ਸੰਸਕਰਣ
Punjabi

ਖ਼ੁਦ ਔਖਿਆਈ ਨਾਲ ਪੜ੍ਹ ਕੇ ਬਨਾਰਸ ਦੀਆਂ 3 ਕੁੜੀਆਂ ਬਾਲ਼ ਰਹੀਆਂ ਹਨ ਬੁਣਕਰਾਂ ਦੇ ਪਿੰਡ 'ਚ ਸਿੱਖਿਆ ਦੀ ਮਸ਼ਾਲ

Team Punjabi
7th Dec 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

2010 ਤੋਂ ਬੱਚਿਆਂ ਨੂੰ ਪੜ੍ਹਾ ਰਹੀਆਂ ਹਨ...

ਆਈ.ਟੀ.ਆਈ. ਕਰਨ ਦੇ ਨਾਲ-ਨਾਲ ਪੜ੍ਹਾ ਰਹੀਆਂ ਹਨ ਬੱਚਿਆਂ ਨੂੰ...

300 ਬੱਚਿਆਂ ਦਾ ਸਕੂਲਾਂ 'ਚ ਕਰਵਾਇਆ ਦਾਖ਼ਲਾ...

100 ਤੋਂ ਵੱਧ ਬੱਚੇ ਆਉਂਦੇ ਹਨ ਇਨ੍ਹਾਂ ਕੋਲ ਪੜ੍ਹਨ ਲਈ...

ਵਾਰਨਸੀ ਦਾ ਸਜੋਈ ਪਿੰਡ, ਜਿੱਥੇ ਸਿੱਖਿਆ ਦੀ ਮਸ਼ਾਲ ਬਾਲ਼ ਰਹੀਆਂ ਹਨ ਤਿੰਨ ਕੁੜੀਆਂ। ਮੁਸਲਿਮ ਬਹੁ-ਗਿਣਤੀ ਵਾਲੇ ਇਸ ਪਿੰਡ ਦੇ ਇੱਕ ਕੱਚੇ ਜਿਹੇ ਘਰ ਵਿੱਚ ਚੱਲਣ ਵਾਲੇ ਸਕੂਲ ਕਾਰਣ ਅੱਜ ਇੱਥੋਂ ਦੀ 90 ਫ਼ੀ ਸਦੀ ਆਬਾਦੀ ਸਾਖਰ ਹੈ; ਜਦ ਕਿ ਕੁੱਝ ਸਾਲ ਪਹਿਲਾਂ ਤੱਕ ਇੱਥੋਂ ਦੇ 10 ਫ਼ੀ ਸਦੀ ਲੋਕ ਹੀ ਪੜ੍ਹੇ-ਲਿਖੇ ਸਨ। ਤਬੱਸੁਮ, ਤਰੰਨੁਮ ਅਤੇ ਰੂਬੀਨਾ ਨਾਂਅ ਦੀਆਂ ਇਹ ਕੁੜੀਆਂ ਜਿਸ ਪਿੰਡ ਵਿੱਚ ਰਹਿੰਦੀਆਂ ਹਨ, ਉਸ ਪਿੰਡ ਦੀ ਆਬਾਦੀ ਲਗਭਗ 20 ਹਜ਼ਾਰ ਹੈ। ਇਹ ਬੁਣਕਰਾਂ ਦਾ ਪਿੰਡ ਹੈ ਪਰ ਅੱਜ ਇੱਥੋਂ ਦੇ ਬੱਚੇ ਗਰੈਜੂਏਸ਼ਨ ਦੀ ਪੜ੍ਹਾਈ ਵੀ ਕਰ ਰਹੇ ਹਨ ਅਤੇ ਕੁੱਝ ਆਈ.ਟੀ.ਆਈ. ਦੇ ਕੋਰਸ ਕਰ ਰਹੇ ਹਨ।

image


ਤਬੱਸੁਮ, ਤਰੰਨੁਮ ਅਤੇ ਰੂਬੀਨਾ ਦੇ ਪਿਤਾ ਵੀ ਬੁਣਕਰ ਹਨ, ਫਿਰ ਵੀ ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਧੀਆਂ ਕੰਮ ਵਿੱਚ ਹੱਥ ਵੰਡਾਉਣ ਦੀ ਥਾਂ ਪੜ੍ਹਾਈ ਕਰਨ। ਇਸੇ ਲਈ ਉਨ੍ਹਾਂ ਆਪਣੇ ਬੱਚਿਆਂ ਦੀ ਪੜ੍ਹਾਈ ਉਤੇ ਖ਼ਾਸ ਜ਼ੋਰ ਦਿੱਤਾ। ਸਜੋਈ ਪਿੰਡ ਵਿੱਚ ਸਕੂਲ ਦੇ ਨਾਂਅ ਉਤੇ ਇੱਕ ਮਦਰੱਸਾ ਹੈ, ਜਿੱਥੇ ਕਦੇ ਪੜ੍ਹਾਈ ਹੁੰਦੀ ਸੀ ਤੇ ਕਦੇ ਨਹੀਂ ਪਰ ਇਨ੍ਹਾਂ ਤਿੰਨਾਂ ਦੀ ਪੜ੍ਹਾਈ ਪਹਿਲਾਂ ਇੱਕ ਪ੍ਰਾਇਮਰੀ ਸਕੂਲ ਤੇ ਉਸ ਤੋਂ ਬਾਅਦ ਇੱਕ ਸਰਕਾਰੀ ਸਕੂਲ ਵਿੱਚ ਹੋਈ। ਕਿਸੇ ਤਰ੍ਹਾਂ 12ਵੀਂ ਤੱਕ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ। ਇਸੇ ਲਈ ਉਨ੍ਹਾਂ ਦੀ ਪੜ੍ਹਾਈ ਅਧਵਾਟੇ ਛੁੱਟ ਗਈ। ਭਾਵੇਂ ਇਹ ਕੁੜੀਆਂ ਚਾਹੁੰਦੀਆਂ ਸਨ ਕਿ ਉਹ ਆਪਣੀ ਪੜ੍ਹਾਈ ਅੱਗੇ ਵੀ ਜਾਰੀ ਰੱਖਣ। ਤਦ ਇਨ੍ਹਾਂ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਅੱਗੇ ਪੜ੍ਹਨ ਲਈ ਕੁੱਝ ਕੀਤਾ ਜਾਵੇ, ਨਾਲ ਹੀ ਪਿੰਡ ਦੇ ਜੋ ਦੂਜੇ ਅਨਪੜ੍ਹ ਲੋਕ ਹਨ, ਉਨ੍ਹਾਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਤਦ ਇਨ੍ਹਾਂ ਲੋਕਾਂ ਨੂੰ ਇੱਕ ਸਵੈ-ਸੇਵੀ ਸੰਸਥਾ ਦਾ ਸਾਥ ਮਿਲਿਆ, ਜਿਸ ਨੇ ਨਾ ਕੇਵਲ ਇਨ੍ਹਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਚੁੱਕੀ, ਸਗੋਂ ਇਨ੍ਹਾਂ ਤਿੰਨਾਂ ਨੂੰ ਕਿਹਾ ਕਿ ਉਹ ਪਿੰਡ ਦੇ ਦੂਜੇ ਲੋਕਾਂ ਨੂੰ ਵੀ ਪੜ੍ਹਾਉਣ ਦਾ ਕੰਮ ਕਰਨ।

ਤਦ ਇਨ੍ਹਾਂ ਇੱਕ ਸਵੈ-ਸੇਵੀ ਸੰਸਥਾ ਦੀ ਮਦਦ ਨਾਲ ਸਾਲ 2010 'ਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ, ਤਾਂ ਸ਼ੁਰੂਆਤ ਵਿੱਚ ਇਨ੍ਹਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤਦ ਇਥੋਂ ਦੇ ਲੋਕ ਸਾਖਰਤਾ ਨੂੰ ਲੈ ਕੇ ਵਧੇਰੇ ਜਾਗਰੂਕ ਨਹੀਂ ਸਨ। ਉਲਟੇ ਸਗੋਂ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਤੁਸੀਂ ਕੁੜੀਆਂ ਇਨ੍ਹਾਂ ਬੱਚਿਆਂ ਨੂੰ ਕੀ ਪੜ੍ਹਾਓਂਗੀਆਂ ਅਤੇ ਕਦ ਤੱਕ ਪੜ੍ਹਾਉਣ ਦਾ ਇਹ ਕੰਮ ਕਰੋਂਗੀਆਂ। ਪਿੰਡ ਦੇ ਲੋਕਾਂ ਨੂੰ ਇਨ੍ਹਾਂ ਦੀ ਕੋਸ਼ਿਸ਼ ਉਤੇ ਬਿਲਕੁਲ ਵੀ ਭਰੋਸਾ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਛੇਤੀ ਹੀ ਇਹ ਕੁੜੀਆਂ ਪੜ੍ਹਾਉਣਾ ਬੰਦ ਕਰ ਦੇਣਗੀਆਂ। ਇਸੇ ਲਈ ਸ਼ੁਰੂਆਤ ਵਿੱਚ ਲੋਕਾਂ ਨੇ ਇਨ੍ਹਾਂ ਕੋਲ ਪੜ੍ਹਨ ਲਈ ਆਪਣੇ ਬੱਚੇ ਭੇਜੇ ਹੀ ਨਹੀਂ, ਪਰ ਮਜ਼ਬੂਤ ਇਰਾਦਿਆਂ ਵਾਲੀਆਂ ਇਨ੍ਹਾਂ ਕੁੜੀਆਂ ਨੇ ਹਾਰ ਨਾ ਮੰਨੀ।

image


ਤਰੁੰਨਮ ਨੇ ਦੱਸਿਆ - ''ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਲੋਕਾਂ ਕੋਲ ਖ਼ੁਦ ਜਾਵਾਂਗੇ। ਅਸੀਂ ਤਿੰਨਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਘਰ-ਘਰ ਜਾ ਕੇ ਉਨ੍ਹਾਂ ਨੂੰ ਦੱਸਿਆ ਕਿ ਅਜੋਕੇ ਦੌਰ ਵਿੱਚ ਪੜ੍ਹਾਈ ਕਿੰਨੀ ਜ਼ਰੂਰੀ ਹੈ। ਇਸ ਤਰ੍ਹਾਂ ਲਗਭਗ ਛੇ ਮਹੀਨਿਆਂ ਤੱਕ ਸਮਝਾਉਣ ਤੋਂ ਬਾਅਦ ਲੋਕਾਂ ਨੂੰ ਸਾਡੇ ਉਤੇ ਭਰੋਸਾ ਹੋਣ ਲੱਗਾ ਅਤੇ ਉਹ ਆਪਣੇ ਬੱਚਿਆਂ ਨੂੰ ਸਾਡੇ ਕੋਲ ਪੜ੍ਹਨ ਲਈ ਭੇਜਣ ਲੱਗੇ। ਤਦ ਅਸੀਂ ਵੇਖਿਆ ਕਿ ਪੜ੍ਹਨ ਲਈ ਪਿੰਡ ਦੇ ਲੜਕੇ ਹੀ ਸਾਡੇ ਕੋਲ ਆ ਰਹੇ ਹਨ ਅਤੇ ਲੋਕ ਕੁੜੀਆਂ ਨੂੰ ਨਹੀਂ ਭੇਜ ਰਹੇ ਹਨ। ਇਸ ਤੋਂ ਬਾਅਦ ਅਸੀਂ ਸਿਲਾਈ-ਕਢਾਈ ਦਾ ਕੰਮ ਵੀ ਸ਼ੁਰੂ ਕੀਤਾ, ਤਾਂ ਜੋ ਉਸ ਬਹਾਨੇ ਕੁੜੀਆਂ ਵੀ ਸਾਡੇ ਕੋਲ ਪੜ੍ਹਨ ਲਈ ਆ ਸਕਣ।''

image


ਇਸ ਤਰ੍ਹਾਂ ਜਿੱਥੇ ਇਹ ਤਿੰਨੇ ਕੁੜੀਆਂ ਇੱਕ ਪਾਸੇ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੀਆਂ ਸਨ, ਤਾਂ ਦੂਜੇ ਪਾਸੇ ਇਨ੍ਹਾਂ ਨੇ ਪਿੰਡ ਵਿੱਚ ਪੜ੍ਹਾਉਣ ਦੇ ਕੰਮ ਦੀ ਸ਼ੁਰੂਆਤ ਇੱਕ ਭਾਈਚਾਰਕ ਮਦਰੱਸੇ ਤੋਂ ਸ਼ੁਰੂ ਕੀਤੀ। ਬੱਚਿਆਂ ਨੂੰ ਪੜ੍ਹਾਉਣ ਦੀ ਸਮੱਗਰੀ ਹੋਵੇ ਜਾਂ ਖੇਡ ਦਾ ਸਾਮਾਨ; ਸਭ ਕੁੱਝ ਉਨ੍ਹਾਂ ਲਈ ਇੱਕ ਸਵੈ-ਸੇਵੀ ਸੰਸਥਾ ਨੇ ਇੰਤਜ਼ਾਮ ਕੀਤਾ। ਇਹ ਕੁੜੀਆਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸਵੇਰੇ ਸੱਤ ਵਜੇ ਤੋਂ ਸਾਢੇ ਨੌਂ ਵਜੇ ਤੱਕ ਕਰਦੀਆਂ ਹਨ; ਜਦ ਕਿ ਸ਼ੁੱਕਰਵਾਰ ਨੂੰ ਇਨ੍ਹਾਂ ਦਾ ਸਕੂਲ ਬੰਦ ਰਹਿੰਦਾ ਹੈ। ਇਹ ਤਿੰਨੇ ਕੁੜੀਆਂ ਪਿੰਡ ਦੇ ਅਨਪੜ੍ਹ ਮੁੰਡੇ-ਕੁੜੀਆਂ ਨੂੰ ਇਸ ਯੋਗ ਬਣਾਉਂਦੇ ਹਨ ਕਿ ਤਾਂ ਜੋ ਉਨ੍ਹਾਂ ਦਾ ਦਾਖ਼ਲਾ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵਿੱਚ ਹੋ ਸਕੇ ਅਤੇ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਤੋਂ ਇਲਾਵਾ ਇਨ੍ਹਾਂ ਦੇ ਸਕੂਲ 'ਚ ਉਹ ਬੱਚੇ ਵੀ ਪੜ੍ਹਨ ਲਈ ਆਉਂਦੇ ਹਨ, ਜੋ ਨਿਯਮਤ ਤੌਰ ਉਤੇ ਸਕੂਲ ਵੀ ਜਾਂਦੇ ਹਨ। ਇਹ ਇਨ੍ਹਾਂ ਦੇ ਜਤਨਾਂ ਦਾ ਨਤੀਜਾ ਹੈ ਕਿ ਹੁਣ ਤੱਕ ਇਹ ਕੁੜੀਆਂ ਸਵੈ-ਸੇਵੀ ਸੰਸਥਾ ਦੀ ਮਦਦ ਨਾਲ 300 ਦੂਜੇ ਬੱਚਿਆਂ ਦਾ ਸਕੂਲ ਵਿੱਚ ਦਾਖ਼ਲਾ ਕਰਵਾ ਚੁੱਕੀਆਂ ਹਨ।

image


ਭਾਈਚਾਰਕ ਮਦਰੱਸੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਕੁੱਝ ਸਮੇਂ ਬਾਅਦ ਸਥਾਨਕ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਇਨ੍ਹਾਂ ਕੁੜੀਆਂ ਨੇ ਪੜ੍ਹਾਈ ਦਾ ਕੰਮ ਛੱਡਣ ਦੀ ਥਾਂ ਫ਼ੈਸਲਾ ਲਿਆ ਕਿ ਉਹ ਆਪਣੇ ਘਰ ਤੋਂ ਹੀ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਜਾਰੀ ਰੱਖਣਗੀਆਂ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੇ ਪਿੰਡ ਦੇ ਬੱਚਿਆਂ ਅਤੇ ਔਰਤਾਂ ਨੂੰ ਪੜ੍ਹਾਉਣ ਦਾ ਕੰਮ ਜਾਰੀ ਰੱਖਿਆ ਹੈ। ਅੱਜ ਇਨ੍ਹਾਂ ਦੇ ਸਕੂਲ ਵਿੱਚ ਪੜ੍ਹਨ ਲਈ 5 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਲਗਭਗ 100 ਬੱਚੇ ਆਉਂਦੇ ਹਨ। ਅੱਜ ਇਹ ਤਿੰਨੇ ਕੁੜੀਆਂ ਇੱਕ ਪਾਸੇ ਤਾਂ ਸਵੇਰ ਨੂੰ ਬੱਚੇ ਪੜ੍ਹਾਉਣ ਦਾ ਕੰਮ ਕਰਦੀਆਂ ਹਨ; ਤੇ ਦੂਜੇ ਪਾਸੇ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਆਈ.ਟੀ.ਆਈ. ਰਾਹੀਂ ਕੰਪਿਊਟਰ ਦੀ ਸਿਖਲਾਈ ਵੀ ਲੈ ਰਹੀਆਂ ਹਨ।

ਤਰੰਨੁਮ ਨੇ ਦੱਸਿਆ,''ਉਹ ਪਿੰਡ ਦੇ ਲੜਕੇ-ਲੜਕੀਆਂ ਨੂੰ ਨਾ ਕੇਵਲ ਪੜ੍ਹਾਉਣ ਦਾ ਕੰਮ ਕਰਦੀਆਂ ਹਨ, ਸਗੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਕਿੱਤਾਮੁਖੀ (ਵੋਕੇਸ਼ਨਲ) ਟਰੇਨਿੰਗ ਵੀ ਕਰਵਾਉਂਦੀਆਂ ਹਨ। ਇਸ ਦੌਰਾਨ ਇਹ ਬੱਚਿਆਂ ਨੂੰ ਫੁੱਲ ਬਣਾਉਣ, ਗਮਲੇ ਬਣਾਉਣ, ਮਹਿੰਦੀ ਲਾਉਣ ਅਤੇ ਬਿਊਟੀਸ਼ੀਅਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਾਡਾ ਵਧੇਰੇ ਜ਼ੋਰ ਕੁੜੀਆਂ ਦੀ ਸਿੱਖਿਆ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਉਤੇ ਲਗਦਾ ਹੈ।'' ਅੱਜ ਇਨ੍ਹਾਂ ਦੇ ਪੜ੍ਹਾਏ ਬੱਚੇ ਨਿੱਤ ਵੱਖੋ-ਵੱਖਰੇ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿੰਦੇ ਹਨ ਅਤੇ ਨਾ ਕੇਵਲ ਆਪਣਾ ਸਗੋਂ ਇਨ੍ਹਾਂ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇ ਪੜ੍ਹਾਈ ਕਈ ਬੱਚੇ 10ਵੀਂ ਜਮਾਤ ਵਿੱਚ 90 ਪ੍ਰਤੀਸ਼ਤ ਅੰਕ ਹਾਸਲ ਕਰ ਚੁੱਕੇ ਹਨ। ਤਰੰਨੁਮ ਦਾ ਕਹਿਣਾ ਹੈ ਕਿ ਉਹ ਭਵਿੱਖ 'ਚ ਇੱਕ ਵਧੀਆ ਅਧਿਆਪਕਾਵਾਂ ਬਣਨਾ ਚਾਹੁੰਦੀਆਂ ਹਨ; ਤਾਂ ਜੋ ਉਹ ਹੋਰ ਵੀ ਵਧੇਰੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦਾ ਵਿਕਾਸ ਕਰਨ।

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਮਹਿਤਾਬ-ਉਦ-ਦੀਨ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags