ਸੰਸਕਰਣ
Punjabi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 'ਸਟਾਰਟ-ਅੱਪ ਇੰਡੀਆ 2016' ਦੀ ਸ਼ੁਰੂਆਤ, ਨਵੀਆਂ ਕੰਪਨੀਆਂ ਲਈ ਅਨੇਕਾਂ ਛੋਟਾਂ ਦਾ ਕੀਤਾ ਐਲਾਨ

16th Jan 2016
Add to
Shares
0
Comments
Share This
Add to
Shares
0
Comments
Share

15 ਅਗਸਤ, 2015 ਨੂੰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ 'ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ' ਦਾ ਅਨੁਰੋਧ ਕੀਤਾ ਸੀ, ਤਦ ਭਾਰਤ ਪਹਿਲਾਂ ਤੋਂ ਹੀ 'ਸਟਾਰਟ-ਅੱਪ' ਰਾਸ਼ਟਰ ਦੇ ਰਾਹ ਤੁਰਿਆ ਹੋਇਆ ਸੀ। ਉਸ ਤੋਂ ਬਾਅਦ ਪੰਜ ਮਹੀਨੇ ਲਗਾਤਾਰ 'ਸਟਾਰਟ-ਅੱਪ ਇੰਡੀਆ' ਦੂਰ-ਦ੍ਰਿਸ਼ਟੀ ਨਾਲ ਸਬੰਧਤ ਨੀਤੀਆਂ ਉਲੀਕੀਆਂ ਗਈਆਂ; ਜੋ ਕਿ ਨਿਸ਼ਚਤ ਤੌਰ ਉਤੇ ਦੇਸ਼ ਦੇ ਉੱਦਮੀਆਂ ਦੀ ਸਹਾਇਤਾ ਲਈ ਹਨ। ਅੱਜ 16 ਜਨਵਰੀ, 2016 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ 'ਸਟਾਰਟ-ਅੱਪ ਇੰਡੀਆ' ਦੀ ਕਾਰਜ-ਯੋਜਨਾ ਨੂੰ ਅਧਿਕਾਰਤ ਤੌਰ ਉਤੇ ਅਰੰਭ ਕੀਤਾ ਗਿਆ। 'ਯੂਅਰ-ਸਟੋਰੀ' ਇਸ 'ਸਟਾਰਟ-ਅੱਪ ਇੰਡੀਆ' ਮੁਹਿੰਮ ਵਿੱਚ ਭਾਰਤ ਸਰਕਾਰ ਦੀ ਅਧਿਕਾਰਤ ਭਾਈਵਾਲ਼ ਹੈ; ਇਸੇ ਲਈ 'ਯੂਅਰ ਸਟੋਰੀ' ਦੀ ਵੈਬਸਾਈਟ ਉੱਤੇ ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੰਪਨੀਆਂ ਦੀ ਰਜਿਸਟਰੇਸ਼ਨ ਇੱਕ ਐਪ. (ਕੰਪਿਊਟਰ ਜਾਂ ਮੋਬਾਇਲ ਫ਼ੋਨ ਐਪਲੀਕੇਸ਼ਨ) ਰਾਹੀਂ ਕੇਵਲ ਇੱਕੋ ਦਿਨ ਵਿੱਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸਟਾਰਟ-ਅੱਪਸ ਭਾਵ ਨਵੀਆਂ ਛੋਟੀਆਂ ਕੰਪਨੀਆਂ ਲਈ 10 ਹਜ਼ਾਰ ਕਰੋੜ ਰੁਪਏ ਦੇ ਕੋਸ਼ (ਫ਼ੰਡ) ਦੇ ਨਾਲ-ਨਾਲ ਉਨ੍ਹਾਂ ਲਈ ਹੋਰ ਕਈ ਭੱਤਿਆਂ ਦਾ ਐਲਾਨ ਕੀਤਾ। ਇੱਕ ਵੱਡੇ ਇਕੱਠ ਦੀਆਂ ਤਾੜੀਆਂ ਦੌਰਾਨ ਸ੍ਰੀ ਮੋਦੀ ਨੇ 'ਸਟਾਰਟ-ਅੱਪ ਇੰਡੀਆ' ਮੁਹਿੰਮ ਦੀ ਬਾਕਾਇਦਾ ਰਸਮੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਨਵੀਆਂ ਕੰਪਨੀਆਂ ਭਾਵ ਸਟਾਰਟ-ਅੱਪਸ ਦੇ ਮੁਨਾਫ਼ਿਆਂ ਉਤੇ ਤਿੰਨ ਸਾਲਾਂ ਤੱਕ ਕੋਈ ਟੈਕਸ ਨਹੀਂ ਲੱਗੇਗਾ। ਸਰਕਾਰ ਵੱਲੋਂ ਆਯੋਜਿਤ 'ਸਟਾਰਟ-ਅੱਪ ਇੰਡੀਆ' ਨਾਲ ਸਬੰਧਤ ਸਮਾਰੋਹ ਵਿੱਚ 1,000 ਤੋਂ ਵੱਧ ਉੱਦਮੀ ਇਕੱਠੇ ਹੋਏ ਸਨ।

image


ਇਨ੍ਹਾਂ ਉੱਦਮੀਆਂ ਲਈ ਅਨੇਕਾਂ ਛੋਟਾਂ ਤੇ ਹੋਰ ਐਲਾਨਾਂ ਦੀ ਇੱਕ ਲੰਮੀ ਸੂਚੀ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਹੁਣ ਆਪਣੀ ਦਖ਼ਲਅੰਦਾਜ਼ੀ ਘੱਟ ਤੋਂ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਵਿੱਚ ਕਾਰੋਬਾਰ/ਵਪਾਰ ਕਰਨਾ ਸੁਖਾਲ਼ਾ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇੱਥੇ ਵਰਣਨਯੋਗ ਹੈ ਕਿ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਾਰੋਬਾਰ ਕਰਨ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਬੈਂਕ ਦੇ ਮੁਲੰਕਣ ਤੇ ਉਸ ਦੀ ਦਰਜਾਬੰਦੀ ਮੁਤਾਬਕ 12 ਸਥਾਨ ਉਤਾਂਹ ਚਲਾ ਗਿਆ ਹੈ; ਕਿਉਂਕਿ ਭਾਰਤ ਦਾ ਇਸ ਮਾਮਲੇ ਵਿੱਚ ਸਥਾਨ 142ਵਾਂ ਸੀ ਪਰ ਹੁਣ ਇਹ 130ਵਾਂ ਹੋ ਗਿਆ ਹੈ। ਇੰਨੀ ਛੇਤੀ ਪਹਿਲਾਂ ਅਜਿਹੀ ਦਰਜਾਬੰਦੀ ਵਿੱਚ ਭਾਰਤ ਨੇ ਕਦੇ ਵੀ ਇੰਨੀ ਵੱਡੀ ਪੁਲਾਂਘ ਨਹੀਂ ਪੁੱਟੀ; ਜਿਸ ਦਾ ਸਿੱਧਾ ਮਤਲਬ ਇਹੋ ਹੈ ਕਿ ਸਰਕਾਰ ਦੇਸ਼ ਵਿੱਚ ਕਾਰੋਬਾਰਾਂ ਲਈ ਸੁਖਾਵਾਂ ਮਾਹੌਲ ਬਣਾ ਰਹੀ ਹੈ। ਇਸੇ ਲਈ ਅੱਜ ਸ੍ਰੀ ਮੋਦੀ ਨੇ ਐਲਾਨ ਕੀਤਾ ਕਿ ਸਟਾਰਟ-ਅੱਪਸ ਹਰ ਪ੍ਰਕਾਰ ਦੇ ਦਸਤਾਵੇਜ਼ ਦੀ ਸਵੈ-ਪ੍ਰਮਾਣਿਕਤਾ/ਤਸਦੀਕ ਦੇ ਆਧਾਰ ਉਤੇ ਹੀ ਅੱਗੇ ਵਧ ਸਕੇਗੀ। ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਭਾਵ ਨਵੀਆਂ ਕੰਪਨੀਆਂ ਨੂੰ ਸਰਕਾਰ ਦੇ ਕਿਸੇ ਨਿਰੀਖਣਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸ੍ਰੀ ਮੋਦੀ ਨੇ ਦੱਸਿਆ ਕਿ ਇਹ ਨਵੀਆਂ ਕੰਪਨੀਆਂ ਆਪਣੇ ਪੇਟੈਂਟਸ ਲਈ ਦਸਤਾਵੇਜ਼ ਤੇਜ਼ ਰਫ਼ਤਾਰ ਨਾਲ ਦਾਇਰ ਕਰ ਸਕਣਗੀਆਂ। ਉਨ੍ਹਾਂ ਨੂੰ ਪੇਟੈਂਟਸ ਲਈ ਅਰਜ਼ੀ ਦਾਇਰ ਕਰਨ ਲਈ 80 ਫ਼ੀ ਸਦੀ ਤੱਕ ਦੀ ਛੋਟ ਮਿਲੇਗੀ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਅੱਜ ਸ਼ਾਮੀਂ ਇਸ ਸ਼ੁਰੂਆਤ ਤੋਂ ਪਹਿਲਾਂ ਸਾਰਾ ਦਿਨ ਉੱਦਮਤਾ ਵਿਸ਼ੇ ਦੇ ਵੱਖੋ-ਵੱਖਰੇ ਪੱਖਾਂ ਉਤੇ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਉਸ ਪ੍ਰਦਰਸ਼ਨੀ ਨੂੰ ਵੇਖਿਆ ਅਤੇ ਸਟਾਰਟ-ਅੱਪਸ (ਨਵੀਆਂ ਨਿੱਕੀਆਂ ਕੰਪਨੀਆਂ) ਦੇ ਉੱਦਮੀਆਂ ਨਾਲ ਗੱਲਬਾਤ ਵੀਕੀ ਕੀਤੀ। ਸ੍ਰੀ ਨਰੇਂਦਰ ਮੋਦੀ ਦੇ ਭਾਸ਼ਣ ਤੋਂ ਪਹਿਲਾਂ 10 ਵਿਲੱਖਣ ਸਟਾਰਟ-ਅੱਪ ਖੋਜਕਾਰਾਂ ਨੇ ਆਪਣੇ ਵਿਚਾਰ ਤੇ ਤਜਰਬੇ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੇ ਸਾਲ 15 ਅਗਸਤ ਨੂੰ ਜਦੋਂ ਉਨ੍ਹਾਂ 'ਸਟਾਾਰਟ-ਅੱਪ ਇੰਡੀਆ' ਪਹਿਲਕਦਮੀ ਅਰੰਭ ਕੀਤੀ ਸੀ, ਤਦ ਕਿਸੇ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਪਰ ਅੱਜ ਬਹੁਤ ਸਾਰੇ ਲੋਕ ਇਸ ਨਾਲ ਰਜਿਸਟਰਡ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸਫ਼ਲ ਸਟਾਰਟ-ਅੱਪਸ ਆਮ ਤੌਰ ਉਤੇ ਉਨ੍ਹਾਂ ਵੱਲੋਂ ਅਰੰਭ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਕੋਲ਼ ਆਪਣਾ ਕੋਈ ਨਾ ਕੋਈ ਵਿਚਾਰ ਹੁੰਦਾ ਹੈ ਜਾਂ ਜੋ ਆਮ ਲੋਕਾਂ ਵੱਲੋਂ ਝੱਲੀਆਂ ਜਾਣ ਵਾਲੀ ਕਿਸੇ ਸਮੱਸਿਆ ਨੂੰ ਹੱਲ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਧਨ ਬਣਾਉਣ ਇਨ੍ਹਾਂ ਉੱਦਮੀਆਂ ਦਾ ਕੋਈ ਬੁਨਿਆਦੀ ਮੰਤਵ ਨਹੀਂ ਹੁੰਦਾ, ਸਗੋਂ ਇਹ ਤਾਂ ਇੱਕ ਸਹਿ-ਉਤਪਾਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਦੇ ਖੋਜੀ ਤਾਂ ਜ਼ਿਆਦਾਤਰ ਹੋਰਨਾਂ ਦੀ ਭਲਾਈ ਦੀ ਭਾਵਨਾ ਨਾਲ ਆਪਣਾ ਉੱਦਮ ਅਰੰਭ ਕਰਦੇ ਹਨ।

image


ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਨੌਜਵਾਨਾਂ ਨੂੰ 'ਨੌਕਰੀਆਂ ਲੱਭਣ ਵਾਲਿਆਂ' ਤੋਂ ਤਬਦੀਲ ਕਰ ਕੇ ਉਨ੍ਹਾਂ ਨੂੰ 'ਰੋਜ਼ਗਾਰ-ਸਿਰਜਕ' ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਇੱਕ ਸਟਾਰਟ-ਅੱਪ ਪੰਜ ਵਿਅਕਤੀਆਂ ਨੂੰ ਰੋਜ਼ਗਾਰ ਦਿੰਦਾ ਹੈ, ਤਦ ਵੀ ਉਹ ਰਾਸ਼ਟਰ ਦੀ ਮਹਾਨ ਸੇਵਾ ਕਰ ਰਿਹਾ ਹੁੰਦਾ ਹੈ। ਉਨ੍ਹਾਂ ਫ਼ਸਲਾਂ ਦੀ ਬਰਬਾਦੀ ਤੇ ਸਾਈਬਰ ਸੁਰੱਖਿਆ ਜਿਹੇ ਕੁੱਝ ਖੇਤਰਾਂ ਦਾ ਵਰਣਨ ਕੀਤਾ, ਜਿਨ੍ਹਾਂ ਉਤੇ ਨੌਜਵਾਨ ਖੋਜਕਾਰਾਂ ਨੂੰ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸਟਾਰਟ-ਅੱਪ ਕਾਰਜ-ਯੋਜਨਾ ਦੀਆਂ ਝਲਕੀਆਂ ਸਭ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਦਾ ਇੱਕ ਸਟਾਰਟ-ਅੱਪ ਕੋਸ਼ ਅਰੰਭਿਆ ਜਾਵੇਗਾ ਜੋ ਕਿ ਸਟਾਰਟ-ਅੱਪਸ ਨੂੰ ਸਮਰਪਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਸਟਾਰਟ-ਅੱਪਸ ਨੂੰ ਉਨ੍ਹਾਂ ਦੇ ਪਹਿਲੇ ਤਿੰਨ ਸਾਲਾਂ ਦੇ ਮੁਨਾਫ਼ੇ ਉਤੇ ਆਮਦਨ ਟੈਕਸ ਅਦਾ ਕਰਨ ਤੋਂ ਛੋਟ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਟਾਰਟ-ਅੱਪਸ ਲਈ ਇੱਕ ਸਾਦੀ 'ਐਗਜ਼ਿਟ' (ਪ੍ਰਸਥਾਨ) ਨੀਤੀ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਟਾਰਟ-ਅੱਪ ਪੇਟੈਂਟ ਅਰਜ਼ੀਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਸਟਾਰਟ-ਅੱਪ ਕਾਰੋਬਾਰਾਂ ਲਈ ਪੇਟੈਂਟ ਫ਼ੀਸ ਵਿੱਚ 80 ਫ਼ੀ ਸਦੀ ਛੋਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ 9 ਕਿਰਤ ਤੇ ਵਾਤਾਵਰਣ ਕਾਨੂੰਨਾਂ ਹਿਤ ਸਟਾਰਟ-ਅੱਪਸ ਲਈ ਸਵੈ-ਪ੍ਰਮਾਣਿਕਤਾ ਆਧਾਰਤ ਅਨੁਪਾਲਣ ਪ੍ਰਣਾਲੀ ਅਰੰਭ ਕੀਤੀ ਜਾਵੇਗੀ। ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ 'ਅਟਲ ਇਨੋਵੇਸ਼ਨ ਮਿਸ਼ਨ' ਅਰੰਭ ਕੀਤੀ ਜਾਵੇਗੀ।

ਅੱਜ ਦੇ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ,''ਅੱਜ ਸਨਿੱਚਰਵਾਰ ਹੈ ਤੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਅਤੇ ਸ਼ਾਮ ਦੇ 6 ਵਜੇ ਤੋਂ ਬਾਅਦ ਤਾਂ ਸਰਕਾਰੀ ਅਧਿਕਾਰੀ ਕਦੇ ਕੰਮ ਨਹੀਂ ਕਰਦੇ ਪਰ ਅੱਜ ਸਾਰੇ ਕੰਮ ਕਰ ਰਹੇ ਹਨ। ਇਹੋ ਬਹੁਤ ਵੱਡਾ ਫ਼ਰਕ ਹੈ। ਮੈਂ ਜਦੋਂ ਰਿਤੇਸ਼ ਅਗਰਵਾਲ ਨੂੰ ਸੁਣਿਆ, ਤਦ ਮੈਂ ਸੋਚਿਆ ਕਿ ਇੱਕ ਚਾਹ ਵੇਚਣ ਵਾਲ਼ਾ ਇੱਕ ਵੱਡੇ ਹੋਟਲ ਦਾ ਮਾਲਕ ਬਣਨ ਬਾਰੇ ਕਿਉਂ ਨਹੀਂ ਸੋਚ ਸਕਦਾ। ਪਹਿਲਾਂ-ਪਹਿਲ ਜਦੋਂ ਮੈਂ 'ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ' ਦੀ ਗੱਲ ਕਰਦਾ ਸਾਂ, ਤਾਂ ਬਹੁਤਿਆਂ ਨੂੰ ਇਹ ਗੱਲ ਸਮਝੀਂ ਨਹੀਂ ਸੀ ਪੈਂਦੀ ਪਰ ਅੱਜ ਲੋਕ ਇਸ ਬਾਰੇ ਜਾਣਨ ਲੱਗ ਪਏ ਹਨ। ਇਹ ਗੱਲ ਯਕੀਨੀ ਹੈ ਕਿ ਅੱਜ ਜੋ ਸੁਫ਼ਨੇ ਲੈ ਰਿਹਾ ਹੈ, ਕੱਲ੍ਹ ਉਹ ਚਮਤਕਾਰ ਵੀ ਕਰ ਕੇ ਵਿਖਾ ਸਕਦਾ ਹੈ। ਅੱਜ ਜੋ ਉਸ ਦੀ ਆਲੋਚਨਾ ਕਰਦੇ ਹਨ, ਉਹ ਕੱਲ੍ਹ ਉਸ ਦੇ ਸਮਰਥਕ ਵੀ ਬਣ ਸਕਦੇ ਹਨ। ਇੱਕ ਉੱਦਮੀ ਨੂੰ ਨਿਸ਼ਚਤ ਤੌਰ ਉਤੇ ਬਹੁਤ ਸਾਰੇ ਖ਼ਤਰੇ ਉਠਾਉਣੇ ਪੈਂਦੇ ਹਨ। ਹੁਣ ਤੱਕ ਜਦੋਂ ਸਟਾਰਟ-ਅੱਪ ਦੀ ਗੱਲ ਚਲਦੀ ਸੀ, ਤਦ ਜ਼ਿਆਦਾਤਰ ਸੂਚਨਾ ਤਕਨਾਲੋਜੀ ਖੇਤਰ ਦਾ ਜ਼ਿਕਰ ਵੱਧ ਹੁੰਦਾ ਸੀ। ਮੈਂ ਹੁਣ ਇੱਕ 'ਨਰੇਂਦਰ ਮੋਦੀ ਐਪ.' ਲਾਂਚ ਕੀਤੀ ਹੈ। ਉਸ ਰਾਹੀਂ ਮੇਰੇ ਕੋਲ਼ ਬਹੁਤ ਸਾਰੇ ਤਾਜ਼ਾ ਵਿਚਾਰ ਆਏ ਹਨ। ਤੁਸੀਂ ਵੀ ਆਪਣੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰੋ, ਮੈਂ ਉਹ ਪੂਰੀ ਦੁਨੀਆ ਨਾਲ ਸਾਂਝੀਆਂ ਕਰਾਂਗਾ। ਇਸ ਹਾੱਲ ਵਿੱਚ ਤੁਹਾਡਾ ਇਕੱਠ ਦੇਸ਼ ਭਰ ਦੇ ਨੌਜਵਾਨਾਂ ਦੇ ਦਿਲਾਂ ਵਿਚਲੇ ਉਤਸ਼ਾਹ ਨੂੰ ਦਰਸਾਉਂਦਾ ਹੈ। ਭਾਾਰਤ ਵਿੱਚ ਜੁਗਾੜ ਦੀ ਕੋਈ ਕਮੀ ਨਹੀਂ ਹੈ। ਜਿਹੜੇ ਇਲਾਕਿਆਂ ਵਿੱਚ ਬਿਜਲੀ ਨਹੀਂ ਹੈ, ਉਥੇ ਮੋਟਰਸਾਇਕਲਾਂ ਰਾਹੀਂ ਲੋਕ ਆਪਣੇ ਪੰਪ ਚਲਾਉਂਦੇ ਹਨ।''

ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਿਹਤ-ਸੰਭਾਲ਼ (ਹੈਲਥ-ਕੇਅਰ) ਖੇਤਰ ਵਿੱਚ ਤਕਨਾਲੋਜੀ ਨਵੀਨਤਾ ਦੇ ਖੇਤਰ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ''ਜਿਸ ਦੇਸ਼ ਵਿੱਚ 80 ਕਰੋੜ ਵਿਅਕਤੀ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹੋਣ ਅਤੇ ਅਥਾਹ ਮੌਕੇ ਮੌਜੂਦ ਹੋਣ, ਉਥੇ ਕੁੱਝ ਵੀ ਅਸੰਭਵ ਨਹੀਂ ਹੈ। ਜਦੋਂ ਮੈਂ ਸਟਾਰਟ-ਅੱਪ ਇੰਡੀਆ ਆਖਦਾ ਹਾਂ, ਤਾਂ ਇਸ ਤੋਂ ਮੈਂ ਇਹ ਵੀ ਮੰਨਦਾ ਹਾਂ ਕਿ ਸਟੈਂਡ ਅੱਪ ਇੰਡੀਆ ਵੈਲ। ਮੈਨੂੰ ਇਹ ਵੱਖਰੇ ਤੌਰ ਉਤੇ ਆਖਣ ਦੀ ਲੋੜ ਨਹੀਂ ਹੈ।''

ਲੇਖਕ: ਟੀਮ ਪੰਜਾਬੀ

Add to
Shares
0
Comments
Share This
Add to
Shares
0
Comments
Share
Report an issue
Authors

Related Tags