ਸੰਸਕਰਣ
Punjabi

ਪ੍ਰਨੌਤੀ ਨਗਰਕਰ ਨੇ ਬਣਾ ਦਿੱਤੀ ਰੋਟੀਆਂ ਬਣਾਉਣ ਲਈ ਮਸ਼ੀਨ

17th Dec 2015
Add to
Shares
0
Comments
Share This
Add to
Shares
0
Comments
Share

''ਮੈਂ ਆਪਣੇ ਕਾਲਜ ਦੇ ਤੀਜੇ ਵਰ੍ਹੇ ਦੌਰਾਨ ਕਮੀਜ਼ਾਂ ਉਤੇ ਪ੍ਰੈਸ ਕਰਨ ਲਈ ਇੱਕ ਆੱਟੋਮੈਟਿਕ ਪ੍ਰੈਸ ਬਣਾ ਦਿੱਤੀ ਸੀ। ਤਦ ਮੈਨੂੰ ਅਹਿਸਾਸ ਹੋਇਆ ਸੀ ਕਿ ਮੈਂ ਸੱਚਮੁਚ ਕੋਈ ਅਜਿਹੀ ਖੋਜਕਾਰ ਬਣ ਸਕਦੀ ਹਾਂ, ਜੋ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਕੇ ਰੱਖ ਸਕਦੀ ਹੈ।''

ਪ੍ਰਨੌਤੀ ਨਗਰਕਰ ਸਰਲੀਕਰਣ ਵਿੱਚ ਵਿਸ਼ਵਾਸ ਰਖਦੇ ਹਨ। ਉਨ੍ਹਾਂ ਦਾ ਨਿਜੀ ਦਰਸ਼ਨ ਹੀ ਸਰਲੀਕਰਣ ਹੈ ਅਤੇ ਉਹ ਆਪਣੇ ਇਸੇ ਸਿਧਾਂਤ ਸਦਕਾ 'ਰੋਟੀਮੈਟਿਕ' ਬਣਾਉਣ ਵਿੱਚ ਸਫ਼ਲ ਹੋ ਸਕੇ ਸਨ।

image


ਰੋਟੀਮੈਟਿਕ ਦਰਅਸਲ 'ਜ਼ਿੰਪਲਿਸਟਿਕ' ਦਾ ਇੱਕ ਉਤਪਾਦ ਹੈ ਜੋ ਆਪਣੀ ਕਿਸਮ ਦੀ ਪਹਿਲੀ ਅਜਿਹੀ ਮਸ਼ੀਨ (ਰੋਬੋਟ) ਹੈ, ਜੋ ਕਿ ਬਿਲਕੁਲ ਸਾਫ਼-ਸੁਥਰੇ ਤਰੀਕੇ ਨਾਲ ਤੁਰੰਤ ਕੇਵਲ ਇੱਕ ਛੋਹ ਨਾਲ ਹੀ ਰੋਟੀਆਂ ਬਣਾ ਕੇ ਉਨ੍ਹਾਂ ਨੂੰ ਲਪੇਟ ਵੀ ਸਕਦੀ ਹੈ। ਪ੍ਰਨੌਤੀ ਕਿਉਂਕਿ ਸਿਹਤ ਪ੍ਰਤੀ ਬਹੁਤ ਜਾਗਰੂਕ ਰਹੇ ਹਨ ਅਤੇ ਉਹ ਘਰ ਵਿੱਚ ਹੀ ਸਾਫ਼-ਸੁਥਰੇ ਤਰੀਕੇ ਰੋਟੀਆਂ ਬਣਾਉਣਾ ਚਾਹੁੰਦੇ ਸਨ। ਅਜਿਹੇ ਖ਼ਿਆਲ ਮਨ ਵਿੱਚ ਰੱਖ ਕੇ ਹੀ ਉਨ੍ਹਾਂ ਨੇ 'ਰੋਟੀਮੈਟਿਕ' ਈਜਾਦ ਕਰ ਦਿੱਤੀ। ਇਹ ਕਾਢ ਉਨ੍ਹਾਂ ਅਜਿਹੇ ਸਮੇਂ ਕੱਢੀ ਸੀ, ਜਦੋਂ ਉਨ੍ਹਾਂ ਨੂੰ ਆਪਣੇ ਬਹੁਤ ਜ਼ਿਆਦਾ ਰੁਝੇਵਿਆਂ ਵਿੱਚ ਵੀ ਕੋਈ ਬਹੁਤਾ ਸਮਾਂ ਨਹੀਂ ਹੁੰਦਾ ਸੀ।

ਜ਼ਿੰਪਲਿਸਟਿਕ ਨੇ ਜੁਲਾਈ 2015 'ਚ 1 ਕਰੋੜ 15 ਲੱਖ ਡਾਲਰ ਦਾ ਲੜੀ ਬੀ ਦਾ ਨਿਵੇਸ਼ ਵੀ ਮੁਕੰਮਲ ਕਰ ਲਿਆ ਹੈ।

ਮੁਢਲੇ ਵਰ੍ਹੇ

ਪ੍ਰਨੌਤੀ ਦਾ ਜਨਮ ਅਜਿਹੇ ਪਰਿਵਾਰ ਵਿੱਚ ਹੋਇਆ, ਜਿਸ ਵਿੱਚ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਇੰਜੀਨੀਅਰ ਚੱਲੇ ਆ ਰਹੇ ਸਨ। ਪ੍ਰਨੌਤੀ ਸਦਾ ਇੱਕ ਖੋਜੀ ਬਣਨ ਦਾ ਸੁਫ਼ਨਾ ਲਿਆ ਕਰਦੇ ਸਨ। ਆਪਣੇ ਮਾਪਿਆਂ ਬਾਰੇ ਗੱਲ ਕਰਦਿਆਂ ਉਹ ਦਸਦੇ ਹਨ,''ਮੇਰੇ ਮੰਮੀ-ਡੈਡੀ ਦੋਵੇਂ ਹੀ ਆਪੋ-ਆਪਣੇ ਤਰੀਕਿਆਂ ਨਾਲ ਉਦਮੀ ਭਾਵ ਕਾਰੋਬਾਰੀ ਸਨ। ਮੇਰੀ ਮਾਂ ਇੱਕ ਬਹੁਤ ਹੀ ਗਤੀਸ਼ੀਲ ਤੇ ਸੂਝਵਾਨ ਮਹਿਲਾ ਸਨ ਤੇ ਉਹ ਇੱਕ ਪੇਂਟਰ ਵੀ ਸਨ। ਉਨ੍ਹਾਂ ਨੇ ਇੰਟੀਰੀਅਰ ਡਿਜ਼ਾਇਨ ਦੇ ਮਾਮਲੇ ਵਿੱਚ ਸਲਾਹ ਦੇਣ ਦਾ ਕਾਰਜ ਵੀ ਅਰੰਭਿਆ ਸੀ, ਉਹ ਇੱਕੋ ਵੇਲੇ ਕਈ ਕੰਮ ਕਰ ਲੈਂਦੇ ਸਨ, ਉਨ੍ਹਾਂ ਨੇ ਇਸ ਵਿਸ਼ਵ ਵਿੱਚ ਬਿਲਕੁਲ ਤਾਜ਼ਾ-ਦਮ ਹੋਣਾ ਸਿੱਖਿਆ ਸੀ। ਇਸ ਵੇਲੇ ਉਹ ਗਣਿਤ ਵਿਸ਼ੇ ਦੀ ਅਧਿਆਪਕਾ ਹਨ। ਮੇਰੇ ਪਿਤਾ ਬਹੁਤ ਹੀ ਸਨਿਮਰ ਇਨਸਾਨ ਹਨ, ਉਨ੍ਹਾਂ ਨੂੰ ਤਰਕ ਨਾਲ ਗੱਲ ਕਰਨੀ ਪਸੰਦ ਹੈ ਤੇ ਉਹ ਪੂਰੀ ਤਰ੍ਹਾਂ ਵਿਵਹਾਰਕ ਵਿਅਕਤੀ ਹਨ। ਉਨ੍ਹਾਂ ਨੇ ਆਪਣਾ ਕੈਰੀਅਰ ਮਸ਼ੀਨ ਡਿਜ਼ਾਇਨ ਕਰ ਕੇ ਅਰੰਭਿਆ ਸੀ। ਆਪਣੀ ਉਮਰ ਦੇ 50ਵਿਆਂ ਦੌਰਾਨ ਉਨ੍ਹਾਂ ਨੇ ਆਪਣਾ ਖ਼ੁਦ ਦੀ ਇੱਕ ਪੁਆਇੰਟ-ਆੱਫ਼-ਸੇਲ ਟਰਨਕੀਅ ਸਾਲਿਯੂਸ਼ਨਜ਼ ਕੰਪਨੀ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ।''

image


ਪ੍ਰਨੌਤੀ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਆਪਣੇ ਮੰਮੀ ਅਤੇ ਡੈਡੀ ਦੋਵਾਂ ਦਾ ਹੀ ਸੰਪੂਰਨ ਮਿਸ਼ਰਣ ਹੈ ਕਿਉਂਕਿ ਉਨ੍ਹਾਂ ਦੋਵਾਂ ਦੇ ਹੀ ਗੁਣ ਉਨ੍ਹਾਂ ਵਿੱਚ ਆ ਗਏ ਹਨ; ਜਿਵੇਂ ਕਿ ਵੁਨ੍ਹਾਂ ਦੀ ਮਾਂ ਬਾਗ਼ੀ ਕਿਸਮ ਦੇ ਪਰ ਸਿਰਜਣਾਤਮਕ ਤੇ ਸੋਚ-ਵਿਚਾਰ ਕਰ ਕੇ ਕੰਮ ਕਰਨ ਵਾਲੀ ਮਹਿਲਾ ਹਨ ਤੇ ਉਨ੍ਹਾਂ ਦੇ ਪਿਤਾ ਤਰਕਪੂਰਨ, ਵਿਵਹਾਰਕ ਤੇ ਸਨਿਮਰ ਸੋਚਣੀ ਦੇ ਮਾਲਕ ਹਨ। ਪ੍ਰਨੌਤੀ ਪੁਣੇ (ਮਹਾਰਾਸ਼ਟਰ, ਭਾਰਤ) ਦੇ ਜੰਮਪਲ਼ ਹਨ। ਪ੍ਰਨੌਤੀ ਨੇ ਨੈਸ਼ਨਲ ਜੂਨੀਅਰ ਕਾਲਜ ਵਿੱਚ ਏ-ਪੱਧਰ ਹਾਸਲ ਕੀਤੇ ਸਨ, ਜਿਸ ਕਰ ਕੇ ਉਨ੍ਹਾਂ ਨੂੰ ਸਿੰਗਾਪੁਰ ਏਅਰਲਾਈਨਜ਼ ਦਾ 'ਯੁਵਾ ਵਜ਼ੀਫ਼ਾ' (ਯੂਥ ਸਕਾੱਲਰਸ਼ਿਪ) ਮਿਲ ਗਿਆ ਸੀ ਅਤੇ ਉਹ ਉਸੇ ਵਜ਼ੀਫ਼ੇ ਦੇ ਹਿੱਸੇ ਵਜੋਂ ਸਿੰਗਾਪੁਰ ਆਏ ਸਨ। ਉਨ੍ਹਾਂ ਨੂੰ ਕਿਉਂਕਿ ਇੰਜੀਨੀਅਰਿੰਗ ਨਾਲ ਸ਼ੁਰੂ ਤੋਂ ਹੀ ਪਿਆਰ ਸੀ, ਇਸੇ ਲਈ ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਡਕਟ ਡਿਜ਼ਾਇਨ ਵਿਭਾਗ ਵਿੱਚ ਚਲੇ ਗਏ। ਫਿਰ ਯੂਨੀਵਰਸਿਟੀ ਐਕਸਚੇਂਜ ਪ੍ਰੋਗਰਾਮ ਅਧੀਨ ਉਹ ਬਰਕਲੇ (ਅਮਰੀਕਾ) 'ਚ ਪੜ੍ਹੇ।

ਰੋਟੀਮੈਟਿਕ ਦੀ ਕਾਢ

ਆਪਣੇ ਕੈਰੀਅਰ ਦੀ ਸ਼ੁਰੂਆਤ ਪ੍ਰਨੌਤੀ ਹੁਰਾਂ ਨੇ ਇੱਕ ਪ੍ਰਸਿੱਧ ਖਪਤਕਾਰ ਬ੍ਰਾਂਡ ਨਾਲ ਕੀਤੀ; ਜਿੱਥੇ ਉਹ ਉਤਪਾਦਨ ਦੀ ਮੁਢਲੀ ਧਾਰਨਾ ਤੋਂ ਲੈ ਕੇ ਉਸ ਦੇ ਤਿਆਰ ਡਿਜ਼ਾਇਨ ਤੱਕ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੇ ਸਨ। ਪ੍ਰਨੌਤੀ ਆਮ ਪਰਿਵਾਰਾਂ ਦੀ ਇੱਕ ਸਮੱਸਿਆ ਨੂੰ ਹੱਲ ਕਰਨ ਦੇ ਬਹੁਤ ਤੀਬਰਤਾ ਨਾਲ ਚਾਹਵਾਨ ਸਨ; ਅਤੇ ਉਹ ਇੱਛਾ ਸੀ - ਪਰਿਵਾਰਾਂ ਦੀ ਸਾਫ਼-ਸੁਥਰਾ ਤੇ ਤੰਦਰੁਸਤ ਭੋਜਨ ਖਾਣ ਵਿੱਚ ਮਦਦ।

''ਇਸੇ ਲਈ ਸਾਲ 2008 'ਚ ਮੈਂ ਜ਼ਿਪਲਿਸਟਿਕ ਦੀ ਸਹਿ-ਬਾਨੀ ਬਣੀ, ਜਿਸ ਵਿੱਚ ਮੈਂ ਆਪਣੀ ਸਾਰੀ ਨਿਜੀ ਜਮ੍ਹਾ-ਪੂੰਜੀ ਲਾ ਦਿੱਤੀ। ਆਪਣਾ ਸਾਰਾ ਸਮਾਂ ਇਸ ਕੰਪਨੀ ਨੂੰ ਦਿੱਤਾ। ਫਿਰ ਅਸੀਂ ਵਿਸ਼ਵ ਦੀ ਪਹਿਲੀ ਪੂਰੀ ਤਰ੍ਹਾਂ ਆਟੋਮੈਟਿਕ ਰੋਟੀ ਮਸ਼ੀਨ ਬਣਾਈ, ਜਿਸ ਦਾ ਨਾਂਅ ਰੱਖਿਆ ਰੋਟੀਮੈਟਿਕ।''

ਪਿਛਲੇ 7 ਵਰ੍ਹਿਆਂ ਦੌਰਾਨ, ਪ੍ਰਨੌਤੀ ਅਤੇ ਉਨ੍ਹਾਂ ਦੀ ਟੀਮ ਨੇ ਲਗਾਤਾਰ ਅਣਥੱਕ ਤਰੀਕੇ ਨਾਲ ਕੰਮ ਕੀਤਾ ਹੈ। ਜਿਸ ਕਰ ਕੇ ਕੰਪਨੀ ਨੂੰ 'ਸਟਾਰਟ-ਅਪ ਐਟ ਸਿੰਗਾਪੁਰ' ਨਾਂਅ ਦਾ ਪੁਰਸਕਾਰ ਵੀ ਮਿਲਿਆ। ਇੰਟਲ ਬਰਕਲੇ ਟੈਕਨਾਲੋਜੀ ਐਂਟਰੀਪ੍ਰਿਨਿਯੋਰਸ਼ਿਪ ਚੈਲੰਜ ਵਿੱਚ ਉਨ੍ਹਾਂ ਦੀ ਕੰਪਨੀ ਤੀਜੇ ਸਥਾਨ ਉਤੇ ਰਹੀ ਸੀ।

ਪ੍ਰਨੌਤੀ ਵਿਕਾਸ ਪ੍ਰਕਿਰਿਆ ਨੂੰ ਸਿੱਖਣ ਲਈ ਇੱਕ ਪ੍ਰੋਡਕਟ ਡਿਜ਼ਾਇਨ ਕਨਸਲਟੈਂਸੀ ਨਾਲ ਦੋ ਵਰ੍ਹੇ ਕੰਮ ਕਰ ਚੁੱਕੇ ਹਨ। ਉਨ੍ਹਾਂ ਕੋਲ ਆਪਣੇ ਵਿਚਾਰਾਂ ਦੀ ਪੂਰੀ ਇੱਕ ਸੂਚੀ ਹੈ, ਜਿਨ੍ਹਾਂ ਅਨੁਸਾਰ ਉਹ ਕੰਮ ਕਰਨਾ ਚਾਹੁੰਦੇ ਹਨ। ਉਹ ਸਿਹਤ ਪ੍ਰਤੀ ਬਹੁਤ ਜਾਗਰੂਕ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਰੁਝੇਵਿਆਂ ਨਾਲ ਭਰੇ ਪਰਿਵਾਰਾਂ ਨੂੰ ਪੇਸ਼ ਆਉਣ ਵਾਲੀ ਤੰਦਰੁਸਤ ਭੋਜਨ ਖਾਣ ਦੀ ਵਿਆਪਕ ਸਮੱਸਿਆ ਦਾ ਕੋਈ ਲੱਭਣ ਦਾ ਫ਼ੈਸਲਾ ਕੀਤਾ।

ਰੋਟੀਮੈਟਿਕ, ਭਵਿੱਖ

ਰੋਟੀਮੈਟਿਕ ਇੱਕੋ ਵਾਰੀ 'ਚ 20 ਤਾਜ਼ਾ ਰੋਟੀਆਂ ਬਣਾ ਦਿੰਦੀ ਹੈ; ਇਸ ਮਸ਼ੀਨ ਵਿੱਚ ਇੱਕ ਮਿੰਟ 'ਚ 20 ਰੋਟੀਆਂ ਤਿਆਰ ਹੋ ਜਾਂਦੀਆਂ ਹਨ। ਇਸ ਮਸ਼ੀਨ ਵਿੱਚ ਤੁਸੀਂ ਇਹ ਵੀ ਤੈਅ ਕਰ ਸਕਦੇ ਹੋ ਕਿ ਇੱਕ ਰੋਟੀ ਉਤੇ ਕਿੰਨਾ ਕੁ ਘੀ ਲੱਗਣਾ ਚਾਹੀਦਾ ਹੈ, ਉਹ ਕਿੰਨੀ ਮੋਟੀ ਹੋਣੀ ਚਾਹੀਦੀ ਹੈ ਤੇ ਉਹ ਕਿੰਨੀ ਕੁ ਸਿਕੀ ਹੋਈ ਹੋਣੀ ਚਾਹੀਦੀ ਹੈ।

ਪ੍ਰਨੌਤੀ ਨੇ ਦੱਸਿਆ,''2014 'ਚ ਜਦੋਂ ਅਸੀਂ ਪ੍ਰੀ-ਆਰਡਰ ਮੁਹਿੰਮ ਅਰੰਭ ਕੀਤੀ ਸੀ, ਤਦ ਹਜ਼ਾਰਾਂ ਆੱਰਡਰ ਇੱਕੋ ਵਾਰੀ 'ਚ ਆ ਗਏ ਸਨ ਤੇ ਉਹ ਬਹੁਤ ਉਤੇਜਨਾ ਭਰਪੂਰ ਸਮਾਂ ਸੀ ਤੇ ਖ਼ੁਸ਼ੀ ਵੀ ਬਹੁਤ ਹੋ ਰਹੀ ਸੀ।'' ਉਨ੍ਹਾਂ ਦੀ ਟੀਮ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਵੇਲੇ ਉਨ੍ਹਾਂ ਨਾਲ 35 ਜਣੇ ਕੰਮ ਕਰ ਰਹੇ ਹਨ ਤੇ ਇਹ ਸੂਚੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਉਹ ਹੁਣ ਆਪਣੇ ਗਾਹਕਾਂ ਦੀ ਗਿਣਤੀ ਹੋਰ ਵਧਾਉਂਦੇ ਜਾ ਰਹੇ ਹਨ। ਪ੍ਰਨੌਤੀ ਦਸਦੇ ਹਨ,''ਕੰਪਨੀ ਦੀ ਮਾਲਕਣ ਹੋਣ ਦੇ ਨਾਤੇ ਮੈਂ ਸਦਾ ਇਹੋ ਚਾਹੁੰਦੀ ਹਾਂ ਕਿ ਸਾਡੇ ਨਾਲ ਸਦਾ ਸਹੀ ਲੋਕ ਹੀ ਆ ਕੇ ਜੁੜਨ; ਇਸ ਗੱਲ ਉਤੇ ਮੇਰਾ ਧਿਆਨ ਵੱਧ ਰਹਿੰਦਾ ਹੈ। ਮੈਂ ਨਵੀਨਤਾ ਦਾ ਇੱਕ ਮਜ਼ਬੂਤ ਸਭਿਆਚਾਰ ਉਸਾਰਨਾ ਚਾਹੁੰਦੀ ਹਾਂ ਤੇ ਉਸੇ ਲਈ ਕੰਮ ਕਰ ਰਹੀ ਹਾਂ। ਮੈਂ ਰੋਟੀਮੈਟਿਕ ਜਿਹੇ ਆਪਣੀ ਕਿਸਮ ਦੇ ਪਹਿਲੇ ਉਤਪਾਦ ਸਿਰਜਣ ਵਿੱਚ ਪਰਿਵਾਰਕ ਭਾਵਨਾ ਲਿਆ ਰਹੀ ਹਾਂ।''

image


ਇਸ ਵੇਲੇ ਰੋਟੀਮੈਟਿਕ ਦੇ ਬਹੁਤੇ ਗਾਹਕ ਪ੍ਰਵਾਸੀ ਭਾਰਤੀ (ਐਨ.ਆਰ.ਆਈਜ਼) ਹਨ ਤੇ ਉਨ੍ਹਾਂ ਵਿਚੋਂ ਵੀ ਬਹੁਤੇ ਅਮਰੀਕਾ 'ਚ ਰਹਿੰਦੇ ਭਾਰਤੀ ਹਨ। ਪ੍ਰਨੌਤੀ ਦਸਦੇ ਹਨ,''ਰੋਟੀਮੈਟਿਕ ਹੁਣ ਉਨ੍ਹਾਂ ਦੀ ਖ਼ੁਰਾਕ ਲਈ ਬਹੁਤ ਜ਼ਰੂਰੀ ਬਣ ਚੁੱਕੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਸਮਾਂ ਬਚਦਾ ਹੈ।''

ਉਹ ਦਸਦੇ ਹਨ,''ਰੋਟੀਮੈਟਿਕ ਦੀਆਂ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਰੋਟੀਆਂ ਖ਼ੁਰਾਕ ਦਾ ਮੁੱਖ ਹਿੱਸਾ ਹਨ। ਦੱਖਣੀ ਅਮਰੀਕਾ 'ਚ ਟੌਰਟਿਲਾ ਤੋਂ ਲੈ ਕੇ ਇਥੋਪੀਆ ਦੇ ਇੰਜੇਰਾ ਤੱਕ ਅਤੇ ਇਟਲੀ ਦੇ ਪਿਆਡਿਨਾ ਤੱਕ ਰੋਟੀਮੈਟਿਕ ਮਸ਼ੀਨ ਸਮੁੱਚੇ ਵਿਸ਼ਵ ਦੇ ਲੱਖਾਂ ਪਰਿਵਾਰਾਂ ਦੀ ਸਾਫ਼-ਸੁਥਰੇ ਭੋਜਨ ਦੀ ਜ਼ਰੂਰਤ ਪੂਰੀ ਕਰ ਰਹੀ ਹੈ।

ਤਕਨਾਲੋਜੀ 'ਚ ਔਰਤ

ਪ੍ਰਨੌਤੀ ਮੰਨਦੇ ਹਨ ਕਿ ਕੋਈ ਹਾਰਡਵੇਅਰ ਉਤਪਾਦਨ ਤਿਆਰ ਕਰਨ ਵਿੱਚ ਔਰਤਾਂ ਹਾਲੇ ਕੋਈ ਬਹੁਤਾ ਯੋਗਦਾਨ ਨਹੀਂ ਪਾ ਰਹੀਆਂ। ਇਸੇ ਲਈ ਆਮ ਲੋਕਾਂ ਨੂੰ ਇਹ ਯਕੀਨ ਹੀ ਨਹੀਂ ਹੁੰਦਾ ਕਿ ਉਹ ਕੰਪਨੀ ਵਿੱਚ ਚੀਫ਼ ਟੈਕਨਾਲੋਜੀ ਆੱਫ਼ੀਸਰ ਅਤੇ ਇੰਜੀਨੀਅਰਿੰਗ ਆਰਕੀਟੈਕਟ ਹਨ। ਉਹ ਇਹੋ ਸੋਚਦੇ ਹਨ ਕਿ ਸ਼ਾਇਦ ਉਹ ਕੋਈ ਸੇਲਜ਼ ਜਾਂ ਮਾਰਕਿਟਿੰਗ ਨਾਲ ਜੁੜੀ ਕਰਮਚਾਰੀ ਹੋਵੇਗੀ।

ਪ੍ਰਨੌਤੀ ਦਸਦੇ ਹਨ,''ਇਸੇ ਲਈ ਮੇਂ ਆਮ ਤੌਰ ਉਤੇ ਮੋਟਰ-ਸਾਇਕਲ ਉਤੇ ਸਵਾਰ ਹੋ ਕੇ ਮੀਟਿੰਗਾਂ ਵਿੱਚ ਜਾਂਦੀ ਹਾਂ, ਤਾਂ ਜੋ ਸਾਹਮਣੇ ਵਾਲਿਆਂ ਨੂੰ ਇਹ ਸੰਕੇਤ ਮਿਲੇ ਕਿ ਮੈਂ ਵੱਖ ਹਾਂ।''

ਜਦੋਂ ਉਹ ਗਰਭਵਤੀ ਸਨ, ਤਦ ਇਹ ਵੀ ਉਨ੍ਹਾਂ ਲਈ ਇੱਕ ਚੁਣੌਤੀ ਸੀ। ਉਹ ਦਸਦੇ ਹਨ,''ਮੈਂ ਵੱਧ ਤੋਂ ਵੱਧ ਸਮੇਂ ਤੱਕ ਆਪਣੇ ਗਰਭਵਤੀ ਹੋਣ ਦੀ ਗੱਲ ਲੁਕਾਈ ਕਿਉਂਕਿ ਮੈਂ ਕੋਈ ਵਿਸ਼ੇਸ਼ ਤਰਜੀਹ ਨਹੀਂ ਚਾਹੁੰਦੀ ਸਾਂ। ਅਸੀਂ ਕੇਵਲ ਔਰਤਾਂ ਦੇ ਗੁਣਾਂ ਨੂੰ ਹੀ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਸਾਂ। ਮੇਰੀ ਕੋਸ਼ਿਸ਼ ਇਹੋ ਰਹੀ ਕਿ ਮਰਦਾਂ ਤੇ ਔਰਤਾਂ ਦੇ ਗੁਣਾਂ ਸੰਤੁਲਨ ਪ੍ਰਾਪਤ ਕੀਤਾ ਜਾਵੇ।'' ਉਨ੍ਹਾਂ ਕਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ, ਅਤੇ ਸਦਾ 100 ਪ੍ਰਤੀਸ਼ਤ ਹੀ ਦੇਣ ਦਾ ਇਰਾਦਾ ਧਾਰਿਆ।

ਪ੍ਰਨੌਤੀ ਦੀ ਕੰਪਨੀ ਵਿੱਚ ਉਨ੍ਹਾਂ ਦਾ ਸਹਿ-ਬਾਨੀ ਹੋਰ ਕੋਈ ਨਹੀਂ, ਉਨ੍ਹਾਂ ਦੇ ਪਤੀ ਰਿਸ਼ੀ ਇਸਰਾਨੀ ਹੀ ਹਨ; ਜੋ ਉਨ੍ਹਾਂ ਨਾਲ ਅਰੰਭ ਤੋਂ ਹੀ ਜੁੜੇ ਰਹੇ ਹਨ। ''ਮੈਂ ਜਦੋਂ ਇਕੱਲੀ ਸਾਂ ਤੇ ਵਿਚਾਰ-ਵਟਾਂਦਰੇ ਦੇ ਦੌਰ ਵਿਚੋਂ ਹੀ ਲੰਘ ਰਹੀ ਸਾਂ ਤੇ ਉਤਪਾਦ ਦਾ ਮੁਢਲਾ ਮਾੱਡਲ ਤਿਆਰ ਕਰ ਰਹੀ ਸਾਂ। ਫਿਰ ਉਹ ਸਾੱਫ਼ਟਵੇਅਰ ਮਾਹਿਰ ਦੇ ਤੌਰ ਉਤੇ ਉਹ ਇਸ ਉਤਪਾਦ ਦਾ ਅਹਿਮ ਹਿੱਸਾ ਬਣ ਗਏ ਅਤੇ ਅੰਤ ਪੂਰੀ ਤਰ੍ਹਾਂ ਇਸ ਕੰਪਨੀ ਨਾਲ ਆ ਜੁੜੇ।'' ਪ੍ਰਨੌਤੀ ਦਸਦੇ ਹਨ ਕਿ ਰਿਸ਼ੀ ਦੀ ਚਿਰੋਕਣੀ ਇੱਛਾ ਸੀ ਕਿ ਉਹ ਇੱਕ ਰੈਸਟੋਰੈਂਟ ਖੋਲ੍ਹਣ ਅਤੇ ਉਹ ਵੀ ਇੱਕ ਪਰਿਵਾਰ ਲਈ ਸਿਹਤਮੰਦ ਖਾਣੇ ਦੇ ਮਹੱਤਵ ਨੂੰ ਪਛਾਣਦੇ ਤੇ ਸਮਝਦੇ ਸਨ।

ਉਦੋਂ ਮਾਮਲਾ ਹੋਰ ਵੀ ਚੁਣੌਤੀਪੂਰਨ ਬਣ ਜਾਂਦਾ ਹੈ, ਜਦੋਂ ਤੁਸੀਂ ਕੰਮ ਕਰਦੇ ਹੋ ਤੇ ਇਕੱਠੇ ਰਹਿੰਦੇ ਹੋ, ਤਦ ਤੁਹਾਡੀਆਂ ਕੋਈ ਸੀਮਾਵਾਂ ਨਹੀਂ ਹੁੰਦੀਆਂ। ਪ੍ਰਨੌਤੀ ਅਜਿਹੀ ਸਥਿਤੀ ਲਈ ਹੱਲ ਸੁਝਾਉਂਦੇ ਹਨ ਕਿ ਹਰੇਕ ਵਿਅਕਤੀ ਦੇ ਕੰਮ ਕਰਨ ਦਾ ਇੱਕ ਖੇਤਰ ਸਪੱਸ਼ਟ ਤੌਰ ਉਤੇ ਤੈਅ ਕਰਨ ਦੀ ਲੋੜ ਹੁੰਦੀ ਹੈ, ਜਿਸ ਵਿੱਚ ਰਹਿ ਕੇ ਉਹ ਆਪਣੀ ਪੂਰੇ ਤਾਣ ਨਾਲ ਕੰਮ ਕਰ ਸਕੇ। ਉਹ ਕਹਿੰਦੇ ਹਨ,''ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ, ਅਸੀਂ ਦੋਵੇਂ ਪਹਿਲਾਂ ਆਪੋ-ਆਪਣੇ ਪੱਧਰ ਉਤੇ ਉਨ੍ਹਾਂ ਦਾ ਹੱਲ ਲਭਦੇ ਹਾਂ। ਕਈ ਵਾਰ ਦੂਜੇ ਨੂੰ ਗੱਲ ਸਮਝਾ ਵੀ ਨਹੀਂ ਸਕਦੇ ਪਰ ਹਰ ਵਾਰ ਗੱਲ ਨੂੰ ਅੱਗੇ ਵਧਾਉਣ ਦਾ ਰਾਹ ਖੁੱਲ੍ਹਾ ਰਖਦੇ ਹਾਂ ਤੇ ਇੰਝ ਫਿਰ ਹੱਲ ਲੱਭ ਹੀ ਜਾਂਦਾ ਹੈ।''

ਪਰ ਕੀ ਖੋਜਕਾਰ ਨੇ ਵੀ ਆਪਣੀ ਕਾਢ ਦੀ ਵਰਤੋਂ ਕੀਤੀ ਹੈ? ਪ੍ਰਨੌਤੀ ਦਸਦੇ ਹਨ,''ਜੀ ਹਾਂ, ਰੋਟੀਮੈਟਿਕ ਸਦਾ ਸਾਡੇ ਰਸੋਈਘਰ ਦੇ ਕਾਊਂਟਰ ਉਤੇ ਰਹਿੰਦੀ ਹੈ! ਮੈਂ ਇਹ ਮਸ਼ੀਨ ਆਪਣੀ ਤੰਦਰੁਸਤ ਖਾਣਾ ਹਾਸਲ ਕਰਨ ਦੀ ਸਮੱਸਿਆ ਹੱਲ ਕਰਨ ਲਈ ਤਾਂ ਈਜਾਦ ਕੀਤੀ ਸੀ; ਜਦੋਂ ਮੇਰੇ ਕੋਲ ਸਮਾਂ ਨਹੀਂ ਸੀ ਹੁੰਦਾ। ਹੁਣ ਇੱਕ ਪਤੀ, ਛੋਟਾ ਪੁੱਤਰ ਅਤੇ ਇੱਕ ਕਾਰੋਬਾਰ ਚਲਾਉਣ ਲਈ। ਰੋਟੀਮੈਟਿਕ ਹੁਣ ਸਾਡੇ ਰੋਜ਼ਾਨਾ ਦੇ ਖਾਣਿਆਂ ਦਾ ਇੱਕ ਅਟੁੱਟ ਅੰਗ ਬਣ ਚੁੱਕੀ ਹੈ।''

ਲੇਖਕ: ਸਮ੍ਰਿਤੀ ਮੋਦੀ

ਅਨੁਵਾਦ: ਮਹਿਤਾਬ-ਉਦ-ਦੀਨ

Add to
Shares
0
Comments
Share This
Add to
Shares
0
Comments
Share
Report an issue
Authors

Related Tags