ਸੰਸਕਰਣ
Punjabi

ਫ਼ੀਸ ਨਾ ਦੇਣ ਕਾਰਣ ਸਕੂਲ ਤੋਂ ਬਾਹਰ ਹੋਣ ਵਾਲੇ ਵਰੁਣ ਅੱਜ ਹਨ ਸਿੰਗਾਪੁਰ 'ਚ ਆਈ.ਟੀ. ਕੰਪਨੀ ਦੇ ਮਾਲਕ

8th Nov 2015
Add to
Shares
0
Comments
Share This
Add to
Shares
0
Comments
Share

ਭਾਰਤ 'ਚ ਜੰਗਲ ਕੋਲ ਵਸੇ ਇੱਕ ਪਿੰਡ ਵਿੱਚ ਪੈਦਾ ਹੋਇਆ ਇੱਕ ਬੱਚੇ ਨੇ ਅੱਗੇ ਚੱਲ ਕੇ ਸਿੰਗਾਪੁਰ 'ਚ ਆਪਣੀ ਇੱਕ ਕੰਪਨੀ ਬਣਾਈ ਅਤੇ ਕਰੋੜਾਂ ਦਾ ਮਾਲਿਕ ਬਣਿਆ। ਸੁਣਨ ਵਿੱਚ ਇਹ ਗੱਲ ਕਿਸੇ ਆਧੁਨਿਕ ਪਰੀ-ਕਹਾਦੀ ਵਾਂਗ ਲਗਦੀ ਹੈ। ਪਰ ਇਹ ਸੱਚ ਹੈ। ਅਤੇ ਜਿਸ ਬੱਚੇ ਦੀ ਗੱਲ ਇੱਥੇ ਕੀਤੀ ਗਈ ਹੈ, ਉਹ ਅੱਜ ਬਹੁਤ ਵੱਡੀ ਸ਼ਖ਼ਸੀਅਤ ਹੈ। ਇਸ ਸ਼ਖ਼ਸੀਅਤ ਦੀ ਕੰਪਨੀ ਦੇ ਗਾਹਕਾਂ ਵਿੱਚ ਕਈ ਬਹੁ-ਕੌਮੀ ਕੰਪਨੀਆਂ ਸ਼ਾਮਲ ਹਨ। ਅਤੇ ਅਜਿਹਾ ਵੀ ਨਹੀਂ ਕਿ ਜਿਸ ਪ੍ਰਸਿੱਧ ਹਸਤੀ ਦੀ ਗੱਲ ਹੋ ਰਹੀ ਹੈ, ਉਨ੍ਹਾ ਜੀਵਨ ਵਿੱਚ ਕੇਵਲ ਖ਼ੁਸ਼ੀਆਂ ਹੀ ਖ਼ੁਸ਼ੀਆਂ ਅਤੇ ਤਰੱਕੀ-ਦਰ-ਤਰੱਕੀ ਹੀ ਵੇਖੀ ਹੈ। ਇਸ ਵਿਅਕਤੀਤਵ ਨੇ ਆਪਣੇ ਜੀਵਨ ਵਿੱਚ ਦੁੱਖ ਵੇਖਿਆ ਹੈ, ਸਰੀਰਕ ਅਤੇ ਮਾਨਸਿਕ ਪੀੜ ਝੱਲੀ ਹੈ। ਗ਼ਰੀਬੀ ਦੇ ਥਪੇੜੇ ਖਾਧੇ ਹਨ ਅਤੇ ਅਪਮਾਨ ਵੀ ਝੱਲਿਆ ਹੈ। ਪਰ ਮਿਹਨਤ, ਪ੍ਰਤਿਭਾ ਅਤੇ ਉਦਮ ਦੇ ਦਮ ਉਤੇ ਆਪਣੀ ਕਾਮਯਾਬੀ ਦੀ ਨਵੀਂ ਅਤੇ ਅਦਭੁਤ ਕਹਾਣੀ ਲਿਖੀ ਹੈ। ਇਹ ਕਹਾਣੀ ਹੈ ''ਕਾਰਪੋਰੇਟ 360'' ਦੇ ਬਾਨੀ ਅਤੇ ਸੀ.ਈ.ਓ. ਵਰੁਣ ਚੰਦਰਨ ਦੀ। ਵਰੁਣ ਚੰਦਰਨ ਦੀ ਕੰਪਨੀ ਅੱਜ ਦੁਨੀਆਂ ਭਰ ਵਿੱਚ ਕਾਰੋਬਾਰ ਕਰ ਰਹੀ ਹੈ ਅਤੇ ਉਸ ਦਾ ਟਰਨਓਵਰ ਵੀ ਕਰੋੜਾਂ ਵਿੱਚ ਹੈ। ਬਚਪਨ ਵਿੱਚ 25 ਰੁਪਏ ਦੀ ਸਕੂਲੀ ਫ਼ੀਸ ਜਮ੍ਹਾ ਨਾ ਕਰ ਸਕਣ ਕਰ ਕੇ ਉਨ੍ਹਾਂ ਨੂੰ ਕਲਾਸ ਤੋਂ ਬਾਹਰ ਖੜ੍ਹਾ ਕਰ ਦਿੱਤਾ ਗਿਆ ਸੀ। ਪਰ ਅੱਜ ਉਹ ਵਰੁਣ ਚੰਦਰਨ ਕਰੋੜਾਂ ਰੁਪਏ ਦੇ ਮਾਲਕ ਹਨ ਅਤੇ ਗ਼ਰੀਬਾਂ ਨੂੰ ਰੋਜ਼ਗਾਰ ਦਿਵਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਬਹੁਤ ਦਿਲਚਸਪ ਹੋਣ ਦੇ ਨਾਲ ਨਾਲ ਕਾਫ਼ੀ ਪ੍ਰੇਰਣਾ ਦੇਣ ਵਾਲੀ ਹੈ ਵਰੁਣ ਚੰਦਰਨ ਦੀ ਕਹਾਣੀ।

ਵਰੁਣ ਚੰਦਰਨ ਦਾ ਜਨਮ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਇੱਕ ਜੰਗਲ਼ ਕੋਲ ਵਸੇ ਛੋਟੇ ਜਿਹੇ ਪਿੰਡ ਪਾਡਮ 'ਚ ਹੋਇਆ। ਪਿੰਡ ਦੇ ਜ਼ਿਆਦਾਤਰ ਲੋਕ ਗ਼ਰੀਬ ਅਤੇ ਬੇਜ਼ਮੀਨੇ ਕਿਸਾਨ ਸਨ। ਵਰੁਣ ਦੇ ਪਿਤਾ ਵੀ ਕਿਸਾਨ ਸਨ। ਉਹ ਝੋਨੇ ਦੇ ਖੇਤ ਵਿੱਚ ਕੰਮ ਕਰਦੇ ਅਤੇ ਜੰਗਲ਼ ਵਿੱਚ ਲੱਕੜਾਂ ਕੱਟਦੇ। ਵਰੁਣ ਦੀ ਮਾਂ ਘਰ 'ਚ ਹੀ ਕਰਿਆਨੇ ਦੀ ਨਿੱਕੀ ਜਿਹੀ ਦੁਕਾਨ ਵੀ ਚਲਾਉਂਦੀ। ਬਹੁਤ ਮੁਸ਼ਕਿਲ ਨਾਲ ਵਰੁਣ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ। ਖੇਤ ਅਤੇ ਜੰਗਲ਼ ਹੀ ਪਰਿਵਾਰ ਦੀ ਰੋਜ਼ੀ-ਰੋਟੀ ਦਾ ਵਸੀਲਾ ਸੀ।

image


ਬਚਪਨ ਤੋਂ ਹੀ ਵਰੁਣ ਨੇ ਵੀ ਖੇਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਖੇਤ ਵਿੱਚ ਆਪਣੇ ਪਿਤਾ ਦੀ ਮਦਦ ਕਰਦੇ। ਨਿੱਕੀ ਜਿਹੀ ਉਮਰੇ ਹੀ ਵਰੁਣ ਜਾਣ ਗਏ ਸਨ ਕਿ ਕਿਸਾਨ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਵਿੱਚ ਸੁੱਖ-ਸਹੂਲਤ ਦਾ ਕੋਈ ਸਾਮਾਨ ਨਹੀਂ ਸੀ, ਘਰ-ਪਰਿਵਾਰ ਚਲਾਉਣ ਲਈ ਜ਼ਰੂਰੀ ਬੁਨਿਆਦੀ ਸਾਮਾਨ ਸਨ।

ਵਰੁਣ ਦੇ ਮਾਪੇ ਵੱਧ ਪੜ੍ਹੇ-ਲਿਖੇ ਨਹੀਂ ਸਨ। ਉਨ੍ਹਾਂ ਪੰਜਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਪਰ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵਰੁਣ ਖ਼ੂਬ ਪੜ੍ਹਾਈ-ਲਿਖਾਈ ਕਰੇ। ਮਾਪਿਆਂ ਦਾ ਸੁਫ਼ਨਾ ਸੀ ਕਿ ਵਰੁਣ ਉਚ ਸਿੱਖਿਆ ਹਾਸਲ ਕਰ ਕੇ ਨੌਕਰੀ ਉਤੇ ਲੱਗ ਜਾਵੇ ਅਤੇ ਉਸ ਨੂੰ ਰੋਜ਼ੀ-ਰੋਟੀ ਲਈ ਉਨ੍ਹਾਂ ਵਾਂਗ ਦਿਨ-ਰਾਤ ਮਿਹਨਤ ਨਾ ਕਰਨੀ ਪਵੇ। ਮਾਪਿਆਂ ਨੇ ਸ਼ੁਰੂ ਤੋਂ ਹੀ ਵਰੁਣ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਣਾ ਚਾਹਿਆ। ਆਪਣੇ ਸੁਫ਼ਨੇ ਸਾਕਾਰ ਕਰਨ ਲਈ ਮਾਪਿਆਂ ਨੇ ਵਰੁਣ ਦਾ ਦਾਖ਼ਲਾ ਪਿੰਡ ਲਾਗਲੇ ਪਾਥਨਾਪੁਰਮ ਸ਼ਹਿਰ ਦੇ ਸੇਂਟ ਸਟੀਫ਼ਨਜ਼ ਸਕੂਲ ਵਿੱਚ ਕਰਵਾਇਆ।

ਸਕੂਲ ਵਿੱਚ ਦਾਖ਼ਲਾ ਤਾਂ ਹੋ ਗਿਆ, ਪਰ ਔਕੜਾਂ ਘੱਟ ਨਾ ਹੋਈਆਂ।

ਘਰ ਵਿੱਚ ਬਿਜਲੀ ਅਕਸਰ ਗ਼ਾਇਬ ਰਹਿੰਦੀ ਅਤੇ ਵਰੁਣ ਨੂੰ ਲਾਲਟੈਨ ਦੀ ਰੌਸ਼ਨੀ ਵਿੱਚ ਪੜ੍ਹਨਾ ਪੈਂਦਾ। ਰਾਤ ਨੂੰ ਵਰੁਣ ਜ਼ਮੀਨ ਉਤੇ ਹੀ ਸੌਂਦੇ। ਇੰਨਾ ਹੀ ਨਹੀਂ ਘਰ-ਪਰਿਵਾਰ ਚਲਾਉਣ ਲਈ ਵਰੁਣ ਦੇ ਮਾਪਿਆਂ ਨੂੰ ਕਰਜ਼ਾ ਵੀ ਲੈਣਾ ਪਿਆ। ਕਰਜ਼ਾ ਅਦਾ ਕਰਨ ਲਈ ਘਰ ਦਾ ਸਾਮਾਨ ਵੇਚਣ ਦੀ ਨੌਬਤ ਵੀ ਆ ਗਈ ਸੀ।

ਘਰ ਵਿੱਚ ਰੁਪਇਆਂ ਦੀ ਸਦਾ ਹੀ ਘਾਟ ਬਣੀ ਰਹਿੰਦੀ ਅਤੇ ਵਰੁਣ ਆਪਣੇ ਸਕੂਲ ਦੀ ਫ਼ੀਸ ਸਮੇਂ ਉਤਸੇ ਜਮ੍ਹਾ ਨਾ ਕਰ ਸਕਦੇ। ਸਮੇਂ ਉਤੇ ਫ਼ੀਸ ਨਾ ਜਮ੍ਹਾ ਕਰ ਸਕਣ ਕਰ ਕੇ ਵਰੁਣ ਨੂੰ ਸਜ਼ਾ ਦੇ ਤੌਰ ਉਤੇ ਜਮਾਤ ਦੇ ਬਾਹਰ ਖੜ੍ਹਾ ਕਰ ਦਿੱਤਾ ਜਾਂਦਾ। ਵਰੁਣ ਨੂੰ ਬਹੁਤ ਸ਼ਰਮ ਆਉਂਦੀ।

ਅੱਗੇ ਚੱਲ ਕੇ ਜਦੋਂ ਵਰੁਣ ਦਾ ਦਾਖ਼ਲਾ ਬੋਰਡਿੰਗ ਸਕੂਲ ਵਿੱਚ ਕਰਵਾਇਆ ਗਿਆ, ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ। ਬੋਰਡਿੰਗ ਸਕੂਲ ਵਿੱਚ ਵਾਰਡਨ ਵਾਰ-ਵਾਰ ਵਰੁਣ ਨੂੰ ਅਪਮਾਨਿਤ ਕਰਦੇ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਉਂਦੇ ਕਿ ਉਹ ਗ਼ਰੀਬ ਹਨ।

ਵਰੁਣ ਲਈ ਸਭ ਤੋਂ ਮਾੜਾ ਛਿਣ ਉਹ ਹੁੰਦਾ, ਜਦੋਂ ਸਾਥੀ ਉਨ੍ਹਾਂ ਦੇ ਪੱਕੇ ਰੰਗ ਕਾਰਣ ਉਨ੍ਹਾਂ ਨੂੰ 'ਕਾਲ਼ਾ ਕਾਂ' ਕਹਿ ਕੇ ਸੱਦਦੇ।

ਬਚਪਨ ਵਿੱਚ ਵਰੁਣ ਨੇ ਬਹੁਤ ਅਪਮਾਨ ਝੱਲਿਆ। ਗ਼ਰੀਬੀ ਦੀ ਮਾਰ ਝੱਲੀ। ਦੁੱਖ-ਦਰਦ ਝੱਲੇ।

ਇਨ੍ਹਾਂ ਹੀ ਹਾਲਾਤ ਵਿੱਚ ਵਰੁਣ ਨੇ ਆਪਣੀਆਂ ਸਮੱਸਿਆਵਾਂ ਅਤੇ ਅਪਮਾਨ ਤੋਂ ਧਿਆਨ ਹਟਾਉਣ ਲਈ ਫ਼ੁਟਬਾਲ ਨੂੰ ਆਪਣਾ ਸਾਧਨ ਬਣਾਇਆ।

ਸੁਭਾਅ ਵਿੱਚ ਕਿਉਂਕਿ ਮਿਹਨਤ ਅਤੇ ਲਗਨ ਸੀ, ਵਰੁਣ ਨੇ ਸਕੂਲੀ ਖੇਡਾਂ ਵਿੱਚ ਵੀ ਖ਼ੂਬ ਦਿਲਚਸਪੀ ਵਿਖਾਈ।

ਉਨ੍ਹੀਂ ਦਿਨੀਂ ਵਰੁਣ ਨੂੰ ਫ਼ੁਟਬਾਲ ਦਾ ਬਹੁਤ ਸ਼ੌਕ ਸੀ। ਇਸੇ ਕਰ ਕੇ ਜ਼ਿੰਦਗੀ ਵਿੱਚ ਕਾਮਯਾਬੀ ਲਈ ਵਰੁਣ ਨੇ ਫ਼ੁਟਬਾਲ ਦਾ ਸਹਾਰਾ ਲੈਣ ਦਾ ਮਨ ਬਣਾਇਆ।

ਵਰੁਣ ਨੇ ਫ਼ੁਟਬਾਲ ਦੇ ਮੈਦਾਨ ਵਿੱਚ ਸਦਾ ਹੀ ਵਧੀਆ ਪ੍ਰਦਰਸ਼ਨ ਕੀਤਾ। ਵਰੁਣ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਦਮ ਉਤੇ ਮੈਦਾਨ ਵਿੱਚ ਕਈ ਤਮਗ਼ੇ ਅਤੇ ਇਨਾਮ-ਸਨਮਾਨ ਜਿੱਤੇ। ਵਰੁਣ ਛੇਤੀ ਹੀ ਆਪਣੇ ਸਕੂਲ ਦੀ ਫ਼ੁਟਬਾਲ ਟੀਮ ਦੇ ਕਪਤਾਨ ਬਣ ਗਏ। ਉਨ੍ਹਾਂ ਕੁਸ਼ਲ ਅਗਵਾਈ ਰਾਹੀਂ ਸਕੂਲ ਨੂੰ ਇੰਟਰ-ਸਕੂਲ ਟੂਰਨਾਮੈਂਟ ਦਾ ਜੇਤੂ ਬਣਾਇਆ। ਬਹੁਤ ਹੀ ਘੱਟ ਸਮੇਂ ਵਿੱਚ ਅਧਿਆਪਕ ਵੀ ਜਾਣ ਗਏ ਸਨ ਕਿ ਵਰੁਣ ਇੱਕ ਹੋਣਹਾਰ ਬੱਚਾ ਹੈ ਅਤੇ ਖੇਡ ਦੇ ਮੈਦਾਨ ਵਿੱਚ ਉਸ ਦਾ ਭਵਿੱਖ ਉਜਲ ਹੈ।

ਫ਼ੁਟਬਾਲ ਦੇ ਮੈਦਾਨ ਵਿੱਚ ਵਰੁਣ ਦੀ ਕਾਮਯਾਬੀ ਤੋਂ ਬਾਅਦ ਲੋਕਾਂ ਦਾ ਉਸ ਪ੍ਰਤੀ ਨਜ਼ਰੀਆ ਅਤੇ ਵਿਵਹਾਰ ਬਦਲਿਆ। ਲੋਕਾਂ ਨੂੰ ਇੱਕ ਗ਼ਰੀਬ ਪਰਿਵਾਰ ਤੋਂ ਆਏ ਕਾਲੇ ਰੰਗ ਦੇ ਇਸ ਬੱਚੇ ਵਿੱਚ ਚੈਂਪੀਅਨ ਵਿਖਾਈ ਦੇਣ ਲੱਗਾ।

ਮੈਦਾਨ ਵਿੱਚ ਵਰੁਣ ਦੀ ਕਾਮਯਾਬੀ ਦਾ ਕਾਰਣ ਇੱਕ ਪ੍ਰੇਰਣਾ ਸੀ। ਵਰੁਣ ਨੇ ਬਚਪਨ ਤੋਂ ਹੀ ਮਸ਼ਹੂਰ ਖਿਡਾਰੀ ਆਈ.ਐਮ. ਵਿਜਯਨ ਤੋਂ ਪ੍ਰੇਰਣਾ ਲਈ ਸੀ। ਵਰੁਣ ਦੇ ਨਾਇਕ ਸਨ ਵਿਜਯਨ। ਵਿਜਯਨ ਉਨ੍ਹੀਂ ਦਿਨੀਂ ਕੇਰਲ ਵਿੱਚ ਬਹੁਤ ਹਰਮਨਪਿਆਰੇ ਸਨ। ਵਿਜਯਨ ਨੂੰ ਦੇਸ਼ ਦਾ ਸਭ ਤੋਂ ਵਧੀਆ ਫ਼ੁਟਬਾਲ ਖਿਡਾਰੀ ਮੰਨਿਆ ਜਾਂਦਾ ਸੀ। ਵਰੁਣ ਸੁਫ਼ਨਾ ਵੇਖਣ ਲੱਗੇ ਕਿ ਅੱਗੇ ਚੱਲ ਕੇ ਉਹ ਵੀ ਵਿਜਯਨ ਵਾਂਗ ਹੀ ਬਣਨਗੇ। ਵਿਜਯਨ ਇਸ ਕਾਰਣ ਕਰ ਕੇ ਵੀ ਵਰੁਣ ਦੇ ਆਦਰਸ਼ ਸਨ ਕਿਉਂਕਿ ਵਿਜਯਨ ਦਾ ਜਨਮ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ ਸੀ। ਵਿਜਯਨ ਬਚਪਨ ਵਿੱਚ ਸਟੇਡੀਅਮ ਦੇ ਬਾਹਰ ਸੋਡਾ ਵੇਚਦੇ ਹੁੰਦੇ ਸਨ। ਜੁੱਤੀਆਂ ਨਾ ਹੋਣ ਕਾਰਣ ਉਨ੍ਹਾਂ ਕਈ ਦਿਨਾਂ ਤੱਕ ਨੰਗੇ ਪੈਰਾਂ ਨਾਲ ਫ਼ੁਟਬਾਲ ਖੇਡੀ ਸੀ।

ਵਰੁਣ ਨੇ ਵਿਜਯਨ ਤੋਂ ਪ੍ਰੇਰਣਾ ਲੈਂਦੇ ਰਹਿਣ ਲਈ ਆਪਣੇ ਕਮਰੇ ਵਿੱਚ ਉਨ੍ਹਾਂ ਦੀ ਤਸਵੀਰ ਵੀ ਲਾ ਲਈ ਸੀ ਅਤੇ ਹਰੇਕ ਮੈਚ ਵਾਲੇ ਦਿਨ ਉਹ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਤੋਂ ਦੁਆ ਮੰਗਦੇ ਸਨ। ਇੱਕ ਤਰ੍ਹਾਂ ਵਰੁਣ ਨੇ ਵਿਜਯਨ ਨੂੰ ਰੱਬ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਸੀ।

10ਵੀਂ ਦੀ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਵਰੁਣ ਨੂੰ ਕੇਰਲ ਸਰਕਾਰ ਤੋਂ ਫ਼ੁਟਬਾਲ ਖੇਡਣ ਲਈ ਵਜ਼ੀਫ਼ਾ ਮਿਲਿਆ। ਇਹ ਵਜ਼ੀਫ਼ਾ ਤ੍ਰਿਵੇਂਦਰਮ ਦੇ ਇੱਕ ਕਾਲਜ ਵਿੱਚ ਖੇਡਣ ਲਈ ਸੀ। ਕਾਲਜ ਦੇ ਪਹਿਲੇ ਸਾਲ ਵਿੱਚ ਹੀ ਵਰੁਣ ਨੇ ਕੇਰਲ ਸੂਬੇ ਦੀ ਅੰਡਰ-16 ਫ਼ੁਟਬਾਲ ਟੀਮ ਦੀ ਨੁਮਾਇੰਦਗੀ ਕੀਤੀ। ਟੂਰਨਾਮੈਂਟ ਖੇਡਣ ਲਈ ਵਰੁਣ ਨੂੰ ਉਤਰ ਪ੍ਰਦੇਸ਼ ਜਾਣਾ ਪਿਆ। ਉਤਰ ਪ੍ਰਦੇਸ਼ ਜਾਣ ਲਈ ਵਰੁਣ ਨੂੰ ਸਾਥੀ ਖਿਡਾਰੀਆਂ ਨਾਲ ਰੇਲ ਦਾ ਸਫ਼ਰ ਕਰਨਾ ਪਿਆ। ਇਹ ਸਫ਼ਰ ਬਹੁਤ ਯਾਦਗਾਰੀ ਸੀ ਕਿਉਂਕਿ ਵਰੁਣ ਲਈ ਰੇਲ ਦਾ ਇਹ ਪਹਿਲਾ ਸਫ਼ਰ ਸੀ। ਅੱਗੇ ਚੱਲ ਕੇ ਵਰੁਣ ਕੇਰਲ ਯੂਨੀਵਰਸਿਟੀ ਦੀ ਫ਼ੁਟਬਾਲ ਟੀਮ ਦੇ ਕਪਤਾਨ ਬਣੇ ਅਤੇ ਇਥੋਂ ਉਨ੍ਹਾਂ ਦਾ ਜੀਵਨ ਤੇਜ਼ੀ ਨਾਲ ਬਦਲਣਾ ਸ਼ੁਰੂ ਹੋਇਆ।

ਕੇਰਲ ਸੂਬੇ ਅਤੇ ਯੂਨੀਵਰਸਿਟੀ ਦੀਆਂ ਟੀਮਾਂ ਲਈ ਖੇਡਦਿਆਂ ਵਰੁਣ ਨੂੰ ਕਈ ਨਵੀਆਂ ਥਾਂਵਾਂ ਉਤੇ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਨਵੇਂ-ਨਵੇਂ ਲੋਕਾਂ ਨੂੰ ਮਿਲਣ ਦੇ ਮੌਕੇ ਮਿਲੇ। ਨਵੇਂ ਤਜਰਬੇ ਹੋਏ। ਜੰਗਲ ਲਾਗਲੇ ਪਿੰਡ ਤੋਂ ਬਹੁਤ ਅਗਾਂਹ ਵਧ ਕੇ ਸ਼ਹਿਰਾਂ ਵਿੱਚ ਲੋਕਾਂ ਦੀ ਰਹਿਣੀ-ਬਹਿਣੀ, ਆਚਾਰ-ਵਿਚਾਰ ਨੂੰ ਜਾਣਨ ਦਾ ਮੌਕਾ ਮਿਲਿਆ। ਵਰੁਣ ਨੇ ਨਵੇਂ ਦੋਸਤ ਬਣਾਏ ਅਤੇ ਦੂਜੀਆਂ ਭਾਸ਼ਾਵਾਂ ਵੀ ਸਿੱਖੀਆਂ। ਇੱਕ ਤਰ੍ਹਾਂ ਵਰੁਣ ਨੇ ਆਪਣੀ ਜ਼ਿੰਦਗੀ ਨੂੰ ਬਦਲਣਾ, ਉਸ ਨੂੰ ਸੁਧਾਰਨਾ-ਸੁਆਰਨਾ ਸ਼ੁਰੂ ਕੀਤਾ।

ਪਰ ਇਸ ਦੌਰਾਨ ਇੱਕ ਵੱਡੀ ਘਟਨਾ ਵਾਪਰੀ, ਜਿਸ ਨੇ ਵਰੁਣ ਦੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਨੂੰ ਮੁੜ ਬਦਲ ਦਿੱਤਾ।

ਇੱਕ ਦਿਨ ਮੈਦਾਨ ਵਿੱਚ ਫ਼ੁਟਬਾਲ ਦੇ ਅਭਿਆਸ ਦੌਰਾਨ ਵਰੁਣ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੇ ਮੋਢੇ ਦੀ ਹੱਡੀ ਟੁੱਟ ਗਈ। ਇਲਾਜ ਅਤੇ ਆਰਾਮ ਲਈ ਉਨ੍ਹਾਂ ਨੂੰ ਪਿੰਡ ਪਰਤਣਾ ਪਿਆ। ਸੱਟ ਕਾਰਣ ਫ਼ੁਟਬਾਲ ਖੇਡਣਾ ਬੰਦ ਹੋ ਗਿਆ ਅਤੇ ਕਾਲਜ ਦੀ ਪੜ੍ਹਾਈ ਵੀ ਛੁੱਟ ਗਈ।

ਵਰੁਣ ਮੁੜ ਮੁਸੀਬਤਾਂ ਵਿੱਚ ਘਿਰ ਗਏ। ਘਰ ਦੀ ਮਾਲੀ ਹਾਲਤ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ। ਘਰ-ਪਰਿਵਾਰ ਚਲਾਉਣ ਲਈ ਕੰਮ ਕਰਨਾ ਜ਼ਰੂਰੀ ਸੀ। ਔਕੜਾਂ ਵਿਚੋਂ ਨਿੱਕਲਣ ਲਈ ਵਰੁਣ ਦਾ ਕੰਮ ਕਰਨਾ ਜ਼ਰੂਰੀ ਹੋ ਗਿਆ। ਪਰ ਸੁਆਲ ਸੀ ਕਿ ਕੀਤਾ ਕੀ ਜਾਵੇ?

ਇਸ ਸੁਆਲ ਦਾ ਜੁਆਬ ਲੱਭਣ ਵਿੱਚ ਮਾਂ ਨੇ ਵਰੁਣ ਦੀ ਮਦਦ ਕੀਤੀ। ਮਾਂ ਨੇ ਆਪਣੇ ਕੜੇ ਅਤੇ ਤਿੰਨ ਹਜ਼ਾਰ ਰੁਪਏ ਵਰੁਣ ਨੂੰ ਦਿੱਤੇ ਅਤੇ ਨੌਕਰੀ ਜਾਂ ਫਿਰ ਕੋਈ ਹੋਰ ਕੰਮ ਲੱਭਣ ਦੀ ਸਲਾਹ ਦਿੱਤੀ।

ਮਾਂ ਦਾ ਆਸ਼ੀਰਵਾਦ ਲੈ ਕੇ ਵਰੁਣ ਬੰਗਲੌਰ ਚਲੇ ਗਏ। ਬੰਗਲੌਰ ਵਿੱਚ ਵਰੁਣ ਦੇ ਪਿੰਡ ਦੇ ਇੱਕ ਠੇਕੇਦਾਰ ਰਹਿੰਦੇ ਸਨ। ਇਸੇ ਠੇਕੇਦਾਰ ਨੇ ਆਪਣੇ ਮਜ਼ਦੂਰਾਂ ਦੇ ਨਾਲ ਹੀ ਵਰੁਣ ਦੇ ਰਹਿਣ ਦਾ ਇੰਤਜ਼ਾਮ ਕੀਤਾ।

ਅੰਗਰੇਜ਼ੀ ਨਾ ਜਾਣਨ ਕਰ ਕੇ ਵਰੁਣ ਨੂੰ ਬੰਗਲੌਰ ਵਿੱਚ ਨੌਕਰੀ ਹਾਸਲ ਕਰਨ ਵਿੱਚ ਔਕੜਾਂ ਪੇਸ਼ ਆਉਣ ਲੱਗੀਆਂ। ਦੇਹਾਤੀ ਇਲਾਕੇ ਤੋਂ ਹੋਣਾ ਅਤੇ ਅੰਗਰੇਜ਼ੀ ਨਾ ਜਾਣਨਾ, ਵੱਡਾ ਅੜਿੱਕਾ ਬਣੇ। ਵਰੁਣ ਨੂੰ ਅਹਿਸਾਸ ਹੋ ਗਿਆ ਕਿ ਨੌਕਰੀ ਹਾਸਲ ਕਰਨ ਲਈ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੈ।

ਉਨ੍ਹਾਂ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ। ਪਹਿਲਾਂ ਡਿਕਸ਼ਨਰੀ ਖ਼ਰੀਦੀ। ਫਿਰ ਲਾਇਬਰੇਰੀ ਜਾਣਾ ਸ਼ੁਰੂ ਕੀਤਾ। ਅੰਗਰੇਜ਼ੀ ਕਿਤਾਬਾਂ ਪੜ੍ਹਨੀਆਂ ਅਤੇ ਸ਼ਬਦ ਸਮਝ ਨਾ ਆਉਣ ਉਤੇ ਡਿਕਸ਼ਨਰੀ ਦੀ ਮਦਦ ਲੈਣੀ ਸ਼ੁਰੂ ਕੀਤੀ। ਸਿਡਨੀ ਸ਼ੈਲਡਨ ਅਤੇ ਜੈਫ਼ਰੀ ਆਰਚਰ ਦੇ ਨਾਵਲ ਵੀ ਪੜ੍ਹੇ। ਅੰਗਰੇਜ਼ੀ ਉਤੇ ਪਕੜ ਮਜ਼ਬੂਤ ਕਰਨ ਅਤੇ ਚੰਗੀ ਤਰ੍ਹਾਂ ਬੋਲਣਾ ਸਿੱਖਣ ਲਈ ਵਰੁਣ ਨੇ ਅੰਗਰੇਜ਼ੀ ਦੇ ਨਿਊਜ਼ ਚੈਨਲ ਸੀ.ਐਨ.ਐਨ. ਨੂੰ ਟੀ.ਵੀ. ਉਤੇ ਵੇਖਣਾ ਸ਼ੁਰੂ ਕੀਤਾ।

ਵਰੁਣ ਨੇ ਇੰਟਰਨੈਟ ਰਾਹੀਂ ਵੀ ਨੌਕਰੀ ਦੀ ਤਲਾਸ਼ ਜਾਰੀ ਰੱਖੀ ਅਤੇ ਇੱਕ ਦਿਨ ਵਰੁਣ ਦੇ ਜਤਨ ਅਤੇ ਮਿਹਨਤ ਰੰਗ ਲਿਆਏ।

ਉਨ੍ਹਾਂ ਨੂੰ ਇੱਕ ਕਾੱਲ ਸੈਂਟਰ ਵਿੱਚ ਨੌਕਰੀ ਮਿਲ ਗਈ। ਕਾੱਲ ਸੈਂਟਰ ਵਿੱਚ ਕੰਮ ਕਰਦਿਆਂ ਵੀ ਵਰੁਣ ਨੇ ਪੜ੍ਹਾਈ ਜਾਰੀ ਰੱਖੀ। ਇਸੇ ਦੌਰਾਨ ਉਨ੍ਹਾਂ ਨੂੰ ਹੈਦਰਾਬਾਦ ਦੀ ਕੰਪਨੀ 'ਐਂਟਿਟੀ ਡਾਟਾ' ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ। ਇਸ ਕੰਪਨੀ ਵਿੱਚ ਵਰੁਣ ਨੂੰ ਬਿਜ਼ਨੇਸ ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਨੌਕਰੀ ਮਿਲੀ। ਇਸ ਕੰਪਨੀ ਵਿੱਚ ਵਰੁਣ ਨੇ ਬਹੁਤ ਮਿਹਨਤ ਕੀਤੀ।

ਕੰਪਨੀ ਦੇ ਲੋਕ ਵਰੁਣ ਦੀ ਮਿਹਨਤ ਅਤੇ ਕੰਮਕਾਜ ਦੇ ਤਰੀਕੇ ਤੋਂ ਇੰਨੇ ਖ਼ੁਸ਼ ਅਤੇ ਸੰਤੁਸ਼ਟ ਹੋਏ ਕਿ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਫ਼ੈਸਲਾ ਲਿਆ ਗਿਆ।

ਅੱਗੇ ਚੱਲ ਕੇ ਵਰੁਣ ਨੇ ਸੈਪ ਅਤੇ ਫਿਰ ਸਿੰਗਾਪੁਰ 'ਚ ਆੱਰੇਕਲ ਕੰਪਨੀ ਵਿੱਚ ਨੌਕਰੀ ਕੀਤੀ।

ਅਮਰੀਕਾ ਦੀ ਸਿਲੀਕੌਨ ਵੈਲੀ ਵਿੱਚ ਕੰਮ ਕਰਦਿਆਂ ਵਰੁਣ ਦੇ ਮਨ ਵਿੱਚ ਨਵੇਂ-ਨਵੇਂ ਵਿਚਾਰ ਆਉਣ ਲੱਗੇ। ਉਨ੍ਹਾਂ ਵਿਚੋਂ ਇੱਕ ਨੌਕਰੀਪੇਸ਼ਾ ਇਨਸਾਨ ਤੋਂ ਉਦਮੀ ਬਣਨ ਦੀ ਇੱਛਾ ਪੈਦਾ ਹੋਈ। ਵਰੁਣ ਨੇ ਕਈ ਵੱਡੀਆਂ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹੀਆਂ ਹੋਈਆਂ ਸਨ। ਇਨ੍ਹਾਂ ਜੀਵਨੀਆਂ ਤੋਂ ਉਨ੍ਹਾਂ ਨੁੰ ਪਤਾ ਚੱਲਿਆ ਕਿ ਕਈ ਗ਼ਰੀਬ ਅਤੇ ਮਾਮੂਲੀ ਲੋਕਾਂ ਨੇ ਵੀ ਪਹਿਲਾਂ ਉਦਮ ਸ਼ੁਰੂ ਕਰਨ ਦਾ ਸੁਫ਼ਨਾ ਵੇਖਿਆ ਅਤੇ ਸੁਫ਼ਨੇ ਨੂੰ ਕਾਮਯਾਬ ਕਰਨ ਲਈ ਮਿਹਨਤ ਕੀਤੀ। ਮਿਹਨਤ ਰੰਗ ਲਿਆ ਅਤੇ ਆਮ ਇਨਸਾਨ ਅੱਗੇ ਚੱਲ ਕੇ ਵੱਡੇ ਕਾਰੋਬਾਰੀ ਅਤੇ ਉਦਮੀ ਬਣੇ। ਵਰੁਣ ਨੇ ਵੀ ਫ਼ੈਸਲਾ ਕੀਤਾ ਕਿ ਉਹ ਵੀ ਇਸੇ ਰਾਹ ਉਤੇ ਚੱਲਣਗੇ ਅਤੇ ਆਪਣਾ ਖ਼ੁਦ ਦਾ ਉਦਮ ਸਥਾਪਤ ਕਰਨਗੇ।

ਵਰੁਣ ਨੂੰ ਲਗਦਾ ਸੀ ਕਿ ਸਫ਼ਲ ਬਣਨ ਲਈ ਉਨ੍ਹਾਂ ਨੁੰ ਕੁੱਝ ਅਜਿਹਾ ਕਰਨਾ ਹੋਵੇਗਾ ਕਿ ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਲਝ ਸਕਣ ਅਤੇ ਉਨ੍ਹਾਂ ਦੀ ਜ਼ਿੰਦਗੀ ਆਸਾਨ ਬਣੇ।

ਸਿੰਗਾਪੁਰ ਵਿਖੇ ਨੌਕਰੀ ਦੌਰਾਨ ਵਰੁਣ ਨੇ ਆਪਣੇ ਨਵੇਂ ਸੁਫ਼ਨੇ ਸੱਚ ਕਰਨ ਲਈ ਮਿਹਨਤ ਕਰਨੀ ਸ਼ੁਰੂ ਕੀਤੀ।

ਵਰੁਣ ਨੇ ਆਪਣਾ ਕੰਮ ਆਸਾਨ ਕਰਨ ਦੇ ਮੰਤਵ ਨਾਲ ਇੱਕ ਸਾੱਫ਼ਟਵੇਅਰ ਟੂਲ ਦੀ ਕੋਡਿੰਗ ਸ਼ੁਰੂ ਕੀਤੀ। ਵਰੁਣ ਦੇ ਸਾਥੀਆਂ ਨੂੰ ਵੀ ਇਹ ਕੰਮ ਬਹੁਤ ਹੀ ਕਾਰਗਰ ਅਤੇ ਲਾਹੇਵੰਦਾ ਲੱਗਾ। ਸਾਰੇ ਇਸ ਕੋਡਿੰਗ ਤੋਂ ਪ੍ਰਭਾਵਿਤ ਹੋਏ। ਅਤੇ ਆਪਣੇ ਕੰਮ ਦਾ ਮਹੱਤਵ ਜਾਣ ਕੇ ਵਰੁਣ ਨੇ ਆਪਣਾ ਖ਼ੁਦ ਦਾ ਉਦਮ ਅਰੰਭ ਦਾ ਫ਼ੈਸਲਾ ਕੀਤਾ। ਅਤੇ ਇੰਝ ਹੀ ਉਨ੍ਹਾਂ ਦਾ ਪਹਿਲਾ ਉਦਮ ਕਾਰਪੋਰੇਟ 360 ਭਾਵ ਸੀ-360 ਸ਼ੁਰੂ ਹੋਇਆ।

ਵਰੁਣ ਨੇ ਕੰਪਨੀਆਂ ਦੀ ਮਦਦ ਲਈ ਨਵੇਂ-ਨਵੇਂ ਉਤਪਾਦ ਵਿਕਸਤ ਕਰਨੇ ਸ਼ੁਰੂ ਕੀਤੇ। ਇਨ੍ਹਾਂ ਉਤਪਾਦਾਂ ਕਾਰਣ ਕੰਪਨੀਆਂ ਨੂੰ ਇਹ ਪਤਾ ਚੱਲਣ ਲੱਗਾ ਕਿ ਉਨ੍ਹਾਂ ਦੇ ਉਤਪਾਦਾਂ ਨੂੰ ਗਾਹਕ ਕਦੋਂ, ਕਿੰਨਾ ਅਤੇ ਕਿਵੇਂ ਇਸਤੇਮਾਲ ਕਰਦੇ ਹਨ? ਅਤੇ ਬਾਜ਼ਾਰ ਵਿੱਚ ਇਨ੍ਹਾਂ ਉਤਪਾਦਾਂ ਦੀ ਮੰਗ ਕਿਹੋ ਜਿਹੀ ਹੈ?

ਵਰੁਣ ਨੇ ਅੱਗੇ ਵਧਦਿਆਂ 'ਟੇਕ ਸੇਲਜ਼ ਕਲਾਊਡ' ਨਾਂਅ ਦਾ ਉਤਪਾਦ ਤਿਆਰ ਕੀਤਾ।

ਇਹ ਇੱਕ ਅਜਿਹਾ ਸੇਲਜ਼ ਅਤੇ ਮਾਰਕਿਟਿੰਗ ਟੂਲ ਹੈ, ਜੋ ਵੱਡੇ ਡਾਟਾ ਸੈਟਸ ਦਾ ਇਸ ਤਰ੍ਹਾਂ ਵਿਸ਼ਲੇਸ਼ਣ, ਵਿਵੇਚਨ ਅਤੇ ਇਸਤੇਮਾਲ ਕਰਦਾ ਹੈ, ਜਿਸ ਨਾਲ ਕੰਪਨੀਆਂ ਦੀ ਸੇਲਜ਼ ਅਤੇ ਮਾਰਕਿਟਿੰਗ ਟੀਮ ਆਸਾਨੀ ਨਾਲ ਆਪਣੇ ਟਾਰਗੈਟ ਸਮਝ ਕੇ ਉਨ੍ਹਾਂ ਨੂੰ ਚੁਣ ਸਕਦੀ ਹੈ।

ਵਰੁਣ ਨੇ ਅਰੰਭ ਵਿੱਚ ਕੁੱਝ ਸਾਲਾਂ ਤੱਕ ਆਪਣੇ ਉਤਪਾਦਾਂ ਦਾ ਕੁੱਝ ਕੰਪਨੀਆਂ ਨਾਲ ਪਰੀਖਣ ਕੀਤਾ ਅਤੇ ਉਨ੍ਹਾਂ ਨੂੰ ਵਿਖਾਇਆ ਕਿ ਇਹ ਕੰਪਨੀਆਂ ਲਈ ਲਾਹੇਵੰਦ ਸਿੱਧ ਹੋ ਸਕਦੇ ਹਨ। ਆਪਣੇ ਗਾਹਕਾਂ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਵਰੁਣ ਨੇ ਉਨ੍ਹਾਂ ਨੂੰ ਆਪਣੇ ਉਤਪਾਦ ਵੇਚਣੇ ਸ਼ੁਰੂ ਕੀਤੇ ਆਪਣੀਆਂ ਪੇਡ ਸਰਵਿਸੇਜ਼ ਵੀ ਉਪਲਬਧ ਕਰਵਾਉਣੀਆਂ ਸ਼ੁਰੂ ਕੀਤੀਆਂ।

ਵਰੁਣ ਨੇ ਸਾਲ 2012 'ਚ ਸਿੰਗਾਪੁਰ ਵਿਖੇ ਆਪਣੀ ਰਿਹਾਇਸ਼ਗਾਹ ਤੋਂ ਹੀ ਆਪਣਾ ਉਦਮ ਸ਼ੁਰੂ ਕੀਤਾ। ਉਦਮ ਦੀ ਰਜਿਸਟਰੇਸ਼ਨ ਵੀ ਸਿੰਗਾਪੁਰ 'ਚ ਹੀ ਹੋਈ। ਰਜਿਸਟਰੇਸ਼ਨ ਦੇ ਕੁੱਝ ਮਿੰਟਾਂ ਪਿੱਛੋਂ ਕੰਪਨੀ ਦੀ ਵੈਬਸਾਈਟ ਵੀ ਬਣ ਗਈ।

ਕੰਪਨੀ ਦਾ ਨਾਂਅ 'ਕਾਰਪੋਰੇਟ 360' ਰੱਖਣ ਪਿੱਛੇ ਵੀ ਇੱਕ ਖ਼ਾਸ ਕਾਰਣ ਹੈ। ਕੰਪਨੀਆਂ ਦੀ 360 ਡਿਗਰੀ ਮਾਰਕਿਟਿੰਗ ਪ੍ਰੋਫ਼ਾਇਲ ਦੀ ਜ਼ਿੰਮੇਵਾਰੀ ਲੈਣ ਦੇ ਮੰਤਵ ਨਾਲ ਹੀ ਵਰੁਣ ਨੇ ਕੰਪਨੀ ਦਾ ਨਾਂਅ 'ਕਾਰਪੋਰੇਟ 360' ਰੱਖਿਆ।

ਵਰੁਣ ਦੀ ਕੰਪਨੀ ਨੂੰ ਪਹਿਲਾ ਆੱਰਡਰ ਇੰਗਲੈਂਡ ਦੇ ਇੱਕ ਗਾਹਕ ਤੋਂ ਮਿਲਿਆ ਸੀ। 500 ਡਾਲਰ ਦਾ ਆਰਡਰ ਸੀ। ਭਾਵ ਵਰੁਣ ਦੀ ਕੰਪਨੀ ਚੱਲ ਪਈ ਸੀ।

ਕੰਪਨੀ ਕੁੱਝ ਇੰਝ ਅੱਗੇ ਵਧੀ ਕਿ ਪਹਿਲੇ ਹੀ ਸਾਲ ਵਿੱਚ ਉਸ ਨੂੰ ਢਾਈ ਲੱਖ ਡਾਲਰ ਦੀ ਆਮਦਨ ਹੋਈ।

ਇਸ ਤੋਂ ਬਾਅਦ ਵਰੁਣ ਆਪਣੀ ਕੰਪਨੀ ਨੂੰ ਲਗਾਤਾਰ ਵਿਸਥਾਰ ਦਿੰਦੇ ਚਲੇ ਗਏ। ਵਰੁਣ ਨੇ ਦੁਨੀਆਂ ਦੇ ਵੱਖੋ-ਵੱਖਰੇ ਸ਼ਹਿਰਾਂ ਤੋਂ ਇਲਾਵਾ ਆਪਣੇ ਜੱਦੀ ਸੂਬੇ ਕੇਰਲ ਵਿੱਚ ਵੀ ਕੰਟਰੈਕਟਰ ਰੱਖੇ।

ਵਰੁਣ ਨੇ ਆਪਣੀ ਕੰਪਨੀ ਦਾ 'ਆਪਰੇਸ਼ਨਜ਼ ਸੈਟਰ' ਆਪਣੇ ਪਿੰਡ ਕੋਲ ਪਾਥਨਾਪੁਰਮ ਵਿਖੇ ਸਥਾਪਤ ਕੀਤਾ, ਜਿੱਥੇ ਸਥਾਨਕ ਲੋਕਾਂ ਨੂੰ ਵੀ ਰੋਜ਼ਗਾਰ ਦਿੱਤਾ ਗਿਆ।

ਅੱਜ ਬਹੁਤ ਵੱਡੀਆਂ ਬਹੁ-ਕੌਮੀ ਕੰਪਨੀਆਂ ਵਰੁਣ ਦੀਆਂ ਕਲਾਇੰਟਸ ਹਨ। ਲਗਭਗ 10 ਲੱਖ ਡਾਲਰ ਦੀ ਕੰਪਨੀ ਬਣ ਚੁੱਕੀ ਹੈ ਵਰੁਣ ਦੀ ਕਾਰਪੋਰੇਟ 360.

ਵਰੁਣ ਦਾ ਨਵਾਂ ਟੀਚਾ ਹੈ ਕਿ ਆਪਣੀ ਕੰਪਨੀ 'ਕਾਰਪੋਰੇਟ 360' ਨੂੰ ਸਾਲ 2017 ਤੱਕ ਇੱਕ ਕਰੋੜ ਡਾਲਰ ਦੀ ਕੰਪਨੀ ਬਣਾਇਆ ਜਾਵੇ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਆਪਣੇ ਟੀਚੇ ਨੂੰ ਵੀ ਹਾਸਲ ਕਰਨ ਵਿੱਚ ਕਾਮਯਾਬ ਹੋਣਗੇ।

Add to
Shares
0
Comments
Share This
Add to
Shares
0
Comments
Share
Report an issue
Authors

Related Tags