Punjabi

ਗ਼ਰੀਬ ਅਤੇ ਪੱਛੜੇ ਵਿਦਿਆਰਥੀਆਂ ਲਈ ਮਸੀਹਾ 'ਸੁਪਰ 30' ਆਨੰਦ ਕੁਮਾਰ

Team Punjabi
8th Nov 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਹਰੇਕ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਮਾਪਿਆਂ ਦੇ ਸੁਫ਼ਨੇ ਸਾਕਾਰ ਕਰੇ। ਇਹ ਚੰਗਾ ਵੀ ਹੈ ਪਰ ਅਜਿਹੇ ਲੋਕ ਬਹੁਤ ਘੱਟ ਹੁੰਦੇ ਹਨ, ਜੋ ਗ਼ਰੀਬਾਂ ਅਤੇ ਅੜਾਂ-ਥੁੜ੍ਹਾਂ ਨਾਲ ਜੂਝਦੇ ਬੱਚਿਆਂ ਦੇ ਸੁਫ਼ਨੇ ਸਾਕਾਰ ਕਰਨਾ ਹੀ ਆਪਣੇ ਜੀਵਨ ਦਾ ਟੀਚਾ ਬਣਾ ਲੈਂਦੇ ਹਨ। ਪਟਨਾ ਦੇ ਜੰਮਪਲ਼ ਅਤੇ ਸਿੱਖਿਅਤ ਆਨੰਦ ਕੁਮਾਰ ਅਜਿਹੇ ਹੀ ਵਿਅਕਤੀ ਹਨ। ਅੱਜ ਦੁਨੀਆਂ ਆਨੰਦ ਕੁਮਾਰ ਨੂੰ 'ਸੁਪਰ 30' ਸੰਸਥਾ ਦੇ ਬਾਨੀ ਵਜੋਂ ਜਾਣਣੀ ਹੈ। ਹਰ ਸਾਲ ਆਈ.ਆਈ.ਟੀ. ਨਤੀਜਿਆਂ ਦੌਰਾਨ ਉਨ੍ਹਾਂ ਦੀ 'ਸੁਪਰ 30' ਦੀ ਚਰਚਾ ਅਖ਼ਬਾਰਾਂ ਵਿੱਚ ਜ਼ਰੂਰ ਸੁਰਖ਼ੀਆਂ ਬਣਦੀ ਹੈ। ਸਾਲ 2014 'ਚ ਵੀ ਸੁਪਰ 30 ਦੇ 30 ਬੱਚਿਆਂ ਵਿਚੋਂ 27 ਬੱਚਿਆਂ ਨੂੰ ਆਈ.ਟੀ.ਆਈ. ਵਿੱਚ ਦਾਖ਼ਲਾ ਮਿਲਿਆ ਹੈ। ਸੰਨ 2003 ਤੋਂ ਹਰ ਸਾਲ ਆਈ.ਆਈ.ਟੀ. ਵਿੱਚ ਸੁਪਰ 30 ਤੋਂ ਆਏ ਬੱਚੇ ਸਫ਼ਲਤਾ ਹਾਸਲ ਕਰ ਰਹੇ ਹਨ। ਇੰਨੀ ਵੱਡੀ ਕਾਮਯਾਬੀ ਆਨੰਦ ਕੁਮਾਰ ਨੂੰ ਉਂਝ ਹੀ ਨਹੀਂ ਮਿਲ ਗਈ। ਇਸ ਪਿੱਛੇ ਉਨ੍ਹਾਂ ਦੀ ਜ਼ਿੰਦਗੀ ਦਾ ਲੰਮਾ ਸੰਘਰਸ਼ ਅਤੇ ਮਜ਼ਬੂਤ ਇਰਾਦਿਆਂ ਦੀ ਬਹੁਤ ਭਾਵੁਕ ਅਤੇ ਸੰਘਰਸ਼ਸ਼ੀਲ ਪ੍ਰੇਰਕ ਕਹਾਣੀ ਹੈ।

ਆਨੰਦ ਕੁਮਾਰ ਦਾ ਪਰਿਵਾਰ ਬਹੁਤ ਹੀ ਸਾਧਾਰਣ ਮੱਧ-ਵਰਗੀ ਪਰਿਵਾਰ ਸੀ। ਪਿਤਾ ਡਾਕ ਵਿਭਾਗ ਵਿੱਚ ਕਲਰਕ ਸਨ। ਬੱਚਿਆਂ ਲਈ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਣ ਦਾ ਖ਼ਰਚਾ ਕੱਢਣਾ ਉਨ੍ਹਾਂ ਲਈ ਬਹੁਤ ਔਖਾ ਸੀ। ਇਸ ਲਈ ਬੱਚਿਆਂ ਨੂੰ ਹਿੰਦੀ ਮਾਧਿਅਮ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਇਆ। ਬੱਚਿਆਂ ਦੀ ਸਿੱਖਿਆ ਪ੍ਰਤੀ ਉਹ ਬਹੁਤ ਜਾਗਰੂਕ ਸਨ। ਆਨੰਦ ਵੀ ਜਾਣਦੇ ਸਨ ਕਿ ਉਨ੍ਹਾਂ ਨੂੰ ਮੌਜੂਦਾ ਸੀਮਤ ਸਾਧਨਾਂ ਨਾਲ ਜਿੰਨਾ ਬਿਹਤਰ ਹੋ ਸਕਦਾ ਹੈ, ਉਹ ਕਰਨਾ ਹੈ। ਗਣਿਤ ਵਿੱਚ ਆਨੰਦ ਦੀ ਖ਼ਾਸ ਦਿਲਚਸਪੀ ਸੀ ਅਤੇ ਉਹ ਵੱਡੇ ਹੋ ਕੇ ਇੰਜੀਨੀਅਰ ਜਾਂ ਵਿਗਿਆਨੀ ਬਣਨਾ ਚਾਹੁੰਦੇ ਸਨ। ਸਭਨਾਂ ਨੇ ਕਿ ਜੇ ਇੰਜੀਨੀਅਰ ਜਾਂ ਵਿਗਿਆਨੀ ਬਣਨਾ ਚਾਹੁੰਦੇ ਹੋ, ਤਾਂ ਵਿਗਿਆਨ ਵਿਸ਼ਾ ਧਿਆਨ ਨਾਲ ਪੜ੍ਹੋ। ਆਨੰਦ ਨੇ ਪਟਨਾ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ। ਜਿੱਥੇ ਉਨ੍ਹਾਂ ਨੇ ਗਣਿਤ ਦੇ ਕੁੱਝ ਫ਼ਾਰਮੂਲੇ ਈਜਾਦ ਕੀਤੇ। ਇਨ੍ਹਾਂ ਫ਼ਾਰਮੂਲਿਆਂ ਨੂੰ ਵੇਖਣ ਤੋਂ ਬਾਅਦ ਆਨੰਦ ਦੇ ਅਧਿਆਪਕ ਦੇਵੀਪ੍ਰਸਾਦ ਵਰਮਾ ਜੀ ਨੇ ਉਨ੍ਹਾਂ ਨੂੰ ਇਹ ਫ਼ਾਰਮੂਲੇ ਇੰਗਲੈਂਡ ਭੇਜਣ ਅਤੇ ਉਥੇ ਪ੍ਰਕਾਸ਼ਿਤ ਕਰਵਾਉਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਕਹਿਣ ਅਨੁਸਾਰ ਆਨੰਦ ਨੇ ਆਪਣੇ ਪੇਪਰ ਇੰਗਲੈਂਡ ਭੇਜੇ ਅਤੇ ਉਹ ਪੇਰ ਪ੍ਰਕਾਸ਼ਿਤ ਵੀ ਹੋ ਗਏ। ਫਿਰ ਕੈਂਬ੍ਰਿਜ ਤੋਂ ਆਨੰਦ ਨੂੰ ਸੱਦਾ ਆ ਗਿਆ। ਗੁਰੂ ਜੀ ਨੇ ਕਿਹਾ ਕਿ ਪੁੱਤਰ ਕੈਂਬ੍ਰਿਜ ਜਾਹ ਅਤੇ ਆਪਣਾ ਨਾਂ ਰੌਸ਼ਨ ਕਰ। ਆਨੰਦ ਦੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਹਰ ਕੋਈ ਆਨੰਦ ਨੂੰ ਵਧਾਈਆਂ ਦੇ ਰਿਹਾ ਸੀ। ਆਨੰਦ ਦੇ ਕੈਂਬਿਜ ਜਾਣ ਲਈ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਆ ਰਹੀ ਸੀ। ਕਾਲਜ ਨੇ ਕਿਹਾ ਕਿ ਅਸੀਂ ਸਿਰਫ਼ ਟਿਊਸ਼ਨ ਫ਼ੀਸ ਮਾਫ਼ ਕਰ ਸਕਦੇ ਹਾਂ। ਕੈਂਬ੍ਰਿਜ ਜਾਣ ਤੇ ਰਹਿਣ ਲਈ ਤਾਂ ਲਗਭਗ 50 ਹਜ਼ਾਰ ਰੁਪਏ ਦੀ ਜ਼ਰੂਰਤ ਸੀ। ਆਨੰਦ ਦੇ ਪਿਤਾ ਜੀ ਨੇ ਆਪਣੇ ਦਫ਼ਤਰ ਵਿੱਚ ਪੁੱਤਰ ਦੀ ਅਗਲੇਰੀ ਪੜ੍ਹਾਈ ਲਈ ਪੈਸਿਆਂ ਦੀ ਮੰਗ ਰੱਖੀ ਅਤੇ ਦਿੱਲੀ ਦਫ਼ਤਰ ਤੱਕ ਚਿੱਠੀ-ਪੱਤਰੀ ਚੱਲੀ। ਆਨੰਦ ਦੀ ਕਾਬਲੀਅਤ ਨੂੰ ਵੇਖਦਿਆਂ ਦਿੱਲੀ ਦਫ਼ਤਰ ਨੇ ਮਦਦ ਦਾ ਭਰੋਸਾ ਦਿੱਤਾ। ਇੱਕ ਅਕਤੂਬਰ, 1994 ਨੂੰ ਆਨੰਦ ਨੇ ਕੈਂਬ੍ਰਿਜ ਜਾਣਾ ਸੀ ਪਰ ਆਖਦੇ ਹਨ ਨਾ ਕਿ ਹੁੰਦਾ ਹੋਈ ਹੈ, ਜੋ ਕਿਸਮਤ ਨੂੰ ਮਨਜ਼ੂਰ ਹੁੰਦਾ ਹੈ। 23 ਅਗਸਤ, 1994 ਨੂੰ ਆਨੰਦ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਇਸ ਘਟਨਾ ਨੇ ਨਾ ਕੇਵਲ ਆਨੰਦ ਦੀ ਜ਼ਿੰਦਗੀ ਬਦਲ ਦਿੱਤੀ, ਸਗੋਂ ਸਮੁੱਚੇ ਪਰਿਵਾਰ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਵੀ ਪਾ ਦਿੱਤਾ। ਘਰ ਵਿੱਚ ਪਿਤਾ ਜੀ ਹੀ ਇਕੱਲੇ ਕਮਾਉਣ ਵਾਲੇ ਸਨ। ਚਾਚਾ ਅੰਗਹੀਣ ਸਨ ਅਤੇ ਹੁਣ ਸਾਰੇ ਸਾਂਝੇ ਪਰਿਵਾਰ ਦੀ ਜ਼ਿੰਮੇਵਾਰੀ ਆਨੰਦ ਦੇ ਮੋਢਿਆਂ ਉਤੇ ਆਣ ਪਈ। ਅਜਿਹੀ ਸਥਿਤੀ ਵਿੱਚ ਆਨੰਦ ਨੇ ਕੈਂਬ੍ਰਿਜ ਜਾਣ ਦਾ ਵਿਚਾਰ ਤਿਆਗ ਦਿੱਤਾ ਅਤੇ ਪਟਨਾ 'ਚ ਰਹਿ ਕੇ ਹੀ ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਲੱਗ ਗਏ। ਪਿਤਾ ਦੀ ਮੌਤ ਨਾਲ ਜਿਵੇਂ ਆਨੰਦ ਦਾ ਕੈਰੀਅਰ ਵੀ ਖ਼ਤਮ ਹੋ ਗਿਆ ਸੀ। ਚੰਗਾ ਕੇਵਲ ਇਹ ਸੀ ਕਿ ਹੁਣ ਤੱਕ ਆਨੰਦ ਦੀ ਗਰੈਜੂਏਸ਼ਨ ਮੁਕੰਮਲ ਹੋ ਚੁੱਕੀ ਸੀ।

image


image


ਬੇਸ਼ੱਕ ਹਾਲਾਤ ਨਾਜ਼ੁਕ ਸਨ ਪਰ ਆਨੰਦ ਜ਼ਿੰਦਗੀ ਭਰ ਕਲਰਕ ਦੀ ਨੌਕਰੀ ਨਹੀਂ ਕਰਨੀ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਪਿਤਾ ਦੇ ਨਾਂਅ ਦੀ ਸਿਫ਼ਾਰਸ਼ ਨਾਲ ਨੌਕਰੀ ਹਾਸਲ ਨਾ ਕਰਨ ਦਾ ਨਿਸ਼ਚਾ ਕੀਤਾ। ਹੁਣ ਆਨੰਦ ਆਪਣੇ ਪਿਆਰੇ ਵਿਸ਼ੇ ਗਣਿਤ ਨੂੰ ਪੜ੍ਹਾ ਕੇ ਹੀ ਥੋੜ੍ਹਾ-ਬਹੁਤ ਪੈਸਾ ਕਮਾਉਣ ਲੱਗੇ। ਪਰ ਜਿੰਨਾ ਉਹ ਕਮਾ ਰਹੇ ਸਨ, ਉਸ ਨਾਲ ਘਰ ਦਾ ਖ਼ਰਚਾ ਪੂਰਾ ਨਹੀਂ ਹੋ ਰਿਹਾ ਸੀ, ਇਸੇ ਲਈ ਆਨੰਦ ਦੇ ਮਾਤਾ ਜੀ ਨੇ ਘਰ ਵਿੱਚ ਪਾਪੜ ਬਣਾਉਣੇ ਸ਼ੁਰੂ ਕੀਤੇ ਅਤੇ ਆਨੰਦ ਰੋਜ਼ਾਨਾ ਸ਼ਾਮੀਂ ਚਾਰ ਘੰਟੇ ਮਾਂ ਦੇ ਬਣਾਏ ਪਾਪੜ ਸਾਇਕਲ 'ਤੇ ਘੁੰਮ-ਘੁੰਮ ਕੇ ਵੇਚਦੇ। ਟਿਊਸ਼ਨ ਅਤੇ ਪਾਪੜ ਤੋਂ ਹੋਣ ਵਾਲੀ ਕਮਾਈ ਨਾਲ ਘਰ ਚਲਦਾ। ਅਖ਼ੀਰ ਅਜਿਹਾ ਕਦੋਂ ਤੱਕ ਚੱਲੇਗਾ, ਆਨੰਦ ਇਹੋ ਸੋਚਦੇ ਰਹਿੰਦੇ। ਫਿਰ ਆਨੰਦ ਨੇ ਗਣਿਤ ਨੂੰ ਆਧਾਰ ਬਣਾਇਆ ਅਤੇ ਰਾਮਾਨੁਜਮ ਸਕੂਲ ਆੱਫ਼ ਮੈਥੇਮੈਟਿਕਸ ਖੋਲ੍ਹਿਆ। ਇਸ ਸਕੂਲ ਵਿੱਚ ਹਰ ਤਰ੍ਹਾਂ ਦੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਚਿੰਗ ਕਰਵਾਈ ਜਾਣ ਲੱਗੀ। ਕੋਈ ਵਿਦਿਆਰਥੀ 100 ਰੁਪਏ ਦਿੰਦਾ, ਕੋਈ 200 ਅਤੇ ਕੋਈ 300. ਆਨੰਦ ਰੱਖ ਲੈਂਦੇ, ਕਿਸੇ ਤੋਂ ਪੈਸੇ ਦੇ ਮੁੱਦੇ 'ਤੇ ਬਹਿਸ ਨਾ ਕਰਦੇ। ਆਨੰਦ ਨੇ ਇਸ ਕੋਚਿੰਗ ਸੈਂਟਰ ਵਿੱਚ ਦੋ ਬੱਚਿਆਂ ਨੂੰ ਪੜ੍ਹਾਉਣ ਤੋਂ ਸ਼ੁਰੂਆਤ ਕੀਤੀ। ਫਿਰ ਆਨੰਦ ਨੇ ਇੱਕ ਵੱਡੇ ਹਾੱਲ ਕਮਰੇ ਦਾ ਇੰਤਜ਼ਾਮ ਕੀਤਾ ਅਤੇ 500 ਰੁਪਏ ਸਾਲਾਨਾ ਫ਼ੀਸ ਤੈਅ ਕਰ ਦਿੱਤੀ।

ਇੱਕ ਵਾਰ ਆਨੰਦ ਕੋਲ ਅਭਿਸ਼ੇਕ ਨਾਂਅ ਦਾ ਬੱਚਾ ਆਇਆ ਅਤੇ ਬੋਲਿਆ, ਸਰ ਅਸੀਂ ਗ਼ਰੀਬ ਹਾਂ, ਮੈਂ 500 ਰੁਪਏ ਤੁਹਾਨੂੰ ਇੱਕੋ ਵੇਲੇ ਨਹੀਂ ਦੇ ਸਕਾਂਗਾ, ਕਿਸ਼ਤਾਂ ਵਿੱਚ ਦੇ ਸਕਾਂਗਾ। ਜਦੋਂ ਮੇਰੇ ਪਿਤਾ ਜੀ ਖੇਤ 'ਚੋਂ ਆਲੂ ਕੱਢਣਗੇ ਅਤੇ ਉਹ ਆਲੂ ਵਿਕ ਜਾਣਗੇ, ਤਦ। ਹੁਣ ਸੁਆਲ ਪਟਨਾ 'ਚ ਰਹਿਣ ਅਤੇ ਖਾਣ ਦਾ ਖੜ੍ਹਾ ਹੋਇਆ। ਉਸ ਬੱਚੇ ਨੇ ਦੱਸਿਆ ਕਿ ਉਹ ਇੱਕ ਪ੍ਰਸਿੱਧ ਵਕੀਲ ਦੇ ਘਰ ਦੀਆਂ ਪੌੜੀਆਂ ਹੇਠਾਂ ਰਹਿੰਦਾ ਹੈ। ਇਸ ਘਟਨਾ ਦੇ ਦੋ-ਤਿੰਨ ਦਿਨਾਂ ਬਾਅਦ ਜਦੋਂ ਆਨੰਦ ਉਥੇ ਗਏ, ਤਾਂ ਵੇਖਿਆ ਉਹ ਲੜਕਾ ਸਿਖ਼ਰ ਦੁਪਹਿਰੇ ਪੌੜੀਆਂ ਹੇਠਾਂ ਪਸੀਨੇ 'ਚ ਭਿੱਜਿਆ ਬੈਠਾ ਸੀ ਅਤੇ ਗਣਿਤ ਦੀ ਕਿਤਾਬ ਪੜ੍ਹ ਰਿਹਾ ਸੀ। ਇਸ ਘਟਨਾ ਨੇ ਆਨੰਦ ਨੂੰ ਹਿਲਾ ਕੇ ਰੱਖ ਦਿੱਤਾ। ਘਰ ਆ ਕੇ ਆਨੰਦ ਨੇ ਆਪਣੀ ਮਾਂ ਅਤੇ ਭਰਾ ਨੂੰ ਉਸ ਬੱਚੇ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਅਜਿਹੇ ਬੱਚਿਆਂ ਲਈ ਵੀ ਕੁੱਝ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿੱਚ ਪੜ੍ਹਨ ਦੀ ਲਗਨ ਹੈ ਪਰ ਆਰਥਿਕ ਔਕੜਾਂ ਕਾਰਣ ਉਹ ਪੜ੍ਹ ਨਹੀਂ ਸਕਦੇ। ਮਾਂ ਨੇ ਵੀ ਇਸ ਵਿਚਾਰ ਨਾਲ ਆਪਣੀ ਸਹਿਮਤੀ ਪ੍ਰਗਟਾਈ। ਫਿਰ ਸੁਆਲ ਇਹ ਖੜ੍ਹਾ ਹੋਇਆ ਕਿ ਜੇ ਸਾਲ ਵਿੱਚ 30 ਅਜਿਹੇ ਗ਼ਰੀਬ ਬੱਚਿਆਂ ਨੂੰ ਚੁਣਿਆ ਵੀ ਜਾਵੇ, ਤਾਂ ਉਹ ਰਹਿਣਗੇ ਕਿੱਥੇ, ਖਾਣਗੇ ਕੀ? ਫਿਰ ਆਨੰਦ ਨੇ ਇੱਕ ਮਕਾਨ ਲੈਣ ਦੀ ਯੋਜਨਾ ਉਲੀਕੀ, ਤਾਂ ਜੋ ਸਾਰੇ ਬੱਚੇ ਉਥੇ ਰਹਿ ਸਕਣ। ਤੀਹ ਬੱਚਿਆਂ ਲਈ ਭੋਜਨ ਪਕਾਉਣ ਦਾ ਕੰਮ ਆਨੰਦ ਦੀ ਮਾਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਇਸ ਤਰ੍ਹਾਂ ਆਨੰਦ ਦਾ ਸੁਪਰ 30 ਇੰਸਟੀਚਿਊਟ ਖੋਲ੍ਹਣ ਦਾ ਸੁਫ਼ਨਾ ਸਾਕਾਰ ਹੋ ਗਿਆ।

ਸੰਨ 2002 ਵਿੱਚ ਆਨੰਦ ਨੇ ਸੁਪਰ-30 ਦੀ ਸ਼ੁਰੂਆਤ ਕੀਤੀ ਅਤੇ 30 ਬੱਚਆਂ ਨੂੰ ਮੁਫ਼ਤ ਆਈ.ਆਈ.ਟੀ. ਦੀ ਕੋਚਿਤ ਦੇਣੀ ਸ਼ੁਰੂ ਕੀਤੀ। ਪਹਿਲੇ ਹੀ ਸਾਲ 2003 ਦੀ ਆਈ.ਆਈ.ਟੀ. ਦਾਖ਼ਲਾ ਪ੍ਰੀਖਿਆ ਵਿੱਚ ਸੁਪਰ-30 ਦੇ 30 ਵਿਚੋਂ 18 ਬੱਚਿਆਂ ਨੂੰ ਸਫ਼ਲਤਾ ਹਾਸਲ ਹੋ ਗਈ। ਉਸ ਤੋਂ ਬਾਅਦ 2004 ਵਿੱਚ 30 ਵਿਚੋਂ 22 ਅਤੇ ਫਿਰ 2005 ਵਿੱਚ 26 ਬੱਚਿਆਂ ਨੂੰ ਸਫ਼ਲਤਾ ਮਿਲੀ। ਇਸ ਤਰ੍ਹਾਂ ਸਫ਼ਲਤਾ ਦਾ ਗ੍ਰਾਫ਼ ਲਗਾਤਾਰ ਵਧਦਾ ਹੀ ਚਲਾ ਗਿਆ। ਸੰਨ 2008 ਤੋਂ 2010 ਤੱਕ ਸੁਪਰ-30 ਦਾ ਨਤੀਜਾ 100 ਫ਼ੀ ਸਦੀ ਰਿਹਾ।

image


ਸੁਪਰ 30 ਨੂੰ ਮਿਲ ਰਹੀ ਇਸ ਅਥਾਹ ਸਫ਼ਲਤਾ ਤੋਂ ਉਥੋਂ ਦੇ ਕੋਚਿੰਗ ਮਾਫ਼ੀਆ ਪਰੇਸ਼ਾਨ ਹੋ ਗਏ। ਉਨ੍ਹਾਂ ਆਨੰਦ ਉਤੇ ਮੁਫ਼ਤ 'ਚ ਨਾ ਪੜ੍ਹਾਉਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਆਨੰਦ ਨਹੀਂ ਮੰਨੇ, ਤਾਂ ਉਨ੍ਹਾਂ ਉਤੇ ਹਮਲੇ ਕੀਤੇ ਗਏ, ਬੰਬ ਸੁੱਟੇ ਗਏ, ਗੋਲੀਆਂ ਚਲਾਈਆਂ ਗਈਆਂ। ਇੱਕ ਵਾਰ ਤਾਂ ਚਾਕੂ ਨਾਲ ਹਮਲਾ ਵੀ ਕੀਤਾ ਪਰ ਚਾਕੂ ਆਨੰਦ ਦੇ ਵਿਦਿਆਰਥੀ ਨੂੰ ਲੱਗ ਗਿਆ। ਤਿੰਨ ਮਹੀਨਿਆਂ ਤੱਕ ਉਹ ਹਸਪਤਾਲ 'ਚ ਰਿਹਾ ਅਤੇ ਇਸ ਦੌਰਾਨ ਸਾਰੇ ਬੱਚਿਆਂ ਨੇ ਉਸ ਦੀ ਖ਼ੂਬ ਸੇਵਾ ਕੀਤੀ ਅਤੇ ਉਹ ਤੰਦਰੁਸਤ ਰਿਹਾ।

ਆਨੰਦ ਕੁਮਾਰ ਦੇ ਸੁਪਰ 30 ਨੂੰ ਮਿਲੀ ਅਥਾਹ ਸਫ਼ਲਤਾ ਤੋਂ ਬਾਅਦ ਕਈ ਲੋਕ ਸਹਿਯੋਗ ਲਈ ਅੱਗੇ ਆਏ। ਵੱਡੇ-ਵੱਡੇ ਉਦਯੋਗਪਤੀਆਂ ਨੇ ਆਨੰਦ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਤੱਕ ਵੱਲੋਂ ਆਨੰਦ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਪਰ ਆਨੰਦ ਕੁਮਾਰ ਨੇ ਸੁਪਰ 30 ਚਲਾਉਣ ਲਈ ਕਿਸੇ ਤੋਂ ਵੀ ਆਰਥਿਕ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਇਹ ਕੰਮ ਉਹ ਖ਼ੁਦ ਬਿਨਾਂ ਕਿਸੇ ਦੀ ਮਦਦ ਦੇ ਕਰਨਾ ਚਾਹੁੰਦੇ ਹਨ। ਸੁਪਰ-30 ਦਾ ਖ਼ਰਚਾ ਉਨ੍ਹਾਂ ਦੇ ਕੋਚਿੰਗ ਸੈਂਟਰ ਰਾਮਾਨੁਜਮ ਸਟੱਡੀ ਸੈਂਟਰ ਤੋਂ ਚਲਦਾ ਹੈ।

ਅੱਜ ਆਨੰਦ ਕੌਮੀ ਅਤੇ ਕੌਮਾਂਤਰੀ ਮੰਚਾਂ ਤੋਂ ਸੰਬੋਧਨ ਕਰਦੇ ਹਨ। ਉਨ੍ਹਾਂ ਦੇ ਸੁਪਰ-30 ਦੀ ਚਰਾ ਵਿਦੇਸ਼ਾਂ ਤੱਕ ਫੈਲ ਚੁੱਕੀ ਹੈ। ਕਈ ਵਿਦੇਸ਼ੀ ਵਿਦਵਾਨ ਉਨ੍ਹਾਂ ਦਾ ਇੰਸਟੀਚਿਊਟ ਵੇਖਣ ਆਉਂਦੇ ਹਨ ਅਤੇ ਆਨੰਦ ਕੁਮਾਰ ਦੀ ਕਾਰਜ-ਸ਼ੈਲੀ ਨੂੰ ਸਮਝਣ ਦਾ ਜਤਨ ਕਰਦੇ ਹਨ।

ਆਨੰਦ ਮੰਨਦੇ ਹਨ ਕਿ ਉਨ੍ਹਾਂ ਨੂੰ ਜੋ ਵੀ ਸਫ਼ਲਤਾ ਮਿਲੀ, ਉਸ ਦਾ ਸਿਹਰਾ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਜਾਂਦਾ ਹੈ। ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ। ਜਦੋਂ ਕਿ ਆਈ.ਆਈ.ਟੀ. ਵਿੱਚ ਹਰ ਸਾਲ ਪਾਸ ਹੋਣ ਵਾਲੇ ਉਨ੍ਹਾਂ ਦੇ ਸਾਰੇ ਵਿਦਿਆਰਥੀ ਆਪਣੀ ਸਫ਼ਲਤਾ ਦਾ ਸਾਰਾ ਸਿਹਰਾ ਆਪਣੇ ਗੁਰੂ ਆਨੰਦ ਕੁਮਾਰ ਨੂੰ ਦਿੰਦੇ ਹਨ। ਸੁਪਰ 30 ਆਨੰਦ ਕੁਮਾਰ ਜਿਹੇ ਗੁਰੂ ਅਤੇ ਚੇਲਿਆਂ ਦੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਆਨੰਦ ਕੁਮਾਰ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਆਨੰਦ ਕੁਮਾਰ ਮੰਨਦੇ ਹਨ ਕਿ ਸਫ਼ਲ ਹੋਣ ਲਈ ਸਖ਼ਤ ਜਤਨ, ਹਾਂ-ਪੱਖੀ ਸੋਚ, ਸਖ਼ਤ ਮਿਹਨਤ ਅਤੇ ਸੰਜਮ ਦੀ ਜ਼ਰੂਰਤ ਹੁੰਦੀ ਹੈ।

image


ਸੰਨ 2003 ਤੋਂ 2014 ਤੱਕ ਸੁਪਰ-30 ਦੇ 360 ਬੱਚੇ ਆਈ.ਆਈ.ਟੀ. ਦੀ ਦਾਖ਼ਲਾ ਪ੍ਰੀਖਿਆ ਵਿੱਚ ਬੈਠੇ, ਜਿਸ ਵਿਚੋਂ 308 ਨੂੰ ਸਫ਼ਲਤਾ ਮਿਲੀ। ਇਹ ਅੰਕੜੇ ਕਿਸੇ ਵੀ ਕੋਚਿੰਗ ਸੈਂਟਰ ਲਈ ਮਿਸਾਲ ਹਨ। ਪਤਾ ਨਹੀਂ ਕਿੰਨੇ ਹੀ ਬੱਚਿਆਂ ਦੇ ਸੁਫ਼ਨੇ ਸਾਕਾਰ ਕਰਨ ਵਾਲੇ ਆਨੰਦ ਕੁਮਾਰ ਦਾ ਸੁਫ਼ਨਾ ਹੈ ਕਿ ਇੱਕ ਅਜਿਹਾ ਸਕੂਲ ਖੋਲ੍ਹਿਆ ਜਾਵੇ, ਜਿੱਥੇ 6ਵੀਂ ਜਮਾਤ ਤੋਂ ਵਿਦਿਆਰਥੀਆਂ ਨੂੰ ਗਣਿਤ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਦੀ ਸਿੱਖਿਆ ਦਿੱਤੀ ਜਾਵੇ। ਬੇਸ਼ੱਕ, ਆਨੰਦ ਕੁਮਾਰ ਆਪਣੇ ਇਸ ਸੁਫ਼ਨੇ ਨੂੰ ਵੀ ਛੇਤੀ ਹੀ ਪੂਰਾ ਕਰ ਲੈਣਗੇ ਕਿਉਂਕਿ ਉਹ ਜੋ ਸੋਚਦੇ ਹਨ, ਉਸ ਨੂੰ ਕਰ ਕੇ ਵਿਖਾਉਣ ਦੀ ਸਮਰੱਥਾ ਵੀ ਰਖਦੇ ਹਨ।

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags