ਸੰਸਕਰਣ
Punjabi

ਕਿਵੇਂ ਇੱਕ ਪਿੰਡ 'ਨਮਾਮਿ ਗੰਗੇ' ਦਾ ਸੁਫ਼ਨਾ ਸਾਕਾਰ ਕਰਨ ਵਿੱਚ ਜੁਟਿਆ, ਨਿਭਾ ਰਿਹਾ ਹੈ ਸਫ਼ਾਈ ਯੋਜਨਾ 'ਚ ਅਹਿਮ ਭੂਮਿਕਾ

Team Punjabi
20th Feb 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਆਖਿਆ ਜਾਂਦਾ ਹੈ ਕਿ ਦਰਿਆ ਤੇ ਨਦੀਆਂ ਜੀਵਨ ਦਿੰਦੀਆਂ ਅਤੇ ਉਨ੍ਹਾਂ ਦਾ ਪ੍ਰਵਾਹ ਜੀਵਨ ਨੂੰ ਪ੍ਰਫ਼ੁੱਲਤ ਕਰਨ ਲਈ ਜ਼ਰੂਰੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇ ਦਰਿਆਵਾਂ ਵਿੱਚ ਪਾਣੀ ਹੈ ਤਾਂ ਜੀਵਨ ਵਿੱਚ ਵੀ ਰਫ਼ਤਾਰ ਹੈ ਅਤੇ ਦੇਸ਼ ਦਾ ਵਿਕਾਸ ਤੈਅ ਹੈ। ਕੋਈ ਮੰਨੇ ਭਾਵੇਂ ਨਾ ਪਰ 'ਜਲ ਹੀ ਜੀਵਨ ਹੈ' ਦੇ ਨਾਅਰੇ ਦੀ ਪਰਵਾਹ ਨਾ ਕਰਨ ਵਾਲਾ ਦੇਸ਼ ਵਿਕਾਸ ਦੇ ਉਸ ਸਿਖ਼ਰ ਨੂੰ ਛੋਹ ਨਹੀਂ ਸਕਦਾ, ਜਿਸ ਦੀ ਉਹ ਕਲਪਨਾ ਕਰਦਾ ਹੈ। ਪਰ ਸੰਸਾਰਕ ਤਪਸ਼ (ਗਲੋਬਲ ਵਾਰਮਿੰਗ) ਕਾਰਣ ਗਲੇਸ਼ੀਅਰਾਂ ਦਾ ਪਿਘਲਣਾ ਅਤੇ ਦਰਿਆਵਾਂ ਦਾ ਸੁੰਗੜਨਾ ਤੇ ਉਨ੍ਹਾਂ ਦੀ ਹੋਂਦ ਖ਼ਤਮ ਹੋਣਾ ਦੋਵੇਂ ਹੀ ਜਾਰੀ ਹਨ। ਅਜਿਹੇ ਹਾਲਾਤ ਵਿੱਚ ਜ਼ਰੂਰੀ ਹੈ ਕਿ ਦਰਿਆਵਾਂ ਦੀ ਦੇਖਭਾਲ ਧਿਆਨ ਨਾਲ ਕੀਤੀ ਜਾਵੇ। ਇਸੇ ਤਰ੍ਹਾਂ ਦੀ ਦੇਖਭਾਲ ਵਿੱਚ ਲੱਗਾ ਹੋਇਆ ਹੈ ਪੰਜਾਬ ਦਾ ਇੱਕ ਪਿੰਡ ਸੁਲਤਾਨਪੁਰ ਲੋਧੀ ਸੀਚੇਵਾਲ। ਮੋਦੀ ਸਰਕਾਰ ਉਨ੍ਹਾਂ 1,600 ਪਿੰਡਾਂ ਵਿਚੋਂ ਲੰਘਣ ਵਾਲੀ ਗੰਗਾ ਨਦੀ ਨੂੰ ਸਾਫ਼ ਕਰਨਾ ਚਾਹੁੰਦੀ ਹੈ ਜੋ ਗੰਗਾ ਕੰਢੇ ਵਸੇ ਹੋਏ ਹਨ। ਇਸ ਲਈ ਪੰਜਾਬ ਦੇ ਸੁਲਤਾਨਪੁਰ ਲੋਧੀ ਸੀਚੇਵਾਲ ਪਿੰਡ ਨੂੰ ਆਦਰਸ਼ (ਮਾੱਡਲ) ਪਿੰਡ ਬਣਾਇਆ ਗਿਆ ਹੈ। ਇੱਥੋਂ ਦੇ ਲੋਕਾਂ ਨੇ 160 ਕਿਲੋਮੀਟਰ ਕਾਲੀ ਵੇਈਂ ਨੂੰ ਮੁੜ ਜਿਊਂਦਾ ਕਰ ਦਿੱਤਾ ਹੈ। ਕਾਲੀ ਵੇਈਂ ਪੰਜਾਬ ਵਿੱਚ ਬਿਆਸ ਦੀ ਇੱਕ ਸਹਾਇਕ ਨਦੀ ਹੈ ਜੋ ਦੋਆਬਾ ਖੇਤਰ ਵਿੱਚ ਵਹਿੰਦੀ ਹੈ। ਹੁਸ਼ਿਆਰਪੁਰ ਤੋਂ ਅਰੰਭ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਹਰੀਕੇ ਪੱਤਣ ਵਿੱਚ ਜਾ ਮਿਲ਼ਦੀ ਹੈ। ਆਖਦੇ ਹਨ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਵੇਈਂ ਕੰਢੇ ਤਪ ਕੀਤਾ ਸੀ ਅਤੇ ਤਿੰਨ ਦਿਨਾਂ ਦੀ ਜਲ-ਸਮਾਧੀ ਤੋਂ ਬਾਅਦ ਗੁਰਬਾਣੀ ਦੇ ਮੂਲ-ਮੰਤਰਾਂ ਦੀ ਰਚਨਾ ਕੀਤੀ ਸੀ। ਪਰ ਇਹ ਵੇਈਂ ਜਿਵੇਂ ਹੁਣ ਸਾਫ਼ ਵਿਖਾਈ ਦੇ ਰਹੀ ਹੈ, ਉਹ 16 ਵਰ੍ਹੇ ਪਹਿਲਾਂ ਨਹੀਂ ਸੀ। ਅੱਜ ਇਹ ਵੇਈਂ ਇੰਨੀ ਸਾਫ਼ ਹੈ ਕਿ ਇਸ ਦਾ ਪਾਣੀ ਤੁਸੀਂ ਪੀ ਵੀ ਸਕਦੇ ਹੋ। ਗੱਲ ਜੁਲਾਈ 2000 ਦੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਨਤਾ ਨੂੰ ਨਾਲ ਲੈ ਕੇ ਕਾਲੀ ਵੇਈਂ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ 'ਯੂਅਰ ਸਟੋਰੀ' ਨੂੰ ਦੱਸਿਆ,'ਇਹ ਵੇਈਂ ਗੰਦੇ ਨਾਲ਼ੇ ਵਿੱਚ ਬਦਲ ਗਈ ਸੀ। ਗੰਦੇ ਪਾਣੀ 'ਚੋਂ ਬੋਅ ਆਉਂਦੀ ਸੀ। ਸਮੁੱਚੇ ਇਲਾਕੇ ਦਾ ਗੰਦਾ ਪਾਣੀ ਇਸ ਵਿੱਚ ਡਿਗਦਾ ਸੀ। ਅਸੀਂ ਤਾਂ ਇੱਕ ਸ਼ੁਰੂਆਤ ਕੀਤੀ ਸੀ ਪਰ ਲੋਕਾਂ ਦਾ ਸਹਿਯੋਗ ਮਿਲਦਾ ਗਿਆ ਅਤੇ ਅਸੀਂ ਮੁੜ ਤੋਂ ਕਾਲੀ ਵੇਈਂ ਨੂੰ ਉਸ ਦੇ ਪੁਰਾਣੇ ਰੂਪ ਵਿੱਚ ਵਾਪਸ ਲਿਆਂਦਾ ਹੈ।'

ਕਾਲੀ ਵੇਈਂ 'ਚ 35 ਪਿੰਡਾਂ ਅਤੇ 5 ਕਸਬਿਆਂ ਦਾ ਗੰਦਾ ਪਾਣੀ ਡਿਗਾ ਸੀ... ਕਾਲੀ ਵੇਈਂ ਪੂਰੀ ਤਰ੍ਹਾਂ ਜੰਗਲੀ ਵੇਲ ਨਾਲ ਬਰਬਾਦ ਹੋ ਚੁੱਕੀ ਸੀ। ਸਫ਼ਾਈ ਦਾ ਕੰਮ ਸਭ ਤੋਂ ਪਹਿਲਾਂ ਉਸੇ ਵੇਲ ਨੂੰ ਹਟਾਉਣ ਤੋਂ ਸ਼ੁਰੂ ਕੀਤਾ ਗਿਆ। ਹਜ਼ਾਰਾਂ ਟਨ ਵੇਲ ਹਟਾਈ ਗਈ। ਆਲੇ-ਦੁਆਲੇ ਤੋਂ ਲੋਕ ਕਾਰਸੇਵਾ ਲਈ ਆਉਣ ਲੱਗੇ। ਕੋਈ ਆਪਣਾ ਟਰੈਕਟਰ ਲਿਆਇਆ ਅਤੇ ਕੋਈ ਜੇ.ਸੀ.ਬੀ. ਮਸ਼ੀਨ। ਦਿਨ-ਰਾਤ ਕਈ ਸਾਲਾਂ ਤੱਕ ਇਹ ਕੰਮ ਚੱਲਆਂ। ਵੇਖਦਿਆਂ ਹੀ ਵੇਖਦਿਆਂ ਇਸ ਵੇਈਂ ਦਾ ਰੰਗ ਬਦਲਣ ਲੱਗਾ। ਸਭ ਤੋਂ ਵੱਡੀ ਗੱਲ ਹੈ ਕਿ ਇਸ ਕੰਮ ਵਿੱਚ ਸਰਕਾਰ ਦਾ ਕੋਈ ਸਹਿਯੋਗ ਨਹੀਂ ਮਿਲਿਆ। ਸਾਰਾ ਖ਼ਰਚਾ ਪਿੰਡ ਵਾਸੀ ਆਪ ਚੁੱਕਦੇ ਰਹੇ।

ਸੰਤ ਬਲਬੀਰ ਸਿੰਘ ਸੀਚੇਵਾਲ ਦਸਦੇ ਹਨ,''ਜਦੋਂ ਲੋਕਾਂ ਨੂੰ ਇਸ ਨਦੀ ਦੇ ਮੁੜ ਜਿਊਂਦੇ ਹੋਣ ਦੇ ਲਾਭ ਦਿਸਣ ਲੱਗੇ, ਤਦ ਉਹ ਆਪੇ ਹੀ ਅੱਗੇ ਆਉਣ ਲੱਗੇ। ਸਾਰੇ ਪਿੰਡ ਦੇ ਲੋਕਾਂ ਨੇ ਬਹੁਤ ਮਿਹਨਤ ਕੀਤੀ ਅਤੇ ਅੱਜ ਇਸੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪੀਣ ਦੇ ਪਾਣੀ ਦੀ ਕਿੱਲਤ ਤਾਂ ਦੂਰ ਹੋਈ ਹੀ ਹੈ, ਖੇਤੀਬਾੜੀ ਵਿੱਚ ਵੀ ਬਹੁਤ ਫ਼ਾਇਦੇ ਹੋ ਰਹੇ ਹਨ।''

ਸੀਚੇਵਾਲ ਪਿੰਡ ਦੀ ਆਬਾਦੀ ਲਗਭਗ ਦੋ ਹਜ਼ਾਰ ਹੈ। ਸਭ ਤੋਂ ਪਹਿਲਾਂ ਪਿੰਡ ਵਿੱਚ ਸੀਵਰੇਜ ਲਾਈਨ ਪਾਈ ਗਈ। ਸਾਰੇ ਪਖਾਨਿਆਂ ਅਤੇ ਨਾਲੀਆਂ ਨੂੰ ਇਸ ਲਾਈਨ ਨਾਲ ਜੋੜਿਆ ਗਿਆ। ਤਿੰਨ ਨਿੱਕੇ ਖੂਹ ਅਤੇ ਇੱਕ ਵੱਡਾ ਤਾਲਾਬ ਬਣਾਉਣ ਵਿੱਚ ਤਾਂ ਜ਼ਿਆਦਾ ਪੈਸਾ ਖ਼ਰਚ ਨਹੀਂ ਹੋਵੇਗਾ ਪਰ ਸੀਵਰੇਜ ਲਾਈਨ ਪਾਉਣ ਵਿੱਚ ਜ਼ਰੂਰ ਲੱਖਾਂ ਦਾ ਖ਼ਰਚਾ ਆਵੇਗਾ। ਜੇ ਪਿੰਡ ਦੀ ਆਬਾਦੀ ਜ਼ਿਆਦਾ ਹੈ, ਤਦ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣਾ ਪਵੇਗਾ, ਜਿਸ ਉਤੇ 70 ਤੋਂ 80 ਲੱਖ ਰੁਪਏ ਤੱਕ ਦੀ ਲਾਗਤ ਆ ਸਕਦੀ ਹੈ। ਹੁਣ ਹਾਲਤ ਇਹ ਹੈ ਕਿ ਲਗਭਗ 80 ਫ਼ੀ ਸਦੀ ਨਾਲ਼ੇ ਡਿੱਗਣੇ ਬੰਦ ਹੋ ਗਏ ਹਨ। ਪਾਣੀ ਆਲੇ-ਦੁਆਲੇ ਦੇ ਖੇਤਾਂ ਦੇ ਕੰਮ ਆਉਂਦਾ ਹੈ। ਇਸ ਕਾਰਣ ਇਲਾਕੇ 'ਚ ਪਾਣੀ ਦਾ ਪੱਧਰ ਡੇਢ ਮੀਟਰ ਉਪਰ ਆ ਗਿਆ ਹੈ। ਨਾਲ ਹੀ ਸੇਮ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ ਹੈ ਅਤੇ ਫ਼ਸਲਾਂ ਦੀ ਪੈਦਾਵਾਰ ਵੀ ਵਧੀ ਹੈ, ਜਿਸ ਕਾਰਣ ਕਿਸਾਨਾਂ ਨੂੰ ਮੁਨਾਫ਼ਾ ਵੀ ਮਿਲ ਰਿਹਾ ਹੈ। ਆਲੇ-ਦੁਆਲੇ ਹਜ਼ਾਰਾਂ ਏਕੜ ਵਿੱਚ ਇਸ ਦਾ ਪਾਣੀ ਖੇਤਾਂ ਦੇ ਕੰਮ ਆ ਰਿਹਾ ਹੈ। ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਦਾ ਲਾਭ ਕਿਸਾਨਾਂ ਨੂੰ ਹੋ ਰਿਹਾ ਹੈ। ਮਲਕੀਤ ਸਿੰਘ ਜਿਹੇ ਕਿਸਾਨ ਦੀ ਪੈਦਾਵਾਰ ਅਤੇ ਮੁਨਾਫ਼ਾ 25 ਫ਼ੀ ਸਦੀ ਤੱਕ ਵਧ ਗਿਆ ਹੈ। ਮਲਕੀਤ ਸਿੰਘ ਦਸਦੇ ਹਨ,''ਪਹਿਲਾਂ ਤਾਂ ਗੰਦੇ ਪਾਣੀ ਨਾਲ ਫ਼ਸਲ ਸੜ ਹੀ ਜਾਂਦੀ ਸੀ ਪਰ ਹੁਣ ਅਸੀਂ ਸਾਲ ਵਿੱਚ ਤਿੰਨ-ਤਿੰਨ ਫ਼ਸਲਾਂ ਲੈਂਦੇ ਹਾਂ। ਨਾਲ ਹੀ ਸਾਡੀ ਪੈਦਾਵਾਰ ਵੀ 25 ਫ਼ੀ ਸਦੀ ਵਧ ਗਈ ਹੈ।''

'ਨਮਾਮਿ ਗੰਗੇ' ਦਾ ਕੰਮ ਸੰਭਾਲ ਰਹੇ ਕੇਂਦਰੀ ਮੰਤਰੀ ਬੀਬਾ ਉਮਾ ਭਾਰਤੀ ਕਾਲੀ ਵੇਈਂ ਦੀ ਸਫ਼ਾਈ ਦੀ ਸਫ਼ਲਤਾ ਤੋਂ ਬਹੁਤ ਪ੍ਰਭਾਵਿਤ ਹਨ। ਉਹ ਚਾਹੁੰਦੇ ਹਨ ਕਿ ਕਾਲੀ ਵੇਈਂ ਵਾਂਗ ਹੀ 1,600 ਪਿੰਡਾਂ ਵਿਚੋਂ ਦੀ ਹੋ ਕੇ ਵਹਿਣ ਵਾਲੀ ਗੰਗਾ ਵੀ ਸਾਫ਼ ਹੋ ਸਕੇ। ਉਮਾ ਭਾਰਤੀ ਨੇ ਸੀਚੇਵਾਲ ਮਾੱਡਲ ਨੂੰ ਆਦਰਸ਼ ਬਣਾਇਆ ਹੈ। ਉਨ੍ਹਾਂ ਨੇ ਗੰਗਾ ਕੰਢੇ ਵਸੇ 1,600 ਪਿੰਡਾਂ ਨੂੰ ਸਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਕੁਮਾਰੀ ਭਾਰਤੀ ਦਾ ਕਹਿਣਾ ਹੈ,''ਪੈਸਿਆਂ ਦੀ ਕਮੀ ਨਹੀਂ ਹੈ, ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਪਿੰਡ ਸਾਫ਼ ਹੋਣਗੇ, ਤਾਂ ਗੰਗਾ ਵੀ ਸਾਫ਼ ਹੋਵੇਗੀ। ਜਦੋਂ ਅਸੀਂ ਇਹ ਆਖਦੇ ਹਾਂ ਕਿ ਨਦੀ ਨੂੰ ਸਾਫ਼ ਕਰਨਾ ਹੈ, ਤਾਂ ਇਸ ਦਾ ਮਤਲਬ ਨਦੀ ਕੰਢੇ ਵਸੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨਾ ਹੁੰਦਾ ਹੈ।''

ਸੀਚੇਵਾਲ ਪਿੰਡ ਦੇ ਸਰਪੰਚ ਸ੍ਰੀਮਤੀ ਰਾਜਵੰਤ ਕੌਰ ਦਸਦੇ ਹਨ ਕਿ ਪਹਿਲਾਂ ਇੱਥੇ ਰੇਤਲੇ ਟਿੱਬੇ ਹੁੰਦੇ ਸਨ ਪਰ ਹੁਣ ਇੱਕ ਸਾਲ ਵਿੱਚ ਤਿੰਨ-ਤਿੰਨ ਫ਼ਸਲਾਂ ਦਾ ਆਨੰਦ ਕਿਸਾਨ ਲੈ ਰਹੇ ਹਨ। ਨਾਲ ਹੀ ਪਿੰਡ ਕਈ ਬੀਮਾਰੀਆਂ ਤੋਂ ਵੀ ਮੁਕਤ ਹੋ ਗਿਆ ਹੈ।

ਗੰਗਾ ਦੀ ਸਫ਼ਾਈ ਲਈ 'ਨਮਾਮਿ ਗੰਗੇ' ਯੋਜਨਾ ਸ਼ੁਰੂ ਕਰਨ ਵਾਲੀ ਮੋਦੀ ਸਰਕਾਰ ਨੇ ਸਰਪੰਚਾਂ ਨੂੰ ਸੀਚੇਵਾਲ ਪਿੰਡ 'ਚ ਸਿਖਲਾਈ ਲਈ ਵੀ ਭੇਜਣਾ ਸ਼ੁਰੂ ਕੀਤਾ ਹੈ। ਹੁਣ ਤੱਕ 100 ਤੋਂ ਵੱਧ ਸਰਪੰਚ ਸੀਚੇਵਾਲ ਪਿੰਡ 'ਚ ਜਾ ਕੇ ਖ਼ੁਦ ਆਪਣੀਆਂ ਅੱਖਾਂ ਨਾਲ ਗੰਦਾ ਪਾਣੀ ਸਾਫ਼ ਕਰਨ ਦੀ ਵਿਧੀ ਵੇਖ ਚੁੱਕੇ ਹਨ। ਬਾਬਾ ਬਲਬੀਰ ਸਿੰਘ ਸਰਪੰਚਾਂ ਨੂੰ ਬਹੁਤ ਬਾਰੀਕੀ ਨਾਲ ਸਾਰੀ ਤਕਨੀਕ ਸਮਝਾਉਂਦੇ ਹਨ ਕਿ ਕਿਵੇਂ ਸਾਰੇ ਪਿੰਡ ਦਾ ਗੰਦਾ ਪਾਣੀ ਇੱਕ ਥਾਂ 'ਤੇ ਆਵੇਗਾ, ਕਿਵੇਂ ਤਿੰਨ ਵੱਖੋ-ਵੱਖਰੇ ਖੂਹਾਂ ਵਿਚੋਂ ਦੀ ਲੰਘੇਗਾ, ਕਿਵੇਂ ਭਾਰੀ ਚੀਜ਼ਾਂ ਹੇਠਾਂ ਬੈਠਦੀਆਂ ਚਲੀਆਂ ਜਾਣਗੀਆਂ ਅਤੇ ਗੰਦਾ ਪਾਣੀ ਖ਼ੁਦ ਨੂੰ ਸਾਫ਼ ਕਰਦਾ ਜਾਵੇਗਾ। ਬਾਕੀ ਦਾ ਕੰਮ ਸੂਰਜ ਦੀਆਂ ਕਿਰਨਾਂ ਅਤੇ ਕੁਦਰਤ ਕਰ ਦੇਵੇਗੀ।

ਪਰ ਗੰਗਾ ਨੂੰ ਕੇਵਲ 1,600 ਪਿੰਡ ਹੀ ਗੰਦਾ ਨਹੀਂ ਕਰ ਰਹੇ ਹਨ। ਹਰਿਦੁਆਰ, ਕਾਨਪੁਰ, ਅਲਾਹਾਬਾਦ, ਬਨਾਰਸ, ਪਟਨਾ ਜਿਹੇ ਛੋਟੇ-ਵੱਡੇ 118 ਸ਼ਹਿਰਾਂ 'ਚੋਂ ਕੁੱਲ ਮਿਲਾ ਕੇ 700 ਕਰੋੜ ਲਿਟਰ ਗੰਦਾ ਪਾਣੀ ਰੋਜ਼ ਨਿੱਕਲਦਾ ਹੈ। ਇਸ ਵਿਚੋਂ ਸਿਰਫ਼ 212 ਕਰੋੜ ਲਿਟਰ ਪਾਣੀ ਨੂੰ ਹੀ ਸਾਫ਼ ਕਰਨ ਦੇ ਸੀਵੇਜ ਟਰੀਟਮੈਂਟ ਪਲਾਂਟ ਲੱਗੇ ਹਨ। ਇਨ੍ਹਾਂ 51 ਪਲਾਂਟਸ ਵਿਚੋਂ ਵੀ 15 ਬੰਦ ਹਨ ਅਤੇ ਬਾਕੀ 36 ਵੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ।

ਲੇਖਕ: ਰਿੰਪੀ ਕੁਮਾਰੀ

ਅਨੁਵਾਦ: ਮਹਿਤਾਬ-ਉਦ-ਦੀਨ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags