''ਉਨ੍ਹਾਂ 4 ਸਾਲਾਂ 'ਚ ਬਹੁਤ ਵਾਰ ਅਪਮਾਨਿਤ ਹੋਇਆ, ਧੱਕੇ ਖਾਧੇ, ਤਦ ਮਿਲੀ ਸਫ਼ਲਤਾ''

11th Mar 2016
  • +0
Share on
close
  • +0
Share on
close
Share on
close

ਅਕਸਰ ਕਿਹਾ ਜਾਂਦਾ ਹੈ ਕਿ ਹਜ਼ਾਰਾਂ ਮਾੜੇ ਦਿਨਾਂ ਉੱਤੇ ਇੱਕ ਚੰਗਾ ਦਿਨ ਭਾਰੂ ਪੈਂਦਾ ਹੈ। ਬਿਲਕੁਲ ਉਵੇਂ ਜਿਵੇਂ ਸਾਰੀਆਂ ਪਰੇਸ਼ਾਨੀਆਂ ਅਤੇ ਦੁੱਖ ਨੂੰ ਜੇ ਇੱਕ ਮੰਜ਼ਿਲ ਮਿਲ ਜਾਂਦੀ ਹੈ ਤਾਂ ਜਿਵੇਂ ਸਾਰੀ ਥਕਾਵਟ ਹੀ ਖ਼ਤਮ ਹੋ ਜਾਂਦੀ ਹੈ। ਪਰ ਇੱਕ ਵਧੀਆ ਦਿਨ ਲਿਆਉਣ ਲਈ ਜਾਂ ਮੰਜ਼ਿਲ ਹਾਸਲ ਕਰਨ ਲਈ ਲਗਾਤਾਰ ਬਿਨਾਂ ਹੰਭੇ ਚੱਲਣ ਦੀ ਹਿੰਮਤ ਰੱਖਣੀ ਪੈਂਦੀ ਹੈ। ਟੁੱਟ ਕੇ ਖਿੰਡ-ਪੁੰਡ ਜਾਣ ਦੇ ਬਾਅਦ ਵੀ ਆਪਣੇ-ਆਪ ਨੂੰ ਇਕੱਠਾ ਕਰ ਕੇ ਅੱਗੇ ਵਧਣ ਲਈ ਵੀ ਮਨ ਅੰਦਰ ਹੌਸਲਾ ਭਰਨਾ ਪੈਂਦਾ ਹੈ। ਇਹੋ ਹੌਸਲਾ ਤੇ ਬਹਾਦਰੀ ਤੁਹਾਡੇ ਜਨੂੰਨ ਵਿੱਚ ਰਚ-ਮਿਚ ਕੇ ਤੁਹਾਨੂੰ ਵੱਡਾ ਬਣਾਉਂਦੇ ਹਨ। ਪਰ ਸਭ ਤੋਂ ਅਹਿਮ ਗੱਲ ਇਹ ਕਿ ਤੁਸੀਂ ਵੱਡੇ ਤਦ ਅਖਵਾਉਂਦੇ ਹੋ, ਜੇ ਆਕਾਸ਼ ਉੱਤੇ ਪੁੱਜਣ ਤੋਂ ਬਾਅਦ ਵੀ ਤੁਸੀਂ ਉਸ ਜ਼ਮੀਨ ਨੂੰ ਨਹੀਂ ਛਡਦੇ, ਜਿਸ ਵਿੱਚ ਤੁਹਾਡੀ ਪੁਰਾਣੀ ਜ਼ਿੰਦਗੀ ਹਾਲੇ ਵੀ ਧੜਕ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਜੋੜ ਕੇ ਜੇ ਕਿਸੇ ਇੱਕ ਸ਼ਖ਼ਸ ਨੂੰ ਪਰਿਭਾਸ਼ਿਤ ਕਰਨ ਦਾ ਜਤਨ ਕੀਤਾ ਜਾਵੇ, ਤਾਂ ਉਹ ਹਨ ਮਨੋਜ ਤਿਵਾਰੀ। ਜ਼ਬਰਦਸਤ ਅਦਾਕਾਰ, ਬਿਹਤਰੀਨ ਗਾਇਕ, ਸੰਗੀਤ ਦੀ ਅਦਭੁਤ ਸਮਝ ਰੱਖਣ ਵਾਲੇ, ਕਿਸੇ ਦਾ ਦਰਦ ਵੇਖ ਕੇ ਬੇਚੈਨ ਹੋ ਜਾਣ ਵਾਲੇ, ਸਭ ਨੂੰ ਨਾਲ ਲੈ ਕੇ ਚੱਲਣ ਵਾਲੇ, ਕੇਵਲ 43 ਸਾਲ ਦੀ ਉਮਰੇ ਦੇਸ਼ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਵਿੱਚ ਸ਼ਾਮਲ ਸ਼ਖ਼ਸ ਦਾ ਨਾਂਅ ਹੈ ਮਨੋਜ ਤਿਵਾਰੀ।

ਅੱਜ ਦੀ ਤਾਰੀਖ਼ 'ਚ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਸੰਸਦ ਮੈਂਬਰ ਮਨੋਜ ਤਿਵਾਰੀ ਲਈ ਇਸ ਮੰਜ਼ਿਲ ਨੂੰ ਹਾਸਲ ਕਰਨਾ ਸੁਖਾਲ਼ਾ ਨਹੀਂ ਸੀ। ਪਰ ਜਿਵੇਂ ਕਿ ਆਖਿਆ ਜਾਂਦਾ ਹੈ ਕਿਜੋ ਹਿੰਮਤ ਨਹੀਂ ਹਾਰਦਾ, ਜੋ ਸਾਰੀਆਂ ਔਕੜਾਂ ਨਾਲ ਲੜ ਕੇ ਅੱਗੇ ਵਧਦਾ ਰਹਿਣਾ ਚਾਹੁੰਦਾ ਹੈ; ਉਸ ਲਈ ਰਾਹਾਂ ਆਪਣੇ-ਆਪ ਹੀ ਬਣਨ ਲਗਦੀਆਂ ਹਨ। 'ਯੂਅਰ ਸਟੋਰੀ' ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਮਨੋਜ ਤਿਵਾਰੀ ਨੇ ਆਪਣੀ ਜ਼ਿੰਦਗੀ ਦੇ ਕੁੱਝ ਅਜਿਹੇ ਪੱਖ ਦੁਨੀਆ ਸਾਹਵੇਂ ਰੱਖੇ, ਜੋ ਹਰ ਪਰੇਸ਼ਾਨ ਦਿਲ ਹਾਲ ਪ੍ਰੇਰਣਾਦਾਇਕ ਹਨ।

ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਜੰਮਪਲ਼ ਮਨੋਜ ਤਿਵਾਰੀ ਨੇ ਆਪਣੇ ਬਚਪਨ ਬਾਰੇ ਦੱਸਿਆ,''ਮੇਰਾ ਬਚਪਨ ਵੀ ਪਿੰਡ ਦੇ ਆਮ ਬੱਚੇ ਵਾਂਗ ਬੀਤਿਆ। ਬਹੁਤ ਸਾਰੀਆਂ ਔਕੜਾਂ ਨਾਲ। ਪੜ੍ਹਨ ਲਈ ਰੋਜ਼ਾਨਾ ਚਾਰ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਪੁੱਜਣਾ, ਦਿਨ ਭਰ ਪੜ੍ਹਾਈ ਕਰਨਾ ਅਤੇ ਫਿਰ ਚਾਰ ਕਿਲੋਮੀਟਰ ਤਹਿ ਕਰ ਕੇ ਘਰ ਪਰਤਣਾ। ਹਾਫ਼ ਪੈਂਟ ਅਤੇ ਬਨੈਣ, ਇਹੋ ਸਾਡੇ ਪਿੰਡ ਦੇ ਗ਼ਰੀਬ ਬੱਚਿਆਂ ਦਾ ਡ੍ਰੈਸ ਕੋਡ ਬਣ ਗਿਆ ਸੀ।''

ਮਨੋਜ ਤਿਵਾਰੀ ਨੇ ਇਹ ਮੰਨਿਆ ਕਿ ਅਸਲ ਵਿੱਚ ਜਿਸ ਥਾਂ ਤੋਂ ਅਤੇ ਜਿਹੜੇ ਹਾਲਾਤ ਨਾਲ ਜੂਝਦਿਆਂ ਉਹ ਇੱਥੇ ਪੁੱਜੇ ਹਨ, ਉਹ ਸੱਚਮੁਚ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਜਾਪਦਾ। ਉਹ ਆਖਦੇ ਹਨ ਕਿ ਅਸਲ ਵਿੱਚ ਹੁਣ ਸੋਚਣ 'ਤੇ ਲਗਦਾ ਹੈ ਕਿ ਇਹ ਸਭ ਉੱਪਰ ਵਾਲ਼ੇ ਦੀ ਦੇਣ ਹੈ; ਨਹੀਂ ਤਾਂ ਜਿਹੜੇ ਹਾਲਾਤ ਵਿੱਚ ਉਹ ਪਲ਼ੇ-ਵਧੇ, ਉਹ ਸੱਚਮੁਚ ਬਹੁਤ ਤੰਗਹਾਲ ਸਨ। ਪਿਤਾ ਦੀ ਛਾਂ ਸਿਰ ਤੋਂ ਘੱਟ ਉਮਰ ਵਿੱਚ ਹੀ ਛੁੱਟ ਗਈ ਸੀ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮਾਂ ਉੱਤੇ ਆ ਗਈ। ਇਸ ਲਈ ਮਨੋਜ ਤਿਵਾਰੀ ਦੀ ਮਾਂ ਨੇ ਮਾਤਾ-ਪਿਤਾ ਦੋਵਾਂ ਦੀ ਜ਼ਿੰਮੇਵਾਰੀ ਨਿਭਾਈ। ਮਾਂ ਬਾਰੇ ਗੱਲ ਕਰਦਿਆਂ ਮਨੋਜ ਤਿਵਾਰੀ ਜਜ਼ਬਾਤੀ ਹੋ ਗਏ, ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ। ਉਨ੍ਹਾਂ ਬਹੁਤ ਮਾਣ ਨਾਲ ਕਿਹਾ,''ਅੱਜ ਮੈਂ ਜੋ ਵੀ ਹਾਂ, ਉਸ ਵਿੱਚ ਸਿਰਫ਼ ਅਤੇ ਸਿਰਫ਼ ਮਾਂ ਦਾ ਹੱਥ ਹੈ। ਮਾਂ ਨੇ ਸਾਰੀ ਜ਼ਿੰਦਗੀ ਮੈਨੂੰ ਹਰ ਮੋੜ ਉੱਤੇ ਸਿਰਫ਼ ਦਿੱਤਾ ਹੀ ਹੈ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹ ਲਗਾਤਾਰ ਦੇ ਰਹੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਸਦਾ ਸਭ ਤੋਂ ਵੱਧ ਪਰੇਸ਼ਾਨ ਉਸ ਵੇਲੇ ਹੋਇਆ, ਜਦੋਂ ਮਾਂ ਨੂੰ ਪਰੇਸ਼ਾਨ ਵੇਖਿਆ। ਅਤੇ ਸਭ ਤੋਂ ਵੱਧ ਖ਼ੁਸ਼ ਤਦ ਹੁੰਦਾ ਹਾਂ, ਜਦੋਂ ਮਾਂ ਨੂੰ ਖ਼ੁਸ਼ ਵੇਖਦਾ ਹਾਂ। ਇਸ ਲਈ ਮਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹਾਂ।''

ਮਨੋਜ ਤਿਵਾਰੀ ਦਾ ਕਹਿਣਾ ਹੈ ਕਿ ਕਿਉਂਕਿ ਸਕੂਲ ਵਿੱਚ ਸਰਕਾਰ ਵੱਲੋਂ ਵਜ਼ੀਫ਼ਾ ਮਿਲ ਗਿਆ ਸੀ, ਇਸ ਲਈ ਸ਼ੁਰੂਆਤੀ ਪੜ੍ਹਾਈ ਵਿੱਚ ਕੋਈ ਔਕੜ ਪੇਸ਼ ਨਾ ਆਈ। ਪਰ ਅਗਲੇਰੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਮਨੋਜ ਤਿਵਾਰੀ ਆਖਦੇ ਹਨ,''ਮੈਂ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਗਰੈਜੂਏਸ਼ਨ 1992 'ਚ ਮੁਕੰਮਲ ਕੀਤੀ। ਇਸ ਦੌਰਾਨ ਵੀ ਤੰਗਹਾਲੀ ਨੇ ਮੈਨੂੰ ਵਾਰ-ਵਾਰ ਸਤਾਇਆ। ਮੈਂ ਇਹ ਜਾਣਦਾ ਸਾਂ ਕਿ ਮਾਂ ਕਿਸ ਔਖਿਆਈ ਨਾਲ ਪੈਸੇ ਭੇਜਦੀ ਹੈ। ਜਦੋਂ ਅਨਾਜ ਵਿਕੇਗਾ, ਤਦ ਪੈਸਾ ਹੋਵੇਗਾ ਅਤੇ ਉਸ ਤੋਂ ਬਾਅਦ ਮਾਂ ਮੈਨੂੰ ਭੇਜੇਗੀ। ਕਈ ਵਾਰ ਅਨਾਜ ਖ਼ਰਾਬ ਹੋ ਜਾਣ 'ਤੇ ਬਹੁਤ ਔਕੜ ਪੇਸ਼ ਆਉਂਦੀ ਸੀ।'' ਪੜ੍ਹਾਈ ਕਿਸੇ ਤਰ੍ਹਾਂ ਪੂਰੀ ਤਾਂ ਹੋ ਗਈ। ਨੌਕਰੀ ਦੀ ਵੀ ਕੋਸ਼ਿਸ਼ ਕੀਤੀ। ਪਰ ਲਗਾਤਾਰ ਨਿਰਾਸ਼ਾ ਹੱਥ ਲੱਗੀ। ਇਸੇ ਦੌਰਾਨ ਮਨੋਜ ਤਿਵਾਰੀ ਨੂੰ ਅਹਿਸਾਸ ਹੋਇਆ ਕਿ ਉਹ ਗਾਣਾ ਗਾ ਸਕਦੇ ਹਨ।

ਇੱਕ ਘਟਨਾ ਮਨੋਜ ਤਿਵਾਰੀ ਨੇ 'ਯੂਅਰ ਸਟੋਰੀ' ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ,''ਗਰੈਜੂਏਸ਼ਨ ਕਰਨ ਤੋਂ ਬਾਅਦ ਜਦੋਂ ਨੌਕਰੀ ਨਾ ਮਿਲੀ, ਤਾਂ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਤਦ 1992 'ਚ ਹੀ ਮੈਂ ਇੱਕ ਪ੍ਰੋਗਰਾਮ ਦੌਰਾਨ ਗੀਤ ਗਾਇਆ। ਉਸ ਬਦਲੇ ਮੈਨੂੰ 1,400 ਰੁਪਏ ਮਿਲੇ। ਜਦੋਂ ਮੇਰੇ ਹੱਥ ਇੰਨੇ ਪੈਸੇ ਆਏ, ਤਾਂ ਮੈਨੂੰ ਲੱਗਾ ਕਿ ਮੈਂ ਗਾਇਕੀ ਦੇ ਖੇਤਰ ਵਿੱਚ ਕਿਉਂ ਨਹੀਂ ਜਾ ਸਕਦਾ। ਆਪਣੇ ਪਿਤਾ ਜੀ ਦੀ ਸੰਗੀਤ-ਪਰੰਪਰਾ ਨੂੰ ਅੱਗੇ ਕਿਉਂ ਨਹੀਂ ਵਧਾ ਸਕਦਾ। ਇਸੇ ਦੌਰਾਨ ਮੈਂ ਦਿੱਲੀ ਆਇਆ। ਕਿਸੇ ਸੰਸਦ ਮੈਂਬਰ ਦੇ ਨੌਕਰਾਂ ਵਾਲੇ ਕੁਆਰਟਰ ਵਿੱਚ ਰਿਹਾ। ਆਪਣੇ ਗੀਤ ਲੋਕਾਂ ਨੂੰ ਸੁਣਾਉਂਦਾ। ਗਾਣੇ ਲੈ ਕੇ ਇੱਧਰ-ਉੱਧਰ ਖ਼ੂਬ ਘੁੰਮਿਆ। ਉਨ੍ਹਾਂ ਚਾਰ ਵਰ੍ਹਿਆਂ ਦੌਰਾਨ ਪਤਾ ਨਹੀਂ ਕਿੰਨੀ ਵਾਰ ਮੈਨੂੰ ਲੋਕਾਂ ਨੇ ਅਪਮਾਨਿਤ ਕੀਤਾ। ਪਤਾ ਨਹੀਂ ਕਿੰਨੀ ਵਾਰ ਮੈਨੂੰ ਲੋਕਾਂ ਨੇ ਆਪਣੇ ਦਫ਼ਤਰ ਵਿਚੋਂ ਧੱਕੇ ਮਾਰ ਕੇ ਬਾਹਰ ਕੀਤਾ। ਪਰ ਮੈਂ ਹਾਰ ਨਾ ਮੰਨੀ। ਮੈਂ ਲਗਾਤਾਰ ਆਪਣੇ ਜਤਨਾਂ ਵਿੱਚ ਲੱਗਾ ਰਿਹਾ। ਆਖਦੇ ਹਨ ਕਿ ਜੇ ਤੁਹਾਡੇ ਅੰਦਰ ਕੋਈ ਹੁਨਰ ਹੈ, ਤਾਂ ਫਿਰ ਇੱਕ ਨਾ ਇੱਕ ਦਿਨ ਤੁਹਾਡਾ ਜ਼ਰੂਰ ਆਵੇਗਾ। ਉਹੀ ਮੇਰੇ ਨਾਲ ਵੀ ਹੋਇਆ। ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੇ ਮੇਰੀ ਗੀਤ ਸੁਣਿਆ ਅਤੇ ਫਿਰ ਮੈਂ ਮੁੜ ਕੇ ਪਿਛਾਂਹ ਨਹੀਂ ਤੱਕਿਆ। ਮੇਰਾ ਗੀਤ ਸੁਪਰ ਹਿੱਟ ਰਿਹਾ।''

ਪੰਜਾਬੀ ਕਵੀ ਅਵਤਾਰ ਸਿੰਘ ਪਾਸ਼ ਨੇ ਕਿਹਾ ਸੀ,''ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਫ਼ਨਿਆਂ ਦਾ ਮਰ ਜਾਣਾ।'' ਮਨੋਜ ਤਿਵਾਰੀ ਦਾ ਵੀ ਮੰਨਣਾ ਹੈ ਕਿ ਨੌਜਵਾਨ ਪਹਿਲਾਂ ਤਾਂ ਤੈਅ ਕਰਨ ਕਿ ਉਨ੍ਹਾਂ ਕਿਹੜੀ ਦਿਸ਼ਾ ਵਿੱਚ ਜਾਣਾ ਹੈ। ਫਿਰ ਇਹ ਤੈਅ ਕਰਨ ਕਿ ਜਿਸ ਦਿਸ਼ਾ ਵਿੱਚ ਜਾਣਾ ਹੈ, ਉਸ ਵਿੱਚ ਉਨ੍ਹਾਂ ਸੁਫ਼ਨੇ ਕੀ-ਕੀ ਵੇਖੇ। ਜੇ ਸੁਫ਼ਨੇ ਨਹੀਂ ਵੇਖਣਗੇ ਤਾਂ ਪੂਰੇ ਵੀ ਨਹੀਂ ਹੋਣਗੇ। ਮਨੋਜ ਤਿਵਾਰੀ ਨੇ ਕਿਹਾ,''ਮੈਂ ਜੀਵਨ ਵਿੱਚ ਤਿੰਨ ਅਜਿਹੇ ਸੁਫ਼ਨੇ ਵੇਖੇ ਜੋ ਇੰਨ੍ਹ-ਬਿੰਨ੍ਹ ਪੂਰੇ ਹੋਏ। ਪਹਿਲਾਂ ਮੈਂ ਵੇਖਦਾ ਸਾਂ ਕਿ ਕਿਸੇ ਵੱਡੇ ਘਰ ਦੀ ਕੁੜੀ ਨੇ ਮੇਰਾ ਗੀਤ ਸੁਣਿਆ ਅਤੇ ਉਸ ਨੇ ਖ਼ੂਬ ਪਸੰਦ ਕੀਤਾ। ਇਸ ਤੋਂ ਇਲਾਵਾ ਮੈਂ ਸਦਾ ਵੇਖਦਾ ਸਾਂ ਕਿ ਅਮਿਤਾਭ ਬੱਚਨ ਨੂੰ ਮੈਂ ਮਿਲਾਂਗਾ ਅਤੇ ਉਹ ਆਪਣੇ ਪੁੱਤਰ ਅਭਿਸ਼ੇਕ ਨਾਲ ਮੇਰੀ ਜਾਣ-ਪਛਾਣ ਕਰਵਾਉਣਗੇ। ਇਹ ਸੁਫ਼ਨਾ ਇੰਨ੍ਹ-ਬਿੰਨ੍ਹ ਪੂਰਾ ਹੋਇਆ। ਮੈਂ ਅਮਿਤ ਜੀ ਨੂੰ ਯਸ਼ਰਾਜ ਫ਼ਿਲਮਜ਼ ਵਿੱਚ ਮਿਲਿਆ। ਨਾਲ ਅਭਿਸ਼ੇਕ ਬੱਚਨ ਵੀ ਸਨ। ਅਤੇ ਬਿਲਕੁਲ ਉਵੇਂ ਹੋਇਆ, ਜਿਵੇਂ ਮੈਂ ਸੁਫ਼ਨਾ ਵੇਖਿਆ ਸੀ। ਇਸੇ ਤਰ੍ਹਾਂ ਦਾ ਸੁਫ਼ਨਾ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਲਈ ਵੀ ਵੇਖਦੇ ਸਨ। ਭਾਵੇਂ ਅਟਲ ਜੀ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਇਸੇ ਲਈ ਉਨ੍ਹਾਂ ਨਾਲ ਮੁਲਾਕਾਤ ਤਾਂ ਨਹੀਂ ਹੋ ਸਕੀ ਪਰ ਜਦੋਂ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ 'ਤੇ ਜਾਂਦਾ ਹਾਂ, ਤਾਂ ਲਗਦਾ ਹੈ ਕਿ ਇਸੇ ਥਾਂ ਉੱਤੇ ਅਟਲ ਜੀ ਵੀ ਰਹਿੰਦੇ ਹੋਣਗੇ। ਇਹ ਸਭ ਸੋਚ ਕੇ ਮੈਂ ਰੋਮਾਂਚਿਤ ਹੋ ਜਾਂਦਾ ਹਾਂ।''

ਪਰ ਫਿਰ ਵੀ ਮਨੋਜ ਤਿਵਾਰੀ ਦਾ ਇੱਕ ਸੁਫ਼ਨਾ ਅਜਿਹਾ ਹੈ, ਜੋ ਹਾਲੇ ਵੀ ਪੂਰਾ ਨਹੀਂ ਹੋਇਆ ਹੈ। ਉਹ ਹੈ ਭੋਜਪੁਰੀ ਨੂੰ ਇੱਕ ਭਾਸ਼ਾ ਦਾ ਦਰਜਾ ਦਿਵਾਉਣਾ। ਉਨ੍ਹਾਂ ਦਾ ਕਹਿਣਾ ਹੈ,''ਭੋਜਪੁਰੀ ਸਾਡੀ ਮਾਂ ਵਾਂਗ ਹੈ। ਇਸ ਦੀ ਜੋ ਮਿਠਾਸ ਹੈ, ਉਹ ਦੁਰਲੱਭ ਹੈ। ਜਦੋਂ ਅੱਠ ਦੇਸ਼ਾਂ ਵਿੱਚ ਭੋਜਪੁਰੀ ਨੂੰ ਮਾਨਤਾ ਹਾਸਲ ਹੈ, ਤਦ ਫਿਰ ਸਾਡੇ ਦੇਸ਼ ਵਿੱਚ ਕਿਉਂ ਨਹੀਂ। ਕਿਉਂਕਿ ਭੋਜਪੁਰੀ ਮਾਂ ਸਮਾਨ ਹੈ, ਇਸ ਲਈ ਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ 22-24 ਕਰੋੜ ਲੋਕਾਂ ਦੀ ਜੋ ਭਾਸ਼ਾ ਹੈ, ਉਸ ਬਾਰੇ ਪ੍ਰਧਾਨ ਮੰਤਰੀ ਗੰਭੀਰਤਾਪੂਰਬਕ ਵਿਚਾਰ ਕਰਨਗੇ। ਭੋਜਪੁਰੀ ਨੂੰ ਭਾਸ਼ਾ ਵਜੋਂ ਮਾਨਤਾ ਦਿਵਾਉਣ ਦੇ ਜਤਨਾਂ ਵਿੱਚ ਜੁਟਿਆ ਹੋਇਆ ਹਾਂ।''

ਮਨੋਜ ਤਿਵਾਰੀ ਮੰਨਦੇ ਹਨ ਕਿ ਉਹ ਵਰਤਮਾਨ ਵਿੱਚ ਰਹਿਣਾ ਪਸੰਦ ਕਰਦੇ ਹਨ। ਜਿਹੜਾ ਵੀ ਕੰਮ ਉਹ ਕਰ ਰਹੇ ਹੁੰਦੇ ਹਨ, ਉਸ ਨੂੰ ਪੂਰੀ ਤਰ੍ਹਾਂ ਕਰਦੇ ਹਨ। ਇਸੇ ਲਈ ਵੱਖੋ-ਵੱਖਰੇ ਖੇਤਰਾਂ ਵਿੱਚ ਕੰਮ ਕਰਨ ਦੇ ਬਾਵਜੂਦ ਹਰ ਕੰਮ ਨੂੰ ਗੰਭੀਰਤਾ ਨਾਲ ਲਿਆ ਅਤੇ ਇਹੋ ਕਾਰਣ ਹੈ ਕਿ ਸਫ਼ਲਤਾ ਮਿਲਦੀ ਰਹੀ। ਉਹ ਕਹਿੰਦੇ ਹਨ,''ਜਦੋਂ ਮੈਂ ਗੀਤ ਗਾ ਰਿਹਾ ਹੁੰਦਾ ਹਾਂ, ਤਾਂ ਉਸ ਵਿੱਚ ਪੂਰੀ ਤਰ੍ਹਾਂ ਡੁੱਬਿਆ ਰਹਿੰਦਾ ਹਾਂ। ਜਦੋਂ ਮੈਂ ਜਨਤਾ 'ਚ ਹੁੰਦਾ ਹਾਂ, ਤਾਂ ਮੈਂ ਪੂਰੀ ਤਰ੍ਹਾਂ ਉਨ੍ਹਾਂ ਦਾ ਹੀ ਹੁੰਦਾ ਹਾਂ। ਇਸੇ ਲਈ ਸਦਾ ਵਰਤਮਾਨ ਦੀ ਕਦਰ ਕਰਦਾ ਹਾਂ।''

ਸਫ਼ਲ ਉਹੀ ਹੁੰਦਾ ਹੈ, ਜੋ ਖ਼ੁਦ ਨੂੰ ਈਮਾਨਦਾਰੀ ਨਾਲ ਜੱਜ ਕਰਦਾ ਹੈ, ਸਾਰਥਕ ਉਹੀ ਹੈ ਜੋ ਆਪਣੇ ਅੰਦਰ ਦੀਆਂ ਖ਼ਾਮੀਆਂ ਅਤੇ ਖ਼ੂਬੀਆਂ ਨੂੰ ਸਮਝਦਾ ਹੈ, ਮਜ਼ਬੂਤ ਉਹੀ ਹੈ ਜੋ ਸਾਰੀਆਂ ਔਕੜਾਂ ਦਾ ਟਾਕਰਾ ਕਰ ਕੇ ਵੀ ਖੜ੍ਹਾ ਰਹਿੰਦਾ ਹੈ ਅਤੇ ਚਲਦਾ ਹੋਇਆ ਮੰਜ਼ਿਲ ਪਾਉਂਦਾ ਹੈ। ਮਨੋਜ ਤਿਵਾਰੀ ਨੇ ਇਨ੍ਹਾਂ ਤਿੰਨੇ ਪੱਖਾਂ ਉੱਤੇ ਆਪਣੇ-ਆਪ ਨੂੰ ਖੜ੍ਹਾ ਕਰ ਕੇ ਰੱਖਿਆ ਹੈ, ਇਸੇ ਲਈ ਉਨ੍ਹਾਂ ਖ਼ੁਦ ਆਪਣੀ ਸਫ਼ਲਤਾ ਹਾਸਲ ਕੀਤੀ ਹੈ, ਜੋ ਕਰੋੜਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ।

ਲੇਖਕ: ਅਰਵਿੰਦ ਯਾਦਵ 

  • +0
Share on
close
  • +0
Share on
close
Share on
close
Report an issue
Authors

Related Tags

Our Partner Events

Hustle across India