ਦੇਹਾਤੀ ਪਿਛੋਕੜ ਤੋਂ ਆਏ ਸੰਤੋਸ਼ ਨੇ ਲਿਖਿਆ ਕਾਮਯਾਬੀ ਦਾ ਨਵਾਂ ਮੰਤਰ

ਦੇਹਾਤੀ ਪਿਛੋਕੜ ਤੋਂ ਆਏ ਸੰਤੋਸ਼ ਨੇ ਲਿਖਿਆ ਕਾਮਯਾਬੀ ਦਾ ਨਵਾਂ ਮੰਤਰ

Tuesday November 10, 2015,

5 min Read

ਜੇ ਕਿਸੇ ਅੰਦਰ ਕੁੱਝ ਕਰਨ ਦੀ ਸੱਚੀ ਲਗਨ ਹੈ, ਤਾਂ ਉਹ ਆਪਣੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਔਕੜਾਂ ਪਾਰ ਕਰ ਕੇ ਆਪਣੀ ਮੰਜ਼ਿਲ ਨੂੰ ਪਾਰ ਪਾ ਕੇ ਆਪਣੀ ਮੰਜ਼ਿਲ ਛੋਹ ਕੇ ਰਹਿੰਦਾ ਹੈ। ਕਰਨਾਟਕ ਦੇ ਬੇਲਗਾਮ ਦੇ ਦੂਜੇ ਵਰ੍ਹੇ ਦੇ ਵਿਦਿਆਰਥੀ ਸੰਤੋਸ਼ ਕਾਵੇਰੀ ਨੇ ਬੀਤੇ ਕੁੱਝ ਸਮੇਂ ਦੌਰਾਨ ਕਈ ਪੁਰਾਣੀਆਂ ਪਿਰਤਾਂ ਨੂੰ ਤੋੜਿਆ ਹੈ ਅਤੇ ਸਫ਼ਲਤਾ ਬਾਰੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਿਆ ਹੈ।

ਜੋ ਲੋਕ ਇਹ ਮੰਨਦੇ ਹਨ ਕਿ ਬਿਨਾਂ ਆਰਥਿਕ ਸਹਾਇਤਾ ਦੇ ਤੁਸੀਂ ਜੀਵਨ ਵਿੱਚ ਕੁੱਝ ਵੀ ਵੱਡਾ ਨਹੀਂ ਕਰ ਸਕਦੇ ਜਾਂ ਬਿਨਾਂ ਪੈਸੇ ਦੇ ਸਫ਼ਲਤਾ ਨੂੰ ਪਾਇਆ ਨਹੀਂ ਜਾ ਸਕਦਾ। ਉਨ੍ਹਾਂ ਲੋਕਾਂ ਲਈ ਸੰਤੋਖ ਇੱਕ ਬਹੁਤ ਵੱਡਾ ਵਿਵਾਦ ਹੈ। ਬੇਲਗਾਮ ਦੇ ਸਮਿਤੀ ਕਾਲਜ ਆੱਫ਼ ਬਿਜ਼ਨੇਸ ਐਡਮਿਨਿਸਟ੍ਰੇਸ਼ਨ ਦੇ ਵਿਦਿਆਰਥੀ ਸੰਤੋਸ਼ ਨੇ ਦੁਨੀਆਂ ਨੂੰ ਵਿਖਾਇਆ ਹੈ ਕਿ ਕਿਸ ਤਰ੍ਹਾਂ ਬਿਨਾਂ ਕਿਸੇ ਆਰਥਿਕ ਸਹਾਇਤਾ ਦੇ ਸਫ਼ਲਤਾ ਦੀਆਂ ਪੌੜੀਆਂ ਚੜ੍ਹੀਆਂ ਜਾ ਸਕਦੀਆਂ ਹਨ।

image


ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਆਪਣੇ ਲਈ ਮੌਕਾ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਜਾਣਨ ਲਈ ਸੰਤੋਸ਼ ਦੀ ਜ਼ਿੰਦਗੀ ਦੇ ਅਤੀਤ ਵਿੱਚ ਜਾਣਾ ਪਵੇਗਾ। ਰਾਹ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਨ ਦਾ ਜਜ਼ਬਾ ਸੰਤੋਸ਼ ਨੇ ਆਪਣੀ ਪੜ੍ਹਾਈ ਦੇ ਮੁਢਲੇ ਦਿਨਾਂ ਵਿੱਚ ਹੀ ਸਿੱਖ ਲਿਆ ਸੀ। ਉਨ੍ਹੀਂ ਦਿਨੀਂ ਸਕੂਲ ਜਾਣ ਲਈ ਸੰਤੋਸ਼ ਨੂੰ ਰੋਜ਼ਾਨਾ 10 ਕਿਲੋਮੀਟਰ ਦਾ ਸਫ਼ਰ ਪੈਦਲ ਤਹਿ ਕਰਨਾ ਪੈਂਦਾ ਸੀ। ਪਰ ਬਚਪਨ ਤੋਂ ਹੀ ਧੁਨ ਦੇ ਪੱਕੇ ਸੰਤੋਸ਼ ਨੇ ਕਿਸੇ ਵੀ ਰੁਕਾਵਟ ਤੋਂ ਹਾਰ ਨਾ ਮੰਨੀ ਅਤੇ ਪਰਿਵਾਰ ਦੀ ਦੇਖਭਾਲ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ।

ਬਚਪਨ ਤੋਂ ਨੌਜਵਾਨੀ ਤੱਕ ਸੰਤੋਸ਼ ਨੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਤੇ ਜਿੱਤ ਹਾਸਲ ਕੀਤੀ ਅਤੇ ਦ੍ਰਿੜ੍ਹ ਨਿਸ਼ਚਾ ਕੀਤਾ ਕਿ ਮੌਕਾ ਮਿਲਣ ਉਤੇ ਉਹ ਸਮਾਜ ਲਈ ਕੁੱਝ ਅਜਿਹਾ ਕਰਨਗੇ, ਜਿਸ ਨਾਲ ਦੂਜਿਆਂ ਦੀਆਂ ਪਰੇਸ਼ਾਨੀਆਂ ਨੂੰ ਕੁੱਝ ਘਟਾਇਆ ਜਾ ਸਕੇ। ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਪਾਰ ਕਰਦੇ ਸਮੇਂ ਹੀ ਸੰਤੋਸ਼ ਨੇ ਜੀਵਨ ਵਿੱਚ ਕੁੱਝ ਵੱਡਾ ਕਰਨ ਬਾਰੇ ਮਨ ਵਿੱਚ ਧਾਰਿਆ ਅਤੇ ਉਨ੍ਹਾਂ ਨੂੰ ਸਾਥ ਮਿਲਿਆ ਦੇਸ਼ਪਾਂਡੇ ਫ਼ਾਊਂਡੇਸ਼ਨ ਦੇ 'ਲੀਡਰਜ਼ ਐਕਸਲੇਰੇਟਿੰਗ ਡਿਵੈਲਪਮੈਂਟ' (ਲੀਡ) ਪ੍ਰੋਗਰਾਮ ਦਾ।

ਸੰਤੋਸ਼ ਦਾ ਸਾਰਾ ਜੀਵਨ ਦੇਹਾਤੀ ਪਿਛੋਕੜ ਵਾਲਾ ਹੀ ਸੀ, ਜਿਸ ਵਿੱਚ ਖੇਤੀ ਕਰਨਾ ਹੀ ਲੋਕਾਂ ਦਾ ਮੁੱਖ ਕਿੱਤਾ ਸੀ। ਇਸੇ ਕਰ ਕੇ ਉਨ੍ਹਾਂ ਨੂੰ ਇਸ ਕੰਮ ਵਿੱਚ ਕਿਸਾਨਾਂ ਸਾਹਵੇਂ ਆਉਣ ਵਾਲੀਆਂ ਔਕੜਾਂ ਅਤੇ ਪਰੇਸ਼ਾਨੀਆਂ ਬਾਰੇ ਹਰ ਤਰ੍ਹਾਂ ਦੀ ਅਸਲ ਜਾਣਕਾਰੀ ਸੀ। ਇਸੇ ਦੌਰਾਨ ਉਨ੍ਹਾਂ ਆਪਣੇ ਇਲਾਕੇ ਦੇ ਕਿਸਾਨਾਂ ਦੀ ਇੱਕ ਬਹੁਤ ਵੱਡੀ ਪਰੇਸ਼ਾਨੀ ਦਾ ਧਿਆਨ ਆਇਆ, ਜੋ ਉਨ੍ਹਾਂ ਦੇ ਖੇਤਾਂ ਵਿੱਚ ਉਗਣ ਵਾਲੀ ਗਾਜਰ ਦੀ ਸਫ਼ਾਈ ਨਾਲ ਸਬੰਧਤ ਸੀ।

ਪਰ ਗਾਜਰ ਦੀ ਸਫ਼ਾਈ ਹੀ ਕਿਉਂ? ਕਿਸਾਨਾਂ ਨੂੰ ਸਭ ਤੋਂ ਵੱਡੀ ਔਖਿਆਈ ਇਹੋ ਸੀ ਕਿ ਉਨ੍ਹਾਂ ਲੋਕਾਂ ਨੂੰ ਸਥਾਨਕ ਬਾਜ਼ਾਰ ਵਿੱਚ ਵੇਚਣ ਲਈ ਜਾਣ ਤੋਂ ਪਹਿਲਾਂ ਗਾਜਰਾਂ ਚੰਗੀ ਤਰ੍ਹਾਂ ਧੋਣੀਆਂ ਪੈਂਦੀਆਂ ਸਨ। ਗਾਜਰਾਂ ਕਿਉਂਕਿ ਜ਼ਮੀਨ ਦੇ ਹੇਠਾਂ ਉਗਦੀਆਂ ਹਨ, ਇਸੇ ਲਈ ਪਹਿਲਾਂ-ਪਹਿਲ ਉਹ ਵੇਖਣ 'ਚ ਬਹੁਤ ਗੰਦੀਆਂ ਜਾਪਦੀਆਂ ਹਨ ਅਤੇ ਉਨ੍ਹਾਂ ਨੂੰ ਵੇਚਣ ਲਈ ਪਹਿਲਾਂ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ। ਸੰਤੋਸ਼ ਨੂੰ ਪਤਾ ਸੀ ਕਿ ਗਾਜਰ ਦੀ ਸਫ਼ਾਈ ਕਰਨਾ ਬਹੁਤ ਮਿਹਨਤ ਦਾ ਕੰਮ ਹੈ ਅਤੇ ਕਿਸਾਨਾਂ ਦਾ ਬਹੁਤ ਸਾਰਾ ਸਮਾਂ ਇਸੇ ਕੰਮ ਵਿੱਚ ਲੰਘ ਜਾਂਦਾ ਹੈ। 100 ਕਿਲੋਗ੍ਰਾਮ ਗਾਜਰ ਦੀ ਸਫ਼ਾਈ ਵਿੱਚ ਲਗਭਗ ਇੱਕ ਦਰਜਨ ਲੋਕਾਂ ਦਾ ਕਾਫ਼ੀ ਸਾਰਾ ਸਮਾਂ ਅਜਾਈਂ ਜਾਂਦਾ ਸੀ, ਜਿਸ ਨੂੰ ਵੇਖ ਕੇ ਸੰਤੋਸ਼ ਨੂੰ ਬਹੁਤ ਦੁੱਖ ਹੁੰਦਾ ਸੀ।

ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈ ਕੇ ਕਾਫ਼ੀ ਚਿੰਤਾਤੁਰ ਸੰਤੋਸ਼ ਦੇ ਦਿਮਾਗ਼ ਵਿੱਚ ਆਖ਼ਰ ਇੱਕ ਦਿਨ ਵਾਸ਼ਿੰਗ ਮਸ਼ੀਨ ਵੇਖ ਕੇ ਇੱਕ ਵਿਚਾਰ ਆਇਆ ਅਤੇ ਉਹ ਗਾਜਰ ਦੀ ਆਸਾਨੀ ਨਾਲ ਸਫ਼ਾਈ ਕਰਨ ਵਾਲੀ ਇੱਕ ਮਸ਼ੀਨ ਦੇ ਨਿਰਮਾਣ ਵਿੱਚ ਜੀਅ-ਜਾਨ ਨਾਲ ਜੁਟ ਗਏ। ਲਗਭਗ ਇੱਕ ਦਰਜਨ ਵਾਰ ਨਾਕਾਮੀ ਦੀ ਧੂੜ ਚੱਟਣ ਤੋਂ ਬਾਅਦ ਸੰਤੋਸ਼ ਨੇ ਅਖ਼ੀਰ ਗਾਜਰ ਦੀ ਸਫ਼ਾਈ ਕਰਨ ਵਾਲੀ ਇੱਕ ਮਸ਼ੀਨ ਬਣਾਉਣ ਵਿੱਚ ਸਫ਼ਲਤਾ ਹਾਸਲ ਕਰ ਹੀ ਲਈ।

ਕਈ ਦਿਨਾਂ ਦੀ ਮਿਹਨਤ ਪਿੱਛੋਂ ਬਣਾਈ ਗਈ ਇਸ ਮਸ਼ੀਨ ਨੂੰ ਤਿਆਰ ਕਰਨ ਤੋਂ ਬਾਅਦ ਸੰਤੋਸ਼ ਉਸ ਨੂੰ ਲੈ ਕੇ ਪਿੰਡ ਕਿਸਾਨਾਂ ਕੋਲ ਗਏ, ਤਾਂ ਉਨ੍ਹਾਂ ਲੋਕਾਂ ਨੇ ਸੰਤੋਸ਼ ਨੂੰ ਸਿਰ-ਅੱਖਾਂ ਉਤੇ ਬਿਠਾ ਲਿਆ। ਪਹਿਲਾਂ 100 ਕਿਲੋਗ੍ਰਾਮ ਗਾਜਰ ਦੀ ਸਫ਼ਾਈ ਵਿੱਚ ਇੱਕ ਦਰਜਨ ਲੋਕਾਂ ਨੂੰ ਕਈ ਘੰਟੇ ਮਿਹਨਤ ਕਰਨੀ ਪੈਂਦੀ ਸੀ, ਉਥੇ ਹੁਣ ਇਸ ਮਸ਼ੀਨ ਰਾਹੀਂ ਇਹ ਕੰਮ ਕੇਵਲ ਦੋ ਵਿਅਕਤੀ ਕੇਵਲ 15 ਮਿੰਟਾਂ 'ਚ ਹੀ ਕਰਨ ਲੱਗ ਪਏ। ਅੱਜ ਸੰਤੋਸ਼ ਵੱਲੋਂ ਈਜਾਦ ਕੀਤੀ ਗਈ ਇਸ ਮਸ਼ੀਨ ਦੀ ਮਦਦ ਨਾਲ ਆਲ਼ੇ-ਦੁਆਲ਼ੇ ਦੇ ਕਈ ਪਿੰਡਾਂ ਦੇ ਕਿਸਾਨ ਗਾਜਰਾਂ ਦੀ ਸਫ਼ਾਈ ਕਰ ਕੇ ਆਪਣਾ ਸਮਾਂ ਅਤੇ ਮਿਹਨਤ ਬਚਾ ਰਹੇ ਹਨ।

ਸੰਤੋਸ਼ ਦੀ ਇਸ ਖੋਜ ਦੀ ਵਪਾਰਕ ਅਹਿਮੀਅਤ ਅਤੇ ਅਨੋਖੇਪਣ ਨੂੰ ਵੇਖ ਕੇ ਦੇਸ਼ਪਾਂਡੇ ਫ਼ਾਊਂਡੇਸ਼ਨ ਦੇ 2013 ਦੇ ਯੁਵਾ ਸੰਮੇਲਨ 'ਚ ਖ਼ੁਦ ਰਤਨ ਟਾਟਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਸੰਤੋਸ਼ ਦਾ ਹੌਸਲਾ ਵਧਾਇਆ।

ਕੁੱਝ ਨਵਾਂ ਕਰ ਕੇ ਵਿਖਾਉਣ ਅਤੇ ਦੂਜਿਆਂ ਦੀ ਮਦਦ ਕਰਨ ਦਾ ਜਜ਼ਬਾ ਸੰਤੋਸ਼ ਨੂੰ ਆਰਾਮ ਨਾਲ਼ ਬੈਠਣ ਨਹੀਂ ਦਿੰਦਾ ਅਤੇ ਉਹ ਲਗਾਤਾਰ ਕੁੱਝ ਨਾ ਕੁੱਝ ਨਵਾਂ ਕਰਨ ਵਿੱਚ ਲੱਗੇ ਹੀ ਰਹਿੰਦੇ ਹਨ। ਸੰਤੋਸ਼ ਨੇ ਹਾਲੇ ਪਿੱਛੇ ਜਿਹੇ ਇੱਕ ਅਜਿਹਾ ਯੰਤਰ ਬਣਾਇਆ ਹੈ, ਜਿਸ ਵਿੱਚ ਗੈਸ ਉਤੇ ਖਾਣੇ ਲਈ ਪਾਣੀ ਗਰਮ ਕਰਨ ਦੇ ਨਾਲ-ਨਾਲ ਨਹਾਉਣ ਲਈ ਵੀ ਗਰਮ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਯੰਤਰ ਨੂੰ ਉਨ੍ਹਾਂ 'ਈਕੋ ਵਾਟਰ ਕੁਆਇਲ' ਦਾ ਨਾਂਅ ਦਿੱਤਾ ਹੈ। ਸੰਤੋਸ਼ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਗੈਸ ਬਹੁਤ ਮਹਿੰਗੀ ਹੈ ਅਤੇ ਕੋਈ ਵੀ ਉਸ ਦੀ ਸੁਰੱਖਿਆ ਦੇ ਜਤਨ ਵਿੱਚ ਨਹੀਂ ਲੱਗਾ।

ਉਨ੍ਹਾਂ ਵੱਲੋਂ ਬਣਾਏ ਗਏ ਇਸ ਯੰਤਰ ਰਾਹੀਂ ਜਿੱਥੇ ਇੱਕ ਪਾਸੇ ਗੈਸ ਦੀ ਬੱਚਤ ਹੁੰਦੀ ਹੈ, ਉਥੇ ਹੀ ਦੂਜੇ ਪਾਸੇ ਦੋ ਕੰਮਾਂ ਲਈ ਪਾਣੀ ਗਰਮ ਹੋਣ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ।

ਇੱਕ ਪਾਸੇ ਤਾਂ ਸਾਡੇ ਦੇਸ਼ ਦੇ ਸ਼ਹਿਰੀ ਇਲਾਕੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ, ਉਥੇ ਦੂਜੇ ਪਾਸੇ ਸਾਡੇ ਦੇਸ਼ ਦਾ ਇੱਕ ਵੱਡਾਤਬਕਾ, ਜੋ ਹਾਲੇ ਵੀ ਦੇਹਾਤੀ ਖੇਤਰਾਂ ਵਿੱਚ ਰਹਿ ਰਿਹਾ ਹੈ, ਤਰੱਕੀ ਦੀ ਉਡੀਕ ਕਰ ਰਿਹਾ ਹੈ। ਸੰਤੋਸ਼ ਇਸ ਗੱਲ ਦੀ ਜਿਊਂਦੀ-ਜਾਗਦੀ ਮਿਸਾਲ ਹਨ ਕਿ ਜੇ ਕਿਸੇ ਅੰਦਰ ਕੁੱਝ ਕਰਨ ਦੀ ਸੱਚੀ ਲਗਨ ਹੈ, ਤਾਂ ਉਹ ਬਿਨਾਂ ਆਰਥਿਕ ਸਹਾਇਤਾ ਦੇ ਵੀ ਬਹੁਤ ਕੁੱਝ ਕਰ ਸਕਦਾ ਹੈ ਅਤੇ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾ ਸਕਦਾ ਹੈ।

    Share on
    close