ਸੰਸਕਰਣ
Punjabi

ਇੱਕ ਰੈਸਟੋਰੈਂਟ, ਜਿੱਥੇ ਗੂੰਗੇ-ਬਹਿਰੇ ਹੀ ਲੈਂਦੇ ਹਨ ਖਾਣੇ ਦਾ ਆਰਡਰ, ਮਿਲਿਆ 6 ਮਹੀਨਿਆਂ 'ਚ ਜੋਮਾਟੋ ਦੇ 'ਹਾਈਐਸਟ ਰੇਟਡ ਰੈਸਟੋਰੈਂਟ ਇਨ ਮੁੰਬਈ' ਦਾ ਖ਼ਿਤਾਬ

28th Feb 2016
Add to
Shares
0
Comments
Share This
Add to
Shares
0
Comments
Share

ਕੀ ਤੁਸੀਂ ਕਦੇ ਅਜਿਹੇ ਕਿਸੇ ਰੈਸਟੋਰੈਂਟ 'ਚ ਗਏ ਹੋ, ਜਿੱਥੇ ਤੁਸੀਂ ਆਪਣੇ ਖਾਣੇ ਦਾ ਆਰਡਰ ਬੋਲ ਕੇ ਨਹੀਂ, ਸਗੋਂ ਸੰਕੇਤਕ ਭਾਸ਼ਾ ਵਿੱਚ ਦੇਵੋਂ ਅਤੇ ਵੇਟਰ ਵੀ ਉਸ ਨੂੰ ਤੁਰੰਤ ਸਮਝ ਕੇ ਉਦੋਂ ਹੀ ਤੁਹਾਡਾ ਦਿੱਤਾ ਆਰਡਰ ਤੁਹਾਡੇ ਸਾਹਮਣੇ ਪੇਸ਼ ਕਰ ਦੇਵੇ। ਕੁੱਝ ਅਜਿਹੀ ਕੋਸ਼ਿਸ਼ ਮੁੰਬਈ 'ਚ ਕੀਤੀ ਹੈ ਪ੍ਰਸ਼ਾਂਤ ਈਸਰ ਅਤੇ ਅਨੁਜ ਗੋਇਲ ਨੇ; ਜੋ ਕਈ ਵਰ੍ਹੇ ਵਿਦੇਸ਼ 'ਚ ਰਹਿਣ ਤੋਂ ਬਾਅਦ ਭਾਰਤ ਪਰਤੇ ਅਤੇ ਉਨ੍ਹਾਂ ਆਪਣੇ ਕਾਰੋਬਾਰ ਨਾਲ ਕੁੱਝ ਅਜਿਹੇ ਲੋਕਾਂ ਨੂੰ ਜੋੜਿਆ, ਜੋ ਬੋਲ ਜਾਂ ਸੁਣ ਨਹੀਂ ਸਕਦੇ ਪਰ ਉਹ ਆਮ ਲੋਕਾਂ ਨੂੰ ਬਿਹਤਰ ਸਮਝ ਸਕਦੇ ਹਨ, ਉਨ੍ਹਾਂ ਤੋਂ ਵਧੀਆ ਕੰਮ ਕਰ ਸਕਦੇ ਹਨ ਅਤੇ ਸਭ ਤੋਂ ਖ਼ਾਸ ਗੱਲ ਇਹ ਕਿ ਉਹ ਕੰਮ ਦੇ ਬੋਝ ਦੇ ਬਾਵਜੂਦ ਹਰ ਸਮੇਂ ਆਪਣੇ ਚਿਹਰੇ ਉਤੇ ਮੁਸਕਰਾਹਟ ਕਾਇਮ ਰਖਦੇ ਹਨ। ਮੁੰਬਈ 'ਚ ਪਵਈ ਦੇ ਹੀਰਾਨੰਦਾਨੀ ਗਾਰਡਨ 'ਚ 'ਮਿਰਚ ਐਂਡ ਮਾਈਮ' ਸ਼ਾਇਦ ਦੇਸ਼ ਦਾ ਪਹਿਲਾ ਅਜਿਹਾ ਰੈਸਟੋਰੈਂਟ ਹੈ, ਜਿੱਥੇ ਕੰਮ ਕਰਨ ਵਾਲੇ ਸਾਰੇ ਮਰਦ ਤੇ ਔਰਤਾਂ ਗੂੰਗੇ ਅਤੇ ਬਹਿਰੇ ਹਨ।

ਬੇਸਹਾਰਾ ਲੋਕਾਂ ਲਈ ਕੁੱਝ ਕਰਨ ਦੀ ਇੱਛਾ ਹੀ ਮੁੰਬਈ ਦੇ ਜੰਮਪਲ਼ ਪ੍ਰਸ਼ਾਂਤ ਈਸਰ ਅਤੇ ਅਨੁਜ ਗੋਇਲ ਨੂੰ ਵਾਪਸ ਆਪਣੇ ਵਤਨ ਖਿੱਚ ਲਿਆਈ। ਦੋਵਾਂ ਨੇ ਵੱਖੋ-ਵੱਖਰੇ ਸਮੇਂ 'ਤੇ ਇੰਗਲੈਂਡ ਦੇ ਹੈਨਰੀ ਬਿਜ਼ਨੇਸ ਸਕੂਲ ਤੋਂ ਐਮ.ਬੀ.ਏ. ਕੀਤੀ ਸੀ। ਅਨੁਜ ਨੇ ਵਪਾਰ ਅਤੇ ਮੈਨੇਜਮੈਂਟ ਵਿੱਚ ਅਤੇ ਪ੍ਰਸ਼ਾਂਤ ਨੇ 2008 'ਚ ਹੋਟਲ ਤੇ ਰੈਸਟੋਰੈਂਟ ਵਿਸ਼ੇ ਉੱਤੇ ਐਮ.ਬੀ.ਏ. ਕੋਰਸ ਕੀਤੇ ਸਨ। ਐਮ.ਬੀ.ਏ. ਤੋਂ ਬਾਅਦ ਅਨੁਜ ਅਫ਼ਰੀਕਾ ਚਲੇ ਗਏ, ਜਦ ਕਿ ਪ੍ਰਸ਼ਾਂਤ ਲੰਡਨ 'ਚ ਹੀ ਰਹਿ ਰਹੇ ਸਨ। ਐਮ.ਬੀ.ਏ. ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪ੍ਰਸ਼ਾਂਤ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਸਾਲ 2011 'ਚ ਉਹ ਪਾਰਕ ਗਰੁੱਪ ਆੱਫ਼ ਹੋਟਲ ਦੇ ਐਮ.ਡੀ. ਨਾਲ ਭਾਰਤ ਪਰਤ ਆਏ। ਭਾਰਤ ਵਾਪਸ ਆ ਕੇ ਉਨ੍ਹਾਂ ਕਈ ਹੋਟਲਾਂ ਲਈ ਕੰਮ ਕੀਤਾ ਪਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਜਾਪਣ ਲੱਗਾ ਕਿ ਉਹ ਉਹ ਆਪਣੇ ਉਦੇਸ਼ ਤੋਂ ਭਟਕ ਗਏ ਹਨ। ਪ੍ਰਸ਼ਾਂਤ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਉਸ ਵੇਲੇ ਮੈਂ ਸੋਚਿਆ ਕਿ ਮੈਂ ਇਹ ਕੀ ਕਰ ਰਿਹਾ ਹਾਂ, ਜਦ ਕਿ ਮੇਰਾ ਮੰਤਵ ਤਾਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਸੀ ਅਤੇ ਮੈਂ ਹੋਰਨਾਂ ਲਈ ਕੰਮ ਕਰ ਰਿਹਾ ਹਾਂ। ਜਿਸ ਤੋਂ ਬਾਅਦ ਮੈਂ ਕਨਸਲਟੈਂਸੀ ਅਤੇ ਹੋਟਲ ਦੀ ਯੋਜਨਾ ਉਲੀਕਣੀ ਸ਼ੁਰੂ ਕਰ ਦਿੱਤੀ।''

-ਪ੍ਰਿਸ਼ਾਂਤ ਨੇ ਦੱਸਿਆ ਕਿ ਉਸੇ ਦੌਰਾਨ ਲਿੰਕਡ-ਇਨ ਰਾਹੀਂ ਉਨ੍ਹਾਂ ਦੀ ਮੁਲਾਕਾਤ ਅਨੁਜਾ ਨਾਲ ਹੋਈ, ਉਹ ਵੀ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੇ ਸਨ। ਮਿਲਣ 'ਤੇ ਗੱਲਬਾਤ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਐਮ.ਬੀ.ਏ. ਦੀ ਪੜ੍ਹਾਈ ਦੌਰਾਨ ਨੈਤਿਕਤਾ ਦਾ ਪਾਠ ਵੀ ਪੜ੍ਹਾਇਆ ਗਿਆ ਸੀ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਿਸੇ ਵੀ ਕਾਰੋਬਾਰ ਨੂੰ ਕਰਨ ਨਾਲ ਸਿਰਫ਼ ਆਪਣਾ ਹੀ ਨਹੀਂ, ਸਗੋਂ ਸਮਾਜ ਦਾ ਵੀ ਭਲਾ ਹੋਣਾ ਚਾਹੀਦਾ ਹੈ ਅਤੇ ਦੂਜੀ ਗੱਲ ਜੋ ਇਨ੍ਹਾਂ ਲੋਕਾਂ ਨੂੰ ਵਧੀਆ ਲੱਗੀ ਸੀ ਕਿ ਸਮਰੱਥਾ ਅਤੇ ਕੁਸ਼ਲਤਾ ਨਾਲੋਂ ਵੱਧ ਆਪਣੇ ਕੰਮ ਪ੍ਰਤੀ ਪ੍ਰਤੀਬੱਧਤਾ ਅਤੇ ਈਮਾਨਦਾਰੀ ਹੋਣੀ ਚਾਹੀਦੀ ਹੈ।

ਉਸੇ ਦੌਰਾਨ ਪ੍ਰਸ਼ਾਂਤ ਅਤੇ ਅਨੁਜ ਦੀ ਮੁਲਾਕਾਤ ਸ਼ਿਸ਼ਿਰ ਗੋਰਲੇ ਅਤੇ ਰਾਜਸ਼ੇਖਰ ਰੈਡੀ ਨਾਲ ਹੋਈ। ਇਹ ਦੋਵੇਂ ਪਹਿਲਾਂ ਤੋਂ ਹੀ ਮੁੰਬਈ 'ਚ 'ਇੰਡੀਆ ਬਾਈਟ' ਨਾਂਅ ਦੀ ਇੱਕ ਸਫ਼ਲ ਕੰਪਨੀ ਚਲਾ ਰਹੇ ਸਨ। ਉਨ੍ਹਾਂ ਨੇ ਫ਼ੇਸਬੁੱਕ ਉੱਤੇ ਕੈਨੇਡਾ ਦੇ ਮਹਾਂਨਗਰ ਟੋਰੰਟੋ 'ਚ ਇੱਕ ਸਾਈਨ ਰੈਸਟੋਰੈਂਟ ਵੇਖਿਆ ਸੀ। ਅਜਿਹਾ ਹੀ ਰੈਸਟੋਰੈਂਟ ਮੁੰਬਈ 'ਚ ਖੋਲ੍ਹਣ ਦੀ ਇੱਛਾ ਸ਼ਿਸ਼ਿਰ ਅਤੇ ਰੈਡੀ ਨੇ ਇਨ੍ਹਾਂ ਸਾਹਮਣੇ ਰੱਖੀ। ਪ੍ਰਸ਼ਾਂਤ ਅਤੇ ਅਨੁਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵਿਚਾਰ ਪਸੰਦ ਆਇਆ ਕਿਉਂਕਿ ਪ੍ਰਸ਼ਾਂਤ ਆਪਣੇ 21 ਸਾਲਾਂ ਦੇ ਕੈਰੀਅਰ ਵਿੱਚ ਭਾਰਤ ਅਤੇ ਇੰਗਲੈਂਡ ਦੋਵੇਂ ਥਾਵਾਂ ਉੱਤੇ ਲਗਭਗ 17 ਤੋਂ 18 ਰੈਸਟੋਰੈਂਟ ਖੋਲ੍ਹ ਚੁੱਕੇ ਸਨ ਜੋ ਕਿ ਬਹੁਤ ਸਫ਼ਲ ਰਹੇ ਸਨ ਪਰ ਗੂੰਗਿਆਂ ਅਤੇ ਬਹਿਰਿਆਂ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਕੋਈ ਤਜਰਬਾ ਨਹੀਂ ਸੀ।

ਪ੍ਰਸ਼ਾਂਤ ਅਤੇ ਅਨੁਜ ਨੇ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੂੰਗਿਆਂ ਅਤੇ ਬਹਿਰੇ ਲੋਕਾਂ ਦੇ ਮਾਪਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦੇ ਬੱਚੇ ਵੀ ਬਿਹਤਰ ਕੰਮ ਕਰ ਸਕਦੇ ਹਨ।

ਪ੍ਰਸ਼ਾਂਤ ਦਾ ਕਹਿਣਾ ਹੈ,''ਮੈਨੂੰ ਅਤੇ ਅਨੁਜ ਦੋਵਾਂ ਨੂੰ ਹੀ ਇਹ ਜਾਪਿਆ ਕਿ ਜੇ ਅਸੀਂ ਆਪਣੇ ਕਾਰੋਬਾਰ 'ਚ ਅਜਿਹੇ ਲੋਕਾਂ ਨੂੰ ਜੋੜਨਾ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਵੀ ਸੰਕੇਤਕ ਭਾਸ਼ਾ ਸਿੱਖਣੀ ਪਵੇਗੀ। ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਸੰਕੇਤਕ ਭਾਸ਼ਾ ਸਿੱਖੀ ਅਤੇ ਉਸ ਤੋਂ ਬਾਅਦ ਗੂੰਗੇ ਅਤੇ ਬਹਿਰੇ ਬੱਚਿਆਂ ਨਾਲ ਗੱਲਬਾਤ ਕੀਤੀ, ਤਦ ਸਾਨੂੰ ਪਤਾ ਲੱਗਾ ਕਿ ਇਹ ਲੋਕ ਵੀ ਕੰਮ ਕਰਨਾ ਚਾਹੁੰਦੇ ਹਨ। ਇੰਨਾ ਹੀ ਨਹੀਂ, ਗੱਲਬਾਤ ਦੌਰਾਨ ਸਾਨੂੰ ਦੋਵਾਂ ਨੂੰ ਇਹ ਗੱਲ ਵੀ ਪਤਾ ਲੱਗੀ ਕਿ ਅਜਿਹੇ ਗੂੰਗੇ ਅਤੇ ਬਹਿਰੇ ਬੱਚੇ ਆਮ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਤੇਜ਼ ਦਿਮਾਗ਼ ਵਾਲੇ ਅਤੇ ਮਿਹਨਤੀ ਹੁੰਦੇ ਹਨ।''

ਪ੍ਰਸ਼ਾਂਤ ਅਤੇ ਅਨੁਜ ਨੇ ਇਸ ਤੋਂ ਬਾਅਦ ਆਪਣੇ ਰੈਸਟੋਰੈਂਟ ਬਾਰੇ ਸੋਚਿਆ ਅਤੇ ਇਨ੍ਹਾਂ ਗੂੰਗੇ ਤੇ ਬਹਿਰੇ ਲੋਕਾਂ ਨੂੰ ਸਿਖਲਾਈ ਦਿੱਤੀ। ਇਨ੍ਹਾਂ ਲਈ ਅੱਠ ਹਫ਼ਤਿਆਂ ਦਾ ਇੱਕ ਖ਼ਾਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਗਿਆ; ਜਿਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਹਿੱਸੇ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਜ਼ਿੰਦਗੀ ਕਿਵੇਂ ਚਲਦੀ ਹੈ ਅਤੇ ਕਿਵੇਂ ਕੰਮ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਕਦੇ ਕੰਮ ਹੀ ਨਹੀਂ ਕੀਤਾ ਸੀ। ਦੂਜੇ ਹਿੱਸੇ ਵਿੱਚ ਉਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਬਾਰੇ ਸਮਝਾਇਆ ਗਿਆ ਅਤੇ ਤੀਜੇ ਹਿੱਸੇ ਵਿੱਚ ਸਾਧਾਰਣ ਅੰਗਰੇਜ਼ੀ ਦਾ ਗਿਆਨ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਨੀ ਸਿਖਾਈ ਗਈ। ਚੌਥੇ ਅਤੇ ਆਖ਼ਰੀ ਹਿੱਸੇ ਵਿੱਚ ਉਨ੍ਹਾਂ ਨੂੰ ਮਾਡਿਊਲਜ਼ ਵਿੱਚ ਪ੍ਰਾਹੁਣਚਾਰੀ ਭਾਵ ਹਾੱਸਪਿਟੈਲਿਟੀ ਦੀ ਸਿਖਲਾਈ ਦਿੱਤੀ ਗਈ। ਜਿਸ ਤੋਂ ਬਾਅਦ ਗੂੰਗੇ ਅਤੇ ਬਹਿਰੇ ਮਰਦ ਅਤੇ ਔਰਤ ਵੇਟਰ ਨੂੰ ਸਿਖਲਾਈ ਦੇਣ ਲਈ 'ਮਿਰਚ ਐਂਡ ਮਾਈਮ' ਨੂੰ ਪ੍ਰਸ਼ਾਂਤ ਅਤੇ ਅਨੁਜ ਨੇ ਸਿਰਫ਼ ਆਪਣੇ ਰਿਸ਼ਤੇਦਾਰਾਂ ਲਈ ਖੋਲ੍ਹਿਆ। ਜੋ ਇੱਥੇ ਆ ਕੇ ਮੁਫ਼ਤ 'ਚ ਖਾਣਾ ਖਾਂਦੇ। ਇਸ ਦੌਰਾਨ ਸਰਵਿਸ ਦਾ ਸਾਰਾ ਕੰਮ ਇਹ ਵੇਟਰ ਹੀ ਵੇਖਦੇ ਸਨ। ਰਿਸ਼ਤੇਦਾਰਾਂ ਤੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਮਈ 2015 'ਚ ਉਨ੍ਹਾਂ ਆਪਣਾ ਆਪਣਾ ਰੈਸਟੋਰੈਂਟ 'ਮਿਰਚੀ ਐਂਡ ਮਾਈਮ' ਆਮ ਲੋਕਾਂ ਲਈ ਖੋਲ੍ਹ ਦਿੱਤਾ।

ਪ੍ਰਸ਼ਾਂਤ ਦਸਦੇ ਹਨ,''ਇਨ੍ਹਾਂ ਨੇ ਆਮ ਵੇਟਰਾਂ ਦੇ ਮੁਕਾਬਲੇ ਇੰਨਾ ਵਧੀਆ ਕੰਮ ਕੀਤਾ ਕਿ ਉਨ੍ਹਾਂ ਨੂੰ ਰੈਸਟੋਰੈਂਟ ਦੇ ਪਹਿਲੇ 6 ਮਹੀਨਿਆਂ ਦੇ ਅੰਦਰ ਹੀ ਜੋਮਾਟੋ ਦੇ 'ਹਾਈਐਸਟ ਰੇਟਡ ਰੈਸਟੋਰੈਂਟ ਇਨ ਮੁੰਬਈ' ਦਾ ਖ਼ਿਤਾਬ ਮਿਲ ਗਿਆ। ਜਿਸ ਵਿੱਚ 800 ਰੀਵਿਊਜ਼ ਨਾਲ ਸਾਨੂੰ 4.9 ਦੀ ਰੇਟਿੰਗ ਮਿਲੀ।''

ਆਪਣੇ ਕੋਲ ਕੰਮ ਕਰਨ ਗੂੰਗੇ-ਬਹਿਰੇ ਵੇਟਰਾਂ ਦੀ ਸ਼ਲਾਘਾ ਕਰਦਿਆਂ ਪ੍ਰਸ਼ਾਂਤ ਦਸਦੇ ਹਨ ਕਿ ਇਹ ਲੋਕ ਆਪਣੇ ਕੰਮ ਪ੍ਰਤੀ ਬਹੁਤ ਚੌਕਸ ਹੁੰਦੇ ਹਨ ਅਤੇ ਪ੍ਰਾਹੁਣਚਾਰੀ ਦੇ ਤਿੰਨੇ ਗੁਣ ਉਨ੍ਹਾਂ ਵਿੱਚ ਮੌਜੂਦ ਰਹਿੰਦੇ ਹਨ। ਜਿਵੇਂ ਕਿ ਇਹ ਹਮੇਸ਼ਾ ਮੁਸਕਰਾਉਂਦੇ ਹਨ, ਦੂਜੇ ਇਹ ਆਪਣੇ ਕੰਮ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਰਖਦੇ ਹਨ ਕਿਉਂਕਿ ਇਹ ਸੁਣ ਨਹੀਂ ਸਕਦੇ ਅਤੇ ਤੀਜੇ ਇਹ ਕਿ ਇਹ ਲੋਕ ਦੂਜੇ ਲੋਕਾਂ ਦੀ ਭਾਵਨਾਵਾਂ ਨੂੰ ਪੜ੍ਹ ਲੈਂਦੇ ਹਨ। ਤਦ ਇੱਕ ਗਾਹਕ ਨੂੰ ਇਸ ਤੋਂ ਵਧੀਆ ਸਰਵਿਸ ਹੋਰ ਕੀ ਮਿਲ ਸਕਦੀ ਹੈ ਕਿ ਵੇਟਰ ਮੁਸਕਰਾਉਂਦਾ ਹੋਇਆ ਉਨ੍ਹਾਂ ਦੇ ਰੌਂਅ ਭਾਵ ਮੂਡ ਨੂੰ ਸਮਝ ਕੇ ਧਿਆਨ ਨਾਲ ਉਨ੍ਹਾਂ ਨੂੰ ਆਪਣੀ ਸੇਵਾ ਪ੍ਰਦਾਨ ਕਰੇ। ਉਨ੍ਹਾਂ ਕੋਲ ਕੁੱਲ 24 ਔਰਤ ਤੇ ਮਰਦ ਵੇਟਰ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਔਸਤ ਉਮਰ 22 ਤੋਂ 35 ਸਾਲਾਂ ਦੇ ਵਿਚਕਾਰ ਹੈ। ਇਸ ਰੈਸਟੋਰੈਂਟ ਵਿੱਚ ਇੱਕੋ ਸਮੇਂ 90 ਵਿਅਕਤੀਆਂ ਦੇ ਬੈਠਣ ਦੀ ਜਗ੍ਹਾ ਹੈ।

ਪ੍ਰਸ਼ਾਂਤ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਕਾਰੋਬਾਰ ਵਿੱਚ ਜਿੱਥੇ ਲਗਭਗ 60 ਫ਼ੀ ਸਦੀ ਲੋਕ ਕੰਮ ਛੱਡ ਕੇ ਚਲੇ ਜਾਂਦੇ ਹਨ, ਉਥੇ ਹੀ ਇਨ੍ਹਾਂ ਦੀ ਗਿਣਤੀ 2 ਤੋਂ 3 ਫ਼ੀ ਸਦੀ ਹੈ ਕਿਉਂਕਿ ਇਹ ਲੋਕ ਛੇਤੀ ਕਿਸੇ ਉਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ 'ਤੇ ਇਹ ਤੁਹਾਡਾ ਸਾਥ ਨਹੀਂ ਛਡਦੇ। ਇਸੇ ਕਾਰਣ ਉਹ ਇਨ੍ਹਾਂ ਨੂੰ 35 ਫ਼ੀ ਸਦੀ ਵੱਧ ਤਨਖ਼ਾਹ ਦਿੰਦੇ ਹਨ। ਉਨ੍ਹਾਂ ਆਪਣੇ ਸਰਵਿਸ ਸਟਾਫ਼ ਦੀ ਟੀ-ਸ਼ਰਟ ਦੇ ਪਿੱਛੇ ਇੱਕ ਨਾਅਰਾ ਲਿਖਵਾਇਆ ਹੈ -''ਆਈ ਨੋ ਸਾਈਨ ਲੈਂਗੁਏਜ, ਵਟ ਇਜ਼ ਯੂਅਰ ਸੁਪਰ ਪਾੱਵਰ।'' ਇਸ ਦਾ ਮੰਤਵ ਇਹ ਹੈ ਕਿ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਤਰਸ ਦੀਆਂ ਨਜ਼ਰਾਂ ਨਾਲ ਨਾਂ ਵੇਖੇ; ਇਹ ਵੀ ਆਮ ਲੋਕਾਂ ਵਾਂਗ ਹੀ ਹਨ। ਪ੍ਰਸ਼ਾਂਤ ਦਾ ਕਹਿਣਾ ਹੈ ਕਿ 'ਅਸਲ ਵਿੱਚ ਅੰਗਹੀਣ ਤਾਂ ਅਸੀਂ ਲੋਕ ਹਾਂ ਜੋ ਕਿ ਸੁਣ ਤੇ ਬੋਲ ਸਕਦੇ ਹਨ; ਜੇ ਇਹ ਲੋਕ ਚਾਹੁਣ ਤਾਂ ਇੱਕ ਛਿਣ ਵਿੱਚ ਹੀ ਸਾਡਾ ਮਜ਼ਾਕ ਉਡਾ ਸਕਦੇ ਹਨ ਅਤੇ ਸਾਨੂੰ ਪਤਾ ਵੀ ਨਹੀਂ ਚੱਲੇਗਾ।' ਰਾਤੀਂ 10 ਵਜੇ ਤੱਕ ਕੰਮ ਕਰਨ ਵਾਲੀਆਂ ਮਹਿਲਾ ਵੇਟਰਜ਼ ਨੂੰ ਉਨ੍ਹਾਂ ਨੇ ਘਰ ਤੱਕ ਛੱਡ ਕੇ ਆਉਣ ਦਾ ਇੰਤਜ਼ਾਮ ਕੀਤਾ ਹੋਇਆ ਹੈ; ਜਦ ਕਿ ਮਰਦ ਵੇਟਰਾਂ ਨੂੰ ਵੀ ਉਹ ਲਾਗੇ ਬੱਸ ਜਾਂ ਰੇਲਵੇ ਸਟੇਸ਼ਨ ਤੱਕ ਛੱਡ ਕੇ ਆਉਂਦੇ ਹਨ।

ਇਸ ਤੋਂ ਇਲਾਵਾ ਉਹ ਦਸਦੇ ਹਨ ਕਿ ਅਪ੍ਰੈਲ ਵਿੱਚ ਉਨ੍ਹਾਂ ਕੋਲ ਕੰਮ ਕਰਨ ਵਾਲੇ ਸਟਾਫ਼ ਭਾਵੇਂ ਉਹ ਰਸੋਈ 'ਚ ਕੰਮ ਕਰਦਾ ਹੋਵੇ ਜਾਂ ਬਾਹਰ, ਜੇ ਆਪਣਾ ਇੱਕ ਸਾਲ ਮੁਕੰਮਲ ਕਰ ਲਵੇਗਾ, ਤਾਂ ਇਹ ਉਸ ਨੂੰ ਆਪਣੀ ਕੰਪਨੀ ਦੇ ਸ਼ੇਅਰ ਵੀ ਦੇਣਗੇ; ਜਿਸ ਨੂੰ ਉਹ 3 ਸਾਲਾਂ ਬਾਅਦ ਰੀਡੀਮ ਕਰਵਾ ਸਕਦੇ ਹਨ। ਕੰਪਨੀ ਵਿੱਚ ਕੁੱਲ 90 ਫ਼ੀ ਸਦੀ ਨਿਵੇਸ਼ ਪ੍ਰਸ਼ਾਂਤ, ਅਨੁਜ, ਸ਼ਿਸ਼ਿਰ ਅਤੇ ਰੈਡੀ ਨੇ ਕੀਤਾ ਹੈ ਅਤੇ 10 ਫ਼ੀ ਸਦੀ ਇਨ੍ਹਾਂ ਦੋਸਤਾਂ ਤੋਂ ਲਿਆ ਹੈ। ਪ੍ਰਸ਼ਾਂਤ ਅਤੇ ਅਨੁਜ ਇਸ ਦੇ ਸਹਿ-ਬਾਨੀ ਤੇ ਅਤੇ ਸ਼ਿਸ਼ਿਰ ਅਤੇ ਰੈਡੀ ਇਸ ਦੇ ਏਂਜਲ ਨਿਵੇਸ਼ਕ ਹਨ। ਭਵਿੱਖ ਦੀਆਂ ਯੋਜਨਾਵਾਂ ਬਾਰੇ ਪ੍ਰਸ਼ਾਂਤ ਦਾ ਕਹਿਣਾ ਹੈ ਕਿ ਇਹ ਅਗਲੇ 3 ਤੋਂ 5 ਸਾਲਾਂ ਅੰਦਰ ਦੇਸ਼ ਵਿੱਚ 18 ਅਤੇ ਦੁਬਈ, ਸਿੰਗਾਪੁਰ ਤੇ ਲੰਡਨ ਵਿੱਚ ਇੱਕ-ਇੱਕ ਰੈਸਟੋਰੈਂਟ ਖੋਲ੍ਹਣਗੇ; ਜਿੱਥੇ ਉਨ੍ਹਾਂ ਦਾ ਸਰਵਿਸ ਸਟਾਫ਼ ਗੂੰਗਾ ਅਤੇ ਬਹਿਰਾ ਹੀ ਹੋਵੇਗਾ। ਇਸ ਤਰ੍ਹਾਂ ਉਹ ਲਗਭਗ 600 ਅਜਿਹੇ ਗੂੰਗੇ ਅਤੇ ਬਹਿਰੇ ਲੋਕਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਣਗੇ। ਆਪਣੀਆਂ ਯੋਜਨਾਵਾਂ ਨੂੰ ਅਸਲੀਅਤ ਵਿੱਚ ਬਦਲਣ ਲਈ ਹੋਰ ਨਿਵੇਸ਼ ਦੀ ਲੋੜ ਪਵੇਗੀ; ਜਿਸ ਲਈ ਉਨ੍ਹਾਂ ਦੀ ਗੱਲਬਾਤ ਕਈ ਕੰਪਨੀਆਂ ਨਾਲ ਚੱਲ ਰਹੀ ਹੈ।

ਲੇਖਕ: ਹਰੀਸ਼

ਅਨੁਵਾਦ: ਮਹਿਤਾਬ-ਉਦ-ਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags