1009 ਵਾਰ 'ਨਾਂਹ' ਸੁਣਨ ਦੇ ਬਾਵਜੂਦ ਹਾਰ ਨਾ ਮੰਨੀ ਤੇ ਫਿਰ 'ਕੇ.ਐਫ਼.ਸੀ.' ਨਾਲ ਦੁਨੀਆਂ ਜਿੱਤੀ ਕਰਨਲ ਸਾਂਡਰਸ ਨੇ
ਜੇ ਤੁਹਾਡੇ ਅੰਦਰ ਕੁੱਝ ਕਰ ਕੇ ਵਿਖਾਉਣ ਦੀ ਲਗਨ ਅਤੇ ਇੱਛਾ ਸ਼ਕਤੀ ਹੈ, ਤਾਂ ਤੁਸੀਂ ਉਮਰ ਅਤੇ ਹੋਰ ਸਾਰੀਆਂ ਰੁਕਾਵਟਾਂ ਪਾਰ ਕਰਦੇ ਹੋਏ ਵੀ ਜੀਵਨ ਦੇ ਸਫ਼ਲਤਾ ਦੇ ਸਿਖ਼ਰ ਛੋਹ ਸਕਦੇ ਹੋ ਅਤੇ ਕਰਨਲ ਹਾਰਲੈਂਡ ਸਾਂਡਰਸ ਦੀ ਕਹਾਣੀ ਸਾਨੂੰ ਬਹੁਤ ਕੁੱਝ ਸਿਖਾਉਂਦੀ ਹੈ। ਭਾਵੇਂ ਤੁਸੀਂ ਵਿਸ਼ਵ ਪ੍ਰਸਿੱਧ ਕੇ.ਐਫ਼.ਸੀ. ਦੇ ਪ੍ਰਸ਼ੰਸਕ ਹੋਵੋਂ ਜਾਂ ਨਾ ਪਰ ਉਸ ਦੇ ਬਾਨੀ ਸਾਂਡਰਸ ਦੇ ਸੰਘਰਸ਼ ਬਾਰੇ ਜਾਣ ਕੇ ਤੁਸੀਂ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੋਗੇ।
ਕਰਨਲ ਹਾਰਲੈਂਡ ਸਾਂਡਰਸ ਆਪਣੀ ਦ੍ਰਿੜ੍ਹਤਾ, ਈਮਾਨਦਾਰੀ ਅਤੇ ਕੁੱਝ ਕਰ ਕੇ ਵਿਖਾਉਣ ਦੀ ਇੱਛਾ ਕਾਰਣ ਹੀ ਅੱਜ ਨੌਜਵਾਨਾਂ ਦੇ ਆਦਰਸ਼ ਬਣ ਚੁੱਕੇ ਹਨ। ਸਾਂਡਰਸ ਦੇ ਸੰਘਰਸ਼ ਦੀ ਕਹਾਣੀ ਸੁਣਨ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਜਜ਼ਬੇ ਦਾ ਪ੍ਰਸ਼ੰਸਕ ਬਣ ਜਾਂਦਾ ਹੈ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿੱਥੋਂ ਦੇ ਖਾਣੇ ਦੇ ਸ਼ੌਕੀਨ ਸਾਂਡਰਸ ਦੇ 'ਉਂਗਲਾਂ ਚੱਟਣ ਵਾਲੇ ਲਾਜਵਾਬ' ਭਾਵ 'ਫ਼ਿੰਗਰ ਲਿਕਿਨ ਗੁੱਡ' ਕੈਂਟਕੀ ਫ਼ਰਾਇਡ ਚਿਕਨ ਦੇ ਨਾਂਅ ਤੋਂ ਅਣਜਾਣ ਹੋਣ।
ਅੱਖਾਂ ਉਤੇ ਐਨਕਾਂ, ਸਾਫ਼-ਸੁਥਰੇ ਸਫ਼ੇਦ ਸੂਟ, ਕਾਲ਼ੀ ਟਾਈ ਅਤੇ ਹੱਥ ਵਿੱਚ ਫੜੀ ਸੋਟੀ ਨਾਲ ਉਨ੍ਹਾਂ ਨੂੰ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ ਅਤੇ ਕੇ.ਐਫ਼.ਸੀ ਦੇ ਹਰ ਬੋਰਡ ਉਤੇ ਉਨ੍ਹਾਂ ਨੂੰ ਇਸ ਰੂਪ ਵਿੱਚ ਵੇਖਿਆ ਜਾ ਸਕਦਾ ਹੈ।
ਕਰਨਲ ਸਾਂਡਰਸ ਦੇ ਜੀਵਨ ਵਿੱਚ ਸਭ ਤੋਂ ਦਿਲਚਸਪ ਮੋੜ ਉਦੋਂ ਆਇਆ, ਜਦੋਂ ਉਨ੍ਹਾਂ 65 ਸਾਲਾਂ ਦੀ ਉਮਰ ਵਿੱਚ ਆਪਣਾ ਰੈਸਟੋਰੈਂਟ ਬੰਦ ਕੀਤਾ। ਸਾਰੀ ਜ਼ਿੰਦਗੀ ਮਿਹਨਤ ਕਰਨ ਤੋਂ ਬਾਅਦ ਉਮਰ ਦੇ ਇਸ ਪੜਾਅ ਉਤੇ ਆ ਕੇ ਉਨ੍ਹਾਂ ਵੇਖਿਆ ਕਿ ਉਨ੍ਹਾਂ ਕੋਲ ਬੱਚਤ ਦੇ ਨਾਂਅ ਉਤੇ ਕੁੱਝ ਨਹੀਂ ਹੈ ਅਤੇ ਉਹ ਬਿਲਕੁਲ ਕੰਗਾਲ ਹਨ।
65 ਸਾਲ ਦੀ ਉਮਰ ਵਿੱਚ ਉਨ੍ਹਾਂ ਰੈਸਟੋਰੈਂਟ ਵਿੱਚ ਜਿੰਦਰਾ ਲਾਇਆ ਅਤੇ ਰਿਟਾਇਰਮੈਂਟ ਲੈ ਕੇ ਆਰਾਮ ਦੀ ਜ਼ਿੰਦਗੀ ਬਿਤਾਉਣ ਦਾ ਫ਼ੈਸਲਾ ਕੀਤਾ। ਉਸ ਸਮੇਂ ਉਨ੍ਹਾਂਾ ਨੂੰ ਸਮਾਜਕ ਸੁਰੱਖਿਆ ਵਿਭਾਗ ਤੋਂ ਮਿਲਣ ਵਾਲੀ ਰਕਮ ਦਾ ਪਹਿਲਾ ਚੈਕ ਮਿਲ਼ਿਆ, ਜਿਸ ਨੇ ਉਨ੍ਹਾਂ ਦਾ ਜੀਵਨ ਹੀ ਬਦਲ ਦਿੱਤਾ।
ਸ਼ਾਇਦ ਉਨ੍ਹਾਂ ਦੀ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪੈਨਸ਼ਨ 'ਚ ਮਿਲੀ 105 ਡਾਲਰ ਦੀ ਉਸ ਰਕਮ ਨਾਲ ਤਾਂ ਅਸਲ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਅਤੇ ਆਰਥਿਕ ਖ਼ੁਸ਼ਹਾਲੀ ਦਾ ਇੱਕ ਨਵਾਂ ਅਧਿਆਇ ਲਿਖਿਆ ਜਾਣ ਵਾਲ਼ਾ ਸੀ। ਇਸ ਰਕਮ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਅਤੇ ਉਨ੍ਹਾਂ ਕੁੱਝ ਅਜਿਹਾ ਕਰਨ ਬਾਰੇ ਮਨ ਵਿੱਚ ਧਾਰਿਆ, ਜਿਸ ਨੇ ਭਵਿੱਖ 'ਚ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਉਤੇ ਪ੍ਰਸਿੱਧ ਕਰ ਦਿੱਤਾ।
ਕਰਨਲ ਸਾਂਡਰਸ ਖਾਣ-ਖਵਾਉਣ ਦੇ ਸ਼ੌਕੀਨ ਇਨਸਾਨ ਸਨ ਅਤੇ ਇੱਕ ਬਹੁਤ ਹੀ ਵਧੀਆ ਮੇਜ਼ਬਾਨ ਸਨ। ਉਹ ਫ਼ਰਾਇਡ ਚਿਕਨ ਬਹੁਤ ਲਾਜਵਾਬ ਬਣਾਉਂਦੇ ਸਨ ਅਤੇ ਉਨ੍ਹਾਂ ਦੇ ਸਾਰੇ ਜਾਣਕਾਰ ਉਨ੍ਹਾਂ ਵੱਲੋਂ ਪਕਾਏ ਉਸ ਚਿਕਨ ਦੇ ਤਕੜੇ ਪ੍ਰਸ਼ੰਸਕ ਸਨ।
ਜੀਵਨ ਦੇ 65 ਬਸੰਤ ਵੇਖਣ ਤੋਂ ਬਾਅਦ ਜਦੋਂ ਜ਼ਿਆਦਾਤਰ ਵਿਅਕਤੀ ਆਰਾਮ ਦੀ ਜ਼ਿੰਦਗੀ ਜਿਊਣ ਦੀ ਇੱਛਾ ਰਖਦੇ ਹਨ, ਅਜਿਹੇ ਸਮੇਂ ਕਰਨਲ ਸਾਂਡਰਸ ਨੇ ਕੁੱਝ ਨਵਾਂ ਕਰ ਕੇ ਵਿਖਾਉਣ ਬਾਰੇ ਸੋਚਿਆ। ਉਨ੍ਹਾਂ ਤੈਅ ਕੀਤਾ ਕਿ ਉਹ ਆਪਣੇ ਵੱਲੋਂ ਤਿਆਰ ਕੀਤੇ ਗਏ ਫ਼ਰਾਇਡ ਚਿਕਨ ਲੈ ਕੇ ਖਾਣਿਆਂ ਦੇ ਸ਼ੌਕੀਨਾਂ ਸਾਹਮਣੇ ਜਾਣਗੇ।
ਖਾਣੇ ਦੇ ਸ਼ੌਕੀਨਾਂ ਤੱਕ ਆਪਣੀ ਇਸ ਡਿਸ਼ ਨੂੰ ਪਹੁੰਚਾਉਣਾ ਸਾਂਡਰਸ ਲਈ ਓਨਾ ਆਸਾਨ ਵੀ ਨਹੀਂ ਰਿਹਾ ਅਤੇ ਉਨ੍ਹਾਂ ਨੂੰ ਉਸ ਲਈ ਦਿਨ-ਰਾਤ ਇੱਕ ਕਰਨਾ ਪਿਆ। ਅਰੰਭ ਵਿੱਚ ਸਾਂਡਰਸ ਨੇ ਆਪਣੇ ਇਲਾਕੇ ਦੇ ਹਰੇਕ ਘਰ ਅਤੇ ਰੈਸਟੋਰੈਂਟ ਦੇ ਚੱਕਰ ਕੱਟੇ ਅਤੇ ਲੋਕਾਂ ਨੂੰ ਆਪਣੇ ਬਣਾਏ ਚਿਕਨ ਬਾਰੇ ਦੱਸਿਆ। ਸਾਂਡਰਸ ਨੂੰ ਆਸ ਸੀ ਕਿ ਉਨ੍ਹਾਂ ਨੂੰ ਕੋਈ ਤਾਂ ਅਜਿਹਾ ਸਾਥੀ ਮਿਲੇਗਾ, ਜੋ ਉਨ੍ਹਾਂ ਦੇ ਇਸ ਚਿਕਨ ਦੇ ਅਸਲ ਸੁਆਦ ਨੂੰ ਪਛਾਣੇਗਾ ਅਤੇ ਉਸ ਨੂੰ ਹੋਰਨਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ ਪਰ ਉਨ੍ਹਾਂ ਨੂੰ ਹਰ ਪਾਸਿਓਂ ਨਿਰਾਸ਼ਾ ਹੀ ਹੱਥ ਲੱਗੀ।
ਧੁਨ ਦੇ ਪੱਕੇ ਅਤੇ ਸੁਭਾਅ ਦੇ ਜ਼ਿੱਦੀ ਸਾਂਡਰਸ ਨੇ ਸ਼ੁਰੂਆਤੀ ਝਟਕਿਆਂ ਤੋਂ ਹਾਰ ਨਾ ਮੰਨੀ ਅਤੇ ਲੋਕਾਂ ਨੂੰ ਆਪਣੇ ਬਣਾਏ ਚਿਕਨ ਦਾ ਸੁਆਦ ਚਖਵਾਉਣ ਦਾ ਦੂਜਾ ਰਾਹ ਲੱਭਿਆ। ਸਾਂਡਰਸ ਆਪਣੇ ਘਰ ਤੋਂ ਨਿੱਕਲ ਕੇ ਸ਼ਹਿਰ ਦੇ ਵੱਖੋ-ਵੱਖਰੇ ਹੋਟਲਾਂ ਵਿੱਚ ਜਾਂਦੇ ਅਤੇ ਉਥੋਂ ਦੀ ਰਸੋਈ ਵਿੱਚ ਆਪਣਾ ਫ਼ਰਾਇਡ ਚਿਕਨ ਤਿਆਰ ਕਰਦੇ। ਜੇ ਹੋਟਲ ਦੇ ਮਾਲਕ ਨੂੰ ਉਨ੍ਹਾਂ ਦਾ ਬਣਾਇਆ ਚਿਕਨ ਪਸੰਦ ਆਉਂਦਾ, ਤਾਂ ਉਹ ਉਸ ਹੋਟਲ ਦੇ ਮੇਨਯੂ ਵਿੱਚ ਸ਼ਾਮਲ ਹੋ ਜਾਂਦਾ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਾਂਡਰਸ ਨੂੰ ਪਹਿਲੇ ਹੋਟਲ ਮਾਲਕ ਤੋਂ 'ਹਾਂ' ਸੁਣਨ ਤੋਂ ਪਹਿਲਾਂ 1009 ਲੋਕਾਂ ਤੋਂ 'ਨਾਂਹ' ਹੀ ਸੁਣਨ ਨੂੰ ਮਿਲੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਹੌਸਲੇ ਦਾ ਪੱਲਾ ਨਹੀਂ ਛੱਡਿਆ।
ਜੀ ਹਾਂ, ਇਸ ਦਾ ਸਾਫ਼ ਮਤਲਬ ਹੈ ਕਿ 1009 ਲੋਕਾਂ ਨੇ ਉਨ੍ਹਾਂ ਵੱਲੋਂ ਬਣਾਏ ਫ਼ਰਾਇਡ ਚਿਕਨ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਉਹ ਪਸੰਦ ਆਇਆ। ਇਸ ਪਿੱਛੋਂ ਸ਼ੁਰੂ ਹੋਇਆ ਕੇ.ਐਫ਼.ਸੀ. ਦੇ ਤਿਆਰ ਹੋਣ ਦਾ ਸਿਲਸਿਲਾ।
ਕਰਨਲ ਅਤੇ ਉਸ ਹੋਟਲ ਮਾਲਿਕ ਵਿਚਾਲੇ ਇਹ ਤੈਅ ਹੋਇਆ ਕਿ ਉਹ ਉਥੇ ਵਿਕਣ ਵਾਲੇ ਹਰ ਚਿਕਨ ਬਦਲੇ ਉਨ੍ਹਾਂ ਨੂੰ 5 ਸੈਂਟ ਦਾ ਭੁਗਤਾਨ ਕਰੇਗਾ ਅਤੇ ਇਸ ਤਰ੍ਹਾਂ ਕਰਨਲ ਦਾ ਬਣਾਇਆ ਫ਼ਰਾਇਡ ਚਿਕਨ ਬਾਜ਼ਾਰ ਦੀ ਸਰਦਲ਼ ਤੱਕ ਪੁੱਜਣ ਵਿੱਚ ਸਫ਼ਲ ਹੋਇਆ। ਪਰ ਇਹ ਤਾਂ ਕੇਵਲ ਸ਼ੁਰੂਆਤ ਸੀ।
ਇਸ ਚਿਕਨ ਨੂੰ ਪਕਾਉਣ ਵਿੱਚ ਕਿਹੜੇ ਮਸਾਲੇ ਵਰਤੇ ਜਾ ਰਹੇ ਹਨ, ਇਸ ਭੇਤ ਨੂੰ ਪੂਰੀ ਤਰ੍ਹਾਂ ਭੇਤ ਰੱਖਣ ਲਈ ਕਰਨਲ ਨੇ ਰੈਸਟੋਰੈਂਟ ਵਿੱਚ ਮਸਾਲਿਆਂ ਦਾ ਪੈਕੇਟ ਭੇਜਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਥੇ ਉਨ੍ਹਾਂ ਦਾ ਚਿਕਨ ਵੀ ਬਣ ਜਾਂਦਾ ਅਤੇ ਦੂਜਿਆਂ ਨੂੰ ਉਨ੍ਹਾਂ ਦੀ ਖ਼ੁਫ਼ੀਆ ਰੈਸਿਪੀ ਦਾ ਪਤਾ ਵੀ ਨਾ ਚਲਦਾ।
ਸਮੇਂ ਦਾ ਚੱਕਰ ਘੁੰਮਿਆ ਅਤੇ ਸਾਲ 1964 ਆਉਂਦੇ-ਆਉਂਦੇ ਕਰਨਲ ਸਾਂਡਰਸ ਦਾ ਬਣਾਇਆ ਚਿਕਨ ਇੰਨਾ ਮਸ਼ਹੂਰ ਹੋ ਗਿਆ ਕਿ ਤਦ ਤੱਕ ਲਗਭਗ 600 ਥਾਵਾਂ ਉਤੇ ਉਸ ਦੀ ਵਿਕਰੀ ਹੋਣ ਲੱਗੀ। ਉਸੇ ਵਰ੍ਹੇ ਪ੍ਰਸਿੱਧੀ ਦੇ ਸਿਖ਼ਰ ਉਤੇ ਕਰਨਲ ਸਾਂਡਰਸ ਨੇ ਕੇ.ਐਫ਼.ਸੀ. ਨੂੰ ਲਗਭਗ 20 ਲੱਖ ਡਾਲਰ ਦੀ ਮੋਟੀ ਰਕਮ ਵਿੱਚ ਕਿਸੇ ਹੋਰ ਨੂੰ ਵੇਚ ਦਿੱਤਾ ਪਰ ਉਹ ਆਪ ਕੰਪਨੀ ਦੇ ਬੁਲਾਰੇ ਦੇ ਅਹੁਦੇ ਉਤੇ ਕਾਇਮ ਰਹੇ।
ਸਾਂਡਰਸ ਦੇ ਬਣਾਏ ਚਿਕਨ ਨੇ ਉਨ੍ਹਾਂ ਨੂੰ ਇੰਨਾ ਜ਼ਿਆਦਾ ਨਾਮ ਦਿੱਤਾ ਕਿ ਸਾਲ 1976 'ਚ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਅਸਰ-ਰਸੂਖ ਵਾਲੀਆਂ ਹਸਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ ਉਤੇ ਰੱਖਿਆ ਗਿਆ।
ਇਸ ਤਰ੍ਹਾਂ ਕਰਨਲ ਹਾਰਲੈਂਡ ਸਾਂਡਰਸ ਨੇ ਦੁਨੀਆਂ ਨੂੰ ਵਿਖਾਇਆ ਕਿ 65 ਸਾਲ ਦੀ ਉਮਰ ਵਿੱਚ ਜਦੋਂ ਜ਼ਿਆਦਾਤਰ ਲੋਕ ਰਿਟਾਇਰ ਹੋ ਕੇ ਘਰ 'ਚ ਬੈਠਣ ਦੀ ਤਿਆਰੀ ਕਰ ਲੈਂਦੇ ਹਨ, ਤਦ ਵੀ ਜੇ ਕਦੇ ਹਾਰ ਨਾ ਮੰਨਣ ਦਾ ਹੌਸਲਾ ਰੱਖ ਕੇ ਕੋਈ ਕੰਮ ਕੀਤਾ ਜਾਵੇ, ਤਾਂ ਸਫ਼ਲਤਾ ਜ਼ਰੂਰ ਤੁਹਾਡੇ ਕਦਮ ਚੁੰਮੇਗੀ।