ਲਖਨਊ ਤੋਂ 'ਇਨਮੋਬੀ' ਤੱਕ, ਐਡ ਟੈਕ ਵਰਲਡ ਦੇ ਮਹਾਰਥੀ 'ਮੋਹਿਤ'

ਲਖਨਊ ਤੋਂ 'ਇਨਮੋਬੀ' ਤੱਕ, ਐਡ ਟੈਕ ਵਰਲਡ ਦੇ ਮਹਾਰਥੀ 'ਮੋਹਿਤ'

Tuesday November 10, 2015,

6 min Read

ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਜੰਮਪਲ਼ ਮੋਹਿਤ ਨੇ 1980 ਦੇ ਦਹਾਕੇ 'ਚ ਆਪਣੇ ਬਚਪਨ ਦੇ ਦਿਨ ਕ੍ਰਿਕੇਟ ਅਤੇ ਬੰਟੇ ਖੇਡਦਿਆਂ ਬਿਤਾਏ। ਮੋਹਿਤ ਨੂੰ ਪਤੰਗ ਉਡਾਉਣ ਦਾ ਬਹੁਤ ਸ਼ੌਕ ਸੀ ਅਤੇ ਉਸ ਵਿੱਚ ਉਨ੍ਹਾਂ ਨੂੰ ਖ਼ਾਸ ਮੁਹਾਰਤ ਹਾਸਲ ਸੀ, ਇਸੇ ਲਈ ਪਤੰਗ ਉਡਾਉਣ ਦੇ ਕੁੱਝ ਮੁਕਾਬਲੇ ਜਿੱਤੇ ਵੀ ਸਨ। ਮੋਹਿਤ ਦੇ ਪਿਤਾ ਉਤਰ ਪ੍ਰਦੇਸ਼ ਸਰਕਾਰ ਦੇ ਸਿਹਤ ਵਿਭਾਗ ਵਿੱਚ ਨਿਯੁਕਤ ਸਨ ਅਤੇ ਨੌਕਰੀ ਕਰ ਕੇ ਉਹ ਜ਼ਿਆਦਾਤਰ ਟੂਰ ਉਤੇ ਹੀ ਰਹਿੰਦੇ ਸਨ। ਉਨ੍ਹਾਂ ਆਪਣਾ ਜ਼ਿਆਦਾਤਰ ਸਮਾਂ ਆਪਣੀ ਮਾਂ ਦੇ ਨਿੱਘ ਹੇਠਾਂ ਹੀ ਬਿਤਾਇਆ ਅਤੇ ਇਸੇ ਕਰ ਕੇ ਉਨ੍ਹਾਂ ਦੇ ਜੀਵਨ ਉਤੇ ਮਾਂ ਦਾ ਪ੍ਰਭਾਵ ਵਧੇਰੇ ਹੈ। ਮੋਹਿਤ ਬਚਪਨ ਤੋਂ ਹੀ ਇੰਜੀਨੀਅਰ ਬਣਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕਿਸੇ ਖੇਤਰ ਵਿੱਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ, ਇਸ ਬਾਰੇ ਉਹ ਨਿਸ਼ਚਤ ਨਹੀਂ ਸਨ।

image


ਆਪਣੇ ਬਚਪਨ ਦੀਆਂ ਇੰਜੀਨੀਅਰਿੰਗ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਇੱਕ ਪੁਰਾਣੀ ਘਟਨਾ ਅੱਜ ਵੀ ਜ਼ਰੂਰ ਚੇਤੇ ਆਉਂਦੀ ਹੈ; ਜਦੋਂ ਉਨ੍ਹਾਂ ਸਾਇਕਲ ਕੰਮ ਕਿਵੇਂ ਕਰਦੀ ਹੈ, ਇਹ ਵੇਖਣ ਲਈ ਉਸ ਦੇ ਸਾਰੇ ਪੁਰਜ਼ੇ ਖੋਲ੍ਹ ਕੇ ਵੱਖ ਕਰ ਦਿੱਤੇ ਸਨ ਪਰ ਜਦੋਂ ਉਨ੍ਹਾਂ ਨੂੰ ਵਾਪਸ ਜੋੜਨ ਦੀ ਵਾਰੀ ਆਈ, ਤਾਂ ਉਨ੍ਹਾਂ ਆਪਣੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਉਸ ਖੁੱਲ੍ਹੀ ਸਾਇਕਲ ਨੂੰ ਇੱਕ ਚਾਦਰ ਵਿੱਚ ਲਪੇਟਿਆ ਅਤੇ ਇੱਕ ਮਿਸਤਰੀ ਕੋਲ ਲਿਜਾ ਕੇ ਮੁੜ ਠੀਕ ਕਰਵਾਇਆ। ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੀ ਇਸ ਹਰਕਤ ਬਾਰੇ ਕੁੱਝ ਵੀ ਪਤਾ ਨਾ ਚੱਲਿਆ।

ਜੇ.ਈ.ਈ. ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਰੁੜਕੀ ਅਤੇ ਬੀ.ਐਚ.ਯੂ. ਦੀ ਵੱਕਾਰੀ ਆਈ.ਆਈ.ਟੀ. ਲਈ ਚੁਣ ਲਿਆ ਗਿਆ। ਭਾਵੇਂ ਉਹ ਮੁੱਖ ਸਮਝੀਆਂ ਜਾਣ ਵਾਲੀਆਂ ਸ਼ਾਖ਼ਾਵਾਂ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੌਨਿਕਸ ਅਤੇ ਸੰਚਾਰ ਜਾਂ ਕੰਪਿਊਟਰ ਵਿਗਿਆਨ ਨਾ ਚੁਣ ਸਕੇ। ਹਿੰਮਤ ਨਾ ਹਾਰਦਿਆਂ ਉਨ੍ਹਾਂ ਉਸੇ ਵਰ੍ਹੇ ਆਈ.ਆਈ.ਟੀ. ਰੁੜਕੀ 'ਚ ਧਾਤ ਅਤੇ ਸਮੱਗਰੀ ਵਿਗਿਆਨ ਇੰਜੀਨੀਅਰਿੰਗ (ਮੈਟਲਰਜੀਕਲ ਐਂਡ ਮਟੀਰੀਅਲ ਸਾਇੰਸਜ਼ ਇੰਜੀਨੀਅਰਿੰਗ) ਨੂੰ ਚੁਣਦਿਆਂ ਉਸ ਵਿੱਚ ਦਾਖ਼ਲਾ ਲੈ ਲਿਆ। ਭਾਵੇਂ ਆਈ.ਆਈ.ਟੀ. 'ਚ ਉਨ੍ਹਾਂ ਦਾ ਪਹਿਲਾ ਸਾਲਾ ਬਹੁਤ ਸ਼ਾਂਤ ਰਿਹਾ ਪਰ ਚੀਜ਼ਾਂ ਛੇਤੀ ਹੀ ਇੱਕ ਦਿਲਚਸਪ ਮੋੜ ਲੈਣ ਹੀ ਵਾਲ਼ੀਆਂ ਸਨ।

ਉਨ੍ਹਾਂ ਦੇ ਜ਼ਿਆਦਾਤਰ ਦੋਸਤ ਤੇ ਸਾਥੀ ਕੰਪਿਊਟਰ ਵਿਗਿਆਨ ਅਤੇ ਆਈ.ਆਈ.ਟੀ. ਵਰਗ ਦੇ ਸਨ ਅਤੇ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਮੋਹਿਤ ਨੇ ਦੂਜੇ ਸਾਲ ਵੈਕਲਪਿਕ ਵਿਸ਼ੇ ਵਜੋਂ 'ਸੀ ਪਲੱਸ ਪਲੱਸ' ਚੁਣ ਲਿਆ। ਉਹ ਇਸ ਵਿੱਚ ਪੂਰੀ ਤਰ੍ਹਾਂ ਖੁਭ ਗਏ ਅਤੇ ਇਸ ਵਿੱਚ ਇੱਥ ਵਾਧੂ ਲਾਭ ਇਹ ਵੀ ਸੀ ਕਿ ਕੰਪਿਊਟਰ ਲੈਬ ਇੱਕ ਨਵੀਂ ਇਮਾਰਤ ਵਿੱਚ ਸਥਿਤ ਸੀ, ਜਿੱਥੇ ਏਅਰ-ਕੰਡੀਸ਼ਨਿੰਗ ਦੀ ਸਹੂਲਤ ਵੀ ਸੀ। ਇਸ ਕਰ ਕੇ ਉਹ ਜਗ੍ਹਾ ਸੌਣ ਲਈ ਵੀ ਵਧੀਆ ਵਰਤੀ ਜਾਂਦੀ ਸੀ। ਕੁੱਲ ਮਿਲ਼ਾ ਕੇ ਵੇਖਿਆ ਜਾਵੇ, ਤਾਂ ਉਨ੍ਹਾਂ ਦਾ ਇਹੋ ਫ਼ੈਸਲਾ ਜੀਵਨ ਬਦਲ ਦੇਣ ਵਾਲਾ ਰਿਹਾ।

image


ਇੰਜੀਨੀਅਰਿੰਗ ਦੀ ਡਿਗਰੀ ਮਿਲਣ ਤੋਂ ਬਾਅਦ ਮੋਹਿਤ ਨੂੰ ਟਾਟਾ ਸਟੀਲ ਵਿੱਚ ਨੌਕਰੀ ਮਿਲ ਗਈ। ਭਾਵੇਂ ਮੋਹਿਤ ਨੇ ਕਾਰੋਬਾਰੀ ਵਿਭਾਗ ਵਿੱਚ ਕੰਮ ਕਰਨ ਦੀ ਥਾਂ ਕੰਪਿਊਟਰ ਵਿਭਾਗ 'ਚ ਕੰਮ ਕਰਨ ਨੂੰ ਤਰਜੀਹ ਦਿੱਤੀ। ਉਥੇ ਚੀਜ਼ਾਂ ਨੂੰ ਹੋਰ ਵੀ ਵੱਧ ਕੁਸ਼ਲਤਾ ਨਾਲ ਚੱਲਣ ਵਿੱਚ ਮਦਦ ਲਈ ਇੱਕ ਆਟੋਮੈਟਿਕ (ਸਵੈ-ਚਾਲਿਤ) ਪ੍ਰਾਜੈਕਟ ਉਤੇ ਕੰਮ ਚੱਲ ਰਿਹਾ ਸੀ। ਮਜ਼ਦੂਰ ਯੂਨੀਅਨਾਂ ਨੂੰ ਡਰ ਸੀ ਕਿ ਇਸ ਸਵੈ-ਚਾਲਨ ਦੇ ਲਾਗੂ ਹੋਣ ਨਾਲ ਉਨ੍ਹਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ। ਨੌਂ ਮਹੀਨਿਆਂ ਦੇ ਆਪਣੇ ਕਰਜਕਾਲ ਦੌਰਾਨ ਉਥੇ ਚੱਲਣ ਵਾਲੇ ਸੰਘਰਸ਼ ਦੇ ਮਾਹੌਲ ਨੇ ਮੋਹਿਤ ਨੂੰ ਬਹੁਤ ਕੁੱਝ ਸਿਖਾਇਆ। ਫਿਰ ਮੋਹਿਤ ਨੇ ਏ.ਟੀ. ਐਂਡ ਟੀ. ਪੈਕਬੈਲ ਲੈਬਜ਼ ਵਿੱਚ ਨੌਕਰੀ ਕਰ ਲਈ ਅਤੇ 1998 'ਚ ਕ੍ਰਿਸਮਸ ਦੀ ਪੂਰਵ ਸੰਧਿਆ (24 ਦਸੰਬਰ) ਨੂੰ ਉਹ ਆਪਣੀ ਪਹਿਲੀ ਅਮਰੀਕਾ ਯਾਤਰਾ ਲਈ ਚੱਲ ਪਏ।

ਏ.ਟੀ. ਐਂਡ ਟੀ. ਤੋਂ ਬਾਅਦ ਮੋਹਿਤ ਅਮਰੀਕਾ 'ਚ ਨਵੀਂ ਕੰਪਨੀ 'ਵਰਜਿਨ ਮੋਬਾਇਲ' 'ਚ ਸ਼ਾਮਲ ਹੋ ਗਏ। ਏ.ਟੀ. ਐਂਡ ਟੀ. ਦੇ ਉਲਟ ਉਥੋਂ ਦਾ ਮਾਹੌਲ ਬਿਲਕੁਲ ਇੱਕ ਸਟਾਰਟ-ਅੱਪ ਵਾਲਾ ਸੀ ਅਤੇ ਹੱਲ ਕਰਨ ਵਾਲੀਆਂ ਸਮੱਸਿਆਵਾਂ ਦਾ ਢੇਰ ਲੱਗਿਆ ਹੀ ਰਹਿੰਦਾ ਸੀ। 'ਵਰਜਿਨ ਮੋਬਾਇਲ' ਅਮਰੀਕਾ ਦੀ ਮੁਢਲੀ ਟੀਮ ਬਹੁਤ ਛੋਟੀ ਸੀ ਅਤੇ ਮੋਹਿਤ ਸੰਚਾਲਨ ਵਿੱਚ ਲੱਗੀ ਟੀਮ ਸੰਭਾਲ ਰਹੇ ਸਨ। ਬੱਸ ਇੱਥੋਂ ਹੀ ਉਨ੍ਹਾਂ ਸਿਸਟਮ ਸਕੇਲਿੰਗ ਵਿੱਚ ਆਪਣਾ ਹੱਥ ਪਾਇਆ ਅਤੇ ਉਨ੍ਹਾਂ ਨੂੰ ਇੱਕ ਅਜਿਹਾ ਤਜਰਬਾ ਹਾਸਲ ਹੋਇਆ, ਜੋ ਬਾਅਦ 'ਚ 'ਚ ਉਨ੍ਹਾਂ ਦੇ ਬਹੁਤ ਕੰਮ ਆਇਆ।'ਇਨਮੋਬੀ'

ਉਹ ਸਾਲ 2007 ਸੀ, ਜਦੋਂ ਮੋਹਿਤ ਦੀ ਮੁਲਾਕਾਤ ਨਵੀਨ ਤਿਵਾਰੀ, ਅਮਿਤ ਗੁਪਤਾ ਅਤੇ ਅਭੇ ਸਿੰਘਲ ਨਾਲ ਹੋਈ। ਉਨ੍ਹਾਂ ਨੇ ਤੇਜ਼ੀ ਨਾਲ ਉਭਰਦੇ ਜਾ ਰਹੇ ਮੋਬਾਇਲ ਫ਼ੋਨ ਦੇ ਉਭਰਦੇ ਬਾਜ਼ਾਰ ਵਿੱਚ ਇੱਕ ਉਦਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ 'ਐਮਖੋਜ' ਦੇ ਨਾਂਅ ਨਾਲ ਇੱਕ ਕੰਪਨੀ ਦੀ ਨੀਂਹ ਰੱਖੀ ਅਤੇ ਜਦੋਂ ਉਨ੍ਹਾਂ ਐਪਲੀਕੇਸ਼ਨ ਦੇ ਬਾਜ਼ਾਰ ਨੂੰ ਵਧਦਿਆਂ ਤੱਕਿਆ, ਤਾਂ ਉਨ੍ਹਾਂ ਇਸ਼ਤਿਹਾਰ ਦੇ ਕੰਮ ਨੂੰ ਆਪਣਾ ਮੁੱਖ ਆਧਾਰ ਬਣਾ ਲਿਆ।

ਇਸ ਤੋਂ ਬਾਅਦ ਉਨ੍ਹਾਂ ਭਾਰਤੀ ਬਾਜ਼ਾਰ ਨੂੰ ਨਿਸ਼ਾਨਾ ਰੱਖ ਕੇ ਮੁੰਬਈ ਦਾ ਰੁਖ਼ ਕੀਤਾ। ਮੋਹਿਤ ਦਸਦੇ ਹਨ,''ਜਦੋਂ ਤੁਸੀਂ ਇਸ ਬਾਰੇ ਸੋਚਣ ਬੈਠਦੇ ਹੋ, ਤਦ ਦੁਜੇ ਲੋਕਾਂ ਤੱਕ ਆਪਣੀ ਇਹ ਗੱਲ ਪਹੁੰਚਾਉਣੀ ਬਹੁਤ ਔਖੀ ਹੁੰਦੀ ਹੈ।'' ਅਮਰੀਕਾ ਤੋਂ ਮੁੰਬਈ ਆਉਣ ਅਤੇ ਇੱਥੇ ਇੱਕ ਦਫ਼ਤਰ ਸਥਾਪਤ ਕਰਨ ਵਿੱਚ ਮੋਹਿਤ ਨੇ ਕੇਵਲ 15 ਦਿਨਾਂ ਦਾ ਸਮਾਂ ਲਿਆ। ਛੇਤੀ ਹੀ ਇਹ ਟੀਮ ਬੰਗਲੌਰ ਆ ਗਈ, ਜਿੱਥੇ ਤਕਨੀਕੀ ਸਟਾਰਟ-ਅੱਪਸ ਲਈ ਬਿਹਤਰ ਮਾਹੌਲ ਅਤੇ ਸਮਰਥਨ ਪ੍ਰਣਾਲੀ ਮੌਜੂਦ ਸੀ।

ਮੋਹਿਤ ਨੇ 'ਇਨਮੋਬੀ' ਲਈ ਪਹਿਲਾ ਐਡ ਸਰਵਰ ਕੋਡ ਤਿਆਰ ਕੀਤਾ ਅਤੇ ਤਦ ਤੋਂ ਉਹ ਤਕਨਾਲੋਜੀ ਦੇ ਸਿਖ਼ਰ ਉਤੇ ਕਾਇਮ ਹਨ। ਉਹ ਔਖੇ ਤਾਣੇ-ਬਾਣਿਆਂ ਦੇ ਵੱਡੇ ਪੱਧਰ ਉਤੇ ਬਣਨ ਵਾਲੇ ਬਲੂ-ਪ੍ਰਿੰਟ ਜਾਂ ਰੂਪ-ਰੇਖਾ ਤਿਆਰ ਕਰਨ ਦੇ ਮਾਹਿਰ ਹਨ। ਭਾਵੇਂ ਉਹ ਆਪਣੇ-ਆਪ ਨੂੰ 'ਆਮ' ਅਖਵਾਉਣਾ ਪਸੰਦ ਕਰਦੇ ਹਨ ਪਰ ਛੇਤੀ ਹੀ ਉਹ ਇਹ ਗੱਲ ਵੀ ਸਪੱਸ਼ਟ ਕਰ ਦਿੰਦੇ ਹਨ ਕਿ ਇਹ ਸ਼ਬਦ ਹਰੇਕ ਲਈ ਕੰਮ ਨਹੀਂ ਕਰਦਾ। ''ਮੁਢਲੇ ਦਿਨਾਂ ਵਿੱਚ ਉਹ ਬੁਨਿਆਦੀ ਗੱਲਾਂ ਹੀ ਹਨ, ਜੋ ਕੰਮ ਆਉਂਦੀਆਂ ਹਨ।''

ਜਦੋਂ 'ਇਨਮੋਬੀ' 'ਚ ਤਕਨਾਲੋਜੀ ਨਾਲ ਜੁੜੇ ਅਹੁਦਿਆਂ ਉਤੇ ਨਿਯੁਕਤੀਆਂ ਦੀ ਗੱਲ ਆਉਂਦੀ ਹੈ, ਤਾਂ ਮੋਹਿਤ ਕਹਿੰਦੇ ਹਨ ਕਿ ਉਹ ਹਰੇਕ ਚੁਣੇ ਮੈਂਬਰ ਨੂੰ ਉਹ ਆਪ ਮਿਲਦੇ ਹਨ ਅਤੇ 8 ਤੋਂ 9 ਗੇੜਾਂ ਤੱਕ ਚੱਲਣ ਵਾਲੀ ਇੱਕ ਬਹੁਤ ਔਖੀ ਪ੍ਰਕਿਰਿਆ ਹੈ। ਉਹ ਕੁੱਝ ਮਜ਼ਾਕੀਆ ਲਹਿਜੇ ਵਿੱਚ ਕਹਿੰਦੇ ਹਨ,''ਮੇਰੇ ਖ਼ਿਆਲ ਵਿੱਚ ਜੇ ਮੈਂ ਇਸ ਕੰਪਨੀ ਦਾ ਸਹਿ-ਬਾਨੀ ਨਾ ਹੁੰਦਾ, ਤਾਂ ਮੇਰੇ ਲਈ ਵੀ ਇੰਟਰਵਿਊ ਦਾ ਦੌਰ ਪਾਰ ਕਰਨਾ ਹੀ ਅਸੰਭਵ ਹੋਣਾ ਸੀ।''

ਇਸ ਵੇਲੇ ਸਾੱਫ਼ਟਵੇਅਰ ਇੰਜੀਨੀਅਰਾਂ ਦੇ ਮੈਨੇਜਰ ਬਣਨ ਦੀਆਂ ਵਧਦੀਆਂ ਘਟਨਾਵਾਂ ਉਤੇ ਰੌਸ਼ਨੀ ਪਾਉਂਦਿਆਂ ਮੋਹਿਤ ਕਹਿੰਦੇ ਹਨ,''ਐਮ.ਬੀ.ਏ. ਕਰਨਾ ਕਦੇ ਵੀ ਮੇਰੀਆਂ ਤਰਜੀਹਾਂ ਵਿੱਚ ਸ਼ਾਮਲ ਨਹੀਂ ਰਿਹਾ ਅਤੇ ਮੈਂ ਸਦਾ ਹੀ ਕੁੱਝ ਤਕਨੀਕੀ ਕੰਮ ਕਰਦਿਆਂ ਪ੍ਰਣਾਲੀਆਂ ਵਿਕਸਤ ਕਰਨਾ ਚਾਹੁੰਦਾ ਸਾਂ। ਜਦੋਂ ਵੀ ਮੈਨੂੰ ਐਮ.ਬੀ.ਏ. ਦੀ ਜ਼ਰੂਰਤ ਮਹਿਸੂਸ ਹੋਵੇਗੀ, ਮੈਂ ਆਪਣੀ ਜ਼ਰੂਰਤ ਪੂਰੀ ਕਰਨ ਲਈ ਉਨ੍ਹਾਂ ਨੂੰ ਨੌਕਰੀ ਉਤੇ ਰੱਖਣ ਦੇ ਸਮਰੱਥ ਹਾਂ। ਮੇਰੇ ਕੋਲ ਅਜਿਹੇ ਲੋਕ ਹਨ, ਜੋ ਪਿਛਲੇ 12 ਵਰ੍ਹਿਆਂ ਤੋਂ ਕੋਡਿੰਗ ਕਰ ਰਹੇ ਹਨ ਅਤੇ ਹਾਲੇ ਵੀ ਥੱਕੇ ਨਹੀਂ ਹਨ। ਮੇਰੀਆਂ ਨਜ਼ਰਾਂ ਵਿੱਚ ਇੱਕ ਵਧੀਆ ਸਾੱਫ਼ਟਵੇਅਰ ਇੰਜੀਨੀਅਰ ਕਿਸੇ ਸੈਲੀਬ੍ਰਿਟੀ ਭਾਵ ਵੀ.ਆਈ.ਪੀ. ਤੋਂ ਘੱਟ ਨਹੀਂ ਹੁੰਦਾ। ਮੈਂ ਆਪਣੇ ਜੀਵਨ ਵਿੱਚ ਕੋਡਿੰਗ ਨੂੰ ਸਭ ਤੋਂ ਤੋਂ ਵੱਧ ਪਿਆਰ ਕਰਨ ਵਾਲੇ ਇੰਜੀਨੀਅਰ ਨੂੰ ਆਪਣਾ ਸਭ-ਕੁੱਝ ਖ਼ੁਸ਼ੀ-ਖ਼ੁਸ਼ੀ ਦੇਣਾ ਪਸੰਦ ਕਰਾਂਗਾ।''

image


'ਇਨਮੋਬੀ' ਤੋਂ ਇਲਾਵਾ ਮੋਹਿਤ ਕੈਂਸਰ ਸੇਵਾਵਾਂ ਨਾਲ ਵੀ ਜੁੜੇ ਹੋਏ ਹਨ। ਇਹ ਸਭ 2012 'ਚ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਆਪਣੀ ਮਾਂ ਦੇ ਛਾਤੀ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਹਿਲੀ ਵਾਰ ਜਾਣਕਾਰੀ ਮਿਲੀ। ਉਹ ਚੌਥੇ ਪੜਾਅ ਦੇ ਕੈਂਸਰ ਰੋਗ ਤੋਂ ਪੀੜਤ ਸਨ। ਮੋਹਿਤ ਦਸਦੇ ਹਨ,'''ਅਸੀਂ ਖ਼ੁਦ ਨੂੰ ਪੜ੍ਹੇ-ਲਿਖੇ ਮੂਰਖਾਂ ਵਾਂਗ ਮਹਿਸੂਸ ਕੀਤਾ। ਇਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਿਯਮਤ ਮੈਡੀਕਲ ਪਰੀਖਣਾਂ ਤੇ ਨਿਰੀਖਣਾਂ ਲਈ ਨਾ ਲਿਜਾ ਸਕਿਆ।' ਖ਼ੁਸ਼ਕਿਸਮਤੀ ਨਾਲ ਸਮੇਂ ਸਿਰ ਇਲਾਜ ਸ਼ੁਰੂ ਹੋਣ ਕਾਰਣ ਮਾਂ ਇਸ ਬੀਮਾਰੀ ਵਿਚੋਂ ਨਿੱਕਲਣ 'ਚ ਸਫ਼ਲ ਰਹੇ ਪਰ ਉਹ ਸਮਾਂ ਪਰਿਵਾਰ ਲਈ ਬਹੁਤ ਤਣਾਅ ਭਰਿਆ ਰਿਹਾ। ਹੁਣ ਉਹ ਨਿਯਮਤ ਰੂਪ ਵਿੱਚ ਲੋਕਾਂ ਦੀ ਮਦਦ ਕਰਦੇ ਹਨ। ਇਸ ਤੋਂ ਇਲਾਵਾ 'ਇਨਮੋਬੀ' ਐਸ.ਵੀ.ਜੀ. ਕੈਂਸਰ ਹਸਪਤਾਲ ਲਈ ਆਪਣੇ ਪੱਧਰ ਉਤੇ ਧਨ ਵੀ ਇਕੱਠਾ ਕਰਦਾ ਹੈ।

ਭਵਿੱਖ ਬਾਰੇ ਮੋਹਿਤ ਕਹਿੰਦੇ ਹਨ ਕਿ 'ਇਨਮੋਬੀ' ਨੂੰ ਦੁਨੀਆਂ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਬਣਾਉਣਾ ਚਾਹੁੰਦੇ ਹਨ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।