ਸੰਸਕਰਣ
Punjabi

ਹੁਨਰ ਨੂੰ 'ਦਾ ਟੈਪ' ਕੀਤਾ ਅਤੇ ਕੁੱਝ ਲਕੀਰਾਂ ਵਿੱਚ ਧੜਕਣ ਲੱਗੀ ਸਿਰਜਣਾਤਮਕਤਾ

8th Dec 2015
Add to
Shares
0
Comments
Share This
Add to
Shares
0
Comments
Share

'ਮੈਨੂੰ ਲਗਦਾ ਹੈ ਕਿ ਮੈਂ ਇਸ ਲਈ ਕਿਸਮਤ ਵਾਲੀ ਹਾਂ ਕਿਉਂਕਿ ਬਚਪਨ ਤੋਂ ਹੀ ਮੇਰੇ ਦਿਮਾਗ਼ ਵਿੱਚ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਕਰਨ ਤੋਂ ਮੈਨੂੰ ਕਦੇ ਰੋਕਿਆ ਨਹੀਂ ਗਿਆ। ਮੇਰਾ ਟੀਚਾ ਸਮੇਂ ਦੇ ਨਾਲ-ਨਾਲ ਅਕਸਰ ਬਦਲਦਾ ਰਹਿੰਦਾ ਸੀ - ਕਦੇ ਮੈਂ ਚਿੜੀਆਘਰ ਦੀ ਰਾਖੀ ਕਰਨੀ ਹੁੰਦੀ ਸੀ ਤੇ ਕਦੇ ਮੈਂ ਘਰ 'ਚ ਕਾਗਜ਼ ਰੀਸਾਈਕਲ ਕਰਨ ਲਗਦੀ ਸਾਂ। ਮੈਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਅਜਿਹਾ ਕਰਨ ਲਈ ਮੈਨੂੰ ਜੋ ਪ੍ਰੇਰਣਾ ਮਿਲੀ, ਉਸ ਤੋਂ ਮੈਨੂੰ ਕਈ ਦਿਲਚਸਪ ਤਜਰਬੇ ਹੋਏ। ਮੈਨੂੰ ਇਸ ਕਰ ਕੇ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਇਸੇ ਲਈ ਮੇਰੇ ਕਈ ਮਜ਼ੇਦਾਰ ਅਨੁਭਵ ਮਿਲੇ।' ਇਹ ਕਹਿਣਾ ਹੈ 'ਦਾ ਟੈਪ' ਦੇ ਬਾਨੀ ਰਾਮਿਆ ਸ਼੍ਰੀਰਾਮ ਦਾ। ਉਨ੍ਹਾਂ ਦੇ ਸ਼ਬਦਾਂ ਵਿੱਚ ਟੈਪ,''ਮੇਰੇ ਫ਼ਿਤੂਰ ਭਰੇ ਦਿਮਾਗ਼ ਅਤੇ ਸੋਚ ਨਾਲ ਭਰੀ ਕਲਮ 'ਚੋਂ ਨਿੱਕਲ਼ੀਆਂ ਕਹਾਣੀਆਂ ਦਾ ਘਰ ਹੈ।''

image


'ਦਾ ਟੈਪ' ਵਿੱਚ ਜੀਵਨ ਨੂੰ ਕਾੱਮਿਕਸ ਰਾਹੀਂ ਦਰਸਾਇਆ ਜਾਂਦਾ ਹੈ। ਇਸ ਵਿੱਚ ਰਾਮਿਆ ਆਪਣੀ ਕਲਪਨਾ ਦੇ ਘੋੜੇ ਦੌੜਾ ਕੇ ਅਜਿਹੀਆਂ ਵਿਜ਼ੂਅਲ ਕਹਾਣੀਆਂ ਬਣਾਉਂਦੇ ਹਨ ਕਿ ਕਿਤੇ ਭਾਸ਼ਾ ਨਾਲ ਜੁੜੀਆਂ ਸਾਰੀਆਂ ਰੁਕਾਵਟਾਂ ਦੀ ਕੋਈ ਉਚਿਤਤਾ ਹੀ ਨਹੀਂ ਰਹਿੰਦੀ।

ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਉਹ ਕਾੱਮਿਕਸ ਬਣਾਉਣ ਲੱਗਣਗੇ। ਇੱਕ ਲੈਪਟਾੱਪ ਟੱਚਪੈਡ ਰਾਹੀਂ ਆਪਣੇ ਦੋਸਤਾਂ ਦੇ ਚਿੱਤਰ ਬਣਾ ਕੇ ਫ਼ੇਸਬੁੱਕ ਉਤੇ ਪੋਸਟ ਕਰਨ ਦੀ ਖੇਡ ਤੋਂ ਇਸ ਦੀ ਸ਼ੁਰੂਆਤ ਹੋਈ ਸੀ। ਇੱਕ ਦੋਸਤ ਨੇ ਉਨ੍ਹਾਂ ਦੇ ਇਸ ਹੁਨਰ ਨੂੰ ਵੇਖ ਕੇ ਆਪਣੀ ਮੈਗਜ਼ੀਨ ਲਈ ਕਾੱਮਿਕ ਸਟ੍ਰਿੱਪ (ਪੱਟੀ) ਬਣਾਉਣ ਦਾ ਪ੍ਰਸਤਾਵ ਦੇ ਦਿੱਤਾ। ਰਾਮਿਆ ਨੇ ਦੱਸਿਆ,''ਜਦੋਂ ਮੈਨੂੰ ਪਹਿਲੀ ਕਸਟਮ ਕਾੱਮਿਕ ਬਣਾਉਣ ਦਾ ਆਰਡਰ ਮਿਲਿਆ, ਤਦ ਮੈਨੂੰ ਲੱਗਾ ਕਿ ਇਸ ਸ਼ੌਕ ਨੂੰ ਕਿਸੇ ਵੱਡੀ ਚੀਜ਼ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਮੈਂ ਹੋਰ ਵੀ ਮਿਹਨਤ ਅਤੇ ਸਮਾਂ ਦੇ ਕੇ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ। ਵੱਖੋ-ਵੱਖਰੀਆਂ ਕਹਾਣੀਆਂ ਦੱਸਣ ਲਈ ਕਈ ਵੱਖਰੇ ਤਰੀਕਿਆਂ ਅਤੇ ਫ਼ਾਰਮੈਟਸ ਉਤੇ ਕੰਮ ਕੀਤਾ। ਕਿਸੇ ਹੋਰ ਦੇ ਦ੍ਰਿਸ਼ਟੀਕੋਣ ਤੋਂ ਸੋਚਣਾ ਅਤੇ ਆਖ਼ਰ ਚਿੱਤਰਾਂ ਵਿੱਚ ਸਜੀ ਕਹਾਣੀ 'ਚ ਪਿਰੋਣ ਦੀ ਪ੍ਰਕਿਰਿਆ ਵਿੱਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ।''

ਹੈਦਰਾਬਾਦ ਸਥਿਤ ਆਪਣੇ ਸਕੂਲ ਵਿੱਚ ਰਾਮਿਆ ਦਾ ਮਨ ਪੜ੍ਹਾਈ ਖੇਡ ਦੀ ਥਾਂ ਕਲਾ, ਸ਼ਿਲਪ, ਸੰਗੀਤ ਅਤੇ ਨਾਚ ਜਿਹੀਆਂ ਹੋਰ ਗਤੀਵਿਧੀਆਂ ਵਿੱਚ ਵੱਧ ਲਗਦਾ ਸੀ। ਪੀ.ਟੀ. ਕਲਾਸ ਅਤੇ ਪਿਆਨੋ ਕਲਾਸ ਵਿਚੋਂ ਉਹ ਸਦਾ ਪਿਆਨੋ ਹੀ ਚੁਣਦੇ ਸਨ। ਮਨਪਸੰਦ ਕੰਮ ਕਰਨ ਦੀ ਆਜ਼ਾਦੀ ਹੋਣ ਦੇ ਬਾਵਜੂਦ ਸਕੂਲ ਖ਼ਤਮ ਹੋਣ ਤੋਂ ਬਾਅਦ ਤੱਕ ਰਾਮਿਆ ਨੂੰ ਇਹ ਪਤਾ ਨਹੀਂ ਸੀ ਕਿ ਅੱਗੇ ਕੀ ਕਰਨਾ ਹੈ। ਸਕੂਲ ਤੋਂ ਬਾਅਦ ਉਨ੍ਹਾਂ ਵੇਲੂਰ ਦੇ ਇੰਸਟੀਚਿਊਟ ਆੱਫ਼ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਮੁਕੰਮਲ ਕੀਤੀ।

ਗਰੈਜੂਏਸ਼ਨ ਤੋਂ ਬਾਅਦ ਵੀ ਅਗਲੇਰੀ ਜ਼ਿੰਦਗੀ ਦਾ ਰਾਹ ਕੁੱਝ ਸਪੱਸ਼ਟ ਨਹੀਂ ਸੀ। ਉਨ੍ਹਾਂ ਕਈ ਕਾਲਜਾਂ, ਕੰਪਨੀਆਂ ਵਿੱਚ ਅਰਜ਼ੀਆਂ ਦਿੱਤੀਆਂ, ਦਾਖ਼ਲਿਆਂ ਲਈ ਇਮਤਿਹਾਨ ਵੀ ਦਿੱਤੇ। ਆਖ਼ਰ ਉਨ੍ਹਾਂ ਇੱਕ ਪ੍ਰਕਾਸ਼ਨ ਵਿੱਚ ਸੰਪਾਦਕ ਵਜੋਂ ਕੰਮ ਸ਼ੁਰੂ ਕੀਤਾ ਅਤੇ ਪੰਜ ਸਾਲ ਤੱਕ ਉਥੇ ਹੀ ਟਿਕੇ ਰਹੇ।

ਪਬਲਿਸ਼ਿੰਗ ਹਾਊਸ ਵਿੱਚ ਕੰਮ ਕਰ ਕੇ ਰਾਮਿਆ ਨੂੰ ਖ਼ੁਦ ਬਾਰੇ ਕਈ ਗੱਲਾਂ ਸਮਝਣ ਦਾ ਮੌਕਾ ਮਿਲਿਆ: ''ਮੈਂ ਦਫ਼ਤਰ ਵਿੱਚ ਕਈ ਕਿਤਾਬਾਂ ਸੰਪਾਦਤ ਕਰਦੀ; ਅਤੇ ਘਰ ਜਾ ਕੇ ਕਾੱਮਿਕਸ ਬਣਾਉਣ ਲਗਦੀ। ਅਕਾਦਮਿਕ ਕਿਤਾਬਾਂ ਦੀਆਂ ਗ਼ਲਤੀਆਂ ਠੀਕ ਕਰਦੀ; ਅਤੇ ਫਿਰ ਘਰ ਜਾ ਕੇ ਆਪਣੇ ਘੁੰਮਣ-ਫਿਰਨ ਨਾਲ ਜੁੜੀਆਂ ਕਹਾਣੀਆਂ ਲਿਖਣ ਲਗਦੀ। ਤਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਦਾ ਚਿੱਤਰਕਾਰੀ ਅਤੇ ਲੇਖਣੀ ਨਾਲ ਜੁੜੀ ਰਹਾਂ ਅਤੇ ਹੁਣ ਇਹੋ ਮੇਰਾ ਟੀਚਾ ਹੈ। ਇਹ ਸਭ ਬੱਸ ਹੁੰਦੇ-ਹੁੰਦੇ ਹੋ ਗਿਆ।''

ਰਾਮਿਆ ਨੇ ਫਿਰ ਆਪਣੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਉਣ ਲਈ 'ਦਾ ਟੈਪ' ਦੀ ਸ਼ੁਰੂਆਤ ਕੀਤੀ।

''ਮੈਂ ਕਈ ਵਾਰ ਕਲਾਇੰਟ ਮੀਟਿੰਗਜ਼ ਵਿੱਚ ਬੈਠੇ-ਬੈਠੇ ਕਾੱਮਿਕਸ ਬਣਾਉਣ ਬਾਰੇ ਸੋਚਦੀ ਰਹਿੰਦੀ ਸਾਂ, ਸੋਚਦੀ ਸਾਂ ਕਿ ਜੇ ਮੈਂ 'ਦਾ ਟੈਪ' ਨੂੰ ਹੋਰ ਵੱਧ ਸਮਾਂ ਦੇ ਸਕਾਂ, ਤਾਂ ਕਿਵੇਂ ਰਹੇਗਾ। ਅਤੇ ਬੱਸ, ਫਿਰ ਮੈਂ ਫ਼ੈਸਲਾ ਕਰ ਲਿਆ।''

ਉਨ੍ਹਾਂ ਆਪਣਾ ਪੂਰਾ ਸਮਾਂ 'ਦਾ ਟੈਪ' ਨੂੰ ਦੇਣਾ ਸ਼ੁਰੂ ਕੀਤਾ। ਰਾਮਿਆ ਦਾ ਮੰਨਣਾ ਹੈ ਕਿ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦਾ ਭਰਪੂਰ ਸਾਥ ਦਿੱਤਾਾ ਹੈ, ਇਸ ਲਈ ਉਨ੍ਹਾਂ ਨੂੰ 'ਵਨ ਵੋਮੈਨ ਆਰਮੀ' ਕਹਿਣਾ ਠੀਕ ਨਹੀਂ ਹੋਵੇਗਾ। ਰਾਮਿਆ ਖਿੜਖਿੜਾ ਕੇ ਦਸਦੇ ਹਨ ਕਿ ''ਮੇਰੇ ਪਰਿਵਾਰ ਅਤੇ ਦੋਸਤ ਮੇਰੀ ਬਹੁਤ ਮਦਦ ਕਰਦੇ ਹਨ, ਜੋ ਮੇਰੇ ਹੁਨਰ ਦੀ ਮਾਰਕਿਟਿੰਗ ਕਰ ਕੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ, ਐਕਸੈਲ ਸ਼ੀਟਸ ਬਣਾਉਣ ਵਿੱਚ ਮੇਰੀ ਮਦਦ ਕਰਨ, ਜਾਂ ਮੇਰੀ ਚਿੱਤਰਕਾਰੀ ਦੀਆਂ ਚੰਗੀਆਂ-ਮਾੜੀਆਂ ਬਾਰੀਕੀਆਂ ਬਾਰੇ ਮੈਨੂੰ ਦੱਸਣ ਦਾ ਕੰਮ ਕਰਦੇ ਹਨ।''

image


ਇੰਨਾ ਕੁੱਝ ਮਿਲਣ ਤੋਂ ਬਾਅਦ ਵੀ ਰਾਮਿਆ ਨੂੰ ਸਮੇਂ-ਸਮੇਂ 'ਤੇ ਕਾਰੋਬਾਰ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਕਰਨਾ ਹੀ ਪਿਆ। ਰਾਮਿਆ ਅਨੁਸਾਰ,''ਮੈਨੂੰ 'ਨਾਂਹ' ਕਹਿਣੀ ਨਹੀਂ ਆਉਂਦੀ। ਪਹਿਲਾਂ ਮੈਂ ਹਰ ਕੰਮ 'ਹਾਂ' ਕਰ ਦਿੰਦੀ ਸਾਂ। ਕਈ ਵਾਰ ਘੱਟ ਪੈਸਿਆਂ 'ਚ ਵੀ ਕੰਮ ਕਰਨਾ ਪਿਆ, ਜਦ ਕਿ ਮੇਰਾ ਸਮਾਂ ਅਤੇ ਮਿਹਨਤ ਉਸ ਤੋਂ ਕਿਤੇ ਵੱਧ ਹੁੰਦੀ ਸੀ।'' ਪਰ ਬਾਅਦ ਵਿੱਚ ਮੈਂ ਉਨ੍ਹਾਂ ਨੂੰ ਸਮਝਿਆ ਕਿ ਇੰਝ ਕੰਮ ਨਹੀਂ ਚੱਲਣਾ। ''ਜਦੋਂ ਤੁਸੀਂ ਕੋਈ ਕੰਮ ਡੁੱਬ ਕੇ ਕਰਦੇ ਹਾਂ, ਤਾਂ ਤੁਹਾਡੇ ਅੰਦਰ ਉਸ ਨੂੰ ਲੈ ਕੇ ਇੱਕ ਉਤਸ਼ਾਹ ਅਤੇ ਜਨੂੰਨ ਹੁੰਦਾ ਹੈ, ਤੁਸੀਂ ਆਪਣਾ ਸਭ ਕੁੱਝ ਉਸ ਵਿੱਚ ਲਾ ਦਿੰਦੇ ਹੋ। ਅਤੇ ਕੰਮ ਵਿੱਚ ਲੱਗਣ ਵਾਲੇ ਪੈਸੇ ਦੇ ਨਾਲ-ਨਾਲ ਆਪਣੇ ਇਨ੍ਹਾਂ ਹੀ ਜਤਨਾਂ ਦਾ ਹਿਸਾਬ ਰੱਖਣਾ ਵੀ ਜ਼ਰੂਰੀ ਹੁੰਦਾ ਹੈ।''

ਰਾਮਿਆ ਨੂੰ ਕੰਮ ਸੌਂਪਣਾ ਜਾਂ ਵੇਚਣਾ ਨਹੀਂ ਆਉਂਦਾ ਪਰ ਉਹ ਇਸ ਬਾਰੇ ਸਿੱਖ ਰਹੇ ਹਨ। ਰਾਮਿਆ ਨੂੰ ਨੀਤੀ ਅਤੇ ਯੋਜਨਾਵਾਂ ਉਲੀਕਣਾ ਕੋਈ ਬਹੁਤਾ ਪਸੰਦ ਨਹੀਂ ਹੈ। ਇਸ ਲਈ ਹੀ ਕਾਰੋਬਾਰ ਕਰਨ ਅਤੇ ਰਣਨੀਤੀਆਂ ਉਲੀਕਣ ਦੀਆਂ ਬਾਰੀਕੀਆਂ ਸਿੱਖਣ ਲਈ ਉਨ੍ਹਾਂ ਇੱਕ ਕੋਰਸ ਵੀ ਕੀਤਾ। ਮੈਂ ਕਈ ਵਾਰ ਕਲਾਇੰਟ ਮੀਟਿੰਗਾਂ ਵਿੱਚ ਬੈਠੇ-ਬੈਠੇ ਵੀ ਕਾੱਮਿਕਸ ਬਣਾਉਣ ਲੱਗ ਪੈਂਦੀ ਸਾਂ। ਮੈਂ ਕਈ ਵਾਰ ਸੋਚਿਆ ਕਿ ਜੇ ਮੈਂ 'ਦਾ ਟੈਪ' ਨੂੰ ਵੱਧ ਸਮਾਂ ਦੇ ਸਕਾਂ, ਤਾਂ ਕਿਵੇਂ ਰਹੇਗਾ। ਅਤੇ ਬੱਸ, ਫਿਰ ਮੈਂ ਫ਼ੈਸਲਾ ਕਰ ਲਿਆ।

ਉਨ੍ਹਾਂ ਦੱਸਿਆ,''ਮੇਰੇ ਰਾਹ 'ਚ ਆਉਣ ਵਾਲੇ ਮੌਕਿਆਂ ਨੇ ਮੈਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ। ਮੈਂ ਹਰ ਛੋਟੇ-ਵੱਡੇ ਕੰਮ ਨੂੰ ਓਨੀ ਹੀ ਅਹਿਮੀਅਤ ਦਿੰਦੀਆਂ। ਆਪਣੇ ਹਰ ਫ਼ੈਸਲੇ 'ਚ ਮੇਰੀ ਇਹੋ ਸੋਚ ਹੁੰਦੀ ਹੈ ਕਿ ਆਖ਼ਰ ਇਸ ਵਿੱਚ ਗੁਆਉਣ ਜਿਹਾ ਕੀ ਹੈ? ਇਸ ਸੁਆਲ ਦਾ ਜੁਆਬ ਜਿੰਨਾ ਸਾਫ਼ ਹੁੰਦਾ ਹੈ, ਮੇਰੀ ਸਫ਼ਲਤਾ ਦੀ ਗੁੰਜਾਇਸ਼ ਓਨੀ ਹੀ ਹੁੰਦੀ ਹੈ।''

ਇੱਕ ਕਾਰੋਬਾਰੀ ਦੇ ਤੌਰ ਉਤੇ ਰਾਮਿਆ ਨੂੰ ਕਈ ਤਰ੍ਹਾਂ ਦੇ ਅਜਿਹੇ ਪ੍ਰਾਜੈਕਟਸ ਉਤੇ ਕੰਮ ਕਰਨਾ ਪਸੰਦ ਹੈ, ਜਿਨ੍ਹਾਂ ਵਿੱਚ ਥੋੜ੍ਹੀ ਸਿਰਜਣਾਤਮਕਤਾ ਅਤੇ ਨਵੀਆਂ-ਨਵੀਆਂ ਚੀਜ਼ਾਂ ਬਣਾਉਣ ਦੇ ਮੌਕੇ ਹੁੰਦੇ ਹਨ। ਇੱਕੋ ਹੀ ਰੂਟੀਨ ਵਿੱਝ ਬੱਝ ਕੇ ਕੰਮ ਕਰਨਾ ਉਨ੍ਹਾਂ ਦਾ ਤਰੀਕਾ ਨਹੀਂ ਹੈ। ਕਦੀ-ਕਦਾਈਂ ਉਨ੍ਹਾਂ ਦੀ ਆਮ ਨੌਕਰੀ-ਪੇਸ਼ਾ ਲੋਕਾਂ ਵਾਂਗ ਦੋਸਤਾਂ ਨਾਲ ਚਾਹ-ਕੌਫ਼ੀ ਦੇ ਬ੍ਰੇਕ ਉਤੇ ਜਾਣ ਅਤੇ ਛੁੱਟੀ ਲੈ ਕੇ ਕਿਤੇ ਘੁੰਮਣ ਨਿੱਕਲਣ ਦੀ ਇੱਛਾ ਹੁੰਦੀ ਹੈ।

ਇੱਕ ਕਾਰੋਬਾਰੀ ਦੇ ਤੌਰ ਉਤੇ ਬੱਸ 'ਸਮੇਂ ਦੇ ਨਾਲ ਚੱਲਣ' ਵਾਲੀ ਇਨਸਾਨ ਹੋਣ ਦੇ ਬਾਵਜੂਦ, ਕੁੱਝ ਨਿਯਮ ਅਤੇ ਛੋਟੇ-ਛੋਟੇ ਟੀਚੇ ਬਣਾ ਲੈਣ ਨਾਲ ਬਹੁਤ ਮਦਦ ਮਿਲਦੀ ਹੈ। ਇਸ ਨਾਲ ਸਭ ਕੁੱਝ ਸੁਭਾਵਕ ਅਤੇ ਅਸਲੀਅਤ ਨਾਲ ਜੁੜਿਆ ਹੋਇਆ ਜਿਹਾ ਜਾਪਦਾ ਹੈ। ਉਨ੍ਹਾਂ ਨੂੰ ਇੱਕ ਨਸੀਹਤ ਵੀ ਮਿਲੀ ਹੈ। ਉਹ ਦਸਦੇ ਹਨ,''ਮੈਨੂੰ ਇਹ ਗੱਲ ਸਮਝੀਂ ਪੈ ਗਈ ਹੈ ਕਿ ਤੁਹਾਨੂੰ ਤਦ ਤੱਕ ਜਤਨ ਕਰਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਤੁਹਾਨੂੰ ਆਪਣੀ ਪਸੰਦ ਅਤੇ ਸਹਿਜਤਾ ਵਾਲੀ ਕੋਈ ਚੀਜ਼ ਨਹੀਂ ਮਿਲ ਜਾਂਦੀ। ਤੁਹਾਨੂੰ ਕਿਸੇ ਅਜਿਹੀ ਚੀਜ਼ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ, ਜੋ ਦੂਜੇ ਤੁਹਾਡੇ ਲਈ ਚਾਹੁੰਦੇ ਹਨ। ਜਦ ਤੋਂ ਮੈਂ ਇਹ ਗੱਲ ਗੰਢ ਬੰਨ੍ਹ ਲਈ ਹੈ, ਜ਼ਿੰਦਗੀ ਹੁਣ ਸੁਖਾਲ਼ੀ ਹੋ ਗਈ ਹੈ।''

image


ਰਾਮਿਆ ਲਈ ਅੱਗੇ ਆਉਣ ਵਾਲਾ ਸਮਾਂ ਬਾਹਾਂ ਫੈਲਾ ਕੇ ਖੜ੍ਹਾ ਹੈ। ਕਈ ਪ੍ਰਾਜੈਕਟਸ, ਕਈ ਚੁਣੌਤੀਆਂ, ਬਹੁਤ ਸਾਰੀ ਚਿੱਤਰਕਾਰੀ ਅਤੇ ਬਹੁਤ ਸਾਰੀਆਂ ਕਹਾਣੀਆਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਹਨ! ਉਹ ਇਹ ਵੀ ਕਹਿੰਦੇ ਹਨ: ''ਮੈਂ ਵੀ 'ਦਾ ਟੈਪ' ਦੇ ਉਤਪਾਦਾਂ ਦੀ ਰੇਂਜ ਵਧਾਉਣਾ ਚਾਹੁੰਦੀ ਹਾਂ ਅਤੇ ਆੱਨਲਾਈਨ ਸਟੋਰਜ਼ ਦੇ ਖੇਤਰ ਵਿੱਚ ਕਦਮ ਰੱਖਣਾ ਚਾਹੁੰਦੀ ਹਾਂ।''

ਰਾਮਿਆ ਦੀਆਂ ਸਿਰਜਣਾਤਮਕ ਕਲਾ-ਕ੍ਰਿਤਾਂ ਦੀਆਂ ਕੁੱਝ ਤਸਵੀਰਾਂ ਇੱਥੇ ਪੇਸ਼ ਹਨ :-

ਲੇਖਕ: ਸੰਚਿਤਾ ਜੋਸ਼ੀ

ਅਨੁਵਾਦ: ਮਹਿਤਾਬ-ਉਦ-ਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags