ਅੰਨਾ ਹਜ਼ਾਰੇ ਨੇ ਆਪਣੇ ਜੀਵਨ ਵਿੱਚ ਸਿਰਫ਼ ਇੱਕ ਵਾਰ ਝੂਠ ਬੋਲਿਆ ਹੈ...ਕਦੋਂ, ਕਿਸ ਨਾਲ ਅਤੇ ਕਿਉਂ ਜਾਨਣ ਲਈ ਪੜ੍ਹੋ ਇਹ ਲੇਖ
ਅੰਨਾ ਹਜ਼ਾਰੇ ਅੱਜ ਦੇ ਭਾਰਤ ਦੇ ਸਭ ਤੋਂ ਵੱਧ ਪ੍ਰਭਾਵ ਰੱਖਣ ਵਾਲੇ ਸਮਾਜਿਕ ਕਾਰਜਕਰਤਾ ਹਨ. ਦੇਸ਼ ਦੇ ਚੌਤਰਫ਼ਾ ਵਿਕਾਸ, ਆਮ ਲੋਕਾਂ ਦੀ ਭਲਾਈ ਅਤੇ ਲੋਕਤੰਤਰ ਨੂੰ ਦ੍ਰਿੜ੍ਹ ਕਰਨ ਲਈ ਉਨ੍ਹਾਂ ਨੇ ਕਈ ਆਂਦੋਲਨ ਸ਼ੁਰੂ ਕੀਤੇ. ਭ੍ਰਿਸਟਾਚਾਰ, ਗਰੀਬੀ ਅਤੇ ਬੇਰੁਜਗਾਰੀ ਦੇ ਖਾਤਮੇ ਲਈ ਉਨ੍ਹਾਂ ਬਹੁਤ ਉਪਰਾਲੇ ਕੀਤੇ ਅਤੇ ਉਨ੍ਹਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ. ਉਨ੍ਹਾਂ ਨੇ ਆਪਣੇ ਪਿੰਡ ‘ਰਾਲੇਗਨ ਸੀਧੀ’ ਨੂੰ ਆਦਰਸ਼ ਪਿੰਡ ਬਣਾ ਕੇ ਇੱਕ ਰਾਹ ਵਿਖਾਈ. ਉਨ੍ਹਾਂ ਨੂੰ ਵੇਖ ਕੇ ਕਈ ਪਿੰਡ ਆਪਣੇ ਆਪ ਵਿੱਚ ਸੁਧਾਰ ਲਿਆ ਚੁੱਕੇ ਹਨ.
ਸੂਚਨਾ ਦੇ ਅਧਿਕਾਰ ਅਤੇ ਲੋਕਪਾਲ ਬਿਲ ਲਈ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੇ ਆਂਦੋਲਨ ਨੇ ਦੇਸ਼ ਦੀ ਆਮ ਜਨਤਾ ਨੂੰ ਇਕੱਠਾ ਕਰ ਦਿੱਤਾ. ਲੋਕਾਂ ਦਾ ਅੰਨਾ ਹਜਾਰੇ ਉਪਰ ਇੰਨਾ ਯਕੀਨ ਸੀ ਕੇ ਬੱਚਿਆਂ ਤੋਂ ਲੈ ਕੇ ਬੁਜੁਰਗ ਤਕ ਉਨ੍ਹਾਂ ਨਾਲ ਆ ਗਏ ਅਤੇ ‘ਮੈਂ ਵੀ ਅੰਨਾ, ਮੈਂ ਵੀ ਅੰਨਾ’ ਕਹਿਣ ਲੱਗ ਪਏ.
ਉਨ੍ਹਾਂ ਦੇ ਜੀਵਨ ਦੀ ਪ੍ਰਮੁਖ ਘਟਨਾਂਵਾਂ ਬਾਰੇ ਉਨ੍ਹਾਂ ਨਾਲ ਦੱਸਿਆ ਕੇ ਉਹ ਕਿਵੇਂ ‘ਕਿਸਨ’ ਤੋਂ ‘ਅੰਨਾ’ ਬਣੇ. ਉਨ੍ਹਾਂ ਨੇ ਆਪਣੇ ਬਾਲਪਨ ਦੀਆਂ ਕਹਾਣੀਆਂ ਵੀ ਸੁਣਾਈਆਂ. ਇਸ ਮੁਲਾਕਾਤ ਦੀ ਪਹਿਲੀ ਲੜੀ ਇੱਥੇ ਪੇਸ਼ ਹੈ.
ਅੰਨਾ ਹਜ਼ਾਰੇ ਦਾ ਜਨਮ ਮਹਾਰਾਸ਼ਟਰ ਦੇ ਅਹਮਦਨਗਰ ਸ਼ਹਿਰ ਦੇ ਭਿੰਗਾਰ ਇਲਾਕੇ ‘ਚ ਹੋਇਆ. ਉਨ੍ਹਾਂ ਦਾ ਜੱਦੀ ਪਿੰਡ ਤਾਂ ਰਾਲੇਗਨ ਸੀਧੀ ਹੈ ਪਰ ਕੰਮ ਲਈ ਉਨ੍ਹਾਂ ਦੇ ਦਾਦਾ ਪੂਰੇ ਪਰਿਵਾਰ ਨੂੰ ਲੈ ਕੇ ਭਿੰਗਾਰ ਚਲੇ ਗਏ. ਰਾਲੇਗਨ ਵਿੱਚ ਜ਼ਮੀਨ ਤਾਂ ਸੀ ਪਰ ਮੀਂਹ ਨਾਹ ਪੈਣ ਕਰਕੇ ਸੋਕੇ ਦੀ ਹਾਲਤ ਬਣ ਗਈ ਸੀ ਅਤੇ ਫਸਲਾਂ ਖਰਾਬ ਹੋ ਗਈਆਂ. ਉਹ ਰਾਲੇਗਨ ਛੱਡ ਕੇ ਭਿੰਗਾਰ ਆ ਕੇ ਵਸ ਗਏ.
ਅੰਨਾ ਦੇ ਦਾਦਾ ਅੰਗਰੇਜਾਂ ਦੀ ਫੌਜ਼ ਵਿੱਚ ਜ਼ਮਾਦਾਰ ਸੀ. ਅੰਨਾ ਕੇ ਪਿਤਾ, ਚਾਚਾ, ਭੂਆ ਅਤੇ ਹੋਰ ਰਿਸ਼ਤੇਦਾਰ ਵੀ ਭਿੰਗਾਰ ‘ਚ ਹੀ ਰਹਿੰਦੇ ਸਨ. ਅੰਨਾ ਆਪਣੇ ਮਾਪਿਆਂ ਬਾਬੂ ਰਾਵ ਹਜ਼ਾਰੇ ਲਕਸ਼ਮੀ ਬਾਈ ਦੀ ਪਹਿਲੀ ਔਲਾਦ ਸਨ. ਉਹ ਪਰਮਾਤਮਾ ਵਿੱਚ ਯਕੀਨ ਰੱਖਣ ਵਾਲੇ ਸਨ. ਬਾਬੂ ਰਾਵ ਅਤੇ ਲਕਸ਼ਮੀ ਬਾਈ ਨੇ ਆਪਣੀ ਪਹਿਲੀ ਔਲਾਦ ਦਾ ਨਾਂਅ ਕਿਸਨ ਰੱਖਿਆ.
ਅੰਨਾ ਨੂੰ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਖੁਸ਼ ਰੱਖਣ ਲਈ ਹਰ ਤਰ੍ਹਾਂ ਦਾ ਜਤਨ ਕਰਦੇ ਸੀ. ਇਸ ਤੋਂ ਬਾਅਦ ਵੀ ਓਹ ਆਪਣੇ ਬੱਚੇ ਲਈ ਬਹੁਤ ਜਿਆਦਾ ਨਹੀਂ ਕਰ ਸਕੇ. ਮਾਲੀ ਹਾਲਤ ਠੀਕ ਨਾ ਹੋਣ ਕਰਕੇ ਇਹ ਘਾਟ ਰਹਿ ਗਈ.
ਅੰਨਾ ਨੇ ਚੌਥੀ ਕਲਾਸ ਤਕ ਦੀ ਪੜ੍ਹਾਈ ਭਿੰਗਾਰ ਦੇ ਹੀ ਸਰਕਾਰੀ ਸਕੂਲ ‘ਚੋਂ ਕੀਤੀ. ਉਸ ਤੋਂ ਬਾਅਦ ਉਨ੍ਹਾਂ ਦੇ ਮਾਮਾ ਉਨ੍ਹਾਂ ਨੂੰ ਆਪਣੇ ਨਾਲ ਹੀ ਮੁੰਬਈ ਲੈ ਗਏ. ਕਿਸਨ ਯਾਨੀ ਅੰਨਾ ਦੇ ਮਾਮਾ ਦੀ ਇੱਕ ਕੱਲੀ ਕੁੜੀ ਸੀ, ਇਸ ਕਰਕੇ ਉਹ ਕਿਸਨ ਨੂੰ ਆਪਣੇ ਮੁੰਡੇ ਦੀ ਤਰ੍ਹਾਂ ਹੀ ਰੱਖਦੇ ਸਨ. ਮਾਮਾ ਦੇ ਜੋਰ ਪਾਉਣ ‘ਤੇ ਅੰਨਾ ਦੇ ਮਾਪੇ ਮੰਨ ਗਏ ਅਤੇ ਅੰਨਾ ਮੁੰਬਈ ਆ ਗਏ.
ਅੰਨਾ ਨੂੰ ਨਿੱਕੇ ਹੁੰਦੇ ਖੇੱਡਣ ਦਾ ਬਹੁਤ ਚਾਅ ਸੀ. ਪਤੰਗਬਾਜ਼ੀ ਦਾ ਵੀ ਸ਼ੌਕ਼ ਸੀ. ਉਨ੍ਹਾਂ ਨੂੰ ਕਬੂਤਰ ਪਾਲਣ ਦਾ ਵੀ ਸ਼ੌਕ਼ ਸੀ ਅਤੇ ਉਨ੍ਹਾਂ ਨੇ ਆਪਣੇ ਘਰ ਵਿੱਚ ਕਬੂਤਰ ਪਾਲੇ ਹੋਏ ਸੀ. ਉਹ ਆਪਨੇ ਬਚਪਨ ਦੀਆਂ ਯਾਦਾਂ ਸਾਂਝੀ ਕਰਦੇ ਹੋਏ ਕਹਿੰਦੇ ਹਨ ਕੇ “ਮੈਨੂੰ ਕਬੂਤਰਾਂ ਨਾਲ ਬਹੁਤ ਪਿਆਰ ਸੀ. ਮੈਂ ਉਨ੍ਹਾਂ ਨੂੰ ਅਸਮਾਨ ਵਿੱਚ ਉਡਦੇ ਵੇਖਦਾ ਤਾਂ ਬੜੀ ਖੁਸ਼ੀ ਮਿਲਦੀ ਸੀ.”
ਉਨ੍ਹਾਂ ਨੇ ਇਹ ਵੀ ਦੱਸਿਆ ਕੇ ਖੇਡਾਂ ਵੱਲ ਜਿਆਦਾ ਧਿਆਨ ਹੋਣ ਕਰਕੇ ਉਹ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦੇ ਸਕੇ. ਪਰ ਉਹ ਕਹਿੰਦੇ ਹਨ ਕੇ ਉਨ੍ਹਾਂ ਦਾ ਦਿਮਾਗ ਤੇਜ਼ ਸੀ ਅਤੇ ਕਲਾਸ ਵਿੱਚ ਅਧਿਆਪਕ ਇੱਕ ਵਾਰ ਜੋ ਗੱਲ ਕਹਿੰਦਾ ਸੀ ਉਹ ਹਮੇਸ਼ਾ ਉਨ੍ਹਾਂ ਨੂੰ ਚੇਤੇ ਰਹਿੰਦੀ ਸੀ. ਇਸ ਕਰਕੇ ਕਲਾਸ ਵਿੱਚ ਪਹਿਲੇ ਨੰਬਰ ‘ਤੇ ਰਹਿੰਦੇ ਸਨ.
ਰਾਲੇਗਨ ਸੀਧੀ ਦੇ ਯਾਦਵਬਾਬਾ ਮੰਦਿਰ ਵਿੱਚ ਹੋਈ ਇਸ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੇ ਉਹ ਘਟਨਾ ਵੀ ਦੱਸੀ ਜਦੋਂ ਉਨ੍ਹਾਂ ਨੇ ਪਹਿਲੀ ਵਾਰੀ ਝੂਠ ਬੋਲਿਆ ਸੀ. ਉਹ ਉਨ੍ਹਾਂ ਦੇ ਜੀਵਨ ਦਾ ਪਹਿਲਾ ਅਤੇ ਆਖਿਰੀ ਝੂਠ ਸੀ.
ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਅੰਨਾ ਸਕੂਲ ‘ਚ ਪੜ੍ਹਦੇ ਸੀ. ਉਹ ਚੌਥੀ ਕਲਾਸ ਵਿੱਚ ਸੀ. ਉਨ੍ਹਾਂ ਦੇ ਅਧਿਆਪਕ ਨੇ ਉਨ੍ਹਾਂ ਨੂੰ ਹੋਮਵਰਕ ਦਿੱਤਾ. ਆਪਣੀ ਆਦਤ ਦੇ ਮੁਤਾਬਿਕ ਉਹ ਸਕੂਲ ਤੋਂ ਆ ਕੇ ਦੋਸਤਾਂ ਨਾਲ ਖੇਡਣ ਚੱਲੇ ਗਏ ਅਤੇ ਹੋਮਵਰਕ ਕਰਨਾ ਭੁੱਲ ਗਏ. ਅਗਲੇ ਦਿਨ ਬਿਨ੍ਹਾਂ ਹੋਮਵਰਕ ਕੀਤੇ ਹੀ ਸਕੂਲ ਚਲੇ ਗਏ.
ਜਦੋਂ ਅਧਿਆਪਕ ਨੇ ਹੋਮਵਰਕ ਦੀ ਕਾਪੀ ਮੰਗੀ ਤੇ ਅੰਨਾ ਨੇ ਝੂਠ ਕਹਿ ਦਿੱਤਾ ਕੇ ਉਨ੍ਹਾਂ ਨੇ ਹੋਮਵਰਕ ਤਾਂ ਕੀਤਾ ਸੀ ਪਰ ਕਾਪੀ ਘਰ ਭੁੱਲ ਗਏ. ਅਧਿਆਪਕ ਨੇ ਘਰੋਂ ਕਾਪੀ ਲੈ ਕੇ ਆਉਣ ਨੂੰ ਕਿਹਾ. ਅੰਨਾ ਘਰ ਆ ਗਏ.
ਘਰ ਆ ਕੇ ਉਨ੍ਹਾਂ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ. ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਕੇ ਉਹ ਹੁਣੇ ਆਪਣਾ ਕੰਮ ਪੂਰਾ ਕਰ ਲੈਣਗੇ ਪਰ ਹੁਣ ਸਕੂਲ ਨਹੀਂ ਜਾਣਗੇ. ਉਨ੍ਹਾਂ ਆਪਣੀ ਮਾਂ ਨੂੰ ਕਿਹਾ ਕੇ ਅਗਲੇ ਦਿਨ ਉਹ ਉਨ੍ਹਾਂ ਦੇ ਨਾਲ ਸਕੂਲ ਜਾਣਗੇ ਅਤੇ ਅਧਿਆਪਕ ਨੂੰ ਝੂਠ ਕਹਿ ਦੇਣਗੇ ਕੇ ਜਦੋਂ ਉਹ ਕਾਪੀ ਲੈਣ ਘਰ ਆਇਆ ਤਾਂ ਉਸਨੂੰ ਘਰ ਦੇ ਕੰਮ ਲਈ ਜਾਣਾ ਪੈ ਗਿਆ ਸੀ ਤਾਂ ਕਰਕੇ ਉਹ ਕਾਪੀ ਲੈ ਕੇ ਨਾਹ ਮੁੜ ਸਕਿਆ.
ਇਹ ਗੱਲ ਸੁਨ ਕੇ ਅੰਨਾ ਦੀ ਮਾਂ ਨੂੰ ਬਹੁਤ ਗੁੱਸਾ ਆਇਆ. ਉਨ੍ਹਾਂ ਨੇ ਝੂਠ ਬੋਲਣੋਂ ਨਾਹ ਕਰ ਦਿੱਤੀ. ਮਾਂ ਵੱਲੋਂ ਇਸ ਤਰ੍ਹਾਂ ਦੇ ਬਰਤਾਵ ਤੋਂ ਅੰਨਾ ਡਰ ਗਏ ਅਤੇ ਸਕੂਲ ਵਿੱਚ ਅਧਿਆਪਕ ਦੀ ਕੁੱਟ ਬਾਰੇ ਸੋਚ ਕੇ ਘਬਰਾ ਗਏ. ਉਨ੍ਹਾਂ ਨੇ ਮਾਂ ਨੂੰ ਧਮਕੀ ਦਿੱਤੀ ਕੇ ਜੇ ਉਹ ਅਗਲੇ ਦਿਨ ਉਨ੍ਹਾਂ ਨਾਲ ਸਕੂਲ ਨਾਹ ਗਈ ਤਾਂ ਉਹ ਸਕੂਲ ਜਾਣਾ ਛੱਡ ਦੇਣਗੇ. ਮਾਂ ਮੰਨ ਗਈ ਅਤੇ ਅੰਨਾ ਦੀ ਬਣਾਈ ਕਹਾਣੀ ਅਧਿਪਾਕ ਨੂੰ ਸੁਣਾਉਣ ਲਈ ਰਾਜ਼ੀ ਹੋ ਗਈ.
ਅੰਨਾ ਦਾ ਨਿੱਕੇ ਹੁੰਦੇ ਦਾ ਨਾਂਅ ਕਿਸਨ ਸੀ. ਉਨ੍ਹਾਂ ਨੂੰ ਸਾਰੇ ਕਿਸਨ ਹੀ ਕਹਿੰਦੇ ਸਨ. ਪਰ ਜਦੋਂ ਤੋਂ ਉਹਾਂ ਨੇ ਅਤਿਆਚਾਰ ਅਤੇ ਭ੍ਰਿਸਟਾਚਾਰ ਦੇ ਖਿਲਾਫ਼ ਆਵਾਜ਼ ਚੁੱਕੀ ਤਾਂ ਲੋਕਾਂ ਨੇ ਉਨ੍ਹਾਂ ਨੂੰ ‘ਅੰਨਾ’ ਯਾਨੀ ਕੇ ਵੱਡਾ ਭਰਾ ਕਹਿਣਾ ਸ਼ੁਰੂ ਕਰ ਦਿੱਤਾ. ਵੈਸੇ ਤਾਂ ਉਹ ਆਪਣੇ ਭੈਣ-ਭਰਾਵਾਂ ‘ਚ ਸਬ ਤੋਂ ਵੱਡੇ ਸਨ ਅਤੇ ਵੈਸੇ ਹੀ ਅੰਨਾ ਸਨ ਪਰ ਬੇਆਸਰਿਆਂ ਅਤੇ ਲੋੜਵਾਨਾਂ ਦੀ ਮਦਦ ਕਰਨ ਕਰਕੇ ਉਹ ਸਬ ਦੇ ਅੰਨਾ ਬਣ ਗਏ.
ਸਕੂਲ ਅਧਿਆਪਕ ਨਾਲ ਝੂਠ ਬੋਲਣ ਤੋਂ ਬਾਅਦ ਉਨ੍ਹਾਂ ਨੇ ਕਦੇ ਝੂਠ ਨਹੀਂ ਬੋਲਿਆ. ਉਹ ਕਹਿੰਦੇ ਹਨ ਕੇ ਉਨ੍ਹਾਂ ਉਪਰ ਉਨ੍ਹਾਂ ਦੇ ਮਾਂ-ਪਿਉ ਦਾ ਬਹੁਤ ਪ੍ਰਭਾਵ ਹੈ ਅਤੇ ਉਨ੍ਹਾਂ ਦੇ ਗੁਣ ਉੱਥੋਂ ਹੀ ਆਏ ਹਨ.
ਲੇਖਕ: ਅਰਵਿੰਦ ਯਾਦਵ
ਅਨੁਵਾਦ: ਰਵੀ ਸ਼ਰਮਾ