕੇ ਕਲਪਨਾ ਦਾ ਵਿਆਹ ਕਰ ਦਿੱਤਾ ਗਿਆ। 12 ਸਾਲ ਦੀ ਉਮਰ ਵਿੱਚ ਹੀ ਕਲਪਨਾ ਦਾ ਵਿਆਹ ਕਰ ਦਿੱਤਾ ਗਿਆ ਸੀ। ਉਸ ਦਾ ਵਿਆਹ ਉਸ ਤੋਂ 10 ਸਾਲ ਵੱਡੇ ਇੱਕ ਵਿਅਕਤੀ ਨਾਲ ਕੀਤਾ ਗਿਆ। ਵਿਆਹ ਕਰ ਕੇ ਕਲਪਨਾ ਨੂੰ ਸਕੂਲੀ ਪੜ੍ਹਾਈ ਅਧਵਾਟੇ ਹੀ ਛੱਡਣੀ ਪਈ।

ਕਲਪਨਾ ਦਾ ਪਤੀ ਉਸ ਨੂੰ ਆਪਣੇ ਨਾਲ ਮੁੰਬਈ ਲੈ ਗਿਆ। ਮੁੰਬਈ ਪੁੱਜਣ ਤੋਂ ਬਾਅਦ ਹੀ ਕਲਪਲਾ ਨੂੰ ਇਹ ਪਤਾ ਲੱਗਾ ਕਿ ਉਸ ਦਾ ਪਤੀ ਝੁੱਗੀ ਬਸਤੀ ਵਿੱਚ ਰਹਿੰਦਾ ਹੈ। ਸਮੱਸਿਆ ਉਸ ਵੇਲੇ ਹੋਰ ਵੱਡੀ ਹੋ ਗਈ, ਜਦੋਂ ਜੇਠ ਅਤੇ ਜੇਠਾਣੀ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਨਿੱਕੀਆਂ-ਨਿੱਕੀਆਂ ਗੱਲਾਂ ਉਤੇ ਜੇਠ ਅਤੇ ਜੇਠਾਣੀ ਕਲਪਨਾ ਨੂੰ ਕੁੱਟਣ-ਮਾਰਨ ਲੱਗੇ।

ਉਸ ਲਈ ਮਾੜੇ ਸ਼ਬਦਾਂ ਦੀ ਵਰਤੋਂ ਤਾਂ ਆਮ ਜਿਹੀ ਗੱਲ ਹੋ ਗਈ ਸੀ। ਜੇਠ-ਜੇਠਾਣੀ ਦਾ ਸਲੂਕ ਇੰਨਾ ਮਾੜਾ ਹੁੰਦਾ ਕਿ ਉਹ ਕਲਪਨਾ ਦੇ ਵਾਲ਼ ਫੜ ਕੇ ਪੁੱਟਦੇ ਅਤੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੇ ਜ਼ਖ਼ਮੀ ਤੱਕ ਕਰ ਦਿੰਦੇ। ਕਲਪਨਾ ਨੂੰ ਖਾਣ ਲਈ ਸਮੇਂ ਉਤੇ ਭੋਜਨ ਵੀ ਨਾ ਦਿੱਤਾ ਜਾਂਦਾ। ਉਸ ਨੂੰ ਪਰੇਸ਼ਾਨ ਕਰਨ ਲਈ ਉਸ ਨੂੰ ਭੁੱਖੀ ਵੀ ਰੱਖਿਆ ਜਾਂਦਾ। ਕਲਪਨਾ ਲਈ ਉਹ ਦਿਨ ਬਹੁਤ ਦੁੱਖ ਤੇ ਦਰਦ ਭਰੇ ਸਨ।

ਕਲਪਨਾ ਦੇ ਪਿਤਾ ਜਦੋਂ ਉਸ ਨੂੰ ਮਿਲਣ ਲਈ ਮੁੰਬਈ ਗਏ, ਤਾਂ ਉਸ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ। ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ। ਆਪਣੀ ਪਿਆਰੀ ਧੀ ਨੂੰ ਪਾਟੇ-ਪੁਰਾਣੇ ਕੱਪੜਿਆਂ ਅਤੇ ਉਸ ਦੇ ਸਰੀਰ ਉਤੇ ਸ਼ੋਸ਼ਣ ਦੇ ਨਿਸ਼ਾਨ ਵੇਖ ਕੇ ਉਹ ਸਹਿਮ ਗਏ। ਉਨ੍ਹਾਂ ਫ਼ੈਸਲਾ ਕਰ ਲਿਆ ਕਿ ਉਹ ਇੱਕ ਛਿਣ ਵੀ ਆਪਣੀ ਧੀ ਨੂੰ ਮੁੰਬਈ ਵਿੱਚ ਨਹੀਂ ਰੱਖਣਗੇ। ਉਹ ਕਲਪਨਾ ਨੂੰ ਆਪਣੇ ਨਾਲ ਵਾਪਸ ਪਿੰਡ ਲੈ ਕੇ ਚਲੇ ਗਏ।

ਕਲਪਨਾ ਨੇ ਸਿਲਾਈ, ਬੁਣਾਈ ਜਿਹੇ ਕੰਮ ਕਰ ਕੇ ਆਪਣਾ ਸਮਾਂ ਕੱਟਣਾ ਸ਼ੁਰੂ ਕੀਤਾ। ਉਸ ਨੇ ਸਕੂਲ ਵਿੱਚ ਮੁੜ ਦਾਖ਼ਲਾ ਲੈ ਲਿਆ। ਉਸ ਨੇ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਲ ਕਰਨ ਦਾ ਜਤਨ ਵੀ ਕੀਤਾ ਪਰ ਕਾਮਯਾਬ ਨਾ ਹੋ ਸਕੀ। ਕੁੱਝ ਦਿਨਾਂ ਬਾਅਦ ਪਿੰਡ ਵਿੱਚ ਵੀ ਕਲਪਾ ਲਈ ਹਾਲਾਤ ਵਿਗੜਨ ਲੱਗੇ। ਪਿੰਡ ਦੀਆਂ ਕਈ ਕੁੜੀਆਂ ਅਤੇ ਔਰਤਾਂ ਕਲਪਨਾ ਨੂੰ ਤਾਅਨੇ ਮਾਰਦੀਆਂ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀਆਂ। ਇਸ ਸਭ ਤੋਂ ਤੰਗ ਆ ਕੇ ਕਲਪਨਾ ਨੇ ਇੱਕ ਦਿਨ ਤਾਂ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਕੀਟਨਾਸ਼ਕ ਪੀ ਲਿਆ। ਇਸ ਤੋਂ ਬਾਅਦ ਉਹ ਜ਼ਮੀਨ ਉਤੇ ਡਿੱਗ ਪਈ ਅਤੇ ਉਸ ਦੇ ਮੂੰਹ ਵਿਚੋਂ ਝੱਗ ਨਿੱਕਲਣ ਲੱਗ ਪਈ। ਤਦ ਕਲਪਨਾ ਦੀ ਇੱਕ ਰਿਸ਼ਤੇਦਾਰ ਨੇ ਉਸ ਨੂੰ ਇਸ ਹਾਲਤ ਵਿੱਚ ਵੇਖ ਲਿਆ ਅਤੇ ਹੋਰਨਾਂ ਨੂੰ ਇਸ ਬਾਰੇ ਦੱਸਿਆ। ਕਲਪਨਾ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਜਾਨ ਬਚਾ ਲਈ ਗਈ।

ਹਸਪਤਾਲ ਤੋਂ ਪਰਤਣ ਪਿੱਛੋਂ ਕਲਪਨਾ ਨੇ ਸੰਕਲਪ ਲਿਆ। ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਉਤੇ ਜੀਵੇਗੀ ਅਤੇ ਦੁਨੀਆਂ ਵਿੱਚ ਕੁੱਝ ਵੱਡਾ ਹਾਸਲ ਕਰ ਕੇ ਰਹੇਗੀ। ਆਪਣੇ ਫ਼ੈਸਲੇ ਨੂੰ ਸਾਕਾਰ ਕਰਨ ਲਈ ਉਸ ਨੇ ਪਿੰਡ ਛੱਡਣ ਅਤੇ ਮੁੜ 'ਸੁਫ਼ਨਿਆਂ ਦੀ ਨਗਰੀ' ਮੁੰਬਈ ਜਾਣ ਦਾ ਫ਼ੈਸਲਾ ਕੀਤਾ। ਉਹ ਹੁਣ ਨਹੀਂ ਚਾਹੁੰਦੀ ਸੀ ਕਿ ਆਪਣੇ ਮਾਤਾ-ਪਿਤਾ ਉਤੇ ਇੱਕ ਬੋਝ ਬਣ ਕੇ ਰਹੇ। ਉਹ ਚਾਹੁੰਦੀ ਸੀ ਕਿ ਉਹ ਆਜ਼ਾਦ ਤੌਰ ਉਤੇ ਵਿਚਰੇ ਅਤੇ ਆਪਣੇ ਖ਼ਰਚਿਆਂ ਲਈ ਖ਼ੁਦ ਕਮਾਵੇ।

ਕਲਪਨਾ ਨੇ ਇਸ ਵਾਰ ਮੁੰਬਈ ਆਉਣ ਤੋਂ ਬਾਅਦ ਆਪਣੇ ਇੱਕ ਭਰੋਸੇਮੰਦ ਰਿਸ਼ਤੇਦਾਰ ਕੋਲ ਰਹਿਣਾ ਸ਼ੁਰੂ ਕੀਤਾ। ਉਸ ਨੇ ਸਿਲਾਈ ਮਸ਼ੀਨ ਨੂੰ ਕਮਾਈ ਦਾ ਵਸੀਲਾ ਬਣਾਇਆ। ਕੁੱਝ ਦਿਨਾਂ ਤੱਕ ਉਸ ਨੇ ਇੱਕ ਹੌਜ਼ਰੀ ਦੀ ਦੁਕਾਨ ਵਿੱਚ ਕੰਮ ਕੀਤਾ। ਇਸ ਸਟੋਰ ਵਿੱਚ ਕੰਮ ਲਈ ਕਲਪਨਾ ਨੂੰ ਰੋਜ਼ਾਨਾ ਕੇਵਲ ਦੋ ਰੁਪਏ ਦਿੱਤੇ ਜਾਂਦੇ।

ਕੰਮ ਇਵੇਂ ਹੀ ਚੱਲ ਰਿਹਾ ਸੀ ਕਿ ਕਲਪਨਾ ਦੀ ਇੱਕ ਭੈਣ ਬੀਮਾਰ ਪੈ ਗਈ। ਕਲਪਨਾ ਦੀ ਕਮਾਈ ਦੇ ਰੁਪਇਆਂ ਨਾਲ ਉਸ ਦੀ ਜਾਨ ਨਾ ਬਚ ਸਕੀ। ਇਸ ਵਾਰ ਕਲਪਨਾ ਨੇ ਫਿਰ ਇੱਕ ਵੱਡਾ ਫ਼ੈਸਲਾ ਲਿਆ। ਉਸ ਨੇ ਮਨ ਵਿੱਚ ਧਾਰ ਲਿਆ ਕਿ ਪੈਸੇ ਕਮਾਉਣ ਦੇ ਨਾਲ-ਨਾਲ ਉਸ ਨੂੰ ਕੁੱਝ ਅਜਿਹਾ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਉਸ ਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇ।

ਉਸ ਨੇ ਖ਼ੁਦ ਕਾਰੋਬਾਰ ਕਰਨ ਦਾ ਮਨ ਬਣਾ ਲਿਆ ਅਤੇ ਕਾਰੋਬਾਰ ਦੇ ਸਾਧਨ ਲੱਭਣੇ ਸ਼ੁਰੂ ਕੀਤੇ। ਉਸ ਨੇ ਫ਼ਰਨੀਚਰ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਕਾਰੋਬਾਰ ਦੌਰਾਨ ਉਸ ਦੀ ਮੁਲਾਕਾਤ ਇੱਕ ਅਜਿਹੇ ਫ਼ਰਨੀਚਰ ਕਾਰੋਬਾਰੀ ਨਾਲ ਹੋਈ ਕਿ ਜਿਸ ਨੇ ਉਸ ਦਾ ਮਨ ਜਿੱਤ ਲਿਆ। ਕਲਪਨਾ ਨੇ ਇਸ ਕਾਰੋਬਾਰੀ ਨਾਲ ਵਿਆਹ ਰਚਾਇਆ। ਦੋਵਾਂ ਦੇ ਦੋ ਬੱਚੇ ਵੀ ਹੋਏ ਪਰ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਕਲਪਨਾ ਨੂੰ ਵੱਡਾ ਝਟਕਾ ਲੱਗਾ। 1989 'ਚ ਉਸ ਦੇ ਕਾਰੋਬਾਰੀ ਪਤੀ ਦੀ ਮੌਤ ਹੋ ਗਈ।

ਕਲਪਨਾ ਨੂੰ ਆਪਣੇ ਪਤੀ ਤੋਂ ਵਿਰਾਸਤ ਵਿੱਚ ਅਲਮਾਰੀ ਬਣਾਉਣ ਦਾ ਇੱਕ ਕਾਰਖਾਨਾ ਮਿਲਿਆ ਸੀ। ਪਰ ਉਹ ਕਾਰਖਾਨਾ ਘਾਟੇ ਵਿੱਚ ਚੱਲ ਰਿਹਾ ਸੀ। ਆਪਣੇ ਬੱਚਿਆਂ ਦੀਆਂ ਖ਼ੁਸ਼ੀਆਂ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਤੇ ਹੋਰ ਜ਼ਰੂਰਤਾਂ ਲਈ ਕਲਪਨਾ ਨੇ ਉਸ ਬੀਮਾਰ ਕਾਰਖਾਨੇ ਨੂੰ ਮੁੜ ਤੋਂ ਮੁਨਾਫ਼ੇ ਵਿੱਚ ਲਿਆਉਣ ਲਈ ਪੂਰੀ ਤਾਕਤ ਲਾ ਦਿੱਤੀ।

ਕਲਪਨਾ ਨੇ 1995 'ਚ ਜ਼ਮੀਨ ਜਾਇਦਾਦ ਦਾ ਵੀ ਕਾਰੋਬਾਰ ਅਰੰਭਿਆ। 1997 'ਚ ਇੱਕ ਵਿੱਤੀ ਸੰਸਥਾਨ ਦੀ ਮਦਦ ਨਾਲ ਕਲਪਨਾ ਨੇ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕੰਪਲੈਕਸ ਦਾ ਨਿਰਮਾਣ ਕੀਤਾ। ਕੁੱਝ ਦਿਨਾਂ ਪਿੱਛੋਂ ਇਸ ਕੰਪਲੈਕਸ ਨੂੰ ਵੇਚ ਕੇ ਮੁਨਾਫ਼ਾ ਕਮਾਇਆ।

ਇੰਝ ਹੌਲੀ-ਹੌਲੀ ਕਲਪਨਾ ਨੇ ਨਿਰਮਾਣ ਉਦਯੋਗ ਅਤੇ ਰੀਅਲ ਐਸਟੇਟ 'ਚ ਵੀ ਆਪਣੇ ਪੈਰ ਜਮਾ ਲਏ।

ਮੁਨਾਫ਼ੇ ਦੀ ਇੱਕ ਵੱਡੀ ਰਕਮ ਉਸ ਨੇ ਗੰਨਾ ਉਦਯੋਗ ਵਿੱਚ ਵੀ ਲਾਈ। ਉਸ ਸਨੇ ਅਹਿਮਦਨਗਰ ਦੇ ਸਾਈਂ ਕ੍ਰਿਪਾ ਸ਼ੱਕਰ ਕਾਰਖਾਨੇ ਦੇ ਸ਼ੇਅਰ ਖ਼ਰੀਦੇ, ਜਿਸ ਨਾਲ ਉਹ ਕੰਪਨੀ ਦੀ ਡਾਇਰੈਕਟਰ ਬਣ ਗਈ। ਕਲਪਨਾ ਨੇ ਛੇਤੀ ਹੀ ਇੱਕ ਸਫ਼ਲ ਕਾਰੋਬਾਰੀ ਅਤੇ ਉਦਮੀ ਵਜੋਂ ਨਾਂਅ ਕਮਾਇਆ ਅਤੇ ਆਪਣੀ ਵੱਖਰੀ ਪਛਾਣ ਬਣਾ ਲਈ।

ਅਤੇ ਇਸੇ ਦੌਰਾਨ ਆਇਆ ਜ਼ਿੰਦਗੀ ਅਤੇ ਕਾਮਯਾਬੀ ਨੂੰ ਇੱਕ ਨਵੇਂ ਮੁਕਾਮ ਉਤੇ ਲਿਜਾਣ ਦਾ ਮੌਕਾ।

ਸਾਲ 2006 'ਚ ਕਲਪਨਾ ਦੀ ਕੰਪਨੀ 'ਸਰੋਜ ਐਂਡ ਐਸੋਸੀਏਟਸ' ਨੂੰ 'ਕਮਾਨੀ ਟਿਊਬਜ਼' ਟੇਕ-ਓਵਰ ਕਰਨ ਦੀ ਪੇਸ਼ਕਸ਼ ਕੀਤੀ ਗਈ। ਕਲਪਨਾ ਸਰੋਜ ਦੀ ਸ਼ੋਹਰਤ ਇੰਨੀ ਕੁ ਹੋ ਚੁੱਕੀ ਸੀ ਕਿ ਕਮਾਨੀ ਟਿਊਬਜ਼ ਦੇ ਮਾਲਕਾਂ ਨੂੰ ਲੱਗਾ ਕਿ ਘਾਟੇ ਵਿੱਚ ਚੱਲ ਰਹੀ ਇਸ ਬੀਮਾਰ ਕੰਪਨੀ ਨੂੰ ਕਲਪਨਾ ਹੀ ਲੈ ਸਕਦੀ ਹੈ।

ਕਮਾਨੀ ਟਿਊਬਜ਼ ਦੀ ਸ਼ੁਰੂਆਤ ਪ੍ਰਸਿੱਧ ਉਦਯੋਗਪਤੀ ਰਾਮਜੀ ਕਮਾਨੀ ਨੇ ਕੀਤੀ ਸੀ। ਰਾਮਜੀ ਕਮਾਨੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਦੇ ਬਹੁਤ ਕਰੀਬੀ ਸਨ। ਕਮਾਨੀ ਪਰਿਵਾਰ ਵਿੱਚ ਉਭਰੇ ਮਤਭੇਦਾਂ ਦਾ ਕੰਪਨੀ ਦੇ ਕੰਮਕਾਜ ਅਤੇ ਕਾਰੋਬਾਰ ਉਤੇ ਮਾੜਾ ਅਸਰ ਪਿਆ ਸੀ। ਇੱਕ ਸਮੇਂ ਤਾਂ ਕੰਪਨੀ ਬੰਦ ਹੋਣ ਕੰਢੇ ਪੁੱਜ ਗਈ ਸੀ। ਪਰ ਅਦਾਲਤ ਦੇ ਦਖ਼ਲ ਤੋਂ ਬਾਅਦ ਮਜ਼ਦੂਰ ਯੂਨੀਅਨ ਨੇ ਕੰਪਨੀ ਚਲਾਈ ਪਰ ਕੰਪਨੀ ਕਾਮਯਾਬ ਨਾ ਰਹੀ। 1997 ਤੱਕ ਕੰਪਨੀ ਦਾ ਘਾਟਾ ਵਧ ਕੇ 160 ਕਰੋੜ ਰੁਪਏ ਦਾ ਹੋ ਗਿਆ ਸੀ। 2006 'ਚ ਕਲਪਨਾ ਸਰੋਜ ਦੇ ਹੱਥੋਂ ਕੰਪਨੀ ਦੀ ਜ਼ਿੰਮੇਵਾਰੀ ਆਈ, ਤਾਂ ਦਿਨ ਫਿਰ ਗਏ। ਕਲਪਨਾ ਸਰੋਜ ਨੇ ਕਮਾਨੀ ਟਿਊਬਜ਼ ਨੂੰ ਮੁੜ ਮੁਨਾਫ਼ੇ ਵਿੱਚ ਲਿਆਉਣ ਨੂੰ ਇੱਕ ਚੁਣੌਤੀ ਵਜੋਂ ਲਿਆ। ਆਪਣੇ ਨਵੇਂ-ਨਵੇਂ ਵਿਚਾਰਾਂ, ਪ੍ਰਯੋਗਾਂ, ਮਜ਼ਦੂਰਾਂ ਦੀ ਮਿਹਨਤ ਅਤੇ ਮਦਦ ਨਾਲ ਕਲਪਨਾ ਨੇ ਕਮਾਨੀ ਟਿਊਬਜ਼ ਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਹੁਣ ਕੰਪਨੀ ਮੁਨਾਫ਼ੇ ਵਿੱਚ ਹੈ। ਕਮਾਨੀ ਟਿਊਬਜ਼ ਨੂੰ ਜਿਸ ਤਰੀਕੇ ਕਲਪਨਾ ਸਰੋਜ ਨੇ ਇੱਕ ਬੀਮਾਰ ਅਤੇ ਘਾਟੇ ਵਿੱਚ ਚੱਲ ਰਹੀ ਕੰਪਨੀ ਤੋਂ ਮੁਨਾਫ਼ੇ ਵਾਲੀ ਕੰਪਨੀ ਬਣਾਇਆ, ਉਹ ਅੱਜ ਭਾਰਤੀ ਉਦਯੋਗ ਜਗਤ ਵਿੱਚ ਇੱਕ ਮਿਸਾਲ ਵਜੋਂ ਪੇਸ਼ ਕੀਤੀ ਜਾਂਦੀ ਹੈ।

ਧਨ-ਦੌਲਤ ਅਤੇ ਸੰਪਤੀ ਦੀ ਮਾਲਕਣ ਬਣਨ ਤੋਂ ਬਾਅਦ ਕਲਪਨਾ ਨੇ ਸਮਾਜ ਸੇਵਾ ਵਿੱਚ ਵੀ ਕੋਈ ਕਸਰ ਬਾਕੀ ਨਾ ਛੱਡੀ। ਉਹ ਔਰਤਾਂ, ਆਦਿਵਾਸੀਆਂ, ਦਲਿਤਾਂ, ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਦੀ ਹੈ। ਹਜ਼ਾਰਾਂ ਲੋੜਵੰਦ ਬੱਚੇ, ਔਰਤਾਂ ਉਸ ਦੀ ਮਦਦ ਨਾਲ ਚੱਲਣ ਵਾਲੀਆਂ ਸੰਸਥਾਵਾਂ ਰਾਹੀਂ ਉਤਾਂਹ ਉਠ ਚੁੱਕੇ ਹਨ।

ਕਲਪਨਾ ਸਰੋਜ ਅੱਜ ਇੱਕ ਨਹੀਂ, ਕਈ ਕਾਰੋਬਾਰ ਕਰ ਰਹੀ ਹੈ। ਕਈ ਕੰਪਨੀਆਂ ਦੀ ਉਹ ਮਾਲਕਣ ਹੈ। ਕਰੋੜਾਂ ਦੀ ਜਾਇਦਾਦ ਉਸ ਦੇ ਨਾਂਅ ਹੈ। ਉਹ ਭਾਰਤ ਦੀ ਸਫ਼ਲ ਉਦਮੀ, ਉਦਯੋਗਪਤੀ ਅਤੇ ਕਾਰੋਬਾਰੀ ਹੈ। ਉਸ ਨੇ ਕਈ ਪੁਰਸਕਾਰ ਜਿੱਤੇ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 'ਪਦਮਸ਼੍ਰੀ' ਪੁਰਸਕਾਰ ਨਾਲ ਵੀ ਨਿਵਾਜ਼ਿਆ ਹੈ।

Add to
Shares
0
Comments
Share This
Add to
Shares
0
Comments
Share
Report an issue
Authors

Related Tags