ਸੰਸਕਰਣ
Punjabi

ਉੱਦਮੀਆਂ ਤੋਂ ਕਾਮਯਾਬੀ ਦੀਆਂ ਨਵੀਆਂ-ਨਵੀਆਂ ਕਹਾਣੀਆਂ ਲਿਖਵਾ ਰਹੇ ਹਨ ਸ਼੍ਰੀਨਿਵਾਸ

Team Punjabi
6th Mar 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਹੈਦਰਾਬਾਦ ਨੂੰ ਸਮੁੱਚੇ ਵਿਸ਼ਵ 'ਚ ਸਟਾਰਟ-ਅੱਪ ਦਾ ਸਭ ਤੋਂ ਵਧੀਆ ਕੇਂਦਰ ਬਣਾਉਣ ਦੀ ਕੋਸ਼ਿਸ਼ ਨੂੰ ਹਨ ਸਮਰਪਿਤ

ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਨ ਦੀ ਇੱਛਾ ਨੇ ਹੀ ਬਣਾਇਆ ''ਟੀ-ਹੱਬ'' ਦਾ ਸਿਰਜਕ

ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ-ਵਧਾਉਂਦੇ ਬਣ ਗਏ ਸਟਾਰਟ-ਅੱਪ ਦੇ 'ਭਰੋਸੇਯੋਗ ਸਲਾਹਕਾਰ'

ਇੱਕ ਬੱਚੇ ਦੇ ਮਨ ਵਿੱਚ ਕਈ ਸੁਆਲ ਉਠਦੇ ਸਨ। ਵੱਖੋ-ਵੱਖਰੀਆਂ ਚੀਜ਼ਾਂ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਉਸ ਦੀ ਬਹੁਤ ਦਿਲਚਸਪੀ ਸੀ। ਉਹ ਆਪਣੇ-ਆਪ ਨੂੰ ਰੋਕ ਨਾ ਸਕਦਾ ਅਤੇ ਜੋ ਕੋਈ ਸੁਆਲ ਉਸ ਦੇ ਮਨ ਵਿੱਚ ਆਇਆ, ਉਹ ਬੇਝਿਜਕ ਆਪਣੇ ਪਿਤਾ ਤੋਂ ਪੁੱਛ ਲੈਂਦਾ। ਆਕਾਸ਼ ਵਿੱਚ ਬੱਦਲਾਂ ਨੂੰ ਵੇਖ ਕੇ ਉਹ ਆਪਣੇ ਪਿਤਾ ਤੋਂ ਪੁੱਛਦਾ,''ਬੱਦਲਾਂ ਨੂੰ ਆਪਣਾ ਰੂਪ, ਰੰਗ ਅਤੇ ਆਕਾਰ ਕਿੱਥੋਂ ਮਿਲਦਾ ਹੈ? ਉਹ ਪਿਤਾ ਤੋਂ ਸੁਆਲ ਕਰਦਾ ਕਿ ਆਖ਼ਰ ਇਨਸਾਨ ਦਾ ਸਰੀਰ ਅਚਾਨਕ ਗਰਮ ਕਿਉਂ ਹੋ ਜਾਂਦਾ ਹੈ, ਆਖ਼ਰ ਬੱਚਿਆਂ ਨੂੰ ਬੁਖ਼ਾਰ ਕਿਉਂ ਆਉਂਦਾ ਹੈ?''

ਬੱਚਾ ਇੰਨਾ ਜਿਗਿਆਸੂ ਸੀ ਕਿ ਉਹ ਘੜੀ ਖੋਲ੍ਹ ਦਿੰਦਾ ਅਤੇ ਇਹ ਪਤਾ ਲਾਉਣ ਵਿੱਚ ਜੁਟ ਜਾਂਦਾ ਕਿ ਅਜਿਹੇ ਕਿਹੜੇ ਤੰਤਰ-ਜੰਤਰ ਅਤੇ ਮੰਤਰ ਹਨ, ਜਿਨ੍ਹਾਂ ਨਾਲ ਘੜੀ ਚਲਦੀ ਹੈ। ਉਹ ਇਹ ਵੀ ਵੀ ਪਤਾ ਲਾਉਣ ਵਿੱਚ ਜੁਟ ਜਾਂਦਾ ਕਿ ਆਖ਼ਰ ਕੈਲਕੁਲੇਟਰ ਬਿਨਾ ਕੋਈ ਗ਼ਲਤੀ ਕੀਤਿਆਂ ਸਦਾ ਸਹੀ ਜਵਾਬ ਕਿਵੇਂ ਦਿੰਦਾ ਹੈ। ਬੱਚੇ ਨੇ ਇੱਕ-ਦੋ ਨਹੀਂ, ਸਗੋਂ ਕਈ ਚੀਜ਼ਾਂ ਨੂੰ ਖੋਲ੍ਹ ਸੁੱਟਿਆ ਅਤੇ ਇਹ ਸਮਝਣ ਦਾ ਜਤਨ ਕੀਤਾ ਕਿ ਉਨ੍ਹਾਂ ਦੀ ਕਿਰਿਆ ਅਤੇ ਪ੍ਰਕਿਰਿਆ ਕਿਵੇਂ ਨਿਯਮਤ ਚਲਦੀ ਰਹਿੰਦੀ ਹੈ।

image


ਇਸ ਬੱਚੇ ਲਈ ਹਰ ਚੀਜ਼ ਵਿੱਚ ਇੱਕ ਸੁਆਲ ਸੀ ਅਤੇ ਉਹ ਆਪਣੇ ਸੁਆਲਾਂ ਦਾ ਜੁਆਬ ਜਾਣਨ ਲਈ ਅਤੇ ਪਿਤਾ ਦੀ ਮਦਦ ਲੈਂਦਾ। ਪਿਤਾ ਜੋ ਕਿ ਯੂ.ਕੇ. ਦੇ ਮਸ਼ਹੂਰ ਡਾਕਟਰ ਸਨ, ਕਦੇ ਵੀ ਆਪਣੇ ਜਿਗਿਆਸੂ ਪੁੱਤਰ ਨੂੰ ਨਿਰਾਸ਼ ਨਾ ਕਰਦੇ। ਹਰ ਸੁਆਲ ਦਾ ਜੁਆਬ ਦਿੰਦੇ ਅਤੇ ਸਾਰੇ ਸ਼ੰਕੇ ਹੱਲ ਕਰਦੇ।

ਬੱਚਾ ਜਦੋਂ ਵੱਡਾ ਹੋਇਆ, ਤਦ ਉਸ ਨੇ ਬਚਪਨ ਦੇ ਇਸ ਸੁਆਲ-ਜੁਆਬ ਦੇ ਲੰਮੇ ਸਿਲਸਿਲੇ ਤੋਂ ਇੱਕ ਬਹੁਤ ਵੱਡਾ ਮੰਤਰ ਸਿੱਖ ਲਿਆ। ਉਸ ਨੂੰ ਸਮਝ ਆ ਗਿਆ ਕਿ ਸਹੀ ਇਨਸਾਨ ਤੋਂ ਸਹੀ ਸੁਆਲ ਪੁੱਛਣ ਨਾਲ ਹੀ ਕਾਮਯਾਬੀ ਦਾ ਰਾਹ ਮਿਲਦਾ ਹੈ। ਅਤੇ ਫਿਰ ਕੀ ਸੀ, ਇਸੇ ਮੰਤਰ ਨੂੰ ਲੈ ਕੇ ਇਹ ਇਨਸਾਨ ਕਾਮਯਾਬੀ ਦੇ ਰਾਹ 'ਤੇ ਚੱਲ ਪਿਆ। ਅਤੇ ਕਾਮਯਾਬੀ ਦੇ ਇਸੇ ਰਾਹ 'ਤੇ ਇੰਨਾ ਅੱਗੇ ਨਿੱਕਲ ਗਿਆ ਕਿ ਅੱਜ ਉਹ ਦੁਨੀਆ ਭਰ 'ਚ ਕਈ ਉੱਦਮੀਆਂ ਅਤੇ ਹੋਣਹਾਰ-ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਫ਼ਨੇ ਪੂਰੇ ਕਰਵਾਉਣ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ।

image


ਜਿਸ ਸ਼ਖ਼ਸ ਦੀ ਅਸੀਂ ਗੱਲ ਕਰ ਰਹੇ ਹਾਂ, ਉਨ੍ਹਾਂ ਦਾ ਨਾਂਅ ਹੈ ਸ਼੍ਰੀਨਿਵਾਸ ਕੋਲੀਪਾਰਾ। ਸ਼੍ਰੀਨਿਵਾਸ ਹੈਦਰਾਬਾਦ ਵਿੱਚ ਉੱਦਮੀਆਂ ਲਈ ਇੱਕ ਵਧੀਆ ਮਾਹੌਲ ਅਤੇ ਪ੍ਰਣਾਲੀ ਬਣਾਉਣ ਦੇ ਮੰਤਵ ਨਾਲ ਸਥਾਪਤ ਕੀਤੇ ਗਏ 'ਟੀ-ਹੱਬ' ਦੇ ਮੁੱਖ ਸੰਚਾਲਨ ਅਧਿਕਾਰੀ ਭਾਵ ਸੀ.ਈ.ਓ. ਹਨ। ਸੱਚਾਈ ਤਾਂ ਇਹ ਹੈ ਕਿ ਸ਼੍ਰੀਨਿਵਾਸ ਨੇ 'ਟੀ-ਹੱਬ' ਦੀ ਸਥਾਪਨਾ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ। ਉਹ ਇਸ ਦੇ ਬਾਨੀ ਹਨ।

ਬਚਪਨ ਵਿੱਚ ਸੁਆਲ-ਜੁਆਬ ਦੇ ਸਿਲਸਿਲੇ ਤੋਂ ਸਿੱਖੇ ਗੁਰ-ਮੰਤਰ ਦਾ ਲਾਹਾ ਲੈ ਕੇ ਸ਼੍ਰੀਨਿਵਾਸ ਇਨ੍ਹੀਂ ਦਿਨੀਂ ਉੱਦਮੀਆਂ ਦੇ 'ਭਰੋਸੇਯੋਗ ਸਲਾਹਕਾਰ' ਬਣੇ ਹੋਏ ਹਨ। 'ਯੂਅਰ ਸਟੋਰੀ' ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਬਚਪਨ ਦੀ ਸਿੱਖਿਆ ਦਾ ਲਾਭ ਉਠਾਉਂਦਿਆਂ ਉਹ ਉੱਦਮੀਆਂ ਤੋਂ ਕੇਵਲ ਸੁਆਲ ਹੀ ਸੁਆਲ ਕਰਦੇ ਹਨ। ਕੋਸ਼ਿਸ਼ ਇਹੋ ਹੁੰਦੀ ਹੈ ਕਿ ਸਾਰੇ ਸੁਆਲ ਸਹੀ ਹੋਣ। ਸਹੀ ਸੁਆਲ ਕਰਦਿਆਂ-ਕਰਦਿਆਂ ਉਹ ਉੱਦਮੀਆਂ ਦੀ ਸੋਚ, ਉਸ ਦੀ ਤਾਕਤ ਅਤੇ ਕਾਬਲੀਅਤ ਦਾ ਅੰਦਾਜ਼ਾ ਲਾਉਂਦੇ ਹਨ। ਆਪਣੇ ਸੁਆਲਾਂ ਦਾ ਜੁਆਬ ਲੈਂਦੇ ਹੋਏ ਵੀ ਉਹ ਉੱਦਮੀਆਂ ਨੂੰ ਉਨ੍ਹਾਂ ਦਾ ਸਹੀ ਬਿਜ਼ਨੇਸ ਮਾੱਡਲ ਦੱਸ ਦਿੰਦੇ ਹਨ।

ਸ਼੍ਰੀਨਿਵਾਸ ਨੇ ਦੱਸਿਆ,''ਮੈਂ ਉੱਦਮੀਆਂ ਅਤੇ ਸਟਾਰਟ-ਅੱਪ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਦਿੰਦਾ, ਸਗੋਂ ਆਪਣੇ ਸਹੀ ਸੁਆਲਾਂ ਨਾਲ ਉਨ੍ਹਾਂ ਨੂੰ ਹੱਲ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹਾਂ।''

ਸ਼੍ਰੀਨਿਵਾਸ ਦਾ ਮੰਨਣਾ ਹੈ ਕਿ ਭਾਰਤ ਦੇ ਉੱਦਮੀਆਂ ਦੀ ਤਾਕਤ ਬਹੁਤ ਵੱਡੀ ਹੈ ਅਤੇ ਉਨ੍ਹਾਂ ਵਿੱਚ ਦੁਨੀਆ ਨੂੰ ਬਦਲ ਕੇ ਰੱਖਣ ਦੀ ਤਾਕਤ ਹੈ।

ਸ੍ਰੀਨਿਵਾਸ ਅਨੁਸਾਰ, ਜੇ ਕਿਸੇ ਵੀ ਰਾਸ਼ਟਰ ਨੇ ਕਾਮਯਾਬੀ ਦੀ ਆਪਣੀ ਵੱਡੀ ਕਹਾਣੀ ਲਿਖਣੀ ਹੈ, ਤਾਂ ਉਸ ਨੂੰ ਵਿਕਾਸ ਦਾ ਇੱਕ ਨਹੀਂ, ਸਗੋਂ ਕਈ ਕੇਂਦਰ ਬਣਾਉਣੇ ਚਾਹੀਦੇ ਹਨ।

ਇਸੇ ਕਰ ਕੇ ਉਨ੍ਹਾਂ ਨੇ ਬੈਂਗਲੁਰੂ ਦੇ ਨਾਲ-ਨਾਲ ਹੈਦਰਾਬਾਦ ਨੂੰ ਵੀ ਸਟਾਰਟ-ਅੱਪ ਦੇ ਵੱਡੇ ਕੇਂਦਰ ਦੇ ਰੂਪ ਵਿੱਚ ਸਥਾਪਤ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਤੇ ਜਿਸ ਤਰ੍ਹਾਂ ਨਾਲ 'ਟੀ-ਹੱਬ' ਦੀ ਸਥਾਪਨਾ ਹੋਈ ਅਤੇ ਜਿਸ ਤਰ੍ਹਾਂ ਇਸ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ, ਉਸ ਨੂੰ ਵੇਖ ਕੇ ਤਾਂ ਇਹੋ ਲੱਗ ਰਿਹਾ ਹੈ ਕਿ ਸ਼੍ਰੀਨਿਵਾਸ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੇ ਹਨ।

5 ਨਵੰਬਰ, 2015 ਨੂੰ 'ਟੀ-ਹੱਬ' ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਉੱਤੇ ਆਪਣੀ ਮੌਜੂਦਗੀ ਨਾਲ ਵਿਸ਼ਵ ਪ੍ਰਸਿੱਧ ਸਨਅਤਕਾਰ ਰਤਨ ਟਾਟਾ, ਤੇਲੰਗਾਨਾ ਦੇ ਰਾਜਪਾਲ ਨਰਸਿਮਹਨ ਅਤੇ ਆਈ.ਟੀ. ਮੰਤਰੀ ਕੇ. ਤਾਰਕ ਰਾਮਾ ਰਾਓ ਜਿਹੀਆਂ ਸ਼ਖ਼ਸੀਅਤਾਂ ਨੇ ਉਦਘਾਟਨ ਸਮਾਰੋਹ ਨੂੰ ਚਾਰ ਚੰਨ ਲਾਏ।

'ਟੀ-ਹੱਬ ਜਨਤਕ ਅਤੇ ਨਿਜੀ ਭਾਈਵਾਲ਼ੀ ਦਾ ਇੱਕ ਅਦਭੁੱਤ ਨਮੂਨਾ ਹੈ। ਇਹ ਤੇਲੰਗਾਨਾ ਸਰਕਾਰ, ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ - ਹੈਦਰਾਬਾਦ (ਆਈ.ਆਈ.ਆਈ.ਟੀ. ' ਹੈਚ), ਇੰਡੀਅਨ ਸਕੂਲ ਅਤੇ ਬਿਜ਼ਨੇਸ ਅਤੇ ਨਸਲਾਰ ਤੋਂ ਇਲਾਵਾ ਦੇਸ਼ ਦੇ ਕੁੱਝ ਪ੍ਰਸਿੱਧ ਨਿਜੀ ਸੰਸਥਾਨਾਂ ਦੀ ਸਾਂਝੀ ਸੋਚ, ਮਿਹਨਤ ਅਤੇ ਸਹਿਕਾਰਤਾ ਦਾ ਨਤੀਜਾ ਹੈ।'

''ਟੀ-ਹੱਬ'' ਦਾ ਮੰਤਵ ਸ਼ਹਿਰ-ਏ-ਹੈਦਰਾਬਾਦ ਵਿੱਚ ਉੱਦਮੀਆਂ ਅਤੇ ਸਟਾਰਟ-ਅੱਪ ਦੇ ਵਿਕਾਸ ਲਈ ਅਨੁਕੂਲ ਸਰਬੋਤਮ ਮਾਹੌਲ ਤਿਆਰ ਕਰਨਾ ਹੈ।

ਆਈ-ਆਈ-ਆਈ-ਟੀ - ਹੈਚ ਕੈਂਪਸ ਵਿੱਚ ਬਣੇ 'ਟੀ-ਹੱਬ' ਵਿੱਚ 70 ਹਜ਼ਾਰ ਵਰਗ ਫ਼ੁੱਟ ਜਗ੍ਹਾ ਹੈ। ਉੱਦਮੀਆਂ ਨੂੰ ਕੰਮ ਕਰਨ ਲਈ ''ਟੀ-ਹੱਬ'' ਵਿੱਚ ਅਤਿ-ਆਧੁਨਿਕ ਅਤੇ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਗਈਆਂ ਹਨ। ਅੱਜ ਅਨੇਕਾਂ ਸਟਾਰਟ-ਅੱਪਸ ''ਟੀ-ਹੱਬ'' ਤੋਂ ਹੀ ਆਪਣਾ ਕੰਮ ਕਰ ਰਹੇ ਹਨ। ਸਭ ਤੋਂ ਅਹਿਮ ਗੱਲ ਤਾਂ ਇਹ ਵੀ ਹੈ ਕਿ 'ਟੀ-ਹੱਬ' ਵਿੱਚ ਇਨਕਿਊਬੇਟਰਜ਼ ਅਤੇ ਐਕਸੇਲੇਟਰਜ਼ ਲਈ ਵੱਖ ਤੋਂ ਜਗ੍ਹਾ ਦਿੱਤੀ ਗਈ ਹੈ। ਉੱਦਮੀ ਸਮੇਂ-ਸਮੇਂ 'ਤੇ ਵੈਂਚਰ ਕਪਿਟਲਿਸਟਸ ਅਤੇ ਦੂਜੇ ਨਿਵੇਸ਼ਕਾਂ ਨੂੰ ਮਿਲ ਸਕਣ; ਅਜਿਹੇ ਇੰਤਜ਼ਾਮ ਕੀਤੇ ਗਏ ਹਨ। ਹਰ ਅਰਥਾਂ ਵਿੱਚ 'ਟੀ-ਹੱਬ' ਉੱਦਮੀਆਂ ਲਈ ਗਿਆਨ, ਪ੍ਰਣਾਲੀ ਸਿਰਜਣਾ ਅਤੇ ਵਿਕਾਸ ਦਾ ਵਧੀਆ ਸਰੋਤ ਬਣ ਗਿਆ ਹੈ।

ਸੀ.ਈ.ਓ. ਸ਼੍ਰੀਨਿਵਾਸ ਨੂੰ ਪੂਰਾ ਭਰੋਸਾ ਹੈ ਕਿ 'ਟੀ-ਹੱਬ' ਤੋਂ ਕਾਮਯਾਬੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਜਾਣਗੀਆਂ ਅਤੇ ਇਨ੍ਹਾਂ ਕਹਾਣੀਆਂ ਦੀ ਚਰਚਾ ਦੁਨੀਆ ਦੇ ਕੋਣੇ-ਕੋਣੇ ਵਿੱਚ ਹੋਵੇਗੀ।

ਇੱਕ ਸੁਆਲ ਦੇ ਜੁਆਬ ਵਿੱਚ ਸ਼੍ਰੀਨਿਵਾਸ ਨੇ ਕਿਹਾ ਕਿ 'ਟੀ-ਹੱਬ' ਦੀ ਸਥਾਪਨਾ ਦਾ ਮੰਤਵ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਕੋਈ ਜੰਗ ਸ਼ੁਰੂ ਕਰਨ ਦਾ ਨਹੀਂ ਹੈ। ਇੱਕ ਸ਼ਹਿਰ ਅਤੇ ਦੂਜੇ ਸ਼ਹਿਰ ਵਿਚਾਲੇ ਲੜਾਈ ਦੀ ਗੱਲ ਹੀ ਬਿਲਕੁਲ ਗ਼ਲਤ ਹੈ। ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਸ਼ਹਿਰ ਆਪਸ ਵਿੱਚ ਇੱਕ-ਦੂਜੇ ਨਾਲ ਸਹਿਯੋਗ ਕਰਨ। ਅਤੇ ਭਾਰਤ ਵਿੱਚ ਵਿਕਾਸ ਦੇ ਇੱਕ ਨਹੀਂ, ਸਗੋਂ ਕਈ ਕੇਂਦਰ ਹੋਣ। ਸ਼ਹਿਰਾਂ ਵਿਚਾਲੇ 'ਨੰਬਰ ਵਨ' ਬਣਨ ਲਈ ਤਕੜਾ ਅਤੇ ਵਧੀਆ ਮੁਕਾਬਲਾ ਹੋਣਾ ਤਾਂ ਵਧੀਆ ਗੱਲ ਹੈ ਪਰ ਲੜਾਈ ਵਰਗੀ ਕੋਈ ਗੱਲ ਨਹੀਂ ਹੋਣੀ ਚਾਹੀਦੀ।

ਇਹ ਪੁੱਛੇ ਜਾਣ 'ਤੇ ਕਿ ਉੱਦਮੀਆਂ ਅਤੇ ਸਟਾਰਟ-ਅੱਪ ਦੇ ਨਵੇਂ ਕੇਂਦਰ ਲਈ ਉਨ੍ਹਾਂ ਨੇ ਹੈਦਰਾਬਾਦ ਨੂੰ ਹੀ ਕਿਉਂ ਚੁਣਿਆ; ਦਾ ਜਵਾਬ ਦਿੰਦਿਆਂ ਸ਼੍ਰੀਨਿਵਾਸ ਭਾਵੁਕ ਹੋ ਗਏ ਅਤੇ ਆਪਣੇ ਜੀਵਨ ਦੀਆਂ ਕੁੱਝ ਵੱਡੀਆਂ ਯਾਦਾਂ ਨੂੰ ਤਾਜ਼ਾ ਤੇ ਸਾਂਝਾ ਕੀਤਾ।

ਸ਼੍ਰੀਨਿਵਾਸ ਨੇ ਦੱਸਿਆ ਕਿ ਹੈਦਰਾਬਾਦ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਮਜ਼ਬੂਤ ਹੈ। ਉਨ੍ਹਾਂ ਦੇ ਅਨੇਕਾਂ ਦੋਸਤ ਹੈਦਰਾਬਾਦ ਤੋਂ ਹੀ ਹਨ। ਇਸ ਦੇ ਨਾਲ ਹੀ ਹੈਦਰਾਬਾਦ ਦੇ ਕਈ ਪ੍ਰਭਾਵਸ਼ਾਲੀ, ਪ੍ਰਸਿੱਧ ਅਤੇ ਤਾਕਤਵਾਰ ਲੋਕਾਂ-ਪਰਿਵਾਰਾਂ ਨਾਲ ਉਨ੍ਹਾਂ ਦੇ ਵਧੀਆ ਅਤੇ ਤਕੜੇ ਸਬੰਧ ਹਨ।

ਇਸੇ ਕਰ ਕੇ ਉਨ੍ਹਾਂ ਨੂੰ ਲੱਗਾ ਕਿ ਹੈਦਰਾਬਾਦ ਵਿੱਚ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਭਾਵੇਂ ਸਿਆਸੀ ਆਗੂ ਹੋਵੇ ਜਾਂ ਫਿਰ ਅਫ਼ਸਰ, ਉਨ੍ਹਾਂ ਨੂੰ ਮਦਦ ਜ਼ਰੂਰ ਮਿਲੇਗੀ।

ਸ਼੍ਰੀਨਿਵਾਸ ਅਨੁਸਾਰ, ਹੈਦਰਾਬਾਦ ਜੀਵ-ਵਿਗਿਆਨ, ਔਸ਼ਧੀ-ਵਿਗਿਆਨ, ਮੈਡਲੀ ਅਤੇ ਖੇਤੀਬਾੜੀ ਦਾ ਵੱਡਾ ਕੇਂਦਰ ਹੈ। ਅਤੇ ਜੇ ਇਨ੍ਹਾਂ ਨਾਲ ਜੁੜੇ ਸਟਾਰਟ-ਅੱਪ ਅਤੇ ਉੱਦਮੀ 'ਟੀ-ਹੱਬ' ਨਾਲ ਕੰਮ ਕਰਨਗੇ, ਤਾਂ ਉਨ੍ਹਾਂ ਨੂੰ ਵੀ ਬਹੁਤ ਮਦਦ ਮਿਲੇਗੀ ਅਤੇ ਖੋਜ-ਕਾਰੋਬਾਰ ਨਾਲ ਜੁੜੀਆਂ ਸਾਰੀਆਂ ਸਬੰਧਤ ਧਿਰਾਂ ਨੂੰ ਲਾਭ ਪੁੱਜੇਗਾ।

ਅਮਰੀਕਾ ਅਤੇ ਇੰਗਲੈਂਡ ਵਿੱਚ ਆਪਣੀ ਪੜ੍ਹਾਈ ਅਤੇ ਕੰਮਕਾਜ ਦੇ ਤਜਰਬੇ ਦਾ ਨਿਚੋੜ ਸਾਂਝਾ ਕਰਦਿਆਂ ਸ਼੍ਰੀਨਿਵਾਸ ਨੇ ਦੱਸਿਆ ਕਿ ਕਈ ਦੇਸ਼ਾਂ ਨੇ 'ਸਿਲੀਕੌਨ ਵੈਲੀ' ਦੀ ਅੰਨ੍ਹੇਵਾਹ ਨਕਲ ਕੀਤੀ। ਇਹੋ ਕਾਰਣ ਹੈ ਕਿ ਕਈ ਦੇਸ਼ ਲੱਖ ਜਤਨਾਂ ਦੇ ਬਾਵਜੂਦ ਆਪਣੀ ਖ਼ੁਦ ਦੀ 'ਸਿਲੀਕੌਨ ਵੈਲੀ' ਨਹੀਂ ਬਣਾ ਸਕੇ। ਕਈ ਦੇਸ਼ਾਂ ਨੇ ਇਹ ਗ਼ਲਤੀ ਕੀਤੀ ਕਿ ਉਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਅਨੁਸਾਰ ਕੰਮ ਨਹੀਂ ਲਿਆ। ਸਥਾਨਕ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ। ਆਪਣੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਨਹੀਂ ਸਮਝਿਆ। ਉਹ ਇਹ ਨਹੀਂ ਸਮਝ ਸਕੇ ਕਿ ਉਨ੍ਹਾਂ ਲਈ ਸਹੀ ਕੀ ਹੈ ਅਤੇ ਕੀ ਗ਼ਲਤ ਹੈ।

ਸ਼੍ਰੀਨਿਵਾਸ ਨੇ ਅੱਗੇ ਦੱਸਿਆ ਕਿ ਹੈਦਰਾਬਾਦ ਉਹੀ ਕੰਮ ਹੋਵੇਗਾ, ਜੋ ਉਸ ਲਈ ਸਹੀ ਅਤੇ ਲੋਕਾਂ ਲਈ ਵਾਜਬ ਹੋਵੇਗਾ। ਹੈਦਰਾਬਾਦ ਸਾਹਮਣੇ ਮੌਜੂਦ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀਨਿਵਾਸ ਨੇ ਕਿਹਾ ਕਿ ਤਿੰਨ-ਚਾਰ ਸਾਲ ਪਹਿਲਾਂ ਮਾਹੌਲ ਬਿਲਕੁਲ ਵੱਖਰਾ ਸੀ। ਹਰ ਕੋਈ ਬੈਂਗਲੁਰੂ ਦੀ ਗੱਲ ਕਰਦਾ ਸੀ। ਸਿਆਸੀ ਆਗੂ ਹੋਣ, ਅਫ਼ਸਰ ਹੋਣ ਜਾਂ ਫਿਰ ਪੱਤਰਕਾਰ ਵੀ, ਜ਼ਿਆਦਾਤਰ ਲੋਕਾਂ ਨੂੰ ਸਟਾਰਟ-ਅੱਪ ਬਾਰੇ ਸਹੀ ਜਾਣਕਾਰੀ ਨਹੀਂ ਸੀ। ਹਰ ਕੋਈ ਉੱਦਮੀ ਬੈਂਗਲੁਰੂ ਚਲਾ ਜਾਂਦਾ ਸੀ। ਪਰ ਮੈਂ ਆਪਣੇ ਕੁੱਝ ਸਾਥੀਆਂ ਨਾਲ ਹੈਦਰਾਬਾਦ ਵਿੱਚ ਮਾਹੌਲ ਬਦਲਣ ਦਾ ਜਤਨ ਸ਼ੁਰੂ ਕੀਤਾ। ਹੌਲੀ-ਹੌਲੀ ਹੀ ਸਹੀ, ਪਰ ਸੁਧਾਰ ਹੋਇਆ। ਜਤਨ ਰੰਗ ਲਿਆਉਣ ਲੱਗੇ। ਇਨ੍ਹਾਂ ਜਤਨਾਂ ਨੂੰ ਸਾਕਾਰ ਰੂਪ ਦੇਣ ਵਿੱਚ ਆਈ.ਆਈ.ਟੀ. - ਹੈਦਰਾਬਾਦ ਦੀ ਵੱਡੀ ਭੂਮਿਕਾ ਰਹੀ। ਦਿਲਚਸਪਲ ਗੱਲ ਇਹ ਰਹੀ ਕਿ ਜਦੋਂ 2014 'ਚ ਤੇਲੰਗਾਨਾ ਸੂਬਾ ਬਣਿਆ ਅਤੇ ਇੱਥੇ ਨਵੀਆਂ ਸਰਕਾਰਾਂ ਬਣੀਆਂ ਤਦ ਤਬਦੀਲੀ ਤੇਜ਼ੀ ਨਾਲ ਹੋਣ ਲੱਗੀ। ਨਵੀਂ ਸਰਕਾਰ ਵਿੱਚ ਆਈ.ਟੀ. ਮੰਤਰੀ ਕੇ. ਤਾਰਕ ਰਾਮਾ ਰਾਓ ਦੀ ਸਰਗਰਮੀ, ਲਗਨ ਅਤੇ ਮਿਹਨਤ ਕਾਰਣ ਇੱਕ ਵਧੀਆ ਨੀਤੀ ਬਣੀ। ਇਸੇ ਨੀਤੀ ਕਾਰਣ ਟੀ-ਹੱਬ ਨੂੰ ਸਾਕਾਰ ਰੂਪ ਮਿਲਿਆ। ਸਰਕਾਰ ਨੇ ਹੈਦਰਾਬਾਦ ਵਿੱਚ ਸਿਰਫ਼ ਆਈ.ਆਈ.ਟੀ. ਲਈ ਹੀ ਨਹੀਂ, ਸਗੋਂ ਸਟਾਰਟ-ਅੱਪ ਅਤੇ ਉੱਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਹਰ ਸੰਭਵ ਮਦਦ ਕੀਤੀ।

ਆਮ ਤੌਰ ਉੱਤੇ ਇਹੋ ਸਮਝਿਆ ਜਾਂਦਾ ਹੈ ਕਿ ਸਰਕਾਰ ਦਾ ਜਿੰਨਾ ਘੱਟ ਦਖ਼ਲ ਹੋਵੇ, ਲੋਕਾਂ ਨੂੰ ਓਨਾ ਫ਼ਾਇਦਾ ਮਿਲਦਾ ਹੈ। ਖ਼ਾਸ ਤੌਰ ਉੱਤੇ ਆਈ.ਟੀ. ਅਤੇ ਉੱਦਮਤਾ ਦੇ ਖੇਤਰ ਵਿੱਚ। ਪਰ, ਤੇਲੰਗਾਨਾ ਵਿੱਚ ਗੱਲ ਕੁੱਝ ਹੋਰ ਹੈ। ਇੱਥੋਂ ਦੇ ਆਈ.ਟੀ. ਮੰਤਰੀ ਤਾਰਕ ਰਾਮਾ ਰਾਓ ਦੀ ਸੂਝਬੂਝ ਅਤੇ ਯੋਗਤਾ ਕਾਰਣ ਸਟਾਰਟ-ਅੱਪ ਅਤੇ ਉੱਦਮੀਆਂ ਨੂੰ ਹਰ ਸੰਭਵ ਮਦਦ ਮਿਲ ਰਹੀ ਹੈ। ਇਹ ਜਾਣ 'ਤੇ ਕਿ ਉਨ੍ਹਾਂ ਆਖ਼ਰ ਕਾਰਪੋਰੇਟ ਦੀ ਦੁਨੀਆ ਅਤੇ ਆਪਣੇ ਖ਼ੁਦ ਦੇ ਕਾਰੋਬਾਰ ਤੋਂ ਨਾਤਾ ਤੋੜ ਕੇ ਆਖ਼ਰ ਸਟਾਰਟ-ਅੱਪ ਨਾਲ ਸਬੰਧ ਕਿਉਂ ਜੋੜਿਆ; ਦੇ ਜਵਾਬ ਵਿੱਚ ਸ਼੍ਰੀਨਿਵਾਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਖ਼ੂਨ ਵਿੱਚ ਉੱਦਮਤਾ ਸਦਾ ਰਹੀ ਹੈ।

ਸ਼ੀਨਿਵਾਸ ਨੇ ਦੱਸਆ ਕਿ ਆਪਣੇ ਨਾਨਾ ਡਾ. ਸੀ.ਐਲ. ਰਾਯੁਡੂ ਤੋਂ ਬਹੁਤ ਪ੍ਰਭਾਵਿਤ ਰਹੇ। ਡਾ. ਸੀ.ਐਲ. ਰਾਯੁਡੂ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਖੱਬੇ-ਪੱਖੀ ਆਗੂ ਸਨ। ਅਣਵੰਡੇ ਆਂਧਰਾ ਪ੍ਰਦੇਸ਼ ਦੀ ਵਪਾਰਕ ਰਾਜਧਾਨੀ ਵਿਜੇਵਾੜਾ ਅਤੇ ਉਸ ਲਾਗਲੇ ਗੰਨਵਰਮ ਦੇ ਵਿਕਾਸ ਵਿੱਚ ਡਾ. ਰਾਯੁਡੂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਲੋਕਾਂ ਦੀ ਭਲਾਈ ਲਈ ਉਨ੍ਹਾਂ ਕਈ ਪ੍ਰੋਗਰਾਮ ਕੀਤੇ। ਕਈ ਸਕੂਲ ਖੁਲ੍ਹਵਾਏ। ਇਹ ਸਭ ਉਨ੍ਹਾਂ ਨੇ ਨਿਸ਼ਕਾਮ ਭਾਵਨਾ ਨਾਲ ਕੀਤਾ। ਉਨ੍ਹਾਂ ਕਦੇ ਵੀ ਧਨ-ਦੌਲਤ ਬਾਰੇ ਨਹੀਂ ਸੋਚਿਆ। ਤੁਸੀਂ ਸਮਾਜ ਨੂੰ ਕੀ ਦੇ ਸਕਦੇ ਹੋ? ਕਿਸ ਤਰ੍ਹਾਂ ਸਮਾਜ ਵਿੱਚ ਵਧੀਆ ਤਬਦੀਲੀ ਲਿਆ ਸਕਦੇ ਹੋ? ਸਮਾਜ ਉੱਤੇ ਕਿਵੇਂ ਆਪਣੀ ਵਧੀਆ ਛਾਪ ਛੱਡ ਸਕਦੇ ਹੋ? ਇਹੋ ਸੋਚਿਆ ਅਤੇ ਇਵੇਂ ਹੀ ਕੀਤਾ।

image


ਸ਼੍ਰੀਨਿਵਾਸ ਦਸਦੇ ਹਨ,'ਮੇਰੇ ਨਾਨਾ ਜੀ ਨੇ ਮੇਰੇ ਉੱਤੇ ਬਹੁਤ ਵੱਡੀ ਛਾਪ ਛੱਡੀ ਹੈ। ਉਨ੍ਹਾਂ ਨੇ ਸਮਾਜ ਸੇਵਾ ਕੀਤੀ। ਹਾਂ-ਪੱਖੀ ਤਬਦੀਲੀ ਲਿਆਉਣ ਦਾ ਜਤਨ ਕੀਤਾ। ਉਹ ਧਨ-ਦੌਲਤ ਦੇ ਪਿੱਛੇ ਨਹੀਂ ਨੱਸੇ। ਸਰਕਾਰਾਂ ਦੇ ਦਿੱਤੇ ਪੁਰਸਕਾਰ ਨਹੀਂ ਲਏ।'

ਸ਼੍ਰੀਨਿਵਾਸ ਕਹਿੰਦੇ ਹਨ,''ਮੈਂ ਵੀ ਸਮਾਜ ਨੂੰ ਕੁੱਝ ਵਧੀਆ ਅਤੇ ਚੰਗਾ ਦੇਣਾ ਚਾਹੁੰਦਾ ਹਾਂ। ਸਮਾਜ ਅਤੇ ਦੁਨੀਆ ਨੂੰ ਆਪਣੇ ਵਧੀਆ ਕੰਮਾਂ ਨਾਲ ਪ੍ਰਭਾਵਿਤ ਕਰਨਾ ਚਾਹੁੰਦਾ ਹਾਂ। ਆਪਣੀ ਡੂੰਘੀ ਛਾਪ ਛੱਡਣੀ ਚਾਹੁੰਦਾ ਹਾਂ। ਮੇਰੇ ਜੀਵਨ ਦਾ ਇਹੋ ਮਕਸਦ ਹੈ; ਸਮਾਜ ਨੂੰ ਕੁੱਝ ਅਜਿਹਾ ਦੇਵਾਂ ਕਿ ਜਿਸ ਨਾਲ ਉਸ ਨੂੰ ਲਾਭ ਪੁੱਜੇ।''

ਨੈਤਿਕਤਾ ਅਤੇ ਸਿਧਾਂਤਾਂ ਦੇ ਮਾਮਲੇ ਵਿੱਚ ਵੀ ਸ਼੍ਰੀਨਿਵਾਸ ਕਾਫ਼ੀ ਸਖ਼ਤ ਹਨ। ਉਹ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕਰਦੇ। ਇਸ ਮਾਮਲੇ ਵਿੱਚ ਉਨ੍ਹਾਂ ਦੇ ਮਾਮਾ ਡਾ. ਬਸੰਤ ਕੁਮਾਰ ਦਾ ਉਨ੍ਹਾਂ ਉੱਤੇ ਕਾਫ਼ੀ ਅਸਰ ਵਿਖਾਈ ਦਿੰਦਾ ਹੈ। ਡਾ. ਬਸੰਤ ਕੁਮਾਰ ਆਂਧਰਾ ਪ੍ਰਦੇਸ਼ ਦੇ ਵੱਡੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤੀ ਡਾ. ਵਾਈ. ਐਸ਼ ਰਾਜਸ਼ੇਖ਼ਰ ਰੈਡੀ ਦੇ ਸਹਿਪਾਠੀ ਅਤੇ ਚੰਗੇ ਦੋਸਤ ਸਨ। ਰਾਜਸ਼ੇਖਰ ਰੈਡੀ ਜਦੋਂ ਮੁੱਖ ਮੰਤਰੀ ਸਨ, ਤਦ ਉਨ੍ਹਾਂ ਕਈ ਵਾਰ ਸ਼੍ਰੀਨਿਵਾਸ ਦੇ ਮਾਮਾ ਡਾ. ਬਸੰਤ ਕੁਮਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਭਰੋਸਾ ਵੀ ਦਿੱਤਾ ਕਿ ਜੇ ਉਹ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਵੱਡੇ ਅਹੁਦੇ ਉੱਤੇ ਵੀ ਨਿਯੁਕਤ ਕੀਤਾ ਜਾਵੇਗਾ। ਕਿਉਂਕਿ ਬਸੰਤ ਕੁਮਾਰ ਪਹਿਲਾਂ ਤੋਂ ਹੀ ਦੂਜੀ ਪਾਰਟੀ ਵਿੱਚ ਸਨ, ਉਨ੍ਹਾਂ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਹਰ ਹਾਲਤ ਵਿੱਚ ਖ਼ੁਦ ਨੂੰ ਸੱਤਾ ਦੇ ਲਾਲਚ ਤੋਂ ਦੂਰ ਰੱਖਿਆ।

ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਸ਼੍ਰੀਨਿਵਾਸ ਦਾ ਬਚਪਨ ਯੂ.ਕੇ. ਵਿੱਚ ਬੀਤਿਆ। ਉੱਥੇ ਹੀ ਉਨ੍ਹਾਂ ਦੀ ਸਕੂਲੀ ਸਿੱਖਿਆ ਵੀ ਹੋਈ। ਪਿਤਾ ਜੀ ਪ੍ਰਸਿੱਧ ਡਾਕਟਰ ਸਨ, ਜੋ ਅੱਗੇ ਚੱਲ ਕੇ ਕਾਰੋਬਾਰੀ ਵੀ ਬਣੇ। ਪਿਤਾ ਦੇ ਕਾਰੋਬਾਰ 'ਚ ਸ਼੍ਰੀਨਿਵਾਸ ਨੇ ਕਾਫ਼ੀ ਸਮੇਂ ਤੱਕ ਸਾਥ ਦਿੱਤਾ। ਜਵਾਨੀ ਵਿੱਚ ਸ਼੍ਰੀਨਿਵਾਸ ਨੂੰ ਕਾਲਜ ਦੀ ਪੜ੍ਹਾਈ ਲਈ ਵਿਜੇਵਾੜਾ ਭੇਜ ਦਿੱਤਾ ਗਿਆ। ਇੰਗਲੈਂਡ ਵਿੱਚ ਪਲ਼ੇ ਤੇ ਵੱਡੇ ਹੋਏ ਸ਼੍ਰੀਨਿਵਾਸ ਨੂੰ ਵਿਜੇਵਾੜਾ ਸ਼ਹਿਰ ਇੱਕ ਬਹੁਤ ਅਜੀਬ ਜਗ੍ਹਾ ਲੱਗੀ। ਇੰਗਲੈਂਡ ਅਤੇ ਭਾਰਤ ਦਾ ਸਭਿਆਚਾਰ, ਲੋਕਾਂ ਦੀ ਰਹਿਣੀ-ਬਹਿਣੀ, ਖਾਣ-ਪੀਣ ਵਿੱਚ ਬਹੁਤ ਫ਼ਰਕ ਹੈ। ਮੌਸਮ ਵੀ ਕਾਫ਼ੀ ਵੱਖ ਹਨ। ਸ਼੍ਰੀਨਿਵਾਸ ਨੂੰ ਐਡਜਸਟ ਹੋਣ ਵਿੱਚ ਕੁੱਝ ਸਮਾਂ ਲੱਗਾ।

ਪਰ ਸ਼੍ਰੀਨਿਵਾਸ ਨੂੰ ਭਾਰਤ ਵਿੱਚ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ। ਭਾਰਤ ਦਾ ਸਭਿਆਚਾਰ, ਕਲਾ, ਲੋਕਾਂ, ਉਨ੍ਹਾਂ ਦੀ ਤਾਕਤ ਤੇ ਸਮੱਸਿਆਵਾਂ ਨੂੰ ਸਮਝਣ ਦਾ ਮੌਕਾ ਮਿਲਿਆ। ਆਪਣੇ ਨਾਨਾ ਅਤੇ ਮਾਮਾ ਦੇ ਨਾਲ ਰਹਿਣ ਅਤੇ ਸਮਾਜ ਨੂੰ ਬਦਲਣ ਦੇ ਉਨ੍ਹਾਂ ਦੇ ਜਤਨਾਂ ਤੋਂ ਸਿੱਖਣ ਨੂੰ ਬਹੁਤ ਕੁੱਝ ਮਿਲਿਆ।

ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸ਼੍ਰੀਨਿਵਾਸ ਨੇ ਓਮੇਗਾ ਇਮਿਯੂਨੋਟੈਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸਥਾਪਨਾ ਕੀਤੀ। ਇਹ ਕੰਪਨੀ ਯੂ.ਕੇ. ਤੋਂ ਡਾਇਓਗਨੌਸਟਿਕ ਐਨਜ਼ਾਈਮ ਦਰਾਮਦ ਕਰਦੀ ਸੀ। ਕੁੱਝ ਸਾਲਾਂ ਬਾਅਦ ਸ਼੍ਰੀਨਿਵਾਸ ਦੀ ਇਸ ਕੰਪਨੀ ਨੂੰ ਇੱਕ ਵੱਡੀ ਫ਼ਾਰਮਾ ਕੰਪਨੀ ਨੇ ਟੇਕ-ਓਵਰ ਕਰ ਲਿਆ।

ਇਸ ਦੇ ਟੇਕ-ਓਵਰ ਤੋਂ ਬਾਅਦ ਸ਼੍ਰੀਨਿਵਾਸ ਨੇ ਵੱਡੇ-ਵੱਡੇ ਕਾਰਪੋਰੇਟ ਸੰਸਥਾਨਾਂ ਨੇ ਵੱਖ-ਵੱਖਰੇ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ। ਸ਼੍ਰੀਨਿਵਾਸ ਨੇ ਟ੍ਰਾਂਸਜੀਨ ਬਾਇਓਟੈਕ ਲਿਮਟਿਡ, ਕੰਪੂਲਰਨਟੈਕ ਪ੍ਰਾਈਵੇਟ ਲਿਮਿਟੇਡ, ਕੇ.ਐਫ਼. ਆਈ. ਕਾਰਪੋਰੇਸ਼ਲ, ਆਸਪੈਕਟ ਸਾੱਫ਼ਟਵੇਅਰ, ਪੀਪਲਜ਼ਸਾੱਫ਼ਟ ਜਿਹੀਆਂ ਪ੍ਰਸਿੱਧ ਕੰਪਨੀਆਂ ਵਿੱਚ ਵੱਡੇ ਅਹੁਦਿਆਂ ਉੱਤੇ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ।

ਪਰ 2007 'ਚ ਉਨ੍ਹਾਂ ਮਨ ਵਿੱਚ ਧਾਰ ਲਿਆ ਕਿ ਉਹ ਹੁਣ ਆਜ਼ਾਦਾਨਾ ਤੌਰ ਉੱਤੇ ਕੰਮ ਕਰਨਗੇ ਅਤੇ ਸਟਾਰਟ-ਅੱਪ ਦੀ ਦੁਨੀਆ ਨੂੰ ਆਪਣਾ ਸਭ ਕੁੱਝ ਸਮਰਪਿਤ ਕਰ ਦੇਣਗੇ।

ਇਸ ਤੋਂ ਬਾਅਦ ਫਿਰ ਉਨ੍ਹਾਂ ਬੱਸ ਅੱਗੇ ਹੀ ਅੱਗੇ ਕਦਮ ਵਧਾਏ। 'ਸਟਾਰਟ-ਅੱਪ ਮੈਂਟੋਰ' ਦੇ ਤੌਰ ਉੱਤੇ ਦੁਨੀਆ ਭਰ ਵਿੱਚ ਬਹੁਤ ਨਾਮ ਕਮਾਇਆ ਅਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ।

ਸ਼੍ਰੀਨਿਵਾਸ ਅੱਜ ਸਟਾਰਟ-ਅੱਪ ਦੀ ਦੁਨੀਆ ਦੀ ਬਹੁਤ ਵੱਡੀ ਅਤੇ ਵਿਲੱਖਣ ਸ਼ਖ਼ਸੀਅਤ ਹਨ। ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਅਤੇ ਆਪਣਾ ਵੱਖਰਾ ਮੁਕਾਮ ਹੈ।

ਸ਼੍ਰੀਨਿਵਾਸ ਦਾ ਕਹਿਣਾ ਹੈ ਕਿ 'ਟੀ-ਹੱਬ' ਦੀ ਸਥਾਪਨਾ ਹੀ ਉਨ੍ਹਾਂ ਦੇ ਜੀਵਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਕਾਮਯਾਬੀ ਹੈ। 'ਟੀ-ਹੱਬ' ਨੇ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਖ਼ੁਸ਼ੀ ਦਿੱਤੀ ਹੈ। ਭਾਵੁਕ, ਪਰ ਵਿਸ਼ਵਾਸ ਨਾਲ ਭਰਪੂਰ ਆਵਾਜ਼ ਵਿੱਚ ਉਨ੍ਹਾਂ ਕਿਹਾ,''ਜਦੋਂ ਦੁਨੀਆ ਦੇ ਕੋਣੇ-ਕੋਣੇ ਵਿੱਚ ਲੋਕ 'ਟੀ-ਹੱਬ' ਨੂੰ ਸਟਾਰਟ-ਅੱਪ ਦਾ ਸਭ ਤੋਂ ਵਧੀਆ ਕੇਂਦਰ ਮੰਨਣਗੇ ਅਤੇ 'ਟੀ-ਹੱਬ' ਨਾਲ ਲਿਖੀਆਂ ਗਈਆਂ ਕਾਮਯਾਬੀ ਦੀਆਂ ਕਹਾਣੀਆਂ ਦੀ ਚਰਚਾ ਦੁਨੀਆ ਭਰ ਵਿੱਚ ਹੋਵੇਗੀ, ਤਦ ਮੇਰਾ ਸੁਫ਼ਨਾ ਸਾਕਾਰ ਹੋਵੇਗਾ। ਤਦ ਮੈਂ ਮਾਣ ਨਾਲ ਆਖਾਂਗਾ ਕਿ ਹਾਂ ਮੈਂ ਉਹ ਹਾਸਲ ਕੀਤਾ, ਜੋ ਮੈਂ ਕਰਨਾ ਚਾਹੁੰਦਾ ਸਾਂ।''

ਸ਼੍ਰੀਨਿਵਾਸ ਨੇ ਇਸ ਲੰਮੀ ਗੱਲਬਾਤ ਦੌਰਾਨ ਆਪਣੇ ਜੀਵਨ ਦੇ ਔਖੇ ਦੌਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ,''ਮੈਂ ਆਪਣੇ ਜੀਵਨ ਵਿੱਚ ਕਈ ਉਤਾਰ-ਚੜ੍ਹਾਅ ਵੇਖੇ ਹਨ। ਹਰ ਵਾਰ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਹੈ। ਸਭ ਤੋਂ ਔਖਾ ਦੌਰ ਉਹ ਸੀ, ਜਦੋਂ ਮੇਰੇ ਪਿਤਾ ਜੀ ਦੀ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ ਸੀ। ਇੱਕ ਤਰ੍ਹਾਂ ਦੀਵਾਲ਼ਾ ਹੀ ਨਿੱਕਲ਼ ਗਿਆ ਸੀ। ਕਰਜ਼ਾ ਦੇਣ ਵਾਲੇ ਸਾਡੇ ਪਿੱਛੇ ਪੈ ਗਏ ਸਨ। ਬਹੁਤ ਮਾੜੇ ਦਿਨ ਸਨ। ਮੇਰੇ ਲਈ ਸਭ ਤੋਂ ਦੁੱਖ ਅਤੇ ਦਰਦ ਦੇਣ ਵਾਲੀ ਗੱਲ ਇਹ ਸੀ ਕਿ ਜਿਹੜੇ ਮੇਰੇ ਦੋਸਤ ਸਨ, ਉਹ ਅਚਾਨਕ ਗ਼ਾਇਬ ਹੋ ਗਏ। ਔਖੇ ਹਾਲਾਤ ਵਿੱਚ ਉਹ ਸਾਥ ਦੇਣ ਲਈ ਨਹੀਂ ਆਏ। ਜੋ ਦੋਸਤ ਖ਼ੁਸ਼ੀ ਦੇ ਛਿਣਾਂ ਵਿੱਚ ਮੇਰੇ ਨਾਲ ਪਾਰਟੀ ਕਰਦੇ ਸਨ, ਉਹ ਮਾੜੇ ਦਿਨਾਂ ਵਿੱਚ ਅਣਜਾਣ ਬਣ ਗਏ; ਪਰ ਕੁੱਝ ਲੋਕ ਮਦਦ ਲਈ ਅਚਾਨਕ ਅੱਗੇ ਵੀ ਆਏ। ਪਤਾ ਨਹੀਂ ਉਹ ਕਿੱਥੋਂ ਆਏ ਅਤੇ ਸਾਡੀ ਮਦਦ ਕੀਤੀ। ਇਨ੍ਹਾਂ ਲੋਕਾਂ ਨੇ ਸਾਨੂੰ ਕਿਹਾ ਕਿ ਜੋ ਵਧੀਆ ਕੰਮ ਤੁਸੀਂ ਲੋਕਾਂ ਨੇ ਕੀਤੇ ਹਨ, ਉਸ ਨੂੰ ਵੇਖ ਕੇ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ ਅਤੇ ਇਹੋ ਕਾਰਣ ਹੈ ਕਿ ਇਸੇ ਮੌਕੇ ਉੱਤੇ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖ਼ੁਸ਼ ਹੋਇਆ। ਅਹਿਸਾਸ ਹੋਇਆ ਕਿ ਵਧੀਆ ਕੰਮਾਂ ਦਾ ਨਤੀਜਾ ਵਧੀਆ ਹੀ ਹੁੰਦਾ ਹੈ। ਔਕੜਾਂ ਭਰੇ ਉਨ੍ਹਾਂ ਦਿਨਾਂ ਵਿੱਚ ਮੈਂ ਸਮਝ ਲਿਆ ਕਿ ਜੀਵਨ ਵਿੱਚ ਵਧੀਆ ਲੋਕਾਂ ਨੂੰ ਲੱਭਣਾ ਜ਼ਰੂਰੀ ਹੈ ਅਤੇ ਇਸ ਤੋਂ ਵੀ ਜ਼ਰੂਰੀ ਹੈ; ਇਨ੍ਹਾਂ ਵਧੀਆ ਲੋਕਾਂ ਦੀ ਹਰ ਸੰਭਵ ਮਦਦ ਕਰਨਾ। ਕਿਉਂਕਿ ਵਧੀਆ ਲੋਕ ਹੀ ਚੰਗੇ ਕੰਮ ਕਰਦੇ ਹਨ ਅਤੇ ਹਰ ਸਮੇਂ ਤੁਹਾਡੇ ਕੰਮ ਆਉਂਦੇ ਹਨ।''

ਉੱਦਮੀਆਂ ਨਾਲ ਕਾਮਯਾਬੀ ਦੀਆਂ ਨਵੀਆਂ-ਨਵੀਆਂ ਕਹਾਣੀਆਂ ਲਿਖਵਾ ਰਹੇ ਸ਼੍ਰੀਨਿਵਾਸ ਨੇ ਕਿਹਾ ਕਿ ਕਾਰਪੋਰੇਟ ਦੀ ਚਕਾਚੌਂਧ ਵਾਲੀ ਦੁਨੀਆ ਨੂੰ ਛੱਡ ਕੇ ਸਟਾਰਟ-ਅੱਪ ਦੀ ਦੁਨੀਆ ਨੂੰ ਆਪਣਾ ਬਣਾਉਣ ਪਿੱਛੇ ਤਿੰਨ ਮੰਤਵ ਹਨ; ਪਹਿਲਾ - ਦੁਨੀਆ ਭਰ ਦੇ ਲੋਕਾਂ ਦੀ ਭਲਾਈ ਲਈ ਅਜਿਹਾ ਕੰਮ ਕਰੋ ਜੋ ਹਰੇਕ ਦੇ ਜੀਵਨ ਵਿੱਚ ਤੁਹਾਡੀ ਡੂੰਘੀ ਛਾਪ ਛੱਡੇ, ਦੂਜਾ - ਉਹੀ ਕੰਮ ਕਰੋ ਜਿਸ ਵਿੱਚ ਤੁਹਾਨੂੰ ਮਜ਼ਾ ਆਵੇ। ਜਿਸ ਨੂੰ ਕਰਨਾ ਤੁਸੀਂ ਪਸੰਦ ਕਰਦੇ ਹੋ। ਕੋਈ ਅਜਿਹਾ ਕੰਮ ਨਾ ਕਰੋ, ਜਿਸ ਵਿੱਚ ਤੁਹਾਡਾ ਮਨ ਹੀ ਨਾ ਲੱਗੇ, ਤੀਜਾ - ਆਪਣੇ ਪਰਿਵਾਰ ਦੀ ਸਮਾਜ-ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ।

ਲੇਖਕ: ਅਰਵਿੰਦ ਯਾਦਵ 

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags