ਕਰਜ਼ਾ ਲੈ ਕੇ ਕੀਤਾ ਮਾਉੰਟ ਐਵਰੇਸਟ ਦਾ ਸ਼ਿਖਰ ਫਤਿਹ ਸੀਮਾ ਗੋਸਵਾਮੀ ਨੇ
ਸਾਡੇ ਸਮਾਜ ਵਿੱਚ ਹਾਲੇ ਵੀ ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਕੁਝ ਨਵਾਂ ਕਰਨ ਦੀ ਆਜ਼ਾਦੀ ਹਾਲੇ ਵੀ ਨਹੀਂ ਆਈ ਹੈ. ਸਮਾਜ ਵਿੱਚ ਕੁੜੀਆਂ ਦੇ ਸੁਪਨੇ ਉਨ੍ਹਾਂ ਵਾਂਗੂ ਹੀ ਕੁੱਖਾਂ ਵਿੱਚ ਹੀ ਮਾਰ ਦਿੱਤੇ ਜਾਂਦੇ ਹਨ. ਪਰ ਇਸੇ ਸਮਾਜ ਵਿੱਚ ਕੁਝ ਅਜਿਹੀ ਕੁੜੀਆਂ ਵੀ ਹਨ ਜਿਨ੍ਹਾਂ ਨੇ ਆਪਣੀ ਜਿੱਦ ਅਤੇ ਜੂਨੂਨ ਨਾਲ ਆਪਣੀ ਹੋਂਦ ਸਾਬਿਤ ਕੀਤੀ ਹੈ.
ਅਜਿਹੀ ਕੁੜੀਆਂ ਨੇ ਨਾ ਕੇਵਲ ਸਮਾਜ ਦੇ ਵਿਰੋਧ ਦਾ ਸਾਹਮਣਾ ਕੀਤਾ ਸਗੋਂ ਗ਼ਰੀਬੀ ਅਤੇ ਹੋਰ ਪਾਰਿਵਾਰਿਕ ਸਮਸਿਆਵਾਂ ਨੂੰ ਵੀ ਸਾਹਮਣੇ ਨਹੀਂ ਆਉਣ ਦਿੱਤੀ. ਅਜਿਹਾ ਹੀ ਇੱਕ ਨਾਂਅ ਹੈ ਹਰਿਆਣਾ ਦੇ ਕੈਥਲ ਜਿਲ੍ਹੇ ਦੀ ਸੀਮਾ ਗੋਸਵਾਮੀ ਦਾ. ਜਿਸਨੇ ਬਹੁਤ ਹੀ ਮਾੜੀ ਮਾਲੀ ਹਾਲਤ ਅਤੇ ਸਮਾਜ ਦੇ ਵਿਰੋਧ ਦੇ ਬਾਵਜੂਦ ਦੁਨਿਆ ਦੀ ਸਭ ਤੋਂ ਉੱਚੀ ਸ਼ਿਖਰ ਮਾਉੰਟ ਐਵਰੇਸਟ ਫਤਿਹ ਕਰ ਵਿਖਾਇਆ.
ਸੀਮਾ ਗੋਸਵਾਮੀ ਨੇ ਦੂਜੀ ਕੋਸ਼ਿਸ਼ ‘ਚ ਇਹ ਕਾਮਯਾਬੀ ਹਾਸਿਲ ਕੀਤੀ. ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਮਯਾਬੀ ਨੂੰ ਪ੍ਰਾਪਤ ਕਰਨ ਲਈ ਉਸਨੂੰ ਕਰਜ਼ਾ ਲੈਣਾ ਪਿਆ. ਸੀਮਾ ਨੇ ਪਿਛਲੇ ਮਹੀਨੇ ਮਾਉੰਟ ਐਵਰੇਸਟ ਫਤਿਹ ਕੀਤਾ ਸੀ.
ਇਸ ਬਾਰੇ ਉਨ੍ਹਾਂ ਨੇ ਗੱਲ ਬਾਤ ਕਰਦਿਆਂ ਦੱਸਿਆ ਕੀ ਜਦੋਂ ਵੀ ਉਹ ਮਾਉੰਟ ਐਵਰੇਸਟ ਦੀ ਚੜ੍ਹਾਈ ਬਾਰੇ ਗੱਲ ਕਰਦੀ ਸੀ ਤੇ ਲੋਕ ਉਸਦਾ ਮਖੌਲ ਉਡਾਉਂਦੇ ਸਨ. ਕਹਿੰਦੇ ਸਨ ਇਹ ਕੰਮ ਕੁੜੀਆਂ ਦੇ ਵਸ ਦੇ ਨਹੀਂ.
ਸੀਮਾ ਨੇ ਦੱਸਿਆ-
“ਮੈਨੂੰ ਪਤਾ ਲੱਗਾ ਕਿ ਮੁਨੀ ਐਵਰੇਸਟ ਦੀ ਚੜ੍ਹਾਈ ਕਰਨ ਲਈ ਹਿਮਤ ਦੇ ਨਾਲ ਨਾਲ ਬਹੁਤ ਸਾਰੇ ਪੈਸੇ ਦੀ ਵੀ ਲੋੜ ਪੈਂਦੀ ਹੈ. ਪਰ ਮੈਂ ਹਿਮਤ ਨਹੀਂ ਛੱਡੀ. ਕਰਜ਼ਾ ਲਿਆ ਅਤੇ ਆਪਣੇ ਸੁਪਨੇ ਕਾਮਯਾਬ ਕੀਤੇ.”
ਸੀਮਾ ਨੇ ਨਿੱਕੇ ਹੁੰਦੇ ਹੀ ਪਹਾੜਾਂ ਦੇ ਸ਼ਿਖਰ ਨੂੰ ਫਤਿਹ ਕਰਨ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਸੀ. ਪਰ ਇਹ ਸੁਪਨਾ ਸਚ ਕਰਨ ਲਈ ਉਸਨੂੰ ਸੱਤ ਸਾਲ ਲੱਗ ਗਏ. ਪਹਿਲਾਂ 2015 ‘ਚ ਵੀ ਇੱਕ ਕੋਸ਼ਿਸ਼ ਕੀਤੀ ਸੀ ਪਰ ਜਦੋਂ ਬੇਸ ਕੈੰਪ ‘ਤੇ ਪਹੁੰਚੇ ਤਾਂ ਮੌਸਮ ਬਹੁਤ ਖ਼ਰਾਬ ਹੋ ਗਿਆ ਤੇ ਵਾਪਸ ਆਉਣਾ ਪਿਆ. ਇਸ ਕਰਕੇ ਉਸਨੂੰ ਲੋਕਾਂ ਕੋਲੋਂ ਬਹੁਤ ਮਾੜੀਆਂ ਗੱਲਾਂ ਸੁਣੀਆਂ.
ਸੀਮਾ ਨੇ ਇੱਕ ਵਾਰ ਫ਼ੇਰ ਹੌਸਲਾ ਕੀਤਾ ਅਤੇ ਤਿਆਰੀ ਸ਼ੁਰੂ ਕੀਤੀ. ਪੈਸੇ ਦੀ ਤੇ ਲੋੜ ਹੈ ਹੀ ਸੀ. ਇਸ ਵਾਰ ਉਸ ਦੇ ਪਿਤਾ ਨੇ ਸੀਮਾ ਦਾ ਪੂਰਾ ਸਾਥ ਦਿੱਤਾ.
ਸੀਮਾ ਨੇ ਦੱਸਿਆ-
“ਮੇਰੇ ਪਿਤਾ ਕੋਲ ਇੱਕ ਘਰ ਸੀ ਨਿੱਕਾ ਜਿਹਾ. ਉਨ੍ਹਾਂ ਨੇ ਉਹ ਮਕਾਨ ਆੜ੍ਹਤੀਆਂ ਕੋਲ ਰੱਖ ਕੇ ਮੈਨੂੰ 12 ਲੱਖ ਰੁਪਏ ਲੈ ਕੇ ਦਿੱਤੇ. ਇਸ ਤੋਂ ਅਲਾਵਾ ਉਨ੍ਹਾਂ ‘ਤੇ ਮੇਰੀ ਪੰਜ ਭੈਣਾਂ ਅਤੇ ਇੱਕ ਭਰਾ ਦੀ ਪੜ੍ਹਾਈ ਦਾ ਬੋਝ ਵੀ ਸੀ. ਕੁਝ ਹੋਰ ਰਿਸ਼ਤੇਦਾਰਾਂ ਨੇ ਵੀ ਮਦਦ ਕੀਤੀ. ਮੈਂ ਆਪ ਹੀ ਆਪਣਾ ਬੀਮਾ ਕਰਵਾਇਆ ਤਾਂ ਜੋ ਕੋਈ ਅਨਹੋਣੀ ਵਾਪਰ ਜਾਣ ਤੇ ਪਰਿਵਾਰ ਦੀ ਮਦਦ ਹੋ ਸਕੇ.”
ਸੀਮਾ ਨੇ ਦੱਸਿਆ ਕੇ ਚੜ੍ਹਾਈ ਦੇ ਦੌਰਾਨ ਉਨ ਨੂੰ ਆਕਸੀਜਨ ਸੂਟ ਨਹੀਂ ਕੀਤੀ ਅਤੇ ਉਹ ਬੀਮਾਰ ਹੋ ਗਈ. ਪਰ ਉਸਨੇ ਆਪਣੀ ਜਿੱਦ ਨਹੀਂ ਛੱਡੀ. ਕਈ ਵਾਰ ਸਾਹ ਘੁੱਟ ਜਾਣ ਦਾ ਖਦਸ਼ਾ ਹੋਇਆ ਪਰ ਉਸਨੇ ਆਪਣੇ ਆਪ ਨੂੰ ਸਾੰਭ ਲਿਆ.
ਸੀਮਾ ਨੇ 54 ਦਿਨ ਦੀ ਚੜ੍ਹਾਈ ਕਰਕੇ ਦੁਨਿਆ ਦੀ ਸਭ ਤੋਂ ਉੱਚੀ ਸ਼ਿਖਰ ਮਾਉੰਟ ਐਵਰੇਸਟ ਫਤਿਹ ਕਰ ਵਿਖਾਈ. ਸੀਮਾ ਗੋਸਵਾਮੀ ਤੋਂ ਪਹਿਲੋਂ ਹਰਿਆਣਾ ਦੀ ਪੰਜ ਕੁੜੀਆਂ ਇਹ ਫ਼ਤਿਹ ਹਾਸਿਲ ਕਰ ਚੁੱਕੀ ਹਨ. ਇਨ੍ਹਾਂ ਵਿੱਚੋਂ ਦੋ ਸੱਗੀ ਭੈਣਾਂ ਵੀ ਹਨ.
ਲੇਖਕ: ਰਵੀ ਸ਼ਰਮਾ