ਸੰਸਕਰਣ
Punjabi

ਖੇਤ ਮਜ਼ਦੂਰ ਤੋਂ ਆਈ.ਟੀ. ਕਰੋੜਪਤੀ ਤੱਕ, ਜਿਓਤੀ ਰੈਡੀ ਨੇ ਜੇਤੂ ਬਣਨ ਲਈ ਕਿਵੇਂ ਕੀਤਾ ਔਕੜਾਂ ਦਾ ਸਾਹਮਣਾ

2nd Dec 2015
Add to
Shares
0
Comments
Share This
Add to
Shares
0
Comments
Share

ਉਸ ਰਾਤ ਉਨ੍ਹਾਂ ਨੇ ਨਿਯਮ ਤੋੜਨ ਦਾ ਫ਼ੈਸਲਾ ਕਰ ਲਿਆ ਸੀ। ਕੁੱਝ ਜਾਣਕਾਰਾਂ, ਜਿਨ੍ਹਾਂ ਨੂੰ ਉਹ 'ਅੱਕਾ' ਆਖਦੇ ਸਨ, ਨਾਲ ਉਹ ਫਿਰ ਪਿਛਲੀ ਅੱਧੀ ਰਾਤ ਤੋਂ ਬਾਅਦ ਵੀ ਯਤੀਮਖਾਨੇ ਨਹੀਂ ਪਰਤੇ ਸਨ।

ਉਹ ਸ਼ਿਵਰਾਤਰੀ ਸੀ, ਸ਼ਿਵਜੀ ਦੀ ਮਹਾਨ ਰਾਤ, ਜਦੋਂ ਗ੍ਰਹਿ ਵੀ ਉਨ੍ਹਾਂ ਦੇ ਅਨਹਾਦ ਨਾਦ ਨੂੰ ਵੇਖਣ ਲਈ ਇੱਕ ਕਤਾਰ ਵਿੱਚ ਖਲੋ ਜਾਂਦੇ ਹਨ। ਸ਼ਿਵਜੀ ਦੇ ਮੰਦਰ ਵਿੱਚ ਜਾ ਕੇ ਮੱਥਾ ਟੇਕਣ ਤੋਂ ਬਾਅਦ, ਉਨ੍ਹਾਂ ਉਸ ਵੇਲੇ ਇੱਕ ਫ਼ਿਲਮ, ਜੋ ਇੱਕ ਬਹੁਤ ਵਧੀਆ ਪਿਆਰ-ਕਹਾਣੀ ਸੀ, ਵੇਖਣ ਦਾ ਬਹੁਤ ਵੱਡਾ ਫ਼ੈਸਲਾ ਕੀਤਾ ਸੀ। ਉਹ ਬੈਠੇ ਜਿਹੇ ਗਲ਼ੇ ਨਾਲ ਡੂੰਘੀ ਹਾਸੀ ਹੱਸਦੇ ਹਨ।

image


ਉਸ ਰਾਤ ਅਨਿਲਾ ਜਿਓਤੀ ਰੈਡੀ ਤੇਲੰਗਾਨਾ ਦੇ ਵਾਰੰਗਲ ਲਾਗਲੇ ਇੱਕ ਪਿੰਡ ਤੋਂ ਯਾਤਰਾ ਕਰਦੇ ਹੋਏ ਕਾਫ਼ੀ ਦੂਰ ਨਿੱਕਲ ਗਏ ਸਨ।

ਉਹ ਸਾਰੀਆਂ ਯਾਦਾਂ ਅੱਜ ਵੀ ਉਨ੍ਹਾਂ ਦੇ ਚੇਤਿਆਂ ਦੀ ਚੰਗੇਰ ਵਿੱਚ ਤਾਜ਼ਾ ਹਨ। ਉਹ ਮੈਨੂੰ ਦਸਦੇ ਹਨ,'ਉਸ ਰਾਤ ਅਸੀਂ ਬਹੁਤ ਦੇਰੀ ਨਾਲ ਪਰਤੇ ਸਾਂ ਤੇ ਤਦ ਵਾਰਡਨ ਤੋਂ ਸਾਨੂੰ ਚੰਗੀ ਕੁੱਟ ਤੇ ਝਾੜ ਪਈ। ਪਰ ਮੇਰੇ ਅੰਦਰ ਤਾਂ ਉਸ ਫ਼ਿਲਮ ਦਾ ਜੋਸ਼ ਹਾਲੇ ਵੀ ਭਰਿਆ ਹੋਇਆ ਸੀ, ਇਸੇ ਲਈ ਉਸ ਕੁੱਟ ਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਸੀ। ਮੈਂ ਸੋਚਿਆ ਕਿ ਮੈਨੂੰ ਵੀ ਪਿਆਰ-ਵਿਆਹ ਰਚਾਉਣਾ ਚਾਹੀਦਾ ਹੈ।'

ਸਾਰੇ ਸੁਫ਼ਨੇ ਸੱਚ ਨਹੀਂ ਹੁੰਦੇ

ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਠੀਕ ਇੱਕ ਸਾਲ ਬਾਅਦ ਜਿਓਤੀ ਦਾ ਵਿਆਹ 16 ਸਾਲ ਦੀ ਉਮਰ 'ਚ ਆਪਣੇ ਤੋਂ 10 ਸਾਲ ਵੱਡੇ ਇੱਕ ਵਿਅਕਤੀ ਨਾਲ ਹੋ ਗਿਆ। ਮਾਪਿਆਂ ਨੇ ਜਿਓਤੀ ਲਈ ਜੋ ਵਰ ਚੁਣਿਆ ਸੀ, ਉਸ ਵਿੱਚ ਪਿਆਰ ਕਿਤੇ ਨਹੀਂ ਸੀ। ਇੱਕ ਬਿਹਤਰ ਜੀਵਨ ਜਿਊਣ ਦੀਆਂ ਸਾਰੀਆਂ ਆਸਾਂ ਬਿਲਕੁਲ ਉਵੇਂ ਹੀ ਮੱਧਮ ਹੁੰਦੀਆਂ ਜਾਪੀਆਂ; ਜਿਵੇਂ ਕਿ ਹਾਈਵੇਅ ਉਤੇ ਕਿਸੇ ਤੇਜ਼ ਰਫ਼ਤਾਰ ਟਰੱਕ ਦੇ ਸ਼ੀਸ਼ੇ ਵਿੱਚ ਵਿਖਾਈ ਦੇ ਰਹੀ ਬੈਲ-ਗੱਡੀ ਛੇਤੀ ਹੀ ਅੱਖਾਂ ਤੋਂ ਓਹਲੇ ਹੋ ਜਾਇਆ ਕਰਦੀ ਹੈ। ਪਤੀ ਇੱਕ ਕਿਸਾਨ ਸਨ, ਜਿਨ੍ਹਾਂ ਨੇ ਇੰਟਰਮੀਡੀਏਟ ਵੀ ਪਾਸ ਨਹੀਂ ਕੀਤੀ ਸੀ। ਫਿਰ ਤਾਂ ਜਿਓਤੀ ਨੂੰ ਤੇਲੰਗਾਨਾ ਦੀਆਂ ਤਿੱਖੜ ਦੁਪਹਿਰਾਂ 'ਚ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਮਜ਼ਦੂਰੀ ਕਰਨੀ ਪੈਂਦੀ ਸੀ। ਇੰਨੀ ਸਖ਼ਤ ਮਿਹਨਤ ਦੇ ਬਾਵਜੂਦ ਜਿਓਤੀ ਨੂੰ ਕੇਵਲ ਇੱਕ ਦਿਨ ਦੀ ਦਿਹਾੜੀ ਕੇਵਲ 5 ਰੁਪਏ ਮਿਲਦੀ ਸੀ। ਉਨ੍ਹਾਂ ਨੇ ਇਹ ਸਭ 1985 ਤੋਂ 1990 ਤੱਕ ਕੀਤਾ।

image


'ਮੈਂ 17 ਸਾਲਾਂ ਦੀ ਉਮਰ 'ਚ ਮਾਂ ਬਣ ਗਈ ਸਾਂ। ਮੈਨੂੰ ਘਰ ਦੇ ਸਾਰੇ ਹੀ ਛੋਟੇ-ਮੋਟੇ ਕੰਮ ਵੀ ਕਰਨੇ ਪੈਂਦੇ ਸਨ ਅਤੇ ਫਿਰ ਖੇਤਾਂ 'ਚ ਜਾਣਾ ਹੁੰਦਾ ਸੀ। ਦੇਰ ਸ਼ਾਮੀਂ ਦਿਨ ਛਿਪਦੇ ਸਮੇਂ ਮੈਂ ਘਰ ਪਰਤਦੀ ਸਾਂ ਅਤੇ ਫੇਰ ਰਾਤ ਦੇ ਖਾਣੇ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਸਨ। ਸਾਡੇ ਕੋਲ ਕੋਈ ਸਟੋਵ ਨਹੀਂ ਸੀ ਤੇ ਚੁੱਲ੍ਹੇ 'ਚ ਲੱਕੜਾਂ ਦੀ ਅੱਗ ਨਾਲ ਹੀ ਖਾਣਾ ਪਕਾਉਣਾ ਹੁੰਦਾ ਸੀ।' ਉਨ੍ਹਾਂ ਮੈਨੂੰ ਇਹ ਸਭ ਹੈਦਰਾਬਾਦ ਤੋਂ ਫ਼ੋਨ ਰਾਹੀਂ ਦੱਸਿਆ। ਉਹ ਹਰ ਸਾਲ ਆਪਣੇ ਮੌਜੂਦਾ ਘਰ ਅਮਰੀਕਾ ਤੋਂ ਇੱਥ ਵਾਰ ਹੈਦਰਾਬਾਦ ਜ਼ਰੂਰ ਆਉਂਦੇ ਹਨ।

ਅੱਜ ਜਿਓਤੀ ਅਮਰੀਕੀ ਸੂਬੇ ਏਰੀਜ਼ੋਨਾ ਦੀ ਰਾਜਧਾਨੀ ਫ਼ੀਨਿਕਸ ਸਥਿਤ ਇੱਥ ਆਈ.ਟੀ. ਕੰਪਨੀ 'ਕੀਅ ਸਾੱਫ਼ਟਵੇਅਰ ਸਾਲਿਯੂਸ਼ਨਜ਼' ਦੇ ਸੀ.ਈ.ਓ. ਹਨ। ਉਨ੍ਹਾਂ ਦੀ ਕਹਾਣੀ ਉਤੇ ਛੇਤੀ ਕਿਤੇ ਯਕੀਨ ਨਹੀਂ ਆਉਂਦਾ; ਕਿਉਂਕਿ ਉਹ ਬਿਲਕੁਲ ਹੀ ਕਿਸੇ ਨਾੱਵਲ ਦੀ ਕਹਾਣੀ ਜਾਪਦੀ ਹੈ ਪਰ ਜਿਓਤੀ ਦੀ ਅਸਲ ਕਹਾਣੀ ਵਿੱਚ ਉਨ੍ਹਾਂ ਆਪਣੀ ਕਿਸਮਤ ਨੂੰ ਆਪ ਬਦਲਿਆ ਹੈ। ਦਰਅਸਲ, ਉਹ ਉਸ ਜੀਵਨ ਨੂੰ ਜਿਊਣਾ ਹੀ ਨਹੀਂ ਚਾਹੁੰਦੇ ਸਨ, ਜਿਹੜਾ ਉਨ੍ਹਾਂ ਦੇ ਮੱਥੇ ਮੜ੍ਹ ਦਿੱਤਾ ਗਿਆ ਸੀ ਪਰ ਉਹ ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਇੱਕ ਜੇਤੂ ਬਣ ਕੇ ਉਭਰੇ।

ਇੱਕ ਜਬਰੀ ਯਤੀਮ

''ਮੈਂ ਬਹੁਤਾ ਸਮਾਂ ਗ਼ਰੀਬ ਨਹੀਂ ਰਹਿਣਾ ਚਾਹੁੰਦੀ ਸਾਂ। ਮੈਂ ਗ਼ਰੀਬ ਪਰਿਵਾਰ 'ਚ ਪੈਦਾ ਹੋਈ ਸਾਂ ਤੇ ਇੱਕ ਹੋਰ ਗ਼ਰੀਬ ਪਰਿਵਾਰ ਵਿੱਚ ਮੈਨੂੰ ਵਿਆਹ ਦਿੱਤਾ ਗਿਆ ਸੀ।''

ਉਹ ਦਸਦੇ ਹਨ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ ਸੁਫ਼ਨਾ ਹੁੰਦਾ ਸੀ ਕਿ ਕਾਸ਼ ਉਨ੍ਹਾਂ ਕੋਲ ਦਾਲਾਂ ਤੇ ਚੌਲ਼ਾਂ ਦੇ ਭਰੇ ਪਲਾਸਟਿਕ ਦੇ ਚਾਰ ਬਕਸੇ ਹੋਣ। ''ਮੈਂ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਭੋਜਨ ਆਪਣੇ ਕੋਲ ਹੋਣ ਦਾ ਸੁਫ਼ਨਾ ਵੇਖਦੀ ਸਾਂ। ਮੈਂ ਨਹੀਂ ਚਾਹੁੰਦੀ ਸਾਂ ਕਿ ਜਿਹੋ ਜਿਹਾ ਜੀਵਨ ਮੈਂ ਜਿਉਂ ਰਹੀ ਹੈ, ਬੱਚੇ ਵੀ ਉਸੇ ਤਰ੍ਹਾਂ ਜ਼ਿੰਦਗੀ ਬਿਤਾਉਣ।'' 16 ਸਾਲਾਂ ਦੀ ਉਮਰੇ ਵਿਆਹ ਤੋਂ ਬਾਅਦ ਉਹ 17 ਸਾਲ ਦੀ ਉਮਰ ਵਿੱਚ ਇੱਕ ਧੀ ਦੀ ਮਾਂ ਬਣ ਗਏ ਸਨ। ਉਸ ਦੇ ਇੱਕ ਸਾਲ ਬਾਅਦ ਇੱਕ ਹੋਰ ਧੀ ਆ ਗਈ ਸੀ। ''18 ਸਾਲ ਦੀ ਉਮਰੇ ਮੇਂ ਦੋ ਬੱਚੀਆਂ ਦੀ ਮਾਂ ਬਣ ਗਈ ਸਾਂ। ਉਨ੍ਹਾਂ ਲਈ ਖਿਡੌਣੇ ਤਾਂ ਕੀ, ਕਦੇ ਦਵਾਈ ਦਿਵਾਉਣ ਜੋਗੇ ਵੀ ਪੈਸੇ ਨਹੀਂ ਹੁੰਦੇ ਸਨ।'' ਜਦੋਂ ਉਨ੍ਹਾਂ ਨੂੰ ਸਕੂਲ 'ਚ ਦਾਖ਼ਲ ਕਰਵਾਉਣ ਦਾ ਸਮਾਂ ਆਇਆ, ਤਦ ਤੇਲਗੂ ਮਾਧਿਅਮ ਦੇ ਸਕੂਲ ਦੀ ਚੋਣ ਕੀਤੀ ਗਈ ਕਿਉਂਕਿ ਉਸ ਸਕੂਲ ਦੀ ਫ਼ੀਸ 25 ਰੁਪਏ ਪ੍ਰਤੀ ਮਹੀਨਾ ਸੀ, ਜਦ ਕਿ ਅੰਗਰੇਜ਼ੀ ਮਾਧਿਅਮ ਦੀ ਫ਼ੀਸ 50 ਰੁਪਏ ਸੀ। ''50 ਰੁਪਏ ਵਿੱਚ ਤਾਂ ਮੈਂ ਆਪਣੀਆਂ ਦੋਵੇਂ ਧੀਆਂ ਦੀ ਮਾਸਿਕ ਫ਼ੀਸ ਭਰ ਸਕਦੀ ਸਾਂ, ਇਸੇ ਲਈ ਮੈਂ ਤੇਲਗੂ ਮਾਧਿਅਮ ਦਾ ਸਕੂਲ ਉਨ੍ਹਾਂ ਲਈ ਚੁਣਿਆ।''

image


ਜਿਓਤੀ ਆਪਣੇ ਚਾਰ ਭੈਣ-ਭਰਾਵਾਂ ਵਿਚੋਂ ਦੂਜੇ ਨੰਬਰ ਉਤੇ ਹਨ। ਘਰ ਵਿੱਚ ਅੰਤਾਂ ਦੀ ਗ਼ਰੀਬੀ ਹੋਣ ਕਾਰਣ ਉਨ੍ਹਾਂ ਦੇ ਪਿਤਾ ਨੇ ਆਪਣੀਆਂ ਦੋ ਧੀਆਂ ਨੂੰ ਇਹ ਆਖ ਕੇ ਯਤੀਮਖਾਨੇ ਭੇਜ ਦਿੱਤਾ ਸੀ ਕਿ ਉਨ੍ਹਾਂ ਦੀ ਮਾਂ ਨਹੀਂ ਹੈ।

''ਮੈਂ ਪੰਜਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਯਤੀਮਖਾਨੇ 'ਚ ਰਹੀ। ਉਥੇ ਜ਼ਿੰਦਗੀ ਬਹੁਤ ਔਖੀ ਸੀ। ਮੇਰੀ ਭੈਣ ਉਸ ਮਾਹੌਲ ਵਿੱਚ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੀ ਸੀ ਤੇ ਹਰ ਸਮੇਂ ਰੋਂਦੀ ਰਹਿੰਦੀ ਸੀ। ਇਸੇ ਲਈ ਮੇਰੇ ਪਿਤਾ ਨੂੰ ਉਸ ਨੂੰ ਘਰ ਵਾਪਸ ਲਿਜਾਣਾ ਪਿਆ।''

ਪਰ ਜਿਓਤੀ ਨੂੰ ਯਤੀਮਖਾਨੇ 'ਚ ਹੀ ਰਹਿਣਾ ਪਿਆ। ਭਾਵੇਂ ਉਨ੍ਹਾਂ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਲੋੜ ਸੀ। ਅਖ਼ੀਰ ਜਿਓਤੀ ਨੂੰ ਯਤੀਮਖਾਨੇ ਵਿੱਚ ਰਹਿਣਾ ਹੀ ਸਿੱਖਣਾ ਪਿਆ।

''ਮੈਨੂੰ ਇੱਕ ਅਮੀਰ ਵਿਅਕਤੀ ਯਾਦ ਆਉਂਦਾ ਹੈ, ਜੋ ਹਰ ਸਾਲ ਯਤੀਮਖਾਨੇ ਆਉਂਦਾ ਹੁੰਦਾ ਸੀ ਤੇ ਮਿਠਾਈਆਂ ਅਤੇ ਕੰਬਲ਼ ਵੰਡਦਾ ਹੁੰਦਾ ਸੀ। ਮੈਂ ਤਦ ਛੇਤੀ ਹੀ ਬੀਮਾਰ ਹੋ ਜਾਇਆ ਕਰਦੀ ਸੀ ਤੇ ਉਦੋਂ ਮੈਂ ਸੋਚਦੀ ਸਾਂ ਕਿ ਜੇ ਮੈਂ ਕਦੇ ਅਮੀਰ ਹੋ ਗਈ, ਤਾਂ ਮੇਰੇ ਕੋਲ ਇੱਕ ਸੂਟਕੇਸ ਹੋਵੇਗਾ, ਜਿਸ ਵਿੱਚ 10 ਨਵੀਆਂ ਸਾੜ੍ਹੀਆਂ ਹੋਣਗੀਆਂ।'' ਉਹ ਉਨ੍ਹਾਂ ਦਿਨਾਂ ਦੇ ਆਪਣੇ ਸੁਫ਼ਨਿਆਂ ਬਾਰੇ ਸੋਚ ਕੇ ਹਸਦੇ ਹਨ। ਉਹ ਡਰਦੇ ਮਾਰੇ ਆਪਣੇ ਸੁਫ਼ਨੇ ਹੋਸਟਲ 'ਚ ਆਪਣੀਆਂ ਸਾਥਣਾਂ ਨੂੰ ਨਹੀਂ ਦਸਦੇ ਸਨ ਕਿਉਂਕਿ ਉਹ ਮਜ਼ਾਕ ਉਡਾ ਸਕਦੀਆਂ ਸਨ।

ਕਿਸੇ ਦੇ ਬੱਚੇ ਨਹੀਂ

ਹੁਣ ਜਿਓਤੀ ਹਰ ਸਾਲ 29 ਅਗਸਤ ਨੂੰ ਭਾਰਤ ਆਉਂਦੇ ਹਨ। ਦਰਅਸਲ, ਇਹ ਉਨ੍ਹਾਂ ਦਾ ਜਨਮ ਦਿਨ ਹੁੰਦਾ ਹੈ ਅਤੇ ਉਹ ਇਹ ਦਿਹਾੜਾ ਵਾਰੰਗਲ ਦੇ ਵੱਖੋ-ਵੱਖਰੇ ਯਤੀਮਖਾਨਿਆਂ ਵਿੱਚ ਰਹਿੰਦੇ ਬੱਚਿਆਂ ਨਾਲ ਮਨਾਉਂਦੇ ਹਨ। ਉਹ ਮੰਦਬੁੱਧੀ ਬੱਚਿਆਂ ਦੇ ਇੱਕ ਹੋਮ ਨੂੰ ਸਪਾਂਸਰ ਵੀ ਕਰਦੇ ਹਨ, ਜਿੱਥੇ 220 ਬੱਚੇ ਰਹਿੰਦੇ ਹਨ। ਉਹ ਕੁੱਝ ਖ਼ਬਤੀ ਜਿਹੇ ਅੰਦਾਜ਼ ਵਿੱਚ ਆਖਦੇ ਹਨ,

image


''ਭਾਰਤ ਦੀ 2 ਪ੍ਰਤੀਸ਼ਤ ਆਬਾਦੀ ਯਤੀਮ ਹੈ। ਉਨ੍ਹਾਂ ਦੀ ਕੋਈ ਸ਼ਨਾਖ਼ਤ ਨਹੀਂ ਹੈ। ਉਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਤੇ ਉਹ ਅਣਚਾਹੇ ਹਨ। ਯਤੀਮਖਾਨਿਆਂ ਵਿੱਚ ਕੰਮ ਕਰਨ ਵਾਲੇ ਲੋਕ ਕੇਵਲ ਪੈਸੇ ਲਈ ਕੰਮ ਕਰਦੇ ਹਨ ਅਤੇ ਉਹ ਯਤੀਮ ਬੱਚਿਆਂ ਦੀ ਕੋਈ ਦੇਖਭਾਲ ਨਹੀਂ ਕਰਦੇ ਤੇ ਪਿਆਰ ਤਾਂ ਬਹੁਤ ਦੂਰ ਦੀ ਗੱਲ ਹੈ।''

ਜਿਓਤੀ ਪਿਛਲੇ ਕਈ ਸਾਲਾਂ ਤੋਂ ਯਤੀਮ ਬੱਚਿਆਂ ਦੀ ਮਦਦ ਕਰਦੇ ਰਹਿੰਦੇ ਹਨ ਅਤੇ ਕਈ ਵਾਰ ਇਨ੍ਹਾਂ ਬੱਚਿਆਂ ਦੀਆਂ ਸਮੱਸਿਆਵਾਂ ਲੈ ਕੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੂੰ ਚਿੰਤਾ ਹੈ ਕਿ ਭਾਵੇਂ ਸੂਬਾ ਸਰਕਾਰ ਨੇ ਰਿਮਾਂਡ 'ਚ ਰਹਿੰਦੇ 10ਵੀਂ ਜਮਾਤ ਤੱਕ ਦੇ ਯਤੀਮ ਲੜਕਿਆਂ ਦੇ ਅੰਕੜੇ ਜਾਰੀ ਕੀਤੇ ਹਨ ਪਰ ਯਤੀਮ ਕੁੜੀਆਂ ਦੇ ਕੋਈ ਅੰਕੜੇ ਜਾਰੀ ਨਹੀਂ ਕੀਤੇ ਗਏ। 'ਕੁੜੀਆਂ ਕਿੱਥੇ ਹਨ? ਉਹ ਕਿਉਂ ਗ਼ਾਇਬ ਹਨ?' ਉਹ ਪੁੱਛਦੇ ਹਨ ਤੇ ਫਿਰ ਆਪੇ ਹੀ ਜਵਾਬ ਵੀ ਦਿੰਦੇ ਹਨ,''ਕਿਉਂਕਿ ਉਨ੍ਹਾਂ ਦੀ ਤਸਕਰੀ ਕੀਤੀ ਜਾਂਦੀ ਹੈ; ਉਨ੍ਹਾਂ ਨੂੰ ਵੇਸਵਾਪੁਣੇ ਵੱਲ ਧੱਕ ਦਿੱਤਾ ਜਾਂਦਾ ਹੈ। ਮੈਂ ਹੈਦਰਾਬਾਦ ਦੇ ਇੱਕ ਹੋਮ 'ਚ ਗਈ ਸਾਂ, ਜਿੱਥੇ 10ਵੀਂ ਜਮਾਤ ਦੀਆਂ ਛੇ ਕੁੜੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਸੀ। ਉਸੇ ਹੋਮ ਵਿੱਚ ਉਹ ਯਤੀਮ ਮਾਵਾਂ ਆਪਣੇ ਯਤੀਮ ਬੱਚਿਆਂ ਨਾਲ ਰਹਿ ਰਹੀਆਂ ਸਨ।''

ਅੱਜ ਜਿਓਤੀ ਆਪਣੀ ਆਵਾਜ਼ ਉਠਾਉਣ ਦੇ ਸਮਰੱਥ ਹਨ, ਇਸੇ ਲਈ ਉਹ ਯਤੀਮ ਬੱਚਿਆਂ ਦੀਆਂ ਔਕੜਾਂ ਤੇ ਔਖਿਆਈਆਂ ਬਾਰੇ ਹਰੇਕ ਫ਼ੋਰਮ ਉਤੇ ਆਵਾਜ਼ ਉਠਾ ਕੇ ਇਹ ਯਕੀਨੀ ਬਣਾਉਂਦੇ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਦੀ ਕੋਈ ਸਮੱਸਿਆ ਅਣਸੁਣੀ ਨਾ ਰਹਿ ਜਾਵੇ। ਪਰ ਕੋਈ ਸਮਾਂ ਸੀ, ਜਦੋਂ ਉਨ੍ਹਾਂ ਦਾ ਪਤੀ ਤੇ ਸਹੁਰੇ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਨਾਲ ਕੋਈ ਬੇਇਨਸਾਫ਼ੀ ਕਰਦਾ ਸੀ, ਤਦ ਉਹ ਮੂਕ ਦਰਸ਼ਕ ਬਣ ਕੇ ਰਹਿੰਦੇ ਸਨ ਤੇ ਕੁੱਝ ਵੀ ਬੋਲ ਨਹੀਂ ਪਾਉਂਦੇ ਸਨ। ਘਰ ਵਿੱਚ ਖਾਣ ਵਾਲੇ ਇੰਨੇ ਮੂੰਹ ਹੁੰਦੇ ਸਨ, ਪਰ ਭੋਜਨ ਹੁੰਦਾ ਨਹੀਂ ਸੀ ਤੇ ਨਾ ਕੋਈ ਆਮਦਨ ਸੀ। ਇਸੇ ਕਰ ਕੇ ਜ਼ਿੰਦਗੀ ਬਹੁਤ ਸਖ਼ਤ ਸੀ। 'ਮੇਰੀ ਚਿੰਤਾ ਮੇਰੇ ਬੱਚੇ ਸਨ। ਮੇਰੇ ਉਤੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ। ਮੈਂ ਕਿਸੇ ਹੋਰ ਮਰਦ ਨਾਲ ਗੱਲ ਨਹੀਂ ਕਰ ਸਕਦੀ ਸਾਂ, ਖੇਤਾਂ ਵਿੱਚ ਕੰਮ ਕਰਨ ਤੋਂ ਇਲਾਵਾ ਮੈਂ ਕਿਤੇ ਹੋਰ ਬਾਹਰ ਵੀ ਨਹੀਂ ਜਾ ਸਕਦੀ ਸਾਂ।'

ਪਰ ਜਿਵੇਂ ਕਹਿੰਦੇ ਹਨ ਕਿ - ਜਿੱਥੇ ਚਾਹ, ਉਥੇ ਰਾਹ। ਜਿਓਤੀ ਨੂੰ ਤਦ ਇੱਕ ਮੌਕਾ ਆਪਣੇ ਬੂਹੇ ਉਤੇ ਆਉਂਦਾ ਦਿਸਿਆ, ਜਦੋਂ ਉਨ੍ਹਾਂ ਨੇ ਰਾਤ ਦੇ ਇੱਕ ਸਕੂਲ ਵਿੱਚ ਹੋਰ ਖੇਤ ਮਜ਼ਦੂਰਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ। ਉਹ ਇੱਕ ਖੇਤ ਮਜ਼ਦੂਰ ਤੋਂ ਸਰਕਾਰੀ ਅਧਿਆਪਕਾ ਬਣ ਗਏ ਸਨ। ''ਮੈਂ ਉਨ੍ਹਾਂ ਨੂੰ ਬੁਨਿਆਦੀ ਗੱਲਾਂ ਸਿੱਖਣ ਲਈ ਪ੍ਰੇਰਿਤ ਕਰਦੀ ਸਾਂ। ਉਹੀ ਮੇਰਾ ਕੰਮ ਸੀ। ਛੇਤੀ ਹੀ ਮੇਰੀ ਤਰੱਕੀ ਹੋ ਗਈ ਅਤੇ ਮੈਨੂੰ ਔਰਤਾਂ ਅਤੇ ਨੌਜਵਾਨਾਂ ਨੂੰ ਕੱਪੜੇ ਸਿਉਂਣਾ ਸਿਖਾਉਣ ਲਈ ਵਾਰੰਗਲ ਦੇ ਹਰੇਕ ਪਿੰਡ 'ਚ ਜਾਣਾ ਪੈਂਦਾ ਸੀ।'' ਤਦ ਉਨ੍ਹਾਂ ਦੀ ਆਮਦਨ 120 ਰੁਪਏ ਪ੍ਰਤੀ ਮਹੀਨਾ ਹੋ ਗਈ ਸੀ। ''ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਜਿਵੇਂ ਇੱਕ ਲੱਖ ਰੁਪਏ ਮਿਲੇ ਹੋਣ। ਮੈਂ ਤਦ ਆਪਣੇ ਬੱਚਿਆਂ ਦੀਆਂ ਦਵਾਈਆਂ ਉਤੇ ਖ਼ਰਚ ਕਰ ਸਕਦੀ ਸਾਂ। ਉਹ ਮੇਰੇ ਲਈ ਬਹੁਤ ਸਾਰਾ ਧਨ ਸੀ।''

ਅਮਰੀਕੀ ਸੁਫ਼ਨਾ

ਜਿਓਤੀ ਦੀਆਂ ਇੱਛਾਵਾਂ ਨੂੰ ਹੌਲੀ-ਹੌਲੀ ਖੰਭ ਲੱਗਣ ਲੱਗ ਗਏ ਸਨ। ਉਨ੍ਹਾਂ ਅੰਬੇਡਕਰ ਓਪਨ ਯੂਨੀਵਰਸਿਟੀ ਤੋਂ ਕਿੱਤਾਮੁਖੀ ਕੋਰਸ ਮੁਕੰਮਲ ਕਰ ਲਿਆ ਸੀ ਤੇ ਉਹ ਵਾਰੰਗਲ ਦੀ ਕਾਕਤੀਆ ਯੂਨੀਵਰਸਿਟੀ 'ਚੋਂ ਅੰਗਰੇਜ਼ੀ ਦੀ ਐਮ.ਏ. ਕਰਨੀ ਚਾਹੁੰਦੇ ਸਨ। 'ਮੈਂ ਅਕਸਰ ਇਹ ਸੁਫ਼ਨਾ ਵੀ ਵੇਖਦੀ ਸਾਂ ਕਿ ਮੇਰੇ ਘਰ ਦੇ ਬਾਹਰ ਮੇਰੇ ਨਾਂਅ ਦੀ ਨੇਮ-ਪਲੇਟ ਲੱਗੀ ਹੋਵੇ ਤੇ ਨਾਂਅ ਦੇ ਅੱਗੇ ਸ਼ਬਦ 'ਡਾਕਟਰ' ਵੀ ਲਿਖਿਆ ਹੋਵੇ।' ਭਾਵੇਂ ਉਹ ਕੋਰਸ ਪਾਸ ਨਾ ਕਰ ਸਕੇ ਤੇ ਅੰਗਰੇਜ਼ੀ ਵਿੱਚ ਪੀ-ਐਚ.ਡੀ. ਕਰਨ ਦਾ ਉਨ੍ਹਾਂ ਦਾ ਸੁਫ਼ਨਾ ਟੁੱਟ ਗਿਆ ਸੀ।

ਪਰ ਅਮਰੀਕਾ ਤੋਂ ਆਈ ਇੱਕ ਚਚੇਰੀ ਭੈਣ ਨਾਲ ਮੁਲਾਕਾਤ ਨੇ ਉਨ੍ਹਾਂ ਦੀ ਕਲਪਨਾ ਨੂੰ ਜਿਵੇਂ ਅੱਗ ਹੀ ਲਾ ਦਿੱਤੀ ਸੀ ਤੇ ਉਨ੍ਹਾਂ ਤਦ ਦਿਲ 'ਚ ਇਹੋ ਸੋਚਿਆ ਸੀ ਕਿ ਜੇ ਉਨ੍ਹਾਂ ਨੇ ਗ਼ਰੀਬੀ ਦੀ ਜਿੱਲ੍ਹਣ ਵਿਚੋਂ ਨਿੱਕਲਣਾ ਹੈ, ਤਾਂ ਉਨ੍ਹਾਂ ਨੂੰ ਅਮਰੀਕਾ ਜਾਣਾ ਹੀ ਪਵੇਗਾ। ਮੈਂ ਜਦੋਂ ਜਿਓਤੀ ਨੂੰ ਪੁੱਛਿਆ ਕਿ ਫਿਰ ਉਨ੍ਹਾਂ ਆਪਣੇ ਅਮਰੀਕਾ ਜਾਣ ਦਾ ਚਾਅ ਕਿਵੇਂ ਪੂਰਾ ਕੀਤਾ, ਤਾਂ ਉਹ ਹਸਦੇ ਹੋਏ ਕਹਿੰਦੇ ਹਨ,''ਇਹ ਬਹੁਤ ਜ਼ਿਆਦਾ ਲਗਦਾ ਹੈ ਨਾ? ਇਹ ਸਨਕ ਵੀ ਜਾਪਦੀ ਹੈ।''

ਆਪਣੀ ਚਚੇਰੀ ਭੈਣ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ, ਬਾਰੇ ਜਿਓਤੀ ਨੇ ਦੱਸਿਆ,

''ਉਸ ਦੀ ਆਪਣੀ ਇੱਕ ਸ਼ੈਲੀ ਸੀ। ਉਹ ਮੇਰੀ ਅਧਿਆਪਕਾ ਨਾਲੋਂ ਵੇਖਣ ਨੂੰ ਬਿਲਕੁਲ ਹੀ ਵੱਖ ਜਾਪਦੀ ਸੀ। ਮੈਂ ਆਪਣੇ ਵਾਲ ਢਿੱਲੇ ਨਹੀਂ ਛਡਦੀ ਸਾਂ। ਮੈਂ ਐਨਕ ਨਹੀਂ ਪਹਿਨਦੀ ਸਾਂ ਜਾਂ ਕਾਰ ਵੀ ਨਹੀਂ ਚਲਾਉਂਦੀ ਸਾਂ। ਮੈਂ ਉਸ ਨੂੰ ਪੁੱਛਿਆ ਕਿ ਕੀ ਮੈਂ ਅਮਰੀਕਾ ਆ ਸਕਦੀ ਹਾਂ।''

ਉਨ੍ਹਾਂ ਦੀ ਚਚੇਰੀ ਭੈਣ ਨੇ ਕਿਹਾ,''ਤੇਰੀ ਜਿਹੀ ਉਦਮਸ਼ੀਲ ਔਰਤ ਤਾਂ ਅਮਰੀਕਾ 'ਚ ਬਹੁਤ ਆਸਾਨੀ ਨਾਲ ਸੈਟਲ ਹੋ ਸਕਦੀ ਹੈ।''

ਫਿਰ ਜਿਓਤੀ ਨੇ ਢਿੱਲ ਨਾ ਕੀਤੀ ਤੇ ਕੰਪਿਊਟਰ ਸਾੱਫ਼ਟਵੇਅਰ ਦੀਆਂ ਕਲਾਸਾਂ ਵਿੱਚ ਦਾਖ਼ਲਾ ਲੈ ਲਿਆ। ਉਹ ਰੋਜ਼ ਹੈਦਰਾਬਾਦ ਜਾਂਦੇ ਸਨ ਅਤੇ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦਾ ਇੰਝ ਘਰੋਂ ਬਾਹਰ ਰਹਿਣਾ ਚੰਗਾ ਨਹੀਂ ਲਗਦਾ ਸੀ। ਪਰ ਜਿਓਤੀ ਤਾਂ ਅਮਰੀਕਾ ਜਾਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ-ਸੰਕਲਪ ਸਨ। ਪਰ ਉਨ੍ਹਾਂ ਦੇ ਪਤੀ ਨੂੰ ਇਹ ਗੱਲ ਸਮਝਾਉਣੀ ਬਹੁਤ ਔਖੀ ਸੀ। ''ਅਮਰੀਕਾ ਜਾਣ ਦੀ ਮੇਰੀ ਇੱਛਾ ਹੋਰ ਵੀ ਮਜ਼ਬੂਤ ਹੋ ਗਈ ਸੀ। ਮੈਂ ਸੋਚਦੀ ਸਾਂ ਕਿ ਆਪਣੀਆਂ ਬੱਚੀਆਂ ਨੂੰ ਇੱਕ ਚੰਗਾ ਜੀਵਨ ਮੈਂ ਕੇਵਲ ਇਸੇ ਤਰ੍ਹਾਂ ਦੇ ਸਕਦੀ ਹਾਂ।''

image


ਫਿਰ ਉਨ੍ਹਾਂ ਅਮਰੀਕੀ ਵੀਜ਼ਾ ਲਈ ਅਰਜ਼ੀ ਦਾਖ਼ਲ ਕਰਨ ਲਈ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਦੀ ਮਦਦ ਲਈ।

''ਮੈਂ ਉਦੋਂ ਆਪਣੇ ਹਰੇਕ ਸੰਭਵ ਵਸੀਲੇ ਦੀ ਵਰਤੋਂ ਕੀਤੀ। ਮੈਂ ਪੜ੍ਹਾਉਂਦਿਆਂ ਵੀ ਕਦੇ ਆਪਣਾ ਸਮਾਂ ਅਜਾਈਂ ਨਹੀਂ ਗੰਵਾਇਆ। ਮੈਂ ਹੋਰਨਾਂ ਅਧਿਆਪਕਾਂ ਲਈ ਚਿਟ-ਫ਼ੰਡ ਵੀ ਚਲਾਉਂਦੀ ਸਾਂ। 1994-95 'ਚ ਮੇਰੀ ਤਨਖ਼ਾਹ 5,000 ਰੁਪਏ ਹੋ ਗਈ ਸੀ, ਮੈਂ ਚਿਟ-ਫ਼ੰਡ ਰਾਹੀਂ 25,000 ਰੁਪਏ ਕਮਾ ਲੈਂਦੀ ਸਾਂ -- ਤੇ ਤਦ ਮੇਰੀ ਉਮਰ ਕੇਵਲ 23-24 ਸਾਲ ਸੀ। ਮੈਂ ਵੱਧ ਤੋਂ ਵੱਧ ਧਨ ਦੀ ਬੱਚਤ ਕਰਨਾ ਚਾਹੁੰਦੀ ਸਾਂ, ਤਾਂ ਜੋ ਮੈਂ ਅਮਰੀਕਾ ਜਾ ਸਕਾਂ।''

ਜਿਓਤੀ ਦੀ ਸਭ ਤੋਂ ਵੱਡੀ ਇੱਛਾ ਕਾਰ ਚਲਾਉਣ ਦੀ ਹੁੰਦੀ ਸੀ ਅਤੇ ਸਦਾ ਇਹ ਵੀ ਮਨ 'ਚ ਰਹਿੰਦਾ ਸੀ ਕਿ ਜੇ ਉਹ ਕਦੇ ਅਮਰੀਕਾ ਚਲੇ ਗਏ, ਤਾਂ ਉਹ ਉਥੇ ਕਾਰ ਵੀ ਚਲਾ ਸਕਣਗੇ। ''ਘਰ 'ਚ ਤਾਂ ਬਹੁਤ ਸਾਰੀਆਂ ਪਾਬੰਦੀਆਂ ਸਨ। ਪਰ ਮੇਰੇ ਪਤੀ ਨੇ ਮੇਰੇ ਲਈ ਵਧੀਆ ਗੱਲ ਇਹ ਕੀਤੀ ਸੀ ਕਿ ਆਪਣੇ ਜੀਵਨ 'ਚ ਸੰਘਰਸ਼ ਕਰਨ ਲਈ ਉਨ੍ਹਾਂ ਮੈਨੂੰ ਦੋ ਬੱਚੀਆਂ ਦੇ ਦਿੱਤੀਆਂ ਸਨ।'' ਫਿਰ ਦਬੀ ਜਿਹੀ ਹਾਸੀ ਹੱਸਦਿਆਂ ਜਿਓਤੀ ਨੇ ਅੱਗੇ ਕਿਹਾ,''ਮੇਰੀਆਂ ਧੀਆਂ ਮੇਰੇ ਵਾਂਗ ਹੀ ਹਨ। ਉਹ ਸਖ਼ਤ ਮਿਹਨਤ ਕਰਦੀਆਂਹਨ ਤੇ ਕਦੇ ਸਮਾਂ ਅਜਾਈਂ ਨਹੀਂ ਗੁਆਉਂਦੀਆਂ।'' ਉਨ੍ਹਾਂ ਦੀਆਂ ਧੀਆਂ ਸਾੱਫ਼ਟਵੇਅਰ ਇੰਜੀਨੀਅਰਜ਼ ਹਨ। ਉਹ ਹੁਣ ਦੋਵੇਂ ਵਿਆਹੀਆਂ ਜਾ ਚੁੱਕੀਆਂ ਹਨ ਤੇ ਅਮਰੀਕਾ 'ਚ ਹੀ ਰਹਿੰਦੀਆਂ ਹਨ।

ਗ਼ਰੀਬੀ ਤੋਂ ਅਮੀਰੀ ਤੱਕ

ਅਮਰੀਕੀ ਸੁਫ਼ਨੇ ਨੂੰ ਸਾਕਾਰ ਕਰਨਾ ਕੋਈ ਸੁਖਾਲ਼ਾ ਕੰਮ ਨਹੀਂ ਹੈ। ਭਾਵੇਂ ਜਿਓਤੀ ਨੇ ਆਪਣੀ ਕਿਸਮਤ ਨਾਲ ਜੰਗ ਲੜੀ ਅਤੇ ਅਥਾਹ ਮੌਕਿਆਂ ਦੀ ਧਰਤੀ ਉਤੇ ਪੁੱਜੇ, ਪਰ ਇਹ ਪੈਂਡਾ ਬਹੁਤ ਬਿਖੜਾ ਸੀ। ''ਉਥੇ ਮੇਰੀ ਸਹਾਇਤਾ ਲਈ ਕੋਈ ਵੀ ਨਹੀਂ ਸੀ। ਮੈਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ ਤੇ ਹਰ ਰੋਜ਼ ਮੇਰੇ ਲਈ ਸੰਘਰਸ਼ ਹੀ ਸੀ।''

ਉਨ੍ਹਾਂ ਨੂੰ ਨਿਊ ਜਰਸੀ 'ਚ ਇੱਕ ਗੁਜਰਾਤੀ ਪਰਿਵਾਰ 'ਚ ਇੱਕ 'ਪੇਇੰਗ ਗੈਸਟ' (ਪੀ.ਜੀ.) ਵਜੋਂ ਰਹਿਣ ਦੀ ਇਜਾਜ਼ਤ ਮਿਲ ਗਈ। ਉਹ 350 ਡਾਲਰ ਪ੍ਰਤੀ ਮਹੀਨਾ ਲੈਂਦੇ ਸਨ। 'ਮੇਰੇ ਕੋਲ ਸੈਲਫ਼ੋਨ ਵੀ ਨਹੀਂ ਸੀ। ਮੈਨੂੰ ਰੋਜ਼ਾਨਾ ਤਿੰਨ ਮੀਲ ਪੈਦਲ ਚੱਲ ਕੇ ਕੰਮ ਕਰਨ ਜਾਣਾ ਪੈਂਦਾ ਸੀ।' ਉਨ੍ਹਾਂ ਇੱਕ ਸੇਲਜ਼ ਗਰਲ ਵਜੋਂ ਕੰਮ ਕੀਤਾ, ਫਿਰ ਸਾਊਥ ਕੈਰੋਲਾਇਨਾ ਦੇ ਇੱਕ ਹੋਟਲ 'ਚ 'ਰੂਮ ਸਰਵਿਸ ਪਰਸਨ' ਦੀ ਨੌਕਰੀ ਮਿਲੀ, ਫਿਰ ਏਰੀਜ਼ੋਨਾ ਦੀ ਰਾਜਧਾਨੀ ਫ਼ੀਨਿਕਸ 'ਚ ਉਹ 'ਬੇਬੀ ਸਿਟਰ' ਵੀ ਬਣੇ। ਉਸ ਤੋਂ ਬਾਅਦ ਵਰਜੀਨੀਆ 'ਚ ਇੱਕ ਗੈਸ ਸਟੇਸ਼ਨ ਅਟੈਂਡੈਂਟ ਤੇ ਸਾੱਫ਼ਟਵੇਅਰ ਰੀਕਰੂਟਰ ਵੀ ਰਹੇ। ਅਖ਼ੀਰ ਉਨ੍ਹਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।

''ਮੈਂ ਜਦੋਂ ਦੋ ਸਾਲਾਂ ਬਾਅਦ ਆਪਣੇ ਪਿੰਡ ਪਰਤੀ, ਤਾਂ ਮੈਂ ਸਿੱਧੀ ਸ਼ਿਵ ਪੂਜਾ ਲਈ ਮੰਦਰ ਪੁੱਜੀ ਅਤੇ ਪੁਜਾਰੀ ਨੇ ਮੈਨੂੰ ਕਿਹਾ,''ਅਮਰੀਕਾ 'ਚ ਤੈਨੂੰ ਨੌਕਰੀ ਪਸੰਦ ਦੀ ਨਹੀਂ ਮਿਲੇਗੀ ਪਰ ਜੇ ਤੂੰ ਆਪਣਾ ਕਾਰੋਬਾਰ ਕਰੇਂਗੀ, ਤਾਂ ਤੂੰ ਕਰੋੜਪਤੀ ਬਣ ਜਾਏਂਗੀ।'' ਮੈਂ ਉਨ੍ਹਾਂ ਉਤੇ ਹੱਸੀ ਸਾਂ ਕਿਉਂਕਿ ਮੈਨੂੰ ਪਤਾ ਸੀ ਕਿ ਅਮਰੀਕਾ 'ਚ ਜ਼ਿੰਦਗੀ ਜਿਊਣਾ ਕਿੰਨਾ ਔਖਾ ਸੀ।''

ਪਰ ਉਹ ਸ਼ਬਦ ਸੱਚਮੁਚ ਮੇਰੇ ਲਈ ਇੱਕ ਸੱਚੀ ਭਵਿੱਖਬਾਣੀ ਸਨ। ਅਖ਼ੀਰ ਉਹ ਆਪਣੀਆਂ ਧੀਆਂ ਅਤੇ ਪਤੀ ਨੂੰ ਵੀ ਅਮਰੀਕਾ ਲੈ ਗਏ।

ਜਿਓਤੀ ਨੇ ਦੱਸਿਆ ਕਿ ਮਰਹੂਮ ਰਾਸ਼ਟਰਪਤੀ ਅਬਦੁਲ ਕਲਾਮ ਸਦਾ ਉਨ੍ਹਾਂ ਦੇ ਸੂਝਵਾਨ ਪਥ-ਪ੍ਰਦਰਸ਼ਕ ਬਣੇ ਰਹੇ। ਡਾ. ਕਲਾਮ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ 11 ਤੋਂ 16 ਸਾਲਾਂ ਦੀ ਉਮਰ ਵਿੱਚ ਇੱਕ ਬੱਚੇ ਦਾ ਚਰਿੱਤਰ-ਨਿਰਮਾਣ ਹੋ ਜਾਂਦਾ ਹੈ। 'ਮੈਂ ਉਨ੍ਹਾਂ ਸਾਲਾਂ ਵਿੱਚ ਯਤੀਮਖਾਨੇ 'ਚ ਸਾਂ। ਪਰ ਮੈਂ ਤਦ ਵੀ ਹੋਰਨਾਂ ਬੱਚਿਆਂ ਦੀ ਮਦਦ ਕਰਦੀ ਰਹਿੰਦੀ ਸਾਂ ਤੇ ਜਿਹੜੇ ਬੱਚੇ ਰੋਂਦੇ ਸਨ, ਮੈਂ ਉਨ੍ਹਾਂ ਨੂੰ ਚੁੱਪ ਕਰਵਾਉਂਦੀ ਸਾਂ ਤੇ ਉਨ੍ਹਾਂ ਨੂੰ ਬਰਫ਼ ਦੀਆਂ ਕੁਲਫ਼ੀਆਂ ਲਿਆ-ਲਿਆ ਕੇ ਦਿੰਦੀ ਹੁੰਦੀ ਸਾਂ।'

ਜਿਓਤੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਉਚੇੜਦਿਆਂ ਇਹ ਵੀ ਦੱਸਿਆ ਕਿ ਸਖ਼ਤ ਗਰਮੀ ਦੇ ਮਹੀਨਿਆਂ 'ਚ ਵੀ ਉਨ੍ਹਾਂ ਨੂੰ ਨੰਗੇ ਪੈਰੀਂ ਚੱਲਣਾ ਪੈਂਦਾ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅੱਜ ਉਨ੍ਹਾਂ ਕੋਲ ਕਿੰਨੀਆਂ ਜੁੱਤੀਆਂ ਹਨ? ''ਹੁਣ ਮੇਰੇ ਕੋਲ 200 ਜੋੜੀਆਂ ਜੁੱਤੀਆਂ ਦੀਆਂ ਹਨ। ਮੈਨੂੰ ਆਪਣੇ ਕੱਪੜਿਆਂ ਨਾਲ ਮੇਲ ਕੇ ਜੁੱਤੀਆਂ ਲੱਭ ਕੇ ਪਾਉਣ ਵਿੱਚ 10 ਤੋਂ 15 ਮਿੰਟ ਲੱਗ ਜਾਂਦੇ ਹਨ।'' ਅਤੇ ਹੁਣ ਉਨ੍ਹਾਂ ਨੂੰ ਇਹ ਸਭ ਆਨੰਦ ਕਿਉਂ ਨਹੀਂ ਮਨਾਉਣੇ ਚਾਹੀਦੇ। ਪਹਿਲੀ ਵਾਰ ਉਨ੍ਹਾਂ ਨੇ ਆਪਣੇ ਲਈ ਉਦੋਂ ਕੋਈ ਚੀਜ਼ ਖ਼ਰੀਦੀ ਸੀ, ਜਦੋਂ ਉਹ ਇੱਕ ਅਧਿਆਪਕਾ ਵਜੋਂ ਕੰਮ ਕਰਦੇ ਸਨ। ''ਮੇਰੇ ਕੋਲ ਕੇਵਲ ਦੋ ਸਾੜ੍ਹੀਆਂ ਸਨ। ਮੈਨੂੰ ਤੀਜੀ ਸਾੜ੍ਹੀ ਦੀ ਬਹੁਤ ਜ਼ਿਆਦਾ ਲੋੜ ਸੀ। ਤੁਸੀਂ ਮੰਨੋਂ ਭਾਵੇਂ ਨਾ, ਮੈਂ ਆਪਣੇ ਪੱਲਿਓਂ ਪਹਿਲੀ ਵਾਰ 135 ਰੁਪਏ ਦੀ ਸਾੜ੍ਹੀ ਖ਼ਰੀਦੀ ਸੀ। ਉਹ ਸਾੜ੍ਹੀ ਮੇਰੇ ਕੋਲ ਹਾਲੇ ਵੀ ਹੈ।'' ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਵੇਲੇ ਉਨ੍ਹਾਂ ਕੋਲ ਸਭ ਤੋਂ ਮਹਿੰਗੀ ਸਾੜ੍ਹੀ ਕਿਹੜੀ ਹੈ? ਤਾਂ ਉਨ੍ਹਾਂ ਭਾਵੁਵ ਜਿਹੀ ਹਾਸੀ ਹੱਸਦਿਆਂ ਜਵਾਬ ਦਿੱਤਾ,''ਮੈਂ ਆਪਣੀ ਛੋਟੀ ਧੀ ਦੇ ਵਿਆਹ ਉਤੇ 1 ਲੱਖ 60 ਹਜ਼ਾਰ ਰੁਪਏ ਦੀ ਚਾਂਦੀ ਰੰਗੀ ਸਾੜ੍ਹੀ ਖ਼ਰੀਦੀ ਸੀ।''

ਇਸ ਵੇਲੇ ਜਿਓਤੀ ਜੀ ਕੋਲ ਅਮਰੀਕਾ 'ਚ ਛੇ ਅਤੇ ਭਾਰਤ 'ਚ ਦੋ ਘਰ ਹਨ। ਹਾਂ, ਕਾਰ ਚਲਾਉਣ ਦਾ ਸੁਫ਼ਨਾ ਵੀ ਉਨ੍ਹਾਂ ਪੂਰਾ ਕਰ ਲਿਆ ਹੈ। ਹੁਣ ਉਹ ਮਰਸਿਡੀਜ਼-ਬੈਂਜ਼ ਕਾਰ ਚਲਾਉਂਦੇ ਹਨ, ਗੂੜ੍ਹੇ ਰੰਗ ਦੀਆਂ ਐਨਕਾਂ ਲਾਉਂਦੇ ਹਨ ਤੇ ਵਾਲ਼ ਖੁੱਲ੍ਹੇ ਛਡਦੇ ਹਨ।

ਸਫ਼ਲਤਾ ਵੱਲ ਚਾਲੇ

ਜਿਓਤੀ ਹੁਰਾਂ ਦੀ ਕਹਾਣੀ ਇਸ ਵੇਲੇ ਕਾਕਾਤੀਆ ਯੂਨੀਵਰਸਿਟੀ 'ਚ ਅੰਗਰੇਜ਼ੀ ਦੇ ਦੂਜੇ ਵਰ੍ਹੇ ਦੇ ਡਿਗਰੀ ਕੋਰਸ 'ਚ ਇੰਕ ਪੂਰੇ ਅਧਿਆਇ ਵਜੋਂ ਸ਼ਾਮਲ ਕੀਤੀ ਗਈ ਹੈ। ਜਿਓਤੀ ਦਸਦੇ ਹਨ,'ਯਕੀਨ ਕਰਿਓ, ਇੱਕ ਵਾਰ ਮੈਂ ਇਸੇ ਯੂਨੀਵਰਸਿਟੀ ਤੋਂ ਨੌਕਰੀ ਮੰਗਣ ਗਈ ਸਾਂ ਪਰ ਉਨ੍ਹਾਂ ਨਾਂਹ ਕਰ ਦਿੱਤੀ ਸੀ। ਅੱਜ ਪਿੰਡਾਂ ਦੇ ਬਹੁਤ ਸਾਰੇ ਬੱਚੇ ਮੇਰੇ ਬਾਰੇ ਪੜ੍ਹਦੇ ਹਨ ਤੇ ਇਹ ਜਾਣਨਾ ਚਾਹੁੰਦੇ ਹਨ ਕਿ ਕੌਣ ਹੈ, ਜਿਸ ਬਾਰੇ ਉਹ ਪੜ੍ਹ ਰਹੇ ਹਨ।'

image


ਇੱਕ ਮੀਟਿੰਗ ਲਈ ਹੈਦਰਾਬਾਦ ਜਾਂਦੇ ਸਮੇਂ ਉਨ੍ਹਾਂ ਮੇਰੇ ਨਾਲ ਰਾਹ ਵਿੱਚ ਹੀ ਇੱਕ ਘੰਟੇ ਤੋਂ ਵੀ ਵੱਧ ਸਮਾਂ ਗੱਲ ਕੀਤੀ। ਅਗਲੇ ਦਿਨ ਉਨ੍ਹਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਸੀ; ਜਿੱਥੇ ਉਨ੍ਹਾਂ ਸੱਤਾਧਾਰੀ ਪਾਰਟੀ ਨਾਲ ਯਤੀਮਖਾਨੇ 'ਚੋਂ ਗੁੰਮ ਹੋਈਆਂ ਕੁੜੀਆਂ ਬਾਰੇ ਕੋਈ ਗੱਲਬਾਤ ਕਰਨੀ ਸੀ।

ਹੁਣ ਜਿਓਤੀ ਲਈ ਜ਼ਿੰਦਗੀ ਕਿਸੇ ਵਾਹਨ ਦੇ ਸ਼ੀਸ਼ੇ ਵਿੱਚ ਦਿਸਣ ਵਾਲੀ ਵਸਤੂ ਨਹੀਂ ਰਹਿ ਗਈ ਹੈ, ਹੁਣ ਉਹ ਹੋਰਨਾਂ ਦੇ ਬਣਾਏ ਨਿਯਮਾਂ ਉਤੇ ਨਹੀਂ, ਸਗੋਂ ਆਪਣੇ ਖ਼ੁਦ ਦੇ ਅਸੂਲਾਂ ਉਤੇ ਚਲਦੇ ਹਨ। ਉਨ੍ਹਾਂ ਆਪਣੇ ਜੀਵਨ 'ਚ ਵੀ ਅੱਗੇ ਵਧਣ ਲਈ ਬਹੁਤ ਤੇਜ਼ ਰਫ਼ਤਾਰ ਫੜੀ ਹੋਈ ਹੈ।


ਲੇਖਕ : ਦੀਪਤੀ ਨਾਇਰ

ਅਨੁਵਾਦ : ਮੇਹਤਾਬਉਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags