ਸੰਸਕਰਣ
Punjabi

21 ਸਾਲਾ ਅਨੁਸ਼ਾ ਜੈਨ ਨੇ ਕਿਵੇਂ ਆਪਣੇ ਪਿਤਾ ਦਾ ਅਕਾਊ ਜੁਰਾਬ ਬ੍ਰਾਂਡ ਸੰਭਾਲ਼ ਕੇ ਡੇਢ ਗੁਣਾ ਵਧਾਇਆ

Team Punjabi
6th May 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਰਤਾ ਜੁਰਾਬਾਂ ਬਾਰੇ ਸੋਚੋ ਅਤੇ 1990ਵਿਆਂ ਦੌਰਾਨ ਚੱਲਣ ਵਾਲ਼ੇ ਇਸ਼ਤਿਹਾਰਾਂ 'ਚ ਇੱਕ ਮਾਂ ਦੀ ਨੱਕ ਵਿੱਚੋਂ ਨਿੱਕਲ਼ਦੀ ਉਸ ਆਵਾਜ਼ ਬਾਰੇ ਸੋਚੋ,''ਬੇਟਾ, ਸਵੈਟਰ ਪਹਿਨੋ।'' ਮਾਂ ਵੱਲੋਂ ਜੁਰਾਬਾਂ ਜ਼ਬਰਦਸਤੀ ਤੁਹਾਡੇ ਉੱਤੇ ਇੱਕ ਪਲਾਸਟਰ ਵਾਂਗ ਚੜ੍ਹਾ ਦਿੱਤੀਆਂ ਜਾਂਦੀਆਂ ਸਨ। ਮੈਨੂੰ ਚੇਤੇ ਹੈ, ਜਦੋਂ ਨਿੱਕੇ ਹੁੰਦਿਆਂ ਆਪਣੇ ਜਨਮ ਦਿਨ ਮੌਕੇ ਚੁਣ ਕੇ ਜੁੱਤੀਆਂ ਪਸੰਦ ਕਰਦੀ ਸਾਂ ਪਰ ਉਨ੍ਹਾਂ ਨਾਲ ਗਿੱਟਿਆਂ ਨੂੰ ਢਕਣ ਵਾਲ਼ੀਆਂ ਡਰਾਉਣੀਆਂ ਜੁਰਾਬਾਂ ਵੀ ਜ਼ਬਰਦਸਤੀ ਪਹਿਨਣੀਆਂ ਪੈਂਦੀਆਂ ਸਨ। ਪਰ ਦਿੱਲੀ ਦੀ ਅਨੁਸ਼ਾ ਜੈਨ ਨੇ ਇਨ੍ਹਾਂ ਹੀ ਅਕਾਊ ਜੁਰਾਬਾਂ ਨੂੰ ਫ਼ੈਸ਼ਨ ਦਾ ਹਿੱਸਾ ਬਣਾ ਦਿੱਤਾ ਹੈ। ਉਹ ਹੁਣ ਰੰਗ-ਬਿਰੰਗੀਆਂ, ਵੱਖੋ-ਵੱਖਰੇ ਡਿਜ਼ਾਇਨ ਤੇ ਫ਼ੈਬ੍ਰਿਕਸ ਦੀਆਂ ਕਲਾਮਈ ਜੁਰਾਬਾਂ ਤਿਆਰ ਕਰਦੀ ਹੈ।

ਅਨੁਸ਼ਾ ਨੇ ਜੁਰਾਬਾਂ ਨੂੰ ਬਣਾਇਆ ਆਪਣਾ ਕਾਰੋਬਾਰ

ਦਿੱਲੀ ਦੀ ਪਰਲ ਅਕੈਡਮੀ ਤੋਂ ਫ਼ੈਸ਼ਨ ਰੀਟੇਲ ਮੈਨੇਜਮੈਂਟ 'ਚ ਬੀ.ਏ. ਆੱਨਰਜ਼ ਅਤੇ ਫਿਰ ਮੁੰਬਈ ਦੇ ਐਸ.ਪੀ. ਜੈਨ ਇੰਸਟੀਚਿਊਟ ਆੱਫ਼ ਮੈਨੇਜਮੈਂਟ ਐਂਡ ਰਿਸਰਚ ਤੋਂ ਫ਼ੈਮਿਲੀ ਬਿਜ਼ਨੇਸ ਮੈਨੇਜਮੈਂਟ 'ਚ ਐਮ.ਬੀ.ਏ. ਕਰਨ ਵਾਲੀ ਅਨੁਸ਼ਾ ਜੈਨ ਨੇ ਉਸ ਰਵਾਇਤ ਨੂੰ ਤੋੜਿਆ, ਜਿਸ ਵਿੱਚ ਹੁਣ ਤੱਕ ਇਹੋ ਸਮਝਿਆ ਜਾਂਦਾ ਰਿਹਾ ਹੈ ਕਿ ਪਰਿਵਾਰ ਦਾ ਪਹਿਲਾਂ ਤੋਂ ਚੱਲ ਰਿਹਾ ਕਾਰੋਬਾਰ ਤਾਂ ਕੇਵਲ ਪੁੱਤਰ ਹੀ ਸੰਭਾਲ਼ਦੇ ਹਨ।

25 ਸਾਲਾ ਅਨੁਸ਼ਾ ਦਸਦੀ ਹੈ,

''ਭਾਰਤ 'ਚ ਆਮ ਤੌਰ ਉੱਤੇ ਇਹੋ ਪਰੰਪਰਾ ਚਲਦੀ ਆਈ ਹੈ ਕਿ ਪਿਤਾ ਦਾ ਕਾਰੋਬਾਰ ਕੇਵਲ ਉਸ ਦਾ ਕੋਈ ਪੁੱਤਰ ਸੰਭਾਲ਼ਦਾ ਹੈ ਪਰ ਹੁਣ ਬਦਲਦੇ ਸਮਿਆਂ ਨਾਲ ਔਰਤਾਂ ਵੀ ਵਧੇਰੇ ਯੋਗ ਤੇ ਆਜ਼ਾਦ ਹੁੰਦੀਆਂ ਜਾ ਰਹੀਆਂ ਹਨ। ਮੈਨੂੰ ਵੀ ਜ਼ਿੰਦਗੀ ਵਿੱਚ ਸਦਾ ਅੱਗੇ ਵਧਣਾ ਹੀ ਸਿਖਾਇਆ ਗਿਆ ਹੈ। ਇਸੇ ਕਰ ਕੇ ਮੈਂ ਅੱਜ ਇੱਥੇ ਹਾਂ।''

1984 'ਚ ਅਰੰਭ ਕੀਤੀ ਗਈ ਕੰਪਨੀ 'ਬੌਂਜੂਰ' ਇੱਕ ਆਮ ਫ਼ੈਸ਼ਨ ਕਾਰੋਬਾਰ ਕਰਦੀ ਰਹੀ ਸੀ ਤੇ ਉਸ ਦਾ ਰਵਾਇਤੀ ਜੁਰਾਬਾਂ ਦਾ ਵਪਾਰ ਸੀ। ਬੌਂਜੂਰ ਕਾਰੋਬਾਰੀ ਪਰਿਵਾਰ ਦੇ ਨਾਲ਼ ਹੀ ਵੱਡੀ ਹੋਈ ਅਨੁਸ਼ਾ ਆਪਣੀ ਕੰਪਨੀ ਦੇ ਵਿਕਾਸ ਨੂੰ ਉੱਪਰੋਂ ਇੱਕ ਬਾਜ਼ ਵਾਂਗ ਵੇਖਦੀ ਰਹੀ ਹੈ। ਉਹ ਸ਼ਾਇਦ ਸਿਰਫ਼ ਆਪਣੇ ਵੱਡੇ ਹੋਣ ਦੀ ਉਡੀਕ ਕਰ ਰਹੀ ਸੀ। ਉਸ ਦੇ ਮਨ ਵਿੱਚ ਆਪਣੇ ਵੱਖਰੇ ਕਿਸਮ ਦੇ ਵਿਚਾਰ ਸਦਾ ਹੀ ਟਪੂਸੀਆਂ ਮਾਰਦੇ ਰਹੇ ਹਨ।

image


ਅਨੁਸ਼ਾ ਦਸਦੀ ਹੈ,''ਸਾਡੇ ਲਈ ਸਮੱਸਿਆ ਇਹ ਸੀ ਕਿ ਜੁਰਾਬਾਂ ਦੀ ਮੰਗ ਬਹੁਤ ਘੱਟ ਸੀ ਅਤੇ ਅਸੀਂ ਵੀ ਕੇਵਲ ਸਕੂਲੀ ਵਰਦੀਆਂ ਤਿਆਰ ਕਰਨ ਵਾਲ਼ੀਆਂ ਕੰਪਨੀਆਂ ਵਿੱਚੋਂ ਇੱਕ ਬਣ ਕੇ ਰਹਿ ਗਏ ਸਾਂ। ਪਰ ਮੇਰੇ ਮਨ ਵਿੱਚ ਸਦਾ ਹੀ ਨਵੇਂ-ਨਵੇਂ ਵਿਚਾਰ ਆਉਂਦੇ ਰਹਿੰਦੇ ਸਨ। ਤੇ ਮੈਂ ਸੋਚਦੀ ਸਾਂ ਕਿ ਅਸੀਂ ਆਪਣੇ ਉਤਪਾਦ ਹੋਰ ਬਿਹਤਰ ਕਿਵੇਂ ਕਰ ਸਕਦੇ ਹਾਂ। ਭਾਰਤ ਵਿੱਚ ਜੁਰਾਬਾਂ ਨੂੰ ਕਦੇ ਵੀ ਫ਼ੈਸ਼ਨ ਦਾ ਹਿੱਸਾ ਨਹੀਂ ਬਣਾਇਆ ਗਿਆ। ਮੈਂ ਇਸ ਮਾਮਲੇ ਵਿੱਚ ਕੁੱਝ ਖੋਜ ਕੀਤੀ ਤੇ ਪਾਇਆ ਕਿ ਜੁਰਾਬਾਂ ਵਿੱਚ ਫ਼ੈਸ਼ਨ ਤੇ ਨਵੇਂ ਸਟਾਈਲ ਦੀਆਂ ਬਹੁਤ ਸੰਭਾਵਨਾਵਾਂ ਵੀ ਹਨ ਅਤੇ ਇਸ ਸਬੰਧੀ ਮੰਗ ਵੀ ਬਹੁਤ ਜ਼ਿਆਦਾ ਹੈ। ਇਸੇ ਲਈ ਮੈਂ ਜੁਰਾਬਾਂ ਨੂੰ ਫ਼ੈਸ਼ਨ ਦਾ ਹਿੱਸਾ ਬਣਾਉਣ ਬਾਰੇ ਮਨ ਵਿੱਚ ਧਾਰ ਲਿਆ। ਬੇਸ਼ੱਕ ਸਾਡੇ ਆਪਣੇ ਉੱਦਮ ਤੋਂ ਵਧੀਆ ਸ਼ੁਰੂਆਤ ਲਈ ਹੋਰ ਕਿਹੜਾ ਥਾਂ ਹੋ ਸਕਦਾ ਸੀ। ਮੇਰੇ ਕੋਲ਼ ਬੌਂਜੂਰ ਦਾ ਇੱਕ ਪਹਿਲਾਂ ਤੋਂ ਤਿਆਰ ਵੱਡਾ ਮੰਚ ਮੌਜੂਦ ਸੀ। ਮੈਂ ਕੇਵਲ ਆਪਣੇ ਏਜੰਡੇ ਦੇ ਡਿਜ਼ਾਇਨ ਤੇ ਨਵੀਆਂ ਗੱਲਾਂ ਹੀ ਨਾਲ਼ ਜੋੜਨੀਆਂ ਸਨ। ਮੈਂ ਚਾਹੁੰਦੀ ਸਾਂ ਕਿ ਜੁਰਾਬਾਂ ਬਾਰੇ ਲੋਕਾਂ ਦੇ ਵਿਚਾਰ ਬਦਲ ਜਾਣ। ਮੈਂ ਚਾਹੁੰਦੀ ਸਾਂ ਕਿ ਲੋਕ ਆਪਣੀਆਂ ਜੁਰਾਬਾਂ ਨੂੰ ਵੀ ਮਾਣ ਨਾਲ਼ ਲੋਕਾਂ ਨੂੰ ਵਿਖਾਉਣ।''

ਪਾਰਕ ਵਿੱਚ ਕੋਈ 'ਸੌਕ' ਨਹੀਂ

ਅਨੁਸ਼ਾ ਨੇ 2012 ਦੌਰਾਨ ਬੌਂਜੂਰ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ, ਜਦੋਂ ਉਹ 21 ਵਰ੍ਹਿਆਂ ਦੀ ਸੀ ਤੇ ਹਾਲ਼ੇ ਕਾਲਜ ਵਿੱਚ ਹੀ ਪੜ੍ਹ ਰਹੀ ਸੀ। ਉਸ ਨੇ ਨਵੀਆਂ ਪਹਿਲਕਦਮੀਆਂ ਲਈ ਪ੍ਰਮੁੱਖ ਸੁਵਿਧਾਕਾਰ ਦੀ ਭੂਮਿਕਾ ਨਿਭਾਉਣੀ ਅਰੰਭੀ ਸੀ।

ਉਹ ਆਪਣੇ ਕੰਮ ਦੀ ਜਿੱਥੇ ਸਿਖਲਾਈ ਲੈ ਰਹੀ ਸੀ, ਉਹ ਨਾਲ਼ ਦੀ ਨਾਲ਼ ਆਪਣੇ ਕਾਰੋਬਾਰ ਨੂੰ ਅੱਗੇ ਵੀ ਵਧਾਉਂਦੀ ਜਾ ਰਹੀ ਸੀ। ਐਮ.ਬੀ.ਏ. ਤੋਂ ਬਾਅਦ ਉਸ ਨੇ ਆਧੁਨਿਕ ਪ੍ਰਣਾਲ਼ੀਆਂ ਨੂੰ ਆਪਣੇ ਕਾਰੋਬਾਰ ਵਿੱਚ ਲਾਗੂ ਕੀਤਾ ਅਤੇ ਉਸ ਨੇ ਟੀ.ਜੀ. ਕੇਂਦ੍ਰਿਤ ਉਤਪਾਦ ਵਿਕਾਸ ਲਿਆਂਦਾ। ਉਹ ਦਸਦੀ ਹੈ,''ਅਸੀਂ ਖਪਤਕਾਰਾਂ ਦੀ ਮੰਗ ਦਾ ਡੂੰਘੇਰਾ ਅਧਿਐਨ ਕੀਤਾ। ਜੁਰਾਬਾਂ ਦਾ ਵਰਗ ਅਜਿਹਾ ਰਿਹਾ ਹੈ ਕਿ ਉਨ੍ਹਾਂ ਨੂੰ ਸਦਾ ਅੱਖੋਂ ਪ੍ਰੋਖੇ ਕੀਤਾ ਜਾਂਦਾ ਰਿਹਾ ਹੈ ਤੇ ਲੋਕਾਂ ਨੂੰ ਇਹ ਜਚਾਉਣਾ ਔਖਾ ਸੀ ਕਿ ਉਹ ਆਪਣੀਆਂ ਜੁਰਾਬਾਂ ਉੱਤੇ ਪੈਸੇ ਖ਼ਰਚ ਕਰਨ। ਨਿਜੀ ਤੌਰ ਉੱੇਤ ਮੇਰੀ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੈਂ ਆਪਣੀ ਕੰਪਨੀ ਵਿੱਚ ਆਪਣੇ ਪਿਤਾ ਦੀ ਧੀ ਬਣ ਕੇ ਕੰਮ ਕਰਾਂ। ਮੇਰੇ ਪਿਤਾ ਦੀ ਸਾਖ਼ ਸਦਾ ਹੀ ਦਾਅ ਉੱਤੇ ਲੱਗੀ ਰਹੀ ਸੀ ਅਤੇ ਜੇ ਮੈਂ ਨਾਕਾਮ ਹੋ ਜਾਂਦੀ, ਤਾਂ ਜਿਹੜਾ ਵੀ ਕੰਮ ਉਨ੍ਹਾਂ ਨੇ ਹੁਣ ਤੱਕ ਕੀਤਾ ਸੀ, ਉਹ ਸਾਰਾ ਹੀ ਮਿੱਟੀ ਵਿੱਚ ਮਿਲ਼ ਜਾਣਾ ਸੀ। ਮੈਂ ਕਾਰੋਬਾਰੀ ਖੇਤਰ ਵਿੱਚ ਨਵੀਂ ਸਾਂ ਤੇ ਨਾਤਜਰਬੇਕਾਰ ਸਾਂ, ਜਿਸ ਕਰ ਕੇ ਮੇਰੇ ਕੁੱਝ ਸੀਨੀਅਰਜ਼ ਨੇ ਮੇਰਾ ਵਿਰੋਧ ਵੀ ਕੀਤਾ ਕਿਉਂਕਿ ਉਹ ਆਪਣੇ ਹਿਸਾਬ ਨਾਲ਼ ਕੰਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਮੁਕਾਬਲਾ ਕਰਨਾ ਔਖਾ ਸੀ। ਫਿਰ ਉਨ੍ਹਾਂ ਨੂੰ ਮੈਂ ਆਪਣੇ ਹਿਸਾਬ ਨਾਲ਼ ਸਭਿਆਚਾਰਕ ਤਬਦੀਲੀਆਂ ਮੁਤਾਬਕ ਢਲਣਾ ਸਿਖਾਇਆ ਗਿਆ।''

ਅਨੁਸ਼ਾ ਦਾ ਮੁੱਖ ਨਿਸ਼ਾਨਾ ਇਹੋ ਸੀ ਕਿ ਉਹ ਜੁਰਾਬਾਂ ਵਿੱਚ ਨਵੇਂ ਸਟਾਈਲ ਤੇ ਡਿਜ਼ਾਇਨ ਲੈ ਕੇ ਆਵੇ। ''ਮੈਂ ਜੁਰਾਬਾਂ ਨੂੰ ਫ਼ੈਸ਼ਨ ਦੀ ਦੁਨੀਆ ਵਿੱਚ ਲਿਆਉਣਾ ਚਾਹੁੰਦੀ ਸਾਂ।'' ਉਸ ਦੀ ਅਗਵਾਈ ਹੇਠ ਪਹਿਲੀ ਕੁਲੈਕਸ਼ਨ ਆਈ ਸੀ 'ਬੌਂਜੂਰ ਬੋਲਡ'। ''ਜੁਰਾਬਾਂ ਦੀ ਉਹ ਕੁਲੈਕਸ਼ਨ ਨੌਜਵਾਨਾਂ ਤੇ ਨਵੇਂ ਰੁਝਾਨ ਵਾਲ਼ੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਸੀ। ਮੈਂ ਤਿੱਖੇ ਤੇ ਭੜਕੀਲੇ ਨਿਓਨ ਰੰਗਾਂ ਦੀ ਵਰਤੋਂ ਕੀਤੀ, ਜੋ ਦੂਰੋਂ ਵੇਖਣ ਨੂੰ ਵਧੀਆ ਲਗਦੇ ਸਨ। ਉਹ ਸਰਬ-ਪ੍ਰਵਾਨਿਤ ਹੋਏ, ਮਹਾਂਨਗਰਾਂ ਵਿੱਚ ਇਸ ਡਿਜ਼ਾਇਨ ਦੀ ਬਹੁਤ ਸ਼ਲਾਘਾ ਹੋਈ।'' ਉਨ੍ਹਾਂ ਨਿਓਨ ਲਾਈਨ ਲਾਂਚ ਕਰਨ ਲਈ ਇੱਕ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ, ਜਿਸ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਫਿਰ ਅਨੁਸ਼ਾ ਨੇ ਨਿੱਕੇ ਬੱਚਿਆਂ ਨੂੰ ਖ਼ੁਸ਼ ਕਰਨ ਬਾਰੇ ਸੋਚਿਆ। ਉਸ ਬੈਨ 10 ਅਤੇ ਡੋਰਾਏਮੌਨ ਜਿਹੇ ਸਮਕਾਲੀ ਕਾਰਟੂਨ ਚਰਿੱਤਰਾਂ ਨੂੰ ਜੁਰਾਬਾਂ ਉੱਤੇ ਉਕੇਰਿਆ; ਬੱਚਿਆਂ ਨੇ ਉਹ ਜੁਰਾਬਾਂ ਬਹੁਤ ਪਸੰਦ ਕੀਤੀਆਂ। ਬੱਚਿਆਂ ਦੀਆਂ ਜੁਰਾਬਾਂ 100 ਫ਼ੀ ਸਦੀ ਸੂਤੀ ਸਨ। ਅਨੁਸ਼ਾ ਦਸਦੀ ਹੈ,''ਲੋਕਾਂ ਨੂੰ ਇਸ ਗੱਲੋਂ ਜਾਣੂ ਕਰਵਾਉਣਾ ਸੀ ਕਿ ਸੂਤੀ ਜੁਰਾਬਾਂ ਬਹੁਤ ਆਰਾਮਦੇਹ ਹੁੰਦੀਆਂ ਹਨ, ਜੋ ਉਨ੍ਹਾਂ ਦੇ ਪੈਸੇ ਦੀ ਪੂਰੀ ਕੀਮਤ ਵਾਪਸ ਕਰਦੀਆਂ ਹਨ।''

ਬੌਂਜੂਰ ਨਵੇਂ ਸਿਖ਼ਰਾਂ ਵੱਲ

ਇੰਝ ਅਨੁਸ਼ਾ ਦੀ ਅਗਵਾਈ ਹੇਠ ਬੌਂਜੂਰ ਨੇ ਡਿਜ਼ਾਇਨ ਦੀ ਇੱਕ ਨਵੀਂ ਸੂਖ਼ਮ ਭਾਵਨਾ ਪੈਦਾ ਕੀਤੀ। ਉਹ ਆਪਣੀਆਂ ਪ੍ਰਕਿਰਿਆਵਾਂ ਨੂੰ ਆਧੁਨਿਕ ਬਣਾ ਰਹੀ ਸੀ। ਉਹ ਪੂਰੀ ਰੋਹ ਭਰਪੂਰ ਪਹੁੰਚ ਨੂੰ ਮਨ ਵਿੱਚ ਰੱਖ ਕੇ ਮੁਕਾਬਲੇ ਵਿੱਚ ਉੱਤਰਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਕੰਪਨੀ ਦੀ ਪਛਾਣ ਉਸ ਦੇ ਉਤਪਾਦਾਂ ਤੋਂ ਹੁੰਦੀ ਹੈ। ਉਤਪਾਦਾਂ ਰਾਹੀਂ ਹੀ ਕੋਈ ਕੰਪਨੀ ਬਾਜ਼ਾਰ ਵਿੱਚ ਮੋਹਰੀ ਬਣ ਸਕਦੀ ਹੈ। ਇਨ੍ਹਾਂ ਸਾਲਾਂ ਦੌਰਾਨ ਬੌਂਜੂਰ ਨੇ ਕਦੇ ਇਸ਼ਤਿਹਾਰਬਾਜ਼ੀ ਨਹੀਂ ਕੀਤੀ। 'ਹੁਣ ਜਦੋਂ ਗਾਹਕ ਬਹੁਤ ਸਿਆਣਾ ਤੇ ਜਾਗਰੂਕ ਹੋ ਚੁੱਕਾ ਹੈ ਤੇ ਕੌਮਾਂਤਰੀ ਬ੍ਰਾਂਡ ਦੇਸ਼ ਵਿੱਚ ਛਾਉਂਦੇ ਜਾ ਰਹੇ ਹਨ, ਅਜਿਹੇ ਹਾਲਾਤ ਵਿੱਚ ਮੈਂ ਬ੍ਰਾਂਡ ਦੀ ਤੁਰੰਤ ਇਸ਼ਤਿਹਾਰਬਾਜ਼ੀ ਵਾਲ਼ੇ ਪਾਸੇ ਵੀ ਧਿਆਨ ਦੇਣ ਬਾਰੇ ਸੋਚਿਆ, ਤਾਂ ਜੋ ਗਾਹਕਾਂ ਨਾਲ਼ ਸਿੱਧੀ ਗੱਲਬਾਤ ਹੋ ਸਕੇ। ਅਸੀਂ 'ਦਾ ਟਾਈਮਜ਼ ਆੱਫ਼ ਇੰਡੀਆ' ਜਿਹੇ ਅਖ਼ਬਾਰਾਂ ਤੇ ਅਜਿਹੇ ਹੋਰ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰ ਦਿੱਤੇ ਤੇ ਰਸਾਲਿਆਂ ਵਿੱਚ ਵੀ ਇਸ਼ਤਿਹਾਰ ਛਪਵਾਏ। ਮੈਂ ਕਿਉਂਕਿ ਖ਼ੁਦ ਯਾਤਰਾ ਕਰਨਾ ਪਸੰਦ ਕਰਦੀ ਹਾਂ, ਇਸੇ ਲਈ ਮੈਂ ਪੈਕੇਜਿੰਗ ਦੀਆਂ ਕੁੱਝ ਕੌਮਾਂਤਰੀ ਧਾਰਨਾਵਾਂ ਸ਼ੁਰੂ ਕੀਤੀਆਂ, ਜਿਨ੍ਹਾਂ ਨੇ ਯੋਜਨਾ ਅਨੁਸਾਰ ਜਾਦੂ ਵਰਗਾ ਅਸਰ ਕੀਤਾ।'

ਅੱਜ 'ਬੌਂਜੂਰ' ਪੂਰੀ ਤਰ੍ਹਾਂ ਸਫ਼ਲ ਹੈ ਤੇ ਇਸ ਦੇ 10,000 ਤੋਂ ਵੱਧ ਪ੍ਰੀਮੀਅਮ ਸਟੋਰਜ਼, ਮਾੱਲਜ਼ ਤੇ ਮਲਟੀ-ਬ੍ਰਾਂਡੇਡ ਸਟੋਰ ਸਮੁੱਚੇ ਭਾਰਤ ਵਿੱਚ ਮੌਜੂਦ ਹਨ। ਸਮੁੱਚੇ ਵਿਸ਼ਵ ਵਿੱਚ ਵੀ ਹੁਣ ਬੌਂਜੂਰ ਦੇ ਉਤਪਾਦਾਂ ਦੀ ਪੂਰੀ ਮੰਗ ਹੈ ਅਤੇ ਇਹ ਕੰਪਨੀ ਹੁਣ 25 ਫ਼ੀ ਸਦੀ ਦਰ ਉੱਤੇ ਵਿਕਸਤ ਹੋ ਰਹੀ ਹੈ। ਉਨ੍ਹਾਂ ਨੇ ਨੌਇਡ, ਅੰਬਾਲ਼ਾ ਤੇ ਦਿੱਲੀ ਵਿੱਚ 11 ਵਿਸ਼ੇਸ਼ ਸਟੋਰ ਖੋਲ੍ਹੇ ਹਨ।

ਅਨੁਸ਼ਾ ਨੇ ਵੈੱਬਸਾਈਟ www.bonjourretail.com ਰਾਹੀਂ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ ਅਤੇ ਗਾਹਕਾਂ ਤੱਕ ਉੱਧਰੋਂ ਵੀ ਪਹੁੰਚ ਕੀਤੀ ਹੈ।

ਅਨੁਸ਼ਾ ਜੈਨ ਸਾਹਮਣੇ ਹੁਣ ਪ੍ਰਮੁੱਖ ਚੁਣੌਤੀ ਇਹੋ ਹੈ ਕਿ ਉਹ ਆਪਣੇ ਬ੍ਰਾਂਡ ਨੂੰ ਹੋਰ ਪ੍ਰਭਾਵਸ਼ਾਲੀ ਬਣਾਵੇ। ਉਹ ਕਹਿੰਦੀ ਹੈ,''ਭਾਰਤ ਦੇ ਘਰੇਲੂ ਬ੍ਰਾਂਡਜ਼ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਸਾਰਾ ਪਾਸਾ ਬਦਲ ਕੇ ਰੱਖ ਸਕਦਾ ਹੈ। ਕੌਮਾਂਤਰੀ ਬ੍ਰਾਂਡਜ਼ ਦਾ ਬਾਜ਼ਾਰ ਪਹਿਲਾਂ ਤੋਂ ਹੀ ਸਰਗਰਮ ਹੁੰਦਾ ਹੈ ਪਰ ਭਾਰਤ ਜਿਹੇ ਬਾਜ਼ਾਰ ਵਿੱਚ ਉਨ੍ਹਾਂ ਲਈ ਹਾਲ਼ੇ ਵੱਧ ਧਨ ਖ਼ਰਚ ਕਰਨਾ ਪੈਂਦਾ ਹੈ। ਵਿਦੇਸ਼ੀ ਬ੍ਰਾਂਡਜ਼ ਸਾਹਮਣੇ ਦੇਸੀ ਬ੍ਰਾਂਡ ਫਿੱਕੇ ਪੈ ਜਾਂਦੇ ਹਨ ਕਿਉਂਕਿ ਸਾਡੀ ਮਾਨਸਿਕਤਾ ਇਹੋ ਬਣ ਚੁੱਕੀ ਹੈ ਕਿ ਪੱਛਮੀ ਦੇਸ਼ਾਂ ਵਿੱਚ ਸਭ ਕੁੱਝ ਵਧੀਆ ਹੀ ਹੁੰਦਾ ਹੈ। ਮੇਰਾ ਨਿਸ਼ਾਨਾ ਇਨ੍ਹਾਂ ਸਭ ਤੋਂ ਉਤਾਂਹ ਉੱਠ ਕੇ ਜੇਤੂ ਬਣ ਕੇ ਨਿੱਕਲਣਾ ਹੈ। ਅਤੇ ਅਸੀਂ ਛੇਤੀ ਹੀ ਆਪਣੀ ਮੰਜ਼ਿਲ 'ਤੇ ਪੁੱਜ ਜਾਵਾਂਗੇ। ਅਸੀਂ ਡਿਜ਼ਾਇਨ ਨੂੰ ਵਿਕਸਤ ਕਰ ਰਹੇ ਹਨ ਅਤੇ ਮਾਰਕਿਟਿੰਗ ਅਤੇ ਕਾਰੋਬਾਰ ਸਭ ਵਿਕਸਤ ਹੋ ਰਿਹਾ ਹੈ।''

ਲੇਖਕ: ਬਿੰਜਲ ਸ਼ਾਹ

ਅਨੁਵਾਦ: ਮਹਿਤਾਬ-ਉਦ-ਦੀਨ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags