ਸੰਸਕਰਣ
Punjabi

ਮਿਲੋ 24 ਘੰਟੇ ਕੰਮ ਕਰਨ ਵਾਲੀ ਆਈ.ਏ.ਐਸ. ਅਧਿਕਾਰੀ ਰਤਨਾ ਪ੍ਰਭਾ ਨੂੰ, ਜੋ 'ਇਨਵੈਸਟ ਕਰਨਾਟਕ' ਪਹਿਲਕਦਮੀ ਦੇ ਮੁਖੀ ਹਨ

11th Jan 2016
Add to
Shares
0
Comments
Share This
Add to
Shares
0
Comments
Share

ਆਮ ਲੋਕਾਂ ਦੀ ਮਦਦ ਲਈ ਬਿਨਾਂ ਰੁਕੇ ਅੱਗੇ ਵਧਣ ਵਾਲੇ ਰਤਨਾ ਪ੍ਰਭਾ

ਆਪਣੇ ਖ਼ੁਦ ਦੇ ਉਦਮਾਂ ਕਾਰਣ ਅਸੀਂ ਆਪਣਾ ਵੱਧ ਤੋਂ ਵੱਧ ਸਮਾਂ ਆਪੋ-ਆਪਣੀਆਂ ਸਟਾਰਟ-ਅੱਪਸ (ਨਵੀਆਂ ਛੋਟੀਆਂ ਕੰਪਨੀਆਂ) ਨੂੰ ਦਿੰਦੇ ਹਾਂ। ਸਾਡੇ ਲਈ ਇਹ ਆਮ ਗੱਲ ਹੈ ਪਰ ਸਰਕਾਰੀ ਅਧਿਕਾਰੀਆਂ ਲਈ 24 ਘੰਟੇ ਅਤੇ ਹਫ਼ਤੇ ਦੇ ਸਾਰੇ ਸੱਤੇ ਦਿਨ ਕੰਮ ਕਰਨ ਜਿਹਾ ਨਾ ਤਾਂ ਕੋਈ ਬੋਝ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਉਤੇ ਅਜਿਹੀ ਕੋਈ ਜ਼ਿੰਮੇਵਾਰੀ ਹੁੰਦੀ ਹੈ। ਸਟਾਰਟ-ਅਪ ਦਾ ਜੀਵਨ ਤਾਂ ਕਦੇ ਨਾ ਰੁਕਣ ਵਾਲੀ ਇੱਕ ਵੱਡੀ ਦੌੜ ਵਾਲਾ ਹੁੰਦਾ ਹੈ; ਜਿਸ ਵਿੱਚ 100-100 ਮੀਟਰ ਦੀਆਂ ਦੌੜਾਂ ਤਾਂ ਕੇਵਲ ਕਿਸੇ ਸਥਿਤੀ ਨੂੰ ਦਿਲਚਸਪ ਬਣਾਉਣ ਲਈ ਹੀ ਕੀਤੀਆਂ ਜਾਂਦੀਆਂ ਹਨ।

ਪਰ ਭਾਰਤ 'ਚ ਇੱਕ ਅਜਿਹੇ ਮਹਿਲਾ ਆਈ.ਏ.ਐਸ. ਅਧਿਕਾਰੀ ਵੀ ਹਨ, ਜੋ ਆਪਣੇ ਆਲੇ-ਦੁਆਲੇ ਦੇ ਆਮ ਲੋਕਾਂ ਨੂੰ ਕੇਵਲ ਮਜ਼ਬੂਤ ਬਣਾਉਣ ਲਈ ਕਿਸੇ ਸਟਾਰਟ-ਅਪ ਦੇ ਮਾਲਕ ਵਾਂਗ ਹੀ 24 ਘੰਟੇ ਕੰਮ ਕਰਦੇ ਹਨ। ਉਹ ਇਸ ਵੇਲੇ 'ਇਨਵੈਸਟ ਕਰਨਾਟਕ' ਦੇ ਮੰਚ ਨੂੰ ਸਫ਼ਲ ਬਣਾਉਣ ਲਈ ਬਿਨਾਂ ਰੁਕੇ ਕੰਮ ਕਰ ਰਹੇ ਹਨ। ਉਹ ਸੱਚਮੁਚ ਪ੍ਰੇਰਣਾਦਾਇਕ ਹਨ ਅਤੇ ਉਹ ਇੱਕ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੂੰ ਕੰਮ ਕਰਨ ਦਾ ਨਸ਼ਾ ਹੈ। 'ਯੂਅਰ ਸਟੋਰੀ' ਨੇ ਕਰਨਾਟਕ ਸਰਕਾਰ ਦੇ ਵਧੀਕ ਮੁੱਖ ਸਕੱਤਰ (ਵਣਜ ਅਤੇ ਉਦਯੋਗ) ਸ੍ਰੀਮਤੀ ਰਤਨਾ ਪ੍ਰਭਾ ਨਾਲ ਉਨ੍ਹਾਂ ਦੇ ਕੈਰੀਅਰ ਤੇ ਉਨ੍ਹਾਂ ਦੇ ਕੰਮ ਖੁੱਲ੍ਹ ਕੇ ਗੱਲਬਾਤ ਕਰਦਿਆਂ ਇਹ ਜਾਣਨਾ ਚਾਹਿਆ ਕਿ ਆਖ਼ਰ ਕਿਹੜੀ ਗੱਲ ਜਾਂ ਕਾਰਣ ਕਰ ਕੇ ਉਹ ਆਪਣੇ ਕੰਮ ਪ੍ਰਤੀ ਇੰਨੇ ਸਮਰਪਿਤ ਹਨ।

image


ਯੂਅਰ-ਸਟੋਰੀ: ਤੁਸੀਂ ਅਣਥੱਕ ਤਰੀਕੇ ਕੰਮ ਤੇ ਜਤਨ ਕਰਦੇ ਹੋ, ਤੁਹਾਨੂੰ ਇਸ ਲਈ ਪ੍ਰੇਰਣਾ ਕਿੱਥੋਂ ਮਿਲਦੀ ਹੈ?

ਰਤਨਾ ਪ੍ਰਭਾ: ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਬਹੁਤ ਉਤਸ਼ਾਹੀ ਰਹੀ ਹਾਂ। ਸਰਕਾਰ ਜਾਂ ਜਨਤਾ ਨਾਲ ਸਬੰਧਤ ਮੁੱਦਿਆਂ ਨਾਲ ਨਿਪਟਦੇ ਸਮੇਂ ਮੇਰਾ ਰਵੱਈਆ ਕੁੱਝ ਵੱਖ ਹੀ ਹੁੰਦਾ ਹੈ। ਇਸੇ ਲਈ ਮੈਂ ਸਮਝਦੀ ਹਾਂ ਕਿ ਇਹ ਕੇਵਲ ਮੇਰਾ ਸੁਭਾਅ ਹੈ। ਕੰਮ ਕਰਨਾ ਮੇਰੇ ਲਈ ਪਿਆਰ ਤੇ ਜਨੂੰਨ ਹੈ। ਇਸੇ ਲਈ ਮੈਂ ਹੁਣ ਤੱਕ ਜਿੱਥੇ ਵੀ ਕੰਮ ਕੀਤਾ ਹੈ, ਉਥੋਂ ਦੇ ਲੋਕ ਮੈਨੂੰ ਯਾਦ ਰਖਦੇ ਹਨ ਅਤੇ ਉਹ ਹਾਲੇ ਵੀ ਮੇਰੇ ਸੰਪਰਕ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕੁੱਝ ਵਿਲੱਖਣ ਕੀਤਾ ਹੈ। ਮੈਨੂੰ ਸਰਕਾਰੀ ਸੇਵਾ ਵਿੱਚ 35 ਸਾਲ ਹੋ ਗਏ ਹਨ।

ਮੇਰਾ ਜਨੂੰਨ ਹੀ ਮੇਰੀ ਪ੍ਰੇਰਣਾ ਹੈ।

ਜਿੱਥੋਂ ਤੱਕ ਇਸ ਵਿਭਾਗ ਦਾ ਸਬੰਧ ਹੈ, ਮੇਰਾ ਇਸ ਖੇਤਰ ਦਾ ਤਜਰਬਾ ਬਹੁਤ ਵਿਸ਼ਾਲ ਹੈ। 1996-97 'ਚ ਮੈਂ ਬਰਾਮਦ ਪ੍ਰਕਿਰਿਆ ਜ਼ੋਨ ਦੇ ਵਿਕਾਸ ਕਮਿਸ਼ਨਰ ਵਜੋਂ ਕੰਮ ਕੀਤਾ ਸੀ। ਇਸ ਉਦਯੋਗ ਨਾਲ ਉਹ ਮੇਰਾ ਪਹਿਲਾ ਤਜਰਬਾ ਸੀ। ਉਸ ਤੋਂ ਪਹਿਲਾਂ ਮੈਂ ਕੇਵਲ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਹੀ ਰਹੀ ਸਾਂ ਅਤੇ ਉਥੇ ਜ਼ਿਆਦਾਤਰ ਧਿਆਨ ਦਿਹਾਤੀ ਵਿਕਾਸ ਅਤੇ ਸਮਾਜਕ ਮੁੱਦਿਆਂ ਉਤੇ ਕੇਂਦ੍ਰਿਤ ਰਹਿੰਦਾ ਹੈ। ਮੇਰਾ ਅਨੁਭਵ ਤਦ ਪਹਿਲੀ ਵਾਰ ਬਰਾਮਦ ਪ੍ਰਕਿਰਿਆ (ਐਕਸਪੋਰਟ ਪ੍ਰਾਸੈਸਿੰਗ) ਜ਼ੋਨ ਨਾਲ ਹੋਇਆ ਸੀ ਅਤੇ ਮੈਂ ਤਦ ਤੋਂ ਹੁਣ ਤੱਕ ਇਸ ਦਾ ਸਾਥ ਨਹੀਂ ਛੱਡਿਆ। ਇਸੇ ਲਈ ਮੈਂ ਉਸ ਜ਼ੋਨ ਦਾ ਨਿਰਮਾਣ ਸ਼ੁਰੂ ਕੀਤਾ।

ਮੈਂ ਇਸ ਖੇਤਰ ਲਈ ਜਿੰਨੀ ਮਿਹਨਤ ਕੀਤੀ ਹੈ, ਹੁਣ ਮੇਰੀ ਉਸ ਨਾਲ ਇੱਕ ਭਾਵਨਾਤਮਕ ਸਾਂਝ ਜਿਹੀ ਬਣ ਗਈ ਹੈ। ਮੈਂ ਅਰੰਭ ਤੋਂ ਹੀ ਇਸ ਉਦਯੋਗ ਨਾਲ ਬਹੁਤ ਨੇੜਿਓਂ ਜੁੜ ਕੇ ਕੰਮ ਕੀਤਾ; ਮੈਂ ਜਾਣਿਆ ਕਿ ਉਹ ਸੱਚਮੁਚ ਕੀ ਚਾਹੁੰਦੇ ਹਨ ਅਤੇ ਅਸੀਂ ਇੱਕ ਉਦਯੋਗ ਨੂੰ ਸਫ਼ਲ ਬਣਾਉਣ ਲਈ ਕੀ ਕਰ ਸਕਦੇ ਹਾਂ।

ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਦਯੋਗ

ਉਦਯੋਗਿਕ ਖੇਤਰ ਕਾਨੂੰਨ ਅਧੀਨ ਜ਼ਮੀਨ ਅਲਾਟ ਕਰਨ ਦਾ ਮੰਤਵ ਹੈ ਰੋਜ਼ਗਾਰ ਪ੍ਰਦਾਨ ਕਰਨ, ਜਿਸ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਸੀ। ਇਸੇ ਲਈ ਅਸੀਂ ਇੱਕ ਅਜਿਹੀ ਨੀਤੀ ਉਲੀਕੀ ਕਿ ਕਿਸੇ ਉਦਯੋਗ ਦੀ ਸਥਾਪਨਾ ਲਈ ਜਿਸ ਕਿਸੇ ਦੀ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ, ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਅਸੀਂ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਮੁੱਦੇ ਉਤੇ ਗੱਲਬਾਤ ਕਰ ਰਹੇ ਹਾਂ ਕਿ ਉਹ ਸਥਾਨਕ ਨੌਜਵਾਨਾਂ ਨੂੰ ਸਿਖਲਾਈ ਦੇਣ। ਬਹੁਤ ਸਾਰੇ ਉਦਯੋਗਿਕ ਖੇਤਰ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਅਧੀਨ ਅਜਿਹੇ ਹੁਨਰ ਵਿਕਾਸ ਦਾ ਕੰਮ ਕਰ ਰਹੇ ਹਨ ਅਤੇ ਸਰਕਾਰ ਨੇ ਵੀ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਅਨੇਕਾਂ ਪ੍ਰੋਗਰਾਮ ਅਰੰਭ ਕੀਤੇ ਹਨ। ਇਸੇ ਲਈ ਅਸੀਂ ਵੱਖੋ-ਵੱਖਰੇ ਉਦਯੋਗਾਂ ਵਿੱਚ ਸਥਾਨਕ ਆਵਸ਼ਕਤਾਵਾਂ ਅਨੁਸਾਰ ਹੁਨਰ ਵਿਕਾਸ ਨੂੰ ਜੋੜਨ ਦਾ ਜਤਨ ਕਰ ਰਹੇ ਹਾਂ।

image


ਬੰਗਲੌਰ ਤੋਂ ਬਾਹਰ ਨਿਵੇਸ਼ ਖਿੱਚਣਾ

ਸਾਡੀ ਉਦਯੋਗਿਕ ਨੀਤੀ ਦਾ ਉਦੇਸ਼ ਹੈ ਬੰਗਲੌਰ ਸ਼ਹਿਰ ਤੋਂ ਬਾਹਰ ਜਾ ਕੇ ਉਦਯੋਗ ਸਥਾਪਤ ਕਰਵਾਉਣਾ। ਬੰਗਲੌਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਥਾਪਤ ਹੋਣ ਵਾਲੀਆਂ ਨਵੀਆਂ ਇਕਾਈਆਂ ਨੂੰ ਅਸੀਂ ਕੋਈ ਪ੍ਰੋਤਸਾਹਨ (ਇੰਸੈਂਟਿਵ) ਨਹੀਂ ਦਿੰਦੇ। ਤੁਸੀਂ ਬੰਗਲੌਰ ਤੋਂ ਜਿੰਨਾ ਵੀ ਦੂਰ ਜਾਂਦੇ ਹੋ, ਤੁਹਾਨੂੰ ਓਨੇ ਹੀ ਜ਼ਿਆਦਾ ਪ੍ਰੋਤਸਾਹਨ ਮਿਲਣ ਲੱਗ ਪੈਂਦੇ ਹਨ। ਹੈਦਰਾਬਾਦ-ਕਰਨਾਟਕ ਖੇਤਰ ਨੂੰ ਸਭ ਤੋਂ ਵੱਧ ਪ੍ਰੋਤਸਾਹਨ ਮਿਲਦਾ ਹੈ, ਫਿਰ ਉਸ ਤੋਂ ਬਾਅਦ ਬੰਬਈ-ਕਰਨਾਟਕ ਖੇਤਰ ਨੂੰ ਅਤੇ ਫਿਰ ਮੈਸੂਰ ਤੇ ਮੰਗਲੌਰ ਖੇਤਰਾਂ ਨੂੰ। ਬੇਸ਼ੱਕ ਅਸੀਂ ਬੰਗਲੌਰ ਪ੍ਰਤੀ ਆਪਣਾ ਪਿਆਰ ਵੀ ਤਿਆਗ ਨਹੀਂ ਸਕਦੇ, ਇਸੇ ਲਈ ਅਸੀਂ ਬੰਗਲੌਰ ਲਾਗਲੇ ਇਲਾਕਿਆਂ ਵਿੱਚ ਏਅਰੋਸਪੇਸ, ਸੂਚਨਾ ਤਕਨਾਲੋਜੀ ਤੇ ਇਲੈਕਟ੍ਰੌਨਿਕਸ ਜਿਹੇ ਉਦਯੋਗ ਵਿਕਸਤ ਕਰ ਰਹੇ ਹਾਂ।

ਬੰਗਲੌਰ 'ਚ ਬੁਨਿਆਦੀ ਢਾਂਚੇ ਦੇ ਅੜਿੱਕਿਆਂ ਉਤੇ ਜਿੱਤ

ਬੁਨਿਆਦੀ ਢਾਂਚਾ ਇੱਕ ਵੱਡਾ ਮੁੱਦਾ ਹੈ। ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ। ਇਸੇ ਲਈ ਕਰਨਾਟਕ ਸਰਕਾਰ ਵਿੱਚ ਇਕੱਲੇ ਬੰਗਲੌਰ ਸ਼ਹਿਰ ਲਈ ਇੱਕ ਮੰਤਰੀ ਹੈ।

ਕਰਨਾਟਕ ਪ੍ਰਤੀ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨਾ

ਜਦੋਂ ਮੈਂ ਚਾਰਜ ਸੰਭਾਲ਼ਿਆ ਸੀ, ਤਦ ਨਿਵੇਸ਼ਾਂ ਦੇ ਮਾਮਲੇ ਵਿੱਚ ਕਰਨਾਟਕ 7ਵੇਂ ਜਾਂ 8ਵੇਂ ਨੰਬਰ ਉਤੇ ਸੀ। ਹੁਣ ਅਸੀਂ ਦੂਜੇ ਨੰਬਰ ਉਤੇ ਆ ਗਏ ਹਨ। ਗੁਜਰਾਤ ਪਹਿਲੇ ਨੰਬਰ ਉਤੇ ਹੈ। ਅਸੀਂ ਮਹਿਲਾ ਉੱਦਮੀਆਂ ਉਤੇ ਵੀ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਾਂ - ਇਸ ਲਈ ਅਸੀਂ ਮਹਿਲਾਵਾਂ ਲਈ ਇੱਕ ਵਿਆਪਕ ਪਾਰਕ ਦੀ ਸਥਾਪਨਾ ਕਰ ਰਹੇ ਹਾਂ। ਬੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਆਲ਼ੇ-ਦੁਆਲ਼ੇ ਦਾ ਇਲਾਕਾ ਵੀ ਕਈ ਤਰ੍ਹਾਂ ਦੇ ਵਿਸ਼ਾਲ ਮੌਕਿਆਂ ਨਾਲ ਭਰਪੂਰ ਹੈ। ਅਸੀਂ ਉਥੇ ਰੱਖਿਆ ਤੇ ਏਅਰੋਸਪੇਸ ਦੇ ਉਚ-ਤਕਨੀਕੀ ਧੁਰੇ ਕਾਇਮ ਕਰ ਰਹੇ ਹਾਂ। ਅਸੀਂ ਉਸ ਸਥਿਤੀ ਨੂੰ ਕਾਇਮ ਰੱਖਣ ਦਾ ਜਤਨ ਕਰ ਰਹੇ ਹਾਂ ਅਤੇ ਉਥੇ ਰੱਖਿਆ ਕੰਪਨੀਆਂ ਦਾ ਪਾਸਾਰ ਵੀ ਕਰ ਰਹੇ ਹਾਂ।

ਨਵੀਆਂ ਨਿੱਕੀਆਂ ਕੰਪਨੀਆਂ (ਸਟਾਰਟ-ਅੱਪਸ) ਉਤੇ ਧਿਆਨ ਕੇਂਦ੍ਰਿਤ

ਜਦੋਂ ਸਟਾਰਟ-ਅੱਪਸ ਦੀ ਗੱਲ ਆਉਂਦੀ ਹਾਂ, ਤਾਂ ਅਸੀਂ ਅੱਵਲ ਨੰਬਰ ਹਾਂ! (ਹੱਸਦੇ ਹਨ)। ਮੰਤਰੀ ਦਾ ਵਿਚਾਰ ਹੈ ਕਿ ਸਾਨੂੰ ਕੇਵਲ ਸੂਚਨਾ-ਤਕਨਾਲੋਜੀ ਖੇਤਰ ਵਿੱਚ ਹੀ ਨਵੀਆਂ ਕੰਪਨੀਆਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ, ਸਗੋਂ ਨਿਰਮਾਣ ਖੇਤਰ ਵਿੱਚ ਅਜਿਹੀਆਂ ਨਿੱਕੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ: ਇਸੇ ਲਈ ਸਾਨੂੰ ਉਸ ਪਾਸੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ

ਅਸੀਂ ਇੱਕ ਨੀਤੀ ਬਣਾਈ ਹੈ ਕਿ ਉਦਯੋਗਿਕ ਪਾਰਕਾਂ ਵਿੱਚ 5% ਪਲਾਂਟ ਔਰਤਾਂ ਲਈ ਰਾਖਵੇਂ ਰੱਖੇ ਜਾਣ। ਪਹਿਲਾਂ ਔਰਤਾਂ ਵੱਲ ਅਜਿਹਾ ਧਿਆਨ ਨਹੀਂ ਦਿੱਤਾ ਜਾਂਦਾ ਸੀ; ਔਰਤਾਂ ਨੂੰ ਤਦ ਸਰੀਰਕ ਤੌਰ ਉਤੇ ਅੰਗਹੀਣ ਉੱਦਮੀਆਂ ਦੇ ਕੋਟੇ ਵਿੱਚ ਰੱਖਿਆ ਗਿਆ ਸੀ। ਪਰ ਹੁਣ ਅਸੀਂ ਇੱਕ ਕਦਮ ਅਗਾਂਹ ਜਾ ਕੇ ਕੇਵਲ ਮਹਿਲਾ ਉੱਦਮੀਆਂ ਲਈ ਵਿਸ਼ੇਸ਼ ਪਾਰਕ ਸਥਾਪਤ ਕਰ ਰਹੇ ਹਾਂ।

ਯੂਅਰ ਸਟੋਰੀ: ਆਪਣੇ ਜੀਵਨ ਦੇ ਨਿਜੀ ਸਫ਼ਰ ਬਾਰੇ ਸਾਨੂੰ ਦੱਸੋ ਤੇ ਉਸ ਨੇ ਤੁਹਾਡੇ ਕੈਰੀਅਰ ਉਤੇ ਕਿਹੋ ਜਿਹਾ ਅਸਰ ਪਾਇਆ?

ਮੇਰੇ ਪਿਤਾ ਸਿਵਲ ਸੇਵਾ ਵਿੱਚ ਤੇ ਮੇਰੀ ਮਾਂ ਡਾਕਟਰ ਸਨ। ਮੇਰੇ ਵੱਡੇ ਭਰਾ ਇੱਕ ਪਲਾਸਟਿਕ ਸਰਜਨ ਹਨ। ਮੇਰਾ ਦੂਜਾ ਭਰਾ ਵੀ ਸਿਵਲ ਸੇਵਾ 'ਚ ਹੀ ਹੈ। ਅਸੀਂ ਆਪਣੇ ਬਚਪਨ ਤੋਂ ਹੀ ਵੇਖਿਆ ਕਿ ਸਾਡੇ ਮਾਪੇ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਸਨ; ਇਸੇ ਲਈ ਅਸੀਂ ਉਨ੍ਹਾਂ ਨੂੰ ਬਹਤ ਪਸੰਦ ਕਰਦੇ ਹਾਂ। ਹੁਣ ਮੇਰੇ ਮਨ ਵਿੱਚ ਕੇਵਲ ਕੰਮ ਤੋਂ ਇਲਾਵਾ ਹੋਰ ਕੋਈ ਵੀ ਗੱਲ ਨਹੀਂ ਹੈ। ਮੈਂ ਜਦੋਂ ਕਾਰ ਵਿੱਚ ਬਹਿ ਕੇ ਸਫ਼ਰ ਵੀ ਕਰ ਰਹੀ ਹੁੰਦੀ ਹਾਂ, ਤਦ ਵੀ ਮੈਂ ਆਪਣੇ ਕੰਮ ਬਾਰੇ ਹੀ ਸੋਚ ਰਹੀ ਹੁੰਦੀ ਹਾਂ। ਮੇਰੇ ਮਾਪਿਆਂ ਦਾ ਮੇਰੇ ਉਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਉਹ ਸਦਾ ਲੋਕਾਂ ਦੀ ਮਦਦ ਕਰਦੇ ਰਹੇ ਸਨ। ਮੈਂ ਸਮਝਦੀ ਹਾਂ ਕਿ ਮੈਨੂੰ ਵੀ ਸਭ ਤੋਂ ਵੱਡੀ ਖ਼ੁਸ਼ੀ ਲੋਕਾਂ ਦੀ ਮਦਦ ਕਰ ਕੇ ਮਿਲਦੀ ਹੈ ਤੇ ਇਹੋ ਮੇਰਾ ਜਨੂੰਨ ਹੈ।

ਭਾਵੇਂ ਮੌਜੂਦ ਨਹੀਂ ਪਰ ਹਾਲੇ ਵੀ ਲੋਕਾਂ ਦੇ ਦਿਲਾਂ 'ਚ

ਮੈਂ ਜਿੱਥੇ-ਜਿੱਥੇ ਵੀ ਕੰਮ ਕੀਤਾ ਹੈ; ਉਨ੍ਹਾਂ ਸਾਰੀਆਂ ਥਾਵਾਂ ਦੇ ਲੋਕ ਮੈਨੂੰ ਚੇਤੇ ਕਰਦੇ ਰਹਿੰਦੇ ਹਨ। ਮੇਰੀ ਪਹਿਲੀ ਨਿਯੁਕਤੀ ਲਗਭਗ 32 ਸਾਲ ਪਹਿਲਾਂ ਬਿਦਰ 'ਚ ਹੋਈ ਸੀ, ਜਿੱਥੇ ਮੈਂ ਅਸਿਸਟੈਂਟ ਕਮਿਸ਼ਨਰ ਸਾਂ, ਪਰ ਉਥੋਂ ਦੇ ਲੋਕ ਮੈਨੂੰ ਅੱਜ ਵੀ ਯਾਦ ਕਰਦੇ ਹਨ। ਇੱਕ ਵਾਰ, ਇੱਕ ਆਦਮੀ ਰੂਟੀਨ ਚੈਕਅਪ ਦੌਰਾਨ ਮੇਰੇ ਖ਼ੂਨ ਦਾ ਸੈਂਪਲ ਲੈ ਰਿਹਾ ਸੀ; ਉਸ ਨੇ ਮੈਥੋਂ ਪੁੱਛਿਆ,''ਤੁਹਾਡਾ ਕੀ ਨਾਂਅ ਹੈ?'' ਮੈਂ ਜਵਾਬ ਦਿੱਤਾ 'ਰਤਨਾ ਪ੍ਰਭਾ'। ਫਿਰ ਉਸ ਨੇ ਪੁੱਛਿਆ ਕਿ ਕੀ ਮੈਂ ਕਦੇ ਬਿਦਰ 'ਚ ਵੀ ਕੰਮ ਕੀਤਾ ਹੈ। ਮੈਂ ਉਸ ਨੂੰ 'ਹਾਂ' ਵਿੱਚ ਜਵਾਬ ਦਿੱਤਾ। ਫਿਰ ਉਸ ਨੇ ਕਿਹਾ,''ਮੇਰੇ ਮਾਤਾ ਜੀ ਸਦਾ ਤੁਹਾਡੇ ਬਾਰੇ ਗੱਲਾਂ ਕਰਦੇ ਰਹਿੰਦੇ ਹਨ।'' ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀ ਮਾਂ ਕੌਣ ਹੈ। ਉਸ ਨੇ ਕਿ ਉਹ ਤਾਂ ਇੱਕ ਸੁਆਣੀ ਹਨ ਤੇ ਘਰੇ ਹੀ ਰਹਿੰਦੇ ਹਨ। ਉਹ ਵਿਅਕਤੀ ਤਦ ਪੈਦਾ ਵੀ ਨਹੀਂ ਹੋਇਆ ਸੀ, ਜਦੋਂ ਮੈਂ ਉਥੇ ਅਸਿਸਟੈਂਟ ਕਮਿਸ਼ਨਰ ਸਾਂ। ਉਸ ਨੇ ਕਿਹਾ,''ਮੈਂ ਤਾਂ ਤਦ ਪੈਦਾ ਵੀ ਨਹੀਂ ਹੋਇਆ ਸਾਂ ਪਰ ਮੇਰੇ ਮਾਤਾ ਜੀ ਸਦਾ ਤੁਹਾਡੇ ਬਾਰੇ ਗੱਲਾਂ ਕਰਦੇ ਰਹਿੰਦੇ ਹਨ ਕਿ ਇੱਥੇ ਇੱਕ ਵਾਰ ਲੇਡੀ ਆੱਫ਼ੀਸਰ ਹੁੰਦੀ ਸੀ....''। ਫਿਰ ਮੈਂ ਉਸ ਨੂੰ ਕਿਹਾ,''ਹੁਣ ਤੂੰ ਆਪਣੀ ਮਾਂ ਨੂੰ ਜਾ ਕੇ ਦੱਸੀਂ ਕਿ ਤੂੰ ਮੇਰਾ ਖ਼ੂਨ ਲਿਆ ਸੀ।'' ਉਹ ਵਿਅਕਤੀ ਇੰਨਾ ਉਤੇਜਿਤ ਹੋਇਆ ਸੀ ਕਿ ਉਹ ਮੇਰੇ ਖ਼ੂਨ ਦਾ ਸੈਂਪਲ ਵੀ ਸਹੀ ਢੰਗ ਨਾਲ ਨਾ ਲੈ ਸਕਿਆ।

ਇੰਝ ਹੀ ਇੱਕ ਹੋਰ ਵਾਰ, ਮੈਂ ਇੱਕ ਬਜ਼ੁਰਗ ਅਧਿਆਪਕ ਨੂੰ ਮਿਲੀ, ਜਿਨ੍ਹਾਂ ਮੈਨੂੰ ਕਿਹਾ,''ਆਪ ਬਿਦਰ ਸੇ ਚਲੇ ਗਏ ਪਰ ਹਮਾਰੇ ਦਿਲੋਂ ਸੇ ਨਹੀਂ ਗਏ।'' (ਤੁਸੀਂ ਭਾਵੇਂ ਬਿਦਰ ਤੋਂ ਚਲੇ ਗਏ ਹੋ ਪਰ ਸਾਡੇ ਦਿਲਾਂ ਵਿੱਚ ਤੁਸੀਂ ਸਦਾ ਵਸੇ ਰਹੇ ਹੋ)। ਮੈਂ ਇਹ ਗੱਲ ਤੁਰੰਤ ਨੋਟ ਕਰ ਲਈ (ਹੱਸਦੇ ਹਨ)।

ਇਹ ਹਨ ਰਤਨਾ ਪ੍ਰਭਾ -- ਹਮੇਸ਼ਾ ਬਿਹਤਰੀ ਲਈ ਕੁੱਝ ਕਰਨਾ ਲੋਚਦੇ ਰਹਿੰਦੇ ਹਨ ਤੇ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਜਾਂਦੇ ਹਨ ਕਿ ਲੋਕ ਉਨ੍ਹਾਂ ਨੂੰ ਦਹਾਕਿਆਂ ਬੱਧੀ ਚੇਤੇ ਕਰਦੇ ਹਨ।

ਲੇਖਕ: ਸ਼੍ਰਧਾ ਸ਼ਰਮਾ

ਅਨੁਵਾਦ: ਰਵੀ ਸ਼ਰਮਾ

Add to
Shares
0
Comments
Share This
Add to
Shares
0
Comments
Share
Report an issue
Authors

Related Tags