ਘਰ ਦੀ ਗੱਡੀ ਚਲਾਉਣ ਨੂੰ ਬਲਜਿੰਦਰ ਕੌਰ ਨੇ ਸਾੰਭ ਲਿਆ ਆਟੋ ਰਿਕਸ਼ਾ ਦਾ ਹੈੰਡਲ
ਹੌਸਲਾ ਕਿਸੇ ਵੀ ਔਕੜ ਦਾ ਸਾਹਮਣਾ ਕਰਨ ਦੀ ਹਿਮਤ ਦੇ ਦਿੰਦਾ ਹੈ. ਲੋੜ ਕੇਵਲ ਉਸ ਹੌਸਲੇ ਨੂੰ ਬਣਾਈ ਰੱਖਣ ਦੀ ਹੁੰਦੀ ਹੈ. ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੀ ਬਲਜਿੰਦਰ ਕੌਰ ਨੇ ਵੀ ਹੌਸਲੇ ਨਾਲ ਸਾਹਮਣੇ ਆਈਆਂ ਔਕੜਾਂ ਦਾ ਮੁਕਾਬਲਾ ਕੀਤਾ ਅਤੇ ਕਾਮਯਾਬ ਹੋ ਕੇ ਹੀ ਮੰਨੀ.
ਬਲਜਿੰਦਰ ਕੌਰ ਮੋਹਾਲੀ ਜਿਲ੍ਹੇ ਦੀ ਕੱਲੀ ਔਰਤ ਹੈ ਜਿਹੜੀ ਆਟੋ ਰਿਕਸ਼ਾ ਚਲਾਉਂਦੀ ਹੈ. ਆਪਣੇ ਪਰਿਵਾਰ ਦੀ ਜਰੂਰਤਾਂ ਪੂਰੀ ਕਰਨ ਲਈ ਉਸਨੇ ਉਸ ਖ਼ੇਤਰ ‘ਚ ਹੱਥ ਪਾਇਆ ਜਿਸ ਨੂੰ ਮਰਦਾਂ ਲਈ ਹੀ ਮੰਨਿਆ ਜਾਂਦਾ ਰਿਹਾ ਹੈ. ਇਹ ਆਟੋ ਰਿਕਸ਼ਾ ਪਹਿਲੋਂ ਉਸ ਦਾ ਭਰਾ ਚਲਾਉਂਦਾ ਸੀ. ਦਸ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ. ਉਹ ਘਰ ‘ਚ ਕਮਾਉਣ ਵਾਲਾ ਕੱਲਾ ਜੀਅ ਸੀ.
ਇਸ ਬਾਰੇ ਬਲਜਿੰਦਰ ਕੌਰ ਨੇ ਦੱਸਿਆ-
“ਭਰਾ ਦੀ ਮੌਤ ਦੇ ਬਾਅਦ ਆਟੋ ਰਿਕਸ਼ਾ ਕਿਰਾਏ ‘ਤੇ ਚਲਾਉਣ ਲਈ ਦਿੱਤਾ ਹੋਇਆ ਸੀ. ਉਸ ਕਿਰਾਏ ਨਾਲ ਹੀ ਘਰ ਦਾ ਖ਼ਰਚਾ ਚਲਦਾ ਸੀ. ਪਰ ਉਸ ਨਾਲ ਘਾਟਾ ਹੀ ਪੈ ਰਿਹਾ ਸੀ. ਇਸ ਕਰਕੇ ਮੈਂ ਆਪ ਹੀ ਇਸ ਨੂੰ ਸਾੰਭ ਲੈਣ ਦਾ ਫ਼ੈਸਲਾ ਕਰ ਲਿਆ.”
ਬਲਜਿੰਦਰ ਕੌਰ ਆਪਣੇ ਮਾਂ-ਪਿਉ ਅਤੇ ਅੱਠ ਸਾਲ ਦੇ ਪੁੱਤ ਨਾਲ ਰਹਿੰਦੀ ਹੈ. ਕਿਸੇ ਗੱਲ ਨੂੰ ਲੈ ਕੇ ਉਸਦੇ ਪਤੀ ਨੇ ਉਸ ਦੇ ਨਾਲ ਰਹਿਣ ਤੋਂ ਨਾਂਹ ਕਰ ਦਿੱਤੀ ਦੇ ਦੋਵੇਂ ਵੱਖ ਹੋ ਗਏ. ਬੇਟੇ ਦੀ ਪੜ੍ਹਾਈ ਦਾ ਅਤੇ ਮਾਂ-ਪਿਉ ਦੀ ਜਿੰਮੇਦਾਰੀ ਵੀ ਬਲਜਿੰਦਰ ਕੌਰ ‘ਤੇ ਹੀ ਆ ਗਈ. ਰੁਜ਼ਗਾਰ ਦਾ ਹੋਰ ਕੋਈ ਵਸੀਲਾ ਨਾਂਹ ਹੋਣ ਕਾਰਣ ਉਸਨੇ ਆਪ ਹੀ ਆਟੋ ਚਲਾਉਣ ਦਾ ਫ਼ੈਸਲਾ ਕਰ ਲਿਆ. ਪਰ ਇਹ ਕੋਈ ਸੌਖਾ ਕੰਮ ਨਹੀਂ ਸੀ. ਕਿਸੇ ਨੇ ਵੀ ਇਸ ਕੰਮ ‘ਚ ਉਸਦੀ ਮਦਦ ਨਹੀਂ ਕੀਤੀ.
ਬਲਜਿੰਦਰ ਕੌਰ ਕਹਿੰਦੀ ਹੈ_
“ਮੈਨੂੰ ਸਕੂਟਰ ਤਾਂ ਚਲਾਉਣਾ ਆਉਂਦਾ ਸੀ ਪਰ ਆਟੋ ਬਾਰੇ ਜਾਣਕਾਰੀ ਨਹੀਂ ਸੀ. ਮੈਂ ਕੁਝ ਜਾਣਕਾਰਾਂ ਨੂੰ ਮਿੰਨਤ ਕੀਤੀ ਕੇ ਉਹ ਮੈਨੂੰ ਆਟੋ ਚਲਾਉਣਾ ਸਿਖਾ ਦੇਣ ਪਰ ਕਿਸੇ ਨੇ ਮਦਦ ਨਹੀਂ ਕੀਤੀ. ਫ਼ੇਰ ਇੱਕ ਦਿਨ ਆਪ ਹੀ ਆਟੋ ਦਾ ਹੈਂਡਲ ਫੜ ਲਿਆ.”
ਕੁਝ ਹੀ ਦਿਨਾਂ ਵਿੱਚ ਬਲਜਿੰਦਰ ਆਟੋ ਚਲਾਉਣਾ ਸਿੱਖ ਗਈ ਅਤੇ ਮੋਹਾਲੀ ‘ਚ ਸਵਾਰੀਆਂ ਚੁੱਕਣ ਲੱਗ ਪਈ. ਹੋਰ ਆਟੋ ਵਾਲਿਆਂ ਨੇ ਉਸਦਾ ਮਖੌਲ ਵੀ ਉਡਾਇਆ, ਉਸ ਬਾਰੇ ਭੈੜੀਆਂ ਗੱਲਾਂ ਵੀ ਕੀਤੀਆਂ, ਉਸ ਨੂੰ ਨਿਰਉਤਸ਼ਾਹ ਵੀ ਕੀਤਾ, ਪਰ ਬਲਜਿੰਦਰ ਕੌਰ ਨੇ ਹੌਸਲਾ ਨਾਂਹ ਛੱਡਿਆ.
ਪਹਿਲਾਂ ਉਸ ਨੇ ਨੇੜਲੀ ਜਗ੍ਹਾਂ ਲਈ ਸਵਾਰੀਆਂ ਲੈਣੀਆਂ ਸ਼ੁਰੂ ਕੀਤੀਆਂ. ਇਸ ਦਾ ਕਾਰਣ ਸੀ ਕੇ ਉਸਨੂੰ ਸ਼ਹਿਰ ਅਤੇ ਰਾਸਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ. ਉਸ ਦੱਸਦੀ ਹੈ ਕੇ ਕਈ ਵਾਰ ਤਾਂ ਸਵਾਰੀਆਂ ਆਪ ਹੀ ਉਸਨੂੰ ਰਾਹ ਬਾਰੇ ਦੱਸਦਿਆਂ ਸਨ. ਅਜਿਹਾ ਹੁਣ ਵੀ ਹੋ ਜਾਂਦਾ ਹੈ.
ਬਲਜਿੰਦਰ ਕੌਰ ਨੇ ਦੱਸਿਆ ਕੇ ਪਹਿਲਾਂ ਕਈ ਮਹੀਨੇ ਤਾਂ ਉਸਨੇ ਸਿਰਫ਼ ਔਰਤਾਂ, ਕੁੜੀਆਂ ਅਤੇ ਬੁਜ਼ੁਰਗਾਂ ਨੂੰ ਹੀ ਸਵਾਰੀ ਵੱਜੋਂ ਲੈਂਦੀ ਸੀ ਪਰ ਹੁਣ ਹੌਸਲਾ ਵੱਧ ਗਿਆ ਹੈ. ਹੁਣ ਉਹ ਮੋਹਾਲੀ ਤੋਂ ਪ੍ਰਹਾਂ ਵੀ ਜਾ ਕੇ ਸਵਾਰੀਆਂ ਚੁੱਕਾ ਲੈਂਦੀ ਹੈ.
ਉਹ ਸਵੇਰੇ ਸਾਢੇ ਅੱਠ ਵੱਜੇ ਤੋਂ ਆਟੋ ਚਲਾਉਣਾ ਸ਼ੁਰੂ ਕਰਦੀ ਹੈ. ਦੁਪਹਿਰ ਨੂੰ ਰੋਟੀ ਖਾਣ ਲਈ ਕੁਝ ਸਮਾਂ ਰੁਕਦੀ ਹੈ ਅਤੇ ਫ਼ੇਰ ਕੰਮ ‘ਚ ਲੱਗ ਜਾਂਦੀ ਹੈ. ਸੁਰਖਿਆ ਨੂੰ ਸਮਝਦੀਆਂ ਉਹ ਰਾਤ ਨੂੰ ਆਟੋ ਨਹੀਂ ਚਲਾਉਂਦੀ. ਸਾਰਾ ਦਿਨ ਮਿਹਨਤ ਕਰਕੇ ਉਹ ਦਿਹਾੜੀ ਦਾ ਤਿੰਨ ਸੌ ਰੁਪਏ ਵੱਟ ਲੈਂਦੀ ਹੈ ਜਿਸ ਨਾਲ ਉਹ ਆਪਣੇ ਘਰ ਦਾ ਖ਼ਰਚਾ ਚਲਾਉਂਦੀ ਹੈ.
ਇੰਨੀ ਔਕੜਾਂ ਨਾਲ ਜੂਝ ਲੈਣ ਦੇ ਹੌਸਲੇ ਬਾਰੇ ਉਹ ਕਹਿੰਦੀ ਹੈ ਕੇ ਉਸ ਦਾ ਬੇਟਾ ਉਸ ਨੂੰ ਹੌਸਲਾ ਦਿੰਦਾ ਹੈ. ਉਸ ਨੂੰ ਮੇਰੀ ਮਿਹਨਤ ਅਤੇ ਮੇਰੇ ਹੌਸਲੇ ‘ਤੇ ਭਰੋਸਾ ਹੈ. ਉਸ ਹੌਸਲੇ ਨਾਲ ਹੀ ਮੈਂ ਰਾਹ ‘ਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਲੈਂਦੀ ਹਾਂ.
ਲੇਖਕ: ਰਵੀ ਸ਼ਰਮਾ