ਸੰਸਕਰਣ
Punjabi

ਮੈਥਿਊ ਦੀ 'ਮੈਜਿਕ ਬੱਸ' ਦੇ ਜਾਦੂ ਨਾਲ ਸੁਆਰੀ ਗਈ ਫ਼ੁਟਪਾਥੀ ਬੱਚਿਆਂ ਦੀ ਜ਼ਿੰਦਗੀ

8th Nov 2015
Add to
Shares
0
Comments
Share This
Add to
Shares
0
Comments
Share

ਭਾਰਤ ਵਿੱਚ ਅੱਜ ਵੀ ਕਈ ਬੱਚੇ ਅਜਿਹੇ ਹਨ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈ। ਉਨ੍ਹਾਂ ਦਾ ਜੀਵਨ ਸੜਕਾਂ ਉਤੇ ਜਾਂ ਫਿਰ ਫ਼ੁਟਪਾਥਾਂ ਉਤੇ ਬੀਤਦਾ ਹੈ। ਅਕਸਰ ਇਹ ਬੱਚੇ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਹਨ। ਰੋਟੀ-ਕੱਪੜੇ ਲਈ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ। ਫ਼ੁਟਪਾਥੀ ਬੱਚਿਆਂ ਤੋਂ ਇਲਾਵਾ ਝੁੱਗੀਆਂ-ਬਸਤੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਗ਼ਰੀਬੀ ਕਾਰਣ ਉਹ ਨਾ ਸਕੂਲ ਜਾ ਸਕਦੇ ਹਨ ਅਤੇ ਨਾ ਹੀ ਪੜ੍ਹ-ਲਿਖ ਪਾਉਂਦੇ ਹਨ। ਅਜਿਹੀ ਹੀ ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਨ, ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਚੰਗੇ ਕੰਮ ਕਰਨ ਯੋਗ ਬਣਾਉਣ ਦੇ ਮੰਤਵ ਨਾਲ਼ ਇੱਕ ਵਿਅਕਤੀ ਨੇ ਜੋ ਯੋਜਨਾ ਬਣਾਈ, ਉਹ ਅੱਜ ਦੇਸ਼ ਭਰ 'ਚ ਸਰਕਾਰਾਂ ਲਈ ਵੀ ਆਦਰਸ਼ ਬਣੀ ਹੋਈ ਹੈ। ਕਈ ਗ਼ੈਰ-ਸਰਕਾਰੀ ਜੱਥੇਬੰਦੀਆਂ ਵੀ ਇਸੇ ਯੋਜਨਾ ਰਾਹੀਂ ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਯੋਗ ਬਣਾ ਰਹੀਆਂ ਹਨ। ਇਹ ਇੱਕ ਅਜਿਹੀ ਯੋਜਨਾ ਹੈ, ਜਿਸ ਵਿੱਚ ਬੱਚਿਆਂ ਨੂੰ ਖੇਡ-ਖੇਡ ਵਿੱਚ ਹੀ ਸਿੱਖਆ ਦਿੱਤੀ ਜਾਂਦੀ ਹੈ। ਭਾਵ ਮਨੋਰੰਜਨ ਅਤੇ ਸਿੱਖਆ ਨਾਲੋ-ਨਾਲ। ਇਸ ਯੋਜਨਾ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੇ ਮੰਤਵ ਨਾਲ ਯੋਜਨਾਕਾਰ ਨੇ ਬਹੁਤ ਹੀ ਮੋਟੀ ਰਕਮ ਵਾਲੀ ਆਪਣੀ ਨੌਕਰੀ ਛੱਡ ਦਿੱਤੀ ਅਤੇ ਗ਼ਰੀਬ ਬੱਚਿਆਂ ਦੇ ਸਰਬ-ਪੱਖੀ ਵਿਕਾਸ ਨੂੰ ਸਮਰਪਿਤ ਹੋ ਗਏ। ਅਸੀਂ ਜਿਸ ਵਿਅਕਤੀ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ਦਾ ਨਾਂਅ ਹੈ ਮੈਥਿਊ ਸਪੇਸੀ। ਅੱਜ ਉਹ ਆਪਣੇ ਇਸੇ ਪ੍ਰੋਗਰਾਮ ਕਾਰਣ ਦੁਨੀਆਂ ਭਰ ਵਿੱਚ ਪ੍ਰਸਿੱਧ ਹਨ ਅਤੇ ਆਪਣੇ ਨਾਂਅ ਕਈ ਸਨਮਾਨ ਅਤੇ ਪੁਰਸਕਾਰ ਹਾਸਲ ਕਰ ਚੁੱਕੇ ਹਨ।

ਮੈਥਿਊ ਸਪੇਸੀ 1986 'ਚ ਪਹਿਲੀ ਵਾਰ ਭਾਰਤ ਆਏ ਸਨ। ਕੋਲਕਾਤਾ 'ਚ ਉਨ੍ਹਾਂ ਨੇ 'ਦਾ ਸਿਸਟਰਜ਼ ਆੱਫ਼ ਚੈਰਿਟੀ' ਲਈ ਇੱਕ ਵਲੰਟੀਅਰ ਵਜੋਂ ਕੰਮ ਕੀਤਾ। ਤਦ ਤੋਂ ਉਨ੍ਹਾਂ ਦਾ ਮਨ ਸਮਾਜ ਸੇਵਾ ਵਿੱਚ ਲੱਗ ਗਿਆ। ਗਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਮੈਥਿਊ ਨੂੰ ਨੌਕਰੀ ਮਿਲ਼ ਗਈ। ਉਨ੍ਹਾਂ ਯੂਨਾਈਟਿਡ ਕਿੰਗਡਮ ਵਿੱਚ ਕਈ ਮਹੱਤਵਪੂਰਣ ਅਹੁਦਿਆਂ ਉਤੇ ਕੰਮ ਕੀਤਾ। ਉਨ੍ਹਾਂ ਦੀ ਪ੍ਰਤਿਭਾ ਅਤੇ ਦਿਲਚਸਪੀ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਨੂੰ ਭਾਰਤ ਭੇਜਿਆ। ਉਹ ਕੌਕਸ ਐਂਡ ਕਿੰਗਜ਼ ਨਾਂਅ ਦੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਸੀ.ਈ.ਓ. ਬਣ ਕੇ ਭਾਰਤ ਆਏ। ਉਸ ਵੇਲੇ ਮੈਥਿਊ ਦੀ ਉਮਰ ਕੇਵਲ 29 ਸਾਲ ਸੀ ਭਾਵ ਉਹ ਇੱਕ ਨੌਜਵਾਨ ਅਤੇ ਜੋਸ਼ ਨਾਲ ਭਰੇ ਹੋਏ ਅਧਿਕਾਰੀ ਸਨ। ਉਨ੍ਹੀਂ ਦਿਨੀਂ ਬ੍ਰਿਟਿਸ਼ ਕੰਪਨੀ ਕੌਕਸ ਐਂਡ ਕਿੰਗਜ਼ ਭਾਰਤ ਵਿੱਚ ਵੀ ਸਭ ਤੋਂ ਵੱਡੀ ਟਰੈਵਲ ਏਜੰਸੀ ਸੀ। ਜਵਾਨੀ ਵਿੱਚ ਹੀ ਮੈਥਿਊ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਉਨ੍ਹਾਂ ਬਾਖ਼ੂਬੀ ਨਿਭਾਇਆ।

ਪਰ ਮੈਥਿਊ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਉਸ ਵੇਲੇ ਆਈ, ਜਦੋਂ ਉਹ ਭਾਰਤ ਦੀ ਰਗਬੀ ਟੀਮ ਲਈ ਖੇਡਦੇ ਹੁੰਦੇ ਸਨ। ਮੈਥਿਊ ਨੂੰ ਖੇਡ ਵਿੱਚ ਬਹੁਤ ਦਿਲਚਸਪੀ ਸੀ ਅਤੇ ਰਗਬੀ ਉਨ੍ਹਾਂ ਦੀ ਮਨਭਾਉਂਦੀ ਖੇਡ ਸੀ। ਦਿਲਚਸਪੀ ਇੰਨੀ ਜ਼ਿਆਦਾ ਸੀ ਕਿ ਮੈਥਿਊ ਨੇ ਆਪਣੀ ਕੁਸ਼ਲਤਾ ਦੇ ਦਮ ਉਤੇ ਰਗਬੀ ਦੀ ਰਾਸ਼ਟਰੀ ਟੀਮ ਵਿੱਚ ਥਾਂ ਬਣਾ ਲਈ। ਮੈਥਿਉ ਹੋਰਨਾਂ ਖਿਡਾਰੀਆਂ ਨਾਲ ਮੁੰਬਈ ਦੀ ਮਸ਼ਹੂਰ ਫ਼ੈਸ਼ਨ ਸਟਰੀਟ ਸਾਹਮਣੇ ਵਾਲ਼ੇ ਮੈਦਾਨ ਵਿੱਚ ਅਭਿਆਸ ਕਰਿਆ ਕਰਦੇ ਸਨ। ਅਭਿਆਸ ਕਰ ਰਹੇ ਖਿਡਾਰੀਆਂ ਦੀ ਖੇਡ ਵੇਖਣ ਲਈ ਆਲ਼ੇ-ਦੁਆਲ਼ੇ ਦੇ ਬੱਚੇ ਜਮ੍ਹਾ ਹੋ ਜਾਂਦੇ। ਇਨ੍ਹਾਂ ਬੱਚਿਆਂ ਵਿਚੋਂ ਜ਼ਿਆਦਾਤਰ ਬੱਚੇ ਫ਼ੁਟਪਾਥੀ ਬੱਚੇ ਹੁੰਦੇ, ਜਿਨ੍ਹਾਂ ਦੇ ਰਹਿਣ ਦਾ ਕੋਈ ਪੱਕਾ ਟਿਕਾਣਾ ਜਾਂ ਘਰ ਨਾ ਹੁੰਦਾ। ਉਨ੍ਹਾਂ ਦੀ ਜ਼ਿੰਦਗੀ ਫ਼ੁਟਪਾਥਾਂ ਉਤੇ ਗੁਜ਼ਰਦੀ। ਇਹ ਫ਼ੁਟਪਾਥੀ ਬੱਚੇ ਰੋਜ਼ਾਨਾਂ ਰਗਬੀ ਟੀਮ ਦਾ ਅਭਿਆਸ ਵੇਖਣ ਲਈ ਆਉਂਦੇ। ਉਨ੍ਹਾਂ ਨੂੰ ਖਿਡਾਰੀਆਂ ਦੀ ਖੇਡ ਵੇਖਣ ਵਿੱਚ ਬਹੁਤ ਮਜ਼ਾ ਆਉਂਦਾ। ਇਹ ਅਕਸਰ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ। ਕੁੱਝ ਤਾੜੀਆਂ ਮਾਰਦੇ ਤੇ ਕੁੱਝ ਸੀਟੀਆਂ। ਬੱਚਿਆਂ ਦਾ ਜੋਸ਼ ਵੇਖ ਕੇ ਖਿਡਾਰੀਆਂ ਦਾ ਉਤਸ਼ਾਹ ਵਧਦਾ ਗਿਆ। ਮੈਥਿਊ ਵੀ ਇਨ੍ਹਾਂ ਬੱਚਿਆਂ ਦੇ ਉਤਸ਼ਾਹ ਤੋਂ ਅਣਜਾਣ ਨਹੀਂ ਸਨ। ਬੱਚਿਆਂ ਦਾ ਜੋਸ਼ ਵੇਖ ਕੇ ਮੈਥਿਊ ਉਨ੍ਹਾਂ ਨੂੰ ਆਪਣੇ ਨਾਲ ਖੇਡਣ ਲਈ ਸੱਦਣ ਲੱਗੇ। ਹੌਲੀ-ਹੌਲੀ ਬੱਚੇ ਵੀ ਹੁਣ ਰਗਬੀ ਖੇਡਣ ਲੱਗੇ ਸਨ। ਬੱਚਿਆਂ ਨੂੰ ਰਗਬੀ ਖੇਡਣ ਵਿੱਚ ਬਹੁਤ ਮਜ਼ਾ ਆਉਣ ਲੱਗਾ ਸੀ। ਉਹ ਸਮੇਂ ਸਿਰ ਮੈਦਾਨ ਵਿੱਚ ਆ ਜਾਂਦੇ ਅਤੇ ਖ਼ੂਬ ਰਗਬੀ ਖੇਡਦੇ। ਬੱਚੇ ਮੈਥਿਊ ਨੂੰ ਬਹੁਤ ਪਸੰਦ ਕਰਨ ਲੱਗੇ। ਕਾਰਣ ਸਪੱਸ਼ਟ ਸੀ ਕਿਉਂਕਿ ਮੈਥਿਊ ਨੇ ਬੱਚਿਆਂ ਨੂੰ ਰਗਬੀ ਖੇਡਣ ਦਾ ਮੌਕਾ ਜੁ ਦਿੱਤਾ ਸੀ। ਉਹ ਹੁਣ ਕੇਵਲ ਦਰਸ਼ਕ ਨਹੀਂ ਰਹਿ ਗਏ ਸਨ, ਉਹ ਵੀ ਖਿਡਾਰੀ ਬਣ ਗਏ ਸਨ। ਸੜਕਾਂ ਅਤੇ ਫ਼ੁਟਪਾਥਾਂ ਉਤੇ ਜ਼ਿੰਦਗੀ ਬਤੀਤ ਕਰਨ ਵਾਲ਼ਿਆਂ ਨੂੰ ਹੱਸਣ-ਖੇਡਣ ਦਾ ਸੁਨਹਿਰੀ ਮੌਕਾ ਮਿਲ਼ਿਆ ਸੀ।

ਇਸ ਸਭ ਦੌਰਾਨ ਮੈਥਿਊ ਨੇ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਦਿਲਚਸਪ ਗੱਲ ਨੋਟ ਕੀਤੀ। ਮੈਥਿਊ ਨੇ ਵੇਖਿਆ ਕਿ ਰਗਬੀ ਖੇਡਣ ਦੀ ਸ਼ੁਰੂਆਤ ਤੋਂ ਬਾਅਦ ਬੱਚਿਆਂ ਦੇ ਵਿਵਹਾਰ ਵਿੱਚ ਹਾਂ-ਪੱਖੀ ਤਬਦੀਲੀ ਆਈ ਸੀ। ਬੱਚਿਆਂ ਵਿੱਚ ਹੁਣ ਅਨੁਸ਼ਾਸਨ ਸੀ। ਬੱਚੇ ਹੁਣ ਇੱਕ-ਦੂਜੇ ਨਾਲ ਵਧੀਆ ਵਿਵਹਾਰ ਕਰਦੇ ਸਨ। ਪਹਿਲਾਂ ਆਪਸ ਵਿੱਚ ਬਹੁਤ ਜ਼ਿਆਦਾ ਗਾਲ਼ੀ-ਗਲੋਚ ਕਰਦੇ ਰਹਿੰਦੇ ਸਨ ਅਤੇ ਵਿਵਹਾਰ ਵੀ ਅਜੀਬ ਜਿਹਾ ਅਤੇ ਇੱਕ ਤਰ੍ਹਾਂ ਗੰਦਾ ਸੀ। ਪਰ ਹੌਲੀ-ਹੌਲੀ ਖੇਡ ਦੇ ਮੈਦਾਨ ਵਿੱਚ ਖੇਡਦੇ-ਖੇਡਦੇ ਉਹ ਬਦਲਦੇ ਜਾ ਰਹੇ ਸਨ। ਉਹ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੋਂ ਬਹੁਤ ਕੁੱਝ ਵਧੀਆ ਸਿੱਖ ਚੁੱਕੇ ਸਨ। ਇਸ ਤਬਦੀਲੀ ਨੇ ਮੈਥਿਊ ਦੇ ਮਨ ਵਿੱਚ ਇੱਕ ਕ੍ਰਾਂਤੀਕਾਰੀ ਵਿਚਾਰ ਨੂੰ ਜਨਮ ਦਿੱਤਾ।

ਮੈਥਿਊ ਨੇ ਹਫ਼ਤੇ ਦੇ ਅੰਤ ਵਿੱਚ ਛੁੱਟੀਆਂ ਵਾਲੇ ਦਿਨ ਇੱਕ ਬੱਸ ਕਿਰਾਏ 'ਤੇ ਲੈਣੀ ਸ਼ੁਰੂ ਕੀਤੀ। ਇਸ ਬੱਸ ਵਿੱਚ ਉਹ ਬਹੁਤ ਸਾਰੇ ਖਿਡੌਣੇ, ਮਿਠਾਈਆਂ ਅਤੇ ਹੋਰ ਸਾਮਾਨ ਲੈਂਦੇ, ਜੋ ਬੱਚਿਆਂ ਨੂੰ ਪਸੰਦ ਆਉਂਦੇ। ਇਹ ਬੱਸ ਲੈ ਕੇ ਮੈਥਿਊ ਧਾਰਾਵੀ ਅਤੇ ਦੂਜੀਆਂ ਝੁੱਗੀਆਂ-ਬਸਤੀਆਂ ਵਿੱਚ ਜਾਂਦੇ ਅਤੇ ਬੱਚਿਆਂ ਵਿੱਚ ਇਹ ਸਾਮਾਨ ਵੰਡਦੇ। ਮੈਥਿਊ ਕੁੱਝ ਗ਼ਰੀਬ ਅਤੇ ਫ਼ੁਟਪਾਥੀ ਬੱਚਿਆਂ ਨੂੰ ਆਪਣੀ ਬੱਸ ਵਿੱਚ ਪਿਕਨਿਕ ਉਤੇ ਲੈ ਜਾਂਦੇ। ਬੱਚੇ ਵੀ ਪਿਕਨਿਕ ਦਾ ਖ਼ੂਬ ਮਜ਼ਾ ਲੈਣ ਲੱਗੇ ਸਨ।

ਇੱਕ ਵੇਲੇ ਦੀ ਰੋਟੀ, ਵਧੀਆ ਕੱਪੜਿਆਂ ਅਤੇ ਖਿਡੌਣਿਆਂ ਨੂੰ ਤਰਸਦੇ ਬੱਚਿਆਂ ਲਈ ਮੈਥਿਉ ਦੀ ਬੱਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ। ਇਸ ਬੱਸ ਸੇਵਾ ਕਾਰਣ ਮੈਥਿਉ ਗ਼ਰੀਬ ਅਤੇ ਫ਼ੁਟਪਾਥੀ ਬੱਚਿਆਂ ਦੇ ਹੀਰੋ ਬਣ ਗਏ ਸਨ। ਇਹੋ ਬੱਸ ਅੱਗੇ ਚੱਲ ਕੇ 'ਮੈਜਿਕ ਬੱਸ' ਦੇ ਨਾਂਅ ਨਾਲ ਵੱਡੇ ਮਹੱਤਵਪੂਰਣ ਪ੍ਰੋਗਰਾਮ ਦਾ ਆਧਾਰ ਬਣੀ।

ਪਰ ਕੁੱਝ ਦਿਨਾਂ ਬਾਅਦ ਮੈਥਿਊ ਨੂੰ ਇਹ ਅਹਿਸਾਸ ਹੋਇਆ ਕਿ ਹਫ਼ਤੇ ਵਿੱਚ ਜਦੋਂ ਉਹ ਬੱਸ ਲੈ ਕੇ ਬੱਚਿਆਂ ਕੋਲ਼ ਜਾਂਦੇ ਹਨ, ਤਦ ਬੱਚੇ ਖ਼ੁਸ਼ ਰਹਿੰਦੇ ਹਨ। ਬਾਕੀ ਸਾਰੇ ਦਿਨ ਉਨ੍ਹਾਂ ਦੀ ਜ਼ਿੰਦਗੀ ਇੱਕੋ ਜਿਹੀ ਹੁੰਦੀ ਹੈ। ਰੋਟੀ ਲਈ ਉਨ੍ਹਾਂ ਨੂੰ ਦਰ-ਦਰ ਭਟਕਣਾ ਪੈਂਦਾ ਹੈ। ਰਾਤ ਸਮੇਂ ਸੌਣ ਲਈ ਉਨ੍ਹਾਂ ਕੋਲ ਕੋਈ ਘਰ ਜਾਂ ਮਕਾਨ ਨਹੀਂਹੁੰਦਾ। ਖੇਡਣ ਲਈ ਖਿਡੌਣੇ ਨਹੀਂ ਹੁੰਦੇ। ਗੁਜ਼ਾਰਾ ਸੜਕ ਜਾਂ ਫ਼ੁਟਪਾਥ ਉਤੇ ਹੀ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸ਼ਰਾਰਤੀ ਅਨਸਰਾਂ ਅਤੇ ਬੱਚਿਆਂ ਦੇ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਵੀ ਹੁੰਦੇ ਹਨ।

ਇਸੇ ਲਈ ਮੈਥਿਊ ਨੇ ਮਨ ਵਿੱਚ ਧਾਰ ਲਿਆ ਸੀ ਕਿ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਇਨ੍ਹਾਂ ਬੱਚਿਆਂ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਿੱਕਲ਼ੇ। ਇਹ ਬੱਚੇ ਵੀ ਪੜ੍ਹ-ਲਿਖ ਕੇ ਅੱਗੇ ਵਧਣ। ਚੰਗੀ ਨੌਕਰੀ ਕਰਨ, ਚੰਗੇ ਘਰ ਵਿੱਚ ਰਹਿਣ। ਵੱਖੋ-ਵੱਖਰੀਆਂ ਕਾਰਪੋਰੇਟ ਕੰਪਨੀਆਂ ਵਿੱਚ ਆਪਣੇ ਦੋਸਤਾਂ ਦੀ ਮਦਦ ਨਾਲ ਮੈਥਿਊ ਨੇ ਫ਼ੁਟਪਾਥ ਅਤੇ ਝੁੱਗੀਆਂ-ਬਸਤੀਆਂ ਵਿੱਚ ਰਹਿਣ ਵਾਲੇ ਕੁੱਝ ਬੱਚਿਆਂ ਨੂੰ ਇਨ੍ਹਾਂ ਕੰਪਨੀਆਂ ਦੇ ਦਫ਼ਤਰਾਂ ਵਿੱਚ ਨੌਕਰੀਆਂ ਦਿਵਾਈਆਂ। ਪਰ ਇਨ੍ਹਾਂ ਬੱਚਿਆਂ ਵਿੱਚ ਅਨੁਸ਼ਾਸਨ, ਸ਼ਿਸ਼ਟਾਚਾਰ ਅਤੇ ਕਾਰਜ-ਕੁਸ਼ਲਤਾ ਦੀ ਘਾਟ ਕਾਰਣ ਉਹ ਜ਼ਿਆਦਾ ਦਿਨਾਂ ਤੱਕ ਇਨ੍ਹਾਂ ਕੰਪਨੀਆਂ ਵਿੱਚ ਨਾ ਟਿਕ ਸਕੇ।

ਇਸ ਕੌੜੇ ਤਜਰਬੇ ਨੇ ਮੈਥਿਊ ਨੂੰ ਇੱਕ ਨਵਾਂ ਪਾਠ ਪੜ੍ਹਾਇਆ। ਮੈਥਿਊ ਨੇ ਹੁਣ ਨਵੇਂ ਸਿਰੇ ਤੋਂ ਫ਼ੁਟਪਾਥ ਅਤੇ ਝੁੱਗੀਆਂ-ਬਸਤੀਆਂ ਵਿੱਚ ਰਹਿੰਦੇ ਬੱਚਿਆਂ ਦੇ ਵਿਕਾਸ ਅਤੇ ਉਥਾਨ ਲਈ ਕੰਮ ਕਰਨ ਦਾ ਦ੍ਰਿੜ੍ਹ ਇਰਾਦਾ ਕਰ ਲਿਆ। ਮੈਥਿਊ ਨੇ ਆਪਣੇ ਪੁਰਾਣੇ ਤਜਰਬੇ ਦੇ ਆਧਾਰ ਉਤੇ ਬੱਚਿਆਂ ਦੀ ਪੜ੍ਹਾਈ-ਲਿਖਾਈ ਲਈ ਖੇਡ-ਕੁੱਦ ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ।

1999 'ਚ ਮੈਥਿਊ ਨੇ ਆਪਣੀ ਗ਼ੈਰ-ਸਰਕਾਰੀ ਜੱਥੇਬੰਦੀ (ਐਨ.ਜੀ.ਓ.) 'ਮੈਜਿਕ ਬੱਸ' ਦੀ ਰਸਮੀ ਸ਼ੁਰੂਆਤ ਕੀਤੀ।

2001 ਵਿੱਚ ਮੈਥਿਊ ਨੇ ਬੱਚਿਆਂ ਦੀ ਸੇਵਾ ਦੇ ਆਪਣੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਪ੍ਰਾਜੈਕਟ 'ਮੈਜਿਕ ਬੱਸ' ਉਤੇ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ।

ਮੈਥਿਊ ਨੈ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਵਾਲੇ ਬੱਚੇ ਹਰ ਹਾਲਤ ਵਿੱਚ ਸਕੂਲ ਜਾਣ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੀ ਪੜ੍ਹਾਈ ਅਧਵਾਟੇ ਨਾ ਛੱਡਣ। ਇਸ ਲਈ ਮੈਥਿਊ ਨੇ ਸਰਕਾਰੀ ਸਕੂਲਾਂ ਦੇ ਪਾਠਕ੍ਰਮ ਵਿੱਚ ਖੇਡ-ਕੁੱਦ ਵੱਲ ਕਾਫ਼ੀ ਧਿਆਨ ਦਿੱਤਾ। ਮੈਥਿਊ ਨੇ ਬੱਚਿਆਂ ਲਈ 'ਸਿੱਖਿਆ-ਲੀਡਰਸ਼ਿਪ-ਕਮਾਈ' ਦੀ ਲੜੀ ਬਣਾਉਣ ਵਾਲੇ ਪਾਠਕ੍ਰਮ ਨੂੰ ਤਿਆਰ ਕੀਤਾ। ਮੈਥਿਊ ਦਾ ਨਾਅਰਾ ਸੀ - 'ਇੱਕ ਸਮੇਂ ਇੱਕ ਕੰਮ'। ਬੱਚਿਆਂ ਦੇ ਬਿਹਤਰ ਜੀਵਨ ਲਈ ਮੈਥਿਊ ਨੇ ਉਨ੍ਹਾਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਤੋਂ ਇਲਾਵਾ ਉਨ੍ਹਾਂ ਨੂੰ ਹੁਨਰ ਸਿੱਖਣ, ਨੌਕਰੀ ਦੇ ਮੌਕੇ ਦੇ ਕੇ ਕੀਤਾ। ਕੋਸ਼ਿਸ਼ ਸੀ ਕਿ ਬੱਚੇ ਇੰਨਾ ਪੜ੍ਹ-ਲਿਖ ਲੈਣ ਕਿ ਉਨ੍ਹਾਂ ਨੂੰ ਇੱਕ ਵਧੀਆ ਨੌਕਰੀ ਮਿਲ਼ ਜਾਵੇ ਅਤੇ ਉਹ ਪੂਰੀ ਤਰ੍ਹਾਂ ਸਵੈ-ਨਿਰਭਰ ਬਣਨ, ਤਾਂ ਜੋ ਉਨ੍ਹਾਂ ਨੂੰ ਸਮਾਜ ਵਿੱਚ ਸਨਮਾਨ ਮਿਲ਼ੇ।

ਕੋਸ਼ਿਸ਼ ਕਾਮਯਾਬ ਰਹੀ। ਮੈਥਿਉ ਦਾ ਬਣਾਇਆ ਪਾਠਕ੍ਰਮ ਹੁਣ ਸਕੂਲਾਂ ਲਈ ਕਾਮਯਾਬੀ ਦਾ ਨਵਾਂ ਮੰਤਰ ਸੀ।

ਮੈਜਿਕ ਸਕੂਲ ਪ੍ਰੋਗਰਾਮ ਕਾਰਣ 15.7 ਪ੍ਰਤੀਸ਼ਤ ਬੱਚਿਆਂ ਦੀ ਸਕੂਲਾਂ ਵਿੱਚ ਹਾਜ਼ਰੀ 80 ਫ਼ੀ ਸਦੀ ਤੋਂ ਵੱਧ ਹੈ।

98 ਪ੍ਰਤੀਸ਼ਤ ਲੜਕੀਆਂ ਸਕੂਲ ਦੀ ਪੜ੍ਹਾਈ ਕਰ ਰਹੀਆਂ ਹਨ।

'ਮੈਜਿਕ ਬੱਸ' ਪ੍ਰੋਗਰਾਮ ਕਾਰਣ ਹੀ ਇੱਕ ਸਮੇਂ ਫ਼ੁਟਪਾਥ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਬੱਚੇ ਅੱਜ ਵੱਡੇ ਹੋ ਕੇ ਵਧੀਆ ਨੌਕਰੀਆਂ ਕਰ ਰਹੇ ਹਨ।

'ਮੈਜਿਕ ਬੱਸ' ਪ੍ਰੋਗਰਾਮ ਦੇਸ਼ ਦੇ 19 ਸੂਬਿਆਂ ਵਿੱਚ ਲਾਗੂ ਹੈ ਅਤੇ ਇਸ ਤੋਂ ਹੁਣ ਤੱਕ ਲਗਭਗ 3 ਲੱਖ ਬੱਚੇ ਲਾਭ ਪਾ ਚੁੱਕੇ ਹਨ।

'ਮੈਜਿਕ ਬੱਸ' ਦੀ ਕਾਮਯਾਬੀ ਵਿੱਚ ਵੱਡਾ ਹੱਥ ਉਨ੍ਹਾਂ ਵਲੰਟੀਅਰ ਨੌਜਵਾਨਾਂ ਦਾ ਹੈ, ਜੋ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ।

ਦੇਸ਼ ਵਿੱਚ ਅੱਜ ਕਈ ਸੂਬਿਆਂ ਵਿੱਚ ਸਰਕਾਰਾਂ ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਲਈ ਮੈਜਿਕ ਬੱਸ ਦਾ ਹੀ ਸਹਾਰਾ ਲੈ ਰਹੀਆਂ ਹਨ।

'ਮੈਜਿਕ ਬੱਸ' ਦੀ ਕਾਮਯਾਬੀ ਵਿੱਚ ਵੱਡਾ ਹੱਥ ਉਨ੍ਹਾਂ ਸਵੈ-ਸੇਵੀ (ਵਲੰਟੀਅਰ) ਨੌਜਵਾਨਾਂ ਦਾ ਹੈ, ਜੋ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ।

ਦੇਸ਼ ਵਿੱਚ ਅੱਜ ਕਈ ਸੂਬਿਆਂ ਦੀਆਂ ਸਰਕਾਰਾਂ ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਲਈ 'ਮੈਜਿਕ ਬੱਸ' ਦਾ ਹੀ ਸਹਾਰਾ ਲੈ ਰਹੀਆਂ ਰਹੀਆਂ ਹਨ।

'ਮੈਜਿਕ ਬੱਸ' ਪ੍ਰੋਗਰਾਮ ਦੀ ਮਦਦ ਕਰਨ ਲਈ ਹੁਣ ਕਈ ਵੱਡੀਆਂ ਕਾਰਪੋਰੇਟ ਕੰਪਨੀਆਂ ਅੱਗੇ ਆਈਆਂ ਹਨ।

Add to
Shares
0
Comments
Share This
Add to
Shares
0
Comments
Share
Report an issue
Authors

Related Tags