ਸੰਸਕਰਣ
Punjabi

ਪੰਜਾਬ 'ਚ ਨਸ਼ਿਆਂ ਦੀ ਸਮੱਗਲਿੰਗ ਦੇ ਖ਼ਾਤਮੇ ਲਈ ਇੱਕ ਵਿਅਕਤੀ ਵੱਲੋਂ ਵਿੱਢੀ ਨਿਵੇਕਲੀ ਮੁਹਿੰਮ ਨੂੰ ਮਿਲਣ ਲੱਗਾ ਭਰਵਾਂ ਹੁੰਗਾਰਾ

Team Punjabi
27th Apr 2016
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਪੰਜਾਬ 'ਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ਿਆਂ ਦੀ ਜਿੱਲ੍ਹਣ ਵਿੱਚ ਫਸੇ ਅਣਗਿਣਤ ਪੰਜਾਬੀ ਨੌਜਵਾਨਾਂ ਦੀ ਸਮੱਸਿਆ ਤੋਂ ਅੱਜ ਸਾਰੇ ਜਾਣੂ ਹਨ ਪਰ ਉਸ ਦਾ ਟਾਕਰਾ ਕਰਨ ਲਈ ਕਿੰਨੇ ਕੁ ਡਟਦੇ ਹਨ। ਅਸੀਂ ਉਨ੍ਹਾਂ ਦੇ ਨਾਂਅ ਬਹੁਤ ਆਸਾਨੀ ਨਾਲ਼ ਆਪਣੀਆਂ ਉਂਗਲਾਂ 'ਤੇ ਗਿਣ ਸਕਦੇ ਹਾਂ। ਸਭ ਡਰਦੇ ਹਨ ਨਸ਼ਿਆਂ ਦੇ ਇਨ੍ਹਾਂ ਸਮੱਗਲਰਾਂ ਤੋਂ। ਪਰ 'ਸਭ ਦਾ ਭਲਾ' ਅਤੇ 'ਹਿਊਮੈਨਿਟੀ ਕਲੱਬ-ਪੰਜਾਬ' ਦੇ ਬਾਨੀ ਸ੍ਰੀ ਨਵਤੇਜ ਸਿੰਘ ਗੁੱਗੂ ਪਿਛਲੇ ਕੁੱਝ ਸਮੇਂ ਤੋਂ ਸਮੁੱਚੇ ਪੰਜਾਬ ਦੇ ਨਸ਼ਿਆਂ ਦੇ ਸਮੱਗਲਰਾਂ ਖ਼ਿਲਾਫ਼ ਪੂਰੀ ਦ੍ਰਿੜ੍ਹਤਾ ਨਾਲ਼ ਡਟੇ ਹੋਏ ਹਨ ਤੇ ਉਨ੍ਹਾਂ ਦੀ ਇੱਕ ਨਿਵੇਕਲੀ ਤੇ ਵਿਲੱਖਣ ਮੁਹਿੰਮ ਨੂੰ ਹੁਣ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਹੈ।

image


ਸ੍ਰੀ ਗੁੱਗੂ ਦਾ ਸਾਥ ਹੁਣ ਗੁਰਦਾਸਪੁਰ ਜ਼ਿਲ੍ਹੇ ਦੀਆਂ ਅਨੇਕਾਂ ਜੱਥੇਬੰਦੀਆਂ ਦੇਣ ਲੱਗ ਪਈਆਂ ਹਨ। ਆਮ ਲੋਕਾਂ ਦਾ ਡਾਢਾ ਪਿਆਰ ਵੀ ਉਨ੍ਹਾਂ ਨੂੰ ਮਿਲਣ ਲੱਗਾ ਹੈ। ਸ੍ਰੀ ਗੱਗੂ ਤੇ ਉਨ੍ਹਾਂ ਦੇ ਸਾਥੀ ਆਪਣੇ ਇਲਾਕੇ ਦੇ ਉਨ੍ਹਾਂ ਪਿੰਡਾਂ ਦੇ ਨਾਂਅ ਫ਼ਲੈਕਸ ਬੋਰਡਾਂ ਉੱਤੇ ਲਿਖ ਕੇ ਉਜਾਗਰ ਕਰਦੇ ਹਨ, ਜਿੱਥੇ ਨਸ਼ਾ ਆਮ ਸਪਲਾਈ ਹੁੰਦਾ ਤੇ ਸ਼ਰੇਆਮ ਵਿਕਦਾ ਹੈ। ਉਨ੍ਹਾਂ ਪਿੰਡਾਂ ਵਿੱਚ ਜਿਹੜੇ ਵਿਅਕਤੀ ਨਸ਼ੇ ਦਾ ਇਹ ਘਿਨਾਉਣਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦੇ ਨਾਂਅ ਅਤੇ ਟੈਲੀਫ਼ੋਨ ਨੰਬਰ ਵੱਡੇ-ਵੱਡੇ ਬੋਰਡਾਂ 'ਤੇ ਲਿਖ ਕੇ ਜੱਗ ਜ਼ਾਹਿਰ ਕਰ ਦਿੱਤੇ ਜਾਂਦੇ ਹਨ।

ਇਹ ਸ੍ਰੀ ਨਵਤੇਜ ਸਿੰਘ ਗੁੱਗੂ ਹੀ ਸਨ, ਜਿਨ੍ਹਾਂ ਨੇ ਪਿਛਲੇ ਵਰ੍ਹੇ ਪਹਿਲੀ ਵਾਰ ਆਪਣੀ ਖ਼ਾਸ ਮੁਹਿੰਮ ਅਰੰਭ ਕੇ ਪੰਜਾਬ ਦੀਆਂ ਜੇਲ੍ਹਾਂ 'ਚ ਮੌਜੂਦ ਉਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਪਰਦਾਫ਼ਾਸ਼ ਕੀਤਾ ਸੀ, ਜਿਹੜੇ ਕੈਦੀਆਂ ਨੂੰ ਨਸ਼ੇ ਪਹੁੰਚਾਉਣ ਦਾ ਕੰਮ ਕਰਦੇ ਰਹੇ ਸਨ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਨਸ਼ੇ ਦੇ ਇਸ ਕਾਰੋਬਾਰ ਵਿੱਚ ਲੱਗੇ ਸਿਆਸੀ ਆਗੂਆਂ ਤੇ ਸਥਾਨਕ ਕੈਮਿਸਟਾਂ ਦੇ ਨਾਂਅ ਤੇ ਉਨ੍ਹਾਂ ਦੇ ਫ਼ੋਨ ਨੰਬਰ ਵੀ ਆਮ ਲੋਕਾਂ ਤੱਕ ਪਹੁੰਚਾਏ ਸਨ।

ਪਿਛਲੇ ਵਰ੍ਹੇ ਜਦੋਂ ਬਟਾਲ਼ਾ ਤੋਂ ਉਨ੍ਹਾਂ ਨੇ ਅਜਿਹੀ ਸ਼ੁਰੂਆਤ ਕੀਤੀ ਸੀ, ਤਦ ਲੋਕਾਂ ਨੂੰ ਪਹਿਲਾਂ-ਪਹਿਲ ਤਾਂ ਬਹੁਤ ਹੈਰਾਨੀ ਹੋਈ ਸੀ ਪਰ ਸੋਮਵਾਰ, 25 ਅਪ੍ਰੈਲ, 2016 ਨੂੰ ਜਦੋਂ ਉਨ੍ਹਾਂ ਸਮੈਕ ਦੇ ਅੱਡੇ ਬਣ ਚੁੱਕੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਂਅ ਅਤੇ ਸਥਾਨਕ ਨਸ਼ੀਲੇ ਸਮੱਗਲਰਾਂ ਦੇ ਕੁੱਝ ਨਵੇਂ ਨਾਂਅ ਇੱਕ ਵਿਸ਼ਾਲ ਫ਼ਲੈਕਸ ਬੋਰਡ ਉੱਤੇ ਜੱਗ ਜ਼ਾਹਿਰ ਕੀਤੇ, ਤਾਂ ਲੋਕਾਂ ਨੂੰ ਹੈਰਾਨੀ ਘੱਟ, ਖ਼ੁਸ਼ੀ ਵੱਧ ਹੋਈ।

image


ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੇਲ੍ਹ ਅਧਿਕਾਰੀਆਂ ਨੇ ਸ੍ਰੀ ਗੱਗੂ ਦੀ ਜੱਥੇਬੰਦੀ ਤੇ ਹੋਰ ਸੰਗਠਨਾਂ ਵੱਲੋਂ ਮਿਲ ਕੇ ਲਾਏ ਉਸ ਵਿਸ਼ਾਲ ਬੋਰਡ ਨੂੰ ਤੋੜ-ਭੰਨ ਕੇ ਤੁਰੰਤ ਉੱਥੋਂ ਹਟਾ ਦਿੱਤਾ। ਇਸ ਨਾਲ ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਜੇ ਨਸ਼ੀਲੇ ਪਦਾਰਥ ਦਾ ਕਾਰੋਬਾਰ ਕਰ ਕੇ ਨੌਜਵਾਨਾਂ ਤੇ ਹੋਰਨਾਂ ਆਮ ਲੋਕਾਂ ਦੇ ਜੀਵਨ ਬਰਬਾਦ ਕਰਨ ਵਾਲੇ ਲੋਕਾਂ ਦੇ ਨਾਮ ਤੇ ਫ਼ੋਨ ਨੰਬਰ ਹੁਣ ਉਪਲਬਧ ਹਨ, ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?

ਸ੍ਰੀ ਗੱਗੂ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ 30 ਤੋਂ ਵੱਧ ਕੈਮਿਸਟ ਵੀ ਸ਼ਰੇਆਮ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਹਨ, ਜਿਨ੍ਹਾਂ ਦੇ ਨਾਂਅ ਉਨ੍ਹਾਂ ਬੋਰਡ ਉੱਤੇ ਜੱਗ ਜ਼ਾਹਿਰ ਕੀਤੇ ਹਨ। ਉਨ੍ਹਾਂ 18 ਪਿੰਡਾਂ ਦੇ ਨਾਂਅ ਵੀ ਲਿਖੇ ਗਏ ਹਨ, ਜਿੱਥੇ ਨਸ਼ਿਆਂ ਦਾ ਕਾਰੋਬਾਰ ਬੇਰੋਕ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੁਰਦਾਸਪੁਰ ਜੇਲ੍ਹ 'ਚ ਤਾਇਨਾਤ ਸਰਕਾਰੀ ਮੁਲਾਜ਼ਮ ਹੀ ਕਥਿਤ ਤੌਰ 'ਤੇ ਕੈਦੀਆਂ ਨੂੰ ਨਸ਼ਾ ਵੇਚਦੇ ਹਨ ਤੇ ਉਹੀ ਉਨ੍ਹਾਂ ਦੇ ਨਸ਼ੀਲੇ (ਖ਼ਾਸ ਕਰ ਕੇ ਸਮੈਕ ਦੇ) ਟੀਕੇ ਵੀ ਲਾਉਂਦੇ ਹਨ; ਜਿਸ ਕਰ ਕੇ 25 ਫ਼ੀ ਸਦੀ ਤੋਂ ਵੀ ਵੱਧ ਕੈਦੀ ਹੁਣ ਐਚ.ਆਈ.ਵੀ. ਭਾਵ ਏਡਜ਼ ਰੋਗ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗੁਰਦਾਸਪੁਰ ਜੇਲ੍ਹ ਅੰਦਰ ਮੌਜੂਦ ਇੱਕ ਸਰਕਾਰੀ ਡਾਕਟਰ ਹੀ ਕੈਦੀਆਂ ਨੂੰ ਵੱਡੇ ਪੱਧਰ ਉੱਤੇ ਨਸ਼ੇ ਸਪਲਾਈ ਕਰ ਰਿਹਾ ਹੈ। ਉਹ ਨਸ਼ੇ ਦੀ ਇੱਕ ਗੋਲ਼ੀ 300 ਰੁਪਏ ਵਿੱਚ ਵੇਚਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੋ ਹਵਾਲਦਾਰਾਂ ਦੇ ਨਾਂਅ ਵੀ ਲਏ, ਜੋ ਇੱਕ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਰੇਟ ਨਾਲ਼ ਜੇਲ੍ਹ ਅੰਦਰ ਨਸ਼ੇ ਪਹੁੰਚਾ ਰਹੇ ਹਨ। ਸ੍ਰੀ ਗੱਗੂ ਨੇ ਮੰਗ ਕੀਤੀ ਕਿ ਇੱਕ ਖ਼ਾਸ ਮੁਹਿੰਮ ਚਲਾ ਕੇ ਰੋਗੀ ਕੈਦੀਆਂ ਦੀ ਜਾਂਚ ਕਰਵਾਈ ਜਾਵੇ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਬਾਰੇ ਗੁਪਤ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਹੈਲਪਲਾਈਨ ਅਰੰਭ ਕੀਤੀ ਜਾਵੇ।

ਸ੍ਰੀ ਗੱਗੂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਦੇ ਮੰਤਰੀਆਂ ਦੇ ਆਪਣੇ ਪਿੰਡਾਂ ਤੇ ਹਲਕਿਆਂ ਵਿੱਚ ਵੱਡੇ ਪੱਧਰ ਉੱਤੇ ਨੌਜਵਾਨ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਚੁੱਕੇ ਹਨ ਪਰ ਸਰਕਾਰ ਕੁੱਝ ਨਹੀਂ ਕਰ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹਲਕੇ ਵਿੱਚ 25 ਫ਼ੀ ਸਦੀ ਨੌਜਵਾਨ ਬਰਬਾਦ ਹੋ ਚੁੱਕੇ ਹਨ। 'ਇਸ ਤੋਂ ਇਲਾਵਾ ਇੱਕ ਹੋਰ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਦੇ ਆਪਣੇ ਪਿੰਡ ਵਿੱਚ ਸ਼ਰੇਆਮ ਸਮੈਕ ਵਿਕ ਰਹੀ ਹੈ ਪਰ ਅਜਿਹੇ ਸਮੱਗਲਰਾਂ ਨੂੰ ਰੋਕਣ ਲਈ ਕੋਈ ਉੱਦਮ ਨਹੀਂ ਕੀਤੇ ਜਾ ਰਹੇ। ਮਜੀਠਾ, ਅਜਨਾਲ਼ਾ, ਬਟਾਲ਼ਾ ਜਿਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਇਲਾਕਿਆਂ ਵਿੱਚ ਨਸ਼ਿਆਂ ਦਾ ਧੰਦਾ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਹੈ।

image


ਸ੍ਰੀ ਗੱਗੂ ਨਾਲ ਤਦ ਕਾਦੀਆਂ ਦੇ ਸਵਰਗੀ ਪਵਨ ਕੁਮਾਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਚੇਤੇ ਰਹੇ ਕਿ ਪਵਨ ਕੁਮਾਰ ਦੀ ਪਿੱਛੇ ਜਿਹੇ ਗੁਰਦਾਸਪੁਰ ਜੇਲ੍ਹ ਅੰਦਰ ਮੌਤ ਹੋ ਗਈ ਸੀ ਤੇ ਇਹ ਮਾਮਲਾ ਕਾਫ਼ੀ ਭਖਿਆ ਰਿਹਾ ਹੈ। ਪਵਨ ਕੁਮਾਰ ਪਿਛਲੇ ਤਿੰਨ ਵਰ੍ਹਿਆਂ ਤੋਂ ਜੇਲ੍ਹ ਵਿੱਚ ਬੰਦ ਸੀ ਤੇ ਜੇਲ੍ਹ ਵਿੱਚ ਹੋਰਨਾਂ ਕੈਦੀਆਂ ਵਾਂਗ ਉਸ ਨੂੰ ਵੀ ਨਸ਼ਿਆਂ ਦੀ ਲਤ ਲਾ ਦਿੱਤੀ ਗਈ ਸੀ, ਜਿਸ ਕਰ ਕੇ ਉਸ ਨੂੰ 'ਕਾਲ਼ਾ ਪੀਲ਼ੀਆ' ਰੋਗ ਹੋ ਗਿਆ ਤੇ ਅੰਤ 'ਚ ਚੱਲ ਵਸਿਆ।

ਇੱਥੇ ਵਰਣਨਯੋਗ ਹੈ ਕਿ ਸ੍ਰੀ ਨਵਤੇਜ ਸਿੰਘ ਗੱਗੂ ਅਜਿਹੀਆਂ ਮੁਹਿੰਮਾਂ ਪਹਿਲਾਂ ਗੁਰਦਾਸਪੁਰ ਤੇ ਬਟਾਲ਼ਾ ਦੇ ਨਾਲ-ਨਾਲ਼ ਅੰਮ੍ਰਿਤਸਰ, ਧਾਰੀਵਾਲ, ਪਠਾਨਕੋਟ ਤੇ ਕੁੱਝ ਹੋਰ ਜ਼ਿਲ੍ਹਿਆਂ ਵਿੱਚ ਵੀ ਚਲਾ ਚੁੱਕੇ ਹਨ।

ਪੰਜਾਬ ਵਿੱਚ ਨਸ਼ਿਆਂ ਦੇ ਸਮੱਗਲਰਾਂ ਅਤੇ ਦਹਿਸ਼ਤਗਰਦਾਂ ਦੀ ਮਿਲ਼ੀਭੁਗਤ ਦੇ ਸਬੂਤ ਵੀ ਪਿਛਲੇ ਕੁੱਝ ਸਮੇਂ ਦੌਰਾਨ ਜੱਗ ਜ਼ਾਹਿਰ ਹੋ ਚੁੱਕੇ ਹਨ। ਆੱਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਕੀਤੇ ਇੱਕ ਅਧਿਐਨ ਰਾਹੀਂ ਇਹ ਗੱਲ ਵੀ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਵਿੱਚ ਹਰ ਸਾਲ 7,500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਖਪਤ ਹੁੰਦੀ ਹੈ ਤੇ ਇਸ ਵਿੱਚੋਂ 6,500 ਕਰੋੜ ਰੁਪਏ ਦੀ ਵਿਕਰੀ ਇਕੱਲੀ ਹੈਰੋਇਨ ਦੇ ਨਸ਼ੇ ਦੀ ਹੁੰਦੀ ਹੈ। ਇਹ ਨਸ਼ੇ ਪਾਕਿਸਤਾਨੀ ਸਰਹੱਦ ਰਾਹੀਂ ਸਮੱਗਲ ਹੋ ਰਹੇ ਹਨ ਤੇ ਇਸ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਦੇ ਰਸਤਿਓਂ ਅਫ਼ਗ਼ਾਨਿਸਤਾਨ ਤੋਂ ਭਾਰਤੀ ਪੰਜਾਬ ਆਉਣ ਵਾਲ਼ੇ ਨਸ਼ੇ ਦੀ ਹੀ ਸਪਲਾਈ ਅੱਗੇ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹੁੰਦੀ ਹੈ।

ਪੰਜਾਬ ਦੀ ਆਬਾਦੀ ਇਸ ਵੇਲੇ 2 ਕਰੋੜ 77 ਲੱਖ ਹੈ, ਜਿਨ੍ਹਾਂ ਵਿਚੋਂ 1 ਲੱਖ 23 ਹਜ਼ਾਰ ਵਿਅਕਤੀ (ਜਿਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਹਨ) ਹੈਰੋਇਨ ਦੇ ਨਸ਼ੇ ਦੀ ਲਤ ਦੇ ਸ਼ਿਕਾਰ ਹਨ। ਪੰਜਾਬ ਵਿੱਚ ਰੋਜ਼ਾਨਾ 20 ਕਰੋੜ ਰੁਪਏ ਦੇ ਨਸ਼ਿਆਂ ਦੀ ਵਿਕਰੀ ਹੁੰਦੀ ਹੈ ਤੇ ਹੈਰੋਇਨ ਦੇ ਨਸ਼ੇ ਦਾ ਸ਼ਿਕਾਰ ਵਿਅਕਤੀ ਇੱਕ ਦਿਨ ਵਿੱਚ 1,400 ਰੁਪਏ ਖ਼ਰਚ ਕਰ ਰਿਹਾ ਹੈ।

ਅਜਿਹੇ ਗੰਭੀਰ ਕਿਸਮ ਦੇ ਹਾਲਾਤ ਵਿੱਚ ਸ੍ਰੀ ਨਵਤੇਜ ਸਿੰਘ ਗੱਗੂ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਸੱਚਮੁਚ ਬੇਹੱਦ ਵਰਣਨਯੋਗ ਤੇ ਸ਼ਲਾਘਾਯੋਗ ਹੈ। ਸਮੁੱਚੇ ਪੰਜਾਬ ਨੂੰ ਹੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸ੍ਰੀ ਨਵਤੇਜ ਸਿੰਘ ਗੱਗੂ ਨੂੰ ਸਾਲ 2008 ਦੇ ਨਿਹੰਗ ਅਜੀਤ ਸਿੰਘ ਪੂਹਲਾ ਕਤਲ ਕਾਂਡ ਵਿੱਚੋਂ ਅਦਾਲਤ ਵੱਲੋਂ ਬਾਕਾਇਦਾ ਬਾਇੱਜ਼ਤ ਬਰੀ ਕੀਤਾ ਜਾ ਚੁੱਕਾ ਹੈ।

ਲੇਖਕ: ਮਹਿਤਾਬ-ਉਦ-ਦੀਨ

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags