ਸੰਸਕਰਣ
Punjabi

ਭਾਰਤੀ ਖਪਤਕਾਰਾਂ ਨੂੰ ਪਹਿਲੀ ਵਾਰ 3-ਡੀ ਪ੍ਰਿੰਟਿੰਗ ਦੇ ਰੂ-ਬ-ਰੂ ਕਰਵਾਉਂਦੇ 'ਮੇਘਾ ਭਈਆ'

Team Punjabi
26th Nov 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

3-ਡੀ ਪ੍ਰਿੰਟਿੰਗ ਰਾਹੀਂ ਚੀਜ਼ਾਂ ਤਿਆਰ ਕਰਨ ਵਾਲੀ ਇੱਕ ਤਕਨੀਕੀ ਕੰਪਨੀ 'ਇੰਸਟਾਪ੍ਰੋ3ਡੀ' (Instrapro3D) ਦੇ ਬਾਨੀ 'ਮੇਘਾ ਭਈਆ' ਬਚਪਨ ਤੋਂ ਹੀ ਬਹੁਤ ਜਗਿਆਸੂ ਰਹੇ ਹਨ ਅਤੇ ਗੁੱਡੇ-ਗੁੱਡੀਆਂ ਨਾਲ ਖੇਡਣ ਦੀ ਉਮਰ ਤੋਂ ਹੀ 'ਡਿਸਕਵਰੀ' ਟੀ.ਵੀ. ਚੈਨਲ ਅਤੇ ਇਨਸਾਈਕਲੋਪੀਡੀਆ ਉਨ੍ਹਾਂ ਦੇ ਸਭ ਤੋਂ ਵਧੀਆ ਸਾਥੀ ਰਹੇ ਹਨ।

ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੇ ਪਿਤਾ ਦਾ ਇੱਕ ਬਹੁਤ ਹੀ ਅਹਿਮ ਪ੍ਰਭਾਵ ਰਿਹਾ ਹੈ। ਜਦੋਂ ਉਹ ਛੋਟੀ ਉਮਰ ਦੀ ਹੀ ਸਨ, ਤਦ ਤੋਂ ਹੀ ਜੇ ਘਰ ਵਿੱਚ ਕੋਈ ਵੀ ਇਲੈਕਟ੍ਰੌਨਿਕ ਸਾਮਾਨ ਖ਼ਰਾਬ ਹੋ ਜਾਂਦਾ ਸੀ, ਤਦ ਉਹ ਸਦਾ ਆਪਣੇ ਪਿਤਾ ਨੂੰ ਵਿਭਿੰਨ ਕਿਸਮ ਦੇ ਔਜ਼ਾਰ ਲੈ ਕੇ ਉਸ ਨੂੰ ਖੋਲ੍ਹ ਕੇ ਠੀਕ ਕਰਨ ਦਾ ਜਤਨ ਕਰਦਿਆਂ ਵੇਖਦੇ ਸਨ ਅਤੇ ਉਹ ਮੁਸਕਰਾਉਂਦਿਆਂ ਕਹਿੰਦੇ ਹਨ,''ਜ਼ਿਆਦਾਤਰ ਮਾਮਲਿਆਂ 'ਚ ਉਹ ਉਨ੍ਹਾਂ ਚੀਜ਼ਾਂ ਨੂੰ ਠੀਕ ਕਰਨ ਵਿੱਚ ਸਫ਼ਲ ਹੀ ਰਹਿੰਦੇ ਸਨ।'' ਉਨ੍ਹਾਂ ਦਾ ਝੁਕਾਅ ਸਦਾ ਹੀ ਤਕਨਾਲੋਜੀ ਅਤੇ ਤਕਨੀਕ ਦੇ ਖੇਤਰ ਵਿੱਚ ਰਿਹਾ। ਨਿੱਕੀ ਮੇਘਾ ਅਕਸਰ ਆਪਣੇ ਪਿਤਾ ਨਾਲ ਉਨ੍ਹਾਂ ਦੇ ਕਾਰਖਾਨੇ ਵਿੱਚ ਕੇਵਲ ਇਸ ਲਈ ਜਾਂਦੀ ਸੀ ਕਿ ਤਾਂ ਜੋ ਉਹ ਮਸ਼ੀਨਾਂ ਨੂੰ ਕੰਮ ਕਰਦਿਆਂ ਵੇਖਣ ਤੋਂ ਇਲਾਵਾ ਆਪਣੇ ਪਿਤਾ ਨੂੰ ਉਨ੍ਹਾਂ ਨੂੰ ਠੀਕ ਕਰਦਿਆਂ ਵੇਖ ਸਕੇ ਅਤੇ ਜੇ ਕਦੇ ਮਸ਼ੀਨਾਂ ਕੰਮ ਕਰਨਾ ਬੰਦ ਕਰ ਦੇਣ, ਤਾਂ ਉਹ ਸਮੱਸਿਆਵਾਂ ਦਾ ਹੱਲ ਲੱਭਣ ਦੀ ਪ੍ਰਕਿਰਿਆ ਵੀ ਵੇਖ ਸਕਣ। ਉਹ ਕਹਿੰਦੇ ਹਨ,''ਉਨ੍ਹਾਂ ਕਦੇ ਵੀ ਇਹ ਵੇਖਣ ਤੋਂ ਨਹੀਂ ਰੋਕਿਆ ਕਿ ਉਨ੍ਹਾਂ ਦੀ ਨਿੱਕੀ ਬੇਟੀ ਕੀ ਕਰ ਰਹੀ ਹੈ ਅਤੇ ਅੱਜ ਮੈਂ ਜੋ ਕੁੱਝ ਵੀ ਹਾਂ, ਇਸੇ ਕਰ ਕੇ ਹਾਂ। ਕਿਸੇ ਵੀ ਚੀਜ਼ ਦੀ ਡੂੰਘਾਈ ਤੱਕ ਜਾਣਾ ਹੁਣ ਮੇਰੇ ਜੀਵਨ ਦਾ ਇੱਕ ਅਟੁੱਟ ਹਿੱਸਾ ਹੈ।''

image


ਬੀਤੇ ਗਰਮੀਆਂ ਦੇ ਮੌਸਮ 'ਚ ਮੇਘਾ, ਔਰਤਾਂ ਸਾਹਮਣੇ ਅਕਸਰ ਆਉਣ ਵਾਲੀ ਇੱਕ ਆਮ ਜਿਹੀ ਸਮੱਸਿਆ ਦਾ ਹੱਲ ਲੱਭਣ ਦੀ ਦਿਸ਼ਾ ਵਿੱਚ ਆਪਣਾ ਦਿਮਾਗ਼ ਰਹੇ ਸਨ। ਉਚੀ ਅੱਡੀ ਵਾਲੇ ਸੈਂਡਲ (ਸਟਿਲੇਟੋਜ਼) ਪਹਿਨਣ ਵਾਲੀਆਂ ਔਰਤਾਂ ਸਾਹਮਣੇ ਅਕਸਰ ਇਹ ਸਮੱਸਿਆ ਆਉਂਦੀ ਹੈ ਕਿ ਜਦੋਂ ਤੱਕ ਉਹ ਇਨ੍ਹਾਂ ਨੂੰ ਪਹਿਨ ਕੇ ਕਿਸੇ ਵੀ ਕੱਚੀ ਥਾਂ ਉਤੇ ਚਲਦੀਆਂ ਹਨ ਤਾਂ ਉਹ ਸੈਂਡਲ ਮਿੱਟੀ ਜਾਂ ਘਾਹ ਵਿੱਚ ਧਸ ਜਾਂਦੇ ਹਨ ਅਤੇ ਉਹ ਇਸ ਸਮੱਸਿਆ ਦਾ ਹੱਲ ਲਭਦਿਆਂ ਇੱਕ ਉਤਪਾਦ-ਡਿਜ਼ਾਇਨ ਕਰਨ ਦਾ ਜਤਨ ਕਰ ਰਹੇ ਸਨ। ਮੇਘਾ ਦਸਦੇ ਹਨ,''ਅਜਿਹੀ ਹਾਲਤ ਲਈ ਮੈਂ ਇੱਕ 'ਹੀਲ ਕੈਪ' ਤਿਆਰ ਕਰਨਾ ਚਾਹੁੰਦੀ ਸਾਂ, ਜੋ ਅੱਡੀ ਨੂੰ ਕੱਚੀ ਥਾਂ ਉਤੇ ਧਸਣ ਤੋਂ ਰੋਕਣ ਦੇ ਸਮਰੱਥ ਹੋਵੇ। ਇੱਕ ਵਾਰ ਡਿਜ਼ਾਇਨ ਤਿਆਰ ਕਰ ਲੈਣ ਤੋਂ ਬਾਅਦ ਮੇਰੇ ਲਈ ਉਸ ਦਾ ਨਮੂਨਾ ਤਿਆਰ ਕਰ ਸਕਣਾ ਬਹੁਤ ਔਖਾ ਸਿੱਧ ਹੋਇਆ ਕਿਉਂਕਿ ਇਸ ਲਈ ਮੈਨੂੰ ਬਹੁਤ ਮਹਿੰਗੀਆਂ ਰਵਾਇਤੀ ਨਿਰਮਾਣ ਵਿਧੀਆਂ ਦੀ ਮਦਦ ਲੈਣੀ ਪਈ। ਉਸੇ ਸਮੇਂ ਮੇਰੇ ਦਿਮਾਗ਼ ਵਿੱਚ 3-ਡੀ ਪ੍ਰਿੰਟਿੰਗ ਦਾ ਵਿਚਾਰ ਆਇਆ ਅਤੇ ਮੈਂ ਇਸ ਖੇਤਰ ਵਿੱਚ ਕੁੱਝ ਕਰਨ ਦਾ ਮਨ ਬਣਾਇਆ।''

ਕਿਸੇ ਵੀ ਚੀਜ਼ ਦੀ ਡੂੰਘਾਈ ਵਿੱਚ ਜਾਣ ਦੀ ਆਪਣੀ ਪੁਰਾਣੀ ਆਦਤ ਦੇ ਚਲਦਿਆਂ ਹੀ ਉਹ 'ਇੰਸਟਾਪ੍ਰੋ3ਡੀ' ਦੀ ਨੀਂਹ ਰੱਖਣ ਵਿੱਚ ਕਾਮਯਾਬ ਰਹੇ। ਮੇਘਾ ਜੀ ਦਸਦੇ ਹਨ,''ਸਾਡਾ ਇਰਾਦਾ ਕਿਸੇ ਵੀ ਵਸਤੂ ਨੂੰ ਅਸਲ ਵਿੱਚ ਤਿਆਰ ਕਰਨ ਦੇ ਦੌਰ ਵਿੱਚ ਲੱਗੇ ਨਿਰਮਾਤਾਵਾਂ, ਵਿਚਾਰਕਾਂ ਅਤੇ ਡਿਜ਼ਾਇਨਰਾਂ ਵਿਚਕਾਰਲੀ ਦੂਰੀ ਖ਼ਤਮ ਕਰਨ ਦਾ ਉਦੇਸ਼ ਲੈ ਕੇ ਕੰਮ ਕਰਨ ਦਾ ਸੀ।''

3-ਡੀ ਪ੍ਰਿੰਟਿੰਗ

ਮੇਘਾ ਅਨੁਸਾਰ ਭਾਰਤ ਵਿੱਚ ਹਾਲੇ ਵੀ 3-ਡੀ ਪ੍ਰਿੰਟਿੰਗ ਦੀ ਧਾਰਨਾ ਹਾਲੇ ਆਪਣੇ ਬਚਪਨ ਵਿੱਚ ਹੀ ਹੈ ਅਤੇ ਹਾਲੇ ਇਹ ਲੋਕਾਂ 'ਚ ਆਪਣੀ ਹਰਮਨਪਿਆਰਤਾ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੀ। ਮੇਘਾ ਦਾ ਕਹਿਣਾ ਹੈ,''ਅਸਲ ਵਿੱਚ ਇਹ ਤਕਨੀਕ ਬਹੁਤ ਰੋਮਾਂਚਕ ਹੈ ਅਤੇ ਮੈਂ ਵੀ ਜਦੋਂ ਇਸ ਬਾਰੇ ਪਹਿਲੀ ਵਾਰ ਜਾਣਿਆ, ਤਾਂ ਮੈਨੂੰ ਜਾਪਿਆ ਕਿ 90 ਦੇ ਦਹਾਕਿਆਂ ਵਿੱਚ ਵੇਖਿਆ ਜਾਣ ਵਾਲਾ ਕਾਰਟੂਨ ਜੈਟ ਸੰਨਜ਼ ਅਸਲੀਅਤ ਦਾ ਰੂਪ ਧਾਰ ਗਿਆ ਹੈ। ਤੁਸੀਂ 3-ਡੀ ਪ੍ਰਿੰਟਰ ਦੇ ਮਾਧਿਅਮ ਰਾਹੀਂ ਕੁੱਝ ਵੀ ਤਿਆਰ ਕਰ ਸਕਦੇ ਹੋ।''

image


ਮੇਘਾ ਨੇ ਇਸ ਵਰ੍ਹੇ ਦੇ ਅਰੰਭ ਵਿੱਚ ਆਪਣੇ ਉਦਮ ਦੀ ਨੀਂਹ ਰੱਖੀ ਅਤੇ ਹੁਣ ਉਹ 4 ਤਕਨੀਕੀ ਮਾਹਿਰਾਂ ਦੀ ਇੱਕ ਟੀਮ ਦੀ ਅਗਵਾਈ ਕਰ ਰਹੇ ਹਨ। 'ਇੰਸਟਾਪ੍ਰੋ3ਡੀ' ਇੱਕ ਸੇਵਾ ਬਿਊਰੋ ਵਜੋਂ ਸੰਚਾਲਿਤ ਹੋ ਰਿਹਾ ਹੈ, ਜਿੱਥੇ ਮੇਘਾ ਅਤੇ ਉਨ੍ਹਾਂ ਦੀ ਟੀਮ ਪ੍ਰੋਟੋਟਾਈਪ ਅਤੇ ਡਾਇਰੈਕਟ ਡਿਜੀਟਲ ਨਿਰਮਾਣ ਤਿਆਰ ਕਰਨ ਲਈ ਉਤਪਾਦ ਡਿਜ਼ਾਇਨਰਾਂ ਅਤੇ ਡਿਵੈਲਪਰਜ਼ ਤੋਂ ਇਲਾਵਾ ਵਿਦਿਆਰਥੀਆਂ, ਇੰਜੀਨੀਅਰਾਂ, ਆਰਕੀਟੈਕਟਸ, ਬੇਕਰਜ਼ ਅਤੇ ਸੁਨਿਆਰਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਆਪਣਾ ਰਾਹ ਖ਼ੁਦ ਬਣਾਉਣਾ

ਮੇਘਾ ਦਾ ਝੁਕਾਅ ਸਕੂਲੀ ਦਿਨਾਂ ਤੋਂ ਹੀ ਵਿਗਿਆਨ ਦੇ ਵਿਸ਼ੇ ਵੱਲ ਸੀ ਪਰ ਗਰੈਜੂਏਸ਼ਨ ਦੌਰਾਨ ਉਨ੍ਹਾਂ ਦੇ ਕੈਰੀਅਰ ਨੇ ਇੱਕ ਬਿਲਕੁਲ ਹੀ ਵੱਖਰੀ ਕਰਵਟ ਲਈ। ਉਹ ਕਹਿੰਦੇ ਹਨ,''ਮੈਂ ਸਾਲ 2012 'ਚ ਬਿਜ਼ਨੇਸ ਸਟੱਡੀਜ਼ ਦੇ ਖੇਤਰ ਵਿੱਚ ਲੈਸਟਰ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਲਈ। ਇਸ ਤਬਦੀਲੀ ਦੇ ਬਾਵਜੂਦ ਤਕਨੀਕ ਅਤੇ ਤਕਨਾਲੋਜੀ ਪ੍ਰਤੀ ਮੇਰਾ ਝੁਕਾਅ ਬਿਲਕੁਲ ਘੱਟ ਨਹੀਂ ਹੋਇਆ।''

ਗਰੈਜੂਏਸ਼ਨ ਤੋਂ ਬਾਅਦ ਮੇਘਾ ਐਲ.ਈ.ਡੀ. ਲਾਈਟਿੰਗ ਅਤੇ ਸਾਈਨੇਜ ਦੇ ਆਪਣੇ ਪਰਿਵਾਰਕ ਕਾਰੋਬਾਰ ਦਾ ਹਿੱਸਾ ਬਣ ਗਏ। ਉਨ੍ਹਾਂ ਆਪਣੇ ਦਮ ਉਤੇ ਕੁੱਝ ਕਰਨ ਤੋਂ ਪਹਿਲਾਂ ਤਿੰਨ ਸਾਲਾਂ ਤੱਕ ਉਥੇ ਕੰਮ ਕਰਨ ਦਾ ਤਜਰਬਾ ਹਾਸਲ ਕੀਤਾ। ਉਹ ਦਸਦੇ ਹਨ,''ਮੇਰੇ ਪਿਤਾ ਦੀ ਕੰਮ ਵਾਲੀ ਥਾਂ ਉਤੇ ਵਿਵਸਥਾ ਅਤੇ ਪ੍ਰੋਟੋਕੋਲ ਤਾਂ ਪਹਿਲਾਂ ਹੀ ਅਮਲ ਵਿੱਚ ਲਿਆਂਦੇ ਜਾ ਰਹੇ ਸਨ ਅਤੇ ਉਥੇ ਮੇਰੀ ਪਛਾਣ ਕੇਵਲ ਆਪਣੀ ਇੱਕ ਧੀ ਵਜੋਂ ਸੀ। ਮੈਂ ਆਪਣੀ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਸਾਂ ਅਤੇ ਆਪਣੀ ਸਮਰੱਥਾ ਅਤੇ ਸ਼ਕਤੀ ਨੂੰ ਪਰਖਣਾ ਚਾਹੁੰਦੀ ਸਾਂ।''

ਉਨ੍ਹਾਂ ਦਾ ਇਹ ਫ਼ੈਸਲਾ ਇੰਨਾ ਸੁਖਾਲ਼ਾ ਨਹੀਂ ਸੀ, ਸਗੋਂ ਉਹ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਸੀ। ਮੇਘਾ ਉਸ ਵੇਲੇ 24 ਸਾਲ ਦੇ ਸਨ ਅਤੇ ਵਿਆਹ ਦੇ ਯੋਗ ਵੀ ਸਨ। ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਆਪਣੇ ਮਾਪਿਆਂ ਨੂੰ ਵਿਆਹ ਨਾ ਕਰਨ ਲਈ ਮਨਾਉਣ ਵਿੱਚ ਸਖ਼ਤ ਮਿਹਨਤ ਕਰਨੀ ਪਈ। ਮੇਘਾ ਦਸਦੇ ਹਨ,''ਮੈਂ ਆਪਣੇ ਮਾਤਾ- ਪਿਤਾ ਵੱਲੋਂ ਦਿੱਤੀ ਸਿੱਖਿਆ ਤੇ ਸੰਸਕਾਰਾਂ ਬਦਲੇ ਕੁੱਝ ਵਧੇਰੇ ਸਾਰਥਕ ਅਤੇ ਚੁਣੌਤੀਪੂਰਨ ਕਰਨਾ ਚਾਹੁੰਦੀ ਸਾਂ। ਅਖ਼ੀਰ ਉਹ ਮੰਨ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਰਵੱਈਆ ਬਹੁਤ ਮਦਦਗਾਰ ਰਿਹਾ ਹੈ।''

ਇੰਸਟਾਪ੍ਰੋ3ਡੀ

ਇੰਸਟਾਪ੍ਰੋ3ਡੀ ਨੂੰ ਸ਼ੁਰੂ ਕਰਨ ਪਿੱਛੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਭਾਰਤ ਵਿੱਚ 3-ਡੀ ਪ੍ਰਿੰਟਿੰਗ ਲਈ ਇੱਕ ਬੁਨਿਆਦੀ ਢਾਂਚਾ ਨਿਰਮਾਣ ਕਰਨ ਦਾ ਸੀ, ਤਾਂ ਜੋ ਲੋਕ ਨਵੇਂ ਉਤਪਾਦਾਂ ਦੀ ਖੋਜ, ਨਿਰਮਾਣ ਅਤੇ ਡਿਜ਼ਾਇਨਿੰਗ ਲਈ ਇਸ ਸ਼ਕਤੀਸ਼ਾਲੀ ਤਕਨੀਕ ਦਾ ਉਪਯੋਗ ਕਰਨ ਲਈ ਪ੍ਰੇਰਿਤ ਹੋ ਸਕਣ।

ਇੰਸਟਾਪ੍ਰੋ3ਡੀ ਦੇ ਕੰਮ ਬਾਰੇ ਗੱਲ ਕਰਦਿਆਂ ਉਹ ਦਸਦੇ ਹਨ ਕਿ ਉਹ ਹੁਣ ਤੱਕ ਕੂਲ ਮਾਸਟਰ, ਏ.ਬੀ.ਬੀ. ਸੋਲਰ, ਮੈਕੇਨ ਹੈਲਥ, ਸੀ.ਆਈ.ਬੀ.ਏ.ਆਰ.ਟੀ. ਜਿਹੇ ਬਹੁ-ਕੌਮੀ ਨਿਗਮਾਂ ਅਤੇ ਸਰਕਾਰੀ ਏਜੰਸੀਆਂ ਨਾਲ ਕੰਮ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਆਪਣੇ ਪੱਧਰ ਉਤੇ ਬਹੁਤ ਜ਼ਿਆਦਾ ਤਜਰਬੇ ਵੀ ਕਰ ਚੁੱਕੇ ਹਨ। ਹੱਥਾਂ ਅਤੇ ਪੈਰਾਂ ਦੀ ਛਾਪ ਨੂੰ 3-ਡੀ ਪ੍ਰਿੰਟੇਡ ਯਾਦਗਾਰੀ ਚਿੰਨ੍ਹ ਵਿੱਚ ਤਬਦੀਲ ਕਰਨ ਦੀ ਪਹਿਲ ਉਨ੍ਹਾਂ ਦੇ ਇਨ੍ਹਾਂ ਹੀ ਪਰੀਖਣਾਂ ਦਾ ਕੇਵਲ ਇੱਕ ਨਮੂਨਾ ਹੈ। ਮੇਘਾ ਦਸਦੇ ਹਨ,''ਸਾਡਾ ਮੰਨਣਾ ਹੈ ਕਿ ਪਰਿਵਾਰ ਵਿੱਚ ਬੱਚੇ ਦਾ ਜਨਮ ਕਿਸੇ ਵੀ ਮਾਤਾ-ਪਿਤਾ ਲਈ ਬਹੁਤ ਹੀ ਭਾਵਨਾਤਮਕ ਛਿਣ ਹੁੰਦਾ ਹੈ ਅਤੇ ਅਜਿਹੀ ਹਾਲਤ ਵਿੱਚ ਉਸ ਛਿਣ ਨੂੰ ਜੀਵਨ ਭਰ ਲਈ ਸੰਭਾਲ ਲੈਣ ਦਾ ਵਿਚਾਰ ਅਸਲ ਵਿੱਚ ਵਡਮੁੱਲਾ ਹੁੰਦਾ ਹੈ। ਅਸੀਂ ਉਹ ਪਹਿਲੀ ਕੰਪਨੀ ਹਾਂ, ਜੋ ਭਾਰਤ ਵਿੱਚ ਕਾਗਜ਼ ਉਤੇ ਲਈ ਹੱਥਾਂ ਦੀ ਛਾਪ ਨੂੰ 3-ਡੀ ਪ੍ਰਿੰਟੇਡ ਯਾਦਗਾਰੀ ਚਿੰਨ੍ਹ ਵਿੱਚ ਬਦਲਦੇ ਹਨ।''

ਹੁਣ ਤੱਕ ਇਸ 3-ਡੀ ਤਕਨੀਕ ਨੂੰ ਇੱਕ ਬਹੁਤ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ ਹੈ। ਉਹ ਦਸਦੇ ਹਨ ਕਿ ਕਿਵੇਂ ਇਸ ਤਕਨੀਕ ਦਾ ਪ੍ਰਯੋਗ ਰੱਖਿਆ, ਏਅਰੋਸਪੇਸ, ਆੱਟੋਮੋਬਾਇਲ, ਗਹਿਣਿਆਂ ਅਤੇ ਮੈਡੀਕਲ ਆਦਿ ਦੇ ਖੇਤਰ ਵਿੱਚ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ,''ਭਾਵੇਂ ਇਹ ਤਕਨੀਕ ਹਾਲੇ ਵੀ ਖਪਤਕਾਰਾਂ ਦੇ ਵਿਅਕਤੀਗਤ ਜੀਵਨ ਦਾ ਹਿੱਸਾ ਬਣਨ ਵਿੱਚ ਸਫ਼ਲ ਨਹੀਂ ਹੋ ਸਕੀ ਹੈ।''

ਚੁਣੌਤੀਆਂ ਅਤੇ ਪ੍ਰੇਰਣਾ

ਮੇਘਾ ਦਸਦੇ ਹਨ,''ਉਦਮ ਦਾ ਖੇਤਰ ਚੁਣੌਤੀਆਂ ਨਾਲ ਭਰਿਆ ਹੁੰਦਾ ਹੈ। ਤੁਹਾਨੂੰ ਇੱਕੋ ਹੀ ਸਮੇਂ ਉਤੇ ਕਈ ਸਾਰੀਆਂ ਚੀਜ਼ਾਂ ਨੂੰ ਸੰਭਾਲਦਿਆਂ ਉਨ੍ਹਾਂ ਦਾ ਪ੍ਰਬੰਧ ਵੇਖਣ ਤੋਂ ਇਲਾਵਾ ਵੱਖੋ-ਵੱਖਰੀਆਂ ਸਮੱਸਿਆਵਾਂ ਦਾ ਹੱਲ ਵੀ ਲੱਭਣਾ ਹੁੰਦਾ ਹੈ। ਤੁਸੀਂ ਲਗਾਤਾਰ ਵਿਕਾਸ ਦੇ ਅਗਲੇ ਪੱਧਰ, ਬੈਕਐਂਡ ਅਤੇ ਸਭ ਤੋਂ ਵੱਧ ਮੂਲ ਟੀਮ ਦੇ ਨਿਰਮਾਣ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਰਹਿੰਦੇ ਹੋ।''

ਇੱਕ ਮਹਿਲਾ ਉਦਮੀ ਵਜੋਂ ਉਨ੍ਹਾਂ ਦਾ ਤਜਰਬਾ ਬਹੁਤ ਰਲ਼ਵਾਂ-ਮਿਲ਼ਵਾਂ ਰਿਹਾ। ਉਹ ਕਹਿੰਦੇ ਹਨ,''ਕਈ ਵਾਰ ਅਜਿਹੇ ਮੌਕੇ ਵੀ ਆਏ, ਜਦੋਂ ਖਪਤਕਾਰਾਂ ਨੇ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਘਟਾ ਕੇ ਵੇਖਿਆ ਪਰ ਬਹੁਤੇ ਮਾਮਲਿਆਂ ਵਿੱਚ ਇੱਕ ਔਰਤ ਹੋਣਾ ਮੇਰੇ ਹੱਕ ਵਿੱਚ ਹੀ ਰਿਹਾ ਹੈ।''

image


ਆਪਣੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਉਹ ਜੀਵਨ ਦਾ ਸਭ ਤੋਂ ਅਹਿਮ ਸਬਕ ਸਿੱਖਣ ਵਿੱਚ ਵੀ ਸਫ਼ਲ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਕੁੱਝ ਗ਼ਲਤ ਕਰਨ ਬਾਰੇ ਵੀ ਚਿੰਤਾ ਹੀ ਕਰਨੀ ਬੰਦ ਕਰ ਦੇਣ ਨਾਲ ਜੋ ਸਹੀ ਹੋ ਸਕਦਾ ਹੈ, ਉਸ ਨੂੰ ਸੋਚ ਕੇ ਖ਼ੁਸ਼ ਰਹਿਣਾ ਸਿੱਖਿਆ ਹੈ। ਉਹ ਕਹਿੰਦੇ ਹਨ,''ਕਈ ਵਾਰ ਮੈਨੂੰ ਇੰਝ ਲਗਦਾ ਹੈ ਕਿ ਮੈਂ ਬਿਲਕੁਲ ਠੀਕ ਕਰ ਰਹੀ ਹਾਂ ਪਰ ਇਸ ਦੇ ਬਾਵਜੂਦ ਮੈਂ 'ਜੇ ਸਾਡਾ ਪਲਾਨ ਏ ਨਾਕਾਮ ਰਿਹਾ, ਤਾਂ ਵੀ 25 ਦੂਜੇ ਸ਼ਬਦ ਮੌਜੂਦ ਹਨ', ਦੀ ਧਾਰਨਾ ਦੀ ਪਾਲਣਾ ਕਰਦੀ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਹਾਲਤ ਵਿੱਚ ਰੁਕਣਾ ਨਹੀਂ ਹੈ।''

ਪੰਜ ਵਰ੍ਹੇ ਅੱਗੇ ਦੀ ਸੋਚ

ਮੇਘਾ ਨੇ ਹਾਲੇ ਸਿਰਫ਼ ਅਰੰਭ ਹੀ ਕੀਤਾ ਹੈ ਅਤੇ ਉਹ ਇਸ ਤਕਨੀਕ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ। ਉਹ ਕਹਿੰਦੇ ਹਨ,''ਮੈਨੂੰ ਇੰਝ ਜਾਪਦਾ ਹੈ ਕਿ ਅਸੀਂ ਹਾਲੇ ਇਸ ਤਕਨੀਕ ਦੀ ਬਾਹਰੀ ਸਤ੍ਹਾ ਨੂੰ ਹੀ ਜਾਣਨ ਵਿੱਚ ਸਫ਼ਲ ਹੋਏ ਹਾਂ ਅਤੇ ਹਾਲੇ ਤੱਕ ਅਸੀਂ ਇਸ ਤਕਨੀਕ ਦੀਆਂ ਅਸਲ ਸਮਰੱਥਾਵਾਂ ਦੀ ਜੜ੍ਹ ਤੱਕ ਨਹੀਂ ਪੁੱਜੇ ਹਾਂ। ਮੈਂ ਨੇੜ ਭਵਿੱਖ ਵਿੱਚ ਦੇਸ਼ ਦੇ ਹਰੇਕ ਖਪਤਕਾਰ ਕੋਲ ਪਰਸਨਲ ਕੰਪਿਊਟਰ ਵਾਂਗ ਇੱਕ ਨਿਜੀ 3-ਡੀ ਪ੍ਰਿੰਟਰ ਵੀ ਦੇਖ ਸਕ ਰਹੀ ਹਾਂ।''

ਆਉਣ ਵਾਲੇ ਦਿਨਾਂ ਵਿੱਚ ਉਹ ਇੰਸਟਾਪ੍ਰੋ3ਡੀ ਨੂੰ ਇੱਕ ਬਿਹਤਰੀਨ ਤਰੀਕੇ ਨਾਲ ਏਕੀਕ੍ਰਿਤ ਅਤੇ ਸਥਾਪਤ ਸੇਵਾ ਬਿਊਰੋ ਵਜੋਂ ਵੇਖਦੇ ਹਨ, ਜਿੱਥੇ ਇਸ ਦੀ ਮਦਦ ਨਾਲ ਡਿਜ਼ਾਇਨਰ, ਇਨੋਵੇਟਰ ਅਤੇ ਨਿਰਮਾਤਾ ਨਵੀਆਂ ਖੋਜਾਂ ਨੂੰ ਕਰਨ ਵਿੱਚ ਸਫ਼ਲ ਰਹਿਣਗੇ।


ਲੇਖਿਕਾ: ਤਨਵੀ ਦੂਬੇ

ਅਨੂਵਾਦ: ਮੇਹਤਾਬਉਦੀਨ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags