ਸੰਸਕਰਣ
Punjabi

ਅਮੀਰਾ ਸ਼ਾਹ ਨੇ ਆਪਣੇ ਪਿਤਾ ਦੀ ਇੱਕੋ-ਇੱਕ ਲੈਬਾਰੇਟਰੀ ਨੂੰ ਕਿਵੇਂ ਬਦਲਿਆ 2,000 ਕਰੋੜ ਰੁਪਏ ਦੇ ਸਾਮਰਾਜ ਵਿੱਚ

Team Punjabi
3rd Feb 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਜਦੋਂ ਡਾ. ਸੁਸ਼ੀਲ ਸ਼ਾਹ ਨੇ 1980ਵਿਆਂ ਦੌਰਾਨ ਮੈਡੀਕਲ ਸਕੂਲ ਤੋਂ ਗਰੈਜੂਏਸ਼ਨ ਕੀਤੀ, ਤਦ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ (ਹੈਲਥਕੇਅਰ ਸਿਸਟਮ) ਵਿੱਚ ਬਹੁਤ ਸਾਰੀਆਂ ਘਾਟਾਂ ਸਨ; ਜਿਸ ਕਰ ਕੇ ਉਹ ਅਸੰਤੁਸ਼ਟ ਸਨ। ਖ਼ਾਸ ਕਰ ਕੇ ਉਨ੍ਹਾਂ ਨੂੰ ਜਿਸ ਤਰੀਕੇ ਮੈਡੀਕਲ ਟੈਸਟ ਕੀਤੇ ਜਾਂਦੇ ਸਨ, ਉਹ ਠੀਕ ਨਹੀਂ ਲਗਦੇ ਸਨ। ਉਹ ਆਪਣੇ ਮਰੀਜ਼ਾਂ ਦਾ ਇਲਾਜ ਬਾਜ਼ਾਰ ਵਿੱਚ ਉਪਲਬਧ ਨਵੀਆਂ ਤਕਨਾਲੋਜੀਆਂ ਨਾਲ ਕਰਨਾ ਲੋਚਦੇ ਸਨ। ਉਹ ਇੱਕ ਫ਼ੈਲੋਸ਼ਿਪ ਰਾਹੀਂ ਅਮਰੀਕਾ ਚਲੇ ਗਏ ਅਤੇ ਉਥੇ ਉਨ੍ਹਾਂ ਵਿਧੀਆਂ ਅਤੇ ਕਾਰਜ-ਵਿਧੀਆਂ ਦਾ ਡੂੰਘਾ ਅਧਿਐਨ ਕੀਤਾ। ਭਾਰਤ ਪਰਤਣ 'ਤੇ, ਉਨ੍ਹਾਂ ਆਪਣੀ ਖ਼ੁਦ ਦੀ ਪੈਥਾਲੋਜੀ ਲੈਬਾਰੇਟਰੀ ਖੋਲ੍ਹੀ, ਜਿਸ ਦਾ ਨਾਂਅ ਰੱਖਿਆ,'ਡਾ. ਸੁਸ਼ੀਲ ਸ਼ਾਹ ਦੀ ਲੈਬਾਰੇਟਰੀ।' ਉਹ ਲੈਬਾਰੇਟਰੀ ਗੈਰੇਜ ਵਿੱਚ ਖੋਲ੍ਹੀ ਗਈ ਸੀ ਤੇ ਰਸੋਈ ਘਰ ਨੂੰ ਕਲੀਨਿਕ ਬਣਾਇਆ ਗਿਆ।

ਧੀ ਅਮੀਰਾ ਸ਼ਾਹ ਨੇ ਦੱਸਿਆ,'ਅੱਜ ਅਸੀਂ ਥਾਇਰਾਇਡ ਟੈਸਟਾਂ, ਪ੍ਰਜਣਨ ਟੈਸਟਾਂ ਤੇ ਵਿਭਿੰਨ ਹਾਰਮੋਨਲ ਟੈਸਟਾਂ ਦੀ ਗੱਲ ਕਰਦੇ ਹਾਂ। 1980ਵਿਆਂ ਦੌਰਾਨ ਇਹ ਸਾਰੇ ਟੈਸਟ ਭਾਰਤ ਵਿੱਚ ਕਿਤੇ ਵੀ ਨਹੀਂ ਹੁੰਦੇ ਸਨ। ਇਹ ਡਾ. ਸ਼ਾਹ ਹੀ ਸਨ, ਜਿਹੜੇ ਇਹ ਟੈਸਟ ਪਹਿਲੀ ਵਾਰ ਭਾਰਤ ਲਿਆਏ ਸਨ। ੳਨ੍ਹਾਂ ਬਹੁਤ ਛੋਟੇ ਪੱਧਰ ਤੋਂ ਇਹ ਸ਼ੁਰੂਆਤ ਕੀਤੀ ਸੀ।'

ਇਸ ਵਿਸ਼ਵ ਪੱਧਰੀ ਪੈਥਾਲੋਜੀ ਸਾਮਰਾਜ ਨੂੰ 35 ਸਾਲਾਂ ਦੇ ਅਮੀਰਾ ਸ਼ਾਹ ਚਲਾਉਂਦੇ ਹਨ; ਜਿਨ੍ਹਾਂ ਨੇ ਆਪਣੇ ਪਿਤਾ ਦੀ ਇੱਕੋ-ਇੱਕ ਲੈਬਾਰੇਟਰੀ ਨੂੰ 2,000 ਕਰੋੜ ਰੁਪਏ ਦੀ ਕੰਪਨੀ ਵਿੱਚ ਤਬਦੀਲ ਕਰ ਦਿੱਤਾ ਹੈ। ਜਦੋਂ ਉਹ 21 ਵਰ੍ਹਿਆਂ ਦੇ ਸਨ, ਤਦ ਉਹ ਇਹ ਸੋਚ-ਸੋਚ ਕੇ ਹੀ ਬਹੁਤ ਸਮਾਂ ਭੰਬਲ਼ਭੂਸੇ ਵਿੱਚ ਪਏ ਰਹੇ ਸਨ ਕਿ ਉਨ੍ਹਾਂ ਜ਼ਿੰਦਗੀ ਵਿੱਚ ਪਤਾ ਨਹੀਂ ਕੀ ਕਰਨਾ ਹੈ।

image


ਮੈਂ ਆਪਣੇ ਜੀਵਨ ਵਿੱਚ ਕੀ ਕਰਾਂ?

ਅਮੀਰਾ ਸ਼ਾਹ ਦਸਦੇ ਹਨ,''ਮੈਂ ਨਿਊ ਯਾਰਕ ਵਿੱਚ ਗੋਲਡਮੈਨ ਸਾਕਸ ਨਾਲ ਕੰਮ ਕਰ ਰਹੀ ਸਾਂ। ਮੇਰਾ ਅਹੁਦਾ ਉਥੇ ਬਹੁਤ ਉਚੇਰਾ ਸੀ। ਪਰ ਮੈਨੂੰ ਉਥੇ ਬਿਲਕੁਲ ਹੀ ਆਨੰਦ ਨਹੀਂ ਆਉਂਦਾ ਸੀ। ਮੈਨੂੰ ਨਿਊ ਯਾਰਕ ਵਿੱਚ ਰਹਿਣਾ ਤਾਂ ਪਸੰਦ ਸੀ। ਪਰ ਵਿੱਤੀ ਸੇਵਾਵਾਂ ਦਾ ਸਥਾਨ ਮੇਰੇ ਲਈ ਨਹੀਂ ਸੀ। ਮੈਂ ਪੈਸੇ ਬਣਾਉਣ ਪਿੱਛੇ ਕਦੇ ਨਹੀਂ ਨੱਸੀ।'' ਇਸੇ ਲਈ ਉਨ੍ਹਾਂ ਉਹ ਨੌਕਰੀ ਛੱਡ ਦਿੱਤੀ। 'ਫਿਰ ਮੈਂ ਇੱਕ ਨਿੱਕੀ ਤੇ ਨਵੀਂ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਕੇਵਲ ਪੰਜ ਮੁਲਾਜ਼ਮ ਸਨ। ਉਹ ਕੋਈ ਬਹੁਤਾ ਵਧੀਆ ਅਨੁਭਵ ਤਾਂ ਨਹੀਂ ਸੀ। ਪਰ ਮੈਂ ਉਥੇ ਛੋਟੀਆਂ ਟੀਮਾਂ ਨਾਲ ਛੋਟੀਆਂ ਕੰਪਨੀਆਂ ਚਲਾਉਣੀਆਂ ਸਿੱਖੀਆਂ।'

ਅਮੀਰਾ ਸ਼ੁਰੂ ਤੋਂ ਕੁੱਝ ਵੱਡਾ ਤੇ ਮਹੱਤਵਪੂਰਣ ਕਰਨਾ ਲੋਚਦੇ ਸਨ। ਉਹ ਦਸਦੇ ਹਨ,''ਜਦੋਂ ਤੁਸੀਂ 21 ਸਾਲਾਂ ਦੇ ਹੁੰਦੇ ਹੋ, ਤਦ ਕੋਈ ਵੀ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦਾ।'' ਆਪਣੇ ਕੰਮ ਤੋਂ ਅਸੰਤੁਸ਼ਟ, ਅਮੀਰਾ ਸ਼ਾਹ ਤਦ ਸਲਾਹ ਲੈਣ ਲਈ ਆਪਣੇ ਪਿਤਾ ਕੋਲ ਪੁੱਜੇ। ਉਨ੍ਹਾਂ ਦੇ ਪਿਤਾ ਨੇ ਪੁੱਛਿਆ ਕਿ ਉਹ ਕਾਰਜਕਾਰੀ ਅਧਿਕਾਰੀ ਬਣਨਾ ਚਾਹੁੰਦੀ ਹੈ ਕਿ ਇੱਕ ਉਦਮੀ। ਅਮੀਰਾ ਨੇ ਪੁੱਛਿਆ ਕਿ ਇਨ੍ਹਾਂ ਦੋਵਾਂ ਵਿੱਚ ਕੀ ਫ਼ਰਕ ਹੈ।

ਇੱਕ ਕਾਰਜਕਾਰੀ ਅਧਿਕਾਰੀ ਜਾਂ ਉਦਮੀ

'ਪਹਿਲੇ ਵਿੱਚ ਤੂੰ ਆਪਣਾ ਮਹਾਨ ਕੈਰੀਅਰ ਬਣਾ ਸਕਦੀ ਹੈਂ, ਤੂੰ ਆਪਣੀ ਸਥਿਤੀ ਵੱਕਾਰੀ ਬਣਾ ਸਕਦੀ ਹੈਂ ਤੇ ਚੋਖਾ ਧਨ ਵੀ ਕਮਾ ਸਕਦੀ ਹੈਂ। ਜੇ ਤੂੰ ਇਹ ਸਭ ਚਾਹੁੰਦੀ ਹੈਂ, ਤਾਂ ਤੈਨੂੰ ਅਮਰੀਕਾ ਵਿੱਚ ਹੀ ਰਹਿਣਾ ਚਾਹੀਦਾ ਹੈ। ਪਰ ਜੇ ਤੂੰ ਕੋਈ ਪ੍ਰਭਾਵ ਸਿਰਜਣਾ ਲੋਚਦੀ ਹੈਂ, ਜੇ ਤੂੰ ਕਿਸੇ ਕੰਪਨੀ ਦਾ ਦਿਲ ਤੇ ਆਤਮਾ ਬਣਨਾ ਚਾਹੁੰਦੀ ਹੈਂ; ਜਿੱਥੇ ਜੋ ਵੀ ਕੰਮ ਤੂੰ ਕਰੇਂ ਉਸ ਦਾ ਕੋਈ ਮੁੱਲ ਹੋਵੇ, ਤਦ ਤੈਨੂੰ ਇੱਕ ਉੱਦਮੀ ਬਣਨ ਦੀ ਜ਼ਰੂਰਤ ਹੈ। ਉਸ ਲਈ ਤੈਨੂੰ ਭਾਰਤ ਪਰਤਣਾ ਹੋਵੇਗਾ।' ਇਹ ਗੱਲਾਂ ਪਿਤਾ ਨੇ ਅਮੀਰਾ ਨੂੰ ਆਖੀਆਂ ਸਨ। ਫਿਰ ਅਮੀਰਾ ਸ਼ਾਹ ਨੇ ਇੱਕ ਉੱਦਮੀ ਬਣਨ ਦਾ ਰਾਹ ਚੁਣਿਆ ਸੀ ਤੇ ਉਹ 2001 ਵਿੱਚ ਭਾਰਤ ਪਰਤ ਆਏ ਸਨ।

ਅਮੀਰਾ ਸ਼ਾਹ ਦਸਦੇ ਹਨ,''ਉਦੋਂ ਉਹ ਫ਼ੈਸਲਾ ਵਿਵਾਦਪੂਰਨ ਸੀ। ਭਾਰਤ ਉਦੋਂ 'ਚਮਕਦਾ ਭਾਰਤ' ਨਹੀਂ ਸੀ; ਜਿਵੇਂ ਕਿ ਹੁਣ ਹੈ। ਉੱਦਮਤਾ ਦਾ ਕਿਤੇ ਕੋਈ ਨਾਂਅ-ਥੇਹ ਵੀ ਨਹੀਂ ਸੀ। ਮੈਂ ਕਦੇ ਭਾਰਤ ਵਿੱਚ ਕੰਮ ਨਹੀਂ ਕੀਤਾ ਸੀ। ਲੈਬਾਰੇਟਰੀ ਨੂੰ ਕੇਵਲ ਮੇਰੇ ਪਿਤਾ ਹੀ ਚਲਾਉਂਦੇ ਸਨ। ਮੇਰੇ ਪਿਤਾ ਅਤੇ ਉਨ੍ਹਾਂ ਦਾ ਸੱਜਾ ਹੱਥ ਸਮਝਿਆ ਜਾਂਦਾ ਇੱਕ ਵਿਅਕਤੀ ਸਾਰੇ ਫ਼ੈਸਲੇ ਲੈਂਦਾ ਸੀ। ਹਰ ਕੁੱਝ ਕੇਂਦਰੀਕ੍ਰਿਤ ਸੀ। ਕਿਤੇ ਕੋਈ ਕੰਪਿਊਟਰ ਨਹੀਂ ਸਨ, ਨਾ ਈ-ਮੇਲ, ਸਿਸਟਮਜ਼ ਤੇ ਨਾ ਹੀ ਕੋਈ ਪ੍ਰਕਿਰਿਆਵਾਂ। ਕੇਵਲ ਇੱਕ ਵਿਅਕਤੀ ਬੈਠਦਾ ਸੀ ਤੇ ਉਹੀ ਫ਼ੋਨ ਕਾੱਲਜ਼ ਸੁਣਦਾ ਸੀ। ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਅੱਗੇ ਨਹੀਂ ਵਧਿਆ ਜਾ ਸਕਦਾ। ਤੁਸੀਂ ਉਸ ਹਾਲਤ ਵਿੱਚ ਅੱਗੇ ਨਹੀਂ ਵਧ ਸਕਦੇ, ਜਦੋਂ ਸਾਰੇ ਫ਼ੈਸਲੇ ਕੇਵਲ ਇੱਕੋ ਵਿਅਕਤੀ ਨੇ ਲੈਣੇ ਹੋਣ। ਇਸ ਨੂੰ ਕੋਈ ਸਿਸਟਮ ਜਾਂ ਪ੍ਰਣਾਲੀ ਨਹੀਂ ਆਖਿਆ ਜਾ ਸਕਦਾ; ਇਹ ਤਾਂ ਤਾਨਾਸ਼ਾਹੀ ਰਵੱਈਆ ਹੋਇਆ।''

ਡਾ. ਸੁਸ਼ੀਲ ਸ਼ਾਹ ਦੀ ਲੈਬਾਰੇਟਰੀ ਦੱਖਣੀ ਮੁੰਬਈ ਵਿੱਚ 1,500 ਵਰਗ ਫ਼ੁੱਟ ਦਾ ਇੱਕ ਸੰਗਠਨ ਸੀ, ਜਿੱਥੇ ਸਥਿਰ ਜਿਹੀ ਗਿਣਤੀ ਵਿੱਚ ਗਾਹਕ ਆਉਂਦੇ ਸਨ ਅਤੇ ਆਪਣੇ 25 ਸਾਲਾਂ ਦੇ ਸਮੇਂ ਵਿੱਚ ਇਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਸੀ। 'ਪਰ ਇਹ ਕੇਵਲ ਇਕ ਸੰਗਠਨ ਸੀ। ਦੱਖਣੀ ਮੁੰਬਈ ਤੋਂ ਅਗਾਂਹ ਕਿਸੇ ਨੇ ਵੀ ਇਸ ਦਾ ਨਾਂਅ ਨਹੀਂ ਸੁਣਿਆ ਸੀ। ਮੇਰੇ ਪਿਤਾ ਚਾਹੁੰਦੇ ਸਨ ਕਿ ਲੈਬਾਰੇਟਰੀਜ਼ ਦੀ ਇੱਕ ਲੜੀ ਖੋਲ੍ਹੀ ਜਾਵੇ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਅਜਿਹਾ ਕਿਵੇਂ ਕੀਤਾ ਜਾਵੇ।'

image


'ਮੈਂ ਸਭ ਤੋਂ ਪਹਿਲਾਂ ਇਸ ਨੂੰ ਇਕਲੌਤੀ ਮਾਲਕੀ ਤੋਂ ਬਦਲ ਕੇ ਇੱਕ ਕੰਪਨੀ ਦਾ ਰੂਪ ਦਿੱਤਾ। ਅਸੀਂ ਨਵੀਂ ਪ੍ਰਤਿਭਾ ਲੈ ਕੇ ਆਏ, ਨਵੇਂ ਵਿਭਾਗ ਸਿਰਜੇ, ਸੰਚਾਰ ਪ੍ਰਣਾਲੀਆਂ ਡਿਜੀਟਲ ਵਾਲੀਆਂ ਲੈ ਕੇ ਆਏ, ਐਸ.ਓ.ਪੀਜ਼ ਤੇ ਪ੍ਰਕਿਰਿਆਵਾਂ ਸਿਰਜੀਆਂ। ਇਹ ਸਭ ਕੁੱਝ ਮੇਰੇ ਲਈ ਨਵਾਂ ਸੀ। ਮੈਂ ਤਦ ਬਿਜ਼ਨੇਸ ਸਕੂਲ ਵਿਚੋਂ ਨਿੱਕਲ਼ੀ ਹੀ ਸਾਂ, ਜਿੱਥੇ ਤੁਹਾਨੂੰ ਆਮ ਤੌਰ ਉਤੇ ਵੱਡੀਆਂ ਕੰਪਨੀਆਂ ਬਾਰੇ ਹੀ ਪੜ੍ਹਾਇਆ ਜਾਂਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਕੈਸ਼ ਫ਼ਲੋਅ ਸਟੇਟਮੈਂਟਸ ਕਿਵੇਂ ਤਿਆਰ ਕਰਨੀਆਂ ਹਨ, ਐਕਸੈਲ ਉਤੇ ਕੋਈ ਫ਼ਾਰਮੂਲਾ ਕਿਵੇਂ ਕੱਢਣਾ ਹੈ ਤੇ ਗਿਣਤੀਆਂ-ਮਿਣਤੀਆਂ ਕਿਵੇਂ ਕਰਨੀਆਂ ਹਨ। ਤੁਹਾਨੂੰ ਵਿਵਹਾਰਕ ਮੁੱਦਿਆਂ ਬਾਰੇ ਕੁੱਝ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਰੋਜ਼ਾਨਾ ਜਿਹੜੇ ਲੋਕਾਂ ਨੂੰ ਮਿਲੋਗੇ, ਉਨ੍ਹਾਂ ਨਾਲ ਕਿਵੇਂ ਸਿੱਝਣਾ ਹੈ। ਤੁਸੀਂ ਇੱਕ ਸਿਸਟਮ ਨੂੰ ਲਾਗੂ ਕਿਵੇਂ ਕਰਨਾ ਹੈ। ਤੁਸੀਂ ਵਧੀਆ ਪ੍ਰਤਿਭਾ ਨੂੰ ਕਿਵੇਂ ਖਿੱਚਣਾ ਹੈ; ਜਦੋਂ ਤੁਸੀਂ ਇੱਕ ਛੋਟੀ ਕੰਪਨੀ ਹੋਵੋ ਅਤੇ ਤੁਸੀਂ ਵਧੇਰੇ ਤਨਖ਼ਾਹਾਂ ਨਾ ਝੱਲ ਸਕੋ। ਮੈਂ ਤਦ ਆਮ ਸਮਝ ਨਾਲ ਕੰਮ ਲਿਆ ਤੇ ਆਪਣੀਆਂ ਮੂਲ ਪ੍ਰਵਿਰਤੀਆਂ ਨੂੰ ਅੱਗੇ ਵਧਣ ਦਿੱਤਾ।'

ਅਮੀਰਾ ਸ਼ਾਹ ਦਸਦੇ ਹਨ,'ਮੇਰੇ ਪਿਤਾ ਨੇ ਮੇਰੇ ਕੰਮ ਉੱਤੇ ਪਹਿਲੇ ਹੀ ਦਿਨ ਤੋਂ ਮੋਹਰ ਲਾਉਣੀ ਸ਼ੁਰੂ ਨਹੀਂ ਕਰ ਦਿੱਤੀ ਸੀ। ਉਨ੍ਹਾਂ ਪਹਿਲੇ ਹੀ ਦਿਨ ਮੈਨੂੰ ਸਿਖ਼ਰਲਾ ਅਹੁਦਾ ਨਹੀਂ ਸੌਂਪਿਆ ਸੀ। ਮੈਂ ਤਾਂ ਕੇਵਲ ਗਾਹਕਾਂ ਦੀ ਦੇਖਭਾਲ ਵਾਲੇ ਕਾਊਂਟਰ ਤੋਂ ਸ਼ੁਰੂਆਤ ਕੀਤੀ ਸੀ। ਜਿੱਥੇ ਮੈਂ ਗਾਹਕਾਂ ਦਾ ਸਾਹਮਣਾ ਕਰਦੀ ਸਾਂ ਤੇ ਰੋਜ਼ਮੱਰਾ ਦੇ ਮੁੱਦਿਆਂ ਨਾਲ ਨਿਪਟਦੀ ਸਾਂ। ਮੈਂ ਉਦੋਂ ਵੀ ਗੋਟੀਆਂ ਨੂੰ ਸਹੀ ਥਾਂ ਉੱਤੇ ਫ਼ਿੱਟ ਕਰਦੀ ਸਾਂ। ਇੰਝ ਦੋ ਕੁ ਸਾਲ ਚੱਲਿਆ।'

ਆਓ ਅੱਗੇ ਵਧੀਏ

ਦੋ ਸਾਲਾਂ ਬਾਅਦ ਅਮੀਰਾ ਨੇ ਫ਼ੈਸਲਾ ਕੀਤਾ ਕਿ ਹੁਣ ਗੰਭੀਰਤਾ ਨਾਲ਼ ਅੱਗੇ ਵਧਣਾ ਚਾਹੀਦਾ ਹੈ। 'ਜਿਸ ਤਰੀਕੇ ਮੇਰੇ ਪਿਤਾ ਜੀ ਨੇ 25 ਸਾਲਾਂ ਵਿੱਚ ਦੱਖਣੀ ਮੁੰਬਈ ਵਿਖੇ ਆਪਣੀ ਪੈਥਾਲੋਜੀ ਦੀ ਸਾਖ਼ ਬਣਾਈ ਸੀ, ਅਸੀਂ ਸੋਚਿਆ ਕਿ ਸ਼ਹਿਰ ਵਿੱਚ ਹੋਰ ਲੈਬਾਰੇਟਰੀਜ਼ ਹਨ, ਜੋ ਪ੍ਰਸਿੱਧ ਹਨ। ਅਸੀਂ ਪਹਿਲਾਂ ਡਾ. ਸੁਸ਼ੀਲ ਸ਼ਾਹ'ਜ਼ ਲੈਬਾਰੇਟਰੀ ਤੋਂ ਨਾਂਅ ਬਦਲ ਕੇ 'ਮੈਟਰੋਪੋਲਿਸ' ਰੱਖਿਆ ਕਿਉਂਕਿ ਤਦ ਤੱਕ ਬਹੁ-ਰਾਸ਼ਟਰੀ ਕੰਪਨੀਆਂ ਆਉਣ ਲੱਗੀਆਂ ਸਨ ਤੇ ਤਕੜਾ ਮੁਕਾਬਲਾ ਸੀ। ਅਸੀਂ ਮੌਜੂਦਾ ਸੁਤੰਤਰ ਲੈਬਾਰੇਟਰੀਜ਼ ਨਾਲ ਮਿਲ ਕੇ ਅੱਗੇ ਵਧਣਾ ਚਾਹੁੰਦੇ ਸਾਂ ਅਤੇ ਉਨ੍ਹਾਂ ਨੂੰ ਮੈਟਰੋਪੋਲਿਸ ਦੀ ਛਤਰੀ ਹੇਠਾਂ ਲਿਆਉਣਾ ਚਾਹੁੰਦੇ ਸਾਂ।'

ਸਾਲ 2004 ਵਿੱਚ ਮੈਟਰੋਪੋਲਿਸ ਨੇ ਆਪਣੀ ਪਹਿਲੀ ਭਾਈਵਾਲੀ ਕੀਤੀ। 'ਚੇਨਈ ਦੇ ਪੈਥਾਲੋਜਿਸਟ ਡਾ. ਸ੍ਰੀਨਿਵਾਸਨ ਸਾਡੇ ਮਾਪਦੰਡ ਵਿੱਚ ਫ਼ਿੱਟ ਬੈਠਦੇ ਸਨ। ਅਸੀਂ ਉਨ੍ਹਾਂ ਨੂੰ ਸਾਡੇ ਨਾਲ ਜੁੜਨ ਦੇ ਲਾਭ ਗਿਣਵਾਏ। ਅੱਜ ਸਾਡੀਆਂ ਅਜਿਹੀਆਂ 25 ਭਾਈਵਾਲ਼ੀਆਂ ਹਨ।'

ਮੈਟਰੋਪੋਲਿਸ ਦਾ ਫ਼ੰਡਿੰਗ ਦਾ ਪਹਿਲਾ ਗੇੜ 2006 'ਚ ਹੋਇਆ ਸੀ ਅਤੇ ਉਦੋਂ ਆਈ.ਸੀ.ਆਈ.ਸੀ.ਆਈ. ਉੱਦਮਾਂ ਰਾਹੀਂ ਫ਼ੰਡ ਇਕੱਠੇ ਕੀਤੇ ਸਨ। ਅਮਰੀਕੀ ਗਲੋਬਲ ਇਕਵਿਟੀ ਫ਼ਰਮ ਵਾਰਬਰਗ ਪਿਨਕਸ ਨੇ ਆਈ.ਸੀ.ਆਈ.ਸੀ.ਆਈ. ਨੂੰ ਖ਼ਰੀਦਿਆ ਸੀ ਤੇ 2010 ਵਿੱਚ ਉਸ ਮੈਟਰੋਪੋਲਿਸ ਵਿੱਚ ਕਾਫ਼ੀ ਧਨ ਲਾਇਆ।

2006 'ਚ ਫ਼ੰਡ ਇਕੱਠੇ ਕਰਨ ਬਾਰੇ ਅਮੀਰਾ ਸ਼ਾਹ ਦਸਦੇ ਹਨ,''ਸਾਨੂੰ ਹੋਰਨਾਂ ਕੰਪਨੀਆਂ ਦੇ ਸ਼ੇਅਰ ਲੈਣ ਲਈ ਧਨ ਲੋੜੀਂਦਾ ਸੀ। ਅਸੀਂ ਕਰਜ਼ਾ ਨਹੀਂ ਲੈ ਸਕਦੇ ਸਾਂ। ਸਾਡੇ ਕੋਲ਼ ਇੰਨਾ ਧਨ ਵੀ ਨਹੀਂ ਸੀ ਕਿ ਅਸੀਂ ਇਸ ਕਾਰੋਬਾਰ ਵਿੱਚ ਲਾ ਸਕਦੇ ਕਿਉਂਕਿ ਅਸੀਂ ਕਿਹੜਾ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਸਾਂ। ਅਸੀਂ ਤਾਂ ਲੈਬਾਰੇਟਰੀ ਤੋਂ ਹੋਣ ਵਾਲੀ ਆਮਦਨ ਨੂੰ ਹੀ ਉਸ ਉੱਤੇ ਲਾ ਕੇ ਅੱਗੇ ਵਧ ਸਕਦੇ ਸਾਂ। ਅੱਜ ਦੀਆਂ ਸਟਾਰਟ-ਅੱਪਸ ਅਤੇ ਈ-ਕਾਮਰਸ ਕੰਪਨੀਆਂ ਵਾਂਗ ਨਹੀਂ ਸੀ ਕਿ ਤੁਸੀਂ ਹਰ ਮਹੀਨੇ 100 ਕਰੋੜ ਰੁਪਏ ਖ਼ਰਚ ਕਰੋਂ ਅਤੇ ਤੁਹਾਨੂੰ ਆਮਦਨ 2 ਕਰੋੜ ਰੁਪਏ ਹੋਵੇ। ਅਸੀਂ ਉਹੀ ਧਨ ਖ਼ਰਚ ਕਰ ਸਕਦੇ ਸਾਂ, ਜੋ ਸਾਡੇ ਕੋਲ਼ ਹੈ ਸੀ।'' ਮੈਟਰੋਪੋਲਿਸ ਨੇ ਪਿੱਛੇ ਜਿਹੇ ਵਾਰਬਰਗ ਪਿਨਕਸ ਦਾ ਹਿੱਸਾ ਖ਼ਰੀਦਿਆ ਹੈ। ਹੁਣ ਇਸ ਕੰਪਨੀ ਨੂੰ ਬਾਹਰੀ ਨਿਵੇਸ਼ਕਾਂ ਦੀ ਲੋੜ ਨਹੀਂ ਹੈ।

ਮੈਟਰੋਪੋਲਿਸ ਦੀਆਂ ਨੀਂਹਾਂ ਤਾਂ ਸਾਲ 2006 ਤੋਂ ਬਹੁਤ ਪਹਿਲਾਂ ਰੱਖੀਆਂ ਗਈਆਂ ਸਨ। ਸਾਲ 2002 ਵਿੱਚ ਇਹ ਸੱਤ ਕਰੋੜ ਰੁਪਏ ਦੀ ਆਮਦਨ ਵਾਲੀ ਕੰਪਨੀ ਸੀ ਅਤੇ ਇਸ ਦੇ 40 ਤੋਂ 50 ਮੁਲਾਜ਼ਮ ਸਨ। ਪਿਛਲੇ 13 ਵਰ੍ਹਿਆਂ ਦੌਰਾਨ ਅਸੀਂ ਇੱਕ ਲੈਬਾਰੇਟਰੀ ਤੋਂ 800 ਕੇਂਦਰਾਂ ਤੱਕ ਪੁੱਜੇ ਹਾਂ ਅਤੇ ਸੱਤ ਦੇਸ਼ਾਂ ਵਿੱਚ ਇਸ ਦੀਆਂ 125 ਲੈਬਾਰੇਟਰੀਜ਼ ਹਨ। ਭਾਰਤੀ ਰੁਪਏ ਵਿੱਚ ਇਸ ਦੀਆਂ ਸੰਪਤੀਆਂ 2,000 ਕਰੋੜ ਰੁਪਏ ਦੀਆਂ ਹਨ ਅਤੇ ਇਸ ਦੀ ਸਾਲਾਨਾ ਆਮਦਨ 500 ਕਰੋੜ ਰੁਪਏ ਹੈ।

ਕੌਮਾਂਤਰੀ ਹੋਣਾ

ਕੌਮਾਂਤਰੀ ਹੋਣਾ ਇੱਕ ਤਰ੍ਹਾਂ ਮੌਕਾਪ੍ਰਸਤੀ ਵਾਲੀ ਗੱਲ ਹੀ ਸੀ। ਅਮੀਰਾ ਸ਼ਾਹ ਦਸਦੇ ਹਨ,''ਅਸੀਂ ਤਦ ਸਮੁੱਚੇ ਭਾਰਤ ਵਿੱਚ ਵੀ ਨਹੀਂ ਸਾਂ, ਕੇਵਲ ਮੁੰਬਈ, ਚੇਨਈ ਤੇ ਕੇਰਲ ਵਿੱਚ ਹੀ ਸਾਂ। ਫਿਰ ਸਾਨੂੰ ਇੱਕ ਅਜਿਹਾ ਮੌਕਾ ਮਿਲਿਆ ਕਿ ਅਸੀਂ ਸ੍ਰੀ ਲੰਕਾ ਵਿੱਚ ਦਾਖ਼ਲ ਹੋ ਸਕਦੇ ਸਾਂ ਅਤੇ ਉਥੇ ਆਪਣਾ ਆਧਾਰ ਕਾਇਮ ਕਰ ਸਕਦੇ ਸਾਂ। ਸਾਨੂੰ ਪਤਾ ਸੀ ਕਿ ਭਾਰਤ ਵਿੱਚ ਬਾਜ਼ਾਰ ਬਹੁਤ ਮੁਕਾਬਲੇ ਵਾਲਾ ਹੈ ਅਤੇ ਕੀਮਤਾਂ ਅਸਥਿਰ ਸਨ। ਇਸ ਦੇ ਮੁਕਾਬਲੇ ਸ੍ਰੀ ਲੰਕਾ ਦਾ ਬਾਜ਼ਾਰ ਆਸਾਨ ਸੀ ਕਿਉਂਕਿ ਸ੍ਰੀ ਲੰਕਾ ਆਪਣੀਆਂ ਬਹੁਤੀਆਂ ਮੈਡੀਕਲ ਜ਼ਰੂਰਤਾਂ ਸਿੰਗਾਪੁਰ ਤੋਂ ਪੂਰੀਆਂ ਕਰਦਾ ਹੈ। ਇੰਝ 2005 ਵਿੱਚ ਅਸੀਂ ਸ੍ਰੀ ਲੰਕਾ ਵਿੱਚ ਦਾਖ਼ਲ ਹੋਏ। ਇਹ ਕੋਈ ਰਣਨੀਤਕ ਫ਼ੈਸਲਾ ਤਾਂ ਨਹੀਂ ਸੀ ਪਰ ਇਸ ਤੋਂ ਸਾਨੂੰ ਲਾਭ ਹੋਇਆ। ਫਿਰ 2006 ਵਿੱਚ ਸਾਨੂੰ ਮੱਧ ਪੂਰਬੀ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ। ਫਿਰ 2007 ਵਿੱਚ ਅਸੀਂ ਅਫ਼ਰੀਕਾ ਵਿੱਚ ਵੀ ਚਲੇ ਗਏ।''

ਅਮੀਰਾ ਸ਼ਾਹ ਨੂੰ ਹੁਣ ਮੈਟਰੋਪੋਲਿਸ ਦਾ ਕੰਮ ਕਰ ਕੇ ਬਹੁਤ ਆਨੰਦ ਆਉਂਦਾ ਹੈ। ਉਹ ਦਸਦੇ ਹਨ,'ਹਰੇਕ ਬਾਜ਼ਾਰ ਵੱਖਰੀ ਕਿਸਮ ਦਾ ਅਤੇ ਵਿਲੱਖਣ ਹੁੰਦਾ ਹੈ। ਸ੍ਰੀ ਲੰਕਾ ਇੱਕ ਅਜਿਹਾ ਸਥਾਨ ਹੈ, ਜਿੱਥੇ ਸਹਿਜੇ-ਸਹਿਜੇ ਵੀ ਚੱਲਿਆ ਜਾ ਸਕਦਾ ਹੈ। ਉਥੇ ਜਨਤਕ ਛੁੱਟੀਆਂ ਬਹੁਤ ਜ਼ਿਆਦਾ ਹਨ ਪਰ ਅਫ਼ਸਰਸ਼ਾਹੀ ਉਥੇ ਵੀ ਭਾਰਤ ਵਰਗੀ ਹੀ ਹੈ। ਮੱਧ-ਪੂਰਬੀ ਦੇਸ਼ਾਂ ਵਿੱਚ ਵਧੇਰੇ ਕਾਰਪੋਰੇਟ ਮਾਹੌਲ ਹੈ। ਅਫ਼ਰੀਕਾ ਦਾ ਹਰੇਕ ਦੇਸ਼ ਹੀ ਭਿੰਨ ਕਿਸਮ ਦਾ ਹੈ। ਦੱਖਣੀ ਅਫ਼ਰੀਕਾ ਕਾਰੋਬਾਰੀ ਲੈਣ-ਦੇਣ ਵਿੱਚ ਬਹੁਤ ਪੇਸ਼ੇਵਰਾਨਾ ਭਾਵ ਪ੍ਰੋਫ਼ੈਸ਼ਨਲ ਹੈ। ਉਥੇ ਭਾਰਤ ਵਾਂਗ ਨਿਜੀ ਨਹੀਂ ਹੈ। ਪਰ ਉਥੇ ਸਖ਼ਤੀ ਨਾਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ ਪੰਜ ਵਜੇ ਤੱਕ ਹੀ ਕੰਮ ਕਰਦੇ ਹੋ। ਭਾਰਤ ਵਾਂਗ ਕੰਮ ਦੇ ਘੰਟੇ ਅੱਗੇ ਤੋਂ ਅੱਗੇ ਖਿੱਚੇ ਨਹੀਂ ਚਲੇ ਜਾਂਦੇ। ਸਾਡੇ ਵਰਗੀ ਕੰਪਨੀ ਲਈ ਇੱਕਸੁਰਤਾ ਨਾਲ ਕੰਮ ਕਰਦਿਆਂ ਅੱਗੇ ਵਧਣਾ ਹੈ। ਮੈਟਰੋਪੋਲਿਸ ਦਾ ਇੱਕ ਮੁਲਾਜ਼ਮ ਭਾਵੇਂ ਕੀਨੀਆ ਬੈਠਾ ਹੈ ਤੇ ਦੂਜਾ ਭਾਰਤ ਵਿੱਚ, ਪਰ ਉਨ੍ਹਾਂ 'ਚ ਕੰਮ-ਕਾਜ ਦੀਆਂ ਨੈਤਿਕਤਾਵਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵਿੱਚ ਦਿਆਨਤਦਾਰੀ, ਈਮਾਨਦਾਰੀ, ਤਰਸ ਭਾਵਨਾ ਤੇ ਜਵਾਬਦੇਹੀ ਜਿਹੀਆਂ ਕਦਰਾਂ-ਕੀਮਤਾਂ ਹੋਣੀਆਂ ਚਾਹੀਦੀਆਂ ਹਨ।'

ਪਛਤਾਵੇ

ਮੈਟਰੋਪੋਲਿਸ ਜੇ ਇੱਕਦਮ ਤੇਜ਼ੀ ਨਾਲ ਅੱਗੇ ਵਧੀ, ਤਾਂ ਇਸ ਨੂੰ ਕੁੱਝ ਨਿਰਾਸ਼ਾਜਨਕ ਨਾਕਾਮੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਮੀਰਾ ਸ਼ਾਹ ਦਸਦੇ ਹਨ,''ਬਹੁਤੀਆਂ ਭਾਈਵਾਲੀਆਂ ਤਾਂ ਵਧੀਆ ਨਿਭਦੀਆਂ ਹਨ ਪਰ ਕੁੱਝ ਸਫ਼ਲ ਨਹੀਂ ਵੀ ਹੁੰਦੀਆਂ। ਕੁੱਝ ਵਾਰ ਅਸੀਂ ਬਹੁਤ ਤੇਜ਼ੀ ਨਾਲ ਬਿਨਾਂ ਕੁੱਝ ਸੋਚੇ-ਸਮਝੇ ਵੀ ਭਾਈਵਾਲ਼ੀਆਂ ਕਰਦੇ ਰਹੇ ਹਾਂ। ਹੈਲਥਕੇਅਰ ਖੇਤਰ ਵਿੱਚ ਅਰੰਭ ਤੋਂ ਹੀ ਮਰਦਾਂ ਦੀ ਸਰਦਾਰੀ ਰਹੀ ਹੈ। ਨੌਜਵਾਨ ਕੁੜੀ ਨੂੰ ਕੋਈ ਉਂਝ ਹੀ ਗੰਭੀਰਤਾ ਨਾਲ ਨਹੀਂ ਲੈਂਦਾ। ਫਿਰ ਜਦੋਂ ਤੁਹਾਡਾ ਪਿਛੋਕੜ ਨਾੱਨ-ਮੈਡੀਕਲ ਹੋਵੇ, ਫਿਰ ਹੋਰ ਵੀ ਔਖਾ ਹੁੰਦਾ ਹੈ। ਜੇ ਅਸੀਂ ਘੱਟ ਮੌਕਾਪ੍ਰਸਤ ਰਹਿੰਦੇ ਅਤੇ ਵਧੇਰੇ ਰਣਨੀਤਕ, ਤਦ ਸ਼ਾਇਦ ਸਥਿਤੀ ਹੋਰ ਹੀ ਹੁੰਦੀ। ਭਾਈਵਾਲੀਆਂ ਨਾਲ ਕਾਰੋਬਾਰ ਨੂੰ ਅੱਗੇ ਵਧਾਉਣਾ ਠੀਕ ਰਹਿੰਦਾ ਹੈ। ਜਦੋਂ ਮੌਕੇ ਆਉਂਦੇ ਹਨ,ਤ ਾਂ ਤੁਰੰਤ ਹੀ ਆਉਂਦੇ ਹਨ ਅਤੇ ਉਹ ਚਲੇ ਵੀ ਤੁਰੰਤ ਹੀ ਹਨ। ਆਰਗੈਨਿਕ ਵਾਧੇ ਦੀ ਕੀਮਤ ਵੀ ਵੱਧ ਹੈ।''

ਮਰਦਾਂ ਦੇ ਵਿਸ਼ਵ ਵਿੱਚ ਇੱਕ ਔਰਤ

ਅਮੀਰਾ ਸ਼ਾਹ ਇੱਕ ਨਾਰੀ ਬੌਸ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਨੂੰ ਲਿੰਗ ਦੇ ਆਧਾਰ ਉੱਤੇ ਵਿਤਕਰੇ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਕੰਪਨੀ ਦਾ ਸਕੱਤਰ ਸਮਝਿਆ ਜਾਂਦਾ ਰਿਹਾ ਅਤੇ ਕੁੱਝ ਵਾਰ ਕੰਪਨੀ ਦੇ ਹੀ ਜੂਨੀਅਰ ਮਰਦ ਸਾਥੀ ਉਨ੍ਹਾਂ ਦੀ ਸਮਰੱਥਾ ਨੂੰ ਘਟਾ ਕੇ ਵੇਖਦੇ ਸਨ। ਪਰ ਉਨ੍ਹਾਂ ਕਦੇ ਹੌਸਲਾ ਨਹੀਂ ਹਾਰਿਆ। 'ਇੱਕ ਮਹਿਲਾ ਉੱਦਮੀ ਲਈ ਸਥਿਤੀ ਬਿਲਕੁਲ ਹੀ ਵੱਖਰੀ ਹੁੰਦੀ ਹੈ। ਜਦੋਂ ਤੁਸੀਂ ਆਪਣੇ ਬ੍ਰਾਂਡ ਦੀ ਉਸਾਰੀ ਕਰ ਰਹੇ ਹੋ, ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਤੇ ਆਪਣੀ ਕਹਾਣੀ ਵੇਚਣੀ ਪੈਂਦੀ ਹੈ। ਉਹੀ ਸਭ ਤੋਂ ਔਖਾ ਹਿੱਸਾ ਵੀ ਹੈ, ਕਿਉਂਕਿ ਉਥੇ ਹੀ ਵਿਤਕਰਾ ਹੁੰਦਾ ਹੈ।'

ਅਮੀਰਾ ਦਸਦੇ ਹਨ,'ਬਹੁਤੇ ਲੋਕਾਂ ਨੂੰ ਉਸ ਹਾਲਤ ਵਿੱਚ ਗੱਲ ਕਰਨੀ ਔਖੀ ਜਾਪਦੀ ਹੈ, ਜਦੋਂ ਉਨ੍ਹਾਂ ਸਾਹਮਣੇ ਕੋਈ ਔਰਤ ਗੰਭੀਰ ਕਿਸਮ ਦੀ ਗੱਲ ਕਰਨ ਲਈ ਬੈਠੀ ਹੋਵੇ। ਇਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ। ਆਮ ਤੌਰ ਉੱਤੇ ਔਰਤਾਂ ਨੂੰ ਜਾਂ ਤਾਂ ਇੱਕ ਮਾਂ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਅਤੇ ਜਾਂ ਇੱਕ ਪਤਨੀ ਦੇ ਰੂਪ ਵਿੱਚ। ਕੰਮਕਾਜ ਵਾਲੀਆਂ ਥਾਵਾਂ ਉੱਤੇ ਉਹ ਘੱਟ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਔਰਤਾਂ ਨੂੰ ਸਮਾਨ ਦਰਜਾ ਕਿਵੇਂ ਦੇਣਾ ਹੈ।'

ਅਮੀਰਾ ਦਾ ਕਹਿਣਾ ਹੈ,'ਕਿਸੇ ਸਮੱਸਿਆ ਦੀ ਹੋਂਦ ਨੂੰ ਪ੍ਰਵਾਨ ਕਰ ਲੈਣਾ ਮਹੱਤਵਪੂਰਣ ਹੁੰਦਾ ਹੈ, ਬਜਾਏ ਇਸ ਦੇ ਇਹ ਆਖਣਾ ਕਿ ਇੱਥੇ ਤਾਂ ਕੋਈ ਸਮੱਸਿਆ ਹੀ ਨਹੀਂ ਹੈ। ਤੁਹਾਡਾ ਕੰਮ ਆਪਣੇ ਮੂੰਹੋਂ ਬੋਲਦਾ ਹੈ।'

ਭਵਿੱਖ

ਅਮੀਰਾ ਸ਼ਾਹ ਆਪਣੀ ਕੰਪਨੀ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 'ਮੈਟਰੋਪੋਲਿਸ ਪਿਛਲੇ ਦੋ-ਤਿੰਨ ਵਰ੍ਹਿਆਂ ਤੋਂ ਲੋਕਾਂ, ਬੁਨਿਆਦੀ ਢਾਂਚੇ, ਵੰਡ, ਨੈਟਵਰਕ ਅਤੇ ਸੇਲਜ਼ ਜਿਹੇ ਖੇਤਰਾਂ ਵਿੱਚ ਕਾਫ਼ੀ ਧਨ ਲਾਉਂਦੀ ਰਹੀ ਹੈ।'

'ਲੰਮੇ ਸਮੇਂ ਵਿੱਚ ਖਪਤਕਾਰਾਂ ਦੇ ਵਿਵਹਾਰ ਤਬਦੀਲ ਹੋ ਰਹੇ ਹਨ। ਮਾਨਸਿਕਤਾਵਾਂ ਵੀ ਬਦਲ ਰਹੀਆਂ ਹਨ। ਮੈਂ ਕਾਰੋਬਾਰ ਨੂੰ ਪੇਸ਼ੇਵਰਾਨਾ ਭਾਵ ਪ੍ਰੋਫ਼ੈਸ਼ਨਲ ਰੂਪ ਦੇਣਾ ਚਾਹੁੰਦੀ ਹਾਂ, ਵਧੇਰੇ ਨਵੀਨਤਾ ਲਿਆਉਣਾ ਚਾਹੁੰਦੀ ਹਾਂ, ਬਿਜ਼ਨੇਸ ਮਾੱਡਲ ਬਦਲਣਾ ਚਾਹੁੰਦੀ ਹਾਂ ਤੇ ਇਹ ਸਭ ਭਵਿੱਖ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਮੈਟਰੋਪੋਲਿਸ ਨੂੰ ਨਵੇਂ ਦੇਸ਼ਾਂ ਵਿੱਚ ਲਿਜਾਣਾ ਚਾਹੁੰਦੀ ਹਾਂ। ਇਹੋ ਮੇਰੀ ਦੂਰ-ਦ੍ਰਿਸ਼ਟੀ ਹੈ।'

ਅਮੀਰਾ ਇੱਕ ਹਫ਼ਤੇ ਵਿੱਚ ਤਿੰਨ ਵਾਰ ਟੈਨਿਸ ਖੇਡਦੇ ਹਨ ਅਤੇ ਇੱਕ ਹਫ਼ਤੇ ਵਿੱਚ ਦੋ ਵਾਰ ਕੰਮ ਕਰਦੇ ਹਨ। ਉਨ੍ਹਾਂ ਨੂੰ ਏ.ਸੀ. ਦਫ਼ਤਰਾਂ ਵਿੱਚ ਬੈਠਣ ਤੋਂ ਨਫ਼ਰਤ ਹੈ। 'ਮੈਨੂੰ ਕਿਸ਼ਤੀ-ਚਾਲਨ, ਕੈਂਪਿੰਗ ਅਤੇ ਟਰੈਕਿੰਗ ਪਸੰਦ ਹਨ। ਮੈਨੂੰ ਸਰੀਰਕ ਅਤੇ ਮਾਨਸਿਕ ਸਿਹਤ ਦਰੁਸਤ ਰੱਖਣੀ ਵਧੀਆ ਲਗਦੀ ਹੈ। ਆਪਣੇ ਮਿੱਤਰ-ਪਿਆਰਿਆਂ ਨਾਲ ਵਕਤ ਬਿਤਾਉਣਾ ਚੰਗਾ ਲਗਦਾ ਹੈ।' ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਸਲਾਹ ਕਿਹੜੀ ਜਾਪਦੀ ਹੈ; ਤਦ ਉਨ੍ਹਾਂ ਕੇਵਲ ਦੋ ਸ਼ਬਦ ਆਖੇ,''ਫ਼ੇਲ ਬੈਟਰ'' ਭਾਵ ਜੇ ਨਾਕਾਮ ਵੀ ਹੋਣਾ ਹੈ, ਤਾਂ ਉਹ ਬਿਹਤਰ ਤਰੀਕੇ ਹੋਵੋ।

ਪਿਛਲੇ 14 ਵਰ੍ਹਿਆਂ ਦੌਰਾਨ ਅਮੀਰਾ ਸ਼ਾਹ ਨੇ ਬਹੁਤ ਉਤਾਰ-ਚੜ੍ਹਾਅ ਵੇਖੇ ਹਨ। ਉਹ ਆਖਦੇ ਹਨ,''ਤੁਹਾਨੂੰ ਆਪਣੀਆਂ ਹੱਦਾਂ ਅੱਗੇ ਨੂੰ ਧੱਕਦੇ ਰਹਿਣਾ ਪੈਂਦਾ ਹੈ। ਸੁਵਿਧਾ ਨਾਲ ਰਹਿਣਾ ਅਤੇ ਇੱਕੋ ਜਿਹੀ ਸਥਿਤੀ ਵਿੱਚ ਰਹਿਣਾ ਮਨੁੱਖੀ ਸੁਭਾਅ ਹੈ। ਸਾਨੂੰ ਸਭਨਾਂ ਨੂੰ ਅਨਿਸ਼ਚਤਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਇਹ ਸਾਨੂੰ ਡਰਾਉਂਦੀਆਂ ਵੀ ਹਨ। ਪਰ ਫਿਰ ਤੁਸੀਂ ਆਪਣੇ ਆਪ ਨੂੰ ਜਿੱਥੇ ਪਾਉਂਦੇ ਹੋ, ਤਾਂ ਤੁਸੀਂ ਆਪਣੀਆਂ ਹੱਦਾਂ ਨੂੰ ਆਪਣੇ ਆਪ ਧੱਕ ਕੇ ਅੱਗੇ ਕਰ ਲੈਂਦੇ ਹੋ। ਤੁਸੀਂ ਵੱਧ ਤੋਂ ਵੱਧ ਪਤਾ ਕਰੋ ਕਿ ਤੁਸੀਂ ਕੀ ਹੋ ਅਤੇ ਤੁਹਾਡੀਆਂ ਸਮਰੱਥਾਵਾਂ ਕੀ ਹਨ।''

ਲੇਖਕ: ਰਾਖੀ ਚੱਕਰਵਰਤੀ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags