ਸੰਸਕਰਣ
Punjabi

60 ਰੁਪਏ ਪ੍ਰਤੀ ਮਹੀਨਾ ਆਮਦਨ ਤੋਂ ਕਾਰੋਬਾਰੀ ਸਾਮਰਾਜ ਤੱਕ: ਰਾਜਕੁਮਾਰ ਗੁਪਤਾ ਦੀ ਸਫ਼ਲਤਾ ਦੀ ਇੱਕ ਵਿਲੱਖਣ ਕਹਾਣੀ

2nd Dec 2015
Add to
Shares
0
Comments
Share This
Add to
Shares
0
Comments
Share

ਮੇਰੇ ਕੋਲ ਉਨ੍ਹਾਂ 'ਚੋਂ ਕੁੱਝ ਨਹੀਂ ਹੈ। ਮੈਂ ਉਨ੍ਹਾਂ 'ਚੋਂ ਕੁੱਝ ਨਹੀਂ ਹਾਂ। ਮੈਂ ਇੱਕ ਵਧੀਆ ਉਦਮੀ ਹਾਂ। ਮੈਂ ਕੰਮ ਕਰਵਾਉਣ ਲਈ ਹੋਰਨਾਂ ਦੀਆਂ ਸੇਵਾਵਾਂ ਲੈ ਸਕਦਾ ਹਾਂ।

- ਰਾਜਕੁਮਾਰ ਗੁਪਤਾ

200 ਵਰਗ ਫ਼ੁੱਟ ਦੇ ਕਿਰਾਏ ਦੇ ਮਕਾਨ 'ਚ ਰਹਿਣ ਅਤੇ 60 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਤੋਂ ਲੈ ਕੇ ਰੀਅਲ ਐਸਟੇਟ ਦੇ ਕਾਰੋਬਾਰ ਦਾ ਬਾਦਸ਼ਾਹ ਅਤੇ 'ਵਪਾਰ-ਸਮਰਾਟ' ਬਣਨ ਤੱਕ; ਰਾਜਕੁਮਾਰ ਗੁਪਤਾ ਹੁਰਾਂ ਦੇ ਜੀਵਨ ਵਿੱਚ ਬਹੁਤ ਕੁੱਝ ਵਾਪਰਿਆ ਹੈ। ਕੱਖ ਤੋਂ ਲੱਖ ਬਣਨ ਦੀ ਉਨ੍ਹਾਂ ਦੀ ਕਹਾਣੀ ਵਿੱਚ ਸਭ ਨੂੰ ਸਹਿਜੇ ਹੀ ਦਿਲਚਸਪੀ ਹੋ ਜਾਂਦੀ ਹੈ। ਪਰ ਉਨ੍ਹਾਂ ਇੰਨੀ ਬੇਸ਼ੁਮਾਰ ਦੌਲਤ ਕਿਵੇਂ ਬਣਾਈ; ਇਸ ਦੀ ਕਹਾਣੀ ਉਨ੍ਹਾਂ ਲੋਕਾਂ ਦੀ ਆਤਮਾ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਛਡਦੀ ਹੈ, ਜਿਨ੍ਹਾਂ ਲਈ ਸਫ਼ਲਤਾ ਲਈ ਧਨ-ਦੌਲਤ ਹੀ ਸਭ ਤੋਂ ਵੱਡਾ ਮਾਪਦੰਡ ਹਨ। ਜਦੋਂ ਉਹ ਇੱਕ ਮਹੀਨੇ 'ਚ 60 ਰੁਪਏ ਕਮਾਉਂਦੇ ਸਨ, ਤਦ ਉਨ੍ਹਾਂ ਨੂੰ ਮਨ ਦਾ ਬਹੁਤ ਚੈਨ ਮਿਲਦਾ ਸੀ। ਅਤੇ ਜਦੋਂ ਉਹ ਤੇ ਉਨ੍ਹਾਂ ਦਾ ਪਰਿਵਾਰ ਇੱਕ ਕਮਰੇ ਵਾਲੇ ਨਿੱਕੇ ਜਿਹੇ ਫ਼ਲੈਟ 'ਚ ਰਹਿੰਦਾ ਸੀ, ਤਦ ਉਹ ਇੱਕ-ਦੂਜੇ ਦੀ ਸਲਾਮਤੀ ਦਾ ਕਿੰਨਾ ਖ਼ਿਆਲ ਰਖਦੇ ਸਨ। ਤੁਸੀਂ ਭਾਵੇਂ ਕਰਮਾਂ ਵਿੱਚ ਵਿਸ਼ਵਾਸ ਨਾ ਵੀ ਰਖਦੇ ਹੋਵੋ, ਪਰ ਸ੍ਰੀ ਰਾਜਕੁਮਾਰ ਗੁਪਤਾ ਦੀ ਕਹਾਣੀ ਸੁਣ ਕੇ ਤੁਸੀਂ ਜ਼ਰੂਰ ਵਿਸ਼ਵਾਸ ਕਰਨ ਲੱਗ ਪਵੋਗੇ। ਰਾਜਕੁਮਾਰ ਗੁਪਤਾ ਇਸ ਵੇਲੇ 'ਮੁਕਤੀ ਗਰੁੱਪ' ਦੇ ਚੇਅਰਮੈਨ ਹਨ। ਇਸ ਕੰਪਨੀ ਦੀ ਸ਼ੁਰੂਆਤ ਉਨ੍ਹਾਂ ਹੀ ਕੀਤੀ ਸੀ। ਕੋਲਕਾਤਾ 'ਚ ਆਧੁਨਿਕ ਇਮਾਰਤ-ਸਾਜ਼ੀ (ਭਵਨ ਨਿਰਮਾਣ ਕਲਾ) ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕੀਤੀ ਸੀ। ਇੱਥੋਂ ਦੇ ਹੁਗਲੀ ਇਲਾਕੇ 'ਚ ਬਹੁ-ਮੰਜ਼ਿਲਾ ਇਮਾਰਤਾਂ ਦੀ ਧਾਰਨਾ ਉਨ੍ਹਾਂ ਹੀ ਅਰੰਭੀ ਸੀ। ਉਨ੍ਹਾਂ ਸਾਲ 1984 'ਚ ਹੁਗਲੀ ਜ਼ਿਲ੍ਹੇ 'ਚ ਪਹਿਲਾ ਰਿਹਾਇਸ਼ੀ ਅਪਾਰਟਮੈਂਟ ਬਣਵਾਇਆ ਸੀ। ਤਦ ਤੋਂ ਹੀ 'ਮੁਕਤੀ ਗਰੁੱਪ' ਮਲਟੀਪਲੈਕਸ, ਕੌਮਾਂਤਰੀ ਹੋਟਲ, ਲਾਊਂਜਸ, ਵਧੀਆ ਡਾਈਨਿੰਗ ਰੈਸਟੋਰੈਂਟਸ ਤੇ ਹੋਰਨਾਂ ਅਜਿਹੀਆਂ ਬਹੁਤ ਆਧੁਨਿਕ ਚੀਜ਼ਾਂ ਨਾਲ ਪੱਛਮੀ ਬੰਗਾਲ 'ਚ ਮਨੋਰੰਜਨ ਦੇ ਧੁਰੇ ਦਾ ਮੁੱਖ ਖਿਡਾਰੀ ਬਣ ਗਿਆ ਸੀ। ਇਸ ਦੇ ਬਾਵਜੂਦ ਤੁਹਾਨੂੰ ਰਾਜਕੁਮਾਰ ਗੁਪਤਾ ਦਾ ਨਾਂਅ ਤੁਹਾਨੂੰ ਇੰਟਰਨੈਟ ਉਤੇ ਕਿਤੇ ਵੀ ਵੇਖਣ ਨੂੰ ਨਹੀਂ ਮਿਲੇਗਾ।

image


ਸ੍ਰੀ ਗੁਪਤਾ ਸੁਭਾਅ ਦੇ ਬਹੁ ਸਨਿਮਰ ਹਨ ਅਤੇ ਜ਼ਿਆਦਾਤਰ ਆਪਣੇ-ਆਪ ਬਾਰੇ ਕੋਈ ਬਹੁਤੀ ਗੱਲ ਨਹੀਂ ਕਰਦੇ; ਸਗੋਂ ਉਨ੍ਹਾਂ ਦਾ ਬਹੁਤਾ ਧਿਆਨ ਆਪਣੇ ਜੀਵਨ ਦੇ ਦੋ ਜਨੂੰਨਾਂ - ਕਾਰੋਬਾਰ ਅਤੇ ਸਮਾਜ ਭਲਾਈ ਉਤੇ ਹੀ ਲੱਗਿਆ ਰਹਿੰਦਾ ਹੈ। ਪਹਿਲਾਂ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੀ ਕਹਾਣੀ ਦੁਨੀਆਂ ਵਿੱਚ ਹੋਰ ਕਿਸੇ ਨੂੰ ਵੀ ਪ੍ਰਭਾਵਿਤ ਕਰ ਕੇ ਉਸ ਨੂੰ ਸਫ਼ਲ ਬਣਾ ਸਕਦੀ ਹੈ, ਤਦ ਜਾ ਕੇ ਉਹ ਗੱਲਬਾਤ ਲਈ ਤਿਆਰ ਹੋਏ। ਅਤੇ ਫਿਰ ਜਦੋਂ ਉਨ੍ਹਾਂ ਆਪਣੀ ਕਹਾਣੀ ਸੁਣਾਈ; ਬਈ ਵਾਹ ਕਿਆ ਕਹਾਣੀ ਸੀ!!! ਅੱਜ ਉਹ ਭਾਵੇਂ ਆਪਣੀ ਸਫ਼ਲਤਾ ਦੇ ਸਿਖ਼ਰ 'ਤੇ ਹਨ ਤੇ ਜ਼ਿੰਦਗੀ ਵਿੱਚ ਬਹੁਤ ਵੱਡੇ ਜੇਤੂ ਵਜੋਂ ਉਭਰੇ ਹਨ ਪਰ ਇਸ ਮੁਕਾਮ ਤੱਕ ਪੁੱਜਣ ਤੋਂ ਪਹਿਲਾਂ ਉਹ ਇੱਕ ਵਾਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਕੇ ਰਹਿ ਗਏ ਸਨ।

ਸ਼ੁਰੂਆਤ

ਉਹ ਦਸਦੇ ਹਨ,''ਮੇਰਾ ਜਨਮ ਪੰਜਾਬ ਦੇ ਇੱਕ ਬਹੁਤ ਹੀ ਗ਼ਰੀਬ ਪਰਿਵਾਰ 'ਚ ਹੋਇਆ ਸੀ। ਮੈਨੂੰ ਸਕੂਲ ਦੇ ਇਮਤਿਹਾਨ ਪਾਸ ਕਰਨ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਸੀ ਤੇ ਫਿਰ ਮੈਂ ਕੋਲਕਾਤਾ ਆ ਗਿਆ, ਇੱਥੇ ਆ ਕੇ ਮੈਂ ਅੰਡਰ ਗਰੈਜੂਏਸ਼ਨ ਕੀਤੀ। ਫਿਰ ਇੱਕ ਛੋਟੀ ਜਿਹੀ ਨਿਜੀ ਫ਼ਰਮ ਵਿੱਚ ਮੈਨੂੰ ਨੌਕਰੀ ਮਿਲ ਗਏ। 1978 ਦੀ ਗੱਲ ਹੈ ਤੇ ਉਦੋਂ ਮੇਰੀ ਤਨਖ਼ਾਹ ਸੀ 60 ਰਪਏ ਪ੍ਰਤੀ ਮਹੀਨਾ। ਬਹੁਤ ਔਖ ਨਾਲ ਉਥੇ ਕੁੱਝ ਸਾਲ ਕੱਟੇ। ਫਿਰ ਮੈਂ 'ਹਿੰਦੁਸਤਾਨ ਮੋਟਰਜ਼' 'ਚ ਚਲਾ ਗਿਆ; ਉਥੇ ਮੇਰੀ ਤਨਖ਼ਾਹ ਕਾਫ਼ੀ ਜ਼ਿਆਦਾ ਵਧ ਕੇ 125 ਰੁਪਏ ਪ੍ਰਤੀ ਮਹੀਨਾ ਹੋ ਗਈ ਸੀ। ਮੈਂ ਉਥੇ ਪੰਜ-ਛੇ ਸਾਲ ਕੰਮ ਕੀਤਾ, ਬੁਨਿਆਦੀ ਪੱਧਰ ਉਤੇ ਕੰਮ ਕੀਤਾ ਤੇ ਕਾਰੋਬਾਰ ਦੇ ਦਾਅਪੇਚ ਸਿੱਖੇ। ਫੇਰ ਮੈਂ ਆਪਣਾ ਟਰੇਡਿੰਗ ਤੇ ਸਪਲਾਈ ਦਾ ਕਾਰੋਬਾਰ ਖੋਲ੍ਹ ਲਿਆ।''

image


ਭਲਾਈ ਦੇ ਕੰਮਾਂ ਨੇ ਕਿਵੇਂ ਮੇਰੀ ਸਫ਼ਲਤਾ ਦਾ ਰਾਹ ਪੱਧਰਾ ਕੀਤਾ

ਮੈਂ 200 ਵਰਗ ਫ਼ੁੱਟ ਦਾ ਇੱਕ ਮਕਾਨ ਕਿਰਾਏ ਉਤੇ ਲੈ ਲਿਆ ਤੇ ਮੈਂ ਉਥੇ ਆਪਣੇ ਪਰਿਵਾਰ ਨਾਲ ਰਿਹਾ। ਭਾਵੇਂ ਗੁਜ਼ਾਰਾ ਉਦੋਂ ਵੀ ਬਹੁਤ ਔਖਾ ਹੁੰਦਾ ਸੀ ਪਰ ਤਦ ਮੈਂ ਆਪਣਾ ਮਾਲਕ ਆਪ ਸਾਂ ਤੇ ਮੈਨੂੰ ਆਜ਼ਾਦੀ ਸੀ। ਮੈਨੂੰ ਜੀਵਨ ਵਿੱਚ ਜਿੰਨਾ ਵੀ ਮਿਲਿਆ, ਮੈਂ ਉਸ ਲਈ ਸਦਾ ਸ਼ੁਕਰੀਆ ਅਦਾ ਕੀਤਾ ਅਤੇ ਮੈਂ ਸਦਾ ਉਨ੍ਹਾਂ ਦੀ ਮਦਦ ਕਰਨੀ ਚਾਹੀ, ਜਿਨ੍ਹਾਂ ਦੀ ਕਿਸਮਤ ਮੇਰੇ ਜਿੰਨੀ ਵਧੀਆ ਨਹੀਂ ਸੀ। ਮੈਂ ਇਸ ਬਾਰੇ ਆਪਣੇ ਕੁੱਝ ਦੋਸਤਾਂ ਨਾਲ ਗੱਲ ਕੀਤੀ। ਉਨ੍ਹਾਂ ਮੈਨੂੰ ਕਿਹਾ ਕਿ ਇੱਥੇ ਸਾਡਾ ਆਪਣਾ ਗੁਜ਼ਾਰਾ ਵੀ ਔਖਾ ਹੁੰਦਾ ਹੈ ਤੇ ਤੂੰ ਸਾਨੂੰ ਹੋਰਨਾਂ ਦੀ ਮਦਦ ਕਰਨ ਦੀ ਗੱਲ ਆਖ ਰਿਹਾ ਹੈਂ। ਇਹ ਕਿਵੇਂ ਸੰਭਵ ਹੈ? ਤਦ ਮੈਂ ਜਵਾਬ ਦਿੱਤਾ ਕਿ ਜੇ ਸਾਡੀ ਹਾਲਤ ਇੰਨੀ ਮਾੜੀ ਹੁੰਦੀ, ਤਾਂ ਅਸੀਂ ਸ਼ਾਇਦ ਰੇਲਵੇ ਸਟੇਸ਼ਨਾਂ ਉਤੇ ਸੌਂ ਰਹੇ ਹੁੰਦੇ ਅਤੇ ਕੂੜੇ 'ਚੋਂ ਭੋਜਨ ਚੁੱਕ ਕੇ ਖਾ ਰਹੇ ਹੁੰਦੇ। ਅਸੀਂ ਤਾਂ ਸੱਚਮੁਚ ਬਹੁਤ ਭਾਗਾਂ ਵਾਲੇ ਹਾਂ, ਇਸੇ ਲਈ ਸਾਨੂੰ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।

ਇਹ ਐਵੇਂ ਇੱਕ ਮਿੱਥ ਹੈ ਕਿ ਕਿਸੇ ਦੀ ਭਲਾਈ ਜਾਂ ਚੈਰਿਟੀ ਕਰਨ ਨਾਲ ਤੁਹਾਡੀ ਆਮਦਨ ਦਾ ਬਹੁਤ ਸਾਰਾ ਹਿੱਸਾ ਤੁਹਾਡੇ ਕੋਲੋਂ ਚਲਾ ਜਾਵੇਗਾ। ਤੁਸੀਂ ਆਪਣਾ ਕੇਵਲ ਥੋੜ੍ਹਾ ਜਿਹਾ ਸਮਾਂ ਦੇਣਾ ਹੈ ਅਤੇ ਤੁਹਾਡੀ ਮਨਸ਼ਾ ਵਧੀਆ ਹੋਣੀ ਚਾਹੀਦੀ ਹੈ। ਅਸੀਂ ਮਹਿਸੂਸ ਕੀਤਾ ਕਿ ਰੇਲਵੇ ਸਟੇਸ਼ਨਾਂ ਉਤੇ ਸੌਣ ਵਾਲੇ ਬੇਘਰੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਕਿਤੇ ਨਹੀਂ ਮਿਲਦਾ। ਸੱਚਮੁਚ ਕੋਲਕਾਤਾ 'ਚ ਸਖ਼ਤ ਗਰਮੀ ਦੇ ਮੌਸਮ ਦੌਰਾਨ ਪੀਣ ਵਾਲਾ ਸਾਫ਼ ਪਾਣੀ ਸੜਕਾਂ ਉਤੇ ਛੇਤੀ ਕਿਤੇ ਨਹੀਂ ਲਭਦਾ। ਇਸੇ ਲਈ ਅਸੀਂ ਉਥੇ ਇੱਕ 'ਮਟਕਾ' (ਘੜਾ) ਰਵਾ ਕੇ ਉਥੇ ਕੋਲ ਇੱਕ ਵਿਅਕਤੀ ਨੂੰ ਬਿਠਾ ਦਿੱਤਾ; ਤਾਂ ਜੋ ਅਜਿਹੇ ਲੋਕ ਤੇ ਨਿੱਕੇ ਬੱਚੇ ਆਪਣੀ ਪਿਆਸ ਬੁਝਾ ਸਕਣ। ਇਸ ਉਤੇ ਤਦ ਕੇਵਲ 50 ਤੋਂ 60 ਕੁ ਰੁਪਏ ਹਰ ਮਹੀਨੇ ਦੇ ਲੱਗਿਆ ਕਰਦੇ ਸਨ। ਅਸੀਂ ਸਾਰੇ ਦੋਸਤ ਮਿਲ ਕੇ ਉਸ ਸਮਾਜ ਭਲਾਈ ਦੇ ਕੰਮ ਵਿੱਚ ਫ਼ੰਡ ਇਕੱਠਾ ਕਰਦੇ ਸਾਂ ਅਤੇ ਕਦੇ ਕਿਸੇ ਨੂੰ ਇਹ ਗੱਲ ਚੁਭੀ ਨਹੀਂ। ਮੈਂ ਆਪਣੇ ਸਮਾਜ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਇੰਝ ਕੀਤੀ ਸੀ।

image


ਜ਼ਿੰਦਗੀ ਕੁੱਝ ਸਮਾਂ ਇੰਝ ਹੀ ਅੱਗੇ ਵਧਦੀ ਰਹੀ। ਮੈਂ ਹੋਰ ਕੁੱਝ ਕਰਨਾ ਚਾਹੁੰਦਾ ਸਾਂ। ਫਿਰ ਉਸ ਵਾਰ ਮੈਂ ਆਪਣੇ ਦੋਸਤਾਂ ਸਾਹਮਣੇ ਪ੍ਰਸਤਾਵ ਰੱਖਿਆ ਕਿ ਕਿਉਂ ਨਾ ਗ਼ਰੀਬਾਂ ਲਈ ਮੁਫ਼ਤ ਹੋਮਿਓਪੈਥੀ ਡਿਸਪੈਂਸਰੀ ਖੁਲ੍ਹਵਾ ਦੇਈਏ। ਉਨ੍ਹਾਂ ਫਿਰ ਕਿਹਾ ਕਿ ਇਹ ਕੰਮ ਤਾਂ ਬਹੁਤ ਮਹਿੰਗਾ ਪਵੇਗਾ। ਮੇਰੇ ਲਈ ਅਸਫ਼ਲਤਾ ਜਾਂ ਨਾਕਾਮੀ ਉਹ ਨਹੀਂ ਕਿ ਤੁਸੀਂ ਕੁੱਝ ਕਰਨ ਦਾ ਜਤਨ ਕੀਤਾ ਪਰ ਤੁਹਾਡੀ ਮਰਜ਼ੀ ਅਨੁਸਾਰ ਕੁੱਝ ਨਹੀਂ ਹੋਹਿਆ। ਨਾਕਾਮੀ ਤਾਂ ਉਦੋਂ ਹੁੰਦੀ ਹੈ, ਜਦੋਂ ਅਸੀਂ ਕੁੱਝ ਵੀ ਨਹੀਂ ਕਰਦੇ। ਜੇ ਅਸੀਂ ਕੋਈ ਕੋਸ਼ਿਸ਼ ਕਰ ਕੇ ਕੁੱਝ ਗੁਆ ਬੈਠਦੇ ਹਾਂ, ਤਾਂ ਉਸ ਨੂੰ ਠੀਕ ਸਮਝਣਾ ਚਾਹੀਦਾ ਹੈ।

ਅਸੀਂ 8 ਫ਼ੁੱਟ ਗੁਣਾ 10 ਫ਼ੁੱਟ ਦਾ ਇੱਕ ਗੈਰੇਜ 40 ਰੁਪਏ ਪ੍ਰਤੀ ਮਹੀਨਾ ਕਿਰਾਏ ਉਤੇ ਲਿਆ। ਅਸੀਂ ਇੱਧਰੋਂ-ਉਧਰੋਂ ਮੰਗ ਕੇ ਜਾਂ ਉਧਾਰਾ ਮੰਗ ਕੇ ਪੁਰਾਣਾ ਫ਼ਰਨੀਚਰ ਲਿਆਂਦਾ। ਕਿਸੇ ਨੇ ਇੱਕ ਬੈਂਚ ਦਾਨ ਕੀਤਾ ਤੇ ਕਿਸੇ ਨੇ ਸਟੂਲ। ਕੁੱਝ ਹੋਰਨਾਂ ਨੇ ਪਰਦੇ ਦੇ ਦਿੱਤੇ ਤੇ ਇੰਝ ਗੱਲ ਬਣਦੀ ਗਈ। ਇੱਕ ਵਿਅਕਤੀ ਨੇ ਬਹੁਤ ਦਿਆਲਤਾ ਨਾਲ ਦਵਾਈਆਂ ਦੀ ਕਿੱਟ ਦਿੱਤੀ। ਅਸੀਂ ਸਾਰੇ ਦੋਸਤਾਂ ਨੇ ਮਿਲ ਕੇ ਹੰਭਲਾ ਮਾਰ ਕੇ ਕੁੱਝ ਰੁਪਏ ਇਕੱਠੇ ਕਰ ਲਏ ਤੇ ਸ਼ਾਮੀਂ 6 ਵਜੇ ਤੋਂ 8 ਵਜੇ ਤੱਕ ਇੱਕ ਪਾਰਟ-ਟਾਈਮ ਡਾਕਟਰ ਦੀਆਂ ਸੇਵਾਵਾਂ ਲੈ ਲਈਆਂ। ਕੇਵਲ 15 ਕੁ ਦਿਨਾਂ ਵਿੱਚ ਹੀ ਅਸੀਂ ਇਹ ਸਭ ਚਲਾ ਲਿਆ ਸੀ। ਜਗ੍ਹਾ ਬਹੁਤ ਘੱਟ ਸੀ ਪਰ ਸਾਨੂੰ ਉਸ ਉਤੇ ਬਹੁਤ ਮਾਣ ਸੀ ਅਤੇ ਅਸੀਂ ਚਾਹੁੰਦੇ ਸਾਂ ਕਿ ਕੋਈ ਵੱਡੀ ਅਤੇ ਪ੍ਰਸਿੱਧ ਹਸਤੀ ਆ ਕੇ ਇਸ ਦਾ ਉਦਘਾਟਨ ਕਰੇ। ਮੇਰੀ ਪੁਰਾਣੀ ਕੰਪਨੀ 'ਹਿੰਦੁਸਤਾਨ ਮੋਟਰਜ਼' ਦੇ ਪ੍ਰਧਾਨ ਸਨ ਐਨ.ਕੇ. ਬਿਰਲਾ; ਉਹੀ ਭਾਰਤ ਦੇ ਪ੍ਰਸਿੱਧ ਬਿਰਲਾ ਪਰਿਵਾਰ ਵਾਲੇ। ਅਸੀਂ ਹਰ ਪਾਸੇ ਬੈਨਰ ਤੇ ਪੋਸਟਰ ਲਾ ਦਿੱਤੇ ਬਹੁਤ ਆਤਿਸ਼ਬਾਜ਼ੀਆਂ ਨਾਲ ਇਸ ਹੋਮਿਓਪੈਥਿਕ ਕਲੀਨਿਕ ਦੀ ਸ਼ੁਰੂਆਤ ਕੀਤੀ। ਸੱਚਮੁਚ ਉਹ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ ਸੀ।

ਉਸ ਤੋਂ ਬਾਅਦ ਆਪਣੇ ਭਾਈਚਾਰੇ ਵਿੱਚ ਮੇਰਾ ਨਾਂਅ ਬਹੁਤ ਸਤਿਕਾਰ ਨਾਲ ਲਿਆ ਜਾਣ ਲੱਗਾ। ਮੈਨੂੰ ਰੋਟਰੀ ਕਲੱਬ ਦਾ ਆੱਨਰੇਰੀ ਮੈਂਬਰ ਬਣਾ ਦਿੱਤਾ ਗਿਆ ਸੀ, ਜਿੱਥੇ ਮੈਂ ਵੱਡੇ ਧਨ ਲਾਉਣ ਵਾਲੇ ਨਿਵੇਸ਼ਕਾਂ ਦੇ ਸੰਪਰਕ ਵਿੱਚ ਆਇਆ। ਮੇਰੇ ਸਮਾਜ ਭਲਾਈ ਦੇ ਕੰਮ ਕਾਰਣ ਲੋਕ ਮੈਨੂੰ ਜਾਣਨ ਲੱਗ ਪਏ ਸਨ ਕਿ ਮੈਂ ਈਮਾਨਦਾਰ ਤੇ ਇੱਕ ਵਧੀਆ ਵਿਅਕਤੀ ਸਾਂ ਤੇ ਕੋਈ ਘੁਟਾਲ਼ਾ ਜਾਂ ਠੱਗੀ ਨਹੀਂ ਕਰਾਂਗਾ। ਜਦੋਂ ਉਨ੍ਹਾਂ ਨੂੰ ਮੇਰੇ ਕਾਰੋਬਾਰ ਕਰਨ ਦੀ ਭਿਣਕ ਪਈ, ਤਾਂ ਉਨ੍ਹਾਂ ਮੇਰੇ ਵਿਚਾਰ ਨੂੰ ਪਸੰਦ ਕੀਤਾ ਤੇ ਉਹ ਮੇਰੇ ਲਈ ਧਨ ਖ਼ਰਚਣ ਨੂੰ ਤਿਆਰ ਹੋ ਗਏ। ਫਿਰ ਮੈਂ ਹਸਪਤਾਲ, ਅਪਾਰਟਮੈਂਟ ਕੰਪਲੈਕਸਜ਼ ਆਦਿ ਜਿਹੇ ਪ੍ਰਾਜੈਕਟਸ ਫੜ ਲਏ ਅਤੇ ਫਿਰ ਮੇਰੀ ਸਾਖ਼ ਵਧਣ ਲੱਗੀ ਤੇ ਕਿਸਮਤ ਵੀ ਬਦਲ ਗਈ।

image


ਇਹ ਕੋਈ ਇੰਨਾ ਸੁਖਾਲ਼ਾ ਕੰਮ ਵੀ ਨਹੀਂ ਸੀ। ਬਹੁਤ ਵਾਰ ਮੈਂ ਭੁਗਤਾਨ ਨਹੀਂ ਕਰ ਪਾਉਂਦਾ ਸਾਂ ਕਿਉਂਕਿ ਮੈਂ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਉਨ੍ਹਾਂ ਪ੍ਰਤੀ ਵੀ ਪੂਰੀਆਂ ਕਰਨੀਆਂ ਹੁੰਦੀਆਂ ਸਨ, ਜਿਹੜੇ ਮੇਰੇ ਲਈ ਕੰਮ ਕਰਦੇ ਸਨ ਅਤੇ ਜਿਨ੍ਹਾਂ ਮੇਰੇ ਲਈ ਆਪਣਾ ਸਰਮਾਇਆ ਲਾਇਆ ਸੀ। ਪਰ ਹੌਲੀ-ਹੌਲੀ ਸਭ ਕੁੱਝ ਠੀਕ ਹੋਣ ਲੱਗਾ।

ਮੁਕਤੀ ਏਅਰਵੇਜ਼: ਸੁਫ਼ਨਾ ਜੋ ਟੁੱਟ ਗਿਆ

ਮੈਂ ਆਪਣੀਆਂ ਪ੍ਰਾਪਤੀਆਂ ਵੇਖ ਕੇ ਕਦੇ ਆਰਾਮ ਕਰਨ ਲਈ ਨਹੀਂ ਬੈਠਾ। ਮੈਨੂੰ ਰੀਅਲ ਐਸਟੇਟ ਖੇਤਰ 'ਚੋਂ ਬਹੁਤ ਮੋਟੇ ਮੁਨਾਫ਼ੇ ਵਾਲੀਆਂ ਪੇਸ਼ਕਸ਼ਾਂ ਆਉਂਦੀਆਂ ਰਹਿੰਦੀਆਂ ਸਨ। ਪਰ ਮੈਂ ਹੋਰ ਕੁੱਝ ਵੱਡਾ ਕਰਨਾ ਲੋਚਦਾ ਸਾਂ। ਉਦੋਂ 1990ਵਿਆਂ ਦੌਰਾਨ ਏਸ਼ੀਆ 'ਚ ਏਅਰਲਾਈਨ ਦਾ ਕਾਰੋਬਾਰ ਕੁੱਝ ਤੇਜ਼ੀ ਫੜ ਰਿਹਾ ਸੀ। ਮੈਂ ਵੀ ਉਸ ਖੇਡ ਦਾ ਹਿੱਸਾ ਬਣਨਾ ਚਾਹਿਆ। ਮੈਂ ਆਪਣੀ ਏਅਰਲਾਈਨ ਸ਼ੁਰੂ ਕਰਨ ਦੀ ਸੋਚੀ।

ਅਜਿਹਾ ਵੱਡਾ ਕੰਮ ਕਰਨ ਬਾਰੇ ਫ਼ੈਸਲਾ ਲੈਣਾ ਸਭ ਤੋਂ ਸੁਖਾਲ਼ਾ ਕੰਮ ਹੈ। ਪਰ ਮੈਨੂੰ ਤਾਂ ਹਵਾਈ ਜਹਾਜ਼ਾਂ ਦਾ ੳ.ਅ. ਵੀ ਨਹੀਂ ਆਉਂਦਾ ਸੀ। ਮੈਂ ਕੇਵਲ ਹਵਾਈ ਅੱਡੇ ਉਤੇ ਜਹਾਜ਼ ਦੇ ਉਡਾਣ ਭਰਨ ਨੂੰ ਹੀ ਵੇਖਦਾ ਸਾਂ, ਤੇ ਮੈਨੂੰ ਲਗਦਾ ਸੀ ਕਿ ਮੈਨੂੰ ਵੀ ਇਸ ਕੰਮ ਵਿੱਚ ਜਾਣਾ ਚਾਹੀਦਾ ਸੀ। ਇੱਕ ਵਾਰ ਮੈਂ ਸਬੰਧਤ ਦਫ਼ਤਰ ਗਿਆ ਤੇ ਕਿਹਾ,''ਮੈਂ ਇੱਕ ਏਅਰਲਾਈਨ ਸ਼ੁਰੂ ਕਰਨੀ ਚਾਹੁੰਦਾ ਹਾਂ।'' ਉਥੇ ਦਫ਼ਤਰ 'ਚ ਮੇਰੀ ਇਹ ਗੱਲ ਸੁਣ ਕੇ ਸਾਰੇ ਆਪਣੀ ਥਾਂ ਤੋਂ ਉਠ ਕੇ ਖੜ੍ਹੇ ਹੋ ਗਏ। 1994 'ਚ ਬੰਗਾਲ ਤੋਂ ਅਜਿਹੀ ਸ਼ੁਰੂਆਤ ਕਰਨੀ ਇੱਕ ਹਾਸੋਹੀਣੀ ਧਾਰਨਾ ਸੀ ਪਰ ਮੈਂ ਆਪਣੀ ਗੱਲ ਉਤੇ ਅੜਿਆ ਹੋਇਆ ਸਾਂ।

ਅਫ਼ਸਰਾਂ ਦੀਆਂ ਲਾਲ ਫ਼ੀਤਾਸ਼ਾਹੀਆਂ ਅਤੇ ਤਕਨੀਕੀ ਅੜਿੱਕੇ ਬਹੁਤ ਸਨ; ਜਿਨ੍ਹਾਂ ਨੂੰ ਪਾਰ ਕਰਨਾ ਸੀ। ਪਰ ਬਹੁਤ ਸਾਰੇ ਅਧਿਕਾਰੀ ਬਹੁਤ ਮਦਦਗਾਰ ਵੀ ਸਨ ਤੇ ਸਾਨੂੰ ਇਸ ਬਾਰੇ ਵਧੀਆ ਸਲਾਹ ਦਿੰਦੇ ਸਨ। ਫਿਰ ਅਸੀਂ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਛੋਟੀ ਟੀਮ ਇਕੱਠੀ ਕੀਤੀ।

ਮੇਰੀ ਪ੍ਰਾਜੈਕਟ ਰਿਪੋਰਟ 1 ਜਨਵਰੀ, 1995 ਨੂੰ ਜਮ੍ਹਾ ਹੋ ਗਈ ਸੀ। ਟਾਟਾ ਸਿੰਗਾਪੁਰ ਏਅਰਲਾਈਨ! ਨੇ ਆਪਣੀ ਰਿਪੋਰਟ ਉਸੇ ਦਿਨ ਪੇਸ਼ ਕੀਤੀ ਸੀ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਮੇਰੀ ਰਿਪੋਰਟ ਤਾਂ ਮਨਜ਼ੂਰ ਕਰ ਲਈ ਸੀ ਪਰ ਉਨ੍ਹਾਂ ਦੀ ਰਿਪੋਰਟ ਕਰ ਦਿੱਤੀ ਗਈ ਸੀ।

ਆਪਣਾ ਲਾਇਸੈਂਸ ਲੈਣ ਤੋਂ ਪਹਿਲਾਂ, ਮੈਂ ਦਿੱਲੀ ਗਿਆ ਸਾਂ ਤੇ ਉਥੇ ਹੇਠਾਂ ਤੋਂ ਲੈ ਕੇ ਉਪਰ ਤੱਕ ਹਰੇਕ ਸਬੰਧਤ ਅਧਿਕਾਰੀ ਨੂੰ ਮਿਲਿਆ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ੍ਰੀ ਗ਼ੁਲਾਮ ਅਲੀ ਅਈਅਰ ਨੂੰ ਵੀ ਮੈਂ ਮਿਲਿਆ। ਮੈਂ ਜਦੋਂ ਸੰਯੁਕਤ ਸਕੱਤਰ ਸ੍ਰੀ ਮਿਸ਼ਰਾ ਨੂੰ ਮਿਲਿਆ, ਤਾਂ ਉਨ੍ਹਾਂ ਮੈਨੂੰ ਆਖਿਆ ਕਿ ਮੇਰੀ ਤਜਵੀਜ਼ ਤਾਂ ਅਸੰਭਵ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਲਾਇਸੈਂਸ ਨਹੀਂ ਦਿੰਦੇ, ਜਿਸ ਕੋਲ ਆਪ ਕੋਈ ਤਕਨੀਕੀ ਸਿਖਲਾਈ ਨਾ ਹੋਵੇ ਤੇ ਨਾ ਹੀ ਉਸ ਦਾ ਅਜਿਹਾ ਕੋਈ ਪਿਛੋਕੜ ਹੋਵੇ ਤੇ ਸੈਂਕੜੇ ਅਜਿਹੇ ਹੋਰ ਮਾਪਦੰਡ ਉਨ੍ਹਾਂ ਗਿਣਵਾਏ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਇਨ੍ਹਾਂ ਵਿਚੋਂ ਕੁੱਝ ਵੀ ਨਹੀਂ ਹੈ। ਮੈਂ ਤਾਂ ਕੇਵਲ ਇੱਕ ਵਧੀਆ ਉਦਮੀ ਹਾਂ। ਮੈਂ ਹੋਰਨਾਂ ਦੀਆਂ ਸੇਵਾਵਾਂ ਲੈ ਸਕਦਾ ਹਾਂ ਤੇ ਕੰਮ ਕਰਨ ਲਈ ਧਨ ਦਾ ਇੰਤਜ਼ਾਮ ਕਰ ਸਕਦਾ ਹਾਂ। ਤਦ ਉਨ੍ਹਾਂ ਕਿਹਾ ਕਿ ਉਹ ਮੇਰੀ ਸਿੱਧੀ-ਸਾਦੀ ਈਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਤੇ ਮੈਨੂੰ ਲਾਇਸੈਂਸ ਦੇਣਗੇ।

ਫਿਰ ਅਸੀਂ ਕੌਮਾਂਤਰੀ ਏਅਰਲਾਈਨ ਨਿਰਮਾਣ ਕੰਪਨੀਆਂ ਨਾਲ ਬਹੁਤ ਵੱਡੇ-ਵੱਡੇ ਵਿਚਾਰ ਵਟਾਂਦਰੇ ਕੀਤੇ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੇ ਪਹਿਲੇ ਸਨ। ਪਹਿਲਾਂ ਤਾਂ ਸਾਨੂੰ ਉਸ ਪੂਰਵ-ਮਿਥਤ ਧਾਰਨਾ ਦਾ ਸਾਹਮਣਾ ਕਰਨਾ ਪਿਆ, ਜਿਹੜੀ ਯੂਰੋਪੀਅਨਾਂ ਨੇ ਭਾਰਤੀਆਂ ਬਾਰੇ ਬਣਾ ਰੱਖੀ ਸੀ। ਉਨ੍ਹਾਂ ਨੇ ਸਾਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ। ਫਿਰ ਜਦੋਂ ਉਨ੍ਹਾਂ ਮਹਿਸੂਸ ਕੀਤਾ ਕਿ ਮੈਂ ਸੱਚਮੁਚ ਕੁੱਝ ਕਰਨਾ ਚਾਹੁੰਦਾ ਹਾਂ, ਤਦ ਜਾ ਕੇ ਉਨ੍ਹਾਂ ਦਾ ਰਵੱਈਆ ਠੀਕ ਹੋਇਆ।

ਜਦੋਂ ਅਸੀਂ ਏਅਰਲਾਈਨ ਅਰੰਭ ਕਰਨ ਵਾਲੇ ਸਾਂ, ਤਦ ਹਰਸ਼ਦ ਮਹਿਤਾ ਘੁਟਾਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਵੀਂ-ਨਵੀਂ ਉਦਾਰ ਹੋਈ ਅਰਥ ਵਿਵਸਥਾ ਦੀ ਤਿੱਖੀ ਆਲੋਚਨਾ ਹੋਣ ਲੱਗੀ। ਨਿਵੇਸ਼ਕਾਂ ਨੇ ਖ਼ਤਰੇ ਨਾਲ ਭਰਪੂਰ ਇਸ ਉਦਮ ਵਿੱਚ ਆਪਣਾ ਸਰਮਾਇਆ ਲਾਉਣ ਤੋਂ ਹੱਥ ਪਿਛਾਂਹ ਖਿੱਚ ਲਿਆ ਤੇ ਮੁਕਤੀ ਏਅਰਵੇਜ਼ ਢਹਿ-ਢੇਰੀ ਹੋ ਕੇ ਰਹਿ ਗਈ।

image


ਨਾਕਾਮੀਆਂ ਅਤੇ ਨਿਰਾਸ਼ਾਵਾਂ:

ਜਦੋਂ ਏਅਰਲਾਈਨ ਸ਼ੁਰੂ ਨਾ ਹੋ ਸਕੀ, ਤਾਂ ਮੇਰਾ ਦਿਲ ਟੁੱਟ ਕੇ ਰਹਿ ਗਿਆ। ਮੈਂ ਇਸ ਨੂੰ ਸ਼ੁਰੂ ਕਰਨ ਲਈ ਕਈ ਸਾਲ ਮਿਹਨਤ ਕੀਤੀ ਸੀ ਤੇ ਇੱਕ ਵਾਰ ਤਾਂ ਇਹ ਅਰੰਭ ਹੋਣ ਹੀ ਲੱਗੀ ਸੀ। ਕਦੇ-ਕਦੇ ਤਾਂ ਮੈਂ ਸੋਚਦਾ ਹੁੰਦਾ ਹਾਂ ਕਿ ਐਵੇਂ ਇੰਨਾ ਸਮਾਂ ਅਜਾਈਂ ਬਰਬਾਦ ਕਰਨ ਨਾਲੋਂ ਜੇ ਮੈਂ ਕਿਤੇ ਆਪਣੇ ਰੀਅਲ ਐਸਟੇਟ ਦੇ ਕਾਰੋਬਾਰ ਵਿੱਚ ਆਪਣੇ ਸਾਰੇ ਵਸੀਲੇ ਲਾਏ ਹੁੰਦੇ, ਤਾਂ ਅਸੀਂ ਇੱਕ ਪ੍ਰਮੁੱਖ ਰਾਸ਼ਟਰੀ ਖਿਡਾਰੀ ਬਣ ਜਾਣਾ ਸੀ। ਉਸ ਗੱਲ ਨੇ ਮੈਨੂੰ ਵੱਡੀ ਢਾਹ ਲਾਈ।

ਪਰ ਫਿਰ ਮੈਂ ਜਦੋਂ ਪਿੱਛੇ ਮੁੜ ਕੇ ਤੱਕਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਸਫ਼ਲਤਾਵਾਂ ਦੀ ਤਾਂ ਅਸੀਂ ਖ਼ੁਸ਼ੀ ਮਨਾ ਸਕਦੇ ਹਾਂ ਪਰ ਨਾਕਾਮੀਆਂ ਤੋਂ ਸੱਚਮੁਚ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਕਿਸੇ ਦਿਨ ਮੈਂ 'ਮੁਕਤੀ ਏਅਰਵੇਜ਼' ਨੂੰ ਹਕੀਕਤ ਵਿੱਚ ਜ਼ਰੂਰ ਬਦਲ ਕੇ ਵਿਖਾਵਾਂਗਾ। ਤਦ ਤੱਕ ਮੈਂ ਉਸੇ ਤੋਂ ਖ਼ੁਸ਼ ਹਾਂ, ਜੋ ਮੈਂ ਹੁਣ ਤੱਕ ਪਾਇਆ ਹੈ ਅਤੇ ਆਪਣੇ ਹੁਣ ਤੱਕ ਦੇ ਸਾਰੇ ਸਬਕਾਂ ਨੂੰ ਮੈਂ ਆਪਣੇ ਕਾਰੋਬਾਰ ਤੇ ਆਪਣੀ ਜ਼ਿੰਦਗੀ ਉਤੇ ਲਾਗੂ ਕਰਾਂਗਾ।

ਵੱਡਾ ਬਣਨ ਦੇ ਚਾਹਵਾਨਾਂ ਲਈ ਸੁਨੇਹਾ:

ਸਫ਼ਲਤਾ ਹਾਸਲ ਕਰਨ ਦੀ ਇੱਛਾ ਰੱਖਣੀ ਸੱਚਮੁਚ ਸ਼ਲਾਘਾਯੋਗ ਹੈ ਪਰ ਉਸ ਹਾਲਤ ਵਿੱਚ ਤੁਹਾਨੂੰ ਆਪਣੇ ਜੀਵਨ 'ਚ ਇਹ ਕਿਤੇ ਨਹੀਂ ਦਿਸੇਗੀ, ਜੇ ਤੁਸੀਂ ਕੇਵਲ ਸੋਚ ਕੇ ਚੁੱਪ ਬੈਠ ਜਾਂਦੇ ਹੋ। ਆਪਣੀ ਸੋਚ ਮੁਤਾਬਕ ਕੰਮ ਕਰਨ ਲਈ ਅੱਗੇ ਵਧੋ ਅਤੇ ਜੋ ਵੀ ਕਰੋ ਦਿਲ ਨਾਲ ਕਰੋ। ਫਿਰ ਵੇਖੋ ਕਿ ਜ਼ਿੰਦਗੀ ਤੁਹਾਨੂੰ ਕਿੱਥੇ ਲੈ ਕੇ ਜਾਂਦੀ ਹੈ।


ਲੇਖਕ : ਰਾਖੀ ਚੱਕਰਬੋਰਤੀ

ਅਨੁਵਾਦ : ਮੇਹਤਾਬਉਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags