ਸੰਸਕਰਣ
Punjabi

...ਤਾਂ ਜੋ ਅਸੀਂ ਤੇ ਤੁਸੀਂ ਚੈਨ ਨਾਲ਼ ਸੌਂ ਸਕੀਏ, ਇਸ ਲਈ ਜਾਗਦੇ ਹਨ 'ਚੇਤਨ'

Team Punjabi
27th Mar 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਧੁਨੀ ਪ੍ਰਦੂਸ਼ਣ ਵਿਰੁੱਧ ਚੇਤਨ ਨੇ ਉਠਾਈ ਆਵਾਜ਼... ਹੁਣ ਤੱਕ 300 ਤੋਂ ਵੱਧ ਲੋਕਾਂ ਵਿਰੁੱਧ ਦਰਜ ਹੋ ਚੁੱਕਾ ਹੈ ਕੇਸ... ਚੇਤਨ ਦੇ ਚਾਹੁਣ ਵਾਲ਼ਿਆਂ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ...

ਘਰ ਵਿੱਚ ਕੋਈ ਬੀਮਾਰ ਹੋਵੇ ਜਾਂ ਫਿਰ ਬੱਚੇ ਦੀ ਪ੍ਰੀਖਿਆ ਚੱਲ ਰਹੀ ਹੋਵੇ, ਅਜਿਹੀ ਸਥਿਤੀ ਵਿੱਚ ਜੇ ਤੁਹਾਡੇ ਗੁਆਂਢ ਵਿੱਚ ਕੋਈ ਤੇਜ਼ ਆਵਾਜ਼ ਵਿੱਚ ਡੀ.ਜੇ. ਜਾਂ ਫਿਰ ਲਾਊਡ ਸਪੀਕਰ ਵਜਾ ਰਿਹਾ ਹੋਵੇ ਤਾਂ ਗੁੱਸਾ ਆਉਣਾ ਲਾਜ਼ਮੀ ਹੈ। ਤੁਹਾਡੇ ਵਾਂਗ ਬਨਾਰਸ ਵਿੱਚ ਵੀ ਲੋਕ ਰੋਜ਼ਾਨਾ ਅਜਿਹੀ ਕਿਸੇ ਘਟਨਾ ਦਾ ਜ਼ਰੂਰ ਸਾਹਮਣਾ ਕਰਦੇ ਸਨ। ਉਹ ਵੀ ਪਿਛਲੇ ਅਨੇਕਾਂ ਵਰ੍ਹਿਆਂ ਤੋਂ। ਕਦੇ ਭਜਨ-ਕੀਰਤਨ ਦੇ ਨਾਂਅ ਉੱਤੇ ਮੰਦਰਾਂ ਵਿੱਚ ਲੱਗੇ ਸਪੀਕਰ ਤੇ ਕਦੇ ਆਜ਼ਾਨ ਤੇ ਤਕਰੀਰ ਦੇ ਨਾਂਅ 'ਤੇ ਮਸਜਿਦਾਂ 'ਚੋਂ ਉੱਠਣ ਵਾਲੀ ਆਵਾਜ਼। ਬਚੀ ਹੋਈ ਕਸਰ, ਬਾਰਾਤ ਤੇ ਹੋਰ ਅਨੇਕਾਂ ਪ੍ਰਕਾਰ ਦੇ ਆਯੋਜਨਾਂ ਵਿੱਚ ਗੀਤ-ਸੰਗੀਤ ਦੇ ਨਾਂਅ ਉਤੇ ਸਜਣ ਵਾਲ਼ੀਆਂ ਮਹਿਫ਼ਲਾਂ ਕਢ ਦਿੰਦੀਆਂ ਹਨ। ਸਾਲ ਦਾ ਸ਼ਾਇਦ ਹੀ ਕੋਈ ਅਜਿਹਾ ਦਿਨ ਜਾਂ ਰਾਤ ਹੋਵੇ, ਜਦੋਂ ਬਨਾਰਸ ਦੇ ਲੋਕ ਚੈਨ ਦੀ ਨੀਂਦਰ ਸੌਂ ਸਕਦੇ ਸਨ। ਕੰਨ-ਪਾੜੂ ਆਵਾਜ਼ਾਂ ਦੌਰਾਨ ਰਾਤ ਬਿਤਾਉਣੀ ਉਨ੍ਹਾਂ ਆਪਣੀ ਕਿਸਮਤ ਹੀ ਮੰਨ ਲਈ ਸੀ। ਪਰ ਬਨਾਰਸ ਵਿੱਚ ਇੱਥ ਅਜਿਹਾ ਵਿਅਕਤੀ ਹੈ ਜੋ ਸਾਰੀ ਰਾਤ ਜਾਗਦਾ ਹੈ ਕਿ ਤਾਂ ਜੋ ਲੋਕ ਚੈਨ ਦੀ ਨੀਂਦਰ ਸੌਂ ਸਕਣ। ਲੋਕਾਂ ਨੂੰ ਰਾਤ ਸਮੇਂ ਕੁੱਝ ਸਕੂਨ ਮਿਲ਼ ਸਕੇ, ਉਹ ਵਿਅਕਤੀ ਕੇਵਲ ਇਸ ਲਈ ਆਪਣੀ ਨੀਂਦਰ ਖ਼ਰਾਬ ਕਰਦਾ ਹੈ। ਨਾਮ ਹੈ ਚੇਤਨ ਉਪਾਧਿਆਇ। ਜਨੂੰਨ ਅਤੇ ਜਜ਼ਬਾ ਅਜਿਹਾ ਕਿ ਪਿਛਲੇ 8 ਵਰ੍ਹਿਆਂ ਤੋਂ ਇਸ ਵਿਅਕਤੀ ਨੇ ਬਨਾਰਸ ਵਿੱਚ ਧੁਨੀ ਪ੍ਰਦੂਸ਼ਣ ਖ਼ਿਲਾਫ਼ ਆਪਣੀ ਮੁਹਿੰਮ ਛੇੜੀ ਹੋਈ ਹੈ।

image


ਧੁਨੀ ਪ੍ਰਦੂਸ਼ਣ ਖ਼ਿਲਾਫ਼ ਅੰਦੋਲਨ ਕਿਉਂ?

ਚੇਤਨ ਉਪਾਧਿਆਇ ਨੇ ਧੁਨੀ ਪ੍ਰਦੂਸ਼ਣ ਵਿਰੁੱਧ ਕਿਉਂ ਅੰਦੋਲਨ ਵਿੱਢਿਆ। ਆਖ਼ਰ ਉਹ ਕਿਹੜੇ ਕਾਰਣ ਸਨ, ਜਿਨ੍ਹਾਂ ਨੇ ਚੇਤਨ ਨੂੰ ਸਮਾਜ ਸੇਵਾ ਦਾ ਰਾਹ ਚੁਣਨ ਲਈ ਮਜਬੂਰ ਕੀਤਾ। ਇਹ ਜਾਣਨ ਤੋਂ ਪਹਿਲਾਂ ਤੁਹਾਨੂੰ ਚੇਤਨ ਬਾਰੇ ਦਸਦੇ ਹਾਂ। ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਚੇਤਨ ਨੇ ਦਿੱਲੀ ਦੇ ਵੱਕਾਰੀ ਆਈ.ਆਈ.ਐਮ.ਸੀ. ਤੋਂ ਪੱਤਰਕਾਰੀ ਵਿੱਚ ਡਿਪਲੋਮਾ ਕੀਤਾ। ਇਸ ਤੋਂ ਬਾਅਦ ਕਈ ਸੰਸਥਾਨਾਂ ਵਿੱਚ ਕੰਮ ਵੀ ਕੀਤਾ। ਚੇਤਨ ਦੀ ਜ਼ਿੰਦਗੀ ਵਿੱਚ ਸਭ ਕੁੱਝ ਠੀਕ ਚੱਲ ਰਿਹਾ ਸੀ। ਦੂਜੇ ਨੌਜਵਾਨਾਂ ਵਾਂਗ ਨੌਕਰੀ-ਪੇਸ਼ਾ ਜ਼ਿੰਦਗੀ ਤੋਂ ਚੇਤਨ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਖ਼ੁਸ਼ ਸੀ, ਕਿਉਂਕਿ ਚੇਤਨ ਦੀ ਦਿਲਚਸਪੀ ਸਮਾਜਕ ਕੰਮ ਕਰਨ ਵਿੱਚ ਵੀ ਲਗਾਤਾਰ ਰਹੀ; ਇਸ ਲਈ ਉਨ੍ਹਾਂ ਸੰਨ 2000 'ਚ 'ਸੱਤਿਆ ਫ਼ਾਊਂਡੇਸ਼ਨ' ਦੀ ਸਥਾਪਨਾ ਕੀਤੀ, ਜਿਸ ਅਧੀਨ ਕੁਦਰਤੀ ਜੀਵਨ ਸ਼ੈਲੀ, ਸੰਗੀਤ, ਧਿਆਨ ਅਤੇ ਯੋਗ ਰਾਹੀਂ ਲੋਕਾ ਨੂੰ ਸਕੂਨ ਅਤੇ ਸ਼ਾਂਤੀ ਦੇਣ ਦਾ ਕੰਮ ਸ਼ੁਰੂ ਕੀਤਾ। ਜ਼ਿੰਦਗੀ ਆਪਣੀ ਰਫ਼ਤਾਰ ਨਾਲ਼ ਚਲਦੀ ਰਹੀ। ਗੱਲ ਹੈ 8 ਫ਼ਰਵਰੀ, 2008 ਦੀ। ਚੇਤਨ ਦੇ ਪਿਤਾ ਦਾ ਆੱਪਰੇਸ਼ਨ ਹੋਇਆ। ਪਿਤਾ ਦੀ ਦੇਖਭਾਲ਼ ਲਈ ਚੇਤਨ ਵੀ ਘਰ ਆ ਗਏ। ਇਸੇ ਦੌਰਾਨ 10 ਫ਼ਰਵਰੀ ਦੀ ਰਾਤ ਨੂੰ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਚੇਤਨ ਦੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ। ਉਸ ਰਾਤ ਚੇਤਨ ਦੇ ਬੀਮਾਰ ਪਿਤਾ ਸੌਣ ਦਾ ਜਤਨ ਕਰ ਰਹੇ ਸਨ, ਪਰ ਉਨ੍ਹਾਂ ਘਰ ਦੇ ਗੁਆਂਢ ਵਿੱਚ ਤੇਜ਼ ਡੀ.ਜੇ. ਕਾਰਣ ਉਨ੍ਹਾਂ ਨੂੰ ਔਖ ਹੋ ਰਹੀ ਸੀ। ਕਾਫ਼ੀ ਜਤਨਾਂ ਦੇ ਬਾਵਜੂਦ ਚੇਤਨ ਦੇ ਪਿਤਾ ਸੌਂ ਨਹੀਂ ਸਕ ਰਹੇ ਸਨ। ਪਿਤਾ ਦੀ ਉਸ ਮਜਬੂਰੀ ਤੇ ਬੇਚੈਨੀ ਨੂੰ ਵੇਖ ਕੇ ਚੇਤਨ ਨੇ ਡੀ.ਜੇ. ਬੰਦ ਕਰਵਾਉਣ ਦਾ ਜਤਨ ਕੀਤਾ ਪਰ ਵਿਆਹ ਦੇ ਪ੍ਰੋਗਰਾਮ ਦਾ ਹਵਾਲਾ ਦੇ ਕੇ ਲੋਕਾਂ ਨੇ ਚੇਤਨ ਦੀ ਗੱਲ ਅਣਸੁਣੀ ਕਰ ਦਿੱਤੀ। ਹੰਭ-ਹਾਰ ਕੇ ਚੇਤਨ ਨੇ 100 ਨੰਬਰ ਉੱਤੇ ਫ਼ੋਨ ਕੀਤਾ ਪਰ ਕੋਈ ਖ਼ਾਸ ਹੁੰਗਾਰਾ ਨਹੀਂ ਮਿਲ਼ਿਆ। ਅੰਤ ਚੇਤਨ ਨੇ ਐਸ.ਪੀ.-ਸਿਟੀ ਨੂੰ ਫ਼ੋਨ ਕਰ ਕੇ ਸ਼ਿਕਾਇਤ ਕੀਤੀ, ਤਦ ਕਿਤੇ ਜਾ ਕੇ ਡੀ.ਜੇ. ਬੰਦ ਹੋਇਆ। ਅਗਲੇ ਦਿਨ ਇਹ ਗੱਲ ਅਖ਼ਬਾਰਾਂ ਦੀ ਸੁਰਖ਼ੀ ਬਣੀ; ਤਦ ਲੋਕਾਂ ਨੇ ਐਸ.ਪੀ.-ਸਿਟੀ ਦੇ ਨਾਲ਼-ਨਾਲ਼ ਚੇਤਨ ਦੀ ਵੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੇ ਚੇਤਨ ਨੂੰ ਕਿਹਾ ਕਿ ਕੀ ਸਾਡੇ ਮਾਪੇ ਤੁਹਾਡੇ ਮਾਪੇ ਨਹੀਂ ਹਨ? ਸੱਚਮੁਚ ਇਹ ਸਾਰੇ ਸ਼ਹਿਰ ਦੀ ਸਮੱਸਿਆ ਸੀ ਅਤੇ ਲੋਕ ਚਾਹੁੰਦੇ ਸਨ ਕਿ ਚੇਤਨ ਇਸ ਸਮੱਸਿਆ ਤੋਂ ਸਮੁੱਚੇ ਸ਼ਹਿਰ ਨੂੰ ਨਿਜਾਤ ਦਿਵਾਉਣ।

image


'ਯੂਅਰ ਸਟੋਰੀ' ਨਾਲ ਗੱਲ ਕਰਦਿਆਂ ਚੇਤਨ ਦਸਦੇ ਹਨ,

''ਮੇਰੀ ਜ਼ਿੰਦਗੀ ਵਿੱਚ 10 ਫ਼ਰਵਰੀ ਦੀ ਉਸ ਰਾਤ ਦੀ ਸਵੇਰ ਹਾਲ਼ੇ ਤੱਕ ਨਹੀਂ ਹੋਈ। ਉਸ ਘਟਨਾ ਤੋਂ ਬਾਅਦ ਮੈਂ ਸੰਕਲਪ ਲਿਆ ਕਿ ਹੁਣ ਧੁਨੀ ਪ੍ਰਦੂਸ਼ਣ ਖ਼ਿਲਾਫ਼ ਅੰਦੋਲਨ ਖੜ੍ਹਾ ਕਰਨਾ ਹੈ; ਤਾਂ ਜੋ ਫਿਰ ਕਿਸੇ ਦੇ ਘਰ ਵਿੱਚ ਕੋਈ ਬਜ਼ੁਰਗ ਜਾਂ ਬੀਮਾਰ ਬੇਚੈਨ ਨਾ ਰਹੇ। ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਲਗਾਤਾਰ ਅੰਦੋਲਨ ਨੂੰ ਮਜ਼ਬੂਤ ਕਰਨ ਵਿੱਚ ਲੱਗਾ ਹੋਇਆ ਹਾਂ।''

ਧੁਨੀ ਪ੍ਰਦੂਸ਼ਣ ਵਿਰੁੱਧ ਕਿਵੇਂ ਖੜ੍ਹਾ ਕੀਤਾ ਅੰਦੋਲਨ?

10 ਫ਼ਰਵਰੀ ਦੀ ਉਸ ਘਟਨਾ ਤੋਂ ਬਾਅਦ ਚੇਤਨ ਸੜਕਾਂ ਉੱਤੇ ਉੱਤਰ ਆਏ। ਚੇਤਨ ਨੇ ਪਹਿਲਾਂ ਤੋਂ ਹੀ ਸਰਗਰਮ ਆਪਣੀ ਸੰਸਥਾ 'ਸੱਤਿਆ ਫ਼ਾਊਂਡੇਸ਼ਨ' ਦੇ ਬੈਨਰ ਹੇਠ ਧੁਨੀ ਪ੍ਰਦੂਸ਼ਣ ਵਿਰੋਧੀ ਮੁਹਿੰਮ ਅਧੀਨ ਕੁੱਝ ਲੋਕਾਂ ਨੂੰ ਆਪਣੇ ਨਾਲ਼ ਜੋੜਿਆ। ਪਰਚੇ ਨਾਲ ਚੇਤਨ ਪੈਦਲ ਹੀ ਬਨਾਰਸ ਦੀਆਂ ਸੜਕਾਂ ਉੱਤੇ ਘੁੰਮਦੇ। ਧੁਨੀ ਪ੍ਰਦੂਸ਼ਣ ਦੇ ਮਾਮਲੇ 'ਚ ਲੋਕਾਂ ਨੂੰ ਜਾਗਰੂਕ ਕਰਦੇ, ਉਸ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਦਸਦੇ। ਇਸ ਨਾਲ਼ ਸਬੰਧਤ ਨਿਯਮ ਵੀ ਦਸਦੇ। ਸ਼ੁਰੂਆਤੀ ਦੌਰ ਵਿੱਚ ਚੇਤਨ ਨੇ 200 ਪਰਚੇ ਛਪਵਾਏ। ਉਨ੍ਹਾਂ ਦਾ ਉਤਸ਼ਾਹ ਵੇਖ ਕੇ ਸ਼ਹਿਰ ਦੇ ਕੁੱਝ ਡਾਕਟਰ ਵੀ ਨਾਲ ਆ ਕੇ ਖਲੋ ਗਏ ਤੇ ਉਨ੍ਹਾਂ ਦੇ ਕੰਮ ਵਿੱਚ ਹੱਥ ਵੰਡਾਉਣ ਲੱਗੇ। ਚੇਤਨ ਦਸਦੇ ਹਨ,''ਲੋਕਾਂ ਦਾ ਸਾਥ ਤਾਂ ਮਿਲ਼ ਰਿਹਾ ਸੀ ਅਤੇ ਪੁਲਿਸ ਵਾਲ਼ੇ ਵੀ ਲੋੜੀਂਦਾ ਸਹਿਯੋਗ ਦੇ ਰਹੇ ਸਨ ਪਰ ਲੋਕਾਂ ਵਿੱਚ ਕਾਨੂੰਨ ਦਾ ਡਰ ਪੈਦਾ ਨਹੀਂ ਹੋ ਰਿਹਾ ਸੀ।''

ਆਪਣੇ ਅੰਦੋਲਨ ਨੂੰ ਮਜ਼ਬੂਤ ਸ਼ਕਲ ਦੇਣ ਲਈ ਚੇਤਨ ਨੇ ਕਾਨੂੰਨ ਦਾ ਸਹਾਰਾ ਲੈਣਾ ਸ਼ੁਰੂ ਕੀਤਾ। 'ਸੂਚਨਾਂ ਦੇ ਅਧਿਕਾਰ' ਕਾਨੂੰਨ ਨੂੰ ਆਪਣੀ ਲੜਾਈ ਵਿੱਚ ਹਥਿਆਰ ਬਣਾਇਆ ਅਤੇ ਅਕਤੂਬਰ 2009 ਵਿੱਚ ਪੁਲਿਸ ਵਿਭਾਗ ਤੋਂ ਇਹ ਜਾਣਕਾਰੀ ਮੰਗੀ ਗਈ ਕਿ ਧੁਨੀ ਪ੍ਰਦੂਸ਼ਣ ਦੇ ਮਾਮਲਿਆਂ ਵਿੱਚ ਹੁਣ ਤੱਕ ਕਿੰਨੇ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਸੂਚਨਾ 'ਤੇ ਪੁਲਿਸ ਵਿਭਾਗ ਵੱਲੋਂ ਜੋ ਜਵਾਬ ਮਿਲ਼ਿਆ, ਉਹ ਬਹੁਤ ਹੈਰਾਨ ਕਰ ਦੇਣ ਵਾਲ਼ਾ ਸੀ। ਧੁਨੀ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਵਿਰੁੱਧ ਬਨਾਰਸ ਵਿੱਚ ਇੱਕ ਵੀ ਕੇਸ ਦਰਜ ਨਹੀਂ ਸੀ। ਇਸ ਜਵਾਬ ਤੋਂ ਬਾਅਦ ਮੀਡੀਆ 'ਚ ਬਨਾਰਸ ਪੁਲਿਸ ਦਾ ਰੱਜ ਕੇ ਮਜ਼ਾਕ ਉੱਡਿਆ। ਆਾਰ.ਟੀ.ਆਈ. ਰਾਹੀਂ ਮਿਲ਼ੀ ਇਹ ਜਾਣਕਾਰੀ ਚੇਤਨ ਲਈ ਇੱਕ ਅੰਸ਼ਕ ਕਾਮਯਾਬੀ ਸੀ।

'ਯੂਅਰ ਸਟੋਰੀ' ਨਾਲ਼ ਗੱਲ ਕਰਦਿਆਂ ਚੇਤਨ ਦਸਦੇ ਹਨ,

''ਧੁਨੀ ਪ੍ਰਦੂਸ਼ਣ ਦੇ ਨਿਯਮਾਂ ਨੂੰ ਲੈ ਕੇ ਲੋਕਾਂ ਵਿੱਚ ਕੋਈ ਡਰ ਹੀ ਨਹੀਂ ਸੀ। ਪੁਲਿਸ ਵੀ ਲੋਕਾਂ ਉੱਤੇ ਹੱਥ ਪਾਉਣ ਤੋਂ ਥੋੜ੍ਹਾ ਟਲ਼ਦੀ ਸੀ। ਪਰ ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਕਾਫ਼ੀ ਤਬਦੀਲੀ ਆਈ। ਧੁਨੀ ਪ੍ਰਦੂਸ਼ਣ ਦੇ ਮਾਮਲਿਆਂ ਨੂੰ ਆਮ ਤੌਰ ਉਤੇ ਐਵੇਂ ਸਮਝਣ ਵਾਲੀ ਪੁਲਿਸ ਹੁਣ ਚੌਕਸ ਵਿਖਾਈ ਦੇਣ ਲੱਗੀ। ਸ਼ਿਕਾਇਤ ਆਉਣ 'ਤੇ ਪੁਲਿਸ ਉਨ੍ਹਾਂ ਨੂੰ ਅਣਸੁਣਿਆ ਕਰ ਦਿੰਦੀ ਸੀ ਪਰ ਹੁਣ ਉਸ ਨੇ ਅੱਗੇ ਵਧ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।''

ਇਹ ਚੇਤਨ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ ਕਿ 25 ਨਵੰਬਰ, 2009 ਨੂੰ ਪੁਲਿਸ ਨੇ ਧੁਨੀ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲ਼ੇ ਇੱਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ। ਬਨਾਰਸ ਦੇ ਪੁਲਿਸ ਵਿਭਾਗ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮੁਕੱਦਮਾ ਸੀ। ਉਸ ਤੋਂ ਬਾਅਦ ਇਹ ਲੜੀ ਤੇਜ਼ੀ ਨਾਲ਼ ਅੱਗੇ ਵਧੀ।

image


ਅੰਦੋਲਨ ਦੇ ਰਾਹ ਵਿੱਚ ਕਈ ਅੜਿੱਕੇ

ਧੁਨੀ ਪ੍ਰਦੂਸ਼ਣ ਖ਼ਿਲਾਫ਼ ਚੇਤਨ ਦੀ ਇਹ ਜੰਗ ਇੰਨੀ ਸੁਖਾਲ਼ੀ ਵੀ ਨਹੀਂ ਸੀ। ਧਾਰਮਿਕ ਅਤੇ ਸਭਿਆਚਾਰਕ ਸ਼ਹਿਰ ਹੋਣ ਕਾਰਣ ਬਨਾਰਸ ਵਿੱਚ ਨਿੱਤ ਦਿਨ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੰਚ ਲਾਊਡਸਪੀਕਰ ਦੀ ਵਰਤੋਂ ਹੋਣੀ ਆਮ ਜਿਹੀ ਗੱਲ ਸੀ। ਧੁਨੀ ਪ੍ਰਦੂਸ਼ਣ ਦੇ ਨਾਂਅ ਉੱਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਹਿੰਮਤ ਪੁਲਿਸ ਵਿੱਚ ਨਹੀਂ ਸੀ। ਪਰ ਚੇਤਨ ਚੈਨ ਨਾਲ਼ ਬੈਠਣ ਵਾਲ਼ਿਆਂ ਵਿਚੋਂ ਨਹੀਂ ਸਨ। ਉਨ੍ਹਾਂ ਨੇ ਅੱਗੇ ਵਧ ਕੇ ਅਜਿਹੇ ਪ੍ਰੋਗਰਾਮਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਚੇਤਨ ਦੇ ਇਸੇ ਜ਼ਿੱਦੀ ਰਵੱਈਏ ਦਾ ਨਤੀਜਾ ਹੈ ਕਿ ਸੰਕਟ ਮੋਚਨ ਮੰਦਰ ਵਿੱਚ ਹੋਣ ਵਾਲ਼ੇ ਪੰਜ ਦਿਨਾ ਪ੍ਰੋਗਰਾਮ ਦੌਰਾਨ ਹੁਣ ਰਾਤੀਂ 10 ਵਜੇ ਤੋਂ ਬਾਅਦ ਬਾਹਰੀ ਕੰਧ ਉਤੇ ਲੱਗੇ ਲਾਊਡਸਪੀਕਰ ਬੰਦ ਹੋ ਜਾਂਦੇ ਹਨ। ਚੇਤਨ ਦਸਦੇ ਹਨ ਕਿ ਕਈ ਵਾਰ ਉਨ੍ਹਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਚੇਤਨ ਨੇ ਜਦੋਂ ਦੁਰਗਾ ਪੂਜਾ ਪੰਡਾਲ਼ਾਂ ਵਿੱਚ ਹੋਣ ਵਾਲ਼ੇ ਧੁਨੀ ਪ੍ਰਦੂਸ਼ਣ ਦੀ ਗੱਲ ਉਠਾਈ ਤਾਂ ਸ਼ਹਿਰ ਦੇ ਇੱਕ ਭਾਜਪਾ ਵਿਧਾਇਕ ਧਰਨੇ ਉਤੇ ਬੈਠ ਗਏ। ਕਈ ਦਿਨਾਂ ਤੱਕ ਇਹ ਰੱਸਾਕਸ਼ੀ ਚਲਦੀ ਰਹੀ। ਅੰਤ ਭਾਜਪਾ ਵਿਧਾਇਕ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਅੱਜ ਉਹ ਇਸ ਮੁਹਿੰਮ ਦੇ ਪ੍ਰਸ਼ੰਸਕ ਹਨ। ਇਸੇ ਤਰ੍ਹਾਂ ਬੇਨੀਆਬਾਗ਼ ਮੈਦਾਨ ਵਿੱਚ ਰਾਤ ਭਰ ਦੇ ਮੁਸ਼ਾਇਰੇ ਅਤੇ ਸ਼ਹਿਰ ਦੇ ਮੁਸਲਿਮ ਇਲਾਕਿਆਂ ਵਿੱਚ ਰਾਤ ਸਮੇਂ ਚੱਲਣ ਵਾਲ਼ੇ ਲਾਊਡਸਪੀਕਰ ਦਾ ਵਿਰੋਧ ਕੀਤਾ, ਤਾਂ ਕਈ ਲੋਕ ਵਿਰੋਧ 'ਤੇ ਉੱਤਰ ਆਏ। ਪਰ ਅਜਿਹੇ ਵੇਲੇ ਮੁਫ਼ਤੀ-ਏ-ਬਨਾਰਸ ਮੌਲਾਨਾ ਅਬਦੁਲ ਬਾਤਿਨ ਨੋਮਾਨੀ ਨੇ ਸਾਥ ਦਿੱਤਾ ਅਤੇ ਕਿਹਾ ਕਿ ਰਾਤ ਏਸ਼ਾ ਦੀ ਆਖ਼ਰੀ ਨਮਾਜ਼ ਤੋਂ ਬਾਅਦ ਦਾ ਸਮਾਂ ਸੌਣ ਲਈ ਹੁੰਦਾ ਹੈ। ਇਸ ਦੌਰਨ ਕੋਈ ਵੀ ਹੰਗਾਮਾ ਖੜ੍ਹਾ ਕਰਨਾ ਜਾਂ ਲਾਊਡਸਪੀਕਰ ਵਜਾਉਣਾ ਇਸਲਾਮ ਧਰਮ ਦੇ ਖ਼ਿਲਾਫ਼ ਹੈ। ਉਨ੍ਹਾਂ ਦੀ ਇਸ ਅਪੀਲ ਕਾਰਣ ਕਾਫ਼ੀ ਅਸਰ ਪਿਆ।

ਡੀ.ਜੇ. ਵਾਲ਼ਿਆਂ ਤੇ ਬੈਂਡ ਵਾਲ਼ਿਆਂ ਦਾ ਮਿਲ਼ਿਆ ਸਾਥ

ਆਪਣੇ ਅੰਦੋਲਨ ਨੂੰ ਹੋਰ ਧਾਰ ਦੇਣ ਲਈ ਚੇਤਨ ਨੇ ਡੀ.ਜੇ. ਵਾਲ਼ਿਆਂ ਨੂੰ ਵੀ ਨਾਲ਼ ਲੈਣ ਦਾ ਫ਼ੈਸਲਾ ਕੀਤਾ। ਉਹ ਜਾਣਦੇ ਸਨ ਕਿ ਧੁਨੀ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਵਸੀਲਾ ਇਹ ਡੀ.ਜੇ. ਵਾਲ਼ੇ ਹੀ ਹਨ। ਸ਼ੁਰੂਆਤੀ ਪੱਧਰ ਉਤੇ ਬਹੁਤ ਘੱਟ ਡੀ.ਜੇ. ਵਾਲ਼ੇ ਉਨ੍ਹਾਂ ਨਾਲ਼ ਆਏ। ਸਾਲ 2010 ਵਿੱਚ ਚੇਤਨ ਨੇ ਆਪਣੇ ਪੱਧਰ ਉਤੇ ਡੀ.ਜੇ. ਵਾਲ਼ਿਆਂ ਦਾ ਇੱਕ ਸੰਮੇਲਨ ਕਰਵਾਉਣ ਦੇ ਨਾਲ਼ ਹੀ ਉਨ੍ਹਾਂ ਦੀ ਇੱਕ ਯੂਨੀਅਨ ਵੀ ਬਣਵਾਈ; ਤਾਂ ਜੋ ਸ਼ਹਿਰ ਅੰਦਰ ਕੋਈ ਮਨਮਰਜ਼ੀ ਨਾ ਕਰ ਸਕੇ। ਧੁਨੀ ਪ੍ਰਦੂਸ਼ਣ ਦੀ ਇਸ ਜੰਗ ਵਿੱਚ ਚੇਤਨ ਨਾਲ ਸ਼ਹਿਰ ਦੇ ਡੀ.ਜੇ ਵਾਲ਼ੇ ਵੀ ਖੜ੍ਹੇ ਵਿਖਾਈ ਦੇ ਰਹੇ ਹਨ। ਰਾਤੀਂ 10 ਵਜੇ ਤੋਂ ਬਾਅਦ ਇਹ ਡੀ.ਜੇ. ਵਾਲ਼ੇ ਆਪਣਾ ਲਾਊਡਸਪੀਕਰ ਆਪ ਹੀ ਬੰਦ ਕਰ ਦਿੰਦੇ ਹਨ ਅਤੇ ਦਿਨ ਦੌਰਾਨ ਵੀ ਬਹੁਤ ਹੌਲ਼ੀ ਆਵਾਜ਼ ਰਖਦੇ ਹਨ। ਸਿਰਫ਼ ਡੀ.ਜੇ. ਵਾਲ਼ੇ ਹੀ ਨਹੀਂ, ਬੈਂਡ ਵਾਲ਼ਿਆਂ ਨੂੰ ਵੀ ਇਸ ਮੁਹਿੰਮ ਨਾਲ਼ ਜੋੜਿਆ ਗਿਆ। ਚੇਤਨ ਦਸਦੇ ਹਨ ਕਿ ਲਗਾਤਾਰ 21 ਦਿਨਾਂ ਤੱਕ ਉਹ ਸ਼ਹਿਰ ਦੇ ਕੋਣੇ-ਕੋਣੇ 'ਚ ਘੁੰਮਦੇ ਰਹੇ ਅਤੇ ਇਨ੍ਹਾਂ ਬੈਂਡ ਵਾਲ਼ਿਆਂ ਦਾ ਵੀ ਇੱਕ ਵੱਡਾ ਸੰਮੇਲਨ ਕਰਵਾਇਆ। ਬੈਂਡ ਵਾਲ਼ਿਆਂ ਨੂੰ ਰਾਤੀਂ 10 ਵਜੇ ਦੇ ਧੁਨੀ ਪ੍ਰਦੂਸ਼ਣ ਕਾਨੂੰਨ ਦੇ ਹੱਕ ਵਿੱਚ ਸਹੁੰ ਚੁਕਾਈ। ਨਤੀਜਾ ਅੱਜ ਬੈਂਡ ਵਾਲ਼ੇ ਵੀ ਉਨ੍ਹਾਂ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲ ਰਹੇ ਹਨ। ਅਸਰ ਇੰਨਾ ਹੈ ਕਿ ਜ਼ਿਆਦਾਤਰ ਬੈਂਡ ਵਾਲ਼ਿਆਂ ਨੇ ਰਾਤੀਂ 10 ਵਜੇ ਤੋਂ ਬਾਅਦ ਦੀ ਬੁਕਿੰਗ ਹੀ ਬੰਦ ਕਰ ਦਿੱਤੀ।

ਸ਼ਹਿਰ ਵਿੱਚ ਦਿਸਣ ਲੱਗਾ ਹੈ ਅਸਰ

ਚੇਤਨ ਦਸਦੇ ਹਨ ਕਿ ਉਨ੍ਹਾਂ ਦੀ ਮੁਹਿੰਮ ਦਾ ਅਸਰ ਹੁਣ ਦਿਸਣ ਲੱਗ ਪਿਆ ਹੈ। ਅੱਠ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਲੋਕ ਧੁਨੀ ਪ੍ਰਦੂਸ਼ਣ ਬਾਰੇ ਚਰਚਾ ਕਰਦੇ ਹਨ। ਚੇਤਨ ਅਨੁਸਾਰ ਕੁੱਝ ਸਾਲ ਪਹਿਲਾਂ ਤੱਕ ਉਨ੍ਹਾਂ ਕੋਲ਼ ਹਰ ਰੋਜ਼ ਫ਼ੋਨ ਰਾਹੀਂ 60 ਤੋਂ 70 ਸ਼ਿਕਾਇਤਾਂ ਆਉਂਦੀਆਂ ਸਨ ਪਰ ਹੁਣ ਉਹ ਗਿਣਤੀ ਘਟ ਰਹੀ ਹੈ। ਜਾਗਰੂਕਤਾ ਇੰਨੀ ਵਧੀ ਹੈ ਕਿ ਰਾਤੀਂ 10 ਵਜਦੇ ਹੀ ਲੋਕ ਆਪਣੇ ਆਪ ਹੀ ਲਾਊਡਸਪੀਕਰ ਤੇ ਡੀ.ਜੇ. ਬੰਦ ਕਰਨ ਲੱਗ ਪਏ ਹਨ। ਚੇਤਨ ਇਸ ਨੂੰ ਆਪਣੀ ਤੋਂ ਵੱਧ ਜਨਤਾ ਦੀ ਪ੍ਰਾਪਤੀ ਮੰਨਦੇ ਹਨ। ਚੇਤਨ ਦੀ ਸੰਸਥਾ 'ਸੱਤਿਆ ਫ਼ਾਊਂਡੇਸ਼ਨ' ਨਾਲ਼ ਲਗਭਗ ਦੋ ਹਜ਼ਾਰ ਕਾਰਕੁੰਨ ਜੁੜੇ ਹਨ, ਜੋ ਧੁਨੀ ਪ੍ਰਦੂਸ਼ਣ ਨਾਲ਼ ਜੁੜੀਆਂ ਸ਼ਿਕਾਇਤਾਂ ਸੁਣਦੇ ਹਨ ਤੇ ਉਨ੍ਹਾਂ ਦਾ ਹੱਲ ਲਭਦੇ ਹਨ। ਸ਼ਹਿਰ ਦੇ ਹਰੇਕ ਥਾਣੇ ਅਤੇ ਸਾਰੀਆਂ ਜਨਤਕ ਥਾਵਾਂ 'ਤੇ 'ਸੱਤਿਆ ਫ਼ਾਊਂਡੇਸ਼ਨ' ਦਾ ਬੋਰਡ ਲੱਗਾ ਹੋਇਆ ਹੈ; ਜਿਸ ਉਤੇ ਚੇਤਨ ਉਪਾਧਿਆਇ ਦਾ ਨੰਬਰ ਦਰਜ ਹੈ। ਭਾਵੇਂ ਆਪਣੀ ਸ਼ਨਾਖ਼ਤ ਲੁਕਾ ਕੇ ਸ਼ਿਕਾਇਤ ਕਰਨ ਵਾਲ਼ਿਆਂ ਲਈ ਵੀ ਇੱਕ ਹੈਲਪਲਾਈਨ ਨੰਬਰ 092127 35622 ਦਿੱਤਾ ਗਿਆ ਹੈ। ਧੁਨੀ ਪ੍ਰਦੂਸ਼ਣ ਦੇ ਮਾਮਲਿਆਂ ਨਾਲ਼ ਨਿਪਟਣ ਲਈ ਪੁਲਿਸ ਵੀ ਚੇਤਨ ਦੀ ਮਦਦ ਲੈਂਦੀ ਹੈ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਚੇਤਨ ਨੂੰ ਹੁਣ ਧੁਨੀ ਪ੍ਰਦੂਸ਼ਣ ਦੇ ਵਿਭਿੰਨ ਪੱਖਾਂ ਤੇ ਕਾਨੂੰਨੀ ਵਿਵਸਥਾਵਾਂ ਉੱਤੇ ਭਾਸ਼ਣ ਦੇਣ ਲਈ ਸੱਦਿਆ ਜਾਂਦਾ ਹੈ। ਸ਼ਹਿਰ ਵਿੱਚ ਕਿਤੇ ਵੀ ਧੁਨੀ ਪ੍ਰਦੂਸ਼ਣ ਹੋਵੇ, ਬੱਸ ਇੱਕ ਫ਼ੋਨ ਕਰੋ, ਚੇਤਨ ਉਪਾਧਿਆਇ ਪੁਲਿਸ ਦੇ ਸਹਿਯੋਗ ਨਾਲ਼ ਦਿਨ ਵਿੱਚ ਵੀ ਧੁਨੀ ਨੂੰ ਘੱਟ ਕਰਵਾ ਦਿੰਦੇ ਹਨ ਅਤੇ ਰਾਤੀਂ 10 ਵਜੇ ਤੋਂ ਬਾਅਦ ਤਾਂ ਸਵਿੱਚ ਆੱਫ਼ ਕਰਵਾ ਦਿੰਦੇ ਹਨ। ਕਦੇ-ਕਦੇ ਲੋੜ ਪੈਣ 'ਤੇ ਆਪਣੀ ਟੀਮ ਨਾਲ਼ ਮੌਕੇ 'ਤੇ ਵੀ ਪੁੱਜ ਜਾਂਦੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਅੱਜ ਦੀ ਤਾਰੀਖ਼ ਵਿੱਚ ਧੁਨੀ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਗਭਗ ਤਿੰਨ ਸੌ ਲੋਕਾਂ ਵਿਰੁੱਧ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਕੇਸ ਦਰਜ ਹਨ।

ਇੰਝ ਨਹੀਂ ਹੈ ਕਿ ਚੇਤਨ ਦੇ ਚਾਹੁਣ ਵਾਲ਼ਿਆਂ ਵਿੱਚ ਕੇਵਲ ਕੁੱਝ ਕੁ ਹੀ ਲੋਕ ਹਨ; ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਸ਼ਹਿਰ ਦੇ ਸੰਸਦ ਮੈਂਬਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਹਨ... ਪਿਛਲੇ ਵਰ੍ਹੇ ਸਤੰਬਰ 'ਚ ਜਦੋਂ ਉਹ ਸ਼ਹਿਰ ਆਏ ਸਨ; ਤਦ ਚੇਤਨ ਉਪਾਧਿਆਇ ਨੇ ਸ੍ਰੀ ਨਰੇਂਦਰ ਮੋਦੀ ਨਾਲ਼ ਮੁਲਾਕਾਤ ਕੀਤੀ ਸੀ... ਚੇਤਨ ਨੇ ਪ੍ਰਧਾਨ ਮੰਤਰੀ ਨੂੰ ਧੁਨੀ ਪ੍ਰਦੂਸ਼ਣ ਬਾਰੇ ਕੁੱਝ ਸੁਝਾਅ ਦਿੱਤੇ... ਚੇਤਨ ਅਨੁਸਾਰ ਇਸ ਤੋਂ ਬਾਅਦ ਇਸੇ ਵਰ੍ਹੇ ਫ਼ਰਵਰੀ 'ਚ ਯਾਤਰਾ ਤੋਂ ਠੀਕ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸ਼ਹਿਰ ਅੰਦਰ ਹੈਲੀਕਾਪਟਰ ਰਾਹੀਂ ਨਾ ਆਉਣ ਦੀ ਅਤੇ ਸੰਸਦੀ ਹਲਕੇ ਵਿੱਚ ਰਾਤੀਂ ਰਹਿਣ ਦੀ ਸਲਾਹ ਦਿੱਤੀ... ਜਿਸ ਦਾ ਅਸਰ ਵੀ ਵੇਖਣ ਨੂੰ ਮਿਲਿਆ ਅਤੇ ਆਖ਼ਰੀ ਛਿਣਾਂ ਵਿੱਚ ਪ੍ਰਧਾਨ ਮੰਤਰੀ ਦਾ ਸੋਧਿਆ ਪ੍ਰੋਟੋਕੋਲ ਆ ਗਿਆ। ...ਚੇਤਨ ਇਸ ਨੂੰ ਆਪਣੀ ਇੱਕ ਪ੍ਰਾਪਤੀ ਵਜੋਂ ਵੇਖ ਰਹੇ ਹਨ... ਚੇਤਨ ਉਪਾਧਿਆਇ ਦੀ ਮਿਹਨਤ ਦਾ ਨਤੀਜਾ ਹੈ ਕਿ ਬਿਨਾਂ ਤੰਬੂ ਵਾਲ਼ੇ 5 ਕਿਲੋਵਾਟ ਜੈਨਰੇਟਰ ਦੇ ਰੌਲ਼ੇ ਉੱਤੇ ਵੀ ਵਾਰਾਨਸੀ ਪੁਲਿਸ ਹੁਣ ਕਾਰਵਾਈ ਕਰਦੀ ਹੈ... ਅਤੇ ਇਕੱਲੇ ਵਾਰਾਨਸੀ ਦੀ ਪੁਲਿਸ ਹੈ ਕਿ ਦਿਨ ਦੌਰਾਨ ਵੀ ਸ਼ਿਕਾਇਤ ਮਿਲਣ 'ਤੇ ਲਾਊਡਸਪੀਕਰ ਦੀ ਆਵਾਜ਼ ਹੌਲ਼ੀ ਕਰਵਾ ਦਿੰਦੀ ਹੈ। ਬਾਕੀ ਰਾਤੀਂ 10 ਵਜੇ ਸਵਿੱਚ ਆੱਫ਼ ਕਰ ਦੇਣ ਦਾ ਨਿਯਮ ਤਾਂ ਹੈ ਹੀ... ਦਰਜਨਾਂ ਵੱਕਾਰੀ ਪੁਰਸਕਾਰਾਂ ਨਾਲ਼ ਸਨਾਨਿਤ ਚੇਤਨ ਉਪਾਧਿਆੲ ਦੀ ਸੰਸਥਾ 'ਸੱਤਿਆ ਫ਼ਾਊਂਡੇਸ਼ਨ' ਨੇ ਅੱਜ ਤੱਕ ਨਾ ਤਾਂ ਕੋਈ ਸਰਕਾਰੀ ਗ੍ਰਾਂਟ ਲਈ ਹੈ ਅਤੇ ਨਾ ਹੀ ਉਨ੍ਹਾਂ ਦੀ ਸੰਸਥਾ ਨੂੰ ਕੋਈ ਵਿਦੇਸ਼ੀ ਧਨ ਮਿਲਿਆ ਹੈ...

ਚੇਤਨ ਆਪਣੀ ਇਸ ਜੰਗ ਨੂੰ ਹੋਰ ਤੇਜ਼ ਕਰਨ ਵਿੱਚ ਲੱਗੇ ਹੋਏ ਹਨ... ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਧੁਨੀ ਪ੍ਰਦੂਸ਼ਣ ਵਿਰੁੱਧ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਤੰਦਰੁਸਤ ਜੀਵਨ ਦੇ ਸਕੀਏ... ਬੇਸ਼ੱਕ ਬਨਾਰਸ ਤੋਂ ਉੱਠੀ ਇਹ ਆਵਾਜ਼ ਕਾਬਿਲ-ਏ-ਤਾਰੀਫ਼ ਹੈ .... ਲੋੜ ਹੈ ਕਿ ਚੇਤਨ ਦੀਆਂ ਕੋਸ਼ਿਸ਼ਾਂ ਨਾਲ਼ ਸਮੁੱਚਾ ਦੇਸ਼ ਉਠ ਖਲੋਵੇ... ਤਾਂ ਜੋ ਧੁਨੀ ਪ੍ਰਦੂਸ਼ਣ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।

ਲੇਖਕ: ਆਸ਼ੂਤੋਸ਼ ਸਿੰਘ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags