ਸੰਸਕਰਣ
Punjabi

ਅਦਭੁਤ ਕਹਾਣੀ ਮੌਤ ਨੂੰ ਮਾਤ ਦੇਣ ਵਾਲੇ ਪਰਬਤਾਰੋਹੀ ਕੈਪਟਨ ਐਮ.ਐਸ. ਕੋਹਲੀ ਦੀ

Team Punjabi
10th Nov 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਹਰੀਪੁਰ 'ਚ ਇੱਕ ਪਰਬਤਾਰੋਹੀ ਬਣਨ ਦੀ ਕਹਾਣੀ

ਜੀਵਨ ਦੇ 84 ਬਸੰਤ ਵੇਖ ਚੁੱਕੇ ਕੈਪਟਨ ਮੋਹਨ ਸਿੰਘ ਕੋਹਲੀ ਦਸਦੇ ਹਨ,''ਮੈਂ ਮੁੱਖ ਤੌਰ 'ਤੇ ਹਰੀਪੁਰ ਨਾਂਅ ਦੇ ਸਥਾਨ ਦਾ ਨਾਗਰਿਕ ਹਾਂ।'' ਖ਼ੈਬਰ ਪਖ਼ਤੂਨਵਾ ਦੇ ਹਜ਼ਾਰਾ ਇਲਾਕੇ ਵਿੱਚ ਵਸਿਆ ਹਰੀਪੁਰ ਆਪਣੇ ਵਿਭਿੰਨ ਪ੍ਰਕਾਰ ਦੇ ਫਲ਼ਾਂ ਲਈ ਵਿਸ਼ਵ-ਪ੍ਰਸਿੱਧ ਹੈ। ਸਾਲ 1931 'ਚ ਕੈਪਟਨ ਕੋਹਲ ਦੇ ਜਨਮ ਵੇਲੇ ਇਹ ਇਲਾਕਾ ਉਤਰ-ਪੱਛਤੀ ਸੀਮਾਂਤ ਸੂਬੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਹਰੀਪੁਰ ਸਿੰਧ ਨਦੀ ਦੇ ਅਰੰਭਲੇ ਸਥਾਨ ਉਤੇ ਬਣਿਆ ਇੱਕ ਖ਼ੁਸ਼ਹਾਲ ਇਲਾਕਾ ਹੈ। ਹਰੀਪੁਰ ਹਿਮਾਲਿਅਨਅਤੇ ਪਰਾਕੋਰਮ ਪਰਬਤ-ਲੜੀ ਨਾਲ ਘਿਰਿਆ ਇੱਕ ਪਹਾੜੀ ਸ਼ਹਿਰ ਹੈ, ਜਿੱਥੋਂ ਦੀ ਆਬਾਦੀ ਮੁੱਖ ਤੌਰ ਉਤੇ ਈਸਾ ਪੂਰਵ 327 ਈ. 'ਚ ਸਿਕੰਦਰ ਦੀ ਜਿੱਤ ਤੋਂ ਬਾਅਦ ਇੱਥੇ ਰਹਿ ਗਏ ਯੂਨਾਨੀ ਫ਼ੌਜੀਆਂ ਦੇ ਵੰਸ਼ਜਾਂ ਨਾਲ ਭਰੀ ਹੋਈ ਹੈ। ਭਾਵੇਂ ਆਧੁਨਿਕ ਹਰੀਨਗਰ ਦੀ ਸਥਾਪਨਾ 19ਵੀਂ ਸਦੀ 'ਚ ਹਜ਼ਾਰਾ ਦੇ ਦੂਜੇ ਨਿਜ਼ਾਮ ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਜਰਨੈਲ ਹਰੀ ਸਿੰਘ ਨਲਵਾ ਵੱਲੋਂ ਕੀਤੀ ਗਈ ਸੀ। ਕੈਪਟਨ ਕੋਹਲੀ ਦਸਦੇ ਹਨ,''ਮੇਰੇ ਪੁਰਖੇ ਹਰੀਪੁਰ ਦੇ ਸਾਹਮਣੇ ਵਾਲ਼ੇ ਪਹਾਣੀ ਟੀਸੀ ਉਤੇ ਮਾਰੇ ਗਏ ਸਨ ਅਤੇ ਉਸ ਦੇ ਬਾਅਦ ਤੋਂ ਉਹ ਜਗ੍ਹਾ ਸਾਡੇ ਪਰਿਵਾਰ ਲਈ ਇੱਕ ਤੀਰਥ ਸਥਾਨ ਦਾ ਦਰਜਾ ਰਖਦੀ ਹੈ। ਜਦੋਂ ਮੈਂ ਲਗਭਗ ਸਾਢੇ 7 ਵਰ੍ਹਿਆਂ ਦਾ ਸਾਂ, ਤਦ ਤੋਂ ਮੈਂ ਸਿੰਧ ਘਾਟੀ ਦੀਆਂ ਸਹਾਇਕ ਨਦੀਆਂ ਨੂੰ ਪਾਰ ਕਰਦਿਆਂ ਇਸ ਪਹਾੜ ਦੀਆਂ ਚੋਟੀਆਂ ਉਤੇ ਪੁੱਜ ਜਾਂਦਾ ਸਾਂ ਅਤੇ 16 ਸਾਲ ਦੀ ਉਮਰ ਦਾ ਹੋਣ ਤੱਕ ਮੈਂ ਬਿਨਾਂ ਨਾਗਾ ਅਜਿਹਾ ਕਰਦਾ ਰਿਹਾ।'' ਬੀਤੇ ਇਤਿਹਾਸ ਤੋਂ ਅਣਜਾਣ ਲੋਕ ਹਰੀਨਗਰ ਨੂੰ ਕੁੱਝ ਹੋਰ ਕਾਰਣਾਂ ਕਰ ਕੇ ਵੀ ਵੱਧ ਜਾਣਦੇ ਹਨ। ਦੁਨੀਆਂ 'ਚ ਦਹਿਸ਼ਤ ਪੈਦਾ ਕਰਨ ਵਾਲਾ ਅੱਤਵਾਦੀ ਓਸਾਮਾ ਬਿਨ ਲਾਦੇਨ ਸਾਲ 2004 'ਚ ਐਬਟਾਬਾਦ, ਜੋ ਇੱਥੋਂ ਕੇਵਲ 35 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਾਣਤੋਂ ਪਹਿਲਾਂ ਇੱਥੇ ਇੱਕ ਅਸਥਾਈ ਘਰ ਵਿੱਚ ਰਹਿੰਦਾ ਸੀ। ਮਜ਼ਾਕੀਆ ਲਹਿਜੇ ਵਿੱਚ ਉਹ ਕਹਿੰਦੇ ਹਨ,''ਇਹ ਸ਼ਹਿਰ ਚਾਰੇ ਪਾਸਿਓਂ ਪਹਾੜੀਆਂ ਨਾਲ ਘਿਰਿਆ ਹੋਹਿਆ ਹੈ। ਕੇਵਲ 15 ਮਿੰਟਾਂ ਦੇ ਵਕਫ਼ੇ 'ਚ ਤੁਸੀਂ ਕਦੇ ਇੱਕ ਪਹਾੜੀ ਪਿੱਛੇ ਗੁੰਮ ਹੋ ਸਕਦੇ ਹੋ ਅਤੇ ਫਿਰ ਦੂਜੀ ਅਤੇ ਫਿਰ ਇੱਕ ਹਰ। ਮੈਂ ਸਾਲ 2004 'ਚ ਹਰੀਪੁਰ 'ਚ ਹੀ ਸਾਂ ਪਰ ਓਸਾਮਾ ਨਾਲ ਕਦੇ ਮੁਲਾਕਾਤ ਨਹੀਂ ਹੋਈ।''

image


ਭਾਵੇਂ ਕੈਪਟਨ ਕੋਹਲੀ ਆਪਣੇ ਜਨਮ-ਸਥਾਨ ਉਤੇ ਵੱਧ ਸਮਾਂ ਨਹੀਂ ਰਹਿ ਸਕੇ ਅਤੇ 1947 'ਚ ਹੋਈ ਵੰਡ ਕਾਰਣ ਉਨ੍ਹਾਂ ਨੂੰ ਕਈ ਹੋਰਨਾਂ ਵਾਂਗ ਹੀ ਆਪਣਾ ਘਰ ਛੱਡਣਾ ਪਿਆ। ''ਪਾਕਿਸਤਾਨ 'ਚ ਰਹਿਣ ਵਾਲੇ ਕਈ ਲੋਕਾਂ ਨੂੰ ਆਪਣੇ ਜੱਦੀ ਇਲਾਕੇ ਛੱਡਣੇ ਪਏ ਸਨ। ਕਈ ਲੋਕ ਤਾਂ ਭੁੱਲ ਚੁੱਕੇ ਹਨ ਅਤੇ ਕੁੱਝ ਦੇ ਦਿਮਾਗ਼ਾਂ 'ਚ ਧੁੰਦਲੀਆਂ ਯਾਦਾਂ ਹਾਲੇ ਵੀ ਜਿਊਂਦੀਆਂ ਹਨ। ਪਰ ਮੈਂ ਹਰੀਪੁਰ ਨਾਲ ਦਿਲੋਂ ਜੁੜਿਆ ਹੋਇਆ ਹਾਂ ਕਿਉਂਕਿ ਮੇਰੇ ਜੀਵਨ ਦੀਆਂ ਸਾਰੀਆਂ ਉਪਲਬਧੀਆਂ ਹਰੀਪੁਰ ਦੀ ਹੀ ਦੇਣ ਹਨ।''

ਸਿਕੰਦਰ ਦੇ ਵੰਸ਼ਜ ਹੋਣ ਤੋਂ ਲੈ ਕੇ ਦੇਸ਼ ਵੰਡ ਦੇ ਦੁੱਖ ਤੱਕ

ਸਾਲ 1947 'ਚ ਭਾਰਤ ਦੀ ਵੰਡ ਸਮੇਂ ਕੈਪਟਨ ਕੋਹਲ ਕੇਵਲ 16 ਸਾਲਾਂ ਦੇ ਨੌਜਵਾਨ ਸਨ ਅਤੇ ਹਰੀਪੁਰ ਵੀ ਦੰਗਿਆਂ ਦੀ ਅੱਗ ਵਿੱਚ ਝੁਲਸਣ ਤੋਂ ਬਚਿਆ ਨਹੀਂ ਸੀ। ਉਸ ਵੇਲੇ ਤੱਕ ਮੁਸਲਿਮ ਲੀਗ ਬਹੁਤ ਮਜ਼ਬੂਤ ਹੋ ਈ ਸੀ ਅਤੇ ਨਾਲ ਹੀ ਪਾਕਿਸਤਾਨ ਦੀ ਮੰਗ ਵੀ ਜ਼ੋਰ ਫੜ ਚੁੱਕੀ ਸੀ। ਉਸ ਦੌਰਾਨ ਇਸ ਉਪ-ਮਹਾਂਦੀ ਵਿੱਚ ਬਗ਼ਾਵਤ ਦੇ ਸੁਰ ਵਧਦੇ ਹੀ ਜਾ ਰਹੇ ਸਨ। 'ਲਗਭਗ ਰੋਜ਼ਾਨਾ ਹੀ ਸੈਂਕੜੇ ਲੋਕ ਮਾਰੇ ਜਾ ਰਹੇ ਸਨ। ਮੈਂ ਉਸ ਵੇਲੇ ਪੜ੍ਹ ਰਿਹਾ ਸਾਂ ਅਤੇ ਮੇਰੇ ਪਰਿਵਾਰ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਕਿ ਸਾਨੂੰ ਤੁਰੰਤ ਸਭ ਕੁੱਝ ਛੱਡ ਕੇ ਇੱਥੋਂ ਨੱਸ ਜਾਣਾ ਚਾਹੀਦਾ ਹੈ ਜਾਂ ਮੇਰੀ ਮੈਟ੍ਰਿਕ ਦੀ ਪੜ੍ਹਾਈ ਮੁਕੰਮਲ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।' ਆਖ਼ਰ ਕੈਪਟਨ ਕੋਹਲੀ ਨੇ ਮਾਰਚ ਵਿੱਚ ਆਪਣੀ ਪੜ੍ਹਾਈ ਮੁਕੰਮਲ ਕੀਤੀ ਅਤੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਅਤੇ ਤਿੰਨ ਮਹੀਨਿਆਂ ਤੱਕ ਉਹ ਨੌਕਰੀ ਦੀ ਭਾਲ਼ ਵਿੱਚ ਭਟਕਦੇ ਰਹੇ। 'ਮੈਂ ਨੌਕਰੀ ਦੀ ਭਾਲ਼ ਵਿੱਚ 500 ਤੋਂ ਵੀ ਵੱਧ ਕਾਰਖਾਨਿਆਂ ਅਤੇ ਦੁਕਾਨਾਂ ਦੇ ਚੱਕਰ ਕੱਟੇ ਪਰ ਸਭ ਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ।' ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਇਸ ਚਿੰਤਾ ਨੂੰ ਹੋਰ ਹਵਾ ਮਿਲੀ, ਜਦੋਂ 2 ਜੂਨ ਨੂੰ ਆੱਲ ਇੰਡੀਆ ਰੇਡੀਓ ਨੇ ਐਲਾਨ ਕੀਤਾ ਕਿ ਮੁਹੰਮਦ ਅਲੀ ਜਿੰਨਾਹ, ਜਵਾਹਰ ਲਾਲ ਨਹਿਰੂ ਅਤੇ ਸਰਦਾਰ ਬਲਦੇਵ ਸਿੰਘ ਨੇ ਭਾਰਤ ਦੀ ਵੰਡ ਐਲਾਨ ਕਰ ਦਿੱਤਾ ਹੈ। ਇਹ ਸੁਣਦਿਆਂ ਹੀ ਕੈਪਟਨ ਕੋਹਲੀ ਅਤੇ ਉਨ੍ਹਾਂ ਦੇ ਪਿਤਾ ਸਰਦਾਰ ਸੁਜਾਨ ਸਿੰਘ ਕੋਹਲੀ ਹਰੀਪੁਰ ਪਰਤ ਗਏ। ਉਸ ਵੇਲੇ ਤੱਕ ਆਪਣਾ ਮੈਟ੍ਰਿਕ ਦਾ ਨਤੀਜਾ ਵੀ ਆ ਗਿਆ ਸੀ ਅਤੇ ਕੈਪਟਨ ਕੋਹਲੀ ਨੇ 750 ਵਿਚੋਂ 600 ਅੰਕ ਪ੍ਰਾਪਤ ਕਰ ਕੇ ਆਪਣੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪਾਇਆ ਸੀ। ਹੁਣ ਇੱਕ ਨਵੇਂ ਦੇਸ਼ ਦੀ ਸਥਾਪਨਾ ਨਾਲ ਇੱਕ ਬਹਾਦਰ ਨੌਜਵਾਨ ਲਈ ਭਵਿੱਖ ਦੇ ਨਵੇਂ ਰਾਹ ਖੁੱਲ੍ਹ ਰਹੇ ਸਨ। ਉਨ੍ਹਾਂ ਨੇ ਲਾਹੌਰ ਦੇ ਪ੍ਰਸਿੱਧ ਸਰਕਾਰੀ ਕਾਲਜ, ਜਿਸ ਨੂੰ ਹੁਣ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵਿੱਚ ਦਾਖ਼ਲਾ ਮਿਲ ਗਿਆ। ''ਪਰ ਇਹ ਖ਼ੁਸ਼ੀ ਕੇਵਲ ਇੱਕ ਹਫ਼ਤੇ ਤੱਕ ਹੀ ਰਹੀ।'' ਅਚਾਨਕ ਬਿਨਾਂ ਕਿਸੇ ਕਾਰਣ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਨੇ ਹਰੀਪੁਰ ਉਤੇ ਹਮਲਾ ਕਰ ਦਿੱਤਾ। ਪਹਿਲਾਂ ਇੱਕ ਵਾਰ ਮਹਾਨ ਸਿਕੰਦਰ ਇਸ ਸਭਿਅਤਾ ਨੂੰ ਸਾੜ ਕੇ ਸੁਆਹ ਕਰ ਚੁੱਕਾ ਸੀ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਮਰਨ ਲਈ ਛੱਡ ਚੁੱਕਾ ਸੀ ਅਤੇ ਹਰੀਪੁਰ ਦੇ ਲੋਕ ਆਪਣੇ ਲੋਕਾਂ ਵੱਲੋਂ ਦੋਬਾਰਾ ਮਾਰੇ ਜਾਣ ਦਾ ਦੁੱਖ ਝੱਲਣ ਨੂੰ ਤਿਆਰ ਨਹੀਂ ਸਨ। ''ਅਸੀਂ ਇੱਕ ਛੱਤ ਤੋਂ ਦੂਜੀ ਛੱਤ ਉਤੇ ਨੱਸਦੇ ਰਹੇ। ਅਸੀਂ ਸਾਰੀ ਰਾਤ ਇੱਕ ਤੋਂ ਦੂਜੀਆਂ ਛੱਤਾਂ ਉਤੇ ਹੀ ਕੁੱਦਦੇ ਰਹੇ ਅਤੇ ਕਿਸੇ ਤਰ੍ਹਾਂ ਥਾਣੇ ਪੁੱਜੇ।ਲੋਕਾਂ ਨੂੰ ਮੌਕੇ ਉਤੇ ਹੀ ਮਾਰ ਕੇ ਉਨ੍ਹਾਂ ਦੇ ਸਿਰ ਉਨ੍ਹਾਂ ਦੇ ਘਰਾਂ ਦੇ ਬਾਹਰ ਲਟਕਾ ਦਿੱਤੇ ਗਏ ਸਨ।'' ਕੈਪਟਨ ਕੋਹਲੀ ਅਤੇ ਉਨ੍ਹਾਂ ਦੇ ਪਿਤਾ ਇੱਕ ਖ਼ਾਨਾਬਦੋਸ਼ ਵਾਂਗ ਇੱਕ ਕੈਂਪ ਤੋਂ ਦੂਜੇ ਵਿੱਚ ਭਟਕਦੇ ਰਹੇ ਅਤੇ ਅਖ਼ੀਰ ਉਹ ਹਸਨ ਅਬਦਾਲ ਸਥਿਤ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਪੰਜਾ ਸਾਹਿਬ ਪੁੱਜੇ। ਉਥੇ ਇੱਕ ਮਹੀਨਾ ਬਿਤਾਉਣ ਤੋਂ ਬਾਅਦ ਉਨ੍ਹਾਂ ਭਾਰਤ ਜਾ ਰਹੇ ਸੈਂਕੜੇ ਸ਼ਰਨਾਰਥੀਆਂ ਨਾਲ ਇੱਕ ਮਾਲਗੱਡੀ ਵਿੱਚ ਲੱਦ ਦਿੱਤਾ ਗਿਆ। ''ਸਾਡੇ ਉਤੇ ਸਥਾਨਕ ਪੁਲਿਸ ਵੱਲੋਂ ਹਮਲਾ ਕੀਤਾ ਗਿਆ। ਰੇਲ ਗੱਡੀ ਵਿੱਚ ਮੌਜੂਦ 3,000 ਤੋਂ ਵੱਧ ਲੋਕਾਂ ਵਿਚੋਂ ਲਗਭਗ 1,000 ਵਿਅਕਤੀਆਂ ਦਾ ਇੱਕ ਸਾਜ਼ਿਸ਼ ਅਧੀਨ ਕਤਲੇਆਮ ਕਰ ਦਿੱਤਾ ਗਿਆ।'' ਇਸ ਖ਼ੂਨ-ਖ਼ਰਾਬੇ ਦੌਰਾਨ ਅਚਾਨਕ ਇੱਕ ਹੋਰ ਰੇਲ ਗੱਡੀ ਆ ਕੇ ਰੁਕੀ, ਜਿਸ ਵਿੱਚ ਬਲੂਚ ਰੈਜਿਮੈਂਟ ਦੇ ਜਵਾਨ ਭਰੇ ਹੋਏ ਸਨ ਅਤੇ ਤਦ ਉਸੇ ਰੇਲ ਵਿੱਚ ਕੁੱਝ ਸਮਾਂ ਪਹਿਲਾਂ ਹੀ ਪਾਕਿਸਤਾਨੀ ਫ਼ੌਜ ਵਿੱਚ ਸ਼ਾਮਲ ਹੋਇਆ ਮੁਹੰਮਦ ਅੱਯੂਬ ਖ਼ਾਨ ਧੜੱਲੇ ਨਾਲ ਬਾਹਰ ਨਿੱਕਲ਼ਿਆ।

image


ਸ਼ਾਇਦ ਕਿਸਮਤ ਵਿੱਚ ਇਹੋ ਲਿਖਿਆਸੀ ਕਿ ਅੱਗੇ ਚੱਲ ਕੇ ਪਾਕਿਸਤਾਨ ਦਾ ਰਾਸ਼ਟਰਪਤੀ ਬਣਨ ਵਾਲ਼ਾ ਅੱਯੂਬ ਖ਼ਾਨ ਅਰੰਭਲੇ ਦਿਨਾਂ ਚ ਹਰੀਪੁਰ ਵਿਖੇ ਕੋਹਲੀ ਪਰਿਵਾਰ ਦਾ ਗੁਆਂਢੀ ਹੁੰਦਾ ਸੀ। ਉਸ ਨੂੰ ਪਛਾਣਦਿਆਂ ਹੀ ਸਰਦਾਰ ਸੁਜਾਨ ਸਿੰਘ ਜ਼ੋਰ ਦੀ ਚੀਕੇ,''ਅੱਯੂਬ ਸਾਨੂੰ ਬਚਾਓ'' ਕੈਪਟਨ ਕੋਹਲੀ ਨੇ ਚੇਤੇ ਕਰਦਿਆਂ ਦੱਸਿਆ,''ਡਰ ਨਾ ਸੁਜਾਨ ਸਿੰਘ, ਮੈਂ ਆ ਗਿਆ ਹਾਂ।'' ਇਸ ਦੇ ਲਗਭਗ ਇੱਕ ਦਹਾਕੇ ਪਿੱਛੋਂ ਪਾਕਿਸਤਾਨ ਵਿੱਚ ਤਖ਼ਤਾ ਪਲਟ ਕੇ ਤਕਦੀਰ ਬਣਾਉਣ ਵਾਲੇ ਇਸ ਇਨਸਾਨ ਨੇ ਉਨ੍ਹਾਂ ਨੂੰ ਗੁਜਰਾਂਵਾਲ਼ਾ ਤੱਕ ਦਾ ਸੁਰੱਖਿਅਤ ਰਾਹ ਵਿਖਾਇਆ ਅਤੇ ਕਈ ਹੋਰ ਹਮਲਿਆਂ ਤੋਂ ਬਚਦੇ-ਬਚਾਉਂਦੇ ਆਖ਼ਰ ਉਹ ਲੋਕ ਅਕਤੂਬਰ ਦੇ ਅੱਧ ਤੱਕ ਦਿੱਲੀ ਪੁੱਜਣ ਵਿੱਚ ਸਫ਼ਲ ਰਹੇ। ''ਅਸੀਂ ਆਪਣੇ ਜੀਵਨ ਨੂੰ ਦੋਬਾਰਾ ਇੱਕ ਨਵੇਂ ਸਿਰੇ ਤੋਂ ਸ਼ੁਰੂ ਕੀਤਾ। ਸਾਡੀ ਜੇਬ ਵਿੱਚ ਇੱਕ ਫੁੱਟੀ ਕੌਡੀ ਵੀ ਨਹੀਂ ਸੀ ਅਤੇ ਅਸੀਂ ਅਸਲ ਵਿੱਚ ਨੰਗੇ ਪੈਰੀਂ ਅਤੇ ਚੀਥੜਿਆਂ ਵਿੱਚ ਲਿਪਟੇ ਹੋਏ ਸਾਂ।''

ਤੁਸੀਂ ਕਿਤੇ ਵੀ ਚਲੇ ਜਾਓ, ਹਿਮਾਲਾ ਪਿੱਛਾ ਨਹੀਂ ਛੱਡੇਗਾ

ਕੈਪਟਨ ਕੋਹਲੀ ਕਹਿੰਦੇ ਹਨ,''ਮੈਂ 6 ਵਾਰ ਹਰੀਪੁਰ ਦੀ ਯਾਤਰਾ ਕਰ ਚੁੱਕਾ ਹਾਂ। ਆਖ਼ਰੀ ਵਾਰ ਮੈਂ ਉਥੇ ਅੱਯੂਬ ਖ਼ਾਨ ਦੇ ਪੁੱਤਰ ਦੇ ਮਹਿਮਾਨ ਵਜੋਂ ਗਿਆ ਸਾਂ ਅਤੇ ਉਨ੍ਹਾਂ ਦੇ ਸਮਾਰਕ ਉਤੇ ਸ਼ਰਧਾਂਜਲੀ ਦੇਣ ਵੀ ਗਿਆ। ਮੈਂ ਉਨ੍ਹਾਂ ਦੇ ਸਮਾਰਕ ਉਤੇ ਫੁਸਫੁਸਾ ਕੇ ਅਖਿਆ ਸੀ,'ਤੁਸੀਂ ਮੇਰੀ ਜ਼ਿੰਦਗੀ ਬਚਾਈ ਹੈ। ਇਹ ਹਰੀਪੁਰ ਦੀ ਮੇਰੀ ਆਖ਼ਰੀ ਯਾਤਰਾ ਹੈ।' ''

ਭਾਵੇਂ ਅੱਜ ਵੀ ਹਰੀਪੁਰ ਕੈਪਟਨ ਕੋਹਲੀ ਨੂੰ ਬੇਸ਼ੁਮਾਰ ਪਿਆਰ ਕਰਦਾ ਹੈ। ਉਹ ਕਹਿੰਦੇ ਹਨ,''ਮੇਰੇ ਖ਼ਿਅਲ 'ਚ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਹਾਲ਼ੇ ਵੀ ਮੰਨਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਨੂੰ ਵੱਖ ਨਹੀਂ ਹੋਣਾ ਚਾਹੀਦਾ ਸੀ। ਅਜਿਹਾ ਕੇਵਲ ਸਿਆਸੀ ਆਗੂਆਂ ਕਰ ਕੇ ਹੋਇਆ।'' ਭਾਵੇਂ ਇਸ ਗੱਲ ਨੂੰ ਅੱਧੀ ਸਦੀ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ, ਜਦੋਂ ਕੈਪਟਨ ਕੋਹਲੀ ਨੇ ਆਪਣੇ ਮੂਲ ਸਥਾਨ ਹਿਮਾਵਤ ਦੇ ਇਲਾਕੇ ਨੂੰ ਛੱਡਿਆ ਸੀ ਪਰ ਉਨ੍ਹਾਂ ਦਾ ਸਭ ਤੋਂ ਵੱਧ ਲਗਾਅ ਹਾਲੇ ਵੀ ਭਾਰਤ, ਪਾਕਿਸਤਾਨ ਅਤੇ ਨੇਪਾਲ ਦੇ ਤਾਜ ਵਿੱਚ ਹੀ ਵਸਿਆ ਹੋਇਆ ਹੈ। ਭਾਰਤੀ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਹੁੰਦੇ ਸਮੇਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਹਰ ਦੋ ਸਾਲਾਂ ਵਿੱਚ ਭਾਰਤ 'ਚ ਐਲਾਨੇ ਆਪਣੇ ਗ੍ਰਹਿ-ਨਗਰ ਜਾ ਸਕਦੇ ਹਨ। ''ਮੈਂ ਕਸ਼ਮੀਰ ਵਾਦੀ 'ਚ ਸਥਿਤ ਪਹਿਲਗਾਮ ਨੂੰ ਆਪਣਾ ਗ੍ਰਹਿਨਗਰ ਐਲਾਨਿਆ ਸੀ ਅਤੇ ਪਹਿਲੀ ਵਾਰ ਸਾਲ 1955 'ਚ ਉਥੇ ਗਿਆ ਸਾਂ।'' ਇਸ ਤਰ੍ਹਾਂ ਹਿਮਾਲਾ ਪਰਬਤ ਦੋਬਾਰਾ ਮੇਰੇ ਜੀਵਨ ਵਿੱਚ ਵਾਪਸ ਆ ਗਏ ਸਨ। ਕੈਪਟਨ ਕੋਹਲੀ ਨੇ ਜ਼ਮੀਨ ਤੋਂ ਲਗਭਗ 12 ਹਜ਼ਾਰ ਫ਼ੁੱਟ ਦੀ ਉਚਾਈ ਉਤੇ ਸਥਿਤ ਪ੍ਰਾਚੀਨ ਅਮਰਨਾਥ ਦੀ ਗੁਫ਼ਾ ਦੇ ਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਅਤੇ ਸਿਰਫ਼ ਇੱਕ ਸੂਟ ਅਤੇ ਟਾਈ ਪਹਿਨੇ ਬਿਨਾਂ ਗਰਮ ਕੱਪੜਿਆਂ ਦੇ ਇੱਕ ਸਮੁੰਦਰੀ ਫ਼ੌਜੀ ਗੁਫ਼ਾ ਤੱਕ ਪੁੱਜਣ ਵਿੱਚ ਸਫ਼ਲ ਰਿਹਾ। ''ਇਸ ਤਰ੍ਹਾਂ ਮੈਂ ਇੱਕ ਪਰਬਾਤਰੋਹੀ ਬਣ ਗਿਆ।''

image


ਮੌਤ ਨੂੰ ਮਾਤ ਦੇਣ ਵਾਲ਼ੇ ਛਿਣ

ਇਸ ਤੋਂ ਬਾਅਦ ਕੈਪਟਨ ਕੋਹਲੀ ਨੇ ਕਦੇ ਪਿਛਾਂਹ ਮੁੜ ਕੇ ਨਹੀਂ ਤੱਕਿਆ। ਸਾਲ 1956 'ਚ ਉਨ੍ਹਾਂ ਨੰਦਾ ਕੋਟ ਦੀ ਚੜ੍ਹਾਈ ਕੀਤੀ। 17,287 ਫ਼ੁੱਟ ਉਤੇ ਸਥਿਤ ਪ੍ਰਾਚੀਨ ਦੱਰਿਆਂ ਅਤੇ ਪਾਣੀ ਦੇ ਚਸ਼ਮਿਆਂ ਵਿਚਾਲ਼ੇ ਵਹਿੰਦੀਆਂ ਜਾਨਲੇਵਾ ਤੂਫ਼ਾਨੀ ਹਵਾਵਾਂ ਵਿਚੋਂ ਲੰਘਦਿਆਂ ਇੱਕ ਬਹੁਤ ਬਿਖੜੇ ਪਰਬਤ ਸਿਖ਼ਰ ਉਤੇ ਜਿੱਤ ਹਾਸਲ ਕਰਨੀ 1950 ਦੇ ਦਹਾਕੇ ਵਿੱਚ ਇੱਕ ਬਹੁਤ ਭੇਤ ਭਰੀ ਖਿੱਚ ਸੀ। ਈਸ਼ਵਰ ਦਾ ਘਰ ਮੰਨੇ ਜਾਣ ਵਾਲੇ ਸਥਾਨ ਤੋਂ ਦੁਨੀਆਂ ਵੇਖਣ ਵਾਲੇ ਮੁਢਲੇ ਕੁੱਝ ਲੋਕਾਂ ਵਿਚੋਂ ਇੱਕ ਲਈ ਇਹ ਮੌਤ ਨੂੰ ਚੁਣੌਤੀ ਦਿੰਦਿਆਂ ਇਤਿਹਾਸ ਬਣਾਉਣ ਵਾਲਾ ਛਿਣ ਸੀ।

ਜਿਵੇਂ ਹੌਸਲਾ ਢਾਹੁਣ ਵਾਲੇ ਜਰਨੈਲ ਜੰਗ ਨਹੀਂ ਲੜ ਸਕਦੇ, ਠੀਕ ਉਸੇ ਤਰ੍ਹਾਂ ਹੁਣ ਇਤਿਹਾਸ ਵੀ ਬਹੁਤ ਖ਼ਤਰਨਾਕ ਤਰੀਕਿਆਂ ਨੂੰ ਅਪਨਾਉਣ ਵਾਲੇ ਲੋਕਾਂ ਦੇ ਕਾਰਨਾਮਿਆਂ ਨਾਲ ਨਹੀਂ ਲਿਖੇ ਜਾਂਦੇ। ਸਾਲ 1963 'ਚ ਅੰਨਪੂਰਣਾ 3 ਦੀ ਯਾਤਰਾ ਦਾ ਤਜਰਬਾ ਕੈਪਟਨ ਕੋਹਲੀ ਦੀਆਂ ਯਾਦਾਂ ਵਿਚੋਂ ਸਭ ਤੋਂ ਖ਼ਤਰਨਾਕ ਹੈ। ''ਸਥਾਨਕ ਲੋਕਾਂ ਨੇ ਸਾਨੂੰ ਲੁੱਟਣ ਤੋਂ ਇਲਾਵਾ ਸਾਡੇ ਦੋ ਸਾਥੀਆਂ ਨੂੰ ਬੰਧਕ ਬਣਾ ਲਿਆ ਸੀ ਪਰ ਅਖ਼ੀਰ ਅਸੀਂ ਵਾਪਸ ਆਉਣ 'ਚ ਸਫ਼ਲ ਰਹੇ।'' ਕੁੱਝ ਮੁਹਿੰਮਾਂ ਨੂੰ ਸਫ਼ਲਤਾਪੂਰਬਕ ਅੰਜਾਮ ਦੇਣ ਤੋਂ ਬਾਅਦ ਕੈਪਟਨ ਕੋਹਲੀ ਨੂੰ ਮਹਿਸੂਸ ਹੋਇਆ ਕਿ ਹੁਣ ਉਹ ਐਵਰੈਸਟ ਦੀ ਚੜ੍ਹਾਈ ਲਈ ਤਿਆਰ ਹਨ।

ਸਾਲ 1965 'ਚ ਆਪਣੀ ਸਫ਼ਲ ਮੁਹਿੰਮ ਤੋਂ ਪਹਿਲਾਂ ਕੈਪਟਨ ਕੋਹਲੀ ਦੋ ਵਾਰ ਇਸ ਚੋਟੀ ਤੱਕ ਪੁੱਜਣ ਦੀਆਂ ਨਾਕਾਮ ਕੋਸ਼ਿਸ਼ ਕਰ ਚੁੱਕੇ ਸਨ। ਇੱਕ ਵਾਰ ਤਾਂ ਕੇਵਲ 200 ਮੀਟਰ ਤੋਂ ਅਤੇ ਦੂਜੀ ਵਾਰ 1962 'ਚ ਕੇਵਲ 100 ਮੀਟਰ ਤੋਂ ਰਹਿ ਗਏ ਸਨ। ਇੱਕ ਛਿਣ ਤਾਂ ਅਜਿਹਾ ਆਇਆ ਸੀ ਕਿ ਜਦੋਂ ਬਹੁਤ ਭਿਆਨਕ ਬਰਫ਼ਾਨੀ ਤੂਫ਼ਾਨ ਵਿੱਚ ਦੂਜੇ ਕੈਂਪਾਂ ਨਾਲੋਂ ਸੰਚਾਰ ਟੁੱਟਣ ਕਾਰਣ ਉਨ੍ਹਾਂ ਦੀ ਟੀਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਭਾਵੇਂ ਪੂਰੇ ਪੰਜ ਦਿਨਾਂ ਬਾਅਦ ਅਸੀਂ ਜਿਊਂਦੇ ਪਰਤਣ ਵਿੱਚ ਸਫ਼ਲ ਰਹੇ ਸਾਂ।

ਅਖ਼ੀਰ ਹਿਮਾਵਤ ਦੇ ਘਰ ਵਿੱਚ ਹੀ ਇਤਿਹਾਸ ਲਿਖਿਆ ਗਿਆ

ਆਖ਼ਰ ਸਾਲ 1965 'ਚ ਕੈਪਟਨ ਕੋਹਲੀ ਨੇ ਐਵਰੈਸਟ ਫ਼ਤਿਹ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਦੀ ਇਹ ਮੁਹਿੰਮ ਭਾਰਤ ਨੂੰ ਇਸ ਬੇਹੱਦ ਖ਼ਤਰਨਾਕ ਟੀਸੀ ਉਤੇ ਜਿੱਤ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣਾ ਦਿੰਦੀ। ''ਸਾਡੇ ਕੋਲ਼ 800 ਕੁਲੀ ਅਤੇ 50 ਸ਼ੇਰਪਾ ਸਨ। ਸਿਖ਼ਰ ਉਤੇ ਅਸੀਂ ਕੁੱਲ 9 ਜਣੇ ਪੁੱਜੇ ਸਾਂ ਅਤੇ ਇਹ ਇੱਕ ਨਵਾਂ ਵਿਸ਼ਵ ਰਿਕਾਰਡ ਸੀ।'' ਬੀਤੇ ਪੰਜ ਸਾਲਾਂ 'ਚ ਇਹ ਭਾਰਤ ਵੱਲੋਂ ਐਵਰੈਸਟ ਫ਼ਤਿਹ ਲਈ ਕੀਤਾ ਗਿਆ ਪਹਿਲਾ ਜਤਨ ਸੀ। ਇਸ ਤੋਂ ਪਹਿਲਾਂ ਸਾਲ 1963 'ਚ ਆਂਗ ਸ਼ੇਰਿੰਗ ਨੇ ਇੱਕ ਅਮਰੀਕੀ ਮੁਹਿੰਮ ਦੌਰਾਨ ਸ਼ੇਰਪਾਵਾਂ ਦੀ ਅਗਵਾਈ ਕੀਤੀ ਸੀ। ਆਖ਼ਰ ਸਾਲ 1965 'ਚ ਉਸ ਵਿਸ਼ੇਸ਼ ਦਿਨ ਦੇਸ਼ ਭਰ ਦੇ ਵਿਭਿੰਨ ਹਿੱਸਿਆਂ ਤੋਂ ਲਿਆਂਦੇ ਗਏ 25 ਟਨ ਸਾਮਾਨ ਨਾਲ ਕੈਪਟਨ ਕੋਹਲੀ ਐਵਰੈਸਟ ਦੇ ਸਿਖ਼ਰ ਉਤੇ ਪੁੱਜਣ ਵਿੱਚ ਸਫ਼ਲ ਰਹੇ। 'ਇਹ ਟੀਮ ਕੇਵਲ ਆਪਣੀ ਬਹਾਦਰੀ ਅਤੇ ਧੀਰਜ ਦੇ ਚਲਦਿਆਂ ਇਸ ਸਫ਼ਲਤਾ ਨੂੰ ਹਾਸਲ ਕਰ ਸਕੀ ਅਤੇ ਹਰ ਕੋਈ ਪੂਰੇ ਸਿਹਰੇ ਦਾ ਹੱਕਦਾਰ ਸੀ। ਇਸੇ ਕਾਰਣ ਜਦੋਂ ਭਾਰਤ ਸਰਕਾਰ ਨੇ ਸਾਨੂੰ ਅਰਜੁਨ ਪੁਰਸਕਾਰ ਦੇਣ ਦਾ ਐਲਾਨ ਕੀਤਾ, ਤਾਂ ਅਸੀਂ ਮਨ੍ਹਾ ਕਰ ਦਿੱਤਾ। ਜਾਂ ਤਾਂ ਇਹ ਪੁਰਸਕਾਰ ਸਾਰੀ ਟੀਮ ਨੂੰ ਦਿੱਤਾ ਜਾਵੇ ਜਾਂ ਫਿਰ ਕਿਸੇ ਨੂੰ ਵੀ ਨਹੀਂ।'

image


ਅੱਜ ਦੇ ਸਮੇਂ ਤਾਂ ਜੇ ਤੁਸੀਂ ਐਵਰੈਸਟ ਜਿੱਤ ਕੇ ਪਰਤੋਂ, ਤਾਂ ਕੇਵਲ ਤੁਹਾਡੇ ਮਿਲਣ ਵਾਲੇ ਜਾਣਕਾਰ ਤੇ ਪਰਿਵਾਰਕ ਮੈਂਬਰ ਹੀ ਤੁਹਾਡਾ ਸੁਆਗਤ ਕਰਦੇ ਹਨ। ਇੱਕ ਸਮਾਂ ਅਜਿਹਾ ਸੀ, ਜਦੋਂ ਪਹਾੜ ਦੀ ਟੀਸੀ ਉਤੇ ਦੇਸ਼ ਦਾ ਝੰਡਾ ਲਹਿਰਾਉਣਾ ਇਤਿਹਾਸਕ ਛਿਣ ਹੁੰਦਾ ਸੀ। ''ਹਵਾਈ ਅੱਡੇ ਉਤੇ ਸਾਡਾ ਸੁਆਗਤ ਲੋਕਾਂ ਦੇ ਵਿਸ਼ਾਲ ਸਮੂਹ ਨੇ ਕੀਤਾ ਸੀ। ਮੈਨੂੰ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਨ ਲਈ ਆਖਿਆ ਗਿਆ ਸੀ।'' ਕੈਪਟਨ ਕੋਹਲੀ ਦੀ ਇਹ ਮੁਹਿੰਮ ਕਈ ਅਰਥਾਂ ਵਿੱਚ ਇਤਿਹਾਸਕ ਸੀ। ਇਸ ਮੁਹਿੰਮ ਵਿੱਚ ਐਵਰੈਸਟ ਉਤੇ ਚੜ੍ਹਨ ਵਾਲ਼ੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ 42 ਸਾਲਾ ਸੋਨਮ ਗਿਆਤਸੋ ਅਤੇ ਸਭ ਤੋਂ ਘੱਟ ਉਮਰ ਦੇ 23 ਸਾਲਾ ਸੋਨਮ ਵਾਗਿਆਲ ਵੀ ਸ਼ਾਮਲਸਨ। ਇਨ੍ਹਾਂ ਦੀ ਟੀਮ ਦੇ ਇੱਕ ਹੋਰ ਮੈਂਬਰ ਸ਼ੇਰਪਾ ਨਵਾਂਗ ਗੋਂਬੂ ਇਸ ਮਨਮੋਹਣੇ ਸਿਖ਼ਰ ਨੂੰ ਦੂਜੀ ਵਾਰ ਸਫ਼ਲਤਾਪੂਰਬਕ ਜਿੱਤ ਰਹੇ ਸਨ। 25 ਫ਼ਰਵਰੀ ਤੋਂ ਲੈ ਕੇ ਮਈ ਦੇ ਅਖ਼ੀਰ ਤੱਕ ਉਨ੍ਹਾਂ ਦੀ ਇਹ ਯਾਤਰਾ ਤਿੰਨ ਔਖੇ ਮਹੀਨੇ ਲੰਮੀ ਚੱਲੀ।

ਇਸ ਟੀਮ ਦੇ ਮੈਂਬਰਾਂ ਦੇ ਰੂਪ ਵਿੱਚ ਕੈਪਟਨ ਐਮ.ਐਸ. ਕੋਹਲੀ, ਲੈਫ਼ਟੀਨੈਂਟ ਕਰਨਲ ਐਨ. ਕੁਮਰ, ਗੁਰਦਿਆਲ ਸਿੰਘ, ਕੈਪਟਨ ਏ.ਐਸ. ਚੀਮਾ, ਸੀ.ਪੀ. ਵੋਹਰਾ, ਦਾਵਾ ਨੋਰਬੂ-ਪਹਿਲਾ, ਹੌਲਦਾਰ ਬਾਲਕ੍ਰਿਸ਼ਨਨ, ਲੈਫ਼ਟੀਨੈਂਟ ਬੀ.ਐਨ. ਰਾਣਾ, ਆਂਗ ਸ਼ੇਰਿੰਗ, ਫੂ ਦੋਰਜੀ, ਜਨਰਲ ਥੋਂਡੁਪ, ਧਨੁ, ਡਾ. ਡੀ.ਵੀ. ਤੇਲੰਗ, ਕੈਪਟਨ ਏ.ਕੇ. ਚੱਕਰਵਰਤੀ, ਮੇਜਰ ਐਚ.ਪੀ.ਐਸ. ਆਹਲੂਵਾਲੀਆ, ਸੋਨਮ ਵਾਂਗਿਆਲ, ਸੋਨਮ ਗਿਆਤਸੋ, ਕੈਪਟਨ ਜੇ.ਸੀ. ਜੋਸ਼ੀ, ਨਵਾਂਗ ਗੋਂਬੂ, ਆਂਗ ਕਾਮੀ, ਮੇਜਰ ਬੀ.ਪੀ. ਸਿੰਘ, ਜੀ.ਐਸ. ਭੰਗੂ, ਲੈਫ਼ਟੀਨੈਂਟ ਬੀ.ਐਨ. ਰਾਣਾ, ਮੇਜਰ ਐਚ.ਵੀ. ਬਹੁਗੁਣਾ ਅਤੇ ਰਾਵਤ ਐਚ.ਸੀ.ਐਸ. ਨੇ ਇਤਿਹਾਸ ਰਚ ਦਿੱਤਾ ਸੀ।

ਹਿਮਾਲਾ ਦਾ ਪਤਨ ਅਤੇ ਅਪਰਾਧ ਕੀਤੇ ਹੋਣ ਦੀ ਭਾਵਨਾ

''ਮੈਂ ਵੱਡੇ ਪੱਧਰ ਉਤੇ ਹਿਮਾਲਾ ਪਰਬਤ ਉਤੇ ਟਰੈਕਿੰਗ ਨੂੰ ਹੱਲਾਸ਼ੇਰੀ ਦਿੱਤੀ, ਭਾਵੇਂ ਕੁੱਝ ਦਹਾਕਿਆਂ ਬਾਅਦ ਕੈਪਟਨ ਕੋਹਲੀ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਉਨ੍ਹਾਂ ਵੱਲੋਂ ਦਰਸਾਏ ਗਏ 'ਅੰਤਾਂ ਦੇ ਉਤਸ਼ਾਹ' ਦਾ ਨਤੀਜਾ ਬਹੁਤ ਭਿਆਨਕ ਰਿਹਾ। ਹਿਮਾਲਾ ਅੱਜ ਕੂੜਾ-ਕਰਕਟ ਦੇ ਢੇਰ ਨਾਲ਼ ਭਰ ਗਿਆ ਹੈ। ਇਹ ਪਤਨ ਦੀ ਸਿਖ਼ਰਲੀ ਹੱਦ ਹੈ, ਜੰਗਲ਼ ਘਟ ਕੇ ਲਗਭਗ ਅੱਧੇ ਰਹਿ ਗਏ ਹਨ ਅਤੇ ਜ਼ਿਆਦਾਤਰ ਪਹਾੜ ਪੂਰੀ ਤਰ੍ਹਾਂ ਲਾਸ਼ਾਂ ਨਾਲ ਭਰੇ ਪਏ ਹਨ। ਕਈ ਵਾਰ ਮੈਂ ਖ਼ੁਦ ਨੂੰ ਇਸ ਸਭ ਦਾ ਦੋਸ਼ੀ ਮੰਨਦਾ ਹਾਂ।''

ਦੇਸ਼ ਅਤੇ ਦੁਨੀਆਂ ਵਿੱਚ ਹੋਈ ਅਥਾਹ ਵਪਾਰੀਕਰਣ ਦੇ ਚਲਦਿਆਂ ਹਿਮਾਲਾ ਦੀ ਸਮੁੱਚੀ ਪਰਬਤ-ਲੜੀ ਅੱਜ ਕਿਸੇ ਸੈਰ-ਸਪਾਟਾ ਕੇਂਦਰ ਤੋਂ ਵੱਧ ਕੁੱਝ ਨਹੀਂ ਰਹਿ ਗਈ ਹੈ। ਕੈਪਟਨ ਕੋਹਲੀ ਦਸਦੇ ਹਨ,''ਹਿਮਾਲਾ ਪਰਬਤ ਨੂੰ ਬਚਾਉਣ ਲਈ ਮੈਂ ਹਿਮਾਲਾ ਦੀ ਯਾਤਰਾ ਦਾ ਹਿੱਸਾ ਰਹੇ ਸਵਰਗੀ ਸਰ ਐਡਮੰਡ ਹਿਲੇਰੀ, ਹਰਜ਼ੋਗ, ਜੁੰਕਾਂ ਸਮੇਤ ਕਈ ਹੋਰਨਾਂ ਨਾਲ ਸੰਪਰਕ ਕਾਇਮ ਕੀਤਾ।'' ਇਨ੍ਹਾਂ ਸਭਨਾਂ ਨੇ ਮਿਲ ਕੇ ਹਿਮਾਲਾ ਪਰਬਤ ਦੀਆਂ ਟੀਸੀਆਂ ਦੀ ਹੋਰ ਤਬਾਹੀ ਤੋਂ ਬਚਾਉਣ ਦੀ ਦਿਸ਼ਾ ਵਿੱਚ ਪਹਿਲ ਕਰਦਿਆਂ ਹਿਮਾਲਿਅਨ ਐਨਵਾਇਰਨਮੈਂਟ ਟਰੱਸਟ ਦੀ ਸਥਾਪਨਾ ਕੀਤੀ। ਇਹ ਪਰਬਤਾਰੋਹੀ ਆਪਣੀ ਰਾਇ ਦਿੰਦਿਆਂ ਦਸਦੇ ਹਨ,''ਉਸ ਜ਼ਮਾਨੇ ਵਿੱਚ ਬਹੁਤ ਘੱਟ ਮੁਹਿੰਮਾਂ ਾਹੁੰਦੀਆਂ ਸਨ। ਇਸ ਵੇਲੇ ਤੁਹਾਨੂੰ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ 30 ਤੋਂ ਵੱਧ ਮੁਹਿੰਮਾਂ ਵੇਖਣ ਨੂੰ ਮਿਲਦੀਆਂ ਹਨ। ਇਹ ਹੁਣ ਪੈਸੇ ਕਮਾਉਣ ਦਾ ਸਾਧਨ ਬਣ ਗਿਆ ਹੈ ਅਤੇ ਤੁਸੀਂ ਲੋਕਾਂ ਨੂੰ ਹਿਮਾਲਾ ਦੀਆਂ ਚੋਟੀਆਂ ਉਤੇ ਪਹੁੰਚਾਉਣ ਲਈ ਕਤਾਰਾਂ ਵਿੱਚ ਲੱਗੇ ਵੇਖ ਸਕਦੇ ਹੋ। ਇੱਥੋਂ ਤੱਕ ਕਿ ਜੇ ਤੁਸੀਂ ਸਰੀਰਕ ਤੌਰ ਉਤੇ ਸਮਰੱਥ ਵੀ ਨਹੀਂ, ਤਦ ਵੀ ਤੁਸੀਂ 20 ਤੋਂ 25 ਲੱਖ ਰੁਪਏ ਖ਼ਰਚ ਕਰ ਕੇ ਉਥੇ ਪੁੱਜ ਕੇ ਕੁੱਝ ਸ਼ੇਰਪਾਵਾਂ ਨੂੰ ਆਪਣੇ ਨਾਲ ਮਿਲਾ ਕੇ ਅਤੇ ਉਪਕਰਣ ਖ਼ਰੀਦ ਕੇ ਯਾਤਰਾ ਮੁਕੰਮਲ ਕਰ ਸਕਦੇ ਹੋ।''

''ਮਾਊਂਟ ਐਵਰੈਸਟ ਉਤੇ ਲਗਾਤਾਰ ਹੋ ਰਹੀਆਂ ਇਨ੍ਹਾਂ ਮੁਹਿੰਮਾਂ ਦੇ ਮੱਦੇਨਜ਼ਰ ਮੈਂ ਅਤੇ ਸਰ ਐਡਮੰਡ ਹਿਲੇਰੀ ਬੀਤੇ ਕਈ ਵਰ੍ਹਿਆਂ ਤੋਂ ਸਿਰਫ਼ ਇੱਕੋ ਗੱਲ ਦੁਹਰਾਉਂਦੇ ਆ ਰਹੇ ਹਾਂ ਕਿ ਐਵਰੈਸਟ ਨੂੰ ਕੁੱਝ ਆਰਾਮ ਦੇਵੋ। ਪਰ ਗ਼ਰੀਬ ਦੇਸ਼ਾਂ ਲਈ ਪੈਸਾ ਆਖ਼ਰ ਪੈਸਾ ਹੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਸਿਰਫ਼ ਭੌਂਕ ਰਹੇ ਹਾਂ ਅਤੇ ਇਸ ਕਰ ਕੇ ਸਮੱਸਿਆ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਤੁਸੀਂ ਕੁੱਝ ਨਹੀਂ ਕਰ ਸਕਦੇ।''

ਇੱਕ ਵੱਡੀ ਸ਼ਖ਼ਸੀਅਤ ਦੀ ਆਖ਼ਰੀ ਸਲਾਹ

ਕੈਪਟਨ ਕੋਹਲੀ ਲਈ ਹਿਮਾਲਾ ਪਰਬਤਾਂ ਨੂੰ ਇਸ ਦੁਰਦਸ਼ਾ ਵੱਲ ਧੱਕੇ ਜਾਂਦਿਆਂ ਤੱਕਣਾ ਬਹੁਤ ਦਰਦਨਾਕ ਹੈ। ਉਨ੍ਹਾਂ ਲਈ ਕਦੇ ਇਹ ਜਗ੍ਹਾ ਬਹੁਤ ਸ਼ਾਂਤ ਅਤੇ ਤੂਫ਼ਾਨੀ ਦੋਵੇਂ ਤਰ੍ਹਾਂ ਦਾ ਸਥਾਨ ਹੁੰਦਾ ਸੀ, ਜਿਸ ਨੇ ਉਨ੍ਹਾਂ ਨੂੰ 18 ਵਾਰ ਮੌਤ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਸੀ। ''ਤੁਹਾਨੂੰ ਉਸ ਵੇਲੇ ਡਰ ਨਹੀਂ ਲਗਦਾ ਕਿਉਂਕਿ ਤਦ ਤੁਸੀਂ ਉਚੇ ਪਹਾੜਾਂ ਉਤੇ ਪੁੱਜ ਜਾਂਦੇ ਹੋ, ਤਦ ਤੁਹਾਨੂੰ ਇੰਝ ਜਾਪਦਾ ਹੈ ਕਿ ਤੁਸੀਂ ਆਕਾਸ਼ ਛੋਹ ਰਹੇ ਹੋ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਈਸ਼ਵਰ ਦੇ ਬਿਲਕੁਲ ਨੇੜੇ ਹੋ ਅਤੇ ਤੁਸੀਂ ਭੌਤਿਕਵਾਦੀ ਦੁਨੀਆਂ ਤੋਂ ਪੂਰੀ ਤਰ੍ਹਾਂ ਕਟ ਗਏ ਹੋ।''

ਕੈਪਟਨ ਕੋਹਲੀ ਯਾਦਾਂ ਵਿੱਚ ਗੁਆਚਦਿਆਂ ਇੱਕ ਵਾਰ ਫਿਰ ਦਸਦੇ ਹਨ,''ਸਾਲ 1962 'ਚ ਅਸੀਂ ਤਿੰਨ ਵਾਰ ਆਪਣੀ ਆਖ਼ਰੀ ਅਰਦਾਸ ਕਰ ਲਈ ਸੀ ਅਤੇ ਅਸੀਂ ਆਪਣੀਆਂ ਪੱਕੀਆਂ ਕਬਰਾਂ ਵੀ ਆਪਣੇ ਖ਼ਿਆਲਾਂ ਵਿੱਚ ਵੇਖ ਲਈਆਂ ਸਨ। ਪਰ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ। ਇਹ ਸਭ ਜੀਵਨ ਦਾ ਇੱਕ ਹਿੱਸਾ ਹੈ ਅਤੇ ਜਦੋਂ ਤੁਸੀਂ ਅਜਿਹੇ ਉਚੇ ਪਹਾੜਾਂ ਉਤੇ ਚੜ੍ਹਦੇ ਹੋ, ਤਾਂ ਤੁਸੀਂ ਵੀ ਇਸ ਕੁਦਰਤੀ ਤਾਕਤ ਦਾ ਇੱਕ ਹਿੱਸਾ ਬਣ ਜਾਂਦੇ ਹੋ।''

image


ਉਮਰ ਦੇ ਇਸ ਪੜਾਅ ਉਤੇ ਆ ਕੇ ਹੁਣ ਉਨ੍ਹਾਂ ਦਾ ਖ਼ੁਦ ਦਾ ਪੋਤਰਾ ਉਨ੍ਹਾਂ ਨੂੰ ਐਵਰੈਸਟ ਉਤੇ ਜਾਣ ਦੀ ਇਜਾਜ਼ਤ ਲਈ ਮਨਾਉਣ ਦੇ ਜਤਨ ਕਰਦਾ ਰਹਿੰਦਾ ਹੈ। ਭਾਵੇਂ ਇਸ ਪਰਬਤਾਰੋਹੀ ਦੇ ਆਪਣੇ ਕੁੱਝ ਕਾਰਣ ਅਤੇ ਸ਼ਰਤਾਂ ਹਨ। ''ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਜਾਣਾ ਹੀ ਹੈ, ਤਾਂ ਉਚਿਤ ਤਰੀਕੇ ਨਾਲ ਜਾਓ। ਭਾਰਤ ਵਿੱਚ ਪੰਜ ਪਰਬਤਾਰੋਹੀ ਸੰਸਥਾਨ ਹਨ। ਤੁਸੀਂ ਪਹਿਲਾਂ ਉਥੇ ਜਾ ਕੇ ਪੂਰੀ ਤਰ੍ਹਾਂ ਸਿਖਲਾਈ ਹਾਸਲ ਕਰੋ ਅਤੇ ਫਿਰ ਸਮਾਂ ਮਿਲ਼ਦੇ ਹੀ ਘੱਟੋ-ਘੱਟ ਇੱਕ ਮੁਹਿੰਮ ਦਾ ਹਿੱਸਾ ਤਾਂ ਬਣੋ। ਇਸ ਤੋਂ ਬਾਅਦ ਉਚ ਸਿਖਲਾਈ ਲੈਂਦੇ ਹੋਏ ਫਿਰ ਐਵਰੈਸਟ ਦੀ ਮੁਹਿੰਮ ਬਾਰੇ ਵਿਚਾਰੋ।'' ਅੰਤ 'ਚ ਕੈਪਟਨ ਕੋਹਲੀ ਕਹਿੰਦੇ ਹਨ,''ਮੈਂ ਇਹ ਮੰਨਦਾ ਹਾਂ ਕਿ ਜੋ ਦੇਸ਼ ਆਪਣੇ ਨਾਗਰਿਕਾਂ ਨੂੰ ਬਹਾਦਰੀ ਭਰੇ ਕੰਮਾਂ ਲਈ ਉਤਸ਼ਾਹਿਤ ਨਹੀਂ ਕਰ ਪਾਉਂਦਾ, ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਇਸੇ ਲਈ ਜੇ ਕਿਸੇ ਦੇਸ਼ ਨੇ ਤਰੱਕੀ ਦੀ ਰਾਹ ਉਤੇ ਅੱਗੇ ਵਧਣਾ ਹੈ, ਉਸ ਨੂੰ ਆਪਣੇ ਨਾਗਰਿਕਾਂ ਨੂੰ ਬਹਾਦਰੀ ਭਰੇ ਕੰਮਾਂ ਪ੍ਰਤੀ ਜਾਗਰੂਕ ਕਰਨਾ ਹੋਵੇਗਾ। ਬਹਾਦਰੀ ਭਰੇ ਕੰਮਾਂ ਦੀ ਭਾਲ਼ ਵਿੱਚ ਲੋਕ ਇੱਕ ਸਥਾਨ ਤੋਂ ਦੂਜੇ ਤੱਕ ਟਰੈਕਿੰਗ, ਵ੍ਹਾਈਟ ਵਾਟਰ ਰਾਫ਼ਟਿੰਗ ਜਾਂ ਚੜ੍ਹਾਈ ਕਰਨ ਜਾਂਦੇ ਹਨ। ਇਹ ਸਦਾ ਤੋਂ ਹੀ ਹੁੰਦਾ ਆਇਆ ਹੈ। ਪਰ ਜੋ ਲੋਕ ਇਨ੍ਹਾਂ ਦਾ ਹਿੱਸਾ ਨਹੀਂ ਬਣੇ ਹਨ, ਉਨ੍ਹਾਂ ਲਈ ਤਾਂ ਅਸੀਂ ਭੈੜੇ ਲੋਕ ਹਾਂ ਅਤੇ ਅਸੀਂ ਇੱਕ ਬੇਕਾਰ ਦੇ ਕੰਮ ਵਿੱਚ ਲੱਗੇ ਹੋਏ ਹਾਂ। ਮੇਰੀ ਦੇਸ਼ ਨੂੰ ਸਲਾਹ ਹੈ ਕਿ ਤੁਸੀਂ ਸਕੂਲੀ ਬੱਚਿਆਂ ਨੂੰ ਸੈਰ ਲਈ ਹਿਮਾਲਾ ਉਤੇ ਜ਼ਰੂਰ ਭੇਜੋ। ਇੱਕ ਵਾਰ ਬਹਾਦਰੀ ਭਰੇ ਕਾਰਨਾਮਿਆਂ ਦਾ ਸਾਹਮਣਾ ਹੋਣ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਜੀਵਨਾਂ ਵਿੱਚ ਹਾਂ-ਪੱਖੀ ਤਬਦੀਲੀਆਂ ਵੇਖਣ ਵਿੱਚ ਸਫ਼ਲ ਹੋਵੋਗੇ।''

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags