ਸੰਸਕਰਣ
Punjabi

ਭਾਰਤ ਦੇ ਅੰਗਰੇਜ਼ੀ ਲੇਖਕਾਂ 'ਚ ਹਿੰਦੀ ਦੇ 'ਟੈਕਨੋ ਸਟਾਰ ਲੇਖਕ' ਹਨ ਨਿਖਿਲ ਸਚਾਨ

Team Punjabi
8th Nov 2015
 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on

ਇੱਕ ਦਿਨ ਹਿੰਦੀ ਦੇ ਇੱਕ ਨੌਜਵਾਨ ਲੇਖਕ ਨੇ ਰਾਜਧਾਨੀ ਦਿੱਲੀ 'ਚ ਫ਼ੁਟਪਾਥ ਉਤੇ ਕਿਤਾਬਾਂ ਵੇਚਣ ਵਾਲੇ ਇੱਕ ਵਿਅਕਤੀ ਤੋਂ ਪੁੱਛਿਆ ਕਿ ਆਖ਼ਰ ਉਹ ਹਿੰਦੀ ਕਿਤਾਬਾਂ ਕਿਉਂ ਨਹੀਂ ਵੇਚਦਾ। ਇਸ ਸੁਆਲ ਦੇ ਜੁਆਬ ਵਿੱਚ ਉਸ ਵਿਅਕਤੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਉਸ ਦੀ ਇੱਕ ਵੀ ਹਿੰਦੀ ਦੀ ਕਿਤਾਬ ਨਹੀਂ ਵਿਕੀ। ਹੋਰ ਤਾਂ ਹੋਰ ਇੱਕ ਪੁਲਿਸ ਵਾਲ਼ਾ ਆਇਆ ਅਤੇ ਹਿੰਦੀ ਦੀ ਇੱਕ ਕਿਤਾਬ ਚੁੱਕ ਕੇ ਲੈ ਗਿਆ। ਉਸ ਵਿਅਕਤੀ ਨੇ ਪੁਲਿਸ ਵਾਲ਼ੇ ਤੋਂ ਕਿਤਾਬ ਦੇ ਰੁਪਏ ਮੰਗਣ ਦੀ ਹਿੰਮਤ ਨਾ ਕੀਤੀ ਅਤੇ ਇਹ ਕਹਿ ਕੇ ਆਪਣੇ-ਆਪ ਨੂੰ ਤਸੱਲੀ ਦੇ ਲਈ ਕਿ ਘੱਟੋ-ਘੱਟ ਕੋਈ ਤਾਂ ਹਿੰਦੀ ਦੀ ਕਿਤਾਬ ਪੜ੍ਹੇਗਾ।

image


ਇਹ ਘਟਨਾ ਨੌਜਵਾਨ ਲੇਖਕ ਨਿਖਿਲ ਸਚਾਨ ਨਾਲ ਵਾਪਰੀ। ਨਿਖਿਲ ਹਿੰਦੀ ਸਾਹਿਤ ਅਤੇ ਹਿੰਦੀ ਦੀਆਂ ਕਿਤਾਬਾਂ ਪ੍ਰਤੀ ਲੋਕਾਂ ਦੀ ਲਗਾਤਾਰ ਘਟ ਰਹੀ ਦਿਲਚਸਪੀ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ਼ ਹਨ। ਪਰ ਉਨ੍ਹਾਂ ਨੂੰ ਹਿੰਦੀ ਸਾਹਿਤ ਨਾਲ ਬਹੁਤ ਪਿਆਰ ਹੈ ਅਤੇ ਕਿਉਂਕਿ ਹਿੰਦੀ ਉਤੇ ਉਨ੍ਹਾਂ ਦੀ ਪਕੜ ਹੈ ਅਤੇ ਹਿੰਦੀ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹਨ, ਉਨ੍ਹਾਂ ਨੇ ਹਿੰਦੀ ਵਿੱਚ ਲਿਖਣ 'ਚ ਹੀ ਦਿਲਚਸਪੀ ਲਈ।

ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਈ-ਲਿਖਾਈ ਕਰਨ ਵਾਲੇ ਨਿਖਿਲ ਵੀ ਆਪਣੇ ਹੋਰ ਹਮ-ਉਮਰ ਨੌਜਵਾਨਾਂ ਵਾਂਗ ਅੰਗਰੇਜ਼ੀ ਵਿੱਚ ਕਿਤਾਬਾਂ ਲਿਖ ਕੇ ਖ਼ੂਬ ਸ਼ੋਹਰਤ ਅਤੇ ਧਨ-ਦੌਲਤ ਕਮਾ ਸਕਦੇ ਸਨ। ਉਚ ਪੱਰ ਦੀ ਤਕਨੀਕੀ ਸਿੱਖਿਆ ਹਾਸਲ ਕਰਨ ਅਤੇ ਆਈ.ਆਈ.ਟੀ.-ਆਈ.ਆਈ.ਐਮ. ਜਿਹੇ ਸੰਸਥਾਨਾਂ ਵਿੱਚ ਪੜ੍ਹਾਈ ਦੇ ਬਾਵਜੂਦ ਕੁੱਝ ਨੌਜਵਾਨਾਂ ਨੇ ਲੱਖਾਂ ਰੁਪੲੈ ਦੀਆਂ ਨੌਕਰੀਆਂ ਠੁਕਰਾਈਆਂ ਸਨ ਅਤੇ ਲਿਖਣ ਨੂੰ ਆਪਣਾ ਕਾਰੋਬਾਰ ਬਣਾਇਆ। ਚੇਤਨ ਭਗਤ, ਅਮੀਸ਼ ਤ੍ਰਿਪਾਠੀ, ਰਸ਼ਮੀ ਬੰਸਲ ਜਿਹੇ ਕਈ ਨੌਜਵਾਨਾਂ ਨੈ ਅੰਗਰੇਜ਼ੀ ਵਿੱਚ ਕਿਤਾਬਾਂ ਲਿਖ ਕੇ ਖ਼ੂਬ ਨਾਮ ਕਮਾਇਆ। ਇਨ੍ਹਾਂ ਲੋਕਾਂ ਨੇ ਮੌਜੂਦਾ ਦੌਰ ਦੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਸਾਹਿਤ ਸਿਰਜਣਾ ਕੀਤੀ ਅਤੇ ਵੱਖੋ-ਵੱਖਰੇ ਵਿਸ਼ਿਆਂ ਉਤੇ ਕਿਤਾਬਾਂ ਲਿਖੀਆਂ। ਉਂਝ ਵੀ ਭਾਰਤ ਵਿੱਚ ਅੰਗਰੇਜ਼ੀ ਕਿਤਾਬਾਂ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹਿੰਦੀ ਦੇ ਪਾਠਕ ਘੱਟ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਹਿੰਦੀ ਨੂੰ ਚੁਣਨਾ ਉਹ ਵੀ ਫ਼ਿਲਮਾਂ ਅਤੇ ਟੀ.ਵੀ. ਲੜੀਵਾਰਾਂ ਦੀ ਥਾਂ ਕਿਤਾਬਾਂ ਲਈ ਕੋਈ ਮਾਮੂਲੀ ਫ਼ੈਸਲਾ ਨਹੀਂ ਹੋ ਸਕਦਾ। ਨਿਖਿਲ ਦੇ ਹਿੰਦੀ ਨੂੰ ਚੁਣਨ ਪਿੱਛੇ ਵੀ ਇੱਕ ਵੱਡਾ ਕਾਰਣ ਸੀ - ਹਿੰਦੀ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਹਿੰਦੀ ਸਾਹਿਤ ਪੜ੍ਹਨ ਨਾਾਲ ਉਨ੍ਹਾਂ ਨੂੰ ਭਾਸ਼ਾ ਉਤੇ ਪਕੜ ਮਿਲ਼ੀ।

ਕਹਾਣੀਆਂ ਦੀ ਆਪਣੀ ਪਹਿਲੀ ਹੀ ਕਿਤਾਬ ਤੋਂ ਬਹੁਤ ਹਰਮਨਪਿਆਰੇ ਹੋਏ ਨਿਖਿਲ ਸਚਾਨ ਦਾ ਜਨਮ ਉਤਰ ਪ੍ਰਦੇਸ਼ ਦੇ ਫ਼ਤਿਹਪੁਰ ਜ਼ਿਲ੍ਹੇ ਵਿੱਚ ਹੋਇਆ। ਸਕੂਲੀ ਸਿੱਖਿਆ ਕਾਨਪਰ 'ਚ ਹੋਈ। ਆਈ.ਆਈ.ਟੀ.-ਬੀ.ਐਚ.ਯੂ. ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਬਾਅਦ 'ਚ ਅੱਗੇ ਚੱਲ ਕੇ ਆਈ.ਆਈ.ਐਮ. ਕੋਜ਼ੀਕੋਡ ਤੋਂ ਐਮ.ਬੀ.ਏ. ਦੀ ਡਿਗਰੀ ਲਈ। ਉਨ੍ਹਾਂ ਦੀ ਉਚ ਸਿੱਖਿਆ ਦਾ ਵਿਸ਼ਾ ਵੀ ਤਕਨੀਕ ਅਤੇ ਪ੍ਰਬੰਧ ਰਹੇ। ਨਿਖਿਲ ਦੀ ਸਾਰੀ ਪੜ੍ਹਾਈ-ਲਿਖਾਈ ਅੰਗਰੇਜ਼ੀ ਵਿੱਚ ਹੀ ਹੋਈ। ਫਿਰ ਵੀ ਅੰਗਰੇਜ਼ੀ ਵਿੱਚ ਲਿਖਣ ਦੀ ਥਾਂ ਉਨ੍ਹਾਂ ਹਿੰਦੀ ਨੂੰ ਚੁਣਿਆ।

ਨਿਖਿਲ ਨੂੰ ਬਚਪਨ ਤੋਂ ਹੀ ਹਿੰਦੀ ਭਾਸ਼ਾ, ਹਿੰਦੀ ਸਾਹਿਤ ਅਤੇ ਕਲਾ ਵਿੱਚ ਦਿਲਚਸਪੀ ਰਹੀ। ਨਿਖਿਲ ਜਦੋਂ 6ਵੀਂ ਜਮਾਤ ਵਿੱਚ ਸਨ, ਤਦ ਹੀ ਉਨ੍ਹਾਂ ਹਿੰਦੀ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਛੇਵੀਂ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਦੌਰਾਨ ਨਿਖਿਲ ਨੂੰ ਹਿੰਦੀ ਸਾਹਿਤ ਪੜ੍ਹਨ ਦੇ ਬਹੁਤ ਮੌਕੇ ਮਿਲੇ। ਉਨ੍ਹਾਂ ਕਈ ਲੇਖਕਾਂ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਹੋਰ ਰਚਨਾਵਾਂ ਵੀ ਪੜ੍ਹੀਆਂ। ਸਾਹਿਤ ਪੜ੍ਹਦੇ-ਪੜ੍ਹਦੇ ਹੀ ਨਿਖਿਲ ਦੇ ਮਨ ਵਿੱਚ ਸਾਹਿਤਕਾਰ ਬਣਨ ਦੀ ਇੱਛਾ ਮਜ਼ਬੂਤ ਹੁੰਦੀ ਚਲੀ ਗੲਂ।

ਨਿਖਿਲ ਨੇ ਨਿੱਕੀ ਉਮਰੇ ਹੀ ਲੇਖਕਾਂ ਦੀ ਭਾਸ਼ਾ-ਸ਼ੈਲੀ, ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਪੜ੍ਹਦੇ-ਪੜ੍ਹਦੇ ਹਿੰਦੀ ਪ੍ਰਤੀ ਪ੍ਰੇਮ ਅਤੇ ਖਿੱਚ ਵਧਦੇ ਚਲੇ ਗਏ। ਕਿਉਂਕਿ ਕਲਾਕਾਰ ਮਨ ਬਹੁਤ ਕੁੱਝ ਕਰਨਾ ਚਾਹੁੰਦਾ ਸੀ, ਨਿਖਿਲ ਨੇ ਥੀਏਟਰ ਅਤੇ ਨਾਟਕ-ਮੰਚਨ ਵਿੱਚ ਵੀ ਦਿਲਚਸਪੀ ਵਿਖਾਈ ਅਤੇ ਇਸ ਖੇਤਰ ਵਿੱਚ ਕੰਮ ਵੀ ਕਰਨਾ ਸ਼ੁਰੂ ਕੀਤਾ। ਕਾਲਜ ਦੇ ਦਿਨਾਂ ਵਿੱਚ ਨਿਖਿਲ ਨੇ ਕੁੱਝ ਹਿੰਦੀ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਨਾਟਕਾਂ ਵਿੱਚ ਬਤੌਰ ਕਲਾਕਾਰ ਅਦਾਕਾਰੀ ਵੀ ਕੀਤੀ। ਕਈ ਵਾਦ-ਵਿਵਾਦ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੀ ਭਾਸ਼ਾ ਅਤੇ ਵਿਚਾਰਾਂ ਨਾਲ ਲੋਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ। ਕਵਿਤਾਵਾਂ ਰਾਹੀਂ ਵੀ ਨਿਖਿਲ ਨੇ ਕਈਆਂ ਦਾ ਦਿਲ ਜਿੱਤਿਆ।

ਯੂਨੀਵਰਸਿਟੀ, ਸੂਬਾਈ ਅਤੇ ਰਾਸ਼ਟਰੀ ਪੱਧਰ ਉਤੇ ਕਲਾ-ਸਾਹਿਤ ਨਾਲ ਜੁੜੇ ਮੁਕਾਬਲਿਆਂ ਤੋਂ ਲੈ ਕੇ ਨਿਖਿਲ ਨੇ ਆਪਣੀ ਕਲਾ ਅਤੇ ਪ੍ਰਤਿਭਾ ਦੇ ਦਮ ਉਤੇ ਕਈ ਪੁਰਸਕਾਰ ਜਿੱਤੇ। ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਨਿਖਿਲ ਦੀ ਕਲਮ ਨੇ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ।

ਬਾਅਦ 'ਚ ਜਦੋਂ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ, ਤਾਂ ਨਿਖਿਲ ਨੇ 'ਕੇਸ਼ਵ ਪੰਡਿਤ' ਨਾਂਅ ਦਾ ਇੱਕ ਨਾਟਕ ਲਿਖਿਆ, ਜੋ ਬਹੁਤ ਚਰਚਿਤ ਵੀ ਹੋਇਆ।

ਇਸ ਦੌਰਾਨ ਨਿਖਿਲ ਕਹਾਣੀਆਂ ਵੀ ਲਿਖਦੇ ਰਹੇ। ਸਾਹਿਤ ਪੜ੍ਹਨਾ, ਸਾਹਿਤ ਸਿਰਜਣਾ ਕਰਨੀ ਅਤੇ ਕਲਾ ਦੀ ਸੇਵਾ ਕਰਨੀ ਨਿਖਿਲ ਦੀ ਰੋਜ਼ਮੱਰਾ ਦਾ ਨਿੱਤਨੇਮ ਬਣ ਗਿਆ। ਪਰ ਪੜ੍ਹਾਈ-ਲਿਖਾਈ ਜਾਰੀ ਰਹੀ, ਉਹ ਵੀ ਅੰਗਰੇਜ਼ੀ ਵਿੱਚ। ਮਹੱਤਵਪੂਰਣ ਗੱਲ ਇਹ ਵੀ ਹੈ ਕਿ ਨਿਖਿਲ ਪੜ੍ਹਾਈ-ਲਿਖਾਈ ਵਿੱਚ ਵੀ ਦੂਜਿਆਂ ਤੋਂ ਅੱਗੇ ਰਹੇ। ਪ੍ਰਤਿਭਾ ਦੇ ਦਮ ਉਤੇ ਆਈ.ਆਈ.ਟੀ.-ਬੀ.ਐਚ.ਯੂ. ਅਤੇ ਆਈ.ਆਈ.ਐਮ. ਕੋਜ਼ੀਕੋਡ ਜਿਹੀਆਂ ਵੱਕਾਰੀ ਸੰਸਥਾਵਾਂ ਵਿੱਚ ਦਾਖ਼ਲਾ ਹਾਸਲ ਕੀਤਾ। ਇਨ੍ਹਾਂ ਸੰਸਥਾਵਾਂ ਵਿੱਚ ਦਾਖ਼ਲੇ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਕਈ ਵਿਦਿਆਰਥੀ ਭਾਗ ਲੈਂਦੇ ਹਨ ਪਰ ਕਈ ਅਸਫ਼ਲ ਰਹਿ ਜਾਂਦੇ ਹਨ। ਇੱਥੇ ਰੈਂਕ ਦੇ ਆਧਾਰ ਉਤੇ ਹੀ ਦਾਖ਼ਲਾ ਮਿਲਦਾ ਹੈ।

ਨਿਖਿਲ ਨੂੰ ਉਨ੍ਹਾਂ ਦੀਆਂ ਡਿਗਰੀਆਂ ਅਤੇ ਯੋਗਤਾ ਦੇ ਆਧਾਰ ਉਤੇ ਆਈ.ਬੀ.ਐਮ. ਜਿਹੀ ਵੱਡੀਅਤੇ ਮਸ਼ਹੂਰ ਕੌਮਾਂਤਰੀ ਕੰਪਨੀ ਵਿੱਚ ਨੌਕਰੀ ਮਿਲੀ। ਦਫ਼ਤਰ ਵਿੱਚ ਸਾਰਾ ਕੰਮਕਾਜ ਅੰਗਰੇਜ਼ੀ ਵਿੱਚ ਹੁੰਦਾ ਹੈ। ਸਾਥੀਆਂ ਅਤੇ ਸਹਾਇਕ-ਕਰਮਚਾਰੀਆਂ ਨਾਲ ਗੱਲਬਾਤ ਵੀ ਅਕਸਰ ਅੰਗਰੇਜ਼ੀ ਵਿੱਚ ਹੀ ਹੁੰਦੀ ਹੈ। ਬਾਵਜੂਦ ਇਸ ਦੇ ਨਿਖਿਲ ਲਿਖਦੇ ਹਿੰਦੀ ਵਿੱਚ ਹੀ ਹਨ।

ਉਨ੍ਹਾਂ ਲੀਕ ਤੋਂ ਹਟ ਕੇ ਹਿੰਦੀ ਵਿੱਚ ਲਿਖਿਆ, ਜਦ ਕਿ ਉਨ੍ਹਾਂ ਵਾਂਗ ਹੀ ਤਕਨੀਕੀ ਸਿੱਖਿਆ ਹਾਸਲ ਕਰਨ ਅਤੇ ਆਈ.ਆਈ.ਟੀ.-ਆਈ.ਆਈ.ਐਮ. ਜਿਹੀਆਂ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਹੋਰ ਨੌਜਵਾਨਾਂ ਨੇ ਅੰਗਰੇਜ਼ੀ ਵਿੱਚ ਲਿਖਿਆ ਅਤੇ ਖ਼ੂਬ ਨਾਮ ਅਤੇ ਰੁਪਏ ਕਮਾਏ। ਚੇਤਨ ਭਗਤ, ਅਮਿਸ਼ ਤ੍ਰਿਪਾਠੀ, ਰਸ਼ਮੀ ਬੰਸਲ, ਉਨ੍ਹਾਂ ਨੌਜਵਾਨ ਲੇਖਕਾਂ ਦੇ ਨਾਮ ਹਨ, ਜਿਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਅਤੇ ਬਹੁਤ ਛੇਤੀ ਆਪਣੀਆਂ ਰਚਨਾਵਾਂ-ਸਾਹਿਤ ਅਤੇ ਕਿਤਾਬਾਂ ਕਾਰਣ ਹਰਮਨਪਿਆਰੇ ਹੋ ਗਏ। ਪਰ ਤਕਨੀਕੀ ਪਿੱਠਭੂਮੀ ਵਾਲੇ ਨਿਖਿਲ ਨੇ ਹਿੰਦੀ ਨੂੰ ਆਪਣੇ ਪ੍ਰਗਟਾਵੇ ਅਤੇ ਸਾਹਿਤ ਸਿਰਜਣ ਦਾ ਮਾਧਿਅਮ ਬਣਾਇਆ ਅਤੇ ਆਪਣੀ ਲੇਖਣੀ ਨਾਲ ਹਿੰਦੀ ਸਾਹਿਤ ਵਿੱਚ ਨਵਾਂਪਣ ਲਿਆਂਦਾ।

ਨਿਖਿਲ ਇਹ ਮੰਨਦੇ ਹਨ ਕਿ ਉਹ ਅੰਗਰੇਜ਼ੀ ਵਿੱਚ ਲਿਖਣ ਵਾਲੇ ਆਪਣੇ ਹਮ-ਉਮਰ ਭਾਰਤੀ ਲੇਖਕਾਂ ਵਾਂਗ ਸਿਰਫ਼ ਸਾਹਿਤ-ਸਿਰਜਣਾ ਦੇ ਦਮ ਉਤੇ ਆਪਣੀ ਰੋਜ਼ੀ-ਰੋਟੀ ਨਹੀਂ ਚਲਾ ਸਕਦੇ। ਨਿਖਿਲ ਦਾ ਮੰਨਣਾ ਹੈ ਕਿ ਹਿੰਦੀ ਭਾਸ਼ਾ ਵਿੱਚ ਲਿਖਣ ਨਾਲ ਰੋਜ਼ੀ-ਰੋਟੀ ਚਲਾਉਣੀ ਅਸੰਭਵ ਹੈ। ਇਸ ਲਈ ਲੇਖਕ ਨੂੰ ਸੁਰੇਂਦਰ ਮੋਹਨ ਪਾਠਕ ਬਣਨਾ ਪਵੇਗਾ ਜਾਂ ਫਿਰ ਉਦੇ ਪ੍ਰਕਾਸ਼ ਜਿੰਨਾ ਵੱਡਾ ਕੱਦ ਹਾਸਲ ਕਰਨਾ ਹੋਵੇਗਾ। ਉਦੇ ਪ੍ਰਕਾਸ਼ ਦੀਆਂ ਕਹਾਣੀਆਂ ਦਾ ਹੁਣ ਤੱਕ 30 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ।

ਇੱਕ ਵੱਡੀ ਗੱਲ ਇਹ ਵੀ ਹੈ ਕਿ ਹਿੰਦੀ ਦੇ ਕਈ ਰਚਨਾਕਾਰਾਂ ਅਤੇ ਲੇਖਕਾਂ ਨੇ ਪੈਸਾ ਕਮਾਉਣ ਦੇ ਮੰਤਵ ਨਾਲ ਫ਼ਿਲਮ ਉਦਯੋਗ ਵੱਲ ਰੁਖ਼ ਕੀਤਾ।

ਕਈ ਵਾਰ ਨਿਖਿਲ ਦੇ ਮਨ ਵਿੱਚ ਆਇਆ ਕਿ ਉਹ ਵੀ ਮਾਇਆਨਗਰੀ ਮੁੰਬਈ ਜਾ ਕੇ ਫ਼ਿਲਮ ਉਦਯੋਗ ਜਾਂ ਟੀ.ਵੀ. ਲਈ ਕੰਮ ਕਰਨ ਪਰ ਉਨ੍ਹਾਂ ਆਜ਼ਾਦ ਲੇਖਕ ਵਜੋਂ ਹੀ ਆਪਣੀ ਪਛਾਣ ਕਾਇਮ ਰੱਖਣ ਬਾਰੇ ਮਨ ਵਿੱਚ ਧਾਰ ਲਿਆ। ਨਿਖਿਲ ਕਹਿੰਦੇ ਹਨ,''ਭਾਵੇਂ ਮੈਨੂੰ ਕੀਮਤ ਘੱਟ ਮਿਲੇ, ਪਰ ਮੈਂ ਹਿੰਦੀ ਵਿੱਚ ਹੀ ਲਿਖਦਾ ਰਹਾਂਗਾ। ਰੋਜ਼ੀ ਰੋਟੀ ਚਲਾਉਣ ਲਈ ਮੈਂ ਇੱਕ ਕੰਪਨੀ ਵਿੱਚ ਕੰਮ ਕਰ ਰਿਹਾ ਹਾਂ। ਇੱਕ ਸੱਚ ਇਹ ਵੀ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਮੁਕਾਬਲੇ ਹਿੰਦੀ ਭਾਸ਼ਾ ਵਿੱਚ ਲਿਖੀਆਂ ਗਈਆਂ ਕਿਤਾਬਾਂ ਨੂੰ ਰਾਇਲਟੀ ਨਾਮਾਤਰ ਮਿਲਦੀ ਹੈ।''

ਹਿੰਦੀ ਦੀਆਂ ਕਿਤਾਬਾਂ ਦੀ ਲਗਾਤਾਰ ਘੱਟ ਹੁੰਦੀ ਹਰਮਨਪਿਆਰਤਾ ਬਾਰੇ ਪੁੱਛੇ ਜਾਣ ਉਤੇ ਇੱਕ ਵਾਰ ਨਿਖਿਲ ਨੇ ਇਹ ਕਿਹਾ ਸੀ ਕਿ ''ਹਿੰਦੀ ਕਿਤਾਬਾਂ ਸਹੀ ਢੰਗ ਨਾਲ ਲੋਕਾਂ ਤੱਕ ਪੁੱਜ ਹੀ ਨਹੀਂ ਪਾਉਂਦੀਆਂ। ਵਿਸ਼ਾ-ਵਸਤੂ ਵਧੀਆ ਹੋਣ ਦੇ ਬਾਵਜੂਦ ਇਨ੍ਹਾਂ ਦੀ ਪਹੁੰਚ ਆਮ ਲੋਕਾਂ ਤੱਕ ਨਹੀਂ ਹੋ ਪਾਉਂਦੀ। ਪ੍ਰਕਾਸ਼ਕ ਕਾਫ਼ੀ ਜ਼ਿਆਦਾ ਮੁੱਲ ਰੱਖ ਦਿੰਦੇ ਹਨ। ਉਨ੍ਹਾਂ ਦੀ ਦਿਲਚਸਪੀ ਕਿਤਾਬਾਂ ਨੂੰ ਇੱਕ ਸੀਮਤ ਵਰਗ ਤੱਕ ਪਹੁੰਚਾਉਣ ਵਿੱਚ ਹੀ ਹੁੰਦੀ ਹੈ। ਜੇ ਤੁਸੀਂ ਕਿਸੇ ਬੁੱਕ ਸਟਾਲ ਉਤੇ ਜਾਓ, ਤਾਂ ਦੋ ਸੌ ਕਿਤਾਬਾਂ ਵਿਚੋਂ 190 ਕਿਤਾਬਾਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਦੀਆਂ ਹੀ ਮਿਲਣਗੀਆਂ। ਦੂਜੀ ਗੱਲ ਇਹ ਹੈ ਕਿ ਹਿੰਦੀ ਦੀਆਂ ਕਹਾਣੀਆਂ ਹਾਲੇ ਵੀ ਪੁਰਾਣੇ ਅੰਦਾਜ਼ ਵਿੱਚ ਹੀ ਚੱਲ ਰਹੀਆਂ ਹਨ। ਜ਼ਿਆਦਾਤਰ ਪਾਤਰ ਵੀ ਘਿਸੇ-ਪਿਟੇ ਹੁੰਦੇ ਹਨ। ਅੱਜ ਵੀ ਔਰਤਾਂ ਦੀ ਦਸ਼ਾ, ਬੇਰੋਜ਼ਗਾਰੀ ਉਤੇ ਹੀ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਉਥੇ ਅੰਗਰੇਜ਼ੀ ਵਿੱਚ ਖ਼ੂਬ ਪ੍ਰਯੋਗ ਹੋ ਰਹੇ ਹਨ। ਇਸੇ ਲਈ ਪਾਠਕਾਂ ਨੂੰ ਕਹਾਣੀਆਂ ਆਪਣੇ ਵੱਲ ਖਿੱਚਣ ਦੇ ਸਮਰੱਥ ਹੁੰਦੀਆਂ ਹਨ। ਹਿੰਦੀ ਦੇ ਲੇਖਕਾਂ ਨੂੰ ਨਵੀਂ ਗੱਲ ਨਵੇਂ ਅੰਦਾਜ਼ ਵਿੱਚ ਕਹਿਣੀ ਹੋਵੇਗੀ। ਹਿੰਦੀ ਵਿੱਚ ਥੋੜ੍ਹੀ ਉਰਦੂ, ਥੋੜ੍ਹੀ ਖੜ੍ਹੀ ਬੋਲੀ, ਥੋੜ੍ਹੀ ਭੋਜਪੁਰੀ ਜਾਂ ਅੰਗਰੇਜ਼ੀ ਦਾ ਵੀ ਬੇਝਿਜਕ ਪ੍ਰਯੋਗ ਕੀਤਾ ਜਾਵੇ, ਤਦ ਹੀ ਆਮ ਪਾਠਕ ਕਹਾਣੀਆਂ ਨਾਲ ਆਪਣੇ ਆਪ ਨੂੰ ਜੁੜੇ ਹੋਏ ਮਹਿਸੂਸ ਕਰਨਗੇ। ਉਨ੍ਹਾਂ ਨੂੰ ਇਹ ਵਿਸ਼ਵਾਸ ਹੋ ਸਕੇਦਗਾ ਕਿ ਇਹ ਉਨ੍ਹਾਂ ਦੇ ਆਪਣੇ ਘੇਰੇ ਦੀ ਹੀ ਕਹਾਣੀ ਹੈ।''

ਉਨ੍ਹਾਂ ਦਾ ਇਹ ਵੀ ਕਹਿਣਾ ਹੈ,''ਸਾਹਿਤ ਮੇਰੇ ਲਈ ਪਰਸਨਲ ਚੀਜ਼ ਹੈ। ਮੈਂ ਇਸ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਾ ਹਾਂ। ਰੋਜ਼ੀ-ਰੋਟੀ ਲਈ ਕੰਪਨੀ ਵਿੱਚ ਨੌਕਰੀ ਕਰਦਾ ਹਾਂ, ਪਰ ਆਪਣੀਆਂ ਭਾਵਨਾਵਾਂ ਮੈਂ ਕਹਾਣੀਆਂ ਰਾਹੀਂ ਲੋਕਾਂ ਨਾਲ ਸਾਂਝੀਆਂ ਕਰਦਾ ਹਾਂ। ਜਦੋਂ ਵੀ ਮੈਂ ਕਹਾਣੀਆਂ ਲਿਖਦਾ ਹਾਂ, ਤਾਂ ਇਸ ਨਾਲ ਦਿਲ ਤੋਂ ਜੁੜ ਜਾਂਦਾ ਹਾਂ। ਦਰਅਸਲ, ਹਿੰਦੀ ਭਾਸ਼ਾ ਮੇਰੇ ਦਿਲ ਦੇ ਨੇੜੇ ਹੈ।''

ਨਿਲਿਖ ਨੇ 'ਨਮਕ ਸਵਾਦਾਨੁਸਾਰ' ਨਾਂਅ ਨਾਲ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। ਇਸ ਸੰਗ੍ਰਹਿ ਵਿੱਚ ਉਹ ਕਹਾਣੀਆਂ ਹਨ, ਜੋ ਉਨ੍ਹਾਂ ਆਪਣੇ ਜੀਵਨ ਕਾਲ ਵਿੱਚ ਵੱਖੋ-ਵੱਖਰੇ ਸਮੇਂ ਲਿਖੀਆਂ। ਇਸ ਕਹਾਣੀ ਸੰਗ੍ਰਹਿ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। 'ਨਮਕ ਸਵਾਦਾਨੁਸਾਰ' ਦੀਆਂ ਕਹਾਣੀਆਂ ਨੇ ਨਿਖਿਲ ਦੀ ਹਰਮਨਪਿਆਰਤਾ ਨੂੰ ਚਾਰ ਚੰਨ ਲਾਏ। 'ਨਮਕ ਸਵਾਦਾਨੁਸਾਰ' ਨੂੰ ਬੀ.ਬੀ.ਸੀ. ਨੇ ਫ਼ਿਕਸ਼ਨ ਭਾਵ ਗਲਪ ਦੇ ਵਰਗ ਵਿੱਚ 'ਹਿੰਦੀ ਵਿੱਚ ਵਧੀਆ ਲੇਖਣੀ' ਕਰਾਰ ਦਿੱਤਾ। ਉਥੇ ਹੀ ਇਨਸਾਈਡਇਨ ਵੈਬਸਾਈਟ ਨੇ ਨਿਖਿਲ ਨੂੰ 'ਬੈਸਟ ਲਿਟਰੇਰੀ ਮਾਈਂਡ ਇਨ ਹਿੰਦੀ' ਲਈ ਚੁਣਿਆ। ਆਲੋਚਕਾਂ ਨੇ ਵੀ 'ਨਮਕ ਸਵਾਦਾਨੁਸਾਰ' ਦੀ ਸ਼ਲਾਘਾ ਕੀਤੀ।

ਆਪਣੇ ਮਨਪਸੰਦ ਸਾਹਿਤਕਾਰਾਂ ਬਾਰੇ ਨਿਖਿਲ ਨੇ ਕਿਹਾ,''ਹਿੰਦੀ-ਉਰਦੂ ਦੇ ਲੇਖਕਾਂ ਵਿੱਚ ਉਦੇ ਪ੍ਰਕਾਸ਼, ਸ਼੍ਰੀਲਾਲ ਸ਼ੁਕਲ, ਸਆਦਤ ਹਸਨ ਮੰਟੋ, ਇਸਮਤ ਚੁਗਤਾਈ, ਅੰਮ੍ਰਿਤਾ ਪ੍ਰੀਤਮ ਆਦਿ ਮੇਰੇ ਮਨਭਾਉਂਦੇ ਲੇਖਕ ਹਨ। ਉਥੇ ਹੀ ਵਿਦੇਸ਼ੀ ਭਾਸ਼ਾਵਾਂ ਵਿੱਚ ਜੋਜ਼ਫ਼ ਹੇਲਰ, ਜਾਰਜ ਓਰਵੈਲ, ਚੈਖੋਵ, ਓਰਹਾਨ ਪਾਮੁਕ, ਕਾਫ਼ਕਾ, ਦੋਸਤੋਵਸਕੀ ਆਦਿ ਦੇ ਸਾਹਿਤ ਨੂੰ ਮੈਂ ਖ਼ੂਬ ਪੜ੍ਹਿਆ ਹੈ। ਮੰਟੋ ਆਪਣੀਆਂ ਕਹਾਣੀਆਂ ਵਿੱਚ ਬਿਨਾਂ ਕਿਸੇ ਵਲ-ਛਲ਼ ਦੇ ਆਪਣੀ ਗੱਲ ਪਾਠਕਾਂ ਸਾਹਮਣੇ ਰਖਦੇ ਹਨ। ਸ਼੍ਰੀਲਾਲ ਸ਼ੁਕਲ ਦੀ ਸਿਰਜਣਾ 'ਰਾਗ ਦਰਬਾਰੀ' ਅਦਭੁਤ ਹੈ। ਜੋਜ਼ੇਫ਼ ਹੇਲਰ ਆਪਣੀ ਇੱਕ ਕਹਾਣੀ ਵਿੱਚ 40 ਵੱਖੋ-ਵੱਖਰੇ ਪਾਤਰਾਂ ਦੇ ਆਲ਼ੇ-ਦੁਆਲ਼ੇ ਆਪਣੀ ਕਹਾਣੀ ਬੁਣਦੇ ਹਨ ਅਤੇ ਸਭ ਨੂੰ ਇੱਕੋ ਜਿੰਨੀ ਜਗ੍ਹਾ ਦਿੰਦੇ ਹਨ। ਇਹ ਕਮਾਲ ਜੋਜ਼ਫ਼ ਹੀ ਕਰ ਸਕਦੇ ਹਨ। ਪਾਮੁਕ ਦੀ ਵਾਕ-ਬਣਤਰ ਅਤੇ ਵਿਆਖਿਆ ਲਾਜਵਾਬ ਹੈ। ਤੁਸੀਂ ਜਿੰਨਾ ਵੱਧ ਸਾਹਿਤ ਪੜ੍ਹੋਗੇ, ਤੁਹਾਡੀ ਭਾਸ਼ਾ-ਸ਼ੈਲੀ, ਵਿਆਖਿਆ ਵਿੱਚ ਓਨਾ ਹੀ ਵੱਧ ਸੁਧਾਰ ਆਵੇਗਾ। ਲਿਖਦੇ ਸਮੇਂ ਉਨ੍ਹਾਂ ਨੂੰ ਅੱਖੋਂ-ਪ੍ਰੋਖੇ ਕਰਨਾ ਔਖਾ ਹੈ।''

ਇੱਕ ਖ਼ਾਸ ਗੱਲ ਇਹ ਵੀ ਹੈ ਕਿ ਜਿਹੋ ਜਿਹਾ ਨਵਾਂਪਣ ਨਿਖਿਲ ਨੇ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਹਿੰਦੀ ਸਾਹਿਤ ਵਿੱਚ ਲਿਆਂਦਾ ਅਤੇ ਜਿਵੇਂ ਉਨ੍ਹਾਂ ਨੂੰ ਕਈ ਪਾਠਕ ਵੀ ਮਿਲੇ ਹਨ, ਦੂਜੇ ਹੋਰ ਨੌਜਵਾਨਾਂ ਨੇ ਵੀ ਹਿੰਦੀ ਨੂੰ ਸਾਹਿਤ-ਸਿਰਜਣਾ ਦਾ ਸਾਧਨ ਬਣਾਉਣਾ ਸ਼ੁਰੂ ਕੀਤਾ ਹੈ।

ਹਿੰਦੀ ਵਿੱਚ ਲਿਖਣ ਵਾਲੇ ਨੌਜਵਾਨਾਂ ਦੀ ਗਿਣਤੀ ਹੌਲੀ-ਹੌਲੀ ਵਧਣ ਲੱਗੀ ਹੈ। ਹਰੇਕ ਨਵਾਂ ਨੌਜਵਾਨ ਹਿੰਦੀ ਲੇਖਕ ਸਮੇਂ ਦੀ ਮੰਗ ਅਨੁਸਾਰ ਸਾਹਿਤ ਵਿੱਚ ਨਵਾਂਪਣ ਲਿਆ ਰਿਹਾ ਹੈ। ਨਵੇਂ ਨੌਜਵਾਨ ਲੇਖਕਾਂ ਦੇ ਲਿਖਣ ਦੀ ਸ਼ੈਲੀ ਵੱਖਰੀ ਹੈ, ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਵੱਖਰੇ ਹਨ। ਪੁਰਾਣੀ ਰਵਾਇਤ ਤੋਂ ਹਟ ਕੇ ਨਵੇਂ ਲੋਕਾਂ ਨੇ ਹਿੰਦੀ ਵਿੱਚ ਲਿਖਣਾ ਸ਼ੁਰੂ ਕੀਤਾ ਹੈ। ਇਨ੍ਹਾਂ ਨੌਜਵਾਨ ਲੇਖਕਾਂ ਦੇ ਪ੍ਰਯੋਗਾਂ ਅਤੇ ਨਵੇਂਪਣ ਨਾਲ ਉਮੀਦ ਜਗੀ ਹੈ ਕਿ ਹਿੰਦੀ ਸਾਹਿਤ ਮੁੜ ਰਫ਼ਤਾਰ ਫੜੇਗਾ ਅਤੇ ਹਿੰਦੀ ਦੀਆਂ ਕਿਤਾਬਾਂ ਵੀ ਵਿਕਣਗੀਆਂ। ਨਿਖਿਲ ਜਿਹੇ ਨੌਜਵਾਨ ਹਿੰਦੀ ਲੇਖਕਾਂ ਸਾਹਮਣੇ ਨੌਜਵਾਨਾਂ ਨੂੰ ਹਿੰਦੀ ਵੱਲ ਖਿੱਚਣ ਦੀ ਵੱਡੀ ਚੁਣੌਤੀ ਹੈ। ਨਵੀਂ ਪੀੜ੍ਹੀ ਦਾ ਹਿੰਦੀ ਤੋਂ ਮੋਹਭੰਗ ਹੋਣ ਦੇ ਦਾਅਵਿਆਂ ਵਿਚਕਾਰ ਨੌਜਵਾਨ ਲੇਖਕਾਂ ਨੇ ਨਵੀਆਂ ਆਸਾਂ ਜਗਾਈਆਂ ਹਨ ਅਤੇ ਕਾਮਯਾਬ ਵੀ ਹੁੰਦੇ ਵਿਖਾਈ ਦੇ ਰਹੇ ਹਨ।

 • Share Icon
 • Facebook Icon
 • Twitter Icon
 • LinkedIn Icon
 • Reddit Icon
 • WhatsApp Icon
Share on
Report an issue
Authors

Related Tags