ਇੱਕ ਵਿਚਾਰ ਤੇ ਇੱਕ 'ਐਂਡੈਵਰ', ਜਿਸ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਸੁਫ਼ਨੇ ਸਾਕਾਰ ਕਰਨ 'ਚ ਮਦਦ ਕੀਤੀ

5th Apr 2016
  • +0
Share on
close
  • +0
Share on
close
Share on
close

ਤੁਸੀਂ ਕਿੰਨੀ ਕੁ ਵਾਰ ਆਪਣੇ ਕਿਸੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਕੇਵਲ ਇਸ ਕਰ ਕੇ ਰੁਕੇ ਹੋ ਕਿ ਤੁਸੀਂ ਸੋਚਿਆ ਕਿ ਤੁਹਾਡੇ ਵਿੱਚ ਉਸ ਦੀ ਯੋਗਤਾ ਨਹੀਂ ਹੈ? ਪਰ ਜੇ ਤੁਹਾਨੂੰ ਕੋਈ ਆਖੇ ਕਿ ਤੁਸੀਂ ਇਹ ਸਭ ਕਰ ਸਕਦੇ ਹੋ ਤੇ ਉਹ ਤੁਹਾਨੂੰ ਸਹੀ ਰਾਹ ਵਿਖਾਏ, ਫਿਰ? ਕੀ ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ? ਤਦ ਕੀ ਹੁੰਦਾ ਹੈ ਜੇ ਕੋਈ ਤੁਹਾਡੀਆਂ ਸੀਮਾਵਾਂ ਵਿੱਚ ਵਾਧਾ ਕਰਦਾ ਹੈ? ਉਦੋਂ ਕੀ ਹੁੰਦਾ ਹੈ ਜੇ ਕੁੱਝ ਵੀ ਨਵਾਂ ਸਿੱਖਣ ਦੀ ਤੁਹਾਨੂੰ ਲਤ ਲੱਗ ਜਾਵੇ?

'ਟੀਮ ਐਂਡੈਵਰ' (Team Endeavour) (ਉਹ ਆਪਣੇ-ਆਪ ਨੂੰ ਇਹੋ ਅਖਵਾਉਣਾ ਪਸੰਦ ਕਰਦੇ ਹਨ) ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਹੋ ਕੁੱਝ ਤਾਂ ਕਰ ਰਹੀ ਹੈ। ਹੋਰਨਾਂ ਕੋਚਿੰਗ ਸੰਸਥਾਨਾਂ ਤੋਂ ਉਲਟ, 'ਐਂਡੈਵਰ' ਉਨ੍ਹਾਂ ਨੌਜਵਾਨ ਚਾਹਵਾਨਾਂ ਦੀ ਅੰਦਰੂਨੀ ਯੋਗਤਾ ਤੇ ਉਨ੍ਹਾਂ ਦੇ ਵਤੀਰੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ, ਜੋ ਭਾਰਤ ਅਤੇ ਵਿਦੇਸ਼ ਦੇ ਚੋਟੀ ਦੇ ਕਾਲਜਾਂ ਤੋਂ ਉੱਚ ਸਿੱਖਿਆ ਹਾਸਲ ਕਰਨੀ ਚਾਹੁੰਦੇ ਹਨ।

ਇੱਕ ਵਿਦਿਆਰਥੀ ਦਾ ਭਵਿੱਖ ਬਣਾਉਣ ਦੀ ਇੱਕ 'ਐਂਡੈਵਰ' (ਕੋਸ਼ਿਸ਼)

'ਐਂਡੈਵਰ' ਦੇ ਵਿਸ਼ਵ ਵਿੱਚ ਸੁਆਗਤ। 'ਐਂਡੈਵਰ' ਦਾ ਇੱਕ ਔਸਤ ਵਿਦਿਆਰਥੀ ਇੱਕ ਹਫ਼ਤੇ 'ਚ ਦੋ ਕਿਤਾਬਾਂ ਪੜ੍ਹਦਾ ਹੈ। ਭਾਵੇਂ ਕੋਈ ਵੀ ਲੈਕਚਰ ਨਾ ਹੋਵੇ, ਇਸ ਸੰਸਥਾਨ ਵਿੱਚ ਅਨੇਕਾਂ ਸਮੂਹ ਜ਼ਰੂਰ ਮੌਜੂਦ ਰਹਿੰਦੇ ਹਨ, ਜੋ ਸੁਆਲਾਂ ਦੇ ਹੱਲ ਲੱਭਣ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਜਾਂ ਉੱਥੇ ਤੁਸੀਂ ਹਰ ਵੇਲੇ ਵਿਦਿਆਰਥੀਆਂ ਨੂੰ ਆਪਣੀ ਮਨਪਸੰਦ ਪੁਸਤਕ ਪੜ੍ਹਦਿਆਂ ਵੀ ਵੇਖ ਸਕਦੇ ਹੋ ਜਾਂ ਉਹ ਤੁਹਾਨੂੰ ਸਖ਼ਤ ਮਿਹਨਤ ਨਾਲ ਵਿਅਕਤੀਗਤ ਤਿਆਰੀ ਕਰਦੇ ਦਿਸਣਗੇ। ਵਿਦਿਆਰਥੀਆਂ ਵੱਲੋਂ 'ਐਂਡੈਵਰ' ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸਮਾਰੋਹਾਂ ਵਿੱਚੋਂ ਇੱਕ ਹੁੰਦਾ ਹੈ 'ਟੈਸਟ ਸੀਰੀਜ਼'। ਇਹ ਸਮਾਰੋਹ ਦੋ ਮਹੀਨਿਆਂ ਵਿੱਚ ਇੱਕ ਵਾਰ ਕਰਵਾਇਆ ਜਾਂਦਾ ਹੈ ਤੇ ਤਦ ਜਮਾਤਾਂ ਦੇ ਕਮਰਿਆਂ, ਪ੍ਰਯੋਗਸ਼ਾਲਾਵਾਂ, ਕਮਰਿਆਂ, ਪੌੜੀਆਂ ਹਰ ਥਾਂ ਉੱਤੇ ਵਿਦਿਆਰਥੀਆਂ ਦਾ ਪੂਰਾ ਭੀੜ-ਭੜੱਕਾ ਰਹਿੰਦਾ ਹੈ, ਜੋ ਬਹੁਤ ਖ਼ੁਸ਼ੀ-ਖ਼ੁਸ਼ੀ ਇੱਕ-ਦੂਜੇ ਨਾਲ਼ ਮੁਕਾਬਲਾ ਕਰਦੇ ਹਨ ਤੇ ਆਪਣੀਆਂ ਸੀਮਾਵਾਂ ਵਿੱਚ ਵਾਧਾ ਕਰਦੇ ਹਨ।

'ਐਂਡੈਵਰ ਕੈਰੀਅਰਜ਼' ਦੇ ਸਹਿ-ਬਾਨੀ ਤੇ ਸੀ.ਈ.ਓ. ਸ੍ਰੀ ਵਿਵੇਕ ਟੁਟੇਜਾ ਨੇ ਦੱਸਿਆ,''ਅਰੰਭ ਤੋਂ ਹੀ ਸਾਡਾ ਕੇਂਦਰ-ਬਿੰਦੂ ਬਹੁਤ ਸਪੱਸ਼ਟ ਸੀ। ਜੇ ਤੁਸੀਂ ਆਪਣੇ ਆਲ਼ੇ-ਦੁਆਲ਼ੇ ਨਜ਼ਰ ਮਾਰੋ, ਤਾਂ ਤੁਸੀਂ ਵੇਖੋਗੇ ਕਿ ਬਹੁਤੇ ਕੋਚਿੰਗ ਸੈਂਟਰ ਜ਼ਿਆਦਾਤਰ ਹੋਣਹਾਰ ਤੇ ਹੁਸ਼ਿਆਰ ਵਿਦਿਆਰਥੀਆਂ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਨ ਕਿਉਂਕਿ ਅਜਿਹਾ ਕਰਨਾ ਸੁਖਾਲ਼ਾ ਹੁੰਦਾ ਹੈ। ਪਰ ਇੰਝ ਇੱਕ ਔਸਤ ਵਿਦਿਆਰਥੀ ਦਾ ਆਤਮ-ਵਿਸ਼ਵਾਸ ਡਿਗਦਾ ਹੈ ਤੇ ਉਸ ਦੀਆਂ ਇੱਛਾਵਾਂ ਡਾਵਾਂ-ਡੋਲ ਹੁੰਦੀਆਂ ਹਨ। ਪਰ ਸਾਡੇ ਟਰੇਨਰ ਕੇਵਲ ਹੋਣਹਾਰ ਬੱਚਿਆਂ 'ਤੇ ਹੀ ਨਹੀਂ, ਸਗੋਂ ਹਰੇਕ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਨ।'' ਉਨ੍ਹਾਂ ਕਿਹਾ,''ਅਸੀਂ ਕੋਈ ਝੂਠੇ ਵਾਅਦੇ ਨਹੀਂ ਕਰਦੇ ਕਿ ਸਾਡੇ ਵਿਦਿਆਰਥੀ ਆਈ.ਆਈ.ਐਮਜ਼ ਵਿੱਚ ਦਾਖ਼ਲ ਹੋਣ ਦੇ ਯੋਗ ਹੋਣਗੇ, ਪਰ ਫਿਰ ਵੀ ਇਸ ਉਦਯੋਗ ਵਿੱਚ ਸਾਡੀ ਸਫ਼ਲਤਾ ਦਾ ਅਨੁਪਾਤ ਸਭ ਤੋਂ ਵਧੀਆ ਹੈ। 'ਐਂਡੈਵਰ' 'ਚ ਸਿੱਖਣਾ ਸੁਖਾਲ਼ਾ ਬਣਾਇਆ ਜਾਂਦਾ ਹੈ ਤੇ ਉਸ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਅਸੀਂ ਉਨ੍ਹਾਂ ਦੀ ਕੇਵਲ ਅੰਦਰੂਨੀ ਯੋਗਤਾ ਹੀ ਨਹੀਂ, ਸਗੋਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦੇ ਹਾਂ, ਉਨ੍ਹਾਂ ਦੀ ਸਿੱਖਣ ਦੀ ਯੋਗਤਾ ਵਿੱਚ ਵਾਧਾ ਕਰਦੇ ਹਾਂ ਅਤੇ ਹੋਰਨਾਂ ਨੂੰ ਪਿਛਾਂਹ ਛੱਡ ਜਾਣ ਦੀ ਇੱਛਾ ਪੈਦਾ ਕਰਦੇ ਹਾਂ।''

ਤੀਰ ਨਿਸ਼ਾਨੇ 'ਤੇ

'ਕੈਟ' ਦੀ ਤਿਆਰੀ ਕਰਵਾਉਣ ਵਾਲੇ ਇੱਕ ਪ੍ਰਸਿੱਧ ਕੋਚਿੰਗ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਸ੍ਰੀ ਵਿਵੇਕ ਨੇ ਮਹਿਸੂਸ ਕੀਤਾ ਕਿ ਬਹੁਤੇ ਵਿਦਿਆਰਥੀਆਂ ਦੀ ਅੰਦਰੂਨੀ ਯੋਗਤਾ ਉੱਤੇ ਬਿਲਕੁਲ ਵੀ ਕੋਈ ਧਿਆਨ ਕੇਂਦ੍ਰਿਤ ਨਹੀਂ ਕੀਤਾ ਜਾਂਦਾ ਸੀ; ਜਿਸ ਕਾਰਣ ਉਹ ਆਪਣੇ ਸੁਫ਼ਨੇ ਸਾਕਾਰ ਕਰਨ ਤੋਂ ਕੁੱਝ ਪਿਛਾਂਹ ਰਹਿ ਜਾਂਦੇ ਹਨ। ਉਨ੍ਹਾਂ ਇੱਥ ਕੋਚਿੰਗ ਸੈਂਟਰ ਵਿੱਚ ਦੋ ਸਾਲ ਕੰਮ ਕੀਤਾ ਤੇ ਉਨ੍ਹਾਂ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ।

ਸ੍ਰੀ ਵਿਵੇਕ ਨੇ ਅਹਿਮਦਾਬਾਦ ਸਥਿਤ ਇੰਡੀਅਨ ਇੰਸਟੀਚਿਊਟ ਆੱਫ਼ ਮੈਨੇਜਮੈਂਟ ਤੋਂ ਐਮ.ਬੀ.ਏ. ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇੱਕ ਭਾਰਤੀ ਕਾਰਪੋਰੇਟ ਕੰਪਨੀ ਵਿੱਚ ਨੌਕਰੀ ਲੱਭ ਲਈ। ਪਰ ਉਨ੍ਹਾਂ ਦੇ ਅੰਦਰਲਾ ਇੱਕ 'ਟਰੇਨਰ' ਚੁੱਪ ਕਰ ਕੇ ਬੈਠਣਾ ਨਹੀਂ ਸੀ ਚਾਹੁੰਦਾ। ਉਨ੍ਹਾਂ ਨੇ ਇਸ ਬਾਰੇ ਆਪਣੇ ਦੋਸਤ ਹਿਤੇਸ਼ ਦੇਵਾਲੀਆ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਫਿਰ ਭਾਰਤ ਵਿੱਚ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲ਼ੇ ਉਦਯੋਗ 'ਚ ਇੱਕ ਨਵੀਂ ਧਾਰਨਾ 'ਐਂਡੈਵਰ' ਦਾ ਜਨਮ ਹੋਇਆ; ਜਿੱਥੇ ਸੀ.ਏ.ਟੀ. (ਕੈਟ)/ਜੀ.ਆਰ.ਈ. ਤੇ ਜੀਮੈਟ ਦੀ ਤਿਆਰੀ ਕਰਨ ਵਾਲ਼ੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ ਤੇ ਹਰ ਵੇਲੇ ਧਿਆਨ 'ਸੁਫ਼ਨੇ,' 'ਕੋਸ਼ਿਸ਼,' 'ਹਾਸਲ ਕਰਨ' ਉੱਤੇ ਕੇਂਦ੍ਰਿਤ ਕੀਤਾ ਜਾਂਦਾ ਹੈ।

ਤੁਸੀਂ ਅੰਕੜੇ ਚੈੱਕ ਕਰ ਕੇ ਵੇਖ ਸਕਦੇ ਹੋ ਕਿ ਇਹ ਟੀਮ ਆਪਣੀ ਸੱਚਾਈ 'ਤੇ ਡਟੀ ਰਹੀ ਹੈ। ਅੱਜ ਇਸ ਉਦਯੋਗ ਵਿੱਚ 'ਐਂਡੈਵਰ' ਨੂੰ 90 ਫ਼ੀ ਸਦੀ ਵਿਦਿਆਰਥੀ ਸਦਾ ਚੇਤੇ ਰਖਦੇ ਹਨ; ਜਦ ਕਿ ਆਮ ਇੰਸਟੀਚਿਊਟ ਦੀ ਇਹ ਦਰ 50 ਕੁ ਫ਼ੀ ਸਦੀ ਹੁੰਦੀ ਹੈ। ਇਸ ਦਾ ਕਾਰਣ ਬਹੁਤ ਸਪੱਸ਼ਟ ਹੈ - ਵਿਦਿਆਰਥੀ ਖ਼ੁਸ਼ ਹਨ ਤੇ ਉਹ ਸਿੱਖ ਰਹੇ ਹਨ। ਦਰਅਸਲ ਉਹ ਕੁੱਝ ਨਵਾਂ ਸਿੱਖਣ ਨਾਲ਼ ਪਰਣਾਏ ਗਏ ਹਨ।

'ਐਂਡੈਵਰ' ਲਾਭ

'ਐਂਡੈਵਰ' ਦੀ ਸਫ਼ਲਤਾ ਨੂੰ ''ਐਂਡੈਵਰ ਲਾਭ' ਆਖਿਆ ਜਾ ਸਕਦਾ ਹੈ; ਇਸ ਦੇ ਚਾਰ ਪ੍ਰਮੁੱਖ ਤੱਤ ਹਨ:

ਪਹਿਲਾ ਹੈ '360 ਡਿਗਰੀ ਕੈਰੀਅਰ ਵਿਕਾਸ ਪ੍ਰੋਗਰਾਮ'; ਜੋ ਕਿ 'ਐਂਡੈਵਰ' ਵਿਆਪਕ ਤੇ ਪ੍ਰਮਾਣਿਤ ਕੋਰਸ ਸਮੱਗਰੀ ਦੇ ਨਾਲ਼-ਨਾਲ਼ ਵਰਕਸ਼ਾੱਪਸ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ। ਮਿਸਾਲ ਦੇ ਤੌਰ 'ਤੇ, ਵਿਦਿਆਰਥੀ 18 ਮਹੀਨਿਆਂ ਦੇ ਸਮੇਂ 'ਚ 12 ਸੈਮੀਨਾਰਜ਼ ਵਿੱਚ ਸ਼ਾਮਲ ਹੁੰਦੇ ਹਨ। ਉਹ 'ਪਾੱਕੇਟ ਸੈਮੀਨਾਰਜ਼' ਭਾਵੇਂ ਛੋਟੇ ਸੈਮੀਨਾਰਜ਼ ਵਿੱਚ ਭਾਗ ਲੈਂਦੇ ਹਨ; ਜਿਹੜੇ ਵਿਭਿੰਨ ਵਿਸ਼ਿਆਂ ਤੋਂ ਲੈ ਕੇ ਵਿਸ਼ੇਸ਼ ਵਿਸ਼ਿਆਂ ਉੱਤੇ ਕੇਂਦ੍ਰਿਤ ਹੁੰਦੇ ਹਨ। ਅਜਿਹੀ 'ਗੰਭੀਰ ਸਿਖਲਾਈ' ਬਹੁਤ ਹਾਸੇ-ਮਜ਼ਾਕ ਵਾਲ਼ੀ ਸ਼ੈਲੀ ਵਿੱਚ ਦਿੱਤੀ ਜਾਂਦੀ ਹੈ; ਜਿਵੇਂ ਕਿ ਵਿਦਿਆਰਥੀਆਂ ਦੀ ਬਿਨਾ ਤਿਆਰੀ ਦਾ ਟੈਸਟ ਲਿਆ ਜਾਂਦਾ ਹੈ ਤੇ ਹੋਰ ਅਨੇਕਾਂ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

ਦੂਜਾ 'ਐਂਡੈਵਰ' ਲਾਭ ਹੈ 'ਸਾਰਾ ਸਮਾਂ ਮਾਹਿਰ ਅਧਿਆਪਕ-ਵਰਗ', ਜੋ ਕਿ ਪ੍ਰੀਖਿਆ ਦੀ ਤਿਆਰੀ ਕਰਨ ਤੇ ਕੈਰੀਅਰ ਬਾਰੇ ਨਿਰਦੇਸ਼ ਦਿੰਦੇ ਰਹਿੰਦੇ ਹਨ। 'ਐਂਡੈਵਰ' ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇੱਥੇ ਕਦੇ ਕਿਸੇ ਅਧਿਆਪਕ ਨੂੰ ਬਾਹਰੋਂ ਲੈਕਚਰ ਦੇਣ ਲਈ ਨਹੀਂ ਸੱਦਿਆ ਜਾਂਦਾ ਤੇ ਨਾ ਹੀ ਇੱਥੇ ਕੋਈ 'ਪਾਰਟ-ਟਾਈਮ' ਅਧਿਆਪਕ ਰੱਖੇ ਜਾਂਦੇ ਹਨ। ਐਸ.ਪੀ. ਜੈਨ ਦੇ ਗਰੈਜੂਏਟ ਤੇ 'ਐਂਡੈਵਰ' ਦੇ ਸੀ.ਓ.ਓ. ਪਾਰਸ਼ਰਨ ਚੈਰੀ ਨੇ ਦੱਸਿਆ,''ਜਮਾਤਾਂ ਦੇ ਕਮਰਿਆਂ ਦੇ ਬਾਹਰ ਬਹੁਤ ਸਾਰਾ ਵਿਕਾਸ ਹੁੰਦਾ ਹੈ, ਜਿਸ ਨੂੰ ਯੋਗ ਸਲਾਹਕਾਰ ਤੇ ਅਧਿਆਪਕ ਹੀ ਅੰਜਾਮ ਦਿੰਦੇ ਹਨ।''

ਤੀਜਾ ਹੈ 'ਵਿਅਕਤੀਕ੍ਰਿਤ ਸਲਾਹ'; ਜਿਸ ਅਧੀਨ ਇਕੱਲੇ-ਇਕੱਲੇ ਵਿਦਿਆਰਥੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਯੋਗ ਸਲਾਹ ਦਿੱਤੀ ਜਾਂਦੀ ਹੈ ਤੇ ਫ਼ੀਡਬੈਕ ਵੀ ਲਈ ਜਾਂਦੀ ਹੈ।

image


ਚੌਥਾ ਹੈ 'ਵਿਆਪਕ ਆੱਨਲਾਈਨ ਟੈਸਟਿੰਗ ਮੰਚ'; ਜੋ ਕਿ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਧਾਉਣ ਲਈ ਵੱਡੇ ਪੱਧਰ ੳੱਤੇ ਫ਼ੀਡਬੈਕ ਪ੍ਰਦਾਨ ਕਰਦਾ ਹੈ। ਅਜਿਹਾ ਇਸ ਕਰ ਕੇ ਸੰਭਵ ਹੋਇਆ ਹੈ ਕਿਉਂਕਿ 'ਐਂਡੈਵਰ' ਨੇ ਰੀਅਲ ਐਸਟੇਟ ਤੇ ਸੂਚਨਾ ਤਕਨਾਲੋਜੀ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਹੈ; ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਵਿਦਿਆਰਥੀ ਫ਼ਰਜ਼ੀ ਪ੍ਰੀਖਿਆਵਾਂ ਦਿੰਦੇ ਹਨ, ਤਦ ਬਿਲਕੁਲ ਅਸਲ ਪ੍ਰੀਖਿਆਵਾਂ ਜਿਹਾ ਸਖ਼ਤ ਮਾਹੌਲ ਹੀ ਪੈਦਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਅਸਲ ਪ੍ਰਵੇਸ਼ ਪ੍ਰੀਖਿਆ ਦਾ ਹੀ ਅਹਿਸਾਸ ਹੁੰਦਾ ਹੈ।

ਹੁਣ ਤੱਕ ਅਜਿਹੀਆਂ ਵਿਸ਼ੇਸ਼ਤਾਵਾਂ ਸਦਕਾ ਹੀ 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਸੁਆਰਨ ਵਿੱਚ ਮਦਦ ਮਿਲ਼ ਸਕੀ ਹੈ। ਇਹ ਸਾਰੇ ਵਿਦਿਆਰਥੀ 'ਐਂਡੈਵਰ ਕੈਰੀਅਰਜ਼' ਦਾ ਹਿੱਸਾ ਰਹੇ ਹਨ।

ਕਾਰੋਬਾਰੀ ਉੱਦਮਤਾ ਦੇ ਸਬਕ ਸਿੱਖਣਾ

ਪਰ ਕਿਸੇ ਵੀ ਹੋਰ ਸਟਾਰਟ-ਅੱਪ ਵਾਂਗ, 'ਐਂਡੈਵਰ' ਸਾਹਮਣੇ ਵੀ ਕਈ ਚੁਣੌਤੀਆਂ ਸਨ; ਜਿਵੇਂ ਫ਼ੰਡਾਂ ਦੀ ਘਾਟ ਤੋਂ ਲੈ ਕੇ ਪ੍ਰਬੰਧਕੀ ਗਤੀਵਿਧੀਆਂ ਤੱਕ। ਪਹਿਲਾਂ-ਪਹਿਲ ਵਿਦਿਆਰਥੀਆਂ ਨੂੰ ਖਿੱਚਣ ਲਈ ਵੱਡੀ ਬ੍ਰਾਂਡਿੰਗ ਦੇ ਜਤਨ ਲੋੜੀਂਦੇ ਸਨ। ਸਹਿ-ਬਾਨੀ ਸ੍ਰੀ ਹਿਤੇਸ਼ ਦੇਵਾਲੀਆ ਨੇ ਦੱਸਿਆ,''ਪਹਿਲੇ ਸਾਲ ਸਾਨੂੰ ਜਿੰਨੀ ਆਮਦਨ ਹੋਈ, ਉਸ ਦਾ 90 ਫ਼ੀ ਸਦੀ ਮਾਰਕਿਟਿੰਗ ਉੱਤੇ ਖ਼ਰਚ ਕੀਤਾ ਗਿਆ ਕਿਉਂਕਿ ਅਸੀਂ ਆਪਣੇ-ਆਪ ਨੂੰ ਇੱਕ ਪ੍ਰੀਮੀਅਮ ਬ੍ਰਾਂਡ ਬਣਾਉਣਾ ਲੋਚਦੇ ਸਾਂ। ਪਹਿਲਾਂ ਕੁੱਝ ਮੱਠੀ ਰਫ਼ਤਾਰ ਨਾਲ਼ ਹੁੰਗਾਰਾ ਮਿਲ਼ਿਆ ਕਿਉਂਕਿ ਬਾਜ਼ਾਰ ਵਿੱਚ ਹੋਰ ਵੀ ਬਹੁਤ ਸਾਰੇ ਵਿਦਿਅਕ ਸੰਸਥਾਨ ਪਹਿਲਾਂ ਤੋਂ ਹੀ ਮੌਜੂਦ ਹਨ। ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਵਿਧੀ ਤੇ ਸਿਧਾਂਤਾਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪੜ੍ਹਨ ਲਈ ਬਿਲਕੁਲ ਨਵੀਂ ਪਾਠ-ਸਮੱਗਰੀ ਦਿੱਤੀ ਗਈ। 8 ਤੋਂ 10 ਜਣਿਆਂ ਦੀ ਨਿੱਕੀ ਜਿਹੀ ਟੀਮ ਸਾਹਮਣੇ ਇਹ ਇੱਕ ਬਹੁਤ ਵੱਡੀ ਚੁਣੌਤੀ ਸੀ। ਪਰ ਸਾਡੀਆਂ ਸੇਵਾਵਾਂ ਨੂੰ ਵਿਦਿਆਰਥੀਆਂ ਤੋਂ ਬਹੁਤ ਤਕੜਾ ਹੁੰਗਾਰਾ ਮਿਲ਼ ਰਿਹਾ ਸੀ ਤੇ ਛੇਤੀ ਹੀ ਨਤੀਜੇ ਸਭ ਦੇ ਸਾਹਮਣੇ ਆਉਣ ਲੱਗ ਪਏ। ਬਾਕੀ ਸਭ ਦੇ ਸਾਹਮਣੇ ਹੈ।''

ਸ੍ਰੀ ਵਿਵੇਕ ਨੇ ਦੱਸਿਆ,''ਜੇ ਕਿਤੇ ਕੋਈ ਗੱਲ ਵੱਧ ਹੁੰਦੀ ਸੀ, ਤਾਂ ਉਹ ਸੀ ਸਾਡੇ ਊਰਜਾ ਦੇ ਪੱਧਰ। ਅਸੀਂ ਆਤਮ-ਵਿਸ਼ਵਾਸ ਨਾਲ਼ ਓਤ-ਪ੍ਰੋਤ ਸਾਂ ਅਤੇ ਅਸੀਂ ਆਪਣੇ ਦ੍ਰਿਸ਼ਟੀਕੋਣ ਬਾਰੇ ਵੀ ਬੜੇ ਸਪੱਸ਼ਟ ਸਾਂ; ਜਿਸ ਕਰ ਕੇ ਡਰ ਦਾ ਤਾਂ ਸਾਡੇ ਮਨਾਂ ਵਿੱਚ ਦੂਰ-ਦੂਰ ਤੱਕ ਕਿਤੇ ਕੋਈ ਨਾਂਅ-ਨਿਸ਼ਾਨ ਨਹੀਂ ਸੀ ਹੁੰਦਾ। ਪਰ ਇੰਨਾ ਜ਼ਰੂਰ ਹੈ ਕਿ ਉਸ ਸਮੇਂ ਦੌਰਾਨ ਅਸੀਂ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਇਨ੍ਹਾਂ ਸਾਰੀਆਂ ਗੱਲਾਂ ਨੇ ਸਕਾਰਾਤਮਕ ਭੂਮਿਕਾ ਨਿਭਾਈ।''

ਤਦ ਤੋਂ ਲੈ ਕੇ ਹੁਣ ਤੱਕ, 'ਐਂਡੈਵਰ ਕੈਰੀਅਰਜ਼' ਨੇ ਅਨੇਕਾਂ ਮੀਲ-ਪੱਥਰ ਕਾਇਮ ਕੀਤੇ ਹਨ। ਅੱਜ ਇਹ ਸੰਸਥਾਨ 9 ਸੂਬਿਆਂ ਦੇ 15 ਸ਼ਹਿਰਾਂ ਵਿੱਚ ਆਪਣੇ 20 ਕੇਂਦਰ ਚਲਾ ਰਿਹਾ ਹੈ। ਸ੍ਰੀ ਵਿਵੇਕ ਆਪਣੀ ਤਰੱਕੀ ਦੀ ਕਹਾਣੀ ਦਾ ਖ਼ੁਲਾਸਾ ਕਰਦਿਆਂ ਦਸਦੇ ਹਨ,''ਅਰੰਭ ਤੋਂ ਹੀ, ਅਸੀਂ ਸਪੱਸ਼ਟ ਸਾਂ ਕਿ ਅਸੀਂ ਉਸ ਤਰ੍ਹਾਂ ਦਾ ਮੁਕਾਬਲਾ ਨਹੀਂ ਕਰਾਂਗੇ, ਜਿਵੇਂ ਕਿ ਰਾਸ਼ਟਰੀ ਪੱਧਰ ਦੇ ਕੁੱਝ ਚੋਟੀ ਦੇ ਸੰਸਥਾਨ ਕਰਦੇ ਹਨ। ਸਾਡੀ ਟੀਮ ਦਾ ਧਿਆਨ ਪੂਰੀ ਤਰ੍ਹਾਂ ਸਹੀ ਅਧਿਆਪਕਾਂ ਉੱਤੇ ਕੇਂਦ੍ਰਿਤ ਸੀ; ਜੋ ਆਪਣੀ ਦ੍ਰਿਸ਼ਟੀ ਨੂੰ ਹਕੀਕੀ ਰੂਪ ਦੇ ਸਕਣ ਤੇ ਆਪਣੀ ਦ੍ਰਿਸ਼ਟੀ ਨੂੰ ਅਗਾਂਹ ਲਿਜਾ ਸਕਣ।''

ਇਸ ਵਿਸਥਾਰ ਦਾ ਇੱਕ ਹੋਰ ਕਾਰਣ ਸੀ ਇਸ ਦਾ ਫ਼੍ਰੈਂਚਾਈਜ਼ ਮਾੱਡਲ ਅਤੇ ਇਸ ਦੀ ਸ਼ਹਿਰਾਂ ਦੀ ਚੋਣ। 'ਐਂਡੈਵਰ' ਬਹੁਤ ਹੀ ਬਾਰੀਕੀ ਨਾਲ ਅਜਿਹੇ ਲੋਕਾਂ ਦੀ ਭਾਲ਼ ਕਰਦਾ ਹੈ, ਜਿਨ੍ਹਾਂ ਵਿੱਚ ਕੋਈ ਕਾਰੋਬਾਰੀ ਉੱਦਮ ਚਲਾਉਣ ਦੀ ਭਾਵਨਾ ਮੌਜੂਦ ਹੁੰਦੀ ਹੈ; ਤਾਂ ਜੋ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਇਸ ਦੀਆਂ ਪੇਸ਼ਕਸ਼ਾਂ ਦਾ ਲਾਭ ਮਿਲ਼ ਸਕੇ। ਸ੍ਰੀ ਵਿਵੇਕ ਦਸਦੇ ਹਨ,''ਜਦੋਂ ਅਸੀਂ ਪਾਸਾਰ ਬਾਰੇ ਸੋਚਦੇ ਹਾਂ, ਤਦ ਅਸੀਂ ਅਜਿਹੇ ਸ਼ਹਿਰਾਂ ਤੇ ਕਸਬਿਆਂ ਦੀ ਭਾਲ਼ ਕਰਦੇ ਹਾਂ; ਜਿੱਥੇ ਅਜਿਹੇ ਕੁੱਝ ਵਿਅਕਤੀ ਮੌਜੂਦ ਹਨ, ਜੋ ਇਸ ਵਿਚਾਰ ਨੂੰ ਲੰਮੇ ਸਮੇਂ ਤੱਕ ਪ੍ਰਵਾਨ ਕਰ ਸਕਣ, ਰੀਅਲ ਐਸਟੇਟ ਦੀ ਲਾਗਤ ਦੇ ਨਾਲ-ਨਾਲ਼ ਅਜਿਹੀਆਂ ਪ੍ਰਤਿਭਾਵਾਂ ਦੀ ਉਪਲਬਧਤਾ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ, ਜੋ ਇਸ ਸੰਸਥਾਨ ਲਈ ਅਧਿਆਪਕਾਂ ਵਜੋਂ ਆਪਣੀਆਂ ਸੇਵਾਵਾਂ ਦੇ ਸਕਣ।''

ਉਸੇ ਪਾਸਾਰ ਦੌਰਾਨ ਬਹੁਤ ਸਾਰੇ ਅਧਿਆਪਕ ਫ਼੍ਰੈਂਚਾਇਜ਼ੀ ਲੈ ਕੇ ਖ਼ੁਦ ਉੱਦਮੀ ਬਣਨਾ ਚਾਹੁੰਦੇ ਸਨ। ਇਸ ਨਾਲ਼ ਵੀ 'ਐਂਡੈਵਰ' ਨੂੰ ਲਾਭ ਪੁੱਜਾ ਕਿਉਂਕਿ ਇਸ ਨੂੰ ਇਸ ਦੀ ਆਪਣੀ ਪ੍ਰਣਾਲ਼ੀ ਵਿਚੋਂ ਹੀ ਇੱਕ ਅਜਿਹਾ ਵਿਦਿਅਕ ਅਦਾਰਾ ਸਥਾਪਤ ਕਰਨ ਵਾਲ਼ੇ ਲੋਕ ਮਿਲ਼ ਗਏ; ਜੋ ਇਸ ਦ੍ਰਿਸ਼ਟੀ ਨੂੰ ਅਗਾਂਹ ਲਿਜਾਣਾ ਚਾਹੁੰਦੇ ਸਨ।

2016: ਇੱਕ ਉਤੇਜਨਾ ਭਰਿਆ ਸਾਲ

ਇਸ ਵੇਲੇ, ਅਹਿਮਦਾਬਾਦ ਦਫ਼ਤਰ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਲਗਭਗ ਦੋ ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ, ਟੀਮ ਵੱਡੇ ਪੱਧਰ ਉੱਤੇ ਪਾਸਾਰ ਕਰਨ ਦੀ ਯੋਜਨਾ ਉਲੀਕ ਰਹੀ ਹੈ; ਜਿਸ ਅਧੀਨ ਸਾਲ 2018 ਤੱਕ ਕੁੱਲ 40 ਸ਼ਹਿਰਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪਹਿਲੇ ਤਿਮਾਹੀ ਦੌਰਾਨ ਉਨ੍ਹਾਂ ਕੋਲਕਾਤਾ, ਤਿਰੂਵਨੰਥਾਪੁਰਮ ਤੇ ਭੂਬਨੇਸ਼ਵਰ ਵਿੱਚ ਸਫ਼ਲਤਾਪੂਰਬਕ ਸ਼ੁਰੂਆਤ ਕੀਤੀ ਹੈ। ਟੀਮ ਇਹ ਸਭ ਇੱਕ ਧੁਰੇ ਰਾਹੀਂ ਹਾਸਲ ਕਰਨਾ ਚਾਹੁੰਦੀ ਹੈ ਤੇ ਪਾਸਾਰ ਦੌਰਾਨ ਸਥਾਨਕ ਉੱਦਮੀਆਂ ਨਾਲ਼ ਇਸ ਮਾੱਡਲ ਬਾਰੇ ਗੱਲ ਕਰਦੀ ਹੈ, ਤਾਂ ਜੋ ਮਿਆਰ ਖ਼ਤਮ ਨਾ ਹੋ ਜਾਵੇ।

ਅਸੀਂ ਸ੍ਰੀ ਵਿਵੇਕ ਨੂੰ ਪੁੱਛਿਆ ਕਿ ਕੀ ਉਹ ਆੱਨਲਾਈਨ ਕੋਚਿੰਗ ਨੂੰ ਆਪਣੇ ਵਿਕਾਸ ਦੇ ਰਾਹ ਵਿੱਚ ਕੋਈ ਚੁਣੌਤੀ ਮੰਨਦੇ ਹਨ; ਤਾਂ ਉਨ੍ਹਾਂ ਜਵਾਬ ਦਿੱਤਾ,''ਉਦੋਂ ਤੱਕ ਨਹੀਂ, ਜਦੋਂ ਤੱਕ ਕਿ ਆੱਨਲਾਈਨ ਟਿਊਟੋਰੀਅਲਜ਼ ਇੱਕ ਕਲਾਸਰੂਮ ਦੇ ਲਾਭ ਦੀ ਪੇਸ਼ਕਸ਼ ਕਰ ਸਕਣ। ਅਸੀਂ ਇਸ ਨੂੰ ਜ਼ਰੂਰੀ ਸਹਾਇਤਾ ਪ੍ਰਣਾਲ਼ੀ ਵਜੋਂ ਵੇਖਦੇ ਹਾਂ; ਇਸੇ ਲਈ ਅਸੀਂ ਇਸ ਨੂੰ ਆਪਣਾ ਕਾਰਜਕਾਰੀ ਮਾੱਡਲ ਇੱਕ ਮੁੱਲ-ਵਾਧੇ ਵਜੋਂ ਸੰਗਠਤ ਕੀਤਾ ਹੈ। ਮੈਨੂੰ ਇਸ ਵੇਲੇ ਆੱਨਲਾਈਨ ਕੋਚਿੰਗ ਕਲਾਸਾਂ ਜਾਂ ਟਿਊਟੋਰੀਅਲਜ਼ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਤਬਦੀਲੀ ਲਿਆਉਣ ਦੇ ਸਮਰੱਥ ਨਹੀਂ ਜਾਪਦੇ ਪਰ ਜੇ ਅਜਿਹਾ ਵਾਪਰ ਜਾਂਦਾ ਹੈ, ਤਾਂ ਅਸੀਂ ਉਸ ਚੁਣੌਤੀ ਦਾ ਸਾਹਮਣਾ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ।''

ਸਹਿ-ਬਾਨੀਆਂ ਅਨੁਸਾਰ 'ਐਂਡੈਵਰ' ਦੀ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ? ਦੋਵੇਂ ਵੱਖੋ-ਵੱਖਰੇ ਪਰ ਦਿਲਚਸਪ ਪੱਖਾਂ ਵਾਲ਼ੇ ਜਵਾਬ ਦਿੰਦੇ ਹਨ। ਸ੍ਰੀ ਵਿਵੇਕ ਆਖਦੇ ਹਨ,''ਸੱਚਾਈ ਤਾਂ ਇਹ ਹੈ ਕਿ ਅਸੀਂ ਵਿਕਸਤ ਹੋਣ ਦੇ ਯੋਗ ਹੋਏ ਹਾਂ ਤੇ ਆਪਣੇ ਆਪ ਨੂੰ ਕਾਇਮ ਰੱਖ ਸਕੇ ਹਾਂ, ਇਹੋ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ; ਕਿਉਂਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਤਦ ਦੇਸ਼ ਵਿੱਚ ਪੰਜ ਵੱਡੇ ਸੰਸਥਾਨ ਸਨ ਅਤੇ ਅਹਿਮਦਾਬਾਦ ਵਿੱਚ ਚਾਰ ਖੇਤਰੀ ਸੰਸਥਾਨ ਸਨ। ਪਰ ਹੁਣ ਖ਼ਾਸ ਗੱਲ ਇਹ ਹੈ ਕਿ ਅੱਜ ਉੱਘੇ ਵਿਦਿਅਕ ਸੰਸਥਾਨ ਵੀ ਸਾਡੀ ਭਾਸ਼ਾ 'ਅੰਦਰੂਨੀ ਯੋਗਤਾ, ਨਿਜੀ ਅਧਿਆਪਨ, ਕੈਰੀਅਰ ਕਾਊਂਸਲਿੰਗ' ਬਾਰੇ ਹੀ ਬੋਲ ਰਹੇ ਹਨ ਅਤੇ ਹੁਣ ਉਹ ਕੇਵਲ ਨਤੀਜੇ ਲਿਆਉਣ ਬਾਰੇ ਹੀ ਗੱਲ ਨਹੀਂ ਕਰਦੇ।'' ਅਸੀਂ ਉਦਯੋਗ ਦੀਆਂ ਬੁਨਿਆਦੀ ਗੱਲਾਂ ਉੱਤੇ ਅਸਰ ਪਾਇਆ ਹੈ ਤੇ ਮਿਆਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ।

ਸ੍ਰੀ ਹਿਤੇਸ਼ ਦਾ ਕਹਿਣਾ ਹੈ,''ਵਿਦਿਆਰਥੀਆਂ ਦੀ ਸਫ਼ਲਤਾ ਦੀਆਂ ਕਹਾਣੀ ਆਪਣੇ ਮੂੰਹੋਂ ਬੋਲਦੀਆਂ ਹਨ। ਇੱਕ ਅਕਾਦਮਿਕ ਪਿਛੋਕੜ ਤੋਂ ਹੋਣ ਕਾਰਣ, ਜਦੋਂ ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਵੇਖਦਾ ਹਾਂ, ਜਿਨ੍ਹਾਂ ਦੇ 'ਔਸਤ' ਜਾਂ 'ਔਸਤ ਤੋਂ ਵੀ ਘੱਟ' ਦਾ ਲੇਬਲ ਲਾ ਦਿੱਤਾ ਗਿਆ ਸੀ, ਉਹ ਜੀਵਨ ਵਿੱਚ ਵੱਡੀਆਂ ਸਫ਼ਲਤਾਵਾਂ ਹਾਸਲ ਕਰ ਰਹੇ ਹਨ। ਮੈਨੂੰ ਉਹ ਗੱਲ ਬਹੁਤ ਤਸੱਲੀਬਖ਼ਸ਼ ਲਗਦੀ ਹੈ। ਮੇਰਾ ਵਿਸ਼ਵਾਸ ਹੈ ਕਿ 'ਐਂਡੈਵਰ' ਨੇ ਇਸ ਨੂੰ ਸਾਕਾਰ ਰੂਪ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਜਿਹੜੇ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਉੱਤੇ ਭਰੋਸਾ ਨਹੀਂ ਸੀ, ਉਹ ਅੱਜ ਹੋਰਨਾਂ ਲਈ ਆਦਰਸ਼ ਬਣੇ ਹੋਏ ਹਨ। ਮੇਰੇ ਲਈ ਉਹੀ ਸਭ ਤੋਂ ਵੱਡੀ ਪ੍ਰਾਪਤੀ ਹੈ, ਜਦੋਂ ਸਾਨੂੰ ਉਨ੍ਹਾਂ ਦੀ ਕੈਰੀਅਰ ਦੀ ਪ੍ਰਗਤੀ ਬਾਰੇ ਤਾਜ਼ਾ ਜਾਣਕਾਰੀਆਂ ਮਿਲ਼ਦੀਆਂ ਹਨ। ਇਹ ਬਹੁਤ ਹੀ ਅਦਭੁੱਤ ਹੈ ਤੇ ਸਾਨੂੰ ਇਸ ਤੋਂ ਪ੍ਰੇਰਣਾ ਮਿਲ਼ਦੀ ਹੈ ਕਿ ਅਸੀਂ ਇੱਕ ਹੋਰ ਸ਼ਹਿਰ ਵਿੱਚ ਆਪਣੀ ਸ਼ੁਰੂਆਤ ਕਰੀਏ ਤੇ ਉੱਥੋਂ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਬਦਲੀਏ!''

ਲੇਖਕ: ਸਿੰਧੂ ਐਮ.ਵੀ.

ਅਨੁਵਾਦ: ਮਹਿਤਾਬ-ਉਦ-ਦੀਨ

  • +0
Share on
close
  • +0
Share on
close
Share on
close

ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ

Our Partner Events

Hustle across India