23 ਸਾਲਾ ਸ੍ਰੀਕਾਂਤ ਨੇ ਨੇਤਰਹੀਣਤਾ ਤੇ ਸਮਾਜ ਨਾਲ ਲੜਦਿਆਂ ਬਣਾਈ 50 ਕਰੋੜ ਰੁਪਏ ਦੀ ਕੰਪਨੀ - ਬੋਲੈਂਟ ਇੰਡਸਟਰੀਜ਼

20th Dec 2015
  • +0
Share on
close
  • +0
Share on
close
Share on
close

ਜਦੋਂ ਉਸ ਬੱਚੇ ਦਾ ਜਨਮ ਹੋਇਆ ਸੀ, ਤਾਂ ਪਿੰਡ 'ਚ ਗੁਆਂਢੀਆਂ ਨੇ ਉਸ ਦੇ ਮਾਪਿਆਂ ਨੂੰ ਸੁਝਾਅ ਦਿੱਤਾ ਕਿ ਉਹ ਹੁਣੇ ਉਸ ਦਾ ਗਲ਼ਾ ਘੁੱਟ ਕੇ ਖ਼ਤਮ ਕਰ ਦੇਣ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੱਡਾ ਹੋ ਕੇ ਐਵੇਂ ਇੱਧਰ-ਉਧਰ ਦੀਆਂ ਠੋਕਰਾਂ ਖਾਂਦਾ ਫਿਰੇਗਾ। ਕੁੱਝ ਹੋਰਨਾਂ ਦਾ ਕਹਿਣਾ ਸੀ ਕਿ ਇਹ ਤਾਂ ਐਵੇਂ 'ਫ਼ਿਜ਼ੂਲ ਬੱਚਾ ਹੈ, ... ਅੰਨ੍ਹੇ ਪੈਦਾ ਹੋਣਾ ਤਾਂ ਪਾਪ ਹੈ।'

23 ਵਰ੍ਹਿਆਂ ਬਾਅਦ, ਉਹੀ ਬੱਚਾ ਭਾਵ ਸ੍ਰੀਕਾਂਤ ਬੌਲਾ ਮਾਣ ਨਾਲ ਸਿਰ ਉਚਾ ਚੁੱਕ ਕੇ ਆਖਦਾ ਹੈ,''ਜੇ ਇਹ ਸੰਸਾਰ ਮੈਨੂੰ ਵੇਖ ਕੇ ਆਖਦਾ ਹੈ - ਸ੍ਰੀਕਾਂਤ, ਤੂੰ ਕੁੱਝ ਨਹੀਂ ਕਰ ਸਕਦਾ। ਤਾਂ ਮੈਂ ਅਜਿਹੇ ਸੰਸਾਰ ਵੱਲ ਪਰਤ ਕੇ ਆਖਦਾ ਹਾਂ ਕਿ ਮੈਂ ਸਭ ਕੁੱਝ ਕਰ ਸਕਦਾ ਹਾਂ।''

ਸ੍ਰੀਕਾਂਤ ਹੁਣ ਹੈਦਰਾਬਾਦ ਸਥਿਤ ਬੌਲੈਂਟ ਇੰਡਸਟਰੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਸੀ.ਈ.ਓ. ਹਨ। ਵਾਤਾਵਰਣ-ਪੱਖੀ ਤੇ ਵਰਤ ਕੇ ਸੁੱਟ ਦਿੱਤੇ ਜਾਣ ਵਾਲਾ 'ਖਪਤਕਾਰ ਪੈਕੇਜਿੰਗ ਹੱਲ' (ਡਿਸਪੋਜ਼ੇਬਲ ਕੰਜ਼ਿਊਮਰ ਪੈਕੇਜਿੰਗ ਸਾਲਿਯੂਸ਼ਨਜ਼) ਤਿਆਰ ਕਰਨ ਵਾਲੀ ਇਹ ਇੱਕ ਅਜਿਹੀ ਕੰਪਨੀ ਹੈ ਜੋ ਆਪਣੇ ਕੋਲ ਕੇਵਲ ਅਨਪੜ੍ਹਾਂ ਤੇ ਅੰਗਹੀਣ ਵਿਅਕਤੀਆਂ ਨੂੰ ਹੀ ਨੌਕਰੀ 'ਤੇ ਰਖਦਾ ਹੈ। ਇਸ ਕੰਪਨੀ ਦੀ ਕੀਮਤ ਇਸ ਵੇਲੇ 50 ਕਰੋੜ ਰੁਪਏ ਹੈ।

ਸ੍ਰੀਕਾਂਤ ਹੁਣ ਆਪਣੇ-ਆਪ ਨੂੰ ਦੁਨੀਆਂ ਦਾ ਸਭ ਤੋਂ ਖ਼ੁਸ਼ਕਿਸਮਤ ਵਿਅਕਤੀ ਸਮਝਦੇ ਹਨ; ਇਸ ਲਈ ਨਹੀਂ ਕਿ ਉਹ ਹੁਣ ਕਰੋੜਪਤੀ ਹਨ, ਸਗੋਂ ਇਸ ਲਈ ਕਿਉਂਕਿ ਉਨ੍ਹਾਂ ਦੇ ਅਨਪੜ੍ਹ ਮਾਪੇ, ਜਿਹੜੇ 20 ਹਜ਼ਾਰ ਰੁਪਏ ਇੱਕ ਸਾਲ ਵਿੱਚ ਕਮਾਉਂਦੇ ਸਨ। ਉਨ੍ਹਾਂ ਨੇ ਆਪਣੇ ਕਿਸੇ ਵੀ ਅਖੌਤੀ ਸਿਆਣੇ ਗੁਆਂਢੀ ਦਾ ਕੋਈ ਸੁਝਾਅ ਪ੍ਰਵਾਨ ਨਾ ਕੀਤਾ; ਸਗੋਂ ਆਪਣੇ ਨੇਤਰਹੀਣ ਬੱਚੇ ਨੂੰ ਵੀ ਬਹੁਤ ਜ਼ਿਆਦਾ ਨਿੱਘੇ ਮੋਹ ਤੇ ਪਿਆਰ ਨਾਲ ਪਾਲ਼-ਪੋਸ ਕੇ ਵੱਡਾ ਕੀਤਾ। ਸ੍ਰੀਕਾਂਤ ਅਨੁਸਾਰ,''ਮੇਰੇ ਲਈ ਉਹ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ।''

ਅਸਫ਼ਲਤਾ ਤੋਂ ਸਫ਼ਲਤਾ ਤੱਕ ਦੀ ਕਹਾਣੀ

ਸੱਚਮੁਚ, ਸ੍ਰੀਕਾਂਤ ਜਿਹੇ ਵਿਅਕਤੀਆਂ ਦੀਆਂ ਕਹਾਣੀਆਂ ਹਰੇਕ ਲਈ ਪ੍ਰੇਰਣਾ ਦਾ ਵੱਡਾ ਸਰੋਤ ਹਨ। ਕਿਸੇ ਡਾਲਰ ਦੇ ਨਿਸ਼ਾਨ ਪਿੱਛੇ ਜਿੰਨੇ ਸਿਫ਼ਰ ਲੱਗੇ ਹੋਣਗੇ, ਤੁਸੀਂ ਓਨੇ ਹੀ ਸਫ਼ਲ ਮੰਨੇ ਜਾਂਦੇ ਹੋ। ਹਰੇਕ ਦੀ ਇੱਛਾ ਹੁੰਦੀ ਹੈ ਅਜਿਹੀ ਸਫ਼ਲਤਾ ਹਾਸਲ ਕਰਨ ਦੀ। ਕਿਸੇ ਸਮੇਂ ਅਸਫ਼ਲ ਰਹੇ ਲੋਕਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਇੱਕ ਨਵਾਂ ਜੋਸ਼ ਭਰ ਦਿੰਦੀਆਂ ਹਨ। ਮਾੜਾ ਵੇਲਾ ਕਿਸ ਉਤੇ ਨਹੀਂ ਆਉਂਦਾ। ਸਾਰੇ ਹੀ ਸੁਫ਼ਨੇ ਵੇਖਦੇ ਹਨ ਤੇ ਸਖ਼ਤ ਮਿਹਨਤਾਂ ਵੀ ਕਰਦੇ ਹਨ, ਪਰ ਬਹੁਤ ਘੱਟ ਤੇ ਵਿਰਲੇ ਹੀ ਅਜਿਹੇ ਵਿਅਕਤੀ ਨਿੱਤਰਦੇ ਹਨ; ਜੋ ਸਮਾਜ ਵੱਲੋਂ ਤੈਅ ਸੀਮਾਵਾਂ ਦੀ ਸਰਦਲ਼ ਲੰਘ ਕੇ ਪਾਰ ਜਾਂਦੇ ਹਨ।

ਸ੍ਰੀਕਾਂਤ ਨੂੰ ਬਿਪਤਾਵਾਂ ਦੇ ਕਾਲ਼ੇ ਬੱਦਲਾਂ 'ਚ ਜਿਹੜੀ ਗੱਲ ਨੇ ਬਚਾ ਕੇ ਰੱਖਿਆ, ਉਹ ਸੀ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ। ਨੇਤਰਹੀਣਤਾ ਨਾਲ ਪੈਦਾ ਹੋਣਾ ਤਾਂ ਉਨ੍ਹਾਂ ਦੀ ਜੀਵਨ-ਕਹਾਣੀ ਦਾ ਕੇਵਲ ਇੱਕ ਹਿੱਸਾ ਹੈ। ਉਹ ਜਮਾਂਦਰੂ ਗ਼ਰੀਬ ਵੀ ਸਨ। ਤੁਹਾਨੂੰ ਸਭਨਾਂ ਨੂੰ ਪਤਾ ਹੀ ਹੈ ਕਿ ਸਾਡਾ ਸਮਾਜ ਗ਼ਰੀਬਾਂ ਨੂੰ ਕੀ ਸਮਝਦਾ ਹੈ।

image


ਸਕੂਲ ਵਿੱਚ, ਸ੍ਰੀਕਾਂਤ ਨੂੰ ਸਭ ਤੋਂ ਪਿਛਲੇ ਬੈਂਚ 'ਤੇ ਧੱਕ ਦਿੱਤਾ ਜਾਂਦਾ ਸੀ ਤੇ ਖੇਡਣ ਵੀ ਨਹੀਂ ਸੀ ਦਿੱਤਾ ਜਾਂਦਾ। ਪਿੰਡ ਦੇ ਉਸ ਨਿੱਕੇ ਜਿਹੇ ਸਕੂਲ ਵਿੱਚ ਕਿਸੇ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਹਰੇਕ ਨੂੰ ਆਪਣੇ ਨਾਲ ਰਲ਼ਾ ਕੇ ਤੇ ਸ਼ਾਮਲ ਕਰਨ ਦੇ ਕੀ-ਕੀ ਲਾਭ ਹੋ ਸਕਦੇ ਹਨ। ਦਸਵੀਂ ਜਮਾਤ ਦੀ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਜਦੋਂ ਸ੍ਰੀਕਾਂਤ ਨੇ ਸਾਇੰਸ ਵਿਸ਼ੇ ਲੈਣੇ ਚਾਹੇ, ਤਾਂ ਵੀ ਉਨ੍ਹਾਂ ਦੀ ਕੁਦਰਤੀ ਅੰਗਹੀਣਤਾ ਕਾਰਣ ਮਨ੍ਹਾ ਕਰ ਦਿੱਤਾ ਗਿਆ। ਅਠਾਰਾਂ ਸਾਲਾਂ ਦਾ ਸ੍ਰੀਕਾਂਤ ਨਾ ਕੇਵਲ ਪੂਰੀ ਸਮਾਜਕ ਪ੍ਰਣਾਲੀ ਨਾਲ ਲੜਿਆ, ਸਗੋਂ ਉਹ ਅਮਰੀਕਾ ਦੇ ਵੱਕਾਰੀ ਮਾਸਾਸ਼ੂਸੈਟਸ ਇੰਸਟੀਚਿਊਟ ਆੱਫ਼ ਟੈਕਨਾਲੋਜੀ (ਐਮ.ਆਈ.ਟੀ.) ਵਿੱਚ ਦਾਖ਼ਲਾ ਲੈਣ ਵਾਲਾ ਪਹਿਲਾ ਕੌਮਾਂਤਰੀ ਨੇਤਰਹੀਣ ਵਿਦਿਆਰਥੀ ਵੀ ਹੋ ਨਿੱਬੜਿਆ।

ਲੇਖਕ ਪਾਓਲੋ ਕੋਏਲਹੋ ਦਾ ਕਹਿਣਾ ਹੈ,''ਸਾਨੂੰ ਰੌਸ਼ਨੀ ਦੇ ਜੋਧਿਆਂ ਨੂੰ ਔਖੇ ਸਮਿਆਂ ਵੇਲੇ ਜ਼ਰੂਰ ਹੀ ਸਬਰ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਰਾ ਬ੍ਰਹਿਮੰਡ ਹੀ ਸਾਡੇ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ, ਭਾਵੇਂ ਸਾਨੂੰ ਮੌਕੇ 'ਤੇ ਇਹ ਸਮਝ ਨਹੀਂ ਆਉਂਦੀ ਕਿ ਉਹ ਅਜਿਹਾ ਕਿਵੇਂ ਹੋ ਰਿਹਾ ਹੁੰਦਾ ਹੈ।''

ਅੱਜ, ਸ੍ਰੀਕਾਂਤ ਦੀ ਕੰਪਨੀ ਦੇ ਪੰਜ ਪ੍ਰੋਡਕਸ਼ਨ ਪਲਾਂਟ ਹਨ; ਇੱਕ ਪਲਾਂਟ ਕਰਨਾਟਕ 'ਚ ਹੁਬਲੀ ਵਿਖੇ ਅਤੇ ਦੂਜਾ ਤੇਲੰਗਾਨਾ ਸੂਬੇ ਦੇ ਸ਼ਹਿਰ ਨਿਜ਼ਾਮਾਬਾਦ 'ਚ ਹੈ। ਦੋ ਹੋਰ ਪਲਾਂਟ ਤੇਲੰਗਾਨਾ ਦੇ ਮਹਾਂਨਗਰ ਹੈਦਰਾਬਾਦ 'ਚ ਹਨ। ਇੱਕ ਹੋਰ ਪਲਾਂਟ ਚੇਨਈ ਤੋਂ 55 ਕਿਲੋਮੀਟਰ ਦੂਰ ਆਂਧਰਾ ਪ੍ਰਦੇਸ਼ ਸੂਬੇ ਦੇ ਸੰਗਠਤ ਵਪਾਰਕ ਸ਼ਹਿਰ ਸ੍ਰੀ ਸਿਟੀ 'ਚ ਲਗਭਗ ਤਿਆਰ ਹੋ ਚੁੱਕਾ ਹੈ ਅਤੇ ਇਸ ਪਲਾਂਟ ਦੀ ਇਹ ਖ਼ਾਸੀਅਤ ਹੋਵੇਗੀ ਕਿ ਇਹ ਸਾਰੇ ਦਾ ਸਾਰਾ ਸੂਰਜੀ ਊਰਜਾ (ਸੋਲਰ ਸਿਸਟਮ) ਨਾਲ ਚੱਲੇਗਾ।

ਦੋ ਸਾਲ ਪਹਿਲਾਂ ਇੱਕ ਫ਼ਰਿਸ਼ਤਾ ਬਣ ਕੇ ਸ੍ਰੀਕਾਂਤ ਨੂੰ ਮਿਲੇ ਨਿਵੇਸ਼ਕ ਸ੍ਰੀ ਰਵੀ ਮੰਨਤਾ ਉਨ੍ਹਾਂ ਦੇ ਕਾਰੋਬਾਰੀ ਹੁਨਰਾਂ ਤੇ ਦੂਰ-ਦ੍ਰਿਸ਼ਟੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਨ੍ਹਾਂ ਦੀ ਕੰਪਨੀ ਵਿੱਚ ਆਪਣਾ ਸਰਮਾਇਆ ਲਾਉਣ ਅਤੇ ਆਪਣੀ ਯੋਗ ਅਗਵਾਈ ਦੇਣ ਦਾ ਫ਼ੈਸਲਾ ਕਰ ਲਿਆ।

ਸ੍ਰੀ ਰਵੀ ਦਸਦੇ ਹਨ,''ਹੈਦਰਾਬਾਦ ਨੇੜੇ ਉਦਯੋਗਿਕ ਖੇਤਰ ਵਿੱਚ ਟੀਨ ਦੇ ਛੋਟੇ ਸ਼ੈਡ ਹੇਠਾਂ ਤਿੰਨ ਮਸ਼ੀਨਾਂ ਲੱਗੀਆਂ ਹੋਈਆਂ ਸਨ; ਜਿਨ੍ਹਾਂ ਉਤੇ 8 ਮੁਲਾਜ਼ਮ ਕੰਮ ਕਰਦੇ ਸਨ। ਮੈਂ ਸ੍ਰੀਕਾਂਤ ਤੋਂ ਜਾਣਨਾ ਚਾਹਿਆ ਕਿ ਉਹ ਕਿਵੇਂ ਸਮਾਜ ਉਤੇ ਆਪਣਾ ਅਸਰ ਛੱਡਣਾ ਚਾਹੁੰਦਾ ਹੈ ਤੇ ਫਿਰ ਮੈਂ ਉਸ ਦੀ ਵਪਾਰਕ ਸਪੱਸ਼ਟਤਾ ਤੇ ਉਸ ਦੀ ਤਕਨੀਕੀ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ। ਇੰਨੀ ਨਿੱਕੀ ਉਮਰੇ ਕੀ ਕਿਸੇ ਨੂੰ ਇੰਨਾ ਗਿਆਨ ਵੀ ਹੋ ਸਕਦਾ ਹੈ?''

ਹੁਣ ਉਹ 20 ਲੱਖ ਡਾਲਰ ਭਾਵ 13 ਕਰੋੜ ਰੁਪਏ ਇਕੱਠੇ ਕਰ ਰਹੇ ਹਨ ਅਤੇ ਜਿਸ ਵਿਚੋਂ 9 ਕਰੋੜ ਰੁਪਏ ਉਹ ਇਕੱਠੇ ਕਰ ਚੁੱਕੇ ਹਨ। ਸ੍ਰੀ ਰਵੀ ਅਨੁਸਾਰ ਉਨ੍ਹਾਂ ਦਾ ਨਿਜੀ ਨਿਸ਼ਾਨਾ ਇਸ ਕੰਪਨੀ ਨੂੰ ਆਈ.ਪੀ.ਓ. ਤੱਕ ਲਿਜਾਣਾ ਹੈ। ਇੱਕ ਅਜਿਹੀ ਕੰਪਨੀ ਨੂੰ ਲੰਮੇ ਸਮੇਂ ਤੱਕ ਨਿਭਣ ਵਾਲੀ ਬਣਾਉਣਾ, ਜਿਸ ਦੇ 70 ਫ਼ੀ ਸਦੀ ਦੇ ਲਗਭਗ ਮੁਲਾਜ਼ਮ ਅੰਗਹੀਣ ਹੋਣ; ਤਾਂ ਇਸ ਨੂੰ ਕੋਈ ਛੋਟਾ ਕੰਮ ਨਹੀਂ ਆਖਿਆ ਜਾ ਸਕਦਾ। ਸ੍ਰੀਕਾਂਤ ਦਾ ਦੂਰ-ਦ੍ਰਿਸ਼ਟੀ ਇਸ ਕੰਪਨੀ ਦੇ ਸਦਾ ਅੰਗ-ਸੰਗ ਰਹਿੰਦੀ ਹੈ।

ਅਲੱਗ-ਥਲੱਗ ਪੈਣਾ ਇੱਕ ਵੱਡਾ ਅੜਿੱਕਾ

ਹੋਰਨਾਂ ਤੋਂ ਅਲੱਗ-ਥਲੱਗ ਪੈ ਜਾਣ ਦੀ ਸਥਿਤੀ ਦਾ ਸਾਹਮਣਾ ਅੰਗਹੀਣਤਾ ਨਾਲ ਜੂਝਦੇ ਲੋਕਾਂ ਨੂੰ ਬਚਪਨ ਤੋਂ ਹੀ ਕਰਨਾ ਪੈਂਦਾ ਹੈ। ਨਵੰਬਰ 2015 'ਚ ਸ੍ਰੀ ਸ੍ਰੀਕਾਂਤ ਨੇ ਮੁੰਬਈ 'ਚ 'ਇੰਕਟਾਕਸ' ਦੇ ਮੰਚ 'ਤੇ ਬੋਲਦਿਆਂ ਆਖਿਆ,''ਤਰਸ ਰਾਹੀਂ ਤੁਸੀਂ ਕਿਸੇ ਨੂੰ ਜਿਊਣ ਦਾ ਰਾਹ ਵਿਖਾਉਂਦੇ ਹੋ; ਕਿਸੇ ਨੂੰ ਪ੍ਰਫ਼ੁੱਲਤ ਹੋਣ ਤੇ ਅਮੀਰ ਬਣਨ ਲਈ ਮੌਕਾ ਦਿੰਦੇ ਹੋ। ਅਮੀਰੀ ਕੇਵਲ ਧਨ ਨਾਲ ਹੀ ਨਹੀਂ ਆ ਜਾਂਦੀ, ਇਹ ਖ਼ੁਸ਼ੀ ਨਾਲ ਆਉਂਦੀ ਹੈ।''

ਸ੍ਰੀਕਾਂਤ ਨੂੰ ਨਿੱਕੇ ਹੁੰਦਿਆਂ ਉਨ੍ਹਾਂ ਦੇ ਕਿਸਾਨ ਪਿਤਾ ਖੇਤਾਂ 'ਚ ਆਪਣੇ ਨਾਲ ਲੈ ਜਾਂਦੇ ਸਨ ਪਰ ਉਥੇ ਇਹ ਲੜਕਾ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦਾ ਸੀ। ਫਿਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪੜ੍ਹਾਉਣ ਦਾ ਫ਼ੈਸਲਾ ਕੀਤਾ। ''ਮੇਰੇ ਮਾਪੇ ਜਿਹੋ ਜਿਹਾ ਉਦਮੀ ਬਣਨ ਬਾਰੇ ਸੋਚਦੇ ਸਨ, ਮੈਂ ਉਸ ਹਿਸਾਬ ਨਾਲ ਪੂਰੀ ਤਰ੍ਹਾਂ ਨਾਕਾਮ ਸਾਂ।'' ਉਨ੍ਹਾਂ ਦੇ ਪਿੰਡ ਲਾਗਲਾ ਸਕੂਲ ਵੀ ਲਗਭਗ 5 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਸੀ। ਉਨ੍ਹਾਂ ਨੂੰ ਉਹ ਸਾਰਾ ਰਾਹ ਪੈਦਲ ਹੀ ਜਾਣਾ ਪੈਂਦਾ ਸੀ। ਉਹ ਦੋ ਸਾਲ ਇੰਝ ਹੀ ਸਕੂਲ ਜਾਂਦੇ ਰਹੇ। ''ਕੋਈ ਮੇਰੀ ਹੋਂਦ ਦਾ ਅਹਿਸਾਸ ਨਾ ਕਰਦਾ। ਮੈਨੂੰ ਕਲਾਸ ਦੇ ਆਖ਼ਰੀ ਬੈਂਚ 'ਤੇ ਧੱਕ ਦਿੱਤਾ ਜਾਂਦਾ। ਮੈਂ ਪੀ.ਟੀ. ਦੀ ਕਲਾਸ ਵਿੱਚ ਵੀ ਸ਼ਾਮਲ ਨਾ ਹੋ ਸਕਦਾ। ਉਦੋਂ ਮੈਂ ਸੋਚਦਾ ਹੁੰਦਾ ਸਾਂ ਕਿ ਮੈਂ ਇਸ ਸੰਸਾਰ ਦਾ ਸਭ ਤੋਂ ਗ਼ਰੀਬ ਬੱਚਾ ਹਾਂ। ਇਸ ਕਰ ਕੇ ਨਹੀਂ ਕਿ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਨ; ਸਗੋਂ ਕੇਵਲ ਇਸ ਲਈ ਕਿਉਂਕਿ ਮੈਂ ਇਕੱਲਤਾ ਮਹਿਸੂਸ ਕਰਦਾ ਸਾਂ।''

ਜਦੋਂ ਉਨ੍ਹ ਦੇ ਪਿਤਾ ਨੂੰ ਲੱਗਣ ਲੱਗਾ ਕਿ ਉਨ੍ਹਾਂ ਦਾ ਬੱਚਾ ਸਕੂਲੇ ਕੁੱਝ ਵੀ ਨਹੀਂ ਸਿੱਖ ਰਿਹਾ, ਤਾਂ ਉਨ੍ਹਾਂ ਸ੍ਰੀਕਾਂਤ ਨੂੰ ਹੈਦਰਾਬਾਦ ਦੇ ਉਸ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ, ਜਿੱਥੇ ਕੇਵਲ ਅੰਗਹੀਣ ਜਾਂ ਦਿਮਾਗ਼ੀ ਤੌਰ ਉਤੇ ਘੱਟ ਵਿਕਸਤ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਉਥੇ ਜਦੋਂ ਪਿਆਰ ਤੇ ਦਇਆ ਭਾਵਨਾ ਸ੍ਰੀਕਾਂਤ ਨੂੰ ਮਿਲੀ, ਤਾਂ ਉਹ ਪ੍ਰਫ਼ੁੱਲਤ ਹੋਣ ਲੱਗ ਪਿਆ। ਉਸ ਨੇ ਸ਼ਤਰੰਜ ਤੇ ਕ੍ਰਿਕੇਟ ਜਿਹੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਵਿੱਚ ਅੱਵਲ ਵੀ ਰਹਿਣ ਲੱਗਾ। ਇੱਕ ਵਾਰ ਉਸ ਦੇ ਅੱਵਲ ਆਉਣ 'ਤੇ ਉਸ ਨੂੰ 'ਲੀਡ ਇੰਡੀਆ' ਨਾਂਅ ਦੇ ਇੱਕ ਪ੍ਰਾਜੈਕਟ ਦੌਰਾਨ ਸਵਰਗੀ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਮਿਲਣ ਦਾ ਸੁਭਾਗ ਹਾਸਲ ਹੋਇਆ।

ਪਰ ਇਨ੍ਹਾਂ ਪ੍ਰਾਪਤੀਆਂ ਦਾ ਕੋਈ ਲਾਭ ਨਾ ਹੋਇਆ ਕਿ 11ਵੀਂ ਜਮਾਤ 'ਚ ਸ੍ਰੀਕਾਂਤ ਨੂੰ ਸਾਇੰਸ ਵਿਸ਼ੇ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਆਂਧਰਾ ਪ੍ਰਦੇਸ਼ ਸਕੂਲ ਬੋਰਡ ਤੋਂ ਦਸਵੀਂ ਜਮਾਤ ਦਾ ਇਮਤਿਹਾਨ ਉਸ ਨੇ 90 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ ਸੀ ਪਰ ਬੋਰਡ ਨੇ ਕਿਹਾ ਕਿ ਉਹ ਕੇਵਲ ਆਰਟਸ ਵਿਸ਼ੇ ਹੀ ਲੈ ਸਕਦਾ ਹੈ। ਸ੍ਰੀਕਾਂਤ ਉਨ੍ਹਾਂ ਛਿਣਾਂ ਨੂੰ ਚੇਤੇ ਕਰਦਿਆਂ ਕਹਿੰਦੇ ਹਨ,''ਕੀ ਮੇਰੇ ਨਾਲ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਸੀ ਕਿਉਂਕਿ ਮੈਂ ਨੇਤਰਹੀਣ ਪੈਦਾ ਹੋਇਆ ਸਾਂ? ਨਹੀਂ ਮੈਂ ਕੇਵਲ ਲੋਕਾਂ ਦੀਆਂ ਅੱਖਾਂ ਵਿੱਚ ਹੀ ਨੇਤਰਹੀਣ ਸਾਂ।'' ਜਦੋਂ ਸ੍ਰੀਕਾਂਤ ਨੂੰ ਵਿਗਿਆਨ ਵਿਸ਼ਾ ਨਾ ਪੜ੍ਹਨ ਦਿੱਤਾ ਗਿਆ, ਤਾਂ ਉਸ ਨੇ ਜੂਝਣ ਦਾ ਫ਼ੈਸਲਾ ਕਰ ਲਿਆ। ''ਮੈਂ ਸਰਕਾਰ ਖ਼ਿਲਾਫ਼ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ; ਜੋ ਛੇ ਕੁ ਮਹੀਨੇ ਚੱਲਿਆ। ਅੰਤ 'ਚ, ਸਰਕਾਰ ਨੇ ਆਪਣੇ ਇੱਕ ਹੁਕਮ ਰਾਹੀਂ ਕਿਹਾ ਕਿ ਮੈਂ ਸਾਇੰਸ ਵਿਸ਼ੇ ਲੈ ਸਕਦਾ ਹਾਂ ਪਰ ਕੇਵਲ ਆਪਣੇ ਖ਼ੁਦ ਦੇ ਜੋਖਮ ਉਤੇ।''

ਫਿਰ ਸ੍ਰੀਕਾਂਤ ਨੇ ਹਰ ਉਹ ਗੱਲ ਤੇ ਚੀਜ਼ ਕਰ ਕੇ ਵਿਖਾਉਣੀ ਚਾਹੀ, ਜਿਸ ਨਾਲ ਉਹ ਹੋਰਨਾਂ ਨੂੰ ਗ਼ਲਤ ਸਿੱਧ ਕਰ ਸਕਦਾ ਸੀ। ਉਸ ਨੇ ਆਪਣੀਆਂ ਸਾਰੀਆਂ ਪਾਠ-ਪੁਸਤਕਾਂ ਦੀਆਂ ਆੱਡੀਓ ਤਿਆਰ ਕਰਵਾ ਲਈਆਂ, ਦਿਨ-ਰਾਤ ਮਿਹਨਤ ਕੀਤੀ ਤੇ 12ਵੀਂ ਜਮਾਤ ਦਾ ਕੋਰਸ ਮੁਕੰਮਲ ਕੀਤਾ - ਉਹ ਵੀ 98 ਫ਼ੀ ਸਦੀ ਅੰਕਾਂ ਨਾਲ।

ਕਿਸਮਤ ਸਦਾ ਬਹਾਦਰਾਂ ਦਾ ਹੀ ਸਾਥ ਦਿੰਦੀ ਹੈ

ਕੁੱਝ ਵਾਰ ਜੀਵਨ 'ਚ ਬਹੁਤ ਜ਼ਿਆਦਾ ਅੜਿੱਕੇ ਆਉਣ ਲਗਦੇ ਹਨ। ਪਰ ਅਜਿਹਾ ਉਦੋਂ ਹੁੰਦਾ ਹੈ, ਜਦੋਂ ਕਿਸੇ ਲਈ ਅੱਗੇ ਕੋਈ ਵੱਡਾ ਮਾਅਰਕਾ ਮਾਰ ਕੇ ਵਿਖਾਉਣਾ ਹੋਵੇ। ਕੁੱਝ ਕਾਮਯਾਬੀਆਂ ਤੋਂ ਬਾਅਦ ਸ੍ਰੀਕਾਂਤ ਸਾਹਮਣੇ ਫਿਰ ਕੁੱਝ ਅੜਿੱਕੇ ਆਏ। ਜਦੋਂ ਉਸ ਨੇ ਆਈ.ਆਈ.ਟੀ., ਬਿਟਸ-ਪਿਲਾਨੀ ਅਤੇ ਕੁੱਝ ਹੋਰ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਲਈ ਅਰਜ਼ੀ ਦਿੱਤੀ; ਤਾਂ ਕਿਸੇ ਨੇ ਉਸ ਨੂੰ ਦਾਖ਼ਲ ਨਾ ਕੀਤਾ।

''ਮੈਨੂੰ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਕਿਉਂਕਿ ਤੂੰ ਨੇਤਰਹੀਣ ਹੈਂ, ਇਸ ਲਈ ਤੈਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਮੈਂ ਕਿਹਾ ਕਿ ਜੇ ਆਈ.ਆਈ.ਟੀ. ਨੂੰ ਮੇਰੀ ਲੋੇੜ ਨਹੀਂ ਹੈ, ਤਾਂ ਮੈਨੂੰ ਵੀ ਆਈ.ਟੀ. ਦੀ ਕੋਈ ਜ਼ਰੂਰਤ ਨਹੀਂ ਹੈ। ਆਖ਼ਰ, ਤੁਸੀਂ ਕਿੰਨਾ ਕੁ ਚਿਰ ਲੜ ਸਕਦੇ ਹੋ?''

ਫਿਰ ਉਨ੍ਹਾਂ ਆਪਣੀ ਲੜਾਈ ਬਹੁਤ ਧਿਆਨ ਨਾਲ ਲੜਨ ਦਾ ਫ਼ੈਸਲਾ ਕੀਤਾ ਅਤੇ ਘਰ ਬੈਠ ਕੇ ਇੰਟਰਨੈਟ ਉਤੇ ਲੱਭਣਾ ਸ਼ੁਰੂ ਕੀਤਾ ਕਿ ਉਸ ਜਿਹੇ ਵਿਅਕਤੀ ਲਈ ਸਭ ਤੋਂ ਵਧੀਆ ਇੰਜੀਨੀਅਰਿੰਗ ਦਾ ਕਿਹੜਾ ਕੋਰਸ ਜਾਂ ਪ੍ਰੋਗਰਾਮ ਹੋ ਸਕਦਾ ਹੈ। ਉਨ੍ਹਾਂ ਨੇ ਅਮਰੀਕਾ ਦੇ ਚੋਟੀ ਦੇ ਚਾਰ ਸਕੂਲ - ਐਮ.ਆਈ.ਟੀ. (ਮਾਸਾਸ਼ੂਸੈਟਸ), ਸਟੈਨਫ਼ੋਰਡ, ਬਰਕਲੇ ਅੇਤ ਕਾਰਨੇਗੀ ਮੈਲਨ ਚੁਣੇ। ਉਹ ਐਮ. ਆਈ.ਟੀ. ਗਏ; ਜਿੱਥੇ ਉਨ੍ਹਾਂ ਲਈ ਵਜ਼ੀਫ਼ਾ ਮਨਜ਼ੂਰ ਹੋ ਗਿਆ ਅਤੇ ਉਹ ਉਸ ਵਿਸ਼ਵ-ਪ੍ਰਸਿੱਧ ਸਕੂਲ ਦੇ ਇਤਿਹਾਸ ਦੇ ਪਹਿਲੇ ਕੌਮਾਂਤਰੀ ਨੇਤਰਹੀਣ ਵਿਦਿਆਰਥੀ ਬਣੇ।

ਉਥੇ ਵੀ ਜੀਵਨ ਨੂੰ ਢਾਲਣਾ ਕੋਈ ਸੁਖਾਲ਼ਾ ਕੰਮ ਨਹੀਂ ਸੀ ਪਰ ਉਨ੍ਹਾਂ ਨੇ ਉਥੇ ਵੀ ਆਪਣੀ ਵਧੀਆ ਤੋਂ ਵਧੀਆ ਕਾਰਗੁਜ਼ਾਰੀ ਦੇਣ ਦਾ ਮਨ ਬਣਾਇਆ। ਇੰਝ ਉਸ ਸਕੂਲ ਤੋਂ ਵੀ ਉਨ੍ਹਾਂ ਗਰੈਜੂਏਸ਼ਨ ਕਰ ਲਈ ਤੇ ਮੁੜ ਕੇ ਉਹ ਫਿਰ ਉਸੇ ਪੁਰਾਣੇ ਸੁਆਲ ਉਤੇ ਆ ਗਏ ਕਿ ਹੁਣ ਕੀ ਕੀਤਾ ਜਾਵੇ।

''ਮੈਨੂੰ ਬਹੁਤ ਸਾਰੇ ਪ੍ਰਸ਼ਨ ਤੰਗ ਕਰਦੇ ਰਹਿੰਦੇ। ਇੱਕ ਅੰਗਹੀਣ ਬੱਚੇ ਨੂੰ ਕਲਾਸ ਦੇ ਪਿਛਲੇ ਬੈਂਚ ਉਤੇ ਕਿਉਂ ਧੱਕ ਦਿੱਤਾ ਜਾਂਦਾ ਹੈ? ਭਾਰਤ ਦੀ 10 ਪ੍ਰਤੀਸ਼ਤ ਅੰਗਹੀਣ ਜਨਤਾ ਨੂੰ ਦੇਸ਼ ਦੀ ਅਰਥ ਵਿਵਸਥਾ ਦਾ ਹਿੱਸਾ ਕਿਉਂ ਨਹੀਂ ਬਣਨ ਦਿੱਤਾ ਜਾਂਦਾ? ਉਹ ਹੋਰਨਾਂ ਲੋਕਾਂ ਵਾਂਗ ਮਾਣ ਨਾਲ ਆਪਣਾ ਜੀਵਨ ਕਿਉਂ ਨਹੀਂ ਜਿਉਂ ਸਕਦੇ?''

ਫਿਰ ਸ੍ਰੀਕਾਂਤ ਨੇ ਅਮਰੀਕਾ ਦੇ ਕਾਰਪੋਰੇਟ-ਵਿਸ਼ਵ ਵਿੱਚ ਰਹਿ ਕੇ ਕਿਸੇ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦੀ ਥਾਂ ਭਾਰਤ ਪਰਤਣ ਦਾ ਫ਼ੈਸਲਾ ਕੀਤਾ। ਉਹ ਭਾਰਤ 'ਚ ਰਹਿ ਕੇ ਹੀ ਆਪਣੇ ਅਜਿਹੇ ਸੁਆਲਾਂ ਦੇ ਜੁਆਬ ਲੱਭਣੇ ਚਾਹੁੰਦੇ ਸਨ। ਉਨ੍ਹਾਂ ਨੇ ਸਮਾਜ ਦੇ ਅੰਗਹੀਣ ਵਿਅਕਤੀਆਂ ਦੇ ਮੁੜ-ਵਸੇਬੇ ਤੇ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਇੱਕ ਸਹਾਇਕ ਮੰਚ ਸਥਾਪਤ ਕੀਤਾ। ''ਅਸੀਂ 3000 ਦੇ ਲਗਭਗ ਵਿਦਿਆਰਥੀਆਂ ਦੀ ਪੜ੍ਹਾਈ-ਲਿਖਾਈ ਅਤੇ ਕਿੱਤਾਮੁਖੀ ਸਿੱਖਿਆ ਲੈਣ ਵਿੱਚ ਮਦਦ ਕੀਤੀ। ਪਰ ਫਿਰ ਮੈਂ ਸੋਚਿਆ ਕਿ ਉਨ੍ਹਾਂ ਲਈ ਰੋਜ਼ਗਾਰ ਕਿੱਥੋਂ ਦਿਵਾਇਆ ਜਾਵੇ। ਇਸੇ ਲਈ ਉਨ੍ਹਾਂ ਨੂੰ ਰੋਜ਼ਗਾਰ ਦੇਣ ਵਾਸਤੇ ਮੈਂ ਕੰਪਨੀ ਬਣਾਈ; ਜਿਸ ਵਿੱਚ ਹੁਣ ਅਜਿਹੇ 150 ਵਿਅਕਤੀ ਕੰਮ ਕਰ ਰਹੇ ਹਨ; ਜਿਹੜੇ ਆਮ ਲੋਕਾਂ ਵਾਂਗ ਨਹੀਂ ਹਨ; ਉਨ੍ਹਾਂ ਦੀਆਂ ਯੋਗਤਾਵਾਂ ਕੁੱਝ ਵੱਖਰੀ ਕਿਸਮ ਦੀਆਂ ਹਨ।''

ਭਲਾਈ ਦਾ ਲਾਭ ਜ਼ਰੂਰ ਹੁੰਦਾ ਹੈ

ਸ੍ਰੀਕਾਂਤ ਨਾਲ ਉਨ੍ਹਾਂ ਦੀ ਕੰਪਨੀ ਵਿੱਚ ਸਵਰਨਲਤਾ ਸਹਿ-ਬਾਨੀ ਹਨ। 'ਉਹ ਸਕੂਲ ਵਿੱਚ ਅੰਗਹੀਣ ਬੱਚਿਆਂ ਨੂੰ ਪੜ੍ਹਾਉਂਦੇ ਸਨ। ਉਹੀ ਸ੍ਰੀਕਾਂਤ ਦੇ ਰਾਹ-ਦਿਸੇਰੇ ਰਹੇ ਹਨ ਤੇ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੇ ਹੀ ਕਈ ਰਾਹ ਵਿਖਾਏ ਹਨ। ਹੁਣ ਉਹ ਬੋਲੈਂਟ ਕੰਪਨੀ ਵਿੱਚ ਅੰਗਹੀਣ ਮੁਲਾਜ਼ਮਾਂ ਨੂੰ ਸਿਖਲਾਈ ਦਿੰਦੇ ਹਨ। ਉਹ ਆਪਣੇ ਅਜਿਹੇ ਵੱਖਰੇ ਤੌਰ ਉਤੇ ਯੋਗ ਮੁਲਾਜ਼ਮਾਂ ਨੂੰ ਅਹਿਸਾਸ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਵੀ ਆਪਣੀ ਮਹੱਤਤਾ ਤੇ ਕੀਮਤ ਹੈ।' ਸ੍ਰੀ ਰਵੀ ਦਸਦੇ ਹਨ,''ਸ੍ਰੀਕਾਂਤ ਮੇਰੀ ਪ੍ਰੇਰਣਾ ਦਾ ਸੱਚਾ ਸਰੋਤ ਹੈ। ਉਹ ਨਾ ਕੇਵਲ ਮੇਰਾ ਛੋਟਾ ਦੋਸਤ ਹੈ, ਸਗੋਂ ਮੇਰਾ ਹਰ ਰੋਜ਼ ਮਾਰਗ-ਦਰਸ਼ਨ ਵੀ ਕਰਦਾ ਹੈ। ਉਹ ਦਸਦਾ ਹੈ ਕਿ ਜੇ ਤੁਸੀਂ ਆਪਣੇ ਮਨ ਵਿੱਚ ਕੁੱਝ ਵੀ ਕਰਨ ਲਈ ਧਾਰ ਲਵੋਂ, ਤਾਂ ਤੁਹਾਡੇ ਲਈ ਕੁੱਝ ਵੀ ਕਰਨਾ ਸੰਭਵ ਹੈ।''

ਜਿਹੜੇ ਬੱਚੇ ਨੂੰ ਨੇਤਰਹੀਣ ਆਖ ਕੇ ਮਾਰ ਦੇਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਸਨ; ਅੱਜ ਉਹ ਹੋਰਨਾਂ ਨੂੰ ਅਸਲ ਖ਼ੁਸ਼ੀ ਦਾ ਰਾਹ ਵਿਖਾ ਰਿਹਾ ਹੈ। ਸ੍ਰੀਕਾਂਤ ਦਾ ਕਹਿਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਤਿੰਨ ਸਭ ਤੋਂ ਵੱਧ ਮਹੱਤਵਪੂਰਣ ਸਬਕ ਹਨ: ''ਆਪਣੇ ਅੰਦਰ ਦਯਾ-ਭਾਵਨਾ ਰੱਖੋ ਤੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਵੋ। ਆਪਣੇ ਜੀਵਨ ਵਿੱਚ ਅਜਿਹੇ ਲੋਕਾਂ ਨੂੰ ਸ਼ਾਮਲ ਕਰੋ ਤੇ ਉਨ੍ਹਾਂ ਦੀ ਇਕੱਲਤਾ ਨੂੰ ਤੋੜੋ ਅਤੇ ਤੀਜਾ ਸਬਕ ਇਹ ਕਿ ਕੁੱਝ ਵੀ ਚੰਗਾ ਕਰਦੇ ਰਹੋ; ਤੁਹਾਨੂੰ ਉਸ ਦਾ ਲਾਭ ਕਦੇ ਨਾ ਕਦੇ ਜ਼ਰੂਰ ਮਿਲੇਗਾ।''

ਲੇਖਕ: ਦੀਪਤੀ ਨਾਇਰ

ਅਨੁਵਾਦ: ਮਹਿਤਾਬ-ਉਦ-ਦੀਨ

  • +0
Share on
close
  • +0
Share on
close
Share on
close

Our Partner Events

Hustle across India