ਜ਼ੋਰਦਾਰ ਤੇ ਵਧੀਆ ਹੈ ਟਾਂਕ-ਸਮ ਦਾ ਵਿਚਾਰ

11th Dec 2015
  • +0
Share on
close
  • +0
Share on
close
Share on
close

ਮੇਰਾ ਸਦਾ ਇਹ ਮੰਨਣਾ ਰਿਹਾ ਸੀ ਕਿ ਪੌਣ-ਪਾਣੀ ਤੇ ਵਾਤਾਵਰਣ ਜਿਹੇ ਮੁੱਦੇ ਕੇਵਲ ਅੰਗਰੇਜ਼ੀ ਬੋਲਣ ਵਾਲੇ ਕੁੱਝ ਅਖੌਤੀ ਉਚ ਵਰਗ ਦੇ ਲੋਕਾਂ ਵੱਲੋਂ ਉਸਾਰੇ ਗਏ ਭੰਬਲ਼ਭੂਸੇ ਹਨ। ਮੈਂ ਇਹੋ ਸੋਚਦਾ ਸਾਂ ਕਿ ਆਮ ਆਦਮੀ ਲਈ ਇਸ ਤੋਂ ਵੱਧ ਅਹਿਮ ਹੋਰ ਬਹੁਤ ਸਾਰੇ ਮਸਲੇ ਹਨ। ਪਰ ਅੱਜ ਮੈਨੂੰ ਇਹ ਜ਼ਰੂਰ ਮੰਨਣਾ ਪੈਣਾ ਹੈ ਕਿ ਮੈਂ ਗ਼ਲਤ ਸਾਂ। ਪਿਛਲੇ ਕੁੱਝ ਸਮੇਂ ਦੌਰਾਨ ਆਮ ਲੋਕਾਂ 'ਚ ਕੋਈ ਵੀ ਹੋਰ ਮੁੱਦਾ ਇੰਨਾ ਨਹੀਂ ਛਾਇਆ; ਜਿੰਨੀ ਚਰਚਾ ਇਸ ਟਾਂਕ-ਸਮ (ਔਡ-ਈਵਨ) ਫ਼ਾਰਮੂਲੇ ਉਤੇ ਹੋ ਰਹੀ ਹੈ। ਇਹ ਮਾਮਲਾ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 'ਪਰਿਆਵਰਣ ਐਮਰਜੈਂਸੀ' ਦੇ ਮੱਦੇਨਜ਼ਰ ਵਾਹਨਾਂ ਨੂੰ ਸੜਕਾਂ ਉਤੇ ਚੱਲਣ ਦੀ ਮਨਜ਼ੂਰੀ ਦੇਣ ਨਾਲ ਸਬੰਧਤ ਹੈ। ਦਰਅਸਲ, ਦਿੱਲੀ ਹਾਈ ਕੋਰਟ ਨੇ ਆਪਣੇ ਇੱਕ ਫ਼ੈਸਲੇ ਵਿੱਚ ਕਿਹਾ ਸੀ ਕਿ ਦੇਸ਼ ਦੀ ਰਾਜਧਾਨੀ ਹੁਣ ਇੱਕ 'ਗੈਸ ਚੈਂਬਰ' ਵਿੱਚ ਤਬਦੀਲ ਹੋ ਕੇ ਰਹਿ ਗਈ ਹੈ। ਅਚਾਨਕ ਹਰ ਕੋਈ ਇਸ ਮੁੱਦੇ ਉਤੇ ਗੱਲ ਕਰਨ ਲੱਗ ਪਿਆ। ਕੁੱਝ ਸੰਸਦ ਮੈਂਬਰ ਤਾਂ 'ਮਾਸਕ' ਪਹਿਨ ਕੇ ਆਉਂਦੇ ਵੇਖੇ ਗਏ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਿੱਲੀ 'ਚ ਪ੍ਰਦੂਸ਼ਣ ਖ਼ਤਰੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਅਤੇ ਇਸ ਹਾਲਤ ਨਾਲ ਪਹਿਲ ਦੇ ਆਧਾਰ ਉਤੇ ਨਿਪਟਣਾ ਹੋਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਸਾਲ 2014 ਦੌਰਾਨ ਵਿਸ਼ਵ ਦੇ 160 ਸ਼ਹਿਰਾਂ ਦੀ ਸੂਚੀ ਵਿੱਚੋਂ ਦਿੱਲੀ ਨੂੰ ਸਭ ਤੋਂ ਵੱਧ ਦੂਸ਼ਿਤ ਐਲਾਨਿਆ ਸੀ। ਰਾਸ਼ਟਰੀ ਰਾਜਧਾਨੀ ਦੇ ਦਿਸਹੱਦੇ ਉਤੇ ਇੱਕ ਕੌੜੀ ਜ਼ਹਿਰੀਲੀ ਧੁੰਦ ਵੇਖੀ ਜਾ ਸਕਦੀ ਹੈ ਅਤੇ ਜਿਵੇਂ-ਜਿਵੇਂ ਠੰਢ ਦੀ ਜਕੜ ਵਧਦੀ ਜਾ ਰਹੀ ਹੈ ਤਿਵੇਂ-ਤਿਵੇਂ ਉਹ ਜ਼ਹਿਰੀਲੀ ਧੁੰਦ ਵੀ ਸੰਣੀ ਹੁੰਦੀ ਜਾ ਰਹੀ ਹੈ। ਇਸੇ ਸੰਦਰਭ ਵਿੱਚ ਦਿੱਲੀ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਇੱਕ ਅਜਿਹੀ ਯੋਜਨਾ ਸ਼ੁਰੂ ਕੀਤੀ ਜਾਵੇਗੀ; ਜਿਸ ਅਧੀਨ ਇੱਕ ਦਿਨ ਕੇਵਲ ਉਹ ਵਾਹਨ ਸੜਕਾਂ ਉਤੇ ਚੱਲਿਆ ਕਰਨਗੇ ਜਿਨ੍ਹਾਂ ਦੇ ਰਜਿਸਟਰੇਸ਼ਨ ਨੰਬਰ ਦਾ ਆਖ਼ਰੀ ਅੰਕ ਟਾਂਕ ਭਾਵ 'ਔਡ' ਹੋਵੇਗਾ ਅਤੇ ਉਸ ਤੋਂ ਅਗਲੇ ਦਿਨ ਕੇਵਲ ਸਮ ਜਾਂ ਜਿਸਤ ਭਾਵ 'ਈਵਨ' ਅੰਕ ਨਾਲ ਖ਼ਤਮ ਹੁੰਦੇ ਵਾਹਨ ਸੜਕਾਂ ਉਤੇ ਉਤਰਿਆ ਕਰਨਗੇ। ਇਸ ਦਾ ਸਿੱਧਾ ਮਤਲਬ ਹੈ ਕਿ ਦਿੱਲੀ ਦੀਆਂ ਸੜਕਾਂ ਉਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਅੱਧੀ ਰਹਿ ਜਾਵੇਗੀ। ਭਾਰਤ 'ਚ ਇਹ ਆਪਣੀ ਕਿਸਮ ਦਾ ਇੱਕ ਨਿਵੇਕਲਾ ਤਜਰਬਾ ਹੋਵੇਗਾ; ਜਿਸ ਕਰ ਕੇ ਇਸ ਨੇ ਸਭਨਾਂ ਦਾ ਧਿਆਨ ਖਿੱਚਿਆ ਹੈ। ਬਹੁਤ ਸਾਰੇ ਲੋਕ ਚਿੰਤਤ ਹਨ। ਇਹ ਚਿੰਤਾ ਚਾਰ ਵਰਗਾਂ ਵਿੱਚ ਵੰਡੀ ਜਾ ਸਕਦੀ ਹੈ।

1. ਉਸ ਹਾਲਤ ਵਿੱਚ ਕੀ ਵਾਪਰੇਗਾ ਜੇ ਕਿਸੇ ਦਿਨ ਮੈਡੀਕਲ ਐਮਰਜੈਂਸੀ ਆਣ ਪਈ ਤੇ ਉਸ ਦਿਨ ਘਰ ਦੀ ਕਾਰ ਆਪਣੇ ਰਜਿਸਟਰੇਸ਼ਨ ਨੰਬਰ ਦੇ ਆਖ਼ਰੀ ਅੰਕ ਕਾਰਣ ਸੜਕ ਉਤੇ ਚੱਲ ਨਹੀਂ ਸਕੇਗੀ?

2. 'ਵੱਖਰੀ ਤਰ੍ਹਾਂ ਨਾਲ ਯੋਗ' (ਅੰਗਹੀਣ) ਵਿਅਕਤੀਆਂ ਦਾ ਕੀ ਹੋਵੇਗਾ, ਜਿਨ੍ਹਾਂ ਨੇ ਆਪਣੀ ਸਰੀਰਕ ਯੋਗਤਾ ਅਨੁਸਾਰ ਆਪਣੇ ਵਾਹਨ ਖ਼ਾਸ ਤੌਰ ਉਤੇ ਤਿਆਰ ਕਰਵਾਏ ਹੋਏ ਹਨ? ਜਿਸ ਦਿਨ ਉਨ੍ਹਾਂ ਦੀ ਕਾਰ ਸੜਕ ਉਤੇ ਚੱਲਣ ਤੋਂ ਅਯੋਗ ਹੋਵੇਗੀ, ਉਸ ਦਿਨ ਉਨ੍ਹਾਂ ਦਾ ਆਉਣਾ-ਜਾਣਾ ਕਿਵੇਂ ਸੰਭਵ ਹੋਵੇਗਾ? ਇਹ ਵਰਗ ਉਨ੍ਹਾਂ ਲੋਕਾਂ ਦਾ ਹੈ ਜੋ ਕਿ ਜਨਤਕ ਆਵਾਜਾਈ ਦੇ ਆਮ ਸਾਧਨਾਂ ਵਿੱਚ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਹਾਲੇ ਤੱਕ ਦਿੱਲੀ ਵਿੱਚ ਉਨ੍ਹਾਂ ਦਾ ਉਸ ਤਰ੍ਹਾਂ ਦਾ ਕੋਈ ਖ਼ਿਆਲ ਨਹੀਂ ਰੱਖਿਆ ਗਿਆ ਹੈ, ਜਿਵੇਂ ਕਿ ਹੋਰ ਸਾਰੇ ਵਿਕਸਤ ਦੇਸ਼ਾਂ ਵਿੱਚ ਰੱਖਿਆ ਜਾਂਦਾ ਹੈ।

image


3. ਉਨ੍ਹਾਂ ਕੰਮਕਾਜੀ ਮਹਿਲਾਵਾਂ ਦਾ ਕੀ ਹੋਵੇਗਾ, ਜੋ ਆਪਣੀਆਂ ਕਾਰਾਂ ਰਾਹੀਂ ਯਾਤਰਾ ਕਰਦੀਆਂ ਹਨ ਅਤੇ ਜਿਨ੍ਹਾਂ ਨੂੰ ਦੇਰ ਰਾਤ ਤੱਕ ਡਿਊਟੀਆਂ ਕਰਨੀਆਂ ਪੈਂਦੀਆਂ ਹਨ। ਉਸ ਦਿਨ ਉਹ ਡਿਊਟੀ ਉਤੇ ਕਿਵੇਂ ਜਾਣਗੀਆਂ, ਜਿਸ ਦਿਨ ਉਨ੍ਹਾਂ ਦੀ ਕਾਰ ਸੜਕਾਂ ਉਤੇ ਨਹੀਂ ਨਿੱਕਲ ਸਕੇਗੀ? ਕੀ ਉਨ੍ਹਾਂ ਦੀ ਸੁਰੱਖਿਆ ਨੂੰ ਤਦ ਖ਼ਤਰਾ ਪੈਦਾ ਨਹੀਂ ਹੋ ਜਾਵੇਗਾ ਤੇ ਕੀ ਇੰਝ ਉਹ ਰਾਤਾਂ ਦੀਆਂ ਡਿਊਟੀਆਂ ਕਰਨ ਤੋਂ ਇਨਕਾਰ ਨਹੀਂ ਕਰਨ ਲੱਗ ਪੈਣਗੀਆਂ?

4. ਬਹੁਤੀ ਚਿੰਤਾ ਉਨ੍ਹਾਂ ਮਾਪਿਆਂ ਦੀ ਵੀ ਹੈ, ਜੋ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਜਾਂ ਲੋਕਲ ਆਟੋ-ਰਿਕਸ਼ਿਆਂ ਵਿੱਚ ਭੇਜਣਾ ਨਹੀਂ ਚਾਹੁੰਦੇ; ਸਗੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੇ ਉਥੋਂ ਲਿਆਉਣ ਲਈ ਕੇਵਲ ਆਪਣੇ ਵਾਹਨ ਦੀ ਹੀ ਵਰਤੋਂ ਕਰਦੇ ਹਨ।

ਇਹ ਸਾਰੀਆਂ ਚਿੰਤਾਵਾਂ ਬਹੁਤ ਜਾਇਜ਼ ਹਨ ਤੇ ਇਨ੍ਹਾਂ ਦਾ ਕੋਈ ਵਾਜਬ ਹੱਲ ਲੱਭਿਆ ਜਾਣਾ ਚਾਹੀਦਾ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਕਿ ਵਿਰੋਧੀ ਪਾਰਟੀਆਂ ਦੇ ਬਿਆਨਾਂ ਕਾਰਣ ਕੁੱਝ ਭੰਬਲ਼ਭੂਸਾ ਵੀ ਉਸਰ ਗਿਆ ਹੈ। 'ਆਮ ਆਦਮੀ ਪਾਰਟੀ' ਦਾ ਪ੍ਰਤੀਨਿਧ ਹੋਣ ਦੇ ਨਾਤੇ ਮੈਂ ਤੁਹਾਨੂੰ ਸਭਨਾਂ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਹਾਲੇ ਇਸ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ; ਕੇਵਲ ਇੱਕ ਨੀਤੀਗਤ ਫ਼ੈਸਲਾ ਲਾਗੂ ਕਰਨ ਦੀ ਇੱਛਾ ਹੀ ਪ੍ਰਗਟਾਈ ਗਈ ਹੈ ਅਤੇ ਇਸ ਨੂੰ ਅਸਲ ਵਿੱਚ ਲਾਗੂ ਕਰਨ ਦੀ ਮਿਤੀ ਦਾ ਐਲਾਨ ਕੀਤਾ ਗਿਆ ਹੈ। ਦੂਜੇ, ਇੱਕ ਯੋਜਨਾ ਉਲੀਕਣ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ; ਜਿਸ ਵਿੱਚ ਆਵਾਜਾਈ ਨਾਲ ਸਬੰਧਤ ਮਾਮਲਿਆਂ ਦੇ ਪ੍ਰਮੁੱਖ ਸਕੱਤਰ, ਵਾਤਾਵਰਣ ਮਾਮਲਿਆਂ ਦੇ ਸਕੱਤਰ ਅਤੇ ਮਾਲ ਸਕੱਤਰ ਸ਼ਾਮਲ ਹਨ। ਇਹ ਕਮੇਟੀ ਸਾਰੀਆਂ ਸਬੰਧਤ ਧਿਰਾਂ ਦੇ ਵਿਚਾਰ ਜਾਣੇਗੀ ਤੇ ਉਨ੍ਹਾਂ ਦੇ ਸੁਝਾਅ, ਸਿਫ਼ਾਰਸ਼ਾਂ ਤੇ ਵਿਚਾਰ ਇਕੱਠੇ ਕਰੇਗੀ। ਫਿਰ ਮਿਲ ਬੈਠ ਕੇ ਕੋਈ ਆਖ਼ਰੀ ਫ਼ੈਸਲਾ ਲਿਆ ਜਾਵੇਗਾ ਤੇ ਅਜਿਹਾ ਫ਼ਾਰਮੂਲਾ ਲਾਗੂ ਕੀਤਾ ਜਾਵੇਗਾ। ਇਸ ਲਈ ਮੇਰੀ ਸਭਨਾਂ ਨੂੰ ਸਲਾਹ ਹੈ ਕਿ ਡਰ ਵਾਲਾ ਮਾਹੌਲ ਪੈਦਾ ਨਾ ਕਰੋ। ਅੰਤਿਮ ਯੋਜਨਾ ਸਾਹਮਣੇ ਆਉਣ ਦੀ ਉਡੀਕ ਕਰੋ ਅਤੇ ਫਿਰ ਉਸ ਮੁਤਾਬਕ ਹੀ ਆਪਣੇ ਪ੍ਰਤੀਕਰਮ ਪ੍ਰਗਟਾਓ। ਪ੍ਰਸਤਾਵ ਤੋਂ ਬਾਅਦ ਵੀ ਜੇ ਕਿਤੇ ਕੋਈ ਘਾਟ-ਵਾਧ ਹੋਵੇਗੀ, ਉਸ ਦਾ ਨਿਸ਼ਚਤ ਤੌਰ ਉਤੇ ਹੱਲ ਲੱਭਿਆ ਜਾਵੇਗਾ। ਸਮੀਖਿਆ ਦੋ ਹਫ਼ਤਿਆਂ ਬਾਅਦ ਹੋਵੇਗੀ ਅਤੇ ਉਸੇ ਮੁਤਾਬਕ ਫਿਰ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ।

ਮੈਂ ਇੱਥੇ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ 'ਚ ਇਹ ਤਜਵੀਜ਼ ਨਵੀਂ ਹੋ ਸਕਦੀ ਹੈ ਪਰ ਸਮੁੱਚੇ ਵਿਸ਼ਵ ਵਿੱਚ ਅਜਿਹੀ ਯੋਜਨਾ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਸਫ਼ਲਤਾਪੂਰਬਕ ਲਾਗੂ ਕੀਤੀ ਜਾ ਚੁੱਕੀ ਹੈ। ਹਾਲੇ ਪਿੱਛੇ ਜਿਹੇ ਇਸ ਦਾ ਤਜਰਬਾ ਪੈਰਿਸ ਤੇ ਬੀਜਿੰਗ ਵਿੱਚ ਵੀ ਕੀਤਾ ਗਿਆ ਸੀ। ਮੈਕਸੀਕੋ ਸਿਟੀ, ਬੋਗੋਟਾ, ਸੈਂਟੀਆਗੋ, ਸਾਓ ਪਾਓਲੋ, ਲੰਡਨ, ਏਥਨਜ਼, ਸਿੰਗਾਪੁਰ, ਤਹਿਰਾਨ, ਸੈਨ ਹੋਜ਼ੇ, ਹਾਂਡੂਰਸ, ਲਾ ਪਾਜ਼ ਆਦਿ ਜਿਹੇ ਸ਼ਹਿਰਾਂ ਵਿੱਚ ਇਹ ਫ਼ਾਰੂਮਾਲਾ ਲਾਗੂ ਕੀਤਾ ਜਾ ਚੁੱਕਾ ਹੈ। ਮਹੱਤਵਪੂਰਣ ਗੱਲ ਇਹ ਵੀ ਹੈ ਕਿ ਇਹ ਵੀ ਨਹੀਂ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਇਹ ਨੀਤੀ ਸਾਲ ਦੇ ਸਾਰੇ 365 ਦਿਨਾਂ ਦੌਰਾਨ ਲਾਗੂ ਹੋਵੇਗੀ। ਇਹ ਇੱਕ ਹੰਗਾਮੀ ਵਿਵਸਥਾ ਹੈ ਅਤੇ ਉਸੇ ਅਨੁਸਾਰ ਜ਼ਰੂਰਤ ਮੁਤਾਬਕ ਹੀ ਲਾਗੂ ਕੀਤੀ ਜਾਂਦੀ ਹੈ ਅਤੇ ਪ੍ਰਦੂਸ਼ਣ ਦੇ ਖ਼ਾਤਮੇ ਲਈ ਹੋਰ ਵੀ ਕਈ ਕਦਮ ਚੁੱਕੇ ਜਾਣਗੇ; ਜਿਵੇਂ ਜਨਤਕ ਆਵਾਜਾਈ ਪ੍ਰਣਾਲੀ ਵਿੱਚ ਵੱਡੇ ਪੱਧਰ ਉਤੇ ਸੁਧਾਰ ਲਿਆਂਦਾ ਜਾਵੇਗਾ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਬੰਦ ਕੀਤੇ ਜਾਣਗੇ, ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦਾ ਸੜਕਾਂ ਉਤੇ ਉਤਰਨਾ ਬੰਦ ਕੀਤਾ ਜਾਵੇਗਾ, ਆਮ ਨਾਗਰਿਕਾਂ ਨੂੰ ਨਿਜੀ ਕਾਰਾਂ ਦੀ ਵਰਤੋਂ ਘਟਾਉਣ ਲਈ ਆਖਿਆ ਜਾਵੇਗਾ। ਬੋਗੋਟਾ ਸ਼ਹਿਰ ਵਿੱਚ ਇਹ ਨੀਤੀ ਹਫ਼ਤੇ ਦੇ ਕੇਵਲ ਦੋ ਦਿਨ ਹੀ ਲਾਗੂ ਹੁੰਦੀ ਹੈ। ਸਾਓ ਪਾਓਲੋ 'ਚ ਅਜਿਹਾ ਅਭਿਆਸ 1997 ਤੋਂ ਚੱਲ ਰਿਹਾ ਹੈ ਅਤੇ ਬੀਜਿੰਗ ਵਿੱਚ ਇਹ ਨੀਤੀ ਕੇਵਲ ਹਫ਼ਤੇ 'ਚ ਇੱਕ ਦਿਨ ਲਾਗੂ ਹੁੰਦੀ ਹੈ। ਚੀਨ ਸਰਕਾਰ ਨੇ ਕੇਵਲ ਸਾਲ 2008 'ਚ ਉਲੰਪਿਕ ਖੇਡਾਂ ਵੇਲੇ ਇਹ ਨੀਤੀ ਦੋ ਮਹੀਨੇ ਲਗਾਤਾਰ ਲਾਗੂ ਕੀਤੀ ਸੀ ਤੇ ਉਸ ਬਦਲੇ ਆਮ ਨਾਗਰਿਕਾਂ ਨੂੰ ਤਿੰਨ ਮਹੀਨਿਆਂ ਲਈ ਵਾਹਨ ਟੈਕਸ ਤੋਂ ਛੋਟ ਵੀ ਦਿੱਤੀ ਗਈ ਸੀ।

ਹਰੇਕ ਸ਼ਹਿਰ ਦਾ ਆਪਣਾ ਇੱਕ ਵੱਖਰਾ ਮਾੱਡਲ ਹੁੰਦਾ ਹੈ। ਜਿਵੇਂ ਏਥਨਜ਼ ਨੇ ਆਪਣੇ ਭੂਗੋਲ ਨੂੰ ਦੋ ਖੇਤਰਾਂ - ਅੰਦਰੂਨੀ ਤੇ ਬਾਹਰੀ - ਵਿੱਚ ਵੰਡਿਆ ਹੋਇਆ ਹੈ ਅਤੇ ਪ੍ਰਦੂਸ਼ਣ ਦੇ ਮਾਮਲੇ 'ਚ ਸਮੁੱਚੇ ਸ਼ਹਿਰ ਉਤੇ 24 ਘੰਟੇ ਨਜ਼ਰ ਰੱਖੀ ਜਾਂਦੀ ਹੈ। ਜਿਵੇਂ ਹੀ ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ਤੱਕ ਪੁੱਜਦਾ ਹੈ, ਤਾਂ ਐਮਰਜੈਂਸੀ ਐਲਾਨ ਦਿੱਤੀ ਜਾਂਦੀ ਹੈ ਅਤੇ ਫਿਰ ਵਾਹਨਾਂ ਦੇ ਇਸੇ ਫ਼ਾਰਮੂਲੇ ਮੁਤਾਬਕ ਚੱਲਣ ਦਾ ਐਲਾਨ ਰੇਡੀਓ, ਟੀ.ਵੀ. ਅਤੇ ਜਨਤਕ ਪ੍ਰਸਾਰਣ ਪ੍ਰਣਾਲੀਆਂ ਰਾਹੀਂ ਕੀਤਾ ਜਾਂਦਾ ਹੈ। ਅੰਦਰੂਨੀ ਖੇਤਰ ਵਿੱਚ ਕੋਈ ਵੀ ਨਿਜੀ ਵਾਹਨ ਨਹੀਂ ਚੱਲਣ ਦਿੱਤਾ ਜਾਂਦਾ; ਉਥੇ ਟੈਕਸੀਆਂ ਚੱਲ ਸਕਦੀਆਂ ਹਨ ਪਰ ਕੇਵਲ ਔਡ ਅਤੇ ਈਵਨ ਦੇ ਫ਼ਾਰਮੂਲੇ ਅਨੁਸਾਰ। ਬਾਹਰੀ ਖੇਤਰ ਵਿੱਚ ਟੈਕਸੀਆਂ ਆਮ ਵਾਂਗ ਚਲਦੀਆਂ ਹਨ ਪਰ ਨਿਜੀ ਵਾਹਨਾਂ ਨੂੰ ਉਥੇ ਵੀ ਇਸੇ ਫ਼ਾਰਮੂਲੇ ਮੁਤਾਬਕ ਹੀ ਚੱਲਣ ਦੀ ਹਦਾਇਤ ਹੈ। ਕੁੱਝ ਸ਼ਹਿਰਾਂ ਵਿੱਚ ਤਾਂ ਇਹ ਫ਼ਾਰਮੂਲਾ ਸਾਰਾ ਦਿਨ ਹੀ ਲਾਗੂ ਰਹਿੰਦਾ ਹੈ ਤੇ ਕੁੱਝ ਵਿੱਚ ਇਹ ਵਧੇਰੇ ਆਵਾਜਾਈ ਦੇ ਸਮਿਆਂ ਜਿਵੇਂ ਕਿ ਸਵੇਰੇ ਸਾਢੇ 8 ਵਜੇ ਤੋਂ ਸਵੇਰੇ 10:30 ਵਜੇ ਤੱਕ ਅਤੇ ਸ਼ਾਮੀਂ 5:30 ਵਜੇ ਤੋਂ ਲੈ ਕੇ ਸ਼ਾਮੀਂ 7:30 ਵਜੇ ਤੱਕ ਹੀ ਲਾਗੂ ਹੁੰਦਾ ਹੈ। ਕੁੱਝ ਅਨਸਰਾਂ ਨੇ ਅਜਿਹਾ ਡਰ ਆਮ ਲੋਕਾਂ ਵਿੱਚ ਫੈਲਾ ਦਿੱਤਾ ਹੈ ਕਿ ਔਡ-ਈਵਨ ਦਾ ਇਹ ਫ਼ਾਰਮੂਲਾ 24 ਘੰਟੇ ਲਾਗੂ ਰਿਹਾ ਕਰੇਗਾ ਪਰ ਅਜਿਹਾ ਸੱਚ ਨਹੀਂ ਹੈ। ਪੈਰਿਸ ਵਿੱਚ, ਇਹ ਸਵੇਰੇ ਸਾਢੇ 5 ਵਜੇ ਤੋਂ ਰਾਤੀਂ ਸਾਢੇ 11 ਵਜੇ ਤੱਕ ਲਾਗੂ ਰਿਹਾ ਹੈ; ਜਿਸ ਨੂੰ ਸਭ ਤੋਂ ਸਖ਼ਤ ਫ਼ੈਸਲਾ ਮੰਨਿਆ ਜਾ ਸਕਦਾ ਹੈ।

ਹੋਰਨਾਂ ਸ਼ਹਿਰਾਂ ਵਿੱਚ ਵੀ ਅਜਿਹੇ ਨਿਯਮ ਲਾਗੂ ਹਨ।

ਲੰਡਨ ਅਤੇ ਸਟਾੱਕਹੋਮ ਜਿਹੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਖ਼ਾਤਮੇ ਲਈ ਆਪਣੀ ਵਿਸ਼ਾਲ ਟਰਾਂਸਪੋਰਟ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇੱਕ ਹੋਰ ਵੱਖਰਾ ਰਾਹ ਚੁਣਿਆ ਗਿਆ ਹੈ। ਇਸ ਨੂੰ ਐਲ.ਈ.ਜ਼ੈਡ (ਲੋਅ ਐਮਿਸ਼ਨ ਜੋਨਜ਼ ਭਾਵ 'ਘੱਟ ਨਿਕਾਸੀ ਵਾਲੇ ਖੇਤਰ') ਮਾੱਡਲ ਕਿਹਾ ਜਾਂਦਾ ਹੈ। ਅਜਿਹੇ ਸ਼ਹਿਰਾਂ ਵਿੱਚ ਆਪਣੇ ਸ਼ਹਿਰੀ ਕੇਂਦਰਾਂ ਨੂੰ ਵੱਖੋ-ਵੱਖਰੇ ਜ਼ੋਨਜ਼ ਭਾਵ ਖੇਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ; ਅਤੇ ਇਨ੍ਹਾਂ ਖੇਤਰਾਂ ਵਿੱਚ ਇੱਕ ਪੱਧਰ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚੱਲਣ ਉਤੇ ਮੁਕੰਮਲ ਪਾਬੰਦੀ ਹੈ ਅਤੇ ਉਲੰਘਣਾ ਕੀਤੇ ਜਾਣ ਉਤੇ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ; ਪ੍ਰਦੂਸ਼ਣ ਦੇ ਮਾਮਲੇ ਵਿੱਚ ਵਾਹਨ ਦੇ ਮਿਆਰ ਨੂੰ ਨਿਰੰਤਰ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵਾਹਨਾਂ ਦੀ ਪਾਰਕਿੰਗ ਬਹੁਤ ਮਹਿੰਗੀ ਕਰ ਦਿੱਤੀ ਗਈ ਹੈ। ਲੰਡਨ 'ਚ ਅਜਿਹੇ ਖੇਤਰਾਂ ਵਿੱਚ ਗੱਡੀ ਪਾਰਕਿੰਗ ਬਹੁਤ ਮਹਿੰਗੀ ਹੈ। ਪਹਿਲਾਂ ਇੱਕ ਘੰਟੇ ਲਈ ਵਾਹਨ-ਪਾਰਕਿੰਗ ਦੇ 5 ਪੌਂਡ ਪ੍ਰਤੀ ਘੰਟਾ ਲਏ ਜਾਂਦੇ ਸਨ ਪਰ ਹੁਣ ਇਹ ਫ਼ੀਸ ਵਧਾ ਕੇ 10 ਪੌਂਡ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਵਧੀ ਹੋਈ ਫ਼ੀਸ ਕਾਰਣ ਲੰਡਨ ਨੇ ਦੋ ਅਰਬ ਪੌਂਡ ਦੀ ਕਮਾਈ ਕੀਤੀ ਹੈ ਅਤੇ ਇਹ ਰਕਮ ਟਰਾਂਸਪੋਰਟ ਨਾਲ ਸਬੰਧਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਉਤੇ ਹੀ ਖ਼ਰਚ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ, ਸਿੰਗਾਪੁਰ 'ਚ ਵੀ ਕਾਰ ਲਾਇਸੈਂਸ ਪ੍ਰਣਾਲੀ ਅਤੇ ਥਾਂ ਦੇ ਲਾਇਸੈਂਸ ਦੀ ਪ੍ਰਣਾਲੀ ਤਿਆਰ ਕੀਤੀਆਂ ਗਈਆਂ ਹਨ। ਸਿੰਗਾਪੁਰ 'ਚ ਕਾਰ ਖ਼ਰੀਦਣ ਲਈ ਕਿਸੇ ਵਿਅਕਤੀ ਨੂੰ ਕਾਰ ਖ਼ਰੀਦਣ ਲਈ ਇੱਕ ਲਾਇਸੈਂਸ ਵੀ ਖ਼ਰੀਦਣਾ ਪੈਂਦਾ ਹੈ ਜੋ ਕਿ ਕਾਰ ਨਾਲੋਂ ਵੀ ਜ਼ਿਆਦਾ ਮਹਿੰਗਾ ਹੋ ਸਕਦਾ ਹੈ। ਫਿਰ ਕਾਰ ਮਾਲਕ ਨੂੰ ਕਿਸੇ ਖ਼ਾਸ ਇਲਾਕੇ ਵਿੱਚ ਦਾਖ਼ਲ ਹੋਣ ਲਈ ਬਹੁਤ ਜ਼ਿਆਦਾ ਧਨ ਅਦਾ ਕਰਨਾ ਪੈ ਸਕਦਾ ਹੈ। ਬੀਜਿੰਗ 'ਚ ਕਾਰ ਖ਼ਰੀਦਣ ਲਈ ਰਜਿਸਟਰੇਸ਼ਨ ਪ੍ਰਣਾਲੀ ਲਾਗੂ ਹੈ ਜੋ ਕਿ ਅਸਲ ਵਿੱਚ ਇੱਕ ਲਾਟਰੀ ਪ੍ਰਣਾਲੀ ਹੈ ਜੋ ਕਿ ਇਹ ਯਕੀਨੀ ਬਣਾਉਂਦੀ ਹੈ ਕਿ ਕੇਵਲ ਕੁੱਝ ਖ਼ਾਸ ਨੰਬਰਾਂ ਵਾਲੀਆਂ ਕਾਰਾਂ ਹੀ ਸੜਕਾਂ ਉਤੇ ਚੱਲ ਸਕਣ।

ਸੜਕਾਂ ਉਤੇ ਮੋਟਰ-ਵਾਹਨਾਂ ਦੀ ਗਿਣਤੀ ਘਟਾਉਣ ਦੀ ਕਈ ਵਿਧੀਆਂ ਹਨ। 'ਔਡ-ਈਵਨ' ਫ਼ਾਰਮੂਲਾ ਉਨ੍ਹਾਂ ਵਿਚੋਂ ਹੀ ਇੱਕ ਹੈ, ਜੋ ਕਿ ਹੰਗਾਮੀ ਹਾਲਾਤ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਹੈ। ਦਿੱਲੀ ਵੀ ਇਸ ਨੂੰ ਲਾਗੂ ਕਰਨ ਜਾ ਰਿਹਾ ਹੈ ਪਰ ਦਿੱਲੀ ਨੂੰ ਵਧੇਰੇ ਵਾਤਾਵਰਣ-ਪੱਖੀ ਬਣਾਉਣ ਲਈ ਵਿਸ਼ਵ 'ਚ ਸਫ਼ਲਤਾਪੂਰਬਕ ਲਾਗੂ ਮਾੱਡਲਜ਼ ਤੋਂ ਕੁੱਝ ਸਬਕ ਸਿੱਖਣ ਦੀ ਜ਼ਰੂਰਤ ਹੈ। ਮੈਨੂੰ ਆਸ ਹੈ ਕਿ ਇੱਕ ਨਵੀਂ ਸ਼ੁਰੂਆਤ ਹੋ ਗਈ ਹੈ ਜੋ ਕਿ ਬਹੁਤ ਜਾਨਦਾਰ ਵੀ ਹੈ ਤੇ ਇਸ ਦਾ ਮੰਤਵ ਬਹੁਤ ਸੋਹਣਾ ਹੈ। ਇਸ ਲਈ, ਆਓ ਇਸ ਜਾਨਦਾਰ ਤੇ ਸੋਹਣੇ ਫ਼ਾਰਮੂਲੇ ਨੂੰ ਸਫ਼ਲ ਬਣਾਈਏ; ਇਹ ਕੇਵਲ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਦਿੱਲੀ ਦੇ ਨਾਗਰਿਕ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਜੀਵਨ ਵਿੱਚ ਕੁੱਝ ਖ਼ਾਸ ਫ਼ੈਸਲੇ ਲਵਾਂਗੇ। ਆਓ ਇਸ ਨੂੰ ਲੈ ਕੇ ਅੱਗੇ ਵਧੀਏ!!!

ਲੇਖਕ: ਆਸ਼ੂਤੋਸ਼

ਅਨੁਵਾਦ: ਮਹਿਤਾਬ-ਉਦ-ਦੀਨ

  • +0
Share on
close
  • +0
Share on
close
Share on
close

ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ

Our Partner Events

Hustle across India