ਮੰਜ਼ਿਲ ਦੀ ਭਾਲ ਵਿਚ ਰਿਕਸ਼ੇ ਦੀ ਪਹੀਏ ਉੱਤੇ ਦੌੜਦੇ 'ਨਵੀਨ' ਦੇ ਸੁਪਨੇ

9th Nov 2015
  • +0
Share on
close
  • +0
Share on
close
Share on
close

ਸੁਪਨੇ ਅਤੇ ਜ਼ਰੂਰਤਾਂ ਜ਼ਿੰਦਗੀ ਦੇ ਦੋ ਅਜਿਹੇ ਔਜਾਰ ਹਨ ਜਿਸ ਦੀ ਬਦੌਲਤ ਹਰ ਕੋਈ ਉਮੀਦ ਦੀ ਕਿਸ਼ਤੀ ਉੱਪਰ ਸਵਾਰ ਹੋ ਕੇ ਅੱਗੇ ਨਿਕਲਦਾ ਹੈ। ਜੋ ਤੇਜ਼ ਵਹਾਅ ਵਿਚ ਵੀ ਆਪਣੇ ਉੱਪਰ ਸੰਤੁਲਨ ਰੱਖ ਸਕਦਾ ਹੈ, ਉਸ ਦਾ ਕਿਨਾਰਾ ਤੈਅ ਹੁੰਦਾ ਹੈ। ਸੁਪਨੇ ਕਦੇ ਵੀ ਛੋਟੇ ਨਹੀਂ ਹੁੰਦੇ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਕੋਈ ਸਖਤ ਮਿਹਨਤ ਕਰਦਾ ਹੈ।

ਆਓ ਅਸੀਂ ਤੁਹਾਨੂੰ ਅਜਿਹੇ ਸ਼ਖ਼ਸ ਨਾਲ ਮਿਲਵਾਉਂਦੇ ਹਾਂ ਜੋ ਦੂਜਿਆਂ ਦੇ ਸੁਪਨੇ ਪੂਰੇ ਕਰਨ ਵਿਚ ਜੁਟਿਆ ਹੋਇਆ ਹੈ। ਇਸ ਸ਼ਖ਼ਸ ਦਾ ਨਾਂ ਹੈ ਨਵੀਨ ਕ੍ਰਿਸ਼ਨ। ਨਵੀਨ ਉਨ੍ਹਾਂ ਹਜ਼ਾਰਾਂ ਰਿਕਸ਼ਾ ਚਲਾਉਣ ਵਾਲਿਆਂ ਦੀ ਮੰਜ਼ਿਲ ਹੈ ਜਿਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦਾ ਵੀ ਆਪਣਾ ਰਿਕਸ਼ਾ ਹੋਵੇ। ਅਜਿਹੇ ਹੀ ਰਿਕਸ਼ਾ ਚਾਲਕਾਂ ਦੇ ਸੁਪਨੇ ਪੂਰੇ ਕਰਨ ਲਈ ਨਵੀਨ ਨੇ ਐਸਐਮਵੀ ਵ੍ਹੀਲਜ਼ ਦੀ ਸਥਾਪਨਾ ਕੀਤੀ।

image


ਵਾਰਾਣਸੀ ਵਿਚ ਕਾਇਮ ਐਸਐਮਵੀ ਵ੍ਹੀਲਜ਼ ਇਕ ਸਮਾਜਿਕ ਉਪਰਾਲਾ ਹੈ ਜੋ ਸਾਈਕਲ ਰਿਕਸ਼ਾ ਚਲਾਉਣ ਵਾਲਿਆਂ ਦੀ ਸਹਾਇਤਾ ਕਰਦਾ ਹੈ। ਇਹ ਕੰਪਨੀ ਸਾਈਕਲ ਰਿਕਸ਼ਾ ਵੇਚਣ ਦਾ ਕੰਮ ਕਰਦੀ ਹੈ ਜੋ ਆਸਾਨ ਕਿਸ਼ਤਾਂ ਉੱਤੇ ਚਾਲਕਾਂ ਨੂੰ ਰਿਕਸ਼ਾ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਉਹ ਹਫਤਾਵਾਰੀ ਕਿਸ਼ਤਾਂ ਰਾਹੀਂ ਤਕਰੀਬਨ ਇਕ ਸਾਲ ਵਿਚ ਰਿਕਸ਼ੇ ਦੀ ਕੀਮਤ ਦਾ ਭੁਗਤਾਨ ਕਰ ਸਕਣ। ਇਸ ਤੋਂ ਬਾਅਦ ਰਿਕਸ਼ੇ ਦੀ ਮਾਲਕੀਅਤ, ਚਾਲਕਾਂ ਨੂੰ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਨਿਯਮਤ ਹਫਤਾਵਾਰੀ ਕਿਸ਼ਤਾਂ ਭਰਨ ਕਾਰਨ ਉਨ੍ਹਾਂ ਦੀ ਚੰਗੀ ਸਾਖ ਬਣ ਜਾਂਦੀ ਹੈ ਅਤੇ ਬਾਅਦ ਵਿਚ ਕਦੇ ਲੋੜ ਪੈਣ 'ਤੇ ਕਰਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ ਜੋ ਅੱਗੇ ਚੱਲ ਕੇ ਉਨ੍ਹਾਂ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਈ ਹੋ ਸਕਦਾ ਹੈ। ਇਨ੍ਹਾਂ ਸਭ ਗੱਲਾਂ ਤੋਂ ਇਲਾਵਾ ਕੰਪਨੀ ਰਿਕਸ਼ਾ ਚਾਲਕਾਂ ਦਾ ਜੀਵਨ ਬੀਮਾ ਤੇ ਅਪਾਹਜ ਬੀਮਾ, ਰਿਕਸ਼ਾ ਚੋਰੀ ਤੇ ਦੁਰਘਟਨਾ ਬੀਮਾ ਵੀ ਕਰਵਾਉਂਦੀ ਹੈ। ਡਰਾਈਵਿੰਗ ਲਾਇਸੰਸ ਅਤੇ ਰਿਕਸ਼ਾ ਲਾਇਸੰਸ ਪ੍ਰਾਪਤ ਕਰਨ ਵਿਚ ਚਾਲਕਾਂ ਦੀ ਮਦਦ ਕਰਦੀ ਹੈ।

ਐਸਐਮਵੀ ਵ੍ਹੀਲਜ਼ ਦੇ ਸੰਸਥਾਪਕ ਤੇ ਪ੍ਰਬੰਧਕ ਨਿਰਦੇਸ਼ਕ ਨਵੀਨ ਨੇ ਸਮਾਜਿਕ ਕਾਰਜ ਵਿਸ਼ੇ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਹੈ। ਇਹ ਉਪਰਾਲੇ ਸ਼ੁਰੂ ਕਰਨ ਤੋਂ ਪਹਿਲਾਂ ਉਹ ਲੋੜਵੰਦ ਰਿਕਸ਼ਾ ਚਾਲਕਾਂ ਲਈ ਕੰਮ ਕਰਦੇ ਰਹੇ ਹਨ। ਪਹਿਲਾਂ ਉਹ ਸ਼ਹਿਰੀ ਵਿਕਾਸ ਮੰਤਰਾਲੇ ਦੀ ਵਿੱਤੀ ਸਹਾਇਤਾ ਸ਼ਾਖਾ 'ਕਪਾਰਟ' ਲਈ ਕੰਮ ਕਰਦੇ ਸਨ ਜਿਥੇ ਉਨ੍ਹਾਂ ਨੇ ਪੇਂਡੂ ਵਿਕਾਸ ਕੇਂਦਰ ਵਿਚ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਅਤੇ ਰਿਕਸ਼ਾ ਬੈਂਕ ਯੋਜਨਾ ਦੇ ਰਾਸ਼ਟਰੀ ਸੰਯੋਜਕ ਰਹੇ। ਉਨ੍ਹਾਂ ਤ੍ਰਿਪੁਰਾ, ਤਾਮਿਲਨਾਡੂ ਅਤੇ ਗੁਜਰਾਤ ਵਿਚ ਰਿਕਸ਼ਾ ਬੈਂਕ ਦੇ ਵਿਸਥਾਰ ਵਿਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਅਤੇ ਉਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਦਾ ਸ਼ੁਭ ਆਰੰਭ ਕੀਤਾ। ਆਪਣੇ ਕਾਰਜ ਕਾਲ ਵਿਚ ਉਨ੍ਹਾਂ ਨੇ ਅਸਾਮ ਵਿਚ 1200 ਰਿਕਸ਼ਾ ਚਾਲਕਾਂ ਨੂੰ ਰਿਕਸ਼ੇ ਦਾ ਮਾਲਕ ਬਣਾਇਆ ਅਤੇ ਲਖਨਊ, ਅਲਾਹਾਬਾਦ ਅਤੇ ਵਾਰਾਣਸੀ ਵਿਚ ਰਿਕਸ਼ਾ ਯੋਜਨਾਵਾਂ ਦੇ ਵਿਸਥਾਰ ਵਿਚ ਮੁੱਖ ਭੂਮਿਕਾ ਨਿਭਾਈ। ਰਿਕਸ਼ਾ ਬੈਂਕ ਯੋਜਨਾ ਵਿਚ ਸੇਵਾਵਾਂ ਦਿੰਦੇ ਹੋਏ ਹੀ ਉਨ੍ਹਾਂ ਨੂੰ ਖੁਦ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਨਵੀਨ ਨੇ ਦੱਸਿਆ, "ਮੈਂ ਦੇਖਿਆ ਕਿ ਰਿਕਸ਼ਾ ਮੁਹੱਈਆ ਕਰਵਾਉਣ ਦਾ ਕਾਰਜ ਆਪਣੇ ਆਪ ਵਿਚ ਉਤਸ਼ਾਹ ਵਾਲੀ ਵਪਾਰਕ ਗਤੀਵਿਧੀ ਬਣ ਸਕਦਾ ਹੈ ਤੇ ਖੁਦ ਆਪਣੀ ਮੰਗ ਪੈਦਾ ਕਰਨ ਵਿਚ ਸਹਾਇਕ ਵੀ ਹੋ ਸਕਦਾ ਹੈ। ਗੈਰ-ਸਰਕਾਰੀ ਸੰਸਥਾਵਾਂ ਵਾਂਗੂ ਬਾਜ਼ਾਰ ਵਿਚ ਨਵੇਂ ਰਿਕਸ਼ਿਆਂ ਦੀ ਭਰਮਾਰ ਕਰਕੇ ਨਹੀਂ, ਸਗੋਂ ਇਹ ਮੰਗ ਇਸ ਕਾਰਜ ਵਿਚੋਂ ਹੀ ਪੈਦਾ ਹੋਵੇਗੀ। ਜਦੋਂ ਮੌਜੂਦਾ ਵੰਡ ਪ੍ਰਣਾਲੀ ਵਿਚ ਲੋੜੀਂਦਾ ਸੁਧਾਰ ਕੀਤਾ ਜਾਵੇਗਾ ਤੇ ਜਦ ਰਿਕਸ਼ਾ ਚਾਲਕ ਖੁਦ ਆਪਣੇ ਰਿਕਸ਼ਿਆਂ ਦੇ ਮਾਲਕ ਹੋਣਗੇ ਤਾਂ ਉਨ੍ਹਾਂ ਦੇ ਆਤਮ ਸਨਮਾਨ ਵਿਚ ਵਾਧਾ ਹੋਵੇਗਾ।

ਐਸਐਮਵੀ ਵ੍ਹੀਲਜ਼ ਦੀ ਸਥਾਪਨਾ ਅਪਰੈਲ 2010 ਵਿਚ ਹੋਈ ਅਤੇ ਉਸ ਨੇ ਆਪਣਾ ਪਹਿਲਾ ਰਿਕਸ਼ਾ ਨਵੰਬਰ ਵਿਚ ਵੇਚਿਆ। ਰਿਕਸ਼ਾ ਚਾਲਕ ਭਾਈਚਾਰੇ ਪ੍ਰਤੀ ਨਵੀਨ ਦੀ ਸੰਵੇਦਨਸ਼ੀਲਤਾ ਅਤੇ ਆਪਣੇ ਵਪਾਰ ਮਾਡਲ ਉਪਰ ਉਨ੍ਹਾਂ ਦੇ ਅਤੁੱਟ ਵਿਸ਼ਵਾਸ ਕਾਰਨ ਬਹੁਤ ਸਾਰੇ ਅੰਤਰਰਾਸ਼ਟਰੀ ਨਿਵੇਸ਼ਕ ਇਸ ਯੋਜਨਾ ਵੱਲ ਖਿੱਚੇ ਗਏ। 2011 ਵਿਚ ਨਵੀਨ ਦੀ ਦੇਖ ਰੇਖ ਵਿਚ ਐਸਐਮਵੀ ਵ੍ਹੀਲਜ਼ ਨੇ ਸੰਕਲਪ ਪੁਰਸਕਾਰ ਅਤੇ ਫਸਟ ਲਾਈਟ ਵਿਲੇਜ਼ ਕੈਪੀਟਲ ਅਵਾਰਡ ਜਿੱਤਿਆ। ਉਨ੍ਹਾਂ ਦਾ ਇਹ ਉੱਦਮ ਅਨਰੀਜ਼ਨਏਬਲ ਇੰਸਟੀਚਿਊਟ ਦੀ ਚੋਣ ਵਿਚ ਆਖਰੀ ਪੜਾਅ ਤੱਕ ਪਹੁੰਚਿਆ ਅਤੇ ਉਹ ਪਰਿਵਰਤਨ ਯੋਗ ਅਸ਼ਟਾਮ ਦੇ ਰੂਪ ਵਿਚ ਤਿੰਨ ਲੱਖ ਦੀ ਪੂੰਜੀ ਜੁਟਾਉਣ ਵਿਚ ਕਾਮਯਾਬ ਹੋਏ। ਇਸ ਪੂੰਜੀ ਦੀ ਵਰਤੋਂ ਕੰਪਨੀ ਦੇ ਵਿਸਥਾਰ ਵਿਚ ਕੀਤੀ ਅਤੇ ਜੌਨਪੁਰ ਵਿਚ ਇਸ ਦੀ ਪਹਿਲੀ ਸ਼ਾਖਾ ਖੋਲ੍ਹੀ ਗਈ। ਉਨ੍ਹਾਂ ਨੇ ਹੁਣੇ ਹੀ ਵਿਤਰਨ ਵਿਵਸਥਾ ਵਿਚ ਅੰਦਰੂਨੀ ਸੁਧਾਰ ਕਰਨ ਲਈ ਕਦਮ ਉਠਾਏ ਜਿਸ ਨਾਲ ਗੁਣਵੱਤਾ ਕਾਇਮ ਰੱਖੀ ਜਾ ਸਕੇ ਅਤੇ ਨਾਲ ਹੀ ਬੇਲੋੜੇ ਖ਼ਰਚਿਆਂ ਵਿਚ ਵੀ ਕਟੌਤੀ ਕੀਤੀ ਜਾ ਸਕੇ।

ਨਵੀਨ ਮੁਤਾਬਕ ਗਰੀਬਾਂ ਨੂੰ ਰਿਕਸ਼ਾ ਮੁਹੱਈਆ ਕਰਵਾਉਣਾ ਨਵਾਂ ਵਿਚਾਰ ਨਹੀਂ ਹਨ, ਪਰ ਐਸਐਮਵੀ ਵ੍ਹੀਲਜ਼ ਇਕ 'ਲਾਭ ਲਈ' ਸ਼ੁਰੂ ਕੀਤੀ ਗਈ ਰਿਕਸ਼ਾ ਵਿਤਰਨ ਕੰਪਨੀ ਹੈ ਅਤੇ ਇਹ ਗੱਲ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਉਹ ਇਸ ਯੋਜਨਾ ਵਿਚ ਵੱਡੀ ਮਾਤਰਾ ਵਿਚ ਪੂੰਜੀ ਨਿਵੇਸ਼ ਤੋਂ ਝਿਜਕਦੇ ਨਹੀਂ। ਇਹ ਵਪਾਰਕ ਗਤੀਵਿਧੀ ਉਤਸ਼ਾਹਿਤ ਕਰਨ ਵਾਲੀ ਹੈ ਤੇ ਆਪਣੇ ਪੈਰਾਂ 'ਤੇ ਖੜ੍ਹੀ ਹੈ ਕਿਉਂਕਿ ਉਹ ਪੂੰਜੀ ਦਾ ਵਾਰ-ਵਾਰ ਪੁਨਰ ਨਿਵੇਸ਼ ਕਰਦੀ ਹੈ ਅਤੇ ਰਿਕਸ਼ਾ ਚਾਲਕਾਂ ਵਿਚ ਵੱਧ ਤੋਂ ਵੱਧ ਆਤਮ ਵਿਸ਼ਵਾਸ ਪੈਦਾ ਕਰਦੀ ਹੈ। ਉਹ ਆਪਣੀ ਮਿਹਨਤ ਦੀ ਕਮਾਈ ਨਾਲ ਰਿਕਸ਼ਾ ਖਰੀਦਣ ਦੇ ਯੋਗ ਹੁੰਦੇ ਹਨ ਅਤੇ ਇਸ ਤਰ੍ਹਾਂ ਦੂਜਿਆਂ 'ਤੇ ਨਿਰਭਰਤਾ ਖਤਮ ਹੋ ਜਾਂਦੀ ਹੈ। ਅਸਲ ਵਿਚ ਐਸਐਮਵੀ ਵ੍ਹੀਲਜ਼ ਰਿਕਸ਼ਾ ਵੇਚਣ ਦਾ ਨਹੀਂ, ਸਗੋਂ ਰਿਕਸ਼ਾ ਚਾਲਕਾਂ ਨਾਲ ਆਪਣੇ ਸਬੰਧਾਂ ਦਾ ਵਪਾਰ ਕਰਦੀ ਹੈ ਜਿਸ ਦਾ ਇਕ ਫਾਇਦਾ ਇਹ ਹੈ ਕਿ ਉਨ੍ਹਾਂ ਨੂੰ ਬੀਮਾ ਅਤੇ ਕਾਨੂੰਨੀ ਤੌਰ 'ਤੇ ਰਿਕਸ਼ਾ ਚਲਾਉਣ ਦਾ ਸਨਮਾਨ ਤੇ ਬੇਫਿਕਰੀ ਮਿਲ ਜਾਂਦੀ ਹੈ। ਗਾਹਕ ਆਪਣੇ ਰੁਜ਼ਗਾਰ, ਪੂਰਨ ਆਤਮ ਵਿਸ਼ਵਾਸ ਤੇ ਆਤਮ ਸਨਮਾਨ ਨਾਲ ਚਲਾਉਂਦੇ ਹਨ।

ਕੰਪਨੀ ਆਪਣੇ ਰਿਕਸ਼ੇ ਅਸਲ ਕੀਮਤ ਤੋਂ ਥੋੜ੍ਹੀ ਵੱਧ ਕੀਮਤ ਉਪਰ ਵੇਚ ਕੇ ਲਾਭ ਕਮਾਉਂਦੀ ਹੈ। ਉਹ ਰਿਕਸ਼ੇ ਦੇ ਪਿੱਛੇ ਥੋੜ੍ਹੀ ਜਿਹੀ ਜਗ੍ਹਾ ਇਸ਼ਤਿਹਾਰਾਂ ਲਈ ਛੱਡਦੇ ਹਨ ਤੇ ਇਸ ਦੀ ਆਮਦਨ ਨੂੰ ਰਿਕਸ਼ਾ ਚਾਲਕਾਂ ਨਾਲ ਸਾਂਝਾ ਕਰਦੇ ਹਨ। ਐਸਐਮਵੀ ਵ੍ਹੀਲਜ਼ ਰਿਕਸ਼ਿਆਂ ਦੀ ਖਰੀਦ ਕਰਦੀ ਹੈ, ਉਨ੍ਹਾਂ ਦੀ ਬੀਮੇ ਤੇ ਲਾਇਸੰਸ ਬਾਰੇ ਮੁਕੰਮਲ ਕਾਰਵਾਈਆਂ ਦਾ ਨਿਬੇੜਾ ਕਰਦੀ ਹੈ ਅਤੇ ਇਸ ਤਰ੍ਹਾਂ ਰਿਕਸ਼ੇ ਦੀ ਕੁੱਲ ਲਾਗਤ 11500 ਰੁਪਏ ਆਉਂਦੀ ਹੈ ਜਿਸ ਵਿਚ ਕੇਵਾਈਸੀ ਨਿਯਮਾਂ ਦੀ ਜਾਂਚ, ਰਿਕਸ਼ੇ ਵਾਲਿਆਂ ਵੱਲ ਕੰਪਨੀ ਕਰਮਚਾਰੀਆਂ ਦੇ ਹਫਤਾਵਾਰੀ ਦੌਰੇ ਆਦਿ ਸ਼ਾਮਲ ਹੁੰਦੇ ਹਨ। ਇਸ ਤੋਂ ਬਾਅਦ ਗਾਹਕ (ਰਿਕਸ਼ਾ ਚਾਲਕ) ਹਰ ਹਫਤੇ ਆਸਾਨ ਕਿਸ਼ਤਾਂ ਦੀ ਅਦਾਇਗੀ ਕਰਦਾ ਰਹਿੰਦਾ ਹੈ ਤੇ ਇਕ ਸਾਲ ਵਿਚ ਉਹ ਰਿਕਸ਼ੇ ਦਾ ਮਾਲਕ ਬਣ ਜਾਂਦਾ ਹੈ।

ਇਸ ਸਮੇਂ ਬਨਾਰਸ ਤੇ ਜੌਨਪੁਰ ਵਿਚ ਐਸਐਮਵੀ ਵ੍ਹੀਲਜ਼ ਦੇ 15 ਕਰਮਚਾਰੀ ਕੰਮ ਕਰ ਰਹੇ ਹਨ ਅਤੇ ਝਾਰਖੰਡ ਵਿਚ ਇਕ ਸ਼ਾਖਾ ਲਈ ਹੋਰ ਕਰਮਚਾਰੀ ਨਿਯੁਕਤ ਕਰਨ ਦੀ ਯੋਜਨਾ ਹੈ। ਤਕਰੀਬਨ 1200 ਐਸਐਮਵੀ ਵ੍ਹੀਲਜ਼ ਰਿਕਸ਼ੇ ਅੱਜ ਸੜਕਾਂ 'ਤੇ ਦੌੜ ਰਹੇ ਹਨ ਅਤੇ ਡੇਢ ਸੌ ਰਿਕਸ਼ਾ ਚਾਲਕਾਂ ਨੂੰ ਰਿਕਸ਼ਿਆਂ ਦੀ ਮਾਲਕੀ ਮਿਲ ਚੁੱਕੀ ਹੈ। ਨਵੀਨ ਨੇ ਕਿਹਾ, "ਅਸੀਂ ਦੇਸ਼ ਦੇ ਤਕਰੀਬਨ ਇਕ ਕਰੋੜ (ਦਸ ਮਿਲੀਅਨ) ਰਿਕਸ਼ਾ ਚਾਲਕਾਂ ਵਿਚੋਂ 20 ਫੀਸਦੀ ਨੂੰ ਲਾਭ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਹਾਂ।" ਇਸ ਉਪਰਾਲੇ ਤਹਿਤ ਹਾਲ ਹੀ ਵਿਚ ਉੱਤਰ ਪ੍ਰਦੇਸ਼ ਵਿਚ ਸਰਕਾਰ ਨਾਲ ਮਿਲ ਕੇ ਸੌਰ ਰਿਕਸ਼ਾ ਲਾਂਚ ਕਰਨ ਦਾ ਸਮਝੌਤਾ ਕੀਤਾ ਹੈ ਅਤੇ ਹੁਣ ਤੱਕ 50 ਰਿਕਸ਼ਾ ਚਾਲਕਾਂ ਨੂੰ ਸੌਰ ਰਿਕਸ਼ਾ ਚਲਾਉਣ ਦੀ ਸਿਖਲਾਈ ਦਿੱਤੀ ਹੈ। ਅਗਲੇ ਪੰਜ ਸਾਲਾਂ ਵਿਚ ਨਵੀਨ ਆਪਣੀ ਖੁਦ ਦੀ ਰਿਕਸ਼ਾ ਨਿਰਮਾਣ ਇਕਾਈ ਸ਼ੁਰੂ ਕਰਨਾ ਚਾਹੁੰਦੇ ਹਨ ਜਿਸ ਨਾਲ ਰਿਕਸ਼ਿਆਂ ਦੀ ਵਧਦੀ ਮੰਗ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ।

ਅੱਜ ਭਾਵੇਂ ਐਸਐਮਵੀ ਵ੍ਹੀਲਜ਼ ਸਫਲ ਕੰਪਨੀ ਵਾਂਗੂ ਕੰਮ ਕਰ ਰਹੀ ਹੈ, ਪਰ ਸ਼ੁਰੂਆਤੀ ਦੌਰ ਵਿਚ ਇਹ ਇੰਨਾ ਆਸਾਨ ਨਹੀਂ ਸੀ। ਨਵੀਨ ਨੇ ਦੱਸਿਆ, "ਐਸਐਮਵੀ ਵ੍ਹੀਲਜ਼ ਦਾ ਸ਼ੁਰੂਆਤੀ ਦੌਰ ਕਾਫੀ ਕਠਿਨ ਸੀ। ਵਾਰਾਣਸੀ ਦੇ ਨਿਵੇਸ਼ਕਾਂ ਨਾਲ ਸੰਪਰਕ ਕਰਨਾ ਤੇ ਉਨ੍ਹਾਂ ਨੂੰ ਆਪਣੀ ਯੋਜਨਾ ਵੱਲ ਖਿੱਚਣਾ ਵੱਡੀ ਚੁਣੌਤੀ ਸੀ, ਕਿਉਂਕਿ ਅਸੀਂ ਦਿੱਲੀ ਜਾਂ ਮੁੰਬਈ ਵਰਗੇ ਕਿਸੇ ਵੱਡੇ ਸ਼ਹਿਰ ਵਿਚ ਕੰਮ ਨਹੀਂ ਕਰ ਰਹੇ ਸਾਂ। ਇਸ ਲਈ ਮੁੰਬਈ ਤੇ ਦਿੱਲੀ ਵਿਚ ਘੱਟ ਤੋਂ ਘੱਟ ਇਕ ਹਜ਼ਾਰ ਵਾਰ ਨਿਵੇਸ਼ਕਾਂ ਨੂੰ ਸੰਖੇਪ ਜਾਣਕਾਰੀਆਂ ਦੇਣੀਆਂ ਪਈਆਂ ਅਤੇ 500 ਤੋਂ ਵੱਧ ਪਾਵਰ ਪੁਆਇੰਟ ਪੇਸ਼ਕਾਰੀਆਂ ਦੇਣੀਆਂ ਪਈਆਂ।" ਇਸ ਦੌਰਾਨ ਉਨ੍ਹਾਂ ਨੂੰ ਭੀੜ ਭਰੀਆਂ ਟ੍ਰੇਨਾਂ ਵਿਚ ਸਫਰ ਕਰਨਾ ਪਿਆ ਤੇ ਢਾਬਿਆਂ 'ਤੇ ਖਾਣਾ ਖਾ ਕੇ ਗੁਜ਼ਾਰਾ ਕਰਨਾ ਪਿਆ। ਇਸ ਤੋਂ ਇਲਾਵਾ ਕਠਿਨ ਸਮਾਜਿਕ ਤੇ ਘਰੇਲੂ ਚੁਣੌਤੀਆਂ ਤਾਂ ਹੈ ਹੀ ਸਨ, ਪਰ ਅੱਜ ਉਨ੍ਹਾਂ ਪਲਾਂ ਨੂੰ ਯਾਦ ਕਰਕੇ ਨਵੀਨ ਬਹੁਤ ਸੰਤੁਸ਼ਟ ਹਨ, ਕਿਉਂਕਿ ਨਾ ਸਿਰਫ ਇਹ ਕਦਮ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਵਿਚ ਸਹਾਇਕ ਰਿਹਾ ਹੈ, ਸਗੋਂ ਇਸ ਦੀ ਬਦੌਲਤ ਅਨੇਕਾਂ ਰਿਕਸ਼ਾ ਚਾਲਕਾਂ ਦੇ ਜੀਵਨ ਵਿਚ ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ।

  • +0
Share on
close
  • +0
Share on
close
Share on
close

Our Partner Events

Hustle across India